“ਜੇ ਅਸੀਂ ਆਪਣੇ ਪੂਰਵਜਾਂ ਦੀਆਂ ਪੈੜਾਂ ਨੂੰ ਨਾ ਭਾਲਿਆ ਅਤੇ ਧੁੰਦਲੀਆਂ ...”
(7 ਦਸੰਬਰ 2021)
ਅੰਗਰੇਜ਼ੀ ਵਿੱਚ ਕਾਫੀ ਟੇਬਲ ਬੁੱਕ ਦੀ ਇੱਕ ਵੱਖਰੀ ਪਰੰਪਰਾ ਹੈ। ਪਰ ਪੰਜਾਬੀ ਭਾਸ਼ਾ ਵਿੱਚ ਮੇਰੀ ਨਜ਼ਰ ਵਿੱਚ ਤਾਂ ਅਜਿਹੀ ਕੋਈ ਟੇਬਲ ਬੁੱਕ ਨਜ਼ਰ ਨਹੀਂ ਪਈ। ਜੇ ਛਪੀ ਹੋਵੇ ਤਾਂ ਮੈਂਨੂੰ ਉਸ ਦੀ ਜਾਣਕਾਰੀ ਨਹੀਂ। ਹਰਕੀਰਤ ਸਿੰਘ ਸੰਧਰ ਆਸਟ੍ਰੇਲੀਆ ਵਸਦਾ ਉੱਦਮੀ ਅਤੇ ਸਾਹਿਤਕ ਮੱਸ ਰੱਖਣ ਵਾਲਾ ਨੌਜਵਾਨ ਹੈ। ਉਹ ਆਪਣਾ ਦੇਸ਼ ਛੱਡ ਕੇ ਪ੍ਰਦੇਸ਼ ਤਾਂ ਹੋਰਾਂ ਵਾਂਗ ਹੀ ਆਪਣਾ ਭਵਿੱਖ ਸੁਧਾਰਨ ਗਿਆ ਸੀ, ਪਰ ਉੱਥੇ ਜਾ ਕੇ ਉਸ ਦੀ ਖੋਜੀ ਰੁਚੀ ਨੂੰ ਜਦੋਂ ਇਹ ਭਿਣਕ ਪਈ ਕਿ ਸਾਡੇ ਦੇਸ ਵਾਸੀਆਂ ਦੀ ਆਮਦ ਇਸ ਧਰਤੀ ’ਤੇ ਕੋਈ ਨਵੀਂ ਨਹੀਂ ਬਲਕਿ ਚਾਰ ਹਜ਼ਾਰ ਸਾਲ ਤੋਂ ਵੀ ਵੱਧ ਪੁਰਾਣੀ ਹੈ ਤਾਂ ਉਸ ਦੇ ਦਿਲ ਵਿੱਚ ਇਸ ਸੰਬੰਧੀ ਵਿਸਥਾਰ ਵਿੱਚ ਜਾਨਣ ਦੀ ਇੱਛਾ ਪੈਦਾ ਹੋਈ। ਉਸ ਨੇ ਕਿਤੇ ਪੜ੍ਹਿਆ ਕਿ ਫਸਟ ਫਲੀਟ (1788) ਨੇ ਜਦੋਂ ਆਸਟ੍ਰੇਲੀਆ ਦੀ ਧਰਤੀ ਵੱਲ ਚਾਲੇ ਪਾਏ ਸੀ ਤਾਂ ਉਸ ਵਿੱਚ ਸਾਡੇ ਮੁਲਕ ਦੇ ਵੀ ਕੁਝ ਬਾਸ਼ਿੰਦੇ ਸਨ। ਜਦੋਂ ਉਸ ਦੀ ਖੋਜੀ ਵਿਰਤੀ ਨੇ ਇਤਿਹਾਸ ਦੇ ਵਰਕਿਆਂ ਨੂੰ ਫਰੋਲਣਾ ਸ਼ੁਰੂ ਕੀਤਾ ਤਾਂ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਸਾਡਾ ਡੀ ਐੱਨ ਏ ਤਾਂ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਵਿੱਚ ਵੀ ਮਿਲ ਰਿਹਾ ਹੈ। ਉਸ ਨੂੰ ਅਗਲੇਰੀ ਖੋਜ ਵੱਲ ਇਸ ਪੱਖ ਨੇ ਪ੍ਰੇਰਿਆ ਕਿ ਸਾਡੇ ਬੱਚਿਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਧਰਤੀ ’ਤੇ ਆਪਣੇ ਗੌਰਵਮਈ ਪਿਛੋਕੜ ਦਾ ਪਤਾ ਚੱਲ ਸਕੇ। ਇਸ ਲਈ ਉਸ ਨੇ ਤਕਰੀਬਨ ਇੱਕ ਦਹਾਕੇ ਦੀ ਖੋਜ ਤੋਂ ਬਾਅਦ ਆਪਣੀ ਜਾਣਕਾਰੀ ਨੂੰ ਕਾਫੀ ਟੇਬਲ ਬੁੱਕ ‘ਜਦੋਂ ਤੁਰੇ ਸੀ’ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਵਾ ਕੇ ਇੱਕ ਇਤਿਹਾਸਕ ਦਸਤਾਵੇਜ਼ ਪੇਸ਼ ਕੀਤਾ ਹੈ। ਇਸ ਕੰਮ ਵਿੱਚ ਲੰਬੀਆਂ ਅਤੇ ਅਕਾਊ ਯਾਤਰਾਵਾਂ ਤੇ ਉਸ ਦੀ ਜੀਵਨ ਸਾਥਣ ਸੁਖਮਨਦੀਪ ਕੌਰ ਨੇ ਉਸ ਦਾ ਸਾਥ ਹੀ ਨਹੀਂ ਦਿੱਤਾ ਸਗੋਂ ਮੋਢੇ ਦੇ ਨਾਲ ਮੋਢਾ ਲਾ ਕੇ ਸਹਾਇਤਾ ਵੀ ਕੀਤੀ।
ਇੱਥੇ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਆਮ ਜਾਣਕਾਰੀ ਦੀਆਂ, ਸਾਹਿਤਕ, ਵਿਦਿਆਰਥੀਆਂ ਦੀਆਂ ਪਾਠ ਪੁਸਤਕਾਂ, ਖੋਜ ਪੁਸਤਕਾਂ ਅਤੇ ਕਾਫੀ ਟੇਬਲ ਬੁੱਕ ਵਿੱਚ ਬੁਨਿਆਦੀ ਅੰਤਰ ਕੀ ਹੁੰਦਾ ਹੈ? ਆਮ ਕਿਤਾਬ ਕਿਸੇ ਵੀ ਵਿਸ਼ੇ ਜਾਂ ਸਾਹਿਤਕ ਵਿਧਾ ਦੇ ਕਿਸੇ ਵਿਸ਼ੇਸ਼ ਰੂਪ ਨਾਲ ਸੰਬੰਧਤ ਹੋ ਸਕਦੀ ਹੈ। ਖੋਜ ਨਾਲ ਸੰਬੰਧਤ ਕਿਤਾਬ ਵਿੱਚ ਕਿਸੇ ਵਿਸ਼ੇਸ਼ ਖੇਤਰ ਸੰਬੰਧੀ ਖੋਜ ਜਾਂ ਖੋਜਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ। ਕਾਫੀ ਟੇਬਲ ਬੁੱਕ ਵਿੱਚ ਕਿਸੇ ਵਿਅਕਤੀ ਵਿਸ਼ੇਸ਼, ਸਥਾਨ, ਸੰਸਥਾ ਆਦਿ ਸੰਬੰਧੀ ਮੁਢਲੀ ਜਾਣਕਾਰੀ ਸੰਖੇਪ ਵਿੱਚ ਹੀ ਮੁਹਈਆ ਕਰਵਾਈ ਜਾਂਦੀ ਹੈ ਅਤੇ ਇਹ ਸਚਿੱਤਰ ਹੁੰਦੀ ਹੈ, ਭਾਵ ਯੋਗ ਤਸਵੀਰਾਂ ਸਮੇਤ। ਇਸਦਾ ਮਕਸਦ ਪਾਠਕ ਨੂੰ ਉਸ ਵਿਸ਼ੇ ਸੰਬੰਧੀ ਹੋਰ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਨਾ ਹੁੰਦਾ ਹੈ। ਇਹਨਾਂ ਵਿੱਚ ਕਈ ਬਾਰ ਪੜ੍ਹਨ ਸਮੱਗਰੀ ਘੱਟ ਹੁੰਦੀ ਹੈ ਪਰ ਤਸਵੀਰਾਂ ਰਾਹੀਂ ਜ਼ਿਆਦਾ ਗੱਲ ਕੀਤੀ ਜਾਂਦੀ ਹੈ ਅਤੇ ਇਹਨਾਂ ਦੀ ਛਪਾਈ ਵੀ ਦੂਜੀਆਂ ਕਿਤਾਬਾਂ ਦੇ ਮੁਕਾਬਲੇ ਉੱਤਮ ਦਰਜੇ ਦੀ ਹੁੰਦੀ ਹੈ।
ਕਾਫੀ ਟੇਬਲ ਬੁੱਕ ਕਿਸੇ ਦੇ ਵੀ ਘਰ ਦੇ ਡਰਾਇੰਗ ਰੂਮ (ਬੈਠਕ) ਦਾ ਸ਼ਿੰਗਾਰ ਇਸ ਲਈ ਬਣਦੀ ਹੈ ਤਾਂ ਜੋ ਘਰ ਆਏ ਮਹਿਮਾਨ ਨੂੰ ਜੇ ਕੁਝ ਦੇਰ ਲਈ ਮੇਜ਼ਬਾਨ ਦਾ ਇੰਤਜ਼ਾਰ ਕਰਨਾ ਪਵੇ ਤਾਂ ਉਹ ਕਾਫੀ ਟੇਬਲ ਬੁੱਕ ਦੀਆਂ ਤਸਵੀਰਾਂ ਜਾਂ ਇੱਕ ਅੱਧਾ ਅਧਿਆਇ ਪੜ੍ਹ ਕੇ ਸਮਾਂ ਬਤੀਤ ਕਰ ਸਕਦਾ ਹੈ ਅਤੇ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕਦਾ ਹੈ। ਅਖਬਾਰ ਤਾਂ ਸਾਰਿਆਂ ਦੇ ਹੀ ਘਰ ਆਉਂਦੇ ਹਨ ਅਤੇ ਦੂਜਾ ਟੀ ਵੀ ਚੈਨਲਾਂ ਦੀ ਭਰਮਾਰ ਕਰਕੇ ਖਬਰਾਂ ਦਾ ਸਭ ਨੂੰ ਹੀ ਪਤਾ ਹੁੰਦਾ ਹੈ, ਇਸ ਲਈ ਅਜਿਹੀ ਪੁਸਤਕ ਸਮਾਂ ਲੰਘਾਉਣ ਲਈ ਵਧੀਆ ਹੁੰਦੀ ਹੈ।
‘ਜਦੋਂ ਤੁਰੇ ਸੀ’ 130 ਪੰਨਿਆਂ ਦੀ ਕਿਤਾਬ ਹੈ ਅਤੇ ਇਸ ਵਿੱਚ ਆਸਟ੍ਰੇਲੀਆ ਨਾਲ ਸੰਬੰਧਤ 58 ਅਧਿਆਇ ਹਨ। ਵਿਦਵਾਨ ਲੇਖਕ ਨੇ ਬੜੀ ਮਿਹਨਤ ਕਰਕੇ ਕੁਝ ਦੁਰਲੱਭ ਜਾਣਕਾਰੀ ਅਤੇ ਤਸਵੀਰਾਂ ਇਸ ਵਿੱਚ ਸ਼ਾਮਲ ਕੀਤੀਆਂ ਹਨ।
ਕੁਝ ਚੈਪਟਰਾਂ ਦੇ ਸਿਰਲੇਖ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਲੇਖਕ ਨੇ ਬੜੀ ਸੂਝਬੂਝ ਨਾਲ ਪਾਠਕਾਂ ਦੇ ਸਾਹਮਣੇ ਆਪਣੇ ਵੱਲੋਂ ਇਕੱਠੀ ਕੀਤੀ ਜਾਣਕਾਰੀ ਨੂੰ ਸਾਂਝਾ ਕੀਤਾ ਹੈ: ਆਸਟ੍ਰੇਲੀਆ ਵਿੱਚ ਆਪਣੇ, ਭਾਰਤ ਆਸਟ੍ਰੇਲੀਆ ਸਫਰ, ਐਬੋਰਿਜੀਨਲ ਪਰਿਵਾਰ ਬਨਾਮ ਸਿੱਖ ਪਰਿਵਾਰ, ਆਸਟ੍ਰੇਲੀਆ ਅੰਦਰ ਵਸਿਆ ਪੰਜਾਬ, ਕਲਕੱਤੇ (ਹੁਣ ਕੋਲਕਤਾ) ਤੋਂ ਆਇਆ ਸਮੁੰਦਰੀ ਬੇੜਾ, ਭਾਰਤੀਆਂ ਦੀ ਦਸਤਕ, ਬੈਂਕ ਵਿੱਚ ਪਹਿਲਾ ਖਾਤਾ ਖੁਲ੍ਹਵਾਉਣ ਵਾਲਾ ਸਿੱਖ ਕਰੋਪੀ ਸਿੰਘ, ਆਸਟ੍ਰੇਲੀਆ ਵਿੱਚ ਭਾਰਤੀ ਭਾਸ਼ਾਵਾਂ, ਆਸਟ੍ਰੇਲੀਆ ਵਿੱਚ ਪੰਜਾਬੀ ਭਾਸ਼ਾ, ਆਸਟ੍ਰੇਲੀਆ ਵਿੱਚ ਗੁਰਦਵਾਰੇ, ਆਸਟ੍ਰੇਲੀਆ ਵਿੱਚ ਮੰਦਰ, ਆਸਟ੍ਰੇਲੀਆ ਵਿੱਚ ਪਹਿਲਾ ਅਖੰਡ ਪਾਠ, ਰੇਸ਼ਮ ਸਿੰਘ ਪਹਿਲੇ ਪਗੜੀਧਾਰੀ ਐਂਬੂਲੈਂਸ ਵਿੱਚ, ਪਹਿਲਾ ਸਿੱਖ ਐਲਡਰਮੈਨ ਕੌਂਸਲਰ, ਪਹਿਲਾ ਸਿੱਖ ਪਾਰਲੀਮੈਂਟ ਮੈਂਬਰ, ਆਸਟ੍ਰੇਲੀਆ ਵਿੱਚ ਊਠ ਅਤੇ ਭਾਰਤੀ, ਵਿਦਿਆਰਥੀ, ਆਸਟ੍ਰੇਲੀਆ ਵਿੱਚ ਪਹਿਲੀਆਂ ਪੰਜਾਬੀ ਔਰਤਾਂ, ਆਸਟ੍ਰੇਲੀਆ ਵਿੱਚ ਭਾਰਤੀ ਸੰਸਥਾਵਾਂ ਤੇ ਸਤਿਕਾਰਤ ਲੋਕ, ਆਸਟ੍ਰੇਲੀਆ ਵਿੱਚ ਪੰਜਾਬੀ ਅਖਬਾਰਾਂ, ਵੈਸਟਰਨ ਆਸਟ੍ਰੇਲੀਆ ਆਦਿ।
ਇਸ ਪੁਸਤਕ ਦੀ ਖਾਸੀਅਤ ਇਹ ਹੈ ਕਿ ਲੇਖਕ ਨੇ ਬੜੀ ਮਿਹਨਤ ਨਾਲ ਪੁਰਾਣੀਆਂ ਦੁਰਲੱਭ ਤਸਵੀਰਾਂ ਇਕੱਠੀਆਂ ਕੀਤੀਆਂ ਹਨ ਜਿਸ ਨਾਲ ਪੇਸ਼ ਕੀਤੀ ਜਾ ਰਹੀ ਜਾਣਕਾਰੀ ਦੀ ਭਰੋਸੇਯੋਗਤਾ ਹੋਰ ਵੀ ਵਧਦੀ ਹੈ। ਪਾਠਕ ਪੁਰਾਣੀਆਂ ਤਸਵੀਰਾਂ ਸੰਬੰਧੀ ਜਾਣਕਾਰੀ ਪੜ੍ਹਨ ਨੂੰ ਪ੍ਰੇਰਿਤ ਹੁੰਦਾ ਹੈ। ਲੇਖਕ ਨੇ ਆਮ ਪਾਠਕ ਨੂੰ ਸਮਝ ਆ ਜਾਣ ਵਾਲੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਆਰਟ ਪੇਪਰ ਅਤੇ ਚਾਰ ਰੰਗੀ ਛਪਾਈ ਨੇ ਇਸ ਪੁਸਤਕ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਪੁਸਤਕਾਂ ਦੀ ਸ਼੍ਰੇਣੀ ਵਿੱਚ ਲੈ ਆਉਂਦਾ ਹੈ।
ਲੇਖਕ ਨੇ ਆਮ ਪੰਜਾਬੀਆਂ ਵੱਲੋਂ ਕੁਝ ਵਿਦੇਸ਼ੀ ਸ਼ਬਦਾਂ ਦੇ ਉਚਾਰਣ ਨੂੰ ਪੰਜਾਬੀ ਛੋਹ ਜਾਂ ਰੰਗਤ ਪ੍ਰਦਾਨ ਕਰਨ ਦੀ ਆਦਤ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਰੂਟੀ ਹਿੱਲ ਨੂੰ ਰੋਟੀ ਹਿੱਲ ਕਹਿਣਾ। ਪਹਿਲੇ ਪੂਰ ਵਿੱਚ ਆਸਟ੍ਰੇਲੀਆ ਪਹੁੰਚੇ ਅਣਪੜ੍ਹ ਪੰਜਾਬੀ ਆਸਟ੍ਰੇਲੀਆ ਨੂੰ ਤੇਲੀਆ ਹੀ ਕਹਿੰਦੇ ਸਨ। ਜਦੋਂ ਤੋਂ ਇਸ ਦੇਸ਼ ਦੇ ਇੱਕ ਇਲਾਕੇ ਨੂੰ ਨਵਾਂ ਆਸਟ੍ਰੇਲੀਆ ਕਰਕੇ ਜਾਣਿਆ ਜਾਣ ਲੱਗਿਆ ਹੈ ਤਾਂ ਪੰਜਾਬੀਆਂ ਲਈ ਨਵਾਂ ਤੇਲੀਆ ਅਤੇ ਪੁਰਾਣਾ ਤੇਲੀਆ, ਦੋ ਹਿੱਸੇ ਬਣ ਗਏ ਹਨ। ਇਸ ਤੋਂ ਇਲਾਵਾ ਕੁਝ ਇਲਾਕਿਆਂ ਦੇ ਭਾਰਤੀ ਨਾਂ, ਕੁਝ ਸ਼ਹਿਰਾਂ ਦੀਆਂ ਗਲੀਆਂ ਦੇ ਨਾਂ ਵੀ ਭਾਰਤੀ ਜਾਂ ਪੰਜਾਬੀ ਹਨ। ਆਸਟ੍ਰੇਲੀਆ ਦੇ ਇੱਕ ਹਿੱਸੇ ਵਿੱਚ ਵਗਦੇ ਪੰਜ ਦਰਿਆਵਾਂ ਕਰਕੇ ਉਸ ਇਲਾਕੇ ਦਾ ਨਾਂ ਪੰਜਾਬ ਰੱਖ ਦਿੱਤਾ ਗਿਆ। ਉਸ ਇਲਾਕੇ ਵਿੱਚ ਰਾਵੀ, ਚਨਾਬ ਵੀ ਹਨ, ਮਾਲਵਾ ਖੇਤਰ ਵੀ ਹੈ। ਅਜਿਹੀ ਵਧੀਆ ਅਤੇ ਨਵੇਕਲੀ ਪੁਸਤਕ ਦੇ ਲੇਖਕ ਦੀ ਜਾਣਕਾਰੀ ਵੀ ਪਾਠਕਾਂ ਲਈ ਲਾਹੇਵੰਦ ਹੋਵੇਗੀ।
ਧੰਨ ਹੈ ਪਿੰਡ ਭਾਨਾ (ਜ਼ਿਲ੍ਹਾ ਹੁਸ਼ਿਆਰਪੁਰ) ਦਾ ਜੰਮਪਲ, ਸੋਹਣਾ ਸੁੱਣਖਾ ਨੌਜਵਾਨ ਹਰਕੀਰਤ ਸਿੰਘ ਸੰਧਰ ਜੋ ਸੰਨ 2006 ਵਿੱਚ ਚੰਗੇ ਭਵਿੱਖ ਦੀ ਆਸ ਵਿੱਚ ਸਿਡਨੀ (ਆਸਟ੍ਰੇਲੀਆ) ਆਇਆ। ਅਜੇ ਉਸ ਦਾ ਨਵੇਂ ਦੇਸ਼ ਵਿੱਚ ਪੂਰੀ ਤਰ੍ਹਾਂ ਦਿਲ ਵੀ ਨਹੀਂ ਸੀ ਲੱਗਿਆ ਕਿ ਪਤਾ ਨਹੀਂ ਉਸ ਨੂੰ ਕਿੱਥੋਂ ਪਤਾ ਲੱਗ ਗਿਆ ਕਿ ਆਸਟ੍ਰੇਲੀਆ ਅਤੇ ਭਾਰਤ ਦੇ ਆਪਸੀ ਰਿਸ਼ਤੇ ਤਾਂ 42 ਸਦੀਆਂ ਤੋਂ ਵੀ ਵੱਧ ਪੁਰਾਣੇ ਹਨ। ਭਾਰਤ ਦੇ ਕਈ ਜਾਨਵਰ, ਪੰਛੀ ਆਦਿ ਵੀ ਇਸ ਧਰਤੀ ’ਤੇ ਮਿਲਦੇ ਹਨ। ਕਿਤਾਬਾਂ ਪੜ੍ਹਨ ਦਾ ਸ਼ੌਕ ਤਾਂ ਉਸ ਨੂੰ ਬਚਪਨ ਤੋਂ ਹੀ ਸੀ। ਮੁਢਲੀ ਪੜ੍ਹਾਈ ਅਤੇ ਕਾਲਜ ਦੀ ਪੜ੍ਹਾਈ ਉਸ ਨੇ ਗੜ੍ਹਦੀਵਾਲ ਤੋਂ ਕਰਕੇ ਫਾਰਮੇਸੀ ਦੀ ਪੜ੍ਹਾਈ ਵੀ ਕੀਤੀ। ਸਾਹਿਤਕ ਮੱਸ ਪੂਰੀ ਕਰਨ ਲਈ ਐੱਮ ਏ ਪੰਜਾਬੀ ਕੀਤੀ। ਦਿਲ ਵਿੱਚ ਤਾਂਘ ਤਾਂ ਪੀ ਐੱਚ ਡੀ ਕਰਨ ਦੀ ਵੀ ਸੀ ਪਰ ਕਿਸਮਤ ਆਸਟ੍ਰੇਲੀਆ ਲੈ ਆਈ। ਸਾਹਿਤਕ ਰੁਝਾਨ ਕਾਰਨ ਉਹ ਪੱਤਰਕਾਰੀ ਦੇ ਖੇਤਰ ਵਿੱਚ ਆ ਗਿਆ। ਚਲੰਤ ਅਤੇ ਭਖਵੇਂ ਮਸਲਿਆਂ ’ਤੇ ਲੇਖ ਲਿਖਣਾ ਉਸ ਦਾ ਸ਼ੌਕ ਹੈ। ਸਥਾਨਕ ਅਤੇ ਪੰਜਾਬ ਦੇ ਅਖਬਾਰ ਉਸ ਦੇ ਲੇਖ ਖੁਸ਼ੀ ਖੁਸ਼ੀ ਛਾਪਦੇ ਹਨ, ਪਾਠਕ ਉਹਨਾਂ ਨੂੰ ਨੀਝ ਨਾਲ ਪੜ੍ਹਦੇ ਹਨ।
ਉਹ ਪਿਛਲੇ ਇੱਕ ਦਹਾਕੇ ਤੋਂ ਆਪਣੇ ਦੇਸ਼ ਵਾਸੀਆਂ, ਖਾਸਕਰ ਪੰਜਾਬੀਆਂ ਦੀ ਦੱਬ ਚੁੱਕੀਆਂ ਪੈੜਾਂ ਨੂੰ ਲੱਭਣ ਦੇ ਦੁਰਗਮ ਰਾਹ ’ਤੇ ਤੁਰਿਆ ਹੋਇਆ ਹੈ। ਉਸ ਦਾ ਇਹ ਵਿਚਾਰ ਹੈ ਕਿ ਜੇ ਅਸੀਂ ਆਪਣੇ ਪੂਰਵਜਾਂ ਦੀਆਂ ਪੈੜਾਂ ਨੂੰ ਨਾ ਭਾਲਿਆ ਅਤੇ ਧੁੰਦਲੀਆਂ ਪੈ ਚੁੱਕੀਆਂ ਪੈੜਾਂ ਸਮੇਂ ਦੀ ਗਰਦ ਵਿੱਚ ਗੁਆਚ ਗਈਆਂ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਵੀ ਮੁਆਫ ਨਹੀਂ ਕਰਕਗੀਆਂ।
ਆਪਣੀ ਰੋਜ਼ੀ-ਰੋਟੀ ਲਈ ਕੰਮ ਧੰਦੇ ਕਰਦਾ, ਹਰਕੀਰਤ ਜਦੋਂ ਵੀ ਸਮਾਂ ਮਿਲਦਾ ਆਸਟ੍ਰੇਲੀਆ ਦੀ ਧਰਤੀ ਵਿੱਚ ਲੁਕੇ ਤੱਥਾਂ ਦੀ ਖੋਜ ਵਿੱਚ ਨਿਕਲ ਜਾਂਦਾ ਹੈ। ਕਈ ਉਸ ਨੂੰ ਖਬਤੀ, ਸਿਰੜੀ ਆਦਿ ਵਿਸ਼ੇਸ਼ਣਾਂ ਨਾਲ ਬੁਲਾਉਂਦੇ ਪਰ ਆਪਣੀ ਧੁਨ ਦਾ ਪੱਕਾ ਇਹ ਸੁਹਿਰਦ ਖੋਜਾਰਥੀ ਆਪਣੇ ਰਾਹ ਤੁਰਿਆ ਰਿਹਾ। ਸਖਤ ਘਾਲਣਾ ਘਾਲ ਕੇ ਲਿਖੀ ਕੌਫੀ ਟੇਬਲ ਬੁੱਕ ‘ਜਦੋਂ ਤੁਰੇ ਸੀ’, ਸਿਡਨੀ ਪਾਰਲੀਮੈਂਟ ਵਿੱਚ ਮੰਤਰੀ ਵੱਲੋਂ ਲੋਕ ਅਰਪਣ ਕੀਤੀ ਗਈ ਤਾਂ ਪੰਜਾਬੀਆਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਵਤਨੀ ਤਾਂ ਕੋਈ ਖਾਸ ਬੰਦਾ ਹੈ।
‘ਜਦੋਂ ਤੁਰੇ ਸੀ’ ਕਾਫੀ ਟੇਬਲ ਬੁੱਕ ਆਸਟ੍ਰੇਲੀਆ ਵਿੱਚ ਰਹਿੰਦੇ ਹਰ ਪੰਜਾਬੀ ਦੇ ਘਰ ਦਾ ਸ਼ਿੰਗਾਰ ਹੋਣੀ ਚਾਹੀਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3190)
(ਸਰੋਕਾਰ ਨਾਲ ਸੰਪਰਕ ਲਈ: