“ਅਜੇ ਨਾਟਕ ਮੰਚ ਉੱਤੇ ਪੇਸ਼ ਕਰਨ ਲਈ ਕੁਝ ਸਮਾਂ ਲੱਗਣਾ ਸੀ, ਇਸ ਲਈ ਮੈਂ ...”
(17 ਮਈ 2021)
(ਪੰਤਾਲੀ ਸਾਲ ਦੀਆਂ ਯਾਦਾਂ)
ਨਾਟਕ ਦੇਖਣ ਦੀ ਚੇਟਕ ਤਾਂ ਮੈਂਨੂੰ ਬੀ. ਏ.(1967-70) ਦੇ ਦੌਰਾਨ ਹੀ ਲੱਗ ਗਈ ਸੀ, ਹਰਪਾਲ ਟਿਵਾਣਾ ਜੀ ਦੇ ਨਾਟਕ ਦੇਖ ਕੇ। 1972 ਵਿੱਚ ਐੱਮ. ਏ. ਕਰਨ ਤਕ ਮੇਰਾ ਰੰਗਮੰਚ ਦੇਖਣ ਦਾ ਸ਼ੌਕ ਬਰਕਰਾਰ ਹੀ ਨਹੀਂ ਰਿਹਾ ਸਗੋਂ ਰੰਗਮੰਚ ਕਰਨ ਦੀ ਇੱਛਾ ਵੀ ਪੈਦਾ ਹੋ ਗਈ ਸੀ, ਪਰ ਮੌਕਾ ਨਹੀਂ ਸੀ ਮਿਲ ਰਿਹਾ। ਐੱਮ.ਏ. ਤੋਂ ਬਾਅਦ ਸਰਕਾਰੀ ਸਕੂਲ ਵਿੱਚ ਲੈਕਚਰਾਰ ਦੀ ਨੌਕਰੀ ਵੀ ਕੀਤੀ ਅਤੇ ਪੰਜਾਬ ਰਾਜ ਬਿਜਲੀ ਬੋਰਡ ਦੀ ਨੌਕਰੀ ਵੀ। ਬਿਜਲੀ ਮਹਿਕਮੇ ਦੀ ਨੌਕਰੀ ਦੌਰਾਨ ਇੱਕ ਦਿਨ ਪਤਾ ਲੱਗਿਆ ਕਿ ਬਿਜਲੀ ਬੋਰਡ ਦੀ ਇੱਕ ਸਭਿਆਚਾਰਕ ਟੋਲੀ ਵਲੋਂ ਕੋਈ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਮੈਂ ਆਪਣੇ ਨਾਲ ਦੇ ਸਾਥੀ (ਸੁਰਿੰਦਰ ਸਿੰਘ ਨਰੂਲਾ) ਨੂੰ ਮਨਾ ਲਿਆ ਕਿ ਆਪਾਂ ਵੀ ਕੋਈ ਆਈਟਮ ਪੇਸ਼ ਕਰੀਏ। ਮੈਂ ਕਾਲਜ ਸਮੇਂ ਇੱਕ ਸਕਿੱਟ ‘ਮਦਾਰੀ ਦਾ ਤਮਾਸ਼ਾ ‘ਦੇਖੀ ਹੋਈ ਸੀ। ਉਸ ਨੇ ਮੇਰਾ ਸਾਥ ਦੇਣਾ ਮੰਨ ਲਿਆ। ਜਦੋਂ ਇਹ ਪ੍ਰੋਗਰਾਮ ਹੋਇਆ ਤਾਂ ਤਕਰੀਬਨ ਦੋ ਘੰਟੇ ਦੇ ਪ੍ਰੋਗਰਾਮ ਵਿੱਚੋਂ ਜਿਹੜੀਆਂ ਚਾਰ-ਪੰਜ ਆਈਟਮਾਂ ਜ਼ਿਆਦਾ ਪਸੰਦ ਕੀਤੀਆਂ ਗਈਆਂ, ਉਹਨਾਂ ਵਿੱਚੋਂ ਸਾਡੀ ਆਈਟਮ ਵੀ ਇੱਕ ਸੀ।
ਉਸ ਪ੍ਰੋਗਰਾਮ ਤੋਂ ਕੁਝ ਦਿਨਾਂ ਬਾਅਦ ਮੈਂ ਬਜ਼ਾਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਮੇਰੇ ਇੱਕ ਹਮ-ਉਮਰ ਨੇ ਮੈਂਨੂੰ ਰੋਕ ਲਿਆ। ਉਹਨਾਂ ਨੇ ਮੇਰਾ ਬਿਜਲੀ ਬੋਰਡ ਵਾਲਾ ਸਕਿੱਟ ਦੇਖਿਆ ਹੋਇਆ ਸੀ ਅਤੇ ਦੱਸਿਆ ਕਿ ਉਹਨਾਂ ਦਾ ਰੰਗਕਰਮੀਆਂ ਦਾ ਇੱਕ ਗਰੁੱਪ ਹੈ। ਉਹਨਾਂ ਨੇ ਮੈਂਨੂੰ ਆਪਣੇ ਗਰੁੱਪ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉਹ ਸ਼ਖਸੀਅਤ ਸੀ ਜਗਜੀਤ ਸਰੀਨ, ਜਿਸ ਨੇ ਟਿਵਾਣਾ ਸਾਹਿਬ ਨਾਲ ਲੰਬਾ ਸਮਾਂ ਨਾਟਕ ਕੀਤੇ ਸਨ। ਬਾਅਦ ਵਿੱਚ ਪਤਾ ਲੱਗਿਆ ਕਿ ਸਰੀਨ ਸਾਹਿਬ ਅਤੇ ਮੈਂ ਮਹਿੰਦਰਾ ਕਾਲਜ ਵਿੱਚ ਇੱਕੋ ਸਮੇਂ ਪੜ੍ਹੇ ਸੀ। ਉਹ ਬੀ ਐੱਸਸੀ. ਵਿੱਚ ਅਤੇ ਮੈਂ ਬੀ. ਏ. ਵਿੱਚ। ਉਹਨਾਂ ਦੀ ਨਿਰਦੇਸ਼ਨਾ ਅਧੀਨ ਕਈ ਨਾਟਕ ਖੇਡੇ ਅਤੇ ਰੰਗ-ਮੰਚ ਦੀਆਂ ਕਈ ਬਰੀਕੀਆਂ ਦਾ ਆਪ ਮੁਹਾਰੇ ਹੀ ਪਤਾ ਲੱਗਦਾ ਰਿਹਾ।
ਮੈਂਨੂੰ ਯਾਦ ਹੈ ਕਿ ਇੱਕ ਦਿਨ ਮੈਂ (ਸੰਨ 1975) ਕਪੂਰਥਲਾ ਜਾ ਰਿਹਾ ਸੀ, ਕਿਸੇ ਕਾਲਜ ਵਿੱਚ ਲੈਕਚਰਾਰ ਦੀ ਇੰਟਰਵਿਊ ਦੇਣ। ਬੱਸ ਦੀ ਤਾਕੀ ਵਿੱਚੋਂ ਦਰਖ਼ਤਾਂ ਨੂੰ ਭੱਜੇ ਜਾਂਦੇ ਦੇਖਦੇ, ਗੁਰੂ ਤੇਗ਼ ਬਹਾਦਰ ਸੰਬੰਧੀ ਇੱਕ ਦ੍ਰਿਸ਼ ਮੇਰੇ ਦਿਮਾਗ ਵਿੱਚ ਘੁੰਮਣ ਲੱਗਿਆ। ਉਹਨਾਂ ਦਿਨਾਂ ਵਿੱਚ ਨੌਂਵੀਂ ਪਾਤਸ਼ਾਹੀ ਦੇ ਤਿੰਨ ਸੌ ਸਾਲਾ ਸ਼ਹੀਦੀ ਗੁਰਪੁਰਬ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸੀ। ਵਾਪਸੀ ਸਫਰ ਦੌਰਾਨ ਵੀ ਨਾਟਕ ਦੇ ਖ਼ਾਕੇ ਸੰਬੰਧੀ ਸੋਚਦਾ ਰਿਹਾ। ਘਰ ਆ ਕੇ ਮੈਂ ਨਾਟਕ ਲਿਖਣਾ ਸ਼ੁਰੂ ਕੀਤਾ। ਮੈਂਨੂੰ ਨਹੀਂ ਸੀ ਪਤਾ ਕਿ ਕਿਹੜਾ ਪਾਤਰ ਕਦੋਂ ਆਵੇਗਾ, ਕਿਹੜੇ ਕਿਹੜੇ ਪਾਤਰ ਹੋਣਗੇ ਅਤੇ ਨਾਟਕ ਵਿੱਚ ਕਿੰਨੇ ਦ੍ਰਿਸ਼ ਹੋਣ ਗੇ? ਦਿਮਾਗ ਵਿੱਚ ਜੋ ਆਇਆ, ਉਹੀ ਲਿਖਦਾ ਰਿਹਾ। ਜਦੋਂ ਕੁਝ ਸਮਝ ਨਾ ਆਉਂਦਾ ਕਿ ਅੱਗੇ ਕੀ ਲਿਖਿਆ ਜਾਵੇ, ਲਿਖਣਾ ਬੰਦ ਕਰ ਦਿੰਦਾ। ਪੰਦਰਾਂ ਵੀਹ ਦਿਨਾਂ ਵਿੱਚ ਨਾਟਕ ਦਾ ਮੁਢਲਾ ਢਾਂਚਾ ਤਿਆਰ ਹੋ ਗਿਆ। ਪਰ ਮੈਂਨੂੰ ਲੱਗ ਰਿਹਾ ਸੀ ਕਿ ਨਾਟਕ ਦਾ ਅੰਤ ਮੇਰੀ ਮਰਜ਼ੀ ਅਨੁਸਾਰ ਨਹੀਂ ਸੀ ਹੋਇਆ। ਮੈਂ ਸਰੀਨ ਸਾਹਿਬ ਨਾਲ ਨਾਟਕ ਲਿਖਣ ਵਾਲੀ ਗੱਲ ਸਾਂਝੀ ਕੀਤੀ ਹੋਈ ਸੀ। ਇੱਕ ਦਿਨ ਅਸੀਂ ਦੋਹਾਂ ਨੇ ਨਾਟਕ ਇਕੱਠੇ ਪੜ੍ਹਿਆ। ਉਹਨਾਂ ਦਾ ਹੁੰਗਾਰਾ ਹਾਂ-ਪੱਖੀ ਸੀ। ਪਰ ਉਹਨਾਂ ਨੂੰ ਵੀ ਲੱਗਿਆ ਕਿ ਨਾਟਕ ਵਿੱਚ ਹੋਰ ਵਾਧੇ ਦੀ ਗੁੰਜਾਇਸ਼ ਹੈ।
ਉਹਨਾਂ ਦਿਨਾਂ ਵਿੱਚ ਹੀ ਪ੍ਰਸਿੱਧ ਰੰਗਕਰਮੀ ਯੋਗਰਾਜ ਸੇਢਾ ਅਤੇ ਮੋਹਨ ਬੱਗਨ ਕੈਨੇਡਾ ਤੋਂ ਵਾਪਸ ਆਏ ਸਨ। ਯੋਗਰਾਜ ਨੇ ਬਿਜਲੀ ਬੋਰਡ ਵਿੱਚ ਜੇ. ਈ. ਦੀ ਨੌਕਰੀ ਦੁਬਾਰਾ ਸ਼ੁਰੂ ਕਰ ਲਈ ਸੀ। ਬਿਜਲੀ ਬੋਰਡ ਦੇ ਉਸ ਸਮੇਂ ਦੇ ਪੀ ਆਰ ਓ ਵਿਭਾਗ ਦੇ ਮੁਖੀ, ਨਿਰੰਜਣ ਸਿੰਘ ਮੀਠਾ, ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸੰਬੰਧੀ ਨਾਟਕ ‘ਸਿਰ ਦੀਜੈ ਬਾਂਹੇ ਨਾ ਛੋੜੀਐ’ ਲਿਖ ਰਹੇ ਸਨ। ਉਹਨਾਂ ਨੇ ਬਿਜਲੀ ਬੋਰਡ ਵੱਲੋਂ ਉਹ ਨਾਟਕ ਤਿਆਰ ਕਰਵਾਉਣ ਦੀ ਜ਼ਿੰਮੇਵਾਰੀ ਯੋਗਰਾਜ ਸੇਢਾ ਦੀ ਲਾ ਦਿੱਤੀ। ਅਸੀਂ ਉਸ ਨਾਟਕ ਦੀ ਤਿਆਰੀ ਸ਼ੁਰੂ ਕਰ ਦਿੱਤੀ। ਯੋਗਰਾਜ ਨੂੰ ਜਦੋਂ ਪਤਾ ਲੱਗਿਆ ਕਿ ਮੈਂ ਵੀ ਗੁਰੂ ਸਾਹਿਬ ਸੰਬੰਧੀ ਨਾਟਕ ਲਿਖ ਰਿਹਾ ਹਾਂ ਤਾਂ ਬੜੇ ਖੁਸ਼ ਹੋਏ। ਮੈਂ ਉਹਨਾਂ ਨੂੰ ਵੀ ਆਪਣੇ ਨਾਟਕ ‘ਹਿੰਦ ਦੀ ਚਾਦਰ’ ਦਾ ਖਰੜਾ ਪੜ੍ਹਨ ਨੂੰ ਦਿੱਤਾ। ਨਾਟਕ ਪੜ੍ਹ ਕੇ ਉਹਨਾਂ ਨੂੰ ਇਹ ਖੁਸ਼ੀ ਹੋਈ ਕਿ ਮੀਠਾ ਸਾਹਿਬ ਅਤੇ ਮੇਰੇ ਨਾਟਕ, ਦੋਵਾਂ ਦਾ ਭਾਵੇਂ ਕੇਂਦਰੀ ਵਿਸ਼ਾ ਇੱਕੋ ਹੀ ਹੈ ਪਰ ਨਿਭਾਅ ਬਿਲਕੁਲ ਹੀ ਵੱਖਰਾ ਹੈ। ਮੇਰੇ ਵਾਲੇ ਨਾਟਕ ਵਿੱਚ ਔਰੰਗਜ਼ੇਬ ਦਾ ਪਾਤਰ ਹੋਣ ਕਰਕੇ ਉਹਨਾਂ ਨੂੰ ਮੇਰਾ ਨਾਟਕ ਜ਼ਿਆਦਾ ਪਸੰਦ ਆਇਆ। ਪਰ ਉਹਨਾਂ ਨੇ ਵੀ ਸੁਝਾ ਦਿੱਤਾ ਕਿ ਨਾਟਕ ਦਾ ਅੰਤ ਕੁਝ ਨਾਟਕੀ ਟੱਕਰ ਵਾਲਾ ਹੋਣਾ ਚਾਹੀਦਾ ਹੈ। ਮੈਂ ਵੀ ਨਾਟਕ ਦੇ ਅੰਤ ਤੋਂ ਸੰਤੁਸ਼ਟ ਨਹੀਂ ਸੀ, ਸਰੀਨ ਸਾਹਿਬ ਨੇ ਵੀ ਸੁਝਾਓ ਦਿੱਤਾ ਸੀ ਕਿ ਨਾਟਕ ਦਾ ਅੰਤ ਬਦਲਿਆ ਜਾਵੇ। ਪਰ ਸਾਫ਼ਗੋਈ ਹੈ ਕਿ ਮੈਂਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਰੀ ਦ੍ਰਿਸ਼ ਵਿੱਚ ਕੀ ਦਰਸਾਇਆ ਜਾਵੇ? ਭਾਵੇਂ ਨਾਟਕ ਦੇ ਹਰ ਦ੍ਰਿਸ਼ ਦੀ ਹੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ ਪਰ ਨਾਟਕ ਦੀ ਸਫਲਤਾ ਦਾ ਸਾਰਾ ਦਾਰੋ-ਮ-ਦਾਰ ਆਖਰੀ ਦ੍ਰਿਸ਼ ’ਤੇ ਹੀ ਨਿਰਭਰ ਕਰਦਾ ਹੈ। ਜਦੋਂ ਮੈਂਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਕੀ ਕਰਾਂ ਤਾਂ ਇੱਕ ਰਾਤ, ਸੌਣ ਤੋਂ ਪਹਿਲਾਂ ਪਤਾ ਨਹੀਂ ਮੇਰੇ ਦਿਲ ਵਿੱਚ ਕੀ ਆਇਆ, ਮੈਂ ਕਾਪੀ-ਪੈਨ ਚੁੱਕਿਆ ਅਤੇ ਲਿਖਣਾ ਸ਼ੁਰੂ ਕਰ ਦਿੱਤਾ। ਮੈਂਨੂੰ ਨਹੀਂ ਸੀ ਪਤਾ ਕਿ ਮੈਂ ਕੀ ਲਿਖ ਰਿਹਾ ਹਾਂ। ਨਾ ਮੈਂ ਆਪਣੇ ਲਿਖੇ ਨੂੰ ਦੁਬਾਰਾ ਪੜ੍ਹ ਰਿਹਾ ਸੀ। ਹਾਂ, ਇਹ ਜ਼ਰੂਰ ਹੈ ਕਿ ਲਿਖਦਾ ਲਿਖਦਾ ਰੁਕ ਜ਼ਰੂਰ ਜਾਂਦਾ ਅਤੇ ਫੇਰ ਥੋੜ੍ਹੀ ਦੇਰ ਬਾਅਦ ਲਿਖਣਾ ਸ਼ੁਰੂ ਕਰ ਦਿੰਦਾ। ਪਤਾ ਨਹੀਂ ਮੈਂ ਕਿੰਨਾ ਕੁ ਚਿਰ ਲਿਖਦਾ ਰਿਹਾ। ਜਦੋਂ ਮੈਂਨੂੰ ਮਹਿਸੂਸ ਹੋਇਆ ਕਿ ਹੁਣ ਹੋਰ ਨਹੀਂ ਲਿਖਿਆ ਜਾਂਦਾ, ਮੈਂ ਸੌਂ ਗਿਆ। ਸਵੇਰੇ ਉੱਠ ਕੇ ਜਦੋਂ ਮੈਂ ਰਾਤ ਦਾ ਲਿਖਿਆ ਪੜ੍ਹਨ ਲੱਗਿਆ ਤਾਂ ਮੈਂਨੂੰ ਆਪ ਹੈਰਾਨੀ ਹੋ ਰਹੀ ਸੀ ਕਿ ਬਿਨਾਂ ਕੁਝ ਸੋਚੇ ਮੈਂ ਏਨਾ ਕੁਝ ਕਿਵੇਂ ਲਿਖ ਗਿਆ? ਮੈਂਨੂੰ ਮਹਿਸੂਸ ਹੋਇਆ ਕਿ ਨਾਟਕ ਪੂਰਾ ਹੋ ਗਿਆ ਹੈ। ਮੇਰੇ ਲਈ ਤਾਂ ਇਹ ਰੱਬੀ ਕ੍ਰਿਸ਼ਮਾ ਹੀ ਸੀ।
ਸਾਰੇ ਦ੍ਰਿਸ਼ ਨੂੰ ਦੁਬਾਰਾ ਲਿਖਿਆ ਅਤੇ ਸਰੀਨ ਸਾਹਿਬ ਕੋਲ ਬੈਂਕ ਪਹੁੰਚ ਗਿਆ। ਉਹਨਾਂ ਨੂੰ ਲਿਖੇ ਹੋਏ ਪੰਨੇ ਫੜਾ ਕੇ ਕਿਹਾ ਕਿ ਮੇਰੇ ਵੱਲੋਂ ਨਾਟਕ ‘ਹਿੰਦ ਦੀ ਚਾਦਰ’ ਪੂਰਾ ਹੈ, ਜੇ ਤੁਹਾਨੂੰ ਪਸੰਦ ਹੈ ਤਾਂ ਖੇਡਣ ਦੀ ਤਿਆਰੀ ਕਰ ਲਉ। ਇਹ ਵੀ ਕਹਿ ਦਿੱਤਾ ਕਿ ਪਹਿਲਾਂ ਤੁਸੀਂ ਪੜ੍ਹ ਲਉ, ਫੇਰ ਯੋਗਰਾਜ ਜੀ ਨੂੰ ਪੜ੍ਹਨ ਨੂੰ ਦੇਵਾਂਗੇ।
ਸ਼ਾਮ ਦੇ ਸਮੇਂ ਸਰੀਨ ਸਾਹਿਬ ਬਿਜਲੀ ਬੋਰਡ ਹੀ ਪਹੁੰਚ ਗਏ, ਜਿੱਥੇ ਅਸੀਂ ‘ਸਿਰ ਦੀਜੈ ਬਾਂਹਿ ਨਾ ਛੋੜੀਐ’ ਦੀ ਰਿਹਰਸਲ ਕਰਦੇ ਸੀ। ਉਹ ਮੈਂਨੂੰ ਇਸ਼ਾਰਾ ਕਰਕੇ ਕੁਝ ਦੂਰ ਲੈ ਗਏ ਅਤੇ ਖੁਸ਼ ਹੋ ਕੇ ਕਹਿਣ ਲੱਗੇ ਕਿ ‘ਹਿੰਦ ਦੀ ਚਾਦਰ’ ਨਾਟਕ ਦਾ ਅੰਤ ਬਹੁਤ ਹੀ ਭਾਵਪੂਰਤ ਬਣ ਗਿਆ ਹੈ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਨੇ ਉਸ ਸਮੇਂ ਦੇ ਆਮ ਲੋਕਾਂ ਵਿੱਚ ਜੋ ਨਵਾਂ ਹੌਸਲਾ, ਦਲੇਰੀ ਅਤੇ ਜ਼ਾਲਮ ਹਕੂਮਤ ਵਿਰੁੱਧ ਨਫ਼ਰਤ ਦੀ ਭਾਵਨਾ ਪੈਦਾ ਕੀਤੀ ਸੀ, ਉਹ ਨਾਟਕ ਦੇ ਆਖਰੀ ਦ੍ਰਿਸ਼ ਵਿੱਚ ਪੂਰੀ ਤਰ੍ਹਾਂ ਉਜਾਗਰ ਹੁੰਦੀ ਹੈ। ਸਰੀਨ ਸਾਹਿਬ ਦੇ ਇਹਨਾਂ ਸ਼ਬਦਾਂ ਨਾਲ ਮੈਨੂੰ ਬਹੁਤ ਹੌਸਲਾ ਮਿਲਿਆ।
ਨਾਟਕ ਦੀ ਰਿਹਰਸਲ ਤੋਂ ਬਾਅਦ ਸਰੀਨ ਸਾਹਿਬ ਅਤੇ ਮੈਂ ਯੋਗਰਾਜ ਜੀ ਨਾਲ ਉਹਨਾਂ ਦੇ ਘਰ ਹੀ ਚਲੇ ਗਏ ਅਤੇ ਉਹਨਾਂ ਨੂੰ ਕਿਹਾ ਕਿ ਨਾਟਕ ਦਾ ਆਖਰੀ ਦ੍ਰਿਸ਼ ਉਹ ਵੀ ਪੜ੍ਹ ਕੇ ਆਪਣੀ ਸਲਾਹ ਦੇਣ ਤਾਂ ਜੋ ਨਾਟਕ ਦੀ ਤਿਆਰੀ ਸ਼ੁਰੂ ਕੀਤੀ ਦਾ ਸਕੇ। ਉਹਨਾਂ ਨੇ ਵਾਅਦਾ ਕੀਤਾ ਕਿ ਉਹ ਜਲਦੀ ਹੀ ਪੜ੍ਹ ਲੈਣਗੇ। ਪਰ ਨਾਟਕ ਦੀ ਤਿਆਰੀ ਲਈ ਕੁਝ ਦੇਰ ਰੁਕਣ ਲਈ ਕਿਹਾ ਤਾਂ ਜੋ ਪਹਿਲਾਂ ਬਿਜਲੀ ਬੋਰਡ ਵਾਲੇ ਨਾਟਕ ਦੇ ਕੁਝ ਸ਼ੋਅ ਹੋ ਜਾਣ ਕਿਉਂਕਿ ਦੋਹਾਂ ਨਾਟਕਾਂ ਵਿੱਚ ਕਈ ਕਲਾਕਾਰ ਸਾਂਝੇ ਹੀ ਸਨ। ਯੋਗਰਾਜ ਜੀ ਨੇ ਹੀ ਮੇਰੇ ਵਾਲੇ ਨਾਟਕ ਵਿੱਚ ਔਰੰਗਜ਼ੇਬ ਦਾ ਕਿਰਦਾਰ ਨਿਭਾਉਣਾ ਸੀ। ਮੀਠਾ ਸਾਹਿਬ ਵਾਲੇ ਨਾਟਕ ਦੇ ਉਹ ਨਿਰਦੇਸ਼ਕ ਵੀ ਸਨ ਅਤੇ ਭਾਈ ਜੈਤਾ ਜੀ ਦਾ ਰੋਲ ਵੀ ਕਰ ਰਹੇ ਸਨ। ਮੋਹਨ ਬੱਗਨ, ਭਾਰਤ ਭੂਸ਼ਨ ਵਰਮਾ, ਸੁਰਿੰਦਰ ਮਹਿਤਾ, ਪ੍ਰੇਮ ਚੰਦ ਆਦਿ ਵੀ ਦੋਵਾਂ ਨਾਟਕਾਂ ਵਿੱਚ ਸਨ।
ਯੋਗਰਾਜ ਜੀ ਨੇ ਵਾਇਦੇ ਅਨੁਸਾਰ ‘ਹਿੰਦ ਦੀ ਚਾਦਰ’ ਨਾਟਕ ਦਾ ਆਖਰੀ ਦ੍ਰਿਸ਼ ਜਲਦੀ ਹੀ ਪੜ੍ਹ ਲਿਆ। ਉਹਨਾਂ ਨੇ ਵੀ ਨਵੇਂ ਲਿਖੇ ਦ੍ਰਿਸ਼ ਨੂੰ ਬਹੁਤ ਪਸੰਦ ਕੀਤਾ ਅਤੇ ਕਿਹਾ ਇਹ ਨਵਾਂ ਸੀਨ ਜਿੱਥੇ ਕਲਾਕਾਰਾਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਦੇਵੇਗਾ ਉੱਥੇ ਹੀ ਦਰਸ਼ਕਾਂ ਨੂੰ ਵੀ ਝੰਜੋੜੇਗਾ। ਸਰੀਨ ਸਾਹਿਬ ਅਤੇ ਯੋਗਰਾਜ ਜੀ ਤੋਂ ਮਿਲਿਆ ਹੁੰਗਾਰਾ ਮੇਰੇ ਲਈ ਕਿਸੇ ਇਨਾਮ ਤੋਂ ਘੱਟ ਨਹੀਂ ਸੀ।
ਅਜੇ ਨਾਟਕ ਮੰਚ ਉੱਤੇ ਪੇਸ਼ ਕਰਨ ਲਈ ਕੁਝ ਸਮਾਂ ਲੱਗਣਾ ਸੀ, ਇਸ ਲਈ ਮੈਂ ਨਾਟਕ ਨੂੰ ਪ੍ਰਕਾਸ਼ਤ ਕਰਵਾਉਣ ਦਾ ਫੈਸਲਾ ਕੀਤਾ। ਮੇਰਾ ਨਾਟਕ ਪੜ੍ਹ ਕੇ ਪ੍ਰਸਿੱਧ ਨਾਟਕਕਾਰ ਡਾ. ਸੁਰਜੀਤ ਸਿੰਘ ਸੇਠੀ ਨੇ ਮੁੱਖ ਬੰਦ ਲਿਖਿਆ ਅਤੇ ਆਲ ਇੰਡੀਆ ਰੇਡੀਓ, ਜਲੰਧਰ ਤੋਂ ਇਸਦਾ ਰਿਵੀਊ ਵੀ ਕੀਤਾ। ਡਾ. ਰੌਸ਼ਨ ਲਾਲ ਆਹੂਜਾ ਨੇ ਦਿ ਟ੍ਰਿਬਿਊਨ ਵਿੱਚ ਵੀ ਹਿੰਦ ਦੀ ਚਾਦਰ ਦਾ ਰਿਵੀਊ ਕੀਤਾ। ਵਿਦਵਾਨ ਨਾਟਕਕਾਰਾਂ ਵੱਲੋਂ ਮਿਲੇ ਇਸ ਥਾਪੜੇ ਨੇ ਮੇਰਾ ਹੌਸਲਾ ਹੋਰ ਵਧਾ ਦਿੱਤਾ।
ਇੱਥੇ ਇੱਕ ਗੱਲ ਹੋਰ ਦਰਜ ਕਰਨੀ ਚਾਹਵਾਂਗਾ ਕਿ ਮੇਰੇ ਗੁਰੂਦੇਵ ਅਤੇ ਪੰਜਾਬੀ ਦੇ ਮਹਾਨ ਨਾਟਕਕਾਰ ਡਾ. ਹਰਚਰਨ ਸਿੰਘ ਦੇ ਨਾਟਕ ਦਾ ਨਾਂ ਵੀ ਹਿੰਦ ਦੀ ਚਾਦਰ ਹੀ ਸੀ। ਉਸ ਨੂੰ ਨਾਮਵਰ ਨਿਰਦੇਸ਼ਕ ਹਰਪਾਲ ਟਿਵਾਣਾ ਜੀ ਤਿਆਰ ਕਰ ਰਹੇ ਸਨ। ਮੇਰੇ ਨਾਟਕ ਦੇ ਨਿਰਦੇਸ਼ਕ ਜਗਜੀਤ ਸਰੀਨ ਵੀ ਟਿਵਾਣਾ ਸਾਹਿਬ ਦੇ ਸ਼ਗਿਰਦ ਰਹਿ ਚੁੱਕੇ ਸਨ ਅਤੇ ਨਾਟਕ ਦੇ ਦੋ ਮੁੱਖ ਅਦਾਕਾਰ - ਯੋਗਰਾਜ ਸੇਢਾ ਅਤੇ ਮੋਹਨ ਬੱਗਨ ਵੀ ਟਿਵਾਣਾ ਸਾਹਿਬ ਨਾਲ ਕਈ ਨਾਟਕਾਂ ਵਿੱਚ ਅਦਾਕਾਰੀ ਕਰ ਚੁੱਕੇ ਸਨ।
ਦਸੰਬਰ 1975 ਦੇ ਅੱਧ ਤੋਂ ਬਾਅਦ ਅਸੀਂ ਨਾਟਕ ਦੀਆਂ ਰਿਹਰਸਲਾਂ ਸ਼ੁਰੂ ਕਰ ਦਿੱਤੀਆਂ। ਜਨਵਰੀ ਦੇ ਪਹਿਲੇ ਹਫ਼ਤੇ ਤਕ ਨਾਟਕ ਪੂਰੀ ਤਰ੍ਹਾਂ ਤਿਆਰ ਸੀ। ਰਿਹਰਸਲਾਂ ਦੌਰਾਨ ਮੈਂਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਨਾਟਕ ਦਾ ਕੋਈ ਵੀ ਵਾਰਤਾਲਾਪ ਜਾਂ ਦ੍ਰਿਸ਼ ਬਦਲਣਾ ਨਹੀਂ ਪਿਆ। ਸਿਰਫ ਇੱਕ ਛੋਟਾ ਜਿਹਾ ਵਾਕ ਹੀ ਕੱਟਿਆ, ਉਹ ਵੀ ਮੇਰੇ ਕਹਿਣ ’ਤੇ। ਅਸਲ ਵਿੱਚ ਉਹ ਵਾਕ ਬੋਲਣ ਵੇਲੇ ਉਸ ਦੇ ਅਰਥ ਦੇ ਅਨਰਥ ਹੋ ਰਹੇ ਸਨ। ਮੈਂ ਹੀ ਸਰੀਨ ਸਾਹਿਬ ਨੂੰ ਕਿਹਾ ਕਿ ਇਹ ਸਤਰ ਰਹਿਣ ਦਿਉ।
ਅਸੀਂ 25 ਜਨਵਰੀ 1976 ਨੂੰ ਸੈਂਟਰਲ ਲਾਇਬ੍ਰੇਰੀ ਦੇ ਆਡੀਟੋਰੀਅਮ ਵਿੱਚ ਨਾਟਕ ਦੀ ਪੇਸ਼ਕਾਰੀ ਦੀ ਤਿਆਰੀ ਕਰ ਲਈ। ਕਲਾਕਾਰਾਂ ਦੀਆਂ ਪੁਸ਼ਾਕਾਂ ਦਾ ਸਾਨੂੰ ਬਹੁਤਾ ਇੰਤਜ਼ਾਮ ਨਾ ਕਰਨਾ ਪਿਆ, ਕਿਉਂਕਿ ਬਿਜਲੀ ਬੋਰਡ ਵਾਲੇ ਨਾਟਕ ਦੀਆਂ ਪੁਸ਼ਾਕਾਂ ਨਾਲ ਸਾਡਾ ਕੰਮ ਚੱਲ ਗਿਆ। ਸਮੱਸਿਆ ਆਈ ਔਰੰਗਜ਼ੇਬ ਦੀ ਸ਼ਾਹੀ ਟੋਪੀ ਦੀ। ਸਾਨੂੰ ਪਟਿਆਲ਼ਾ ਸ਼ਹਿਰ ਵਿੱਚ ਅਜਿਹਾ ਕਾਰੀਗਰ ਨਾ ਮਿਲਿਆ ਜੋ ਟੋਪੀ ਬਣਾ ਦਿੰਦਾ। ਪਰ ਨਾਟਕ ਤੋਂ ਇੱਕ ਦਿਨ ਪਹਿਲਾਂ ਗੁਰਚਰਨ ਚੰਨੀ (ਪ੍ਰਸਿੱਧ ਨਾਟ ਕਰਮੀ) ਨੇ ਸਾਡੀ ਇਹ ਸਮੱਸਿਆ ਹੱਲ ਕਰ ਦਿੱਤੀ। ਪਰ ਮੁਸ਼ਕਲਾਂ ਕਦਮ ਕਦਮ ’ਤੇ ਸਾਡਾ ਇਮਤਿਹਾਨ ਲੈ ਰਹੀਆਂ ਸਨ। 24 ਜਨਵਰੀ ਦੀ ਰਾਤ ਨੂੰ ਯੋਗਰਾਜ ਸੇਢਾ ਜੀ ਦਾ ਇੱਕ ਕਰੀਬੀ ਰਿਸ਼ਤੇਦਾਰ ਅਚਾਨਕ ਹੀ ਅਕਾਲ ਚਲਾਣਾ ਕਰ ਗਿਆ ਅਤੇ ਉਹਨਾਂ ਨੂੰ ਜਾਣਾ ਪਿਆ। ਪਰ ਉਹ ਜਾਂਦੇ ਜਾਂਦੇ ਕਿਸੇ ਨੂੰ ਸੁਨੇਹਾ ਦੇ ਗਏ ਕੇ ਉਹ ਨਾਟਕ ਦੇ ਸਮੇਂ ਤਕ ਪਹੁੰਚ ਜਾਣਗੇ। ਨਾਟਕ ਅਸੀਂ ਸੱਤ ਵਜੇ ਸ਼ੁਰੂ ਕਰਨਾ ਸੀ। ਚਾਰ ਕੁ ਵਜੇ ਪ੍ਰੋਫੈਸਰ ਕ੍ਰਿਸ਼ਨ ਦਿਵੇਦੀ ਨੇ ਕਲਾਕਾਰਾਂ ਦਾ ਮੇਕ-ਅੱਪ ਸ਼ੁਰੂ ਕਰ ਦਿੱਤਾ। ਸਰੀਨ ਸਾਹਿਬ ਨੇ ਮੈਂਨੂੰ ਕਿਹਾ ਕਿ ਔਰੰਗਜ਼ੇਬ ਦੇ ਰੋਲ ਲਈ ਕਿਸੇ ਦੂਜੇ ਕਲਾਕਾਰ ਨੂੰ ਤਿਆਰ ਕਰੋ। ਉਹ ਕਲਾਕਾਰ ਰਿਹਰਸਲਾਂ ਦੌਰਾਨ ਹਾਜ਼ਰ ਹੁੰਦਾ ਸੀ ਅਤੇ ਬਹੁਤ ਹੀ ਵਧੀਆ ਕਲਾਕਾਰ ਸੀ। ਮੈਂਨੂੰ ਵੀ ਯਕੀਨ ਸੀ ਕਿ ਉਹ ਕੰਮ ਸਾਰ ਦੇਵੇਗਾ। ਪਰ ਪੰਜ ਵਜੇ ਯੋਗਰਾਜ ਜੀ ਪਹੁੰਚ ਗਏ ਅਤੇ ਦਿਵੇਦੀ ਸਾਹਿਬ ਨੇ ਉਹਨਾਂ ਦਾ ਮੇਕ-ਅੱਪ ਸ਼ੁਰੂ ਕਰ ਦਿੱਤਾ।
ਆਡੀਟੋਰੀਅਮ ਦਾ ਹਾਲ, ਗੈਲਰੀ ਪੂਰੀ ਤਰ੍ਹਾਂ ਭਰੇ ਹੋਏ ਸਨ। ਹਾਲ ਵਿੱਚ ਖਾਲੀ ਥਾਂ ’ਤੇ ਵੀ ਲੋਕ ਖੜ੍ਹੇ ਸਨ। ਅਸੀਂ ਨਾਟਕ ਸਮੇਂ ’ਤੇ ਸ਼ੁਰੂ ਕਰ ਦਿੱਤਾ। ਦਰਸ਼ਕਾਂ ਵੱਲੋਂ ਸਾਨੂੰ ਪੂਰਾ ਸਹਿਯੋਗ ਮਿਲਿਆ। ਸਾਰੇ ਨਾਟਕ ਦੌਰਾਨ ਦਰਸ਼ਕਾਂ ਨੇ ਚੁੱਪੀ ਸਾਧੀ ਰੱਖੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਦਰਸ਼ਕ ਨਾਟਕ ਨੂੰ ਮਾਣ ਰਹੇ ਹੋਣ। ਦਰਸ਼ਕਾਂ ਦਾ ਅਜਿਹਾ ਵਰਤਾਵ ਕਲਾਕਾਰਾਂ ਦਾ ਹੌਸਲਾ ਵਧਾਉਂਦਾ ਹੈ। ਨਾਟਕ ਦੀ ਪੇਸ਼ਕਾਰੀ ਸਾਡੀ ਆਸ ਤੋਂ ਕਿਤੇ ਵੱਧ ਸਫਲ ਰਹੀ। ਅਗਲੇ ਕੁਝ ਦਿਨਾਂ ਵਿੱਚ ਸਾਨੂੰ ਵਧੀਆ ਨਾਟਕ ਪੇਸ਼ ਕਰਨ ਦੀਆਂ ਵਧਾਈਆਂ ਮਿਲਦੀਆਂ ਰਹੀਆਂ। ਰੰਗਮੰਚ ਦੀਆਂ ਕਈ ਨਾਮਵਰ ਸ਼ਖਸੀਅਤਾਂ ਨੇ ਸਾਡਾ ਹੌਸਲਾ ਵਧਾਇਆ ਅਤੇ ਨਾਟਕ ਦੇ ਹੋਰ ਸ਼ੋਅ ਕਰਨ ਲਈ ਪ੍ਰੇਰਿਆ। ਭਾਵੇਂ ਸਾਡਾ ਗਰੁੱਪ, ਪੰਜਾਬ ਨਾਟ ਸ਼ਾਲਾ, ਕੋਈ ਪੇਸ਼ੇਵਰ ਗਰੁੱਪ ਨਹੀਂ ਸੀ ਪਰ ਨਾਟਕ ‘ਹਿੰਦ ਦੀ ਚਾਦਰ’ ਦੀ ਪੇਸ਼ਕਾਰੀ ਜ਼ਰੂਰ ਪੇਸ਼ੇਵਰ ਪੱਧਰ ਦੀ ਰਹੀ। ਨਾਟਕ ਦਾ ਹਰ ਦ੍ਰਿਸ਼ ਹੀ ਆਪਣਾ ਪ੍ਰਭਾਵ ਪਾ ਰਿਹਾ ਸੀ। ਮੈਂ ਵੀ ਦਰਸ਼ਕਾਂ ਵਿੱਚ ਬੈਠ ਕੇ ਨਾਟਕ ਦਾ ਆਨੰਦ ਮਾਣਿਆ। ਆਖਰੀ ਦ੍ਰਿਸ਼ ਨੇ ਦਰਸ਼ਕਾਂ ਨੂੰ ਖੂਬ ਟੁੰਬਿਆ। ਨਾਟਕ ਦੀ ਸਫਲਤਾ ਦਾ ਸਿਹਰਾ ਨਿਰਦੇਸ਼ਕ ਜਗਜੀਤ ਸਰੀਨ, ਯੋਗਰਾਜ ਸੇਢਾ (ਔਰੰਗਜ਼ੇਬ), ਭਾਰਤ ਭੂਸ਼ਨ ਵਰਮਾ (ਨਵਾਬ), ਮੋਹਨ ਬੱਗਨ (ਦੂਜਾ ਸਿਪਾਹੀ), ਸਰੀਨ ਸਾਹਿਬ (ਕਾਜ਼ੀ), ਮਹਿੰਦਰ ਸਿੰਘ (ਅਫ਼ਜ਼ ਬੇਗ), ਕਲਾਕਾਰਾਂ ਦੇ ਮੇਕ-ਅੱਪ ਲਈ ਪ੍ਰੋਫੈਸਰ ਕ੍ਰਿਸ਼ਨ ਦਿਵੇਦੀ ਅਤੇ ਨਾਟਕ ਦੇ ਬਾਕੀ ਸਾਰੇ ਕਲਾਕਾਰਾਂ ਨੂੰ ਜਾਂਦਾ ਹੈ।
ਅੱਜ ਤੋਂ ਪੰਤਾਲੀ ਸਾਲ ਪਹਿਲਾਂ ਦੀ ‘ਹਿੰਦ ਦੀ ਚਾਦਰ ‘ਨਾਟਕ ਦੀ ਪਹਿਲੀ ਪੇਸ਼ਕਾਰੀ ਹੁਣ ਵੀ ਜਦੋਂ ਯਾਦ ਆਉਂਦੀ ਹੈ ਤਾਂ ਦਿਲ ਖੁਸ਼ ਹੋਣ ਦੇ ਨਾਲ-ਨਾਲ ਉਦਾਸ ਵੀ ਹੋ ਜਾਂਦਾ ਹੈ ਕਿਉਂਕਿ ਸਾਡੇ ਕੁਝ ਸਾਥੀ, ਜਿਨ੍ਹਾਂ ਨੇ ਨਾਟਕ ਦੀ ਪੇਸ਼ਕਾਰੀ ਵਿੱਚ ਅਹਿਮ ਯੋਗਦਾਨ ਪਾਇਆ ਸੀ, ਉਹ ਸਾਥੋਂ ਸਦਾ ਲਈ ਵਿੱਛੜ ਚੁੱਕੇ ਹਨ। ਉਹ ਵਧੀਆ ਕਲਾਕਾਰ ਹੋਣ ਦੇ ਨਾਲ-ਨਾਲ ਵਧੀਆ ਇਨਸਾਨ ਵੀ ਸਨ—ਯੋਗਰਾਜ ਸੇਢਾ, ਮਹਿੰਦਰ ਸਿੰਘ, ਸੁਰਿੰਦਰ, ਸਤਵੰਤ ਕੈਂਥ, ਅੰਬਾਖਸ਼, ਹਰਗੱਜਨ ਸਿੰਘ, ਪ੍ਰੋਫੈਸਰ ਕ੍ਰਿਸ਼ਨ ਦਿਵੇਦੀ ਆਦਿ।
ਗੁਲਜ਼ਾਰ ਪਵਾਰ ਨੇ ਵੀ ਪੰਜਾਬ ਆਰਟ ਥੀਏਟਰ ਵੱਲੋਂ ਹਿੰਦ ਦੀ ਚਾਦਰ ਨਾਟਕ ਦੀਆਂ ਤਕਰੀਬਨ ਵੀਹ ਪੇਸ਼ਕਾਰੀਆਂ ਕੀਤੀਆਂ ਹਨ। 2003 ਵਿੱਚ ਗੁਲਜ਼ਾਰ ਮੇਰੇ ਇੱਕ ਮਿੱਤਰ ਨੂੰ ਲੈ ਕੇ ਮੈਂਨੂੰ ਨਾਭੇ ਮਿਲਣ ਆਇਆ। ਮੈਂ ਉਸ ਤੋਂ ਪਹਿਲਾਂ ਗੁਲਜ਼ਾਰ ਨੂੰ ਕਦੇ ਮਿਲਿਆ ਨਹੀਂ ਸੀ। ਉਹ ਮੇਰਾ ਨਾਟਕ ਹਿੰਦ ਦੀ ਚਾਦਰ ਖੇਡਣ ਦਾ ਇੱਛੁਕ ਸੀ। ਮੈਂਨੂੰ ਖੁਸ਼ੀ ਹੋਈ ਕਿ ਅਠਾਈ ਸਾਲ ਪਹਿਲਾਂ ਲਿਖੇ ਨਾਟਕ ਨੂੰ ਕੋਈ ਨਿਰਦੇਸ਼ਕ ਦੁਬਾਰਾ ਮੰਚ ’ਤੇ ਪੇਸ਼ ਕਰਨਾ ਚਾਹੁੰਦਾ ਹੈ, ਭਾਵੇਂ ਦਿਲ ਵਿੱਚ ਕੁਝ ਤੌਖਲਾ ਵੀ ਸੀ ਕਿ ਪਤਾ ਨਹੀਂ ਇਹਨਾਂ ਕੋਲ ਕਲਾਕਾਰ ਕਿਸ ਤਰ੍ਹਾਂ ਦੇ ਹਨ, ਪਰ ਮੈਂ ਉਹਨਾਂ ਨੂੰ ਆਪਣੀ ਲਿਖਤੀ ਮਨਜ਼ੂਰੀ ਦੇ ਦਿੱਤੀ। ਪੰਜਾਬ ਆਰਟ ਥੀਏਟਰ ਨੇ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਇਸ ਨਾਟਕ ਦੀਆਂ ਕਈ ਸਫਲ ਪੇਸ਼ਕਾਰੀਆਂ ਕੀਤੀਆਂ। ਇਹਨਾਂ ਸੰਬੰਧੀ ਮੈਂਨੂੰ ਅਖਬਾਰਾਂ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਤੋਂ ਪਤਾ ਲੱਗਦਾ ਰਹਿੰਦਾ। ਗੁਲਜ਼ਾਰ ਪਵਾਰ ਨੇ ਕਈ ਵਾਰ ਮੈਂਨੂੰ ਨਾਟਕ ਦੇਖਣ ਲਈ ਸੁਨੇਹਾ ਭੇਜਿਆ ਪਰ ਮੈਂ ਆਪਣੇ ਰਿਹਾਇਸ਼ੀ ਪਬਲਿਕ ਸਕੂਲ ਦੀ ਨੌਕਰੀ ਦੇ ਰੁਝੇਵਿਆਂ ਕਾਰਨ ਆਪਣਾ ਹੀ ਨਾਟਕ ਦੇਖਣ ਨਾ ਜਾ ਸਕਿਆ।
ਗੁਲਜ਼ਾਰ ਪਵਾਰ ਨੇ ਆਪ ਹੀ ਹਿੰਮਤ ਕਰਕੇ ਸਾਡੇ ਸਕੂਲ- ਪੰਜਾਬ ਪਬਲਿਕ ਸਕੂਲ, ਨਾਭਾ ਵਿਖੇ ਨਾਟਕ ਕਰਨ ਦਾ ਉੱਦਮ ਕਰ ਲਿਆ। ਮੈਂਨੂੰ ਖੁਸ਼ੀ ਵੀ ਹੋ ਰਹੀ ਸੀ ਕਿ ਮੇਰਾ ਲਿਖਿਆ ਨਾਟਕ ਮੇਰੇ ਸਕੂਲ ਵਿੱਚ ਖੇਡਿਆ ਜਾ ਰਿਹਾ ਹੈ ਪਰ ਦਿਲ ਦੀ ਕਿਸੇ ਨੁੱਕਰ ਵਿੱਚ ਡਰ ਵੀ ਸੀ ਜਿਵੇਂ ਹਰ ਵਿਦਿਆਰਥੀ ਦੇ ਦਿਲ ਵਿੱਚ ਇਮਤਿਹਾਨ ਤੋਂ ਪਹਿਲਾਂ ਹੁੰਦਾ ਹੈ। ਅਸਲ ਵਿੱਚ ਸਕੂਲ ਦੇ ਮੁੱਖ ਅਧਿਆਪਕ, ਸਾਥੀ ਅਧਿਆਪਕਾਂ ਅਤੇ ਆਪਣੇ ਵਿਦਿਆਰਥੀਆਂ ਦੇ ਸਾਹਮਣੇ ਮੇਰਾ ਇਮਤਿਹਾਨ ਹੀ ਸੀ। ਪਰਦਾ ਉੱਠਦਾ ਹੈ ਅਤੇ ਨਾਟਕ ਦੇ ਸਾਰੇ ਪਾਤਰ ਮੰਚ ’ਤੇ ਬੈਠੇ ਹਨ ਅਤੇ ਗਾਇਕ ਮੰਡਲੀ ‘ਅਵਲਿ ਅਲਾਹ ਨੂਰੁ ਉਪਾਇਆ’ ਵਾਲਾ ਸ਼ਬਦ ਗਾ ਰਹੀ ਹੈ। ਮੇਰੇ ਨਾਟਕ ਵਿੱਚ ਇਹ ਦ੍ਰਿਸ਼ ਨਹੀਂ ਸੀ। ਇਸ ਸ਼ਬਦ ਤੋਂ ਬਾਅਦ ਨਾਟਕ ਸ਼ੁਰੂ ਹੁੰਦਾ ਹੈ। ਪਹਿਲੇ ਦ੍ਰਿਸ਼ ਵਿੱਚ ਹੀ ਨਿਰਦੇਸ਼ਕ ਨੇ ‘ਔਰਤ’ ਪਾਤਰ ਦੀ ਥਾਂ ‘ਦਰਵੇਸ਼’ ਦਾ ਨਵਾਂ ਪਾਤਰ ਜੋੜ ਲਿਆ ਹੈ। ਗੁਲਜ਼ਾਰ ਨੇ ਇਹ ਕਿਰਦਾਰ ਆਪ ਨਿਭਾਇਆ। ਨਾਟਕ ਦਾ ਪਹਿਲਾ ਦ੍ਰਿਸ਼ ਖਤਮ ਹੁੰਦੇ ਹੀ ਮੇਰਾ ਸਾਰਾ ਡਰ ਖਤਮ ਹੋ ਗਿਆ। ਨਾਟਕ ਸਹੀ ਦਿਸ਼ਾ ਵੱਲ ਜਾ ਰਿਹਾ ਸੀ ਅਤੇ ਸਾਰੇ ਕਲਾਕਾਰ ਵੀ ਮਝੇ ਹੋਏ ਸਨ। ਰਾਜੇਸ਼ ਸ਼ਰਮਾ (ਨਵਾਬ), ਲੱਖਾ ਲਹਿਰੀ (ਔਰੰਗਜ਼ੇਬ), ਕਾਜ਼ੀ (ਰਵੀ ਭੂਸ਼ਨ), ਦੂਜਾ ਸਿਪਾਹੀ (ਅਨਿਲ ਸਨੌਰੀ), ਮੱਖਣ ਸ਼ਾਹ (ਪਰਮਜੀਤ) ਅਤੇ ਬਾਕੀ ਕਲਾਕਾਰਾਂ ਨੇ ਵੀ ਆਪਣੇ ਆਪਣੇ ਕਿਰਦਾਰ ਬਾਖੂਬੀ ਨਿਭਾਏ। ਕਲਾਕਾਰਾਂ ਦੀਆਂ ਪੁਸ਼ਾਕਾਂ, ਮੇਕ-ਅੱਪ, ਪਿੱਠ ਵਰਤੀ ਸੰਗੀਤ ਅਤੇ ਨਿਰਦੇਸ਼ਨ ਨੇ ਨਾਟਕ ਦੀ ਪੇਸ਼ਕਾਰੀ ਨੂੰ ਸਫ਼ਲ ਬਣਾਇਆ। ਵਿਦਿਆਰਥੀਆਂ ਨੂੰ ਨਾਟਕ ਵਧੀਆ ਲੱਗਿਆ। ਨਾਟਕ ਦੇ ਲੇਖਕ ਦੇ ਤੌਰ ’ਤੇ ਮੈਂ ਇਸ ਪੇਸ਼ਕਾਰੀ ਤੋਂ ਬਹੁਤ ਪ੍ਰਭਾਵਿਤ ਹੋਇਆ। ਪਰ ਅਨਿਲ ਸਨੌਰੀ ਵਰਗੇ ਵਧੀਆ ਕਲਾਕਾਰ ਦਾ ਜਵਾਨੀ ਵਿੱਚ ਹੀ ਵਿਛੋੜਾ ਬਹੁਤ ਦੁਖਦਾਈ ਹੈ।
2016 ਵਿੱਚ ਮੈਂ ਕੈਨੇਡਾ ਆਇਆ ਹੋਇਆ ਸੀ। ਇੱਕ ਦਿਨ ਇੰਪੈਕਟ ਆਰਟਸ, ਚੰਡੀਗੜ੍ਹ ਦੇ ਨਿਰਦੇਸ਼ਕ ਬਨਿੰਦਰਜੀਤ ਸਿੰਘ ‘ਬਨੀ’ ਦੀ ਈਮੇਲ ਆਈ ਕਿ ਉਹਨਾਂ ਦਾ ਗਰੁੱਪ ਮੇਰਾ ਨਾਟਕ “ਸੂਰਾ ਸੋ ਪਹਿਚਾਨੀਐ” ਖੇਡਣਾ ਚਾਹੁੰਦੇ ਹਨ। ਮੈਂ ਉਹਨਾਂ ਨੂੰ ਨਾਟਕ ਖੇਡਣ ਦੀ ਇਜਾਜ਼ਤ ਦੇ ਦਿੱਤੀ। ਨਾਟਕ ਦੀ ਪੇਸ਼ਕਾਰੀ ਤੋਂ ਬਾਅਦ ਮੈਂਨੂੰ ਜਗਜੀਤ ਸਰੀਨ ਅਤੇ ਭਾਰਤ ਭੂਸ਼ਨ ਵਰਮਾ ਦਾ ਫ਼ੋਨ ਆ ਗਿਆ ਕਿ ਨਾਟਕ ਦੀ ਪੇਸ਼ਕਾਰੀ ਬਹੁਤ ਹੀ ਸ਼ਾਨਦਾਰ ਸੀ। ਤਕਰੀਬਨ ਹਰ ਅਖਬਾਰ ਵਿੱਚ ਹੀ ਉਸ ਪੇਸ਼ਕਾਰੀ ਸੰਬੰਧੀ ਆਰਟੀਕਲ ਲੱਗੇ ਹੋਏ ਸਨ। 2017 ਵਿੱਚ ਹੀ ਬਨਿੰਦਰਜੀਤ ਬਨੀ ਦੀ ਨਿਰਦੇਸ਼ਨਾ ਅਧੀਨ ਮੇਰਾ ਨਾਟਕ “ਹਿੰਦ ਦੀ ਚਾਦਰ” ਵੀ ਇੰਪੈਕਟ ਆਰਟਸ ਵੱਲੋਂ ਖੇਡਿਆ ਗਿਆ। ਮੈਂ ਜਨਵਰੀ 2017 ਦੇ ਆਖਰੀ ਹਫ਼ਤੇ ਇੰਡੀਆ ਪਹੁੰਚਣਾ ਸੀ, ਪਰ ਉਹਨਾਂ ਦਾ ਇਹ ਨਾਟਕ ਪਹਿਲਾਂ ਖੇਡਣ ਦਾ ਪ੍ਰੋਗਰਾਮ ਬਣ ਚੁੱਕਿਆ ਸੀ। ਮੈਂ ਸਰੀਨ ਸਾਹਿਬ ਅਤੇ ਭਾਰਤ ਭੂਸ਼ਨ ਵਰਮਾ ਨੂੰ ਉਚੇਚੇ ਤੌਰ ’ਤੇ ਕਿਹਾ ਕਿ ਉਹ ਇਹ ਪੇਸ਼ਕਾਰੀ ਜ਼ਰੂਰ ਦੇਖ ਕੇ ਆਉਣ। ਸਰੀਨ ਸਾਹਿਬ ਜਿਹਨਾਂ ਨੇ ਆਪ ਇਹ ਨਾਟਕ ਖੇਡਿਆ ਸੀ, ਉਹ ਇਸ ਪੇਸ਼ਕਾਰੀ ਤੋਂ ਵੀ ਪੂਰੀ ਤਰ੍ਹਾਂ ਸੰਤੁਸ਼ਟ ਸੀ। ਉਹਨਾਂ ਅਨੁਸਾਰ ਸਾਰੇ ਕਲਾਕਾਰਾਂ ਨੇ ਨਾਟਕ ਦੇ ਪਾਤਰਾਂ ਨੂੰ ਸਹੀ ਢੰਗ ਨਾਲ ਮੰਚ ’ਤੇ ਸਜੀਵ ਕੀਤਾ। ਉਹਨਾਂ ਨੇ ਨਾਟਕ ਦੇ ਨਿਰਦੇਸ਼ਕ ਬਨਿੰਦਰਜੀਤ ਦੀ ਵੀ ਵਿਸ਼ੇਸ਼ ਪ੍ਰਸ਼ੰਸਾ ਕੀਤੀ। ਪਰ ਬਨੀ ਅੱਜ ਕੱਲ੍ਹ ਪੰਜਾਬੀ ਫਿਲਮਾਂ ਵੱਲ ਜ਼ਿਆਦਾ ਧਿਆਨ ਦੇ ਰਿਹਾ ਹੈ, ਰੰਗਮੰਚ ਵੱਲ ਘੱਟ। ਪਰ ਖੁਸ਼ੀ ਹੈ ਕਿ ਉਸ ਨੇ ਪੰਜਾਬੀ ਫਿਲਮਾਂ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾ ਲਿਆ ਹੈ।
ਅੱਜ ਕੱਲ੍ਹ ਗੁਰੂ ਤੇਗ਼ ਬਹਾਦਰ ਸਾਹਿਬ ਦੇ ਜਨਮ ਦੇ ਚਾਰ ਸੌ ਸਾਲਾ ਗੁਰਪੁਰਬ ਦੇ ਪ੍ਰੋਗਰਾਮ ਚੱਲ ਰਹੇ ਹਨ। ਮੈਂਨੂੰ ਖੁਸ਼ੀ ਹੈ ਕਿ ਪਟਿਆਲਾ ਦਾ ਇੱਕ ਰੰਗਮੰਚ ਗਰੁੱਪ (ਸੁਖਨਵਰ ਰੰਗਮੰਚ ਟੋਲੀ) ਮੇਰਾ ਨਾਟਕ “ਹਿੰਦ ਦੀ ਚਾਦਰ” ਨੂੰ ਲਾਈਟ ਐਂਡ ਸਾਊਂਡ ਦੀ ਵਿਧੀ ਨਾਲ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਇਸਦਾ ਨਿਰਦੇਸ਼ਨ ਇੱਕ ਪੁਰਾਣੇ ਰੰਗ ਕਰਮੀ ਜੋਗਾ ਸਿੰਘ ਖੀਵਾ ਕਰ ਰਹੇ ਹਨ। ਪੰਜਾਬੀ ਰੰਗ-ਮੰਚ ਦੀ ਇੱਕ ਉੱਘੀ ਹਸਤੀ ਨੇ ਗੁਰੂ ਤੇਗ਼ ਬਹਾਦਰ ਜੀ ਸੰਬੰਧੀ ਨਾਟਕਾਂ ਦਾ ਸੰਗ੍ਰਹਿ ਸੰਪਾਦਿਤ ਕੀਤਾ ਹੈ ਜਿਸ ਵਿੱਚ ਮੇਰਾ ਨਾਟਕ ‘ਹਿੰਦ ਦੀ ਚਾਦਰ’ ਵੀ ਸ਼ਾਮਲ ਹੈ (ਭਾਵੇਂ ਇਸ ਲਈ ਮੇਰੀ ਇਜਾਜ਼ਤ ਨਹੀਂ ਸੀ ਲਈ ਗਈ)।
ਮੈਂਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਜਿਹੜਾ ਨਾਟਕ ਮੈਂ ਚੌਵੀ-ਪੱਚੀ ਸਾਲ ਦੀ ਉਮਰ ਵਿੱਚ ਲਿਖਿਆ ਸੀ ਉਹ ਪੰਤਾਲੀ ਸਾਲ ਬਾਅਦ ਵੀ ਕਿਸੇ ਨਾ ਕਿਸੇ ਨਿਰਦੇਸ਼ਕ ਦੀ ਨਜ਼ਰ ਚੜ੍ਹ ਜਾਂਦਾ ਹੈ। ਇਹ ਪ੍ਰਾਪਤੀ ਸਿਰਫ ਮੇਰੀ ਨਹੀਂ ਬਲਕਿ ਮੇਰੇ ਰੰਗ ਕਰਮੀ ਸਾਥੀਆਂ ਦੀ ਵੀ ਹੈ ਜੋ ਹਮੇਸ਼ਾ ਮੈਂਨੂੰ ਹੱਲਾਸ਼ੇਰੀ ਦਿੰਦੇ ਰਹੇ। ਪਰਿਵਾਰ ਵੱਲੋਂ ਮਿਲੇ ਸਨੇਹ, ਪਿਆਰ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਅਤੇ ਮੈਂ ਸਮਝਦਾ ਹਾਂ ਕਿ ਅਜਿਹੀਆਂ ਪ੍ਰਾਪਤੀਆਂ ਪਿੱਛੇ ਕਿਸੇ ਅਦਿੱਖ ਸ਼ਕਤੀ ਦਾ ਹੱਥ ਵੀ ਜ਼ਰੂਰ ਹੁੰਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2784)
(ਸਰੋਕਾਰ ਨਾਲ ਸੰਪਰਕ ਲਈ: