“ਪੁਸਤਕ ਦੇ ਨਾਮਕਰਨ ਵਾਲੀ ਕਵਿਤਾ ਬਹੁ-ਪਰਤੀ ਕਵਿਤਾ ਹੈ, ਜਿਸ ਵਿੱਚ ਕਵੀ ਨੇ ...”
(19 ਜੂਨ 2025)
ਅਮਰਜੀਤ ਕੌਂਕੇ ਕੌਣ ਹੈ? ‘ਪ੍ਰਤਿਮਾਨ’ ਮੈਗਜ਼ੀਨ ਦਾ ਸੰਪਾਦਕ, ਪੰਜਾਬੀ ਅਤੇ ਹਿੰਦੀ ਦਾ ਕਵੀ, ਹਿੰਦੀ, ਅੰਗਰੇਜ਼ੀ ਦੀਆਂ ਕਲਾਸੀਕਲ ਪੁਸਤਕਾਂ ਨੂੰ ਪੰਜਾਬੀ ਪਾਠਕਾਂ ਦੇ ਸਨਮੁਖ ਕਰਨ ਵਾਲਾ ਜਾਂ ਪੰਜਾਬੀ ਪੁਸਤਕਾਂ ਨੂੰ ਹਿੰਦੀ ਪਾਠਕਾਂ ਤਕ ਪਹੁੰਚਾਉਣ ਵਾਲਾ ਅਨੁਵਾਦਕ, ਅਨੁਵਾਦ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਦੇ ਨਾਲ-ਨਾਲ ਹੋਰ ਕਈ ਮਾਨ-ਸਨਮਾਨ ਪ੍ਰਾਪਤ ਕਰਨ ਵਾਲਾ ਸਾਹਿਤਕਾਰ ਅਤੇ ਸਭ ਤੋਂ ਵੱਧ ਇੱਕ ਸੁਹਿਰਦ ਇਨਸਾਨ, ਯਾਰਾਂ ਦਾ ਯਾਰ, ਦੋਸਤਾਂ-ਮਿੱਤਰਾਂ ਦੀਆਂ ਮਹਿਫ਼ਲਾਂ ਵਿੱਚ ਰੰਗ ਭਰਨ ਵਾਲਾ ਅਤੇ ਹੋਰ ਪਤਾ ਨਹੀਂ ਕੀ ਕੁਝ। ਸਰਕਾਰੀ ਨੌਕਰੀ ਵੀ ਕਰਦਾ ਰਿਹਾ, ਪਰਿਵਾਰਕ ਜ਼ਿੰਮੇਵਾਰੀਆਂ ਬਾ-ਖੂਬੀ ਨਿਭਾਉਂਦਾ, ਸਮਾਜ ਵਿੱਚ ਵਿਚਰਦਾ ਹੋਇਆ ਪਤਾ ਨਹੀਂ ਲਿਖਣ ਲਈ ਵਕਤ ਕਿੱਥੋਂ ਕੱਢ ਲੈਂਦਾ ਹੈ ਅਤੇ ਸਾਹਿਤਕ ਸਮਾਗਮਾਂ ਵਿੱਚ ਵਧ-ਚੜ੍ਹ ਕੇ ਸ਼ਿਰਕਤ ਕਿਵੇਂ ਕਰਦਾ ਰਹਿੰਦਾ ਹੈ? ਮੇਰਾ ਨਿੱਜੀ ਵਿਚਾਰ ਹੈ ਕਿ ਉਸਦਾ ਤੀਜਾ ਨੇਤਰ ਸਰਸਵਤੀ ਦੇਵੀ ਨੇ ਆਪ ਖੋਲ੍ਹਿਆ ਹੈ। ਉਹ ਦੇਸ-ਵਿਦੇਸ ਵਿੱਚ ਵਾਪਰ ਰਹੇ ਵਰਤਾਰਿਆਂ ’ਤੇ ਪੈਣੀ ਨਜ਼ਰ ਰੱਖਦਾ ਹੈ, ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਨੀਝ ਨਾਲ ਨਿਹਾਰਦਾ ਹੋਇਆ ਆਪਣੇ ਅਵਚੇਤਨ ਦਿਮਾਗ ਵਿੱਚ ਵਸਾ ਲੈਂਦਾ ਹੈ। ਜਿਵੇਂ ਅੱਜ ਕੱਲ੍ਹ ਫੇਸਬੁੱਕ ’ਤੇ ਦੋ ਤਿੰਨ ਸਾਲ ਪੁਰਾਣੀਆਂ ਪੋਸਟਾਂ ਜਾਂ ਤੁਹਾਡੀਆਂ ਪੁਰਾਣੀਆਂ ਫ਼ੋਟੋਆਂ ਆਪਣੇ ਆਪ ਪ੍ਰਗਟ ਹੋ ਜਾਂਦੀਆਂ ਹਨ, ਉਸੇ ਤਰ੍ਹਾਂ ਕੌਂਕੇ ਦੇ ਅਵਚੇਤਨ ਦਿਮਾਗ ਵਿੱਚ ਵਸੀਆਂ ਘਟਨਾਵਾਂ ਕਦੋਂ ਉਸਦੀ ਕਲਮ ਰਾਹੀਂ ਕੋਰੇ ਕਾਗਜ਼ਾਂ ’ਤੇ ਆ ਬਿਰਾਜਮਾਨ ਹੋ ਜਾਣ, ਇਸਦਾ ਇਲਮ ਸ਼ਾਇਦ ਉਸ ਨੂੰ ਆਪ ਵੀ ਨਹੀਂ ਹੁੰਦਾ। ਇਹ ਕੋਈ ਅਤਕਥਨੀ ਨਾ ਹੋ ਕੇ ਉਸਦੇ ਸੱਜਰੇ ਪ੍ਰਕਾਸ਼ਿਤ ਕਾਵਿ ਸੰਗ੍ਰਹਿ ‘ਇਸ ਧਰਤੀ ’ਤੇ ਰਹਿੰਦਿਆਂ’ ਦੇ ਅਧਿਐਨ ਉਪਰੰਤ ਸਪਸ਼ਟ ਹੋ ਜਾਂਦਾ ਹੈ।
ਪ੍ਰਸਤੁਤ ਕਾਵਿ ਸੰਗ੍ਰਹਿ ਵਿੱਚ 71 ਕਵਿਤਾਵਾਂ ਦਰਜ ਹਨ। ਇਸ ਪੁਸਤਕ ਦਾ ਮੁੱਖ ਬੰਦ ਪੰਜਾਬੀ ਸਾਹਿਤ ਦੇ ਮਾਣ ਮੱਤੇ ਹਸਤਾਖਰ ਡਾ. ਮਨਮੋਹਨ ਵੱਲੋਂ ਲਿਖਿਆ ਗਿਆ ਹੈ। ਕਵਿਤਾਵਾਂ ਪੜ੍ਹਨ ਤੋਂ ਪਹਿਲਾਂ ਮੁੱਖ ਬੰਦ ਪੜ੍ਹ ਕੇ ਵੀ ਕਈ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ। ਇਨ੍ਹਾਂ ਪੰਨਿਆਂ ’ਤੇ ਅਮਰਜੀਤ ਕੌਂਕੇ ਦੀ ਕਵਿਤਾ ਦੀ ਤਾਂ ਗੱਲ ਕੀਤੀ ਹੀ ਗਈ ਹੈ, ਪਰ ਇਸ ਤੋਂ ਇਲਾਵਾ ਕਵਿਤਾ ਸੰਬੰਧੀ ਕੁਝ ਹੋਰ ਗੱਲਾਂ ਵੀ ਕੀਤੀਆਂ ਗਈਆਂ ਹਨ। ਮਸਲਨ ਡਾ. ਮਨਮੋਹਨ ਦਾ ਕਹਿਣਾ ਹੈ ਕਿ “ਕਵਿਤਾ ਵਿਚਾਰਧਾਰਾ ਨਹੀਂ ਹੁੰਦੀ, ਪਰ ਉਸ ਵਿੱਚ ਇੱਕ ਵਿਚਾਰ ਯੋਗ ਦ੍ਰਿਸ਼ਟੀ ਭਾਵ ਜ਼ਰੂਰ ਹੁੰਦਾ ਹੈ, ਜੋ ਚਿੰਤਨ ਅਤੇ ਚਿੰਤਾ ਦਰਮਿਆਨ ਡੋਲਦਾ ਰਹਿੰਦਾ ਹੈ;” ਕਵਿਤਾ ਦੀ ਕਲਾ ਹੈ ‘ਕਾਵਿਕਾਰੀ’; ਵਿਚਾਰ, ਵਿਚਾਰਧਾਰਾ ਨਹੀਂ ਹੁੰਦੀ। ਕਵਿਤਾ ਵਿਚਾਰਧਾਰਾ ਦਾ ਉਪਚਾਰ ਹੈ; ਜ਼ਰੂਰੀ ਨਹੀਂ ਕਿ ਆਪਣੇ ਸਮਿਆਂ ਨੂੰ ਕਵੀ ਨੇ ਆਪਣੇ ਹੀ ਸਮੇਂ ਵਿੱਚ ਖੜੋ ਕੇ ਦੇਖੇ, ਉਹ ਭਵਿੱਖ ਦੇ ਕਿਸੇ ਅਨੁਮਾਨ ਬਿੰਦੂ ਅਤੇ ਅਤੀਤ ਦੀਆਂ ਸਥਿਤੀਆਂ ਤੋਂ ਵੀ ਦੇਖ ਸਕਦਾ ਹੈ। ਕਵਿਤਾ ਲਿਖੇ ਜਾਣ ਤੋਂ ਬਾਅਦ ਕਵੀ ਦਾ ਉਸ ਨਾਲ ਕੋਈ ਬਹੁਤਾ ਵਾਸਤਾ ਨਹੀਂ ਰਹਿੰਦਾ ਕਿਉਂਕਿ ਕਵੀ ਦੀ ਭੂਮਿਕਾ ਆਪਣਾ ਆਪ ਹੰਢਾ ਚੁੱਕੀ ਹੁੰਦੀ ਹੈ।
ਇਸ ਚਰਚਾ ਵਿੱਚ ਵਿਚਾਰ ਅਧੀਨ ਕਾਵਿ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ’ਤੇ ਚਰਚਾ ਕਰਨ ਦਾ ਨਾ ਤਾਂ ਮੇਰਾ ਇਰਾਦਾ ਹੈ ਅਤੇ ਨਾ ਹੀ ਇਹ ਸੰਭਵ ਹੈ। ਕੌਂਕੇ ਦੀ ਇਸ ਕਾਵਿ ਰਚਨਾ ਵਿੱਚ ਵਿਸ਼ਿਆਂ ਦੀ ਭਰਮਾਰ ਹੈ। ਉਸ ਨੇ ਸਮਾਜਿਕ ਵਰਤਾਰਿਆਂ ਸੰਬੰਧੀ ਗੱਲ ਕੀਤੀ ਹੈ, ਪਿਆਰ-ਮੁਹੱਬਤ ਦੀਆਂ ਗੱਲਾਂ ਵੀ ਕੀਤੀਆਂ ਹਨ, ਰਾਜਸੀ ਭਮੱਕੜਾਂ ਦੀ ਗੱਲ ਵੀ ਕੀਤੀ ਹੈ, ਇਨਸਾਨੀ ਫਿਤਰਤ ਦੇ ਕੋਝੇ ਕਿਰਦਾਰ ਨੂੰ ਵੀ ਭੰਡਿਆ ਹੈ, ਕਿਤੇ-ਕਿਤੇ ਆਮ ਇਨਸਾਨਾਂ ਵੱਲੋਂ ਖੇਡੀ ਜਾਂਦੀ ਹੈਵਾਨੀਅਤ ਦੀ ਹੋਲੀ ਦੇ ਰੰਗਾਂ ਨੂੰ ਬਦਰੰਗ ਵੀ ਕੀਤਾ ਹੈ। ਉਸਨੇ ਆਪਣੇ ਅਨੋਖੇ ਅੰਦਾਜ਼ ਵਿੱਚ ਕਿਤੇ ਸੈਨਤਾਂ ਨਾਲ ਵਿਅੰਗ ਦੀਆਂ ਚੋਭਾਂ ਲਾਈਆਂ ਹਨ ਅਤੇ ਕਈ ਥਾਂਵਾਂ ’ਤੇ ਪਖੰਡੀਆਂ ਦੇ ਪਖੰਡ ਨੂੰ ਬੇਬਾਕ ਢੰਗ ਨਾਲ ਪੇਸ਼ ਕੀਤਾ ਹੈ। ਇਹ ਸਾਰੇ ਵੱਖਰੇ-ਵੱਖਰੇ ਅੰਦਾਜ਼ ਉਸਦੀ ਕਵਿਤਾ ਨੂੰ ਪਾਠਕਾਂ ਨਾਲ ਬੰਨ੍ਹੀ ਰੱਖਣ ਦੇ ਨਾਲ-ਨਾਲ ਉਹਨਾਂ ਦੀ ਕਾਵਿਕ ਭੁੱਖ ਦੀ ਤ੍ਰਿਪਤੀ ਵੀ ਕਰਦੇ ਹਨ। ਅਸਲ ਵਿੱਚ ਪੰਜਾਬੀ ਦੇ ਅਜੋਕੇ ਪਾਠਕ ਬਰਸਾਤੀ ਖੁੰਬਾਂ ਵਾਂਗ ਪੈਦਾ ਹੁੰਦੇ ਕੱਚਘਰੜ ਕਵੀਆਂ ਦੀਆਂ ਬੇਤੁਕੀਆਂ ਅਤੇ ਕਾਵਿਕਤਾ ਤੋਂ ਕੋਰੀਆਂ ਵਾਰਤਕ ਨੁਮਾ ਕਵਿਤਾਵਾਂ ਤੋਂ ਅੱਕੇ ਪਏ ਹਨ। ਜਦੋਂ ਉਹਨਾਂ ਦੇ ਸਾਹਮਣੇ ‘ਇਸ ਧਰਤੀ ’ਤੇ ਰਹਿੰਦੇ’ ਵਰਗੀ ਕਲਾਮਈ ਕਾਵਿ ਪੁਸਤਕ ਆਉਂਦੀ ਹੈ ਤਾਂ ਉਹਨਾਂ ਦੀ ਕਾਵਿਕ ਭੁੱਖ ਦੀ ਤ੍ਰਿਪਤੀ ਹੋਣ ਦੇ ਨਾਲ-ਨਾਲ ਪੰਜਾਬੀ ਕਾਵਿ ਸਾਹਿਤ ਦਾ ਪਿੜ ਵੀ ਮੋਕਲ਼ਾ ਹੁੰਦਾ ਹੈ। ਮੈਨੂੰ ਇਹ ਲਿਖਣ ਵਿੱਚ ਕੋਈ ਹਰਜ਼ ਨਹੀਂ ਕਿ ਕੌਂਕੇ ਦਾ ਪਰਸਤੁਤ ਕਾਵਿ ਸੰਗ੍ਰਹਿ ਖੁੱਲ੍ਹੀ ਕਵਿਤਾ ਦੀ ਸ਼੍ਰੇਣੀ ਵਿੱਚ ਹੀ ਆਉਂਦਾ ਹੈ, ਪਰ ਇਸ ਸੁਹਿਰਦ ਕਵੀ ਨੂੰ ਇਹ ਭਲੀ ਭਾਂਤ ਪਤਾ ਹੈ ਕਿ ਛੰਦ ਮੁਕਤ ਕਵਿਤਾ ਵਿੱਚ ਵੀ ਕਾਵਿਕਤਾ ਦੀਆਂ ਲਿਸ਼ਕੋਰਾਂ ਕਿਵੇਂ ਪਾਉਣੀਆਂ ਹਨ। ‘ਵਿਰਲਾਪ’ ਕਵਿਤਾ ਦੀਆਂ ਇਹ ਤੁਕਾਂ ਦੇਖਣ ਵਾਲੀਆਂ ਹਨ:
ਇਹ ਦੇਸ਼ ਸੀ ਕੀ
ਬੁੱਧ ਦਾ
ਮਹਾਂਵੀਰ ਦਾ
ਕ੍ਰਿਸ਼ਨ ਦਾ
ਰਾਮ ਦਾ
ਨਾਨਕ ਦਾ
ਉਸਦੇ ਅੰਦਰ ਬੈਠੀ
ਆਤਮਾ ਨੇ ਪਲ ਭਰ ਲਈ
ਪੁੱਛਿਆ ਤਾਂ ਹੋਵੇਗਾ ਜ਼ਰੂਰ …
ਇਸੇ ਤਰ੍ਹਾਂ ਕਵਿਤਾ ਦੀ ਰਵਾਨੀ ਦੀ ਬਿਹਤਰੀਨ ਉਦਾਹਰਨ ‘ਇਸ ਧਰਤੀ ’ਤੇ ਰਹਿੰਦਿਆਂ’ ਦੀਆਂ ਇਨ੍ਹਾਂ ਸਤਰਾਂ ਤੋਂ ਦ੍ਰਿਸ਼ਟੀਗੋਚਰ ਹੁੰਦੀ ਹੈ:
ਜਿਵੇਂ ਕੋਈ ਬੁੱਤਘਾੜਾ
ਬਚਾ ਲੈਂਦਾ ਹੈ
ਮਿੱਟੀ ਦੀ ਤਾਸੀਰ
ਆਪਣੇ ਬੁੱਤਾ ਵਿੱਚ
ਚਿੱਤਰਕਾਰ ਜਿਵੇਂ ਕੋਈ
ਸਾਂਭ ਲੈਂਦਾ
ਕੁਦਰਤ ਦੇ ਰੰਗਾਂ ਨੂੰ
ਆਪਣੇ ਚਿਤਰਾਂ ਵਿੱਚ
ਜਿਵੇਂ ਸਜਿੰਦਾ ਕੋਈ
ਸੰਭਾਲ ਲੈਂਦਾ
ਕਾਇਨਾਤ ਦਾ ਸੰਗੀਤ
ਆਪਣੀਆਂ ਸੁਰਾਂ ਵਿੱਚ
ਗਾਇਕ ਜਿਵੇਂ ਕੋਈ
ਬਚਾ ਲੈਂਦਾ
ਆਪਣੇ ਗੀਤਾਂ ਵਿੱਚ
ਧਰਤੀ ਦੀ ਆਵਾਜ਼ ...
ਕਿਸੇ ਵੀ ਸਾਹਿਤਕਾਰ ਦੀ ਰਚਨਾ ਦਾ ਮਕਸਦ ਨਿਰੋਲ ਆਪਣੇ ਵਿਚਾਰਾਂ ਨੂੰ ਪ੍ਰਗਟਾਉਣਾ ਹੀ ਨਹੀਂ ਹੁੰਦਾ, ਇਹ ਦੇਖਣਾ ਵੀ ਉਸਦਾ ਫਰਜ਼ ਹੁੰਦਾ ਹੈ ਕਿ ਉਹ ਜੋ ਕੁਝ ਲਿਖ ਰਿਹਾ ਹੈ, ਉਹ ਪਾਠਕਾਂ ਦੀ ਸਮਝ ਵਿੱਚ ਵੀ ਆ ਰਿਹਾ ਹੈ ਜਾਂ ਨਹੀਂ। ਇਸ ਤੋਂ ਵੀ ਅੱਗੇ ਦੀ ਗੱਲ ਇਹ ਹੈ ਕਿ ਉਸਦੀ ਰਚਨਾ ਕਿਤੇ ਕਲਾ ਦੇ ਘੇਰੇ ਵਿੱਚ ਘੁੰਮਦੀ ਹੋਈ ਆਪਣਾ ਸਾਹ-ਸੱਤ ਤਾਂ ਨਹੀਂ ਮੁਕਾ ਰਹੀ? ਜਿਸ ਸਮਾਜ ਵਿੱਚ ਸਾਹਿਤਕਾਰ ਵਿਚਰ ਰਿਹਾ ਹੈ, ਉਸ ਲਈ ਵੀ ਕੋਈ ਹਾਂ-ਪੱਖੀ ਕੰਮ ਕਰ ਰਹੀ ਹੈ ਜਾਂ ਨਹੀਂ? ਆਪਣੇ ਆਲੇ-ਦੁਆਲੇ ਦੇ ਸਹੀ ਜਾਂ ਗਲਤ ਵਰਤਾਰਿਆਂ ਤੋਂ ਵੀ ਪਾਠਕਾਂ ਨੂੰ ਜਾਣੂ ਕਰਵਾ ਰਹੀ ਹੈ ਜਾਂ ਨਹੀਂ। ਸਾਹਿਤਕਾਰ ਆਮ ਇਨਸਾਨਾਂ ਨਾਲੋਂ ਕੁਝ ਵੱਖਰੀ ਕਤਾਰ ਵਿੱਚ ਖੜ੍ਹੇ ਹੁੰਦੇ ਹਨ। ਉਹਨਾਂ ਕੋਲ ਇਹ ਰੱਬੀ ਖ਼ੂਬੀ ਹੁੰਦੀ ਹੈ ਕਿ ਉਹ ਕਿਸੇ ਵੀ ਘਟਨਾ ਦੇ ਆਰ-ਪਾਰ ਦੇਖਣ ਦੀ ਸੋਝੀ ਰੱਖਦੇ ਹਨ। ਸਾਹਿਤਕਾਰਾਂ ਦੀਆਂ ਰਚਨਾਵਾਂ ਪੜ੍ਹ ਕੇ ਆਮ ਪਾਠਕ ਕਿਸੇ ਵੀ ਗੱਲ ਦੇ ਗੁੱਝੇ ਭੇਦਾਂ ਨੂੰ ਸਮਝਣ ਦੇ ਯੋਗ ਹੋ ਜਾਂਦੇ ਹਨ, ਕਿਸੇ ਵੀ ਵਾਪਰ ਰਹੀ ਜਾਂ ਵਾਪਰ ਚੁੱਕੀ ਘਟਨਾ ਜਾਂ ਘਟਨਾਵਾਂ ਦੇ ਪਿਛੋਕੜ ਅਤੇ ਭਵਿੱਖਮੁਖੀ ਪ੍ਰਭਾਵਾਂ ਦਾ ਕੁਝ ਨਾ ਕੁਝ ਅੰਦਾਜ਼ਾ ਲਾ ਹੀ ਲੈਂਦੇ ਹਨ। ਸਾਹਿਤਕਾਰ ਗਲਤ ਵਰਤਾਰਿਆਂ ਨੂੰ ਇਸ ਢੰਗ ਨਾਲ ਪੇਸ਼ ਕਰਨ ਦੇ ਸਮਰੱਥ ਹੁੰਦੇ ਹਨ ਕਿ ਪਾਠਕਾਂ ਨੂੰ ਮਹਿਸੂਸ ਹੋ ਜਾਂਦਾ ਹੈ ਕਿ ਗਲਤੀ ਕਿੱਥੇ ਸੀ ਅਤੇ ਉਸਦਾ ਸੁਧਾਰ ਕਿਵੇਂ ਕੀਤਾ ਜਾ ਸਕਦਾ ਹੈ। ਕਈ ਵਾਰ ਰਾਜਸੀ ਵਿਚਾਰਧਾਰਾ, ਕਿਸੇ ਲੋਭ-ਲਾਲਚ ਜਾਂ ਡਰ ਕਾਰਨ ਸਾਹਿਤਕਾਰ ਗਲਤ ਬਿਆਨੀ ਵੀ ਕਰ ਜਾਂਦੇ ਹਨ। ਅਜਿਹੇ ਸਾਹਿਤਕਾਰ ਜੁਗਾੜੀ ਬਿਰਤੀ ਦੇ ਹੁੰਦੇ ਹਨ ਅਤੇ ਸਾਹਿਤ ਮਨੋ ਬਿਰਤੀ ਤੋਂ ਕੋਰੇ।
ਉਪਰੋਕਤ ਵਿਚਾਰਾਂ ਦੀ ਰੌਸ਼ਨੀ ਵਿੱਚ ਜੇ ਕੌਂਕੇ ਦੀ ਵਿਚਾਰ ਅਧੀਨ ਕਾਵਿ ਪੁਸਤਕ ਦਾ ਅਧਿਐਨ ਕੀਤਾ ਜਾਵੇ ਤਾਂ ਬਿਨਾਂ ਕਿਸੇ ਸੰਕੋਚ ਤੋਂ ਕਿਹਾ ਜਾ ਸਕਦਾ ਹੈ ਕਿ ਉਹ ਇੱਕ ਸੁਹਿਰਦ ਸਾਹਿਤਕਾਰ ਹੈ, ਉਹ ਕਾਵਿ ਦੇ ਕਲਾ ਪੱਖ ਦਾ ਵੀ ਜਾਣੂ ਹੈ ਅਤੇ ਸਮਾਜ ਪ੍ਰਤੀ ਆਪਣੇ ਫਰਜ਼ਾਂ ਪ੍ਰਤੀ ਵੀ ਸੁਚੇਤ ਹੈ। ਉਸ ਕੋਲ ਠੀਕ ਨੂੰ ਠੀਕ ਕਹਿਣ ਦੀ ਜਾਚ ਹੈ ਅਤੇ ਗਲਤ ਵਿਰੁੱਧ ਆਵਾਜ਼ ਉਠਾਉਣ ਦੀ ਜ਼ਰੂਰਤ ਹੈ। ਉਸ ਨੂੰ ਭਲੀਭਾਂਤ ਪਤਾ ਹੈ ਕਿ ਸਾਡੇ ਦੇਸ ਵਿੱਚ ਔਰਤਾਂ ਨੂੰ ਆਦਿ ਕਾਲ ਤੋਂ ਹੀ ਹਾਸ਼ੀਏ ’ਤੇ ਧੱਕ ਕੇ ਰੱਖਣ ਦੀ ਬਿਰਤੀ ਭਾਰੂ ਰਹੀ ਹੈ। ਇਸ ਲਈ ਉਹ ‘ਬੋਲਣ ਦਿਉ ਉਸਨੂੰ’ ਕਵਿਤਾ ਵਿੱਚ ਵਰਤਮਾਨ ਸਮੇਂ ਵਿੱਚ ਔਰਤਾਂ ਵੱਲੋਂ ਆਪਣੇ ਹੱਕ ਲਈ ਉਠਾਈ ਜਾ ਰਹੀ ਆਵਾਜ਼ ਦੀ ਹਾਂ ਵਿੱਚ ਹਾਂ ਮਿਲਾਉਂਦਾ ਲਿਖਦਾ ਹੈ:
ਸਦੀਆਂ ਤੋਂ
ਉਸ ਅੰਦਰ ਪਿਆ ਲਾਵਾ
ਫੁੱਟਣ ਲੱਗਿਆ ਹੈ
ਪੀੜ੍ਹੀਆਂ ਤੋਂ
ਉਸ ’ਤੇ ਹੁੰਦੇ
ਤਸ਼ੱਦਦ ਦੀਆਂ ਪਰਤਾਂ
ਵਿਸਫੋਟ ਕਰਨ ਲੱਗੀਆਂ ਹਨ
ਬੋਲਣ ਦਿਉ ਉਸ ਨੂੰ।
‘ਇੱਕ ਬਲ਼ਦੀ ਦੁਪਹਿਰ’ ਕਵਿਤਾ ਵਿੱਚ ਉਸ ਗਰੀਬ, ਮਜਬੂਰ ਆਦਿ ਵਾਸੀ ਇਨਸਾਨ ਦੀ ਗੱਲ ਬੜੇ ਮਾਰਮਿਕ ਅਤੇ ਦਿਲ ਨੂੰ ਝੰਜੋੜਨ ਵਾਲੇ ਸ਼ਬਦਾਂ ਵਿੱਚ ਬਿਆਨ ਕਰਦਾ ਹੈ ਜੋ ਆਪਣੀ ਮਰ ਚੁੱਕੀ ਜੀਵਨ ਸਾਥਣ ਦੀ ਲਾਸ਼ ਮੋਢਿਆਂ ’ਤੇ ਚੁੱਕ ਕੇ ਕਈ ਕਿਲੋਮੀਟਰ ਤੁਰ ਕੇ ਘਰ ਪਹੁੰਚਦਾ ਹੈ। ਕਵਿਤਾ ਦੇ ਮੁੱਢ ਵਿੱਚ ਹੀ ਕਵੀ, ‘ਮਹਾਨ ਦੇਸ਼’ ਦੀ ‘ਵੇਦਾਂ ਦੀ ਧਰਤੀ’, ‘ਮਹਿੰਜੋਦੜੋ ਹੜੱਪਾ ਜਿਹੀਆਂ ਸਭਿਅਤਾਵਾਂ ਦੀ ਜਨਮ ਦਾਤਾ’ ਦੇ ਇੱਕ ਕਿਸਮ ਨਾਲ ਕੀਰਨੇ ਹੀ ਪਾਉਂਦਾ ਹੈ ਅਤੇ ਸਪਸ਼ਟ ਸ਼ਬਦਾਂ ਵਿੱਚ ਲਿਖਦਾ ਹੈ:
ਪਰ ਉਸਦੇ ਮੋਢਿਆਂ ਤੇ
ਸਿਰਫ ਉਸਦੀ
ਬੀਵੀ ਦੀ ਲਾਸ਼ ਨਹੀਂ
ਅਣਗਿਣਤ ਲਾਸ਼ਾਂ ਨੇ
ਉਸਦੇ ਮੋਢਿਆਂ ਤੇ
ਇਸ ਮਹਾਨ ਦੇਸ਼ ਦੇ
ਸੱਭਿਆਚਾਰ ਦੀਆਂ
ਸੰਸਕ੍ਰਿਤੀ ਦੀਆਂ
ਮਰ ਚੁੱਕੀ ਇਨਸਾਨੀਅਤ ਦੀਆਂ ...
ਇਸੇ ਤਰ੍ਹਾਂ ‘ਵਿਰਲਾਪ’ ਕਵਿਤਾ ਵਿੱਚ ਕਵੀ ਨੇ ਇਨਸਾਨਾਂ ਵਿੱਚੋਂ ਮਰ ਰਹੀ ਇਨਸਾਨੀਅਤ ਦੀ ਗੱਲ ਕੀਤੀ ਹੈ ਜਿਸ ਵਿੱਚ ਇੱਕ ਗਰਭਵਤੀ ਹਥਣੀ ਦੇ ਮੂੰਹ ਵਿੱਚ ਬਰੂਦ ਵਾਲਾ ਅਨਾਨਾਸ ਦੇ ਕੇ, ਉਸ ਬੇ ਜ਼ਬਾਨ ਜਾਨਵਰ ਨੂੰ ਮੌਤ ਦੇ ਮੂੰਹ ਵਿੱਚ ਧੱਕਿਆ ਜਾਂਦਾ ਹੈ। ਇਸ ਕਵਿਤਾ ਵਿੱਚ ਵੀ ਕਵੀ ਸਾਡੇ ਦੇਸ ਦੇ ਮਹਾਨ ਗੁਰੂਆਂ, ਪੀਰਾਂ ਦਾ ਜ਼ਿਕਰ ਕਰਕੇ ਹਥਣੀ ਦੇ ਦਿਲ ਵਿੱਚ ਉੱਠ ਰਹੇ ਵਲਵਲਿਆਂ ਨੂੰ ਕਲਮਬੱਧ ਕਰਦਾ ਹੈ।
ਜਿਵੇਂ ਮੈਂ ਉੱਪਰ ਲਿਖਿਆ ਹੈ ਕਿ ਸਾਹਿਤਕਾਰ ਆਪਣੇ ਸਮੇਂ ਤੋਂ ਵੀ ਅੱਗੇ ਦੇਖਣ ਵਾਲੇ ਹੁੰਦੇ ਹਨ। ਅਮਰਜੀਤ ਕੌਂਕੇ ਦੀ ਕਵਿਤਾ ‘ਇੱਕ ਖੰਡਰ ਵਿੱਚੋਂ ਸ਼ਹਿਰ ਦੀ ਗਾਥਾ’ ਕਵਿਤਾ ਤੋਂ ਸਹਿਜੇ ਹੀ ਪੱਤ ਲਗਦਾ ਹੈ ਕਿ ਸਾਡਾ ਇਹ ਕਵੀ ਇਸ ਅਵਸਥਾ ਵਿੱਚ ਪਹੁੰਚ ਚੁੱਕਿਆ ਹੈ। ਮਾਹਿਰਾਂ ਵੱਲੋਂ ਬਾਰ-ਬਾਰ ਇਹ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਜ਼ਰਖੇਜ਼ ਧਰਤੀ ਬੰਜਰ ਹੋਣ ਵੱਲ ਵਧ ਰਹੀ ਹੈ। ਸਪਤ ਸਿੰਧੁ ਤੋਂ ਪੰਜਾਬ ਬਣੇ, ਪੰਜਾਬ ਤੋਂ ਢਾਈ ਦਰਿਆਵਾਂ ਵਾਲਾ ਸੂਬਾ ਹੁਣ ਪਾਣੀ ਵਿਹੂਣਾ ਹੋਣ ਦੇ ਰਾਹ ਪਿਆ ਹੋਇਆ ਹੈ। ਇਸ ਅਵਸਥਾ ਦਾ ਜ਼ਿਕਰ ਉਪਰੋਕਤ ਕਵਿਤਾ ਵਿੱਚ ਕੀਤਾ ਗਿਆ ਹੈ, ਜੋ ਪੜ੍ਹਨ ਯੋਗ ਹੀ ਨਹੀਂ ਸਗੋਂ ਵਿਚਾਰਨਯੋਗ ਕਵਿਤਾ ਹੈ। ਕਵਿਤਾ ਦੀਆਂ ਇਹ ਸਤਰਾਂ ਦੇਖੋ:
ਹੌਲੀ ਹੌਲੀ
ਦਰਿਆ ਸੁੱਕਣ ਲੱਗੇ
ਸੋਮੇ ਮੁੱਕਣ ਲੱਗੇ
ਜੰਗਲ ਕੰਕਰੀਟ ਵਿੱਚ ਬਦਲ ਗਏ
ਪੌਣਾ ਵਿੱਚੋਂ ਸਾਹ-ਸੱਤ ਮੁੱਕ ਗਏ
ਬੱਦਲਾਂ ਨੇ ਵਰਨਾ ਛੱਡ ਦਿੱਤਾ
ਚਿੜੀਆਂ ਖ਼ਤਮ ਹੋਈਆਂ
ਸਭ ਤੋਂ ਪਹਿਲਾਂ ...
ਪੁਸਤਕ ਦੇ ਨਾਮਕਰਨ ਵਾਲੀ ਕਵਿਤਾ ਬਹੁ-ਪਰਤੀ ਕਵਿਤਾ ਹੈ, ਜਿਸ ਵਿੱਚ ਕਵੀ ਨੇ ਕਈ ਭਖਦੇ ਮਸਲਿਆਂ ’ਤੇ ਗੱਲ ਕੀਤੀ ਹੈ; ਆਪਣੀ ਭਾਸ਼ਾ ਬਚਾਉਣ ਦਾ ਯਤਨ, ਸਾਫ ਹਵਾ, ਬਿਰਖ, ਪੌਦੇ, ਚਿੜੀਆਂ ਬਚਾਉਣ ਦੀ ਗੱਲ, ਪ੍ਰਵਾਸ ਨੂੰ ਰੋਕਣ ਦੀ ਗੱਲ ਆਦਿ।
ਇਸ ਕਾਵਿ ਸੰਗ੍ਰਹਿ ਦੀ ਇੱਕ ਹੋਰ ਯਾਦ ਰੱਖਣ ਨਾਲੀ ਕਵਿਤਾ ਹੈ, “ਦੁੱਖ ਇੱਕ ਛਲੇਡਾ।” ਇਹ ਇੱਕ ਦੁਨਿਆਵੀ ਸੱਚ ਹੈ ਕਿ ਦੁੱਖ ਹਰ ਇਨਸਾਨ ਦੇ ਜੀਵਨ ਦਾ ਅਟੁੱਟ ਅੰਗ ਹੈ। ਇਸੇ ਤਰ੍ਹਾਂ ‘ਆਖਰੀ ਪੀੜ੍ਹੀ ਦੇ ਲੋਕ’ ਵੀ ਯਥਾਰਥਕ ਤਸਵੀਰ ਉਲੀਕਦੀ ਹੈ। ‘ਅੰਦਰ ਮਰਿਆ ਬਸੰਤ’ ਵਿੱਚ ਵੀ ਬਚਪਨ ਦੀਆਂ ਯਾਦਾਂ ਦਾ ਜ਼ਿਕਰ ਕਰ ਕੇ ਮੌਜੂਦਾ ਸਮੇਂ ਨਾਲ ਤੁਲਨਾਇਆ ਗਿਆ ਹੈ। ‘ਪੇਕਿਆਂ ਦੇ ਸੂਟ’ ਅਤੇ ‘ਕੁੱਤਾ ਮਿਲਣੀ’, “ਇੱਕ ਸਫ਼ਲ ਬੁੱਧੀਜੀਵੀ’ ਕਵਿਤਾਵਾਂ ਵਿੱਚ ਕਮਾਲ ਦੀ ਵਿਅੰਗਮਈ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ। ‘ਸਰਦੀ ਆਉਣ ਵਾਲੀ ਕਵਿਤਾ’ ਵਿੱਚ ਗਰੀਬ ਲੋਕਾਂ ਵੱਲੋਂ ਬਦਲਦੇ ਸਮੇਂ ਵਿੱਚ ਰੋਜ਼ੀ-ਰੋਟੀ ਦੇ ਅਹਾਰ ਲਈ ਕੀਤੀ ਮੁਸ਼ੱਕਤ ਦੀ ਗੱਲ ਕੀਤੀ ਗਈ ਹੈ। ‘ਵੰਡ’ ਕਵਿਤਾ ਵਿੱਚ ਕੁਦਰਤੀ ਕ੍ਰਿਸ਼ਮਿਆਂ (ਸੂਰਜ, ਹਵਾ, ਅੱਗ, ਫੁੱਲ ਆਦਿ) ਵੱਲੋਂ ਰੱਬੀ ਦਾਤਾਂ ਵੰਡੀਆਂ ਜਾਂਦੀਆਂ ਹਨ, ਪਰ ਕੁਝ ਮੁਲਕ ਬਰੂਦ ਵੰਡ ਰਹੇ ਹਨ, ਕੁਝ ਇਨਸਾਨ ਨਫ਼ਰਤੀ ਭਾਸ਼ਣਾਂ ਨਾਲ ਜ਼ਹਿਰ ਵੰਡਦੇ ਹਨ, ਦਿਮਾਗੀ ਨਿਪੁੰਸਕ ਦੂਜਿਆਂ ਦੇ ਦਿਮਾਗਾਂ ਵਿੱਚ ਵੀ ਕੂੜ-ਕਬਾੜ ਭਰ ਰਹੇ ਹਨ। ‘ਸੇਵਾ ਮੁਕਤ ਹੋਣ ਮਗਰੋਂ’ ਵਿੱਚ ਕਵੀ ਨੇ ਸੇਵਾ ਮੁਕਤ ਵਿਅਕਤੀਆਂ ਦੀ ਜ਼ਿੰਦਗੀ ਦੀ ਤਸਵੀਰ ਉਲੀਕੀ ਹੈ, “ਇੱਕ ਕਾਮਯਾਬ ਆਦਮੀ’ ਵਿੱਚ ਅਜੋਕੇ ਸਮੇਂ ਵਿੱਚ ਕਾਮਯਾਬ ਬਣਨ ਲਈ ਝੂਠ, ਪਾਪ, ਬੇਈਮਾਨੀ, ਬੇਗ਼ੈਰਤ ਹੋਣ ’ਤੇ ਜ਼ੋਰ ਦਿੰਦਾ ਹੈ, “ਮਗਰੂ ਦਾ ਦਾਦਾ’ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਕਰੋਨਾ ਕਾਲ ਦੇ ਦੁਖਾਂਤ ਨੂੰ ਪੇਸ਼ ਕੀਤਾ ਹੈ। ‘ਗਿਆਨ’ ਕਵਿਤਾ ਦਾਰਸ਼ਨਿਕ ਵਿਚਾਰਾਂ ਵਾਲੀ ਹੈ। ਇਨ੍ਹਾਂ ਉਦਾਹਰਨਾਂ ਤੋਂ ਪਤਾ ਲਗਦਾ ਹੈ ਕਿ ਕੌਂਕੇ ਲਈ ਕੋਈ ਵਿਸ਼ਾ ਵਰਜਿਤ ਨਹੀਂ, ਉਹ ਹਰ ਵਿਸ਼ੇ ਨੂੰ ਪ੍ਰਗਟਾਉਣ ਦੀ ਸਮਰੱਥਾ ਰੱਖਦਾ ਹੈ।
ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਅਮਰਜੀਤ ਕੌਂਕੇ ਦੇ ‘ਇਸ ਧਰਤੀ ’ਤੇ ਰਹਿੰਦਿਆਂ’ ਨਾਲ ਉਸਦਾ ਸਾਹਿਤਕ ਕੱਦ ਹੀ ਉੱਚਾ ਨਹੀਂ ਹੋਇਆ, ਪੰਜਾਬੀ ਕਾਵਿ ਸਾਹਿਤ ਵਿੱਚ ਵੀ ਨਿੱਗਰ ਵਾਧਾ ਹੋਇਆ ਹੈ। 160 ਪੰਨਿਆਂ ਵਾਲੀ ਪੁਸਤਕ ਦੀ ਕੀਮਤ 300 ਰੁਪਏ ਹੈ ਅਤੇ ਇਸ ਨੂੰ ਪ੍ਰਤੀਕ ਪਬਲੀਕੇਸ਼ਨ, ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਹੈ। ਪੁਸਤਕ ਦਾ ਸਵਰਕ ਬਹੁਤ ਦਿਲ ਖਿਚਵਾਂ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)