RavinderSSodhi7ਕਿਸਾਨੀ ਸੰਘਰਸ਼ ਦੌਰਾਨ ਹਰਿਆਣਾ ਰਾਜ ਦੇ ਕਿਸਾਨਾਂਨੌਜਵਾਨ ਲੜਕੇਲੜਕੀਆਂਬਜ਼ੁਰਗ ਮਰਦਾਂਔਰਤਾਂ ...
(3 ਜਨਵਰੀ 2021)

 

... ਪੰਜਾਬ ਵਿੱਚ ਵਹਿ ਰਿਹਾ ਹੈ ਛੇਵਾਂ ਦਰਿਆ।

... ਮੰਤਰੀ ਦੀ ਮਿਲੀ ਭੁਗਤ ਨਾਲ ਨਸ਼ਿਆਂ ਦਾ ਕਾਰੋਬਾਰ ਜ਼ੋਰਾਂ ’ਤੇ।

... ਦੇ ਕਰੀਬੀ ਤੋਂ ਕਰੋੜਾਂ ਦੇ ਨਸ਼ੇ ਬਰਾਮਦ।

... ਇੱਕ ਵਾਰ ਸਾਡੀ ਸਰਕਾਰ ਬਣ ਲੈਣ ਦਿਓ, ਮੈਂ ਸੌਂਹ ਖਾ ਕੇ ਕਹਿੰਦਾ ਹਾਂ ਕਿ ਇੱਕ ਹਫਤੇ ਵਿੱਚ ਨਸ਼ੇ ਬੰਦ ਕਰ ਦੇਵਾਂਗਾ।

... ਪਹਿਲੀ ਸਰਕਾਰ ਨਾਲੋਂ ਵਰਤਮਾਨ ਸਰਕਾਰ ਦੇ ਰਾਜ ਵਿੱਚ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਵਾਧਾ।

... ਸਾਡੀ ਸਰਕਾਰ ਨੇ ਨਸ਼ਿਆਂ ਦੀ ਸਪਲਾਈ ਲਾਈਨ ਬੰਦ ਕੀਤੀ।

... ਵਰਤਮਾਨ ਸਰਕਾਰ ਨਸ਼ੇ ਦੇ ਵਪਾਰੀਆਂ ਨੂੰ ਨਹੀਂ ਫੜ ਰਹੀ, ਛੋਟਾ-ਮੋਟਾ ਨਸ਼ਾ ਕਰਨ ਵਾਲਿਆਂ ਨੂੰ ਫੜ ਰਹੀ ਹੈ।

ਇਹ ਅਤੇ ਇਹੋ ਜਿਹੀਆਂ ਕਈ ਹੋਰ ਸੁਰਖੀਆਂ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਅਖਬਾਰਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਇਸਦੇ ਨਾਲ ਹੀ ਨਸ਼ਿਆਂ ਨਾਲ ਮਰਨ ਵਾਲੇ ਨੌਜਵਾਨਾਂ ਦੀਆਂ ਖਬਰਾਂ ਦੇ ਨਾਲ-ਨਾਲ ਨਸ਼ੇ ਲਈ ਪੈਸੇ ਨਾ ਮਿਲਣ ਕਰਕੇ ਮਾਂ-ਪਿਓ ਨੂੰ ਜ਼ਖਮੀ ਕਰਨ ਜਾਂ ਕਤਲ ਕਰਨ ਦੀਆਂ ਖਬਰਾਂ ਵੀ ਛਪਦੀਆਂ ਹੀ ਰਹਿੰਦੀਆਂ ਹਨ। ਗੱਲ ਇੱਥੋਂ ਤਕ ਪਹੁੰਚ ਚੁੱਕੀ ਹੈ ਕਿ ਲੜਕਿਆਂ ਦੇ ਨਾਲ-ਨਾਲ ਲੜਕੀਆਂ ਸੰਬਧੀ ਵੀ ਇਹੋ ਜਿਹੀਆਂ ਭੈੜੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਹਨ। ਲਗਦਾ ਹੈ, ਤੰਦ ਨਹੀਂ ਤਾਣੀ ਹੀ ਉਲਝੀ ਪਈ ਹੈ। ਮਾਂ-ਪਿਓ ਨਾ ਤਾਂ ਕਿਸੇ ਨੂੰ ਆਪਣੇ ਢਿੱਡ ਦੀ ਗੱਲ ਦੱਸ ਸਕਦੇ ਹਨ ਅਤੇ ਨਾ ਹੀ ਬੱਚਿਆਂ ਦੀਆਂ ਬਹਿਬਤਾਂ ਨੂੰ ਲੁਕਾ ਸਕਦੇ ਹਨ। ਜੇ ਕੋਈ ਪੰਜਾਬ ਹਿਤੈਸ਼ੀ ਇਸ ਨੂੰ ਪੂਰੀ ਤਰ੍ਹਾਂ ਮੰਨਣ ਨੂੰ ਤਿਆਰ ਨਾ ਵੀ ਹੋਵੇ, ਤਾਂ ਵੀ ਉਹ ਇਸ ਤੱਥ ਨੂੰ ਪੂਰੀ ਤਰ੍ਹਾਂ ਨਕਾਰ ਵੀ ਨਹੀਂ ਸਕਦਾ। ਪੰਜਾਬ ਦੇ ਅਜਿਹੇ ਵਰਤਾਰੇ ਨੂੰ ਦਿਖਾਉਂਦੀ ਹਿੰਦੀ ਵਿੱਚ ਇੱਕ ਫਿਲਮ ਵੀ ਬਣੀ ਸੀ-ਉੜਤਾ ਪੰਜਾਬ।

ਕਿਸੇ ਧਾਰਮਿਕ, ਰਾਜਸੀ ਨੇਤਾ, ਬੁੱਧੀਜੀਵੀ, ਸਮਾਜ ਸੇਵਕ, ਵੱਡੇ ਅਹੁਦੇ ਤੇ ਬੈਠੇ ਜ਼ਿੰਮੇਦਾਰ ਅਫਸਰਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਇਸ ਬੁਰਾਈ ਨੂੰ ਕਿਵੇਂ ਦੂਰ ਕੀਤਾ ਜਾਵੇ। ਚੰਗੇ ਖਾਂਦੇ-ਪੀਂਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣਾ ਸ਼ੁਰੂ ਕਰ ਦਿੱਤਾ ਤਾਂ ਜੋ ਬੱਚੇ ਅਜਿਹੇ ਮਾਹੌਲ ਤੋਂ ਦੂਰ ਹੋ ਸਕਣ।

ਪਰ ਅਚਾਨਕ ਹੀ ਨਸ਼ਿਆਂ ਦੀਆਂ ਖਬਰਾਂ ਵਿੱਚ ਇੱਕ ਦਮ ਕਮੀ ਆਈ ਹੈ। ਇਹੋ ਜਿਹੀਆਂ ਖਬਰਾਂ ਦਾ ਨਾ ਛਪਣਾ ਇਸ ਗੱਲ ਦਾ ਸੂਚਕ ਨਹੀਂ ਕਿ ਨਸ਼ੇ ਇੱਕ ਦਮ ਗਾਇਬ ਹੋ ਗਏ ਹਨ ਜਾਂ ਨਸ਼ੇ ਕਰਨ ਵਾਲਿਆਂ ਨੂੰ ਸੋਝੀ ਆ ਗਈ ਹੈ ਕਿ ਨਸ਼ੇ ਨੁਕਸਾਨ ਕਰਦੇ ਹਨ। ਇਸਦਾ ਕਾਰਨ ਹੈ ਕਿ ਨੌਜਵਾਨਾਂ ਨੂੰ ਜ਼ਿੰਦਗੀ ਨਾਲ ਜੁੜਨ ਲਈ ਇੱਕ ਠੋਸ ਮੁੱਦਾ ਮਿਲ ਗਿਆ ਹੈ। ਮੁੱਦਾ ਹੈ ਕਿਸਾਨੀ ਅੰਦੋਲਨ। ਜੇ ਅੱਜ ਦੀ ਪੀੜ੍ਹੀ ਨਸ਼ਿਆਂ ਵੱਲ ਪ੍ਰੇਰਿਤ ਹੋਈ ਹੈ ਤਾਂ ਉਸ ਦਾ ਮੁੱਖ ਕਾਰਨ ਇਹ ਹੈ ਕਿ ਪੜ੍ਹ ਲਿਖ ਕੇ ਵੀ ਜਦੋਂ ਉਹਨਾਂ ਨੂੰ ਵਿਹਲੇ ਰਹਿਣਾ ਪੈਂਦਾ ਹੈ, ਘਰ ਦਿਆਂ ਅਤੇ ਬਾਹਰ ਲਿਆਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਹਨ ਤਾਂ ਉਹਨਾਂ ਵਿੱਚ ਆਪਣੇ ਚੌਗਿਰਦੇ ਪ੍ਰਤੀ, ਸਮਾਜ ਪ੍ਰਤੀ, ਦੇਸ਼ ਦੇ ਰਾਜਸੀ ਪ੍ਰਬੰਧ ਪ੍ਰਤੀ ਵਿਦਰੋਹ, ਗੁੱਸੇ ਅਤੇ ਨਫ਼ਰਤ ਦੀ ਭਾਵਨਾ ਪੈਦਾ ਹੁੰਦੀ ਹੈ। ਉਹ ਹੀਣ ਭਾਵਨਾ ਦਾ ਸ਼ਿਕਾਰ ਹੋ ਕੇ ਗਲਤ ਪਾਸੇ ਪ੍ਰੇਰਿਤ ਹੋ ਜਾਂਦੇ ਹਨ। ਅਜਿਹਾ ਕਰਕੇ ਜਿੱਥੇ ਉਹਨਾਂ ਦਾ ਅਬੋਧ ਮਨ ਅਜਿਹੇ ਭੈੜੇ ਮਾਹੌਲ ਨੂੰ ਸਿਰਜਣ ਵਾਲੇ ਸਿਸਟਮ ਤੋਂ ਬਦਲਾ ਲੈਂਦਾ ਜਾਪਦਾ ਹੈ, ਉਸ ਦੇ ਨਾਲ ਹੀ ਕੁਝ ਦੇਰ ਲਈ ਆਪਣੇ ਅੰਦਰ ਪੈਦਾ ਹੋਈ ਹੀਣ ਭਾਵਨਾ ਤੋਂ ਵੀ ਛੁਟਕਾਰਾ ਪਾਉਂਦੇ ਹਨ। ਪਰ ਇਹਨਾਂ ਭੋਲੇ ਪੰਛੀਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਨਸ਼ਿਆਂ ਦੀ ਦਲਦਲ ਵਿੱਚ ਫਸਿਆ ਮਨੁੱਖ ਉਸ ਵਿੱਚੋਂ ਨਿਕਲ ਨਹੀਂ ਸਕਦਾ ਅਤੇ ਜਦੋਂ ਇਸ ਚੀਜ਼ ਦਾ ਇਹਸਾਸ ਹੁੰਦਾ ਹੈ, ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਪਰ ਕਿਸਾਨੀ ਅੰਦੋਲਨ ਨੇ ਉਹਨਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ਕਿ ਸਮੇਂ ਦੀ ਸਰਕਾਰ ਕਿਵੇਂ ਉਹਨਾਂ ਦੇ ਦੁਆਲੇ ਅਜਿਹਾ ਮੱਕੜ ਜਾਲ ਬੁਣ ਰਹੀ ਹੈ ਜੋ ਨਸ਼ਿਆਂ ਨਾਲੋਂ ਵੀ ਭੈੜਾ ਹੈ।

ਜਦੋਂ ਨੌਜਵਾਨਾਂ ਨੇ ਦੇਖਿਆ ਕੇ ਕਿਵੇਂ ਬਜ਼ੁਰਗ ਸੜਕਾਂ ’ਤੇ ਉੱਤਰ ਆਏ ਹਨ ਤਾਂ ਨਸ਼ਿਆਂ ਨਾਲ ਥੋਥੀ ਹੋ ਰਹੀ ਜ਼ਮੀਰ ਨੇ ਹਲੂਣਾ ਖਾਧਾ ਅਤੇ ਉਹ ਵੀ ਬਜ਼ੁਰਗਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਇਸ ਸੰਘਰਸ਼ ਦਾ ਹਿੱਸਾ ਬਣ ਗਏ। ਨੌਜਵਾਨ ਸਿਰਫ ਇਸ ਅੰਦੋਲਨ ਦਾ ਹਿੱਸਾ ਹੀ ਨਹੀਂ ਬਣੇ ਸਗੋਂ ਇਸ ਨੂੰ ਨਵੀਂ ਸੇਧ ਦੇਣ ਵਾਲੇ ਵੀ ਬਣੇ। ਸਰਕਾਰ ਵਿਰੁੱਧ ਸੜਕਾਂ ’ਤੇ ਜਾਂ ਰੇਲ ਲਾਈਨਾਂ ’ਤੇ ਬੈਠ ਕੇ ਹੀ ਕੰਮ ਨਹੀਂ ਚਲਦਾ। ਧਰਨੇ ’ਤੇ ਬੈਠੇ ਲੋਕਾਂ ਲਈ ਰੋਟੀ-ਪਾਣੀ ਦਾ ਪ੍ਰਬੰਧ ਕਰਨਾ, ਕਿਸੇ ਦੀ ਤਬੀਅਤ ਖਰਾਬ ਹੋਣ ਦੀ ਸੂਰਤ ਵਿੱਚ ਉਸ ਨੂੰ ਡਾਕਟਰੀ ਸਹਾਇਤਾ ਮੁਹਈਆ ਕਰਵਾਉਣੀ, ਘਰ ਦੇ ਕੰਮਕਾਜ ਦਾ ਧਿਆਨ ਰੱਖਣਾ, ਡੰਗਰ-ਵੱਛੇ ਦੀ ਦੇਖਭਾਲ, ਖੇਤਾਂ ਦੀ ਸਾਂਭ-ਸੰਭਾਲ ਆਦਿ ਹੋਰ ਕਈ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ। ਕਮਾਲ ਦੀ ਗੱਲ ਹੈ ਕਿ ਬਿਨਾਂ ਕਿਸੇ ਦੇ ਕਹੇ ਜਾਂ ਸਮਝਾਏ ਨੌਜਵਾਨਾਂ ਨੇ ਆਪ ਅੱਗੇ ਹੋ ਕੇ ਇਹ ਸਾਰਾ ਕੁਝ ਖੁਸ਼ੀ ਖੁਸ਼ੀ ਕੀਤਾ। ਜੇ ਨਸ਼ਿਆਂ ਵਿੱਚ ਗਲਤਾਨ ਨੌਜਵਾਨ, ਨਸ਼ਿਆਂ ਨੂੰ ਤਿਆਗ ਕੇ ਪਿਛਲੇ ਮੋਰਚਿਆਂ ’ਤੇ ਨਾ ਡਟਦੇ ਤਾਂ ਕਿਸਾਨੀ ਅੰਦੋਲਨ ਸੜਕਾਂ ’ਤੇ ਹੀ ਕਦੋਂ ਦਾ ਦਮ ਤੋੜ ਚੁੱਕਿਆ ਹੁੰਦਾ। ਦਿੱਲੀ ਨੂੰ ਤਾਂ ਘੇਰਾ ਪਾਉਣਾ ਦੂਰ ਦੀ ਗੱਲ, ਹਰਿਆਣਾ ਦੀ ਪੁਲਿਸ ਨੇ ਸ਼ੰਭੂ ਤੋਂ ਅੱਗੇ ਨਹੀਂ ਸੀ ਟੱਪਣ ਦੇਣਾ। ਇਹ ਕਿਸਾਨਾਂ ਦੀ ਜਵਾਨੀ ਦਾ ਹੀ ਜੋਸ਼ ਸੀ ਕਿ ਜੇ ਬੀ ਸੀ ਨਾਲ ਚੁੱਕ ਕੇ ਰੱਖੇ ਭਾਰੇ ਭਾਰੇ ਪੱਥਰਾਂ ਨੂੰ ਹੱਥਾਂ ਨਾਲ ਰੋੜ੍ਹ ਕੇ ਰਸਤਾ ਸਾਫ ਕਰ ਦਿੱਤਾ। ਪੁਲਿਸ ਦੇਖਦੀ ਹੀ ਰਹਿ ਗਈ। ਪੁੱਟੀਆਂ ਸੜਕਾਂ ਦੇਖ, ਖਤਾਨਾਂ ਦੇ ਉੱਬੜ-ਖਾਬੜ ਰਾਹਾਂ ਵਿੱਚੋਂ ਟਰੈਕਟਰ-ਟਰਾਲੀਆਂ ਲੰਘਾ ਕੇ ਲੈ ਗਏ।

ਕਿਸਾਨਾਂ ਦਾ ਮੁੱਖ ਮਕਸਦ ਦਿੱਲੀ ਪਹੁੰਚਣਾ ਸੀ, ਉਹ ਉਹਨਾਂ ਪੂਰਾ ਕਰ ਲਿਆ। ਪਰ ਜੇ ਲੱਖਾਂ ਦੀ ਭੀੜ ਨੇ ਲੰਬੇ ਸਮੇਂ ਤਕ ਇੱਕ ਜਗ੍ਹਾ ਘੇਰਾ ਪਾ ਕੇ ਬੈਠੇ ਰਹਿਣਾ ਹੈ ਤਾਂ ਉਸ ਲਈ ਕਈ ਹੋਰ ਇੰਤਜਾਮ ਵੀ ਕਰਨੇ ਪੈਣੇ ਸੀ। ਲੰਗਰ ਲਈ ਰਾਸ਼ਨ ਤਾਂ ਕਿਸਾਨ ਨਾਲ ਹੀ ਲੈ ਗਏ ਸੀ, ਪਰ ਲੰਗਰ ਤਿਆਰ ਕਰਨ ਲਈ ਲੱਕੜਾਂ, ਗੈਸ, ਚੁੱਲ੍ਹੇ ਆਦਿ ਦਾ ਪ੍ਰਬੰਧ ਵੀ ਤਾਂ ਚਾਹੀਦਾ ਸੀ। ਉਸ ਲਈ ਹਰਿਆਣਾ ਦੇ ਕਿਸਾਨਾਂ ਨੇ ਦਿਲ ਖੋਲ੍ਹ ਕੇ ਸੇਵਾ ਨਿਭਾਈ। ਇਸ ਸੇਵਾ ਵਿੱਚ ਵੀ ਹਰਿਆਣਾ ਦੇ ਨੌਜਵਾਨਾਂ ਨੇ ਪੰਜਾਬੀ ਨੌਜਵਾਨਾਂ ਦਾ ਪੂਰਾ ਸਾਥ ਦਿੱਤਾ। ਘੇਰੇ ਵਾਲੀ ਜਗਾਹ ਦੀ ਸਫਾਈ ਕਰਨ ਵਿੱਚ ਵੀ ਨੌਜਵਾਨ ਵਰਗ ਨੇ ਕੋਈ ਕਸਰ ਨਾ ਛੱਡੀ। ਦਿੱਲੀ ਦੀ ਜਨਤਾ ਨੂੰ ਬਹੁਤੀ ਪ੍ਰੇਸ਼ਾਨੀ ਨਾ ਹੋਵੇ, ਇਸ ਗੱਲ ਦਾ ਵੀ ਧਿਆਨ ਰੱਖਿਆ। ਇਸ ਪੱਖੋਂ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਦੀ ਹਰ ਪਾਸਿਓਂ ਤਾਰੀਫ ਹੋਈ ਹੈ। ਦਿੱਲੀ ਦੀ ਆਮ ਜਨਤਾ ਦਾ ਵਿਚਾਰ ਹੈ ਕਿ ਕਿਸਾਨਾਂ ਨੇ ਵੀ ਮਜਬੂਰ ਹੋ ਕੇ ਹੀ ਇਹ ਸਖ਼ਤ ਕਦਮ ਚੁੱਕਿਆ ਹੈ, ਵਰਨਾ ਕੌਣ ਸਰਦੀਆਂ ਦੀਆਂ ਰਾਤਾਂ ਖੁੱਲ੍ਹੀਆਂ ਸੜਕਾਂ ’ਤੇ ਗੁਜ਼ਾਰਨਾ ਚਾਹਵੇਗਾ? ਦਿੱਲੀ ਦੀਆਂ ਨੌਜਵਾਨ ਲੜਕੀਆਂ ਨੇ ਵੀ ਪੰਜਾਬ, ਹਰਿਆਣੇ ਦੇ ਲੜਕਿਆਂ ਦੀ ਇਸ ਗੱਲੋਂ ਪ੍ਰਸ਼ੰਸਾ ਕੀਤੀ ਹੈ ਕਿ ਉਹ ਕੋਲੋਂ ਲੰਘ ਰਹੀਆਂ ਕੁੜੀਆਂ ਵੱਲ ਝਾਕਦੇ ਵੀ ਨਹੀਂ। ਸ਼ਾਇਦ ਇਸੇ ਕਾਰਨ ਹੀ ਦਿੱਲੀ ਦੇ ਲੋਕ ਮੋਰਚਾ ਲਾਈ ਬੈਠੇ ਕਿਸਾਨਾਂ ਦੇ ਹੱਕ ਵਿੱਚ ਅਵਾਜ਼ ਉਠਾ ਰਹੇ ਹਨ।

ਇਹੋ ਨਹੀਂ, ਸਮਾਜ ਸੇਵੀ ਸੰਸਥਾਵਾਂ ਦੀ ਸਹਾਇਤਾ ਦੇ ਨਾਲ ਨਾਲ, ਨੌਜਵਾਨ ਹਰ ਤਰ੍ਹਾਂ ਦੀ ਸੇਵਾ ਕਰਨ ਲਈ ਅੱਗੇ ਆਏ। ਧਰਨੇ ਵਾਲੀ ਥਾਂ ਦੇ ਨੇੜੇ ਹੀ ਵਾਸ਼ਿੰਗ ਮਸ਼ੀਨਾਂ ਲਾ ਕੇ ਪ੍ਰਦਰਸ਼ਨਕਾਰੀਆਂ ਦੇ ਕੱਪੜੇ ਧੋਣੇ ਸ਼ੁਰੂ ਕਰ ਦਿੱਤੇ। ਸਮੱਸਿਆ ਆਈ ਕਿ ਲੱਖਾਂ ਦੀ ਤਾਦਾਦ ਵਿੱਚ ਲੋਕਾਂ ਦੇ ਮੋਬਾਇਲ ਕਿਵੇਂ ਚਾਰਜ ਕੀਤੇ ਜਾਣ। ਆਸ-ਪਾਸ ਦੀਆਂ ਦੁਕਾਨਾਂ ਵਾਲਿਆਂ ਨੇ ਭਾਵੇਂ ਇਹ ਜ਼ਿੰਮੇਦਾਰੀ ਨਿਭਾਈ, ਪਰ ਇਹ ਕਾਫੀ ਨਹੀਂ ਸੀ। ਇੱਥੇ ਫੇਰ ਨੌਜਵਾਨਾਂ ਦੇ ਦਿਮਾਗ ਨੇ ਕੰਮ ਕੀਤਾ। ਕੁਝ ਹਰਿਆਣਵੀ ਨੌਜਵਾਨ ਆਪਣੇ ਘਰਾਂ ’ਤੇ ਲਾਏ ਸੂਰਜ ਦੀ ਰੌਸ਼ਨੀ ਨਾਲ ਚੱਲਣ ਵਾਲੇ ਪੈਨਲ ਲਾਹ ਲਿਆਏ। ਉਹਨਾਂ ਨੂੰ ਟ੍ਰਾਲੀ ਵਿੱਚ ਰੱਖ ਕੇ ਮੋਬਾਇਲ ਚਾਰਜ ਦਾ ਕੰਮ ਵੱਡੇ ਪੱਧਰ ਤੇ ਸ਼ੁਰੂ ਹੋ ਗਿਆ। ਰਾਤ ਲਈ ਉਹ ਵੱਡੇ ਬੈਟਰੇ ਚਾਰਜ ਕਰ ਰੱਖਦੇ ਹਨ। ਨੌਜਵਾਨ ਸਿਰਫ ਪ੍ਰਦਰਸ਼ਨਕਾਰੀਆਂ ਲਈ ਹੀ ਲੰਗਰ ਤਿਆਰ ਨਹੀਂ ਕਰਦੇ ਸਗੋਂ ਉਸ ਜਗ੍ਹਾ ਤੋਂ ਲੰਘਣ ਵਾਲੇ ਰਾਹੀਆਂ ਨੂੰ ਵੀ ਲੰਗਰ ਛਕਾਉਂਦੇ ਹਨ। ਜਿਹੜੇ ਪੁਲਿਸ ਵਾਲਿਆਂ ਨੇ ਉਹਨਾਂ ਉੱਤੇ ਜਲ ਤੋਪਾਂ ਚਲਾਈਆਂ, ਉਹਨਾਂ ਨੂੰ ਹੀ ਆਪਣੇ ਕੋਲ ਰੱਖਿਆ ਪਾਣੀ ਵੀ ਪਿਲਾਇਆ ਅਤੇ ਲੰਗਰ ਵੀ ਛਕਾਇਆ। ਇਹ ਹੈ ਨੌਜਵਾਨਾਂ ਦੀ ਸੂਝਮਈ ਸੋਚ। ਇਹੋ ਨਹੀਂ, ਹਰਿਆਣੇ ਦੀਆਂ ਬੇਸ਼ੁਮਾਰ ਔਰਤਾਂ ਅਤੇ ਮੁਟਿਆਰਾਂ ਲੰਗਰ ਦੀ ਸੇਵਾ ਨਿਭਾ ਰਹੀਆਂ ਹਨ। ਟੀਵੀ ਦੇ ਕਿਸੇ ਚੈਨਲ ਤੇ ਇੱਕ ਹਰਿਆਣਵੀ ਮੁਟਿਆਰ ਦੇ ਵਿਚਾਰ ਪੇਸ਼ ਕੀਤੇ ਜਾ ਰਹੇ ਸੀ। ਅੱਖਾਂ ਭਰੀ ਉਹ ਮੁਟਿਆਰ ਕਹਿ ਰਹੀ ਸੀ ਕਿ ਉਹਨਾਂ ਨੂੰ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਉਹਨਾਂ ਦੇ ਪਿਉ-ਦਾਦੇ ਦੀ ਉਮਰ ਦੇ ਬਜ਼ੁਰਗ ਲੰਗਰ ਤਿਆਰ ਕਰ ਰਹੇ ਹਨ ਅਤੇ ਇੰਨੀ ਠੰਢ ਵਿੱਚ ਖੁੱਲ੍ਹੇ ਅਸਮਾਨ ਹੇਠਾਂ ਹੀ ਸੜਕਾਂ ’ਤੇ ਰਾਤਾਂ ਕੱਟ ਰਹੇ ਹਨ, ਪਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਹੀ ਨਹੀਂ।

ਜਿਹੜੇ ਨੌਜਵਾਨ ਪਿੰਡਾਂ ਵਿੱਚ ਰਹਿ ਗਏ ਹਨ ਉਹਨਾਂ ਨੇ ਦਿੱਲੀ ਗਏ ਸਾਰੇ ਕਿਸਾਨਾਂ ਨੂੰ ਯਕੀਨ ਦਿਵਾਇਆ ਹੈ ਕਿ ਉਹ ਆਪਣੇ ਖੇਤਾਂ, ਘਰੇਲੂ ਕੰਮ ਜਾਂ ਡੰਗਰਾਂ ਦੀ ਸੰਭਾਲ ਦੀ ਫਿਕਰ ਨਾ ਕਰਨ, ਉਹ ਆਪੇ ਸਾਂਭ ਲੈਣਗੇ। ਇਹੋ ਨਹੀਂ ਹਰਿਆਣਾ ਦੀਆਂ ਬੇਸ਼ੁਮਾਰ ਮੁਟਿਆਰਾਂ ਲੰਗਰ ਦੀ ਸੇਵਾ ਕਰ ਰਹੀਆਂ ਹਨ। ਇਹ ਹੈ ਨੌਜਵਾਨ ਸ਼ਕਤੀ ਦਾ ਕਮਾਲ।

ਇਹ ਸਤਰਾਂ ਲਿਖ ਕੇ ਅਸੀਂ ਕਿਸਾਨਾਂ ਦੀਆਂ ਤਾਰੀਫ਼ਾਂ ਦੇ ਕੋਈ ਬਹੁਤੇ ਪੁਲ ਨਹੀਂ ਬੰਨ੍ਹਣੇ ਜਾਂ ਕੇਂਦਰੀ ਸਰਕਾਰ ਨੂੰ ਉਹਨਾਂ ਦੁਆਰਾ ਜਨਤਾ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆਂ ਕਰਕੇ ਭੰਡਣਾ ਨਹੀਂ, ਸਗੋਂ ਨੌਜਵਾਨਾਂ ਦੇ ਮੌਕੇ ਮੁਤਾਬਿਕ ਅੱਗੇ ਆ ਕੇ ਆਪਣੇ ਬਜ਼ੁਰਗਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦੀ ਚਰਚਾ ਕਰਨੀ ਹੈ। ਇਸ ਪੱਖ ’ਤੇ ਵਿਚਾਰ ਕਰਨੀ ਹੈ ਕਿ ਦੇਸ਼ ਦੀ ਜਵਾਨੀ ਨਸ਼ਿਆਂ ਦੇ ਲੜ ਕਿਉਂ ਲੱਗੀ? ਦੁੱਧ-ਮੱਖਣ ਦੇ ਸ਼ੌਕੀਨ, ਚਿੱਟੇ ਦੇ ਮਗਰ ਕਿਵੇਂ ਲੱਗ ਗਏ? ਭਾਰੀ-ਭਾਰੀ ਮੁਦਗਰ ਚੁੱਕ ਕੇ, ਡੰਡ ਬੈਠਕਾਂ ਲਾ-ਲਾ ਜੁੱਸੇ ਬਣਾਉਣ ਵਾਲੇ ਨੌਜਵਾਨ, ਹੌਲੀ-ਹੌਲੀ ਕਿਵੇਂ ਵੰਨ ਸੁਵੰਨੇ ਨਸ਼ਿਆਂ ਦੇ ਆਦੀ ਹੋ ਕੇ ਹੱਡੀਆਂ ਦੀ ਮੁੱਠ ਬਣ ਗਏ? ਸੁੱਖਾਂ ਸੁਖ ਕੇ ਲਏ ਭੁਜੰਗੀਆਂ ਦੇ ਸਿਰ ’ਤੇ ਸਿਹਰੇ ਸਜਦੇ ਦੇਖਣ ਦੀ ਰੀਝ ਦਿਲ ਵਿੱਚ ਪਾਲੀ ਬੈਠੇ ਮਾਂ-ਪਿਓ ਨੂੰ ਕਿਵੇਂ ਨਸ਼ਿਆਂ ਦੀ ਭੇਟ ਚੜ੍ਹੇ ਪੁੱਤਰਾਂ ਦੀਆਂ ਅਰਥੀਆਂ ਦੇਖਣ ਦੇ ਕਲਹਿਣੇ ਦਿਨ ਦੇਖਣੇ ਪਏ? ਇਹਨਾਂ ਵਰਤਾਰਿਆਂ ਪਿੱਛੇ ਕਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਹਨ, ਇਹਨਾਂ ਦਾ ਵਿਸ਼ਲੇਸ਼ਣ ਕਰਨ ਦੀ ਵੀ ਜ਼ਰੂਰਤ ਹੈ।

ਸਭ ਤੋਂ ਪਹਿਲੀ ਗੱਲ ਹੈ ਕਿ ਨੌਜਵਾਨ ਨਸ਼ਿਆਂ ਵੱਲ ਪ੍ਰੇਰਿਤ ਕਿਵੇਂ ਹੋਏ? ਸੰਯੁਕਤ ਪਰਿਵਾਰ ਟੁੱਟਣ ਲੱਗੇ, ਜਿਸ ਕਾਰਨ ਜ਼ਮੀਨਾਂ ਵੰਡੀਆਂ ਗਈਆਂ। ਖੇਤੀ ਨਾਲ ਘਰ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ। ਨੌਕਰੀਆਂ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਕੇਂਦਰੀ ਅਤੇ ਰਾਜ ਸਰਕਾਰਾਂ ਦੀ ਹੈ। ਪਰ ਇਸ ਪੱਖੋਂ ਸਾਡੀਆਂ ਸਰਕਾਰਾਂ ਨੇ ਨਿਰਾਸ਼ ਹੀ ਕੀਤਾ। ਪੜ੍ਹੇ ਲਿਖੇ ਨੌਜਵਾਨ ਵਿਹਲੇ ਫਿਰਨ ਲੱਗੇ। ‘ਆਪਣਾ ਕੋਈ ਕੰਮ-ਧੰਦਾ ਕਰ ਲਓ’, ਇਹ ਕਹਿਣਾ ਅਸਾਨ ਹੈ ਪਰ ਕਰਨਾ ਮੁਸ਼ਕਿਲ। ਵਿਹਲਾ ਮਨ, ਸ਼ੈਤਾਨ ਦਾ ਘਰ। ਕੁਝ ਮਾੜੇ ਅਨਸਰਾਂ ਨੇ ਨਿੱਜੀ ਮੁਫ਼ਾਦ ਖ਼ਾਤਰ ਨਸ਼ਿਆਂ ਦੇ ਕਾਰੋਬਾਰ ਨੂੰ ਵਧਾਇਆ। ਸਰਕਾਰ ਇਸ ਪੱਖੋਂ ਅਵੇਸਲੀ ਹੀ ਰਹੀ। ਵਿਹਲੇ ਨੌਜਵਾਨ ਸਹਿਜੇ ਹੀ ਨਸ਼ਿਆਂ ਵੱਲ ਪ੍ਰੇਰਿਤ ਹੋ ਗਏ। ਸੰਬੰਧਤ ਸਰਕਾਰੀ ਅਦਾਰਿਆਂ ਦੇ ਉੱਪਰਲੇ ਪੱਧਰ ਤੋਂ ਲੈ ਕੇ ਹੇਠਲੇ ਪੱਧਰ ਦੇ ਕਰਮਚਾਰੀਆਂ ਨੇ ਖੂਬ ਹੱਥ ਰੰਗੇ।

ਕਿਸਾਨ ਅੰਦੋਲਨ ਨੇ ਪਰਿਵਾਰਾਂ ਵਿੱਚ ਪਈਆਂ ਲਕੀਰਾਂ ਨੂੰ ਕਾਫ਼ੀ ਹੱਦ ਤਕ ਮਿਟਾ ਦਿੱਤਾ ਹੈ। ਮਰਦ ਕਿਉਂਕਿ ਦਿੱਲੀ ਜਾਂ ਸਥਾਨਕ ਧਰਨਿਆਂ ’ਤੇ ਬੈਠੇ ਹਨ, ਇਸ ਲਈ ਘਰੇਲੂ ਕੰਮਾਂ ਲਈ ਇੱਕ ਦੂਜੇ ਦੀ ਲੋੜ ਪੈਂਦੀ ਹੈ। ਟੁੱਟ ਚੁੱਕੇ ਰਿਸ਼ਤੇ ਫਿਰ ਜੁੜ ਰਹੇ ਹਨ। ਸੱਸ-ਨੂੰਹ, ਦਰਾਣੀ-ਜਿਠਾਣੀ ਦੇ ਮੂੰਹ ਜਿਹੜੇ ਵਿੰਗੇ ਹੀ ਰਹਿੰਦੇ ਸਨ, ਠੀਕ ਹੋ ਰਹੇ ਹਨ। ਸੀਰੀ ਵੀ ਘਰ ਦੇ ਹੀ ਜੀਅ ਬਣ ਗਏ ਹਨ। ਧਰਨਿਆਂ ’ਤੇ ਬੈਠਿਆਂ ਨੂੰ ਇੱਕ ਦੂਜੇ ਦੀ ਲੋੜ ਰਹਿੰਦੀ ਹੀ ਹੈ, ਇਸ ਲਈ ਊਚ-ਨੀਚ ਵਾਲਾ ਭੇਦ ਭਾਵ ਵੀ ਖਤਮ ਹੋ ਰਿਹਾ ਹੈ। ਇਸ ਅੰਦੋਲਨ ਨੂੰ ਕਿਸੇ ਖ਼ਾਸ ਵਰਗ ਦੀ ਹੀ ਹਮਾਇਤ ਪ੍ਰਾਪਤ ਨਹੀਂ ਬਲਕਿ ਹਰ ਪਾਸਿਓਂ ਹੀ ਭਰਪੂਰ ਸਮਰਥਨ ਮਿਲ ਰਿਹਾ ਹੈ। ਜੇ ਦੇਖਿਆ ਜਾਵੇ ਤਾਂ ਸਿਰਫ ਬੀਜੇਪੀ ਦੇ ਕੱਟੜ ਸਮਰਥਕ ਹੀ ਵਿਰੋਧ ਕਰ ਰਹੇ ਹਨ। ਕਮਾਲ ਦੀ ਗੱਲ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਭਾਰਤੀ ਵੀ ਕੇਵਲ ਸ਼ਬਦੀ ਸਮਰਥਨ ਨਹੀਂ ਦੇ ਰਹੇ ਸਗੋਂ ਮਾਇਕ ਇਮਦਾਦ ਵੀ ਭੇਜ ਰਹੇ ਹਨ। ਇੱਕ ਸੱਜਣ ਨੇ ਤਾਂ ਵੀਹ ਕਵਿੰਟਲ ਬਦਾਮ ਭੇਜੇ ਹਨ। ਹਰਿਆਣਾ ਦੇ ਪਿੰਡਾਂ ਵਿੱਚੋਂ ਰੋਜ਼ਾਨਾ ਵਰਤੋਂ ਲਈ ਦੁੱਧ, ਸਬਜ਼ੀਆਂ ਤਾਂ ਆ ਹੀ ਰਹੀਆਂ ਹਨ, ਇਸ ਤੋਂ ਇਲਾਵਾ ਦੇਸੀ ਘਿਉ ਦੀਆਂ ਪਿੰਨੀਆਂ ਵੀ ਆ ਰਹੀਆਂ ਹਨ। ਬਜ਼ੁਰਗ ਔਰਤਾਂ ਨੂੰ ਪਤਾ ਹੈ ਕਿ ਠੰਢ ਵਿੱਚ ਅਲਸੀ ਦੀਆਂ ਪਿੰਨੀਆਂ ਫ਼ਾਇਦੇਮੰਦ ਹੁੰਦੀਆਂ ਹਨ, ਇਸ ਲਈ ਪਿੰਡਾਂ ਵਿੱਚੋਂ ਧੜਾ-ਧੜ ਇਹ ਪਿੰਨੀਆਂ ਬਣਾ ਕੇ ਭੇਜੀਆਂ ਜਾ ਰਹੀਆਂ ਹਨ।

ਘਰ ਦੇ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸਾਂ ਕਿ ਸਾਂਝੇ ਕੰਮ ਲਈ ਸਾਰਾ ਪਿੰਡ ਹੀ ਹੱਥ ਵਟਾਉਂਦਾ ਸੀ, ਅੱਜ ਦੇਖਣ ਨੂੰ ਵੀ ਮਿਲ ਰਿਹਾ ਹੈ। ਗੈਸ ਸਲੰਡਰਾਂ ਦੀ ਕੋਈ ਕਮੀ ਨਹੀਂ। ਵਿਸ਼ਵ ਪ੍ਰਸਿੱਧ ਖਾਲਸਾ ਏਡ ਦੇ ਰਵੀ ਸਿੰਘ ਨੇ ਖੁੱਲ੍ਹੇ ਦਿਲ ਨਾਲ ਸਹਾਇਤਾ ਭੇਜੀ ਹੈ। ਸਰਬੱਤ ਦਾ ਭਲਾ ਵਾਲੇ ਐੱਸ ਪੀ ਉਬਰਾਏ ਨੇ ਵੀਹ ਟਨ ਸੁੱਕੇ ਰਾਸ਼ਨ ਦੇ ਨਾਲ ਤਿੰਨ ਹਜ਼ਾਰ ਕੰਬਲ, ਤਿੰਨ ਹਜ਼ਾਰ ਚੱਪਲਾਂ ਅਤੇ ਹੋਰ ਬਹੁਤ ਸਮਾਨ ਭੇਜਿਆ ਹੈ। ਮਸਜਿਦਾਂ ਵਿੱਚੋਂ ਲੰਗਰ ਬਣ ਕੇ ਆ ਰਿਹਾ ਹੈ, ਮਲਰਕੋਟਲਾ ਤੋਂ ਖਾਸ ਤੌਰ ’ਤੇ ਚੌਲ ਬਣਾ ਕੇ ਭੇਜੇ ਜਾ ਰਹੇ ਹਨ।

ਇਸ ਅੰਦੋਲਨ ਦੇ ਆਗੂਆਂ ਨੇ ਨੌਜਵਾਨ ਵਰਗ ਨੂੰ ਸ਼ਾਇਦ ਇਸ ਗੱਲੋਂ ਪਹਿਲਾਂ ਹੀ ਸੁਚੇਤ ਕੀਤਾ ਲਗਦਾ ਹੈ ਕਿ ਉਹਨਾਂ ਨੇ ਗੁੱਸੇ ਵਿੱਚ ਆ ਕੇ ਕਿਸੇ ਨੂੰ ਗਲਤ ਗੱਲ ਨਹੀਂ ਕਹਿਣੀ ਅਤੇ ਨਾ ਹੀ ਧੱਕਾ-ਮੁੱਕੀ ਕਰਨੀ ਹੈ। ਇਹੋ ਕਾਰਨ ਹੈ ਕਿ ਉਹਨਾਂ ਨੇ ਜਲ-ਤੋਪਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਦਾ ਵੀ ਸ਼ਾਂਤ ਰਹਿ ਕੇ ਹੀ ਸਾਹਮਣਾ ਕੀਤਾ। ਇੱਕ ਬਹਾਦਰ ਨੌਜਵਾਨ ਨੇ ਤਾਂ ਜਲ ਤੋਪ ਦਾ ਵੈਲਵ ਹੀ ਬੰਦ ਕਰ ਕੇ ਅੰਦੋਲਨ ਕਾਰੀਆਂ ਨੂੰ ਪਾਣੀ ਦੀਆਂ ਤੇਜ਼ ਬੁਛਾੜ ਤੋਂ ਬਚਾਇਆ। ਇਸ ਅੰਦੋਲਨ ਦੀ ਸਭ ਤੋਂ ਖਾਸ ਗੱਲ ਇਹ ਰਹੀ ਹੈ ਕਿ ਅੰਦੋਲਨਕਾਰੀਆਂ ਵੱਲੋਂ ਪੂਰੀ ਤਰ੍ਹਾਂ ਸ਼ਾਂਤ ਰਹਿ ਕੇ ਹਰ ਰੁਕਾਵਟ ਦਾ ਸਾਹਮਣਾ ਕੀਤਾ ਹੈ। ਕਿਤੇ ਵੀ ਉਤੇਜਨਾ ਵਿੱਚ ਆ ਕੇ ਕੋਈ ਗਲਤ ਨਾਹਰਾ ਨਹੀਂ ਲਾਇਆ ਜਿਸ ਨਾਲ ਪੁਲਿਸ ਨੂੰ ਹਰਕਤ ਵਿੱਚ ਆਉਣ ਦਾ ਮੌਕਾ ਮਿਲੇ। ਸਿਰਫ ਇੱਕ ਵਾਰ ‘ਖਾਲਿਸਤਾਨ’ ਦਾ ਨਾਹਰਾ ਲੱਗਿਆ, ਪਰ ਬਾਅਦ ਵਿੱਚ ਪਤਾ ਲੱਗ ਗਿਆ ਕਿ ਉਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਸੀ। ਨੌਜਵਾਨਾਂ ਨੇ ਤਾਂ ਇਹ ਮੋਰਚਾ ਸਾਂਭਿਆ ਹੋਇਆ ਹੈ ਕਿ ਕੋਈ ਸ਼ਰਾਰਤ ਕਰਕੇ ਉਹਨਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਵਾਲਾ ਨਾ ਆ ਜਾਵੇ।

ਨੌਜਵਾਨਾਂ ਦੇ ਇਸ ਵਰਤਾਓ ਤੋਂ ਇਹ ਪਤਾ ਲੱਗਦਾ ਹੈ ਕਿ ਉਹਨਾਂ ਦਾ ਖੂਨ ਭਾਵੇਂ ਗਰਮ ਹੁੰਦਾ ਹੈ, ਪਰ ਜੇ ਉਹਨਾਂ ਉੱਤੇ ਵਿਸ਼ਵਾਸ ਕਰਕੇ ਉਹਨਾਂ ਨੂੰ ਕੋਈ ਜ਼ਿੰਮੇਦਾਰੀ ਸੌਂਪੀ ਜਾਵੇ ਤਾਂ ਉਹ ਖੁਸ਼ੀ ਖੁਸ਼ੀ ਉਸ ਨੂੰ ਨੇਪਰੇ ਚਾੜ੍ਹਨ ਲਈ ਆਪਣਾ ਟਿਲ ਲਾ ਦਿੰਦੇ ਹਨ। ਇਹ ਤਾਂ ਸਾਡੀਆਂ ਨਿਕੰਮੀਆਂ ਸਰਕਾਰਾਂ ਦੀ ਗਲਤ ਨੀਤੀਆਂ ਕਾਰਨ ਅਤੇ ਕੁਝ ਸਰਕਾਰੀ ਏਜੰਸੀਆਂ ਦੀ ਮਾੜੀ ਕਾਰਗੁਜ਼ਰੀ ਕਾਰਨ ਨੌਜਵਾਨ ਵਰਗ ਨਸ਼ਿਆਂ ਵੱਲ ਧੱਕਿਆ ਗਿਆ।

ਜੇ ਭਾਈਚਾਰਕ ਸਾਂਝ ਦੀ ਗੱਲ ਕੀਤੀ ਜਾਵੇ ਤਾਂ ਕਿਸਾਨੀ ਸੰਘਰਸ਼ ਦੌਰਾਨ ਹਰਿਆਣਾ ਰਾਜ ਦੇ ਕਿਸਾਨਾਂ, ਨੌਜਵਾਨ ਲੜਕੇ, ਲੜਕੀਆਂ, ਬਜ਼ੁਰਗ ਮਰਦਾਂ, ਔਰਤਾਂ ਸਭ ਦਾ ਹੀ ਭਰਪੂਰ ਸਮਰਥਨ ਮਿਲਿਆ। ਪੰਜਾਬ ਦੇ ਕਿਸਾਨ ਵੱਲੋਂ ਸ਼ੁਰੂ ਕੀਤਾ ਇਸ ਅੰਦੋਲਨ ਨੂੰ ਸਾਰੇ ਦੇਸ਼ ਦੇ ਕਿਸਾਨਾਂ ਅਤੇ ਆਮ ਲੋਕਾਂ ਦਾ ਸਾਥ ਮਿਲਿਆ। ਪੰਜਾਬ ਦੇ ਨੌਜਵਾਨਾਂ ਤੇ ਲੱਗਿਆ ‘ਨਸ਼ੇੜੀ’ ਵਾਲਾ ਠੱਪਾ ਬਹੁਤ ਹੱਦ ਤਕ ਫ਼ਿਕਾ ਪੈ ਗਿਆ ਹੈ। ਹੰਭਲਾ ਮਾਰੀਏ, ਇਸ ਨੂੰ ਪੂਰੀ ਤਰ੍ਹਾਂ ਮਿਟਾਉਣਾ ਬਹੁਤ ਜ਼ਰੂਰੀ ਹੈ। ਇਸ ਅੰਦੋਲਨ ਨੇ ਜੋ ਵੱਖ ਵੱਖ ਵਰਗਾਂ ਦੀ ਆਪਸੀ ਸਾਂਝ ਨੂੰ ਹਲੂਣਾ ਦੇ ਕੇ ਸਭ ਨੂੰ ਨੇੜੇ ਲਿਆਂਦਾ ਹੈ, ਇਹ ਨੇੜਤਾ ਇਸੇ ਤਰ੍ਹਾਂ ਹੀ ਕਾਇਮ ਰਹਿਣੀ ਚਾਹੀਦੀ ਹੈ ਤਾਂ ਜੋ ਪੰਜਾਬ ‘ਉੜਤਾ ਪੰਜਾਬ’ ‘ਨਾਲੋਂ ‘ ਜੁੜਤਾ ਪੰਜਾਬ’ ਨਜ਼ਰ ਆਵੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2504)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Richmond, British Columbia, Canada)
Phone: (604-369-2371)
Email: (
ravindersodhi51@gmail.com)

More articles from this author