“ਪਾਕਿਸਤਾਨ ਦੀ ਪੰਜਾਬੀ ਕਹਾਣੀ ਪ੍ਰੌੜ੍ਹ ਅਵਸਥਾ ’ਤੇ ਪਹੁੰਚ ਚੁੱਕੀ ਹੈ ਅਤੇ ਕਹਾਣੀਕਾਰਾਂ ਦੀ ਸ਼ੈਲੀ ...”
(6 ਅਪਰੈਲ 2021)
(ਸ਼ਬਦ: 1680)
ਪਾਕਿਸਤਾਨ ਵਿੱਚ ਵੀ ਪੰਜਾਬੀ ਭਾਸ਼ਾ ਦਾ ਵਧੀਆ ਸਾਹਿਤ ਰਚਿਆ ਜਾ ਰਿਹਾ ਹੈ। ਕਵਿਤਾ, ਕਹਾਣੀ, ਨਾਵਲ, ਨਾਟਕ ਆਦਿ ਸਭ ਲਿਖਿਆ ਜਾ ਰਿਹਾ ਹੈ। ਸਾਡੇ ਪੰਜਾਬ ਦੀ ਪੰਜਾਬੀ ਨਾਲੋਂ ਪੱਛਮੀ ਪੰਜਾਬ ਦੀ ਪੰਜਾਬੀ ਜ਼ਿਆਦਾ ਠੇਠ ਹੈ। ਉਹਨਾਂ ਦੇ ਮੂੰਹੋਂ ਪੰਜਾਬੀ ਸੁਣ ਕੇ ਵੀ ਮਜ਼ਾ ਆਉਂਦਾ ਹੈ ਅਤੇ ਉਹਨਾਂ ਦੀ ਪੰਜਾਬੀ ਪੜ੍ਹ ਕੇ ਵੀ। ਜੇ ਸਾਡੀ ਪੰਜਾਬੀ ਵਿੱਚ ਹਿੰਦੀ ਅਤੇ ਅੰਗਰੇਜ਼ੀ ਦੇ ਸ਼ਬਦ ਰੜਕਦੇ ਹਨ ਤਾਂ ਉਹਨਾਂ ਦੀ ਪੰਜਾਬੀ ਵਿੱਚ ਉਰਦੂ ਕੁਝ ਭਾਰੀ ਹੁੰਦਾ ਹੈ। ਪਰ ਅਜੋਕੇ ਸਮੇਂ ਵਿੱਚ ਭਾਸ਼ਾਵਾਂ ਵਿੱਚ ਅਜਿਹੇ ਰਲਾ ਤੋਂ ਬਚਣਾ ਮੁਸ਼ਕਿਲ ਹੀ ਹੈ।
ਮੇਰੇ ਸਾਹਮਣੇ ਡਾ. ਹਰਬੰਸ ਸਿੰਘ ਧੀਮਾਨ ਦੀ ਲਿਪੀਅੰਤਰ ਅਤੇ ਸੰਪਾਦਕ ਕੀਤੀ ਲਹਿੰਦੇ ਪੰਜਾਬ ਦੇ ਕਹਾਣੀਕਾਰਾਂ ਦੀ ਕਿਤਾਬ ਪਈ ਹੈ ਜੋ ਮੈਂਨੂੰ ਨਿਊ ਵੈਸਟਮਿੰਸਟਰ (ਵੈਨਕੂਵਰ) ਦੀ ਪਬਲਿਕ ਲਾਇਬ੍ਰੇਰੀ ਵਿੱਚੋਂ ਮਿਲੀ। ਮੈਂ ਬੱਚਿਆਂ ਨਾਲ ਲਾਇਬ੍ਰੇਰੀ ਗਿਆ। ਉਹ ਆਪਣੀਆਂ ਕਿਤਾਬਾਂ ਲੱਭ ਰਹੇ ਸੀ। ਮੈਂ ਵੀ ਲਾਇਬ੍ਰੇਰੀ ਦਾ ਚੱਕਰ ਲਾਉਣ ਲੱਗਿਆ। ਲਾਇਬ੍ਰੇਰੀ ਬਹੁਤੀ ਵੱਡੀ ਤਾਂ ਨਹੀਂ ਸੀ ਪਰ ਫੇਰ ਵੀ ਪੜ੍ਹਨਯੋਗ ਬਹੁਤ ਕਿਤਾਬਾਂ ਸੀ। ਮੈਂਨੂੰ ਪਤਾ ਸੀ ਕਿ ਕੈਨੇਡਾ ਦੀ ਤਕਰੀਬਨ ਹਰ ਲਾਇਬ੍ਰੇਰੀ ਵਿੱਚ ਹੀ ਪੰਜਾਬੀ ਦੀਆਂ ਕਿਤਾਬਾਂ ਜ਼ਰੂਰ ਹੁੰਦੀਆਂ ਹਨ। ਮੈਂ ਪੰਜਾਬੀ ਕਿਤਾਬਾਂ ਦੀ ਅਲਮਾਰੀ ਕੋਲ ਪਹੁੰਚ ਗਿਆ। ਉੱਥੇ ਪਈਆਂ ਕੁਝ ਕਿਤਾਬਾਂ ਮੈਂ ਪੜ੍ਹੀਆਂ ਹੋਈਆਂ ਸਨ। ਕਿਤਾਬਾਂ ਦੇਖਦੇ ਦੇਖਦੇ ਮੇਰੀ ਨਜ਼ਰ ਲਹਿੰਦੇ ਪੰਜਾਬ ਦੀਆਂ ਕਹਾਣੀਆਂ ਵਾਲੀ ਪੁਸਤਕ ’ਤੇ ਗਈ। ਮੈਂ ਕਿਤਾਬ ਦਾ ਤਤਕਰਾ ਪੜ੍ਹਨ ਲੱਗਿਆ। ਮੈਂਨੂੰ ਹੈਰਾਨੀ ਹੋਈ ਕਿ ਸੰਪਾਦਕ ਨੇ 224 ਪੰਨਿਆਂ ਦੀ ਪੁਸਤਕ ਵਿੱਚ ਛੇ ਕਹਾਣੀਕਾਰਾਂ ਦੀਆਂ ਛੇ-ਛੇ ਕਹਾਣੀਆਂ ਦਰਜ ਕੀਤੀਆਂ ਹਨ। ਸੋ ਇੱਕ ਕਿਤਾਬ ਪੜ੍ਹ ਕੇ ਹੀ ਛੱਤੀ ਕਹਾਣੀਆਂ ਦਾ ਆਨੰਦ ਮਾਣਿਆ ਜਾ ਸਕਦਾ ਸੀ। ਇਹਨਾਂ ਛੇ ਕਹਾਣੀਕਾਰਾਂ ਵਿੱਚੋਂ ਮੈਂ ਕਿਸੇ ਦੀ ਵੀ ਕੋਈ ਕਹਾਣੀ ਪਹਿਲਾਂ ਨਹੀਂ ਸੀ ਪੜ੍ਹੀ ਹੋਈ। ਸੋ ਮੈਂ ਵੀ ਇਹ ਕਿਤਾਬ ਆਪਣੇ ਪੜ੍ਹਨ ਲਈ ਲੈ ਆਇਆ। ਸੰਪਾਦਕ ਦੀ ਦਰਜ ਇਸ ਟਿੱਪਣੀ ਨੇ ਵੀ ਮੈਂਨੂੰ ਪ੍ਰਭਾਵਿਤ ਕੀਤਾ- “ਇਸ ਸੰਗ੍ਰਹਿ ਵਿੱਚ ਉਹ ਕਹਾਣੀਕਾਰ ਲਏ ਗਏ ਹਨ ਜਿਹੜੇ ਆਪਣੀਆਂ ਕਹਾਣੀਆਂ ਵਿੱਚ ਆਪਣੇ ਹੀ ਛੇ ਰੰਗ ਪੇਸ਼ ਕਰਦੇ ਹਨ। ਜਿਸ ਵਿੱਚੋਂ ਇੱਕ ਨਵੀਂ ਅਤੇ ਇੱਕ ਨਿੱਘਰ ਸੋਚ ਬਣਾਈ ਜਾ ਸਕੇ ਕਿਉਂ ਜੋ ਪੌਣੀ ਸਦੀ ਦੇ ਵਕਫ਼ੇ ਬਾਅਦ ਇੱਕ ਨਵੀਂ ਸੋਚ, ਆਲੋਚਨਾ ਦ੍ਰਿਸ਼ਟੀ ਅਤੇ ਸਭਿਆਚਾਰਕ ਸਾਂਝ ਪੈਦਾ ਕਰਕੇ ਇਸ ਖਿੱਤੇ ਵਿੱਚ ਵੰਡੇ ਦੋ ਧਰਾਤਲਾਂ ਦੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਸਮਝਣ ਅਤੇ ਨਵੇਂ ਪੈਂਡੇ ਉਸਾਰਨ ਵਿੱਚ ਮਦਦ ਮਿਲੇ।”
ਪ੍ਰਸਤੁਤ ਕਹਾਣੀ ਸੰਗ੍ਰਹਿ ਵਿੱਚ ਪਰਵੀਨ ਮਲਿਕ (ਲੰਮੀਆਂ ਵਾਟਾਂ, ਰੋਟੀ ਮੇਰੀ ਕਾਠ ਦੀ, ਜ਼ਾਤ ਬਰਾਦਰੀ, ਬਾਰਾਂ ਵਰ੍ਹਿਆਂ ਦਾ ਪੰਧ, ਇੱਥੇ ਕਿਵੇਂ ਗੁਜ਼ਾਰਨੇ ਜ਼ਿੰਦਗੀ ਨੂੰ, ਤਾਰੇ ਲਾਹਣੀ); ਜਮੀਲ ਅਹਿਮਦ ਪਾਲ (ਸ਼ਰੀਕੇ ਦੀ ਕਾਰ, ਆਪੋ ਆਪਣੇ ਖੂਹ, ਤਲਾਕ, ਬੱਜਲ, ਮਾਮੇ ਦੀ ਧੀ, ਰਾਇਲਟੀ); ਮਕਸੂਦ ਸਾਹਿਬ (ਸ਼ਹੀਦ, ਸੁੱਚਾ ਤਿੱਲਾ, ਲੂਹ, ਚੂ ਚੂ, ਸਵੈਟਰਾਂ ਵਾਲਾ, ਮੋਰਨੀ); ਫ਼ਰਹਾਦ ਖਾਲਿਦ ਧਾਰੀਵਾਲ (ਖ਼ਾਲੀ ਬੰਦਾ, ਮਾਸ, ਮਿੱਟੀ ਤੇ ਮਾਇਆ, ਘਰ, ਕਥਾ ਕਲਯੁੱਗ ਦੀ, ਵਟਾਂਦਰਾ); ਮਲਿਕ ਮਿਹਰ ਅਲੀ (ਹਿਜਰਤ, ਤਾਂਘ, ਕਬਰਸਤਾਨ ਦੀ ਭੀੜ, ਚਿੱਟਾ ਲਹੂ, ਪੁੱਠੀ ਤਾਰੀ, ਮਿੱਟੀ ਦੇ ਸੰਗਲ); ਕਰਾਮਾਤ ਅਲੀ ਮੁਗ਼ਲ (ਨਬੇੜਾ, ਤੂੰ, ਕਹਾਣੀ ਤੇ ਮੈਂ, ਭਾਰ, ਬੋਟੀ, ਮੁਅਜਜ਼ਾ, ਗੁੰਝਲਾਂ) ਦੀਆਂ ਕਹਾਣੀਆਂ ਸ਼ਾਮਲ ਹਨ।
ਇਸ ਸੰਗ੍ਰਹਿ ਦੀਆਂ ਕਹਾਣੀਆਂ ਵਿੱਚ ਕਈ ਰੰਗਾਂ ਦੀਆਂ ਕਹਾਣੀਆਂ ਹਨ। ਸਧਾਰਨ ਕਹਾਣੀਆਂ, ਵਧੀਆ, ਬਹੁਤ ਵਧੀਆ, ਪੜ੍ਹਨ ਤੋਂ ਬਾਅਦ ਯਾਦ ਰਹਿਣ ਵਾਲੀਆਂ, ਪ੍ਰਤੀਕਆਤਮਕ, ਮਨੋਵਿਗਿਆਨਕ, ਐਬਸਰਡ ਸ਼ੈਲੀ ਦੀਆਂ, ਚੇਤਨ ਪ੍ਰਵਾਹ ਵਿਧੀ ਦੀਆਂ। ਇਸ ਤੋਂ ਸਹਿਜੇ ਹੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਾਕਿਸਤਾਨ ਦੀ ਪੰਜਾਬੀ ਕਹਾਣੀ ਪ੍ਰੌੜ੍ਹ ਅਵਸਥਾ ’ਤੇ ਪਹੁੰਚ ਚੁੱਕੀ ਹੈ ਅਤੇ ਕਹਾਣੀਕਾਰਾਂ ਦੀ ਸ਼ੈਲੀ ਪ੍ਰਭਾਵਸ਼ਾਲੀ ਹੈ। ਸੰਪਾਦਕ ਨੇ ਵੀ ਕਹਾਣੀਆਂ ਦੀ ਚੋਣ ਵੇਲੇ ਕਹਾਣੀਕਲਾ ਦੇ ਮਾਪਦੰਡਾਂ ਨੂੰ ਸਾਹਮਣੇ ਰੱਖਿਆ ਹੈ। ਇਹਨਾਂ ਕਹਾਣੀਆਂ ਤੋਂ ਇੱਕ ਗੱਲ ਹੋਰ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਤਕਰੀਬਨ ਤਕਰੀਬਨ ਇੱਕੋ ਹਨ ਅਤੇ ਇਹਨਾਂ ਪ੍ਰਤੀ ਉਹਨਾਂ ਦਾ ਨਜ਼ਰੀਆ ਵੀ ਇੱਕੋ ਜਿਹਾ ਹੀ ਹੈ। ਮਸਲਨ ਊਚ-ਨੀਚ (ਜ਼ਾਤ-ਬਰਾਦਰੀ), ਮਰੀਜ਼ ਨੂੰ ਬਚਾਉਣ ਲਈ ਖੂਨ ਵੀ ਆਪਣੇ ਧਰਮ ਦੇ ਆਦਮੀ ਦਾ ਲੈਣ ਦੀ ਜ਼ਿੱਦ (ਗੁੰਝਲਾਂ), ਔਰਤ ਪ੍ਰਤੀ ਰਵੱਈਆ (ਰੋਟੀ ਮੇਰੀ ਕਾਠ ਦੀ, ਵਟਾਂਦਰਾ), ਛੋਟੀ ਕਿਰਸਾਨੀ ਦਾ ਕਰਜ਼ ਹੇਠ ਦੱਬੇ ਹੋਣਾ, ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕਸ਼ੀ ਦੇ ਰਾਹ ਪੈਣ ਦੀ ਸੋਚ/ਡਰ (ਕਥਾ ਇੱਕ ਕਲਯੁੱਗ ਦੀ), ਜ਼ਿਆਦਾ ਦਿਖਾਵਾ ਕਰਨ ਦਾ ਨੁਕਸਾਨ (ਸ਼ਰੀਕੇ ਦੀ ਕਾਰ), ਬੁਢਾਪੇ ਵਿੱਚ ਘਰ ਦੀ ਵਾਗ-ਡੋਰ ਨੂੰਹ ਦੇ ਹੱਥ ਆ ਜਾਣ ਕਰਕੇ ਮਾਪੇ ਆਪਣੀਆਂ ਧੀਆਂ ਨੂੰ ਵੀ ਆਪਣੀ ਮਰਜ਼ੀ ਨਾਲ ਕੁਝ ਦੇ ਨਹੀਂ ਸਕਦੇ (ਘਰ), ਬਿਲਡਰਾਂ ਵੱਲੋਂ ਮਕਾਨ ਬਣਾਉਣ ਵੇਲੇ ਘਟੀਆ ਸਮਾਨ ਦੀ ਵਰਤੋਂ ਕਰਨੀ ਪਰ ਧਾਰਮਿਕ ਸਥਾਨ ਦੀ ਉਸਾਰੀ ਲਈ ਦਿਲ ਖੋਲ੍ਹ ਕੇ ਪੈਸਾ ਲਾਉਣਾ, ਮੀਡੀਆ ਵੱਲੋਂ ਵੀ ਕੁਦਰਤੀ ਆਫਤ ਸਮੇਂ ਅਡੋਲ ਖੜ੍ਹੇ ਅਜਿਹੇ ਸਥਾਨ ਨੂੰ ਕਰਾਮਾਤ ਦੱਸਿਆ ਜਾਣਾ (ਮੁਅਜਜ਼ਾ)ਆਦਿ।
ਉਪਰੋਕਤ ਵਿਸ਼ੇ ਤਾਂ ਪੱਛਮੀ ਅਤੇ ਪੂਰਬੀ ਪੰਜਾਬ ਦੇ ਵੱਖ ਹੋਣ ਤੋਂ ਪਹਿਲਾਂ ਵੀ ਮੌਜੂਦ ਸਨ, ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਪਿਛਲੇ ਕੁਝ ਸਮੇਂ ਪਹਿਲਾਂ ਆਇਆ ਇੱਕ ਰੁਝਾਨ ਵੀ ਦੋਵੇਂ ਪਾਸੇ ਇੱਕੋ ਜਿਹਾ ਹੀ ਹੈ। ਉਹ ਹੈ ਪ੍ਰਕਾਸ਼ਕਾਂ ਵੱਲੋਂ ਲੇਖਕਾਂ ਦਾ ਸ਼ੋਸ਼ਣ। ਦੋਵੇਂ ਪੰਜਾਬਾਂ ਦੇ ਪ੍ਰਕਾਸ਼ਕ ਲੇਖਕਾਂ ਨੂੰ ਪੁਸਤਕਾਂ ਦਾ ਮਿਹਨਤਾਨਾ ਦੇਣ ਨਾਲੋਂ ਉਹਨਾਂ ਤੋਂ ਹੀ ਪੈਸੇ ਲੈ ਕੇ ਕਿਤਾਬਾਂ ਛਾਪਦੇ ਹਨ। ਜਮੀਲ ਅਹਿਮਦ ਨੇ ਆਪਣੀ ਕਹਾਣੀ ‘ਰਾਇਲਟੀ’ ਵਿੱਚ ਇਸ ਮੁੱਦੇ ਨੂੰ ਕਲਾਤਮਕ ਢੰਗ ਨਾਲ ਪੇਸ਼ ਕੀਤਾ ਹੈ।
ਕਈ ਕਹਾਣੀਆਂ ਵਿੱਚ ਅਛੋਹ ਵਿਸ਼ੇ ਪ੍ਰਗਟਾਏ ਗਏ ਹਨ ਅਤੇ ਕੁਝ ਕਹਾਣੀਆਂ ਦੇ ਅੰਤ ਵਿੱਚ ਅਜਿਹਾ ਮੋੜ ਆਉਂਦਾ ਹੈ ਕਿ ਪੜ੍ਹਨ ਵਾਲਾ ਹੈਰਾਨ ਰਹਿ ਜਾਂਦਾ ਹੈ। ਮਸਲਨ ਪਰਵੀਨ ਮਲਿਕ ਦੀ ਕਹਾਣੀ ‘ਬਾਰਾਂ ਵਰ੍ਹਿਆਂ ਦਾ ਪੰਧ’ ਵਿੱਚ ਇੱਕ ਅਜਿਹੀ ਮੁਟਿਆਰ ਦੀ ਕਹਾਣੀ ਦਰਸਾਈ ਗਈ ਹੈ ਜਿਸਦਾ ਰਿਸ਼ਤਾ ਉਸ ਨਾਲੋਂ ਬਾਰਾਂ ਸਾਲ ਛੋਟੇ ਲੜਕੇ ਨਾਲ ਤੈਅ ਹੋ ਜਾਂਦਾ ਹੈ। ਪਰ ਮੁੰਡਾ ਜਵਾਨ ਹੋ ਕੇ ਆਪਣੇ ਤੋਂ ਵੱਡੀ ਕੁੜੀ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੰਦਾ ਹੈ। ਮੁੰਡੇ, ਕੁੜੀ ਦੀਆਂ ਮਾਵਾਂ ਨੂੰ ਇਹ ਨਹੀਂ ਸਮਝ ਲਗਦੀ ਕਿ ਕੀਤਾ ਕੀ ਜਾਵੇ।
ਇਸ ਕਹਾਣੀ ਦਾ ਅੰਤ ਭਾਵੁਕ ਕਰ ਦੇਣ ਵਾਲਾ ਹੈ ਅਤੇ ਪਾਠਕਾਂ ਨੂੰ ਝੰਝੋੜਦਾ ਵੀ ਹੈ। “ਆਇਸ਼ਾ ਦੇ ਅੰਦਰ ਧੁਖਦੇ ਧੂੰਏਂ ਵਿੱਚੋਂ ਇਕਦਮ ਭਾਂਬੜ ਨਿਕਲੇ ਤੇ ਉਹ ਸੜਦੀ ਬਲਦੀ ਮਾਂ ਤੇ ਮਾਮੀ ਦੇ ਸਾਹਮਣੇ ਜਾ ਖਲੋਤੀ। ਉਹਨੇ ਕਹਿਰਵਾਨ ਅੱਖੀਆਂ ਨਾਲ ਉਹਨਾਂ ਵੱਲ ਵੇਖਿਆ ਤੇ ਬੋਲੀ, “ਇਹ ਤੇ ਮੁੱਕਰ ਗਿਆ ਏ। ਤੁਸੀਂ ਦੱਸੋ, ਮੇਰੇ ਬਾਰਾਂ ਵਰ੍ਹਿਆਂ ਦੇ ਪੰਧ ਦਾ ਹਿਸਾਬ ਕੌਣ ਦੇਵੇਗਾ?”
ਇਸ ਕਹਾਣੀ ਦੀ ਪਾਤਰ ਤਾਂ ਇੰਨੀ ਦਲੇਰ ਹੈ ਕਿ ਉਹ ਆਪਣੀ ਮਾਂ ਤੇ ਮਾਮੀ ਤੋਂ ਅਜਿਹਾ ਪ੍ਰਸ਼ਨ ਪੁੱਛ ਸਕਦੀ ਹੈ ਪਰ ਇਸਦੇ ਉਲਟ ਫ਼ਰਹਾਦ ਖਾਲਿਦ ਧਾਰੀਵਾਲ ਦੀ ਕਹਾਣੀ ਦੀ ਨਾਇਕਾ ਕਹਾਣੀ ਦੇ ਅੰਤ ਵਿੱਚ ਬਹੁਤ ਹੀ ਲਾਚਾਰ ਦਿਖਾਈ ਗਈ ਹੈ ਅਤੇ ਉਸ ਦੀ ਮਾਂ ਹੀ ਉਸ ਨੂੰ ਹਾਲਾਤ ਨਾਲ ਸਮਝੌਤਾ ਕਰਨ ਲਈ ਪ੍ਰੇਰਦੀ ਹੈ। ਕਹਾਣੀ ਦੀ ਨਾਇਕਾ ਅਧਰੰਗ ਦੀ ਸ਼ਿਕਾਰ ਹੋ ਕੇ ਮੰਜੇ ’ਤੇ ਪੈ ਜਾਂਦੀ ਹੈ। ਕੁਝ ਸਮਾਂ ਤਾਂ ਉਸ ਦੀ ਮਾਂ ਲੰਘਾ ਜਾਂਦੀ ਹੈ, ਫੇਰ ਇੱਕ ਨੌਕਰਾਣੀ ਰੱਖਣੀ ਪੈਂਦੀ ਹੈ। ਇਸ ਨਾਲ ਘਰ ਦਾ ਕੰਮ ਤਾਂ ਸੁਖਾਲਾ ਹੋ ਗਿਆ ਪਰ ਉਸਦਾ ਖਾਵੰਦ ਨੌਕਰਾਣੀ ਨਾਲ ਸੰਬੰਧ ਬਣਾ ਲੈਂਦਾ ਹੈ। ਨਾਇਕਾ ਜਦੋਂ ਪਤੀ ਨੂੰ ਪੁੱਛਦੀ ਹੈ ਤਾਂ ਗਾਲ੍ਹਾਂ ਸੁਣਦੀ ਹੈ। ਉਹ ਆਪਣੀ ਮਾਂ ਨੂੰ ਬੁਲਾਉਂਦੀ ਹੈ। ਮਾਂ ਆਪਣੀ ਧੀ ਨੂੰ ਸਮਝਾਉਂਦੀ ਹੈ, “ਭੁੱਖੇ ਬਘਿਆੜ ਨੂੰ ਛੇੜ ਕੇ ਘਰ ਉਜਾੜਨਾ ਈ ਆਪਣਾ? ... ਭਲਾ ਹੋਵੇ ਉਸਦਾ ਜਿੰਨੇ ਘਰ ਦੇ ਚੁੱਲ੍ਹੇ ਨਾਲ ਜੁੱਲਾ ਵੀ ਸੰਭਾਲਿਆ ਹੋਇਆ ਏ।” ਨਾਇਕਾ ਨੂੰ ਦਿਲ ਮਾਰ ਕੇ ਹਾਲਾਤ ਨਾਲ ਸਮਝੌਤਾ ਕਰਨਾ ਪੈਂਦਾ ਹੈ। ਪਾਠਕ ਨੂੰ ਇਹ ਸਮਝ ਨਹੀਂ ਪੈਂਦੀ ਕਿ ਉਹ ਅਧਰੰਗ ਦੀ ਮਾਰ ਝੱਲ ਰਹੀ ਔਰਤ ਨਾਲ ਹਮਦਰਦੀ ਜਤਾਵੇ ਜਾਂ ਉਸ ਦੇ ਪਤੀ ਨਾਲ ਜੋ ਪਤਨੀ ਦੀ ਬਿਮਾਰੀ ਕਾਰਨ ਮਾਨਸਿਕ ਦੁੱਖ ਭੋਗ ਰਿਹਾ ਹੈ ਅਤੇ ਕੁਦਰਤੀ ਸਰੀਰਕ ਭੁੱਖ ਤੋਂ ਵੀ ਪ੍ਰੇਸ਼ਾਨ ਹੈ ਅਤੇ ਜਾਂ ਉਸ ਨੌਕਰਾਣੀ ਨਾਲ ਜਿਸ ਨੂੰ ਮਾਲਕ ਦੀ ਹਵਸ ਦਾ ਸ਼ਿਕਾਰ ਹੋਣਾ ਪਿਆ?
ਫ਼ਰਹਾਦ ਖਾਲਿਦ ਦੀ ਹੀ ਇੱਕ ਹੋਰ ਕਹਾਣੀ ‘ਵਟਾਂਦਰਾ’ ਵਿੱਚ ਵੀ ਦੋ ਸੋਹਣੀਆਂ ਮੁਟਿਆਰਾਂ ਨੂੰ ਆਪਣੇ ਭਰਾਵਾਂ ਕਰਕੇ ਦਿਲ ਦੇ ਅਰਮਾਨਾਂ ਨੂੰ ਮਾਰਨਾ ਪੈਂਦਾ ਹੈ ਅਤੇ ਵੱਟੇ ਦੇ ਵਿਆਹ ਲਈ ਆਪਣੇ ਤੋਂ ਊਣੇ ਆਦਮੀਆਂ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋਣਾ ਪੈਂਦਾ ਹੈ। ਤੇਜੋ ਨੂੰ ਇੱਕ ਵਾਰ ਨਹੀਂ, ਦੋ ਵਾਰ ਇਹ ਅੱਕ ਚੱਬਣਾ ਪੈਂਦਾ ਹੈ। ਲੇਖਕ ਨੇ ਤੇਜੋ ਦੇ ਦੁਖਾਂਤ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਖਾਲਿਦ ਦੀਆਂ ਸਾਰੀਆਂ ਕਹਾਣੀਆਂ ਹੀ ਮਨੁੱਖੀ ਮਨ ਦੀਆਂ ਡੂੰਘੀਆਂ ਰਮਜ਼ਾਂ ਨੂੰ ਸਾਕਾਰ ਕਰਨ ਵਾਲੀਆਂ ਹਨ। ਅਜਿਹਾ ਸਾਹਿਤ ਸਦਾ ਹੀ ਆਪਣੀ ਮਹਿਕ ਖਿਲਾਰਦਾ ਰਹਿੰਦਾ ਹੈ।
ਭਾਰਤ-ਪਾਕਿ ਵੰਡ ਨੇ ਦੋਵੇਂ ਪਾਸੇ ਹੀ ਦੁੱਖਾਂ ਦੀ ਹਨੇਰੀ ਝੁਲਾਈ। ਲੋਕਾਂ ਨੂੰ ਭਰੇ-ਭਕੁੰਨੇ ਘਰ ਛੱਡ ਕੇ ਘਰੋਂ ਬੇਘਰ ਹੋਣਾ ਪਿਆ। ਪਰ ਉਹਨਾਂ ਦੇ ਦਿਲ ਵਿੱਚ ਆਪਣੇ ਪੁਰਾਣੇ ਘਰ ਦੀ ਯਾਦ ਰੜਕਦੀ ਰਹੀ। ਜੇ ਕਿਸੇ ਨੂੰ ਆਪਣੇ ਇਲਾਕੇ ਦਾ ਕੋਈ ਬੰਦਾ ਟੱਕਰ ਜਾਣਾ ਤਾਂ ਉਸ ਤੋਂ ਸਾਰੇ ਇਲਾਕੇ ਦਾ ਹਾਲ ਪੁੱਛਣਾ। ਜੇ ਕਿਤੇ ਆਪਣੇ ਘਰ ਦੇ ਨੇੜੇ ਰਹਿਣ ਵਾਲਾ ਮਿਲ ਜਾਣਾ ਤਾਂ ਇਹ ਪੁੱਛਣਾ ਕਿ ਹੁਣ ਉੱਥੇ ਕੌਣ ਰਹਿੰਦਾ ਹੈ, ਕੀ ਘਰ ਉਸੇ ਤਰ੍ਹਾਂ ਹੀ ਹੈ ਜਾਂ ਬਦਲ ਗਿਆ ਹੈ? ਮਕਸੂਦ ਸਾਹਿਬ ਦੀ ਕਹਾਣੀ ‘ਸੁੱਚਾ ਤਿੱਲਾ’ ਵੀ ਇਹੋ ਜਿਹੀ ਕਹਾਣੀ ਹੈ। ਕਹਾਣੀ ਦਾ ਪਾਤਰ ਆਪਣੇ ਸਾਥੀ ਨੂੰ ਆਪਣੀ ਪੁਰਾਣੀ ਕਹਾਣੀ ਸੁਣਾਉਂਦਾ ਹੋਇਆ ਦੱਸਦਾ ਹੈ ਕਿ ਵੰਡ ਤੋਂ ਬਾਅਦ ਉਹਨਾਂ ਨੂੰ ਪਾਕਿਸਤਾਨ ਆਉਣਾ ਪਿਆ। ਉਹਨਾਂ ਦਾ ਜੁੱਤੀਆਂ ਬਣਾਉਣ ਦਾ ਕੰਮ ਸੀ। ਪਾਕਿਸਤਾਨ ਵਿੱਚ ਜੁੱਤੀਆਂ ਦੀ ਕਢਾਈ ਲਈ ਸੁੱਚਾ ਤਿੱਲਾ ਨਹੀਂ ਸੀ ਮਿਲਦਾ। ਕੁਝ ਸਾਥੀਆਂ ਨੇ ਚੋਰੀ-ਛਿਪੇ ਬਾਰਡਰ ਟੱਪ ਕੇ ਅੰਮ੍ਰਿਤਸਰ ਚਲੇ ਜਾਣਾ ਅਤੇ ਸੁੱਚਾ ਤਿੱਲਾ ਲੈ ਆਉਣਾ। ਪਰ ਇੱਕ ਵਾਰ ਉਹ ਪਕੜਿਆ ਗਿਆ। ਜਿਹੜੇ ਜੱਜ ਦੇ ਕੇਸ ਲੱਗਿਆ ਉਹ ਕੁਦਰਤੀ ਪਾਕਿਸਤਾਨ ਦੇ ਉਸ ਮੁਹੱਲ ਵਿੱਚ ਹੀ ਰਹਿੰਦਾ ਸੀ ਜਿਸ ਵਿੱਚ ਇਹ ਦੋਸ਼ੀ। ਜਦੋਂ ਜੱਜ ਨੂੰ ਗੱਲਾਂ ਗੱਲਾਂ ਵਿੱਚ ਇਹ ਪਤਾ ਲੱਗਿਆ ਕਿ ਇਹ ਆਦਮੀ ਉਹਨਾਂ ਦੇ ਘਰ ਵਿੱਚ ਹੀ ਰਹਿੰਦਾ ਹੈ ਤਾਂ ਉਸ ਨੇ ਦੋਸ਼ੀ ਨੂੰ ਛੱਡ ਦਿੱਤਾ। ਇਹੋ ਨਹੀਂ, ਕਈ ਦਿਨ ਆਪਣੇ ਘਰ ਰੱਖਿਆ, ਉਸ ਦੇ ਕਾਗਜ਼-ਪੱਤਰ ਬਣਵਾ ਕੇ ਉਸ ਨੂੰ ਬਾਰਡਰ ਤਕ ਛੱਡ ਕੇ ਆਇਆ ਅਤੇ ਬਹੁਤ ਸਾਰਾ ਸੁੱਚਾ ਤਿੱਲਾ ਵੀ ਲੈ ਕੇ ਦਿੱਤਾ। ਇਹੋ ਨਹੀਂ, ਬਾਅਦ ਵਿੱਚ ਵੀ ਤਿੱਲਾ ਭੇਜਦਾ ਰਿਹਾ। ਇਹ ਕਹਾਣੀ ਪੜ੍ਹ ਕੇ ਉਹਨਾਂ ਅਣਗਿਣਤ ਲੋਕਾਂ ਦੇ ਦਿਲ ਦਾ ਦਰਦ ਪਾਠਕ ਵੀ ਮਹਿਸੂਸ ਕਰਦੇ ਹਨ ਜਿਹਨਾਂ ਨੂੰ ਹਾਲਾਤ ਨੇ ਹਿਜਰਤ ਕਰਨ ਲਈ ਮਜਬੂਰ ਕੀਤਾ ਸੀ। ਜਦੋਂ ਪਾਠਕਾਂ ਦੀ ਅਜਿਹੀ ਭਾਵਨਾਤਮਕ ਸਾਂਝ ਕਿਸੇ ਸਾਹਿਤਕ ਕਿਰਤ ਨਾਲ ਪੈ ਜਾਵੇ ਤਾਂ ਅਜਿਹਾ ਸਾਹਿਤ ਚਿਰ ਜੀਵੀ ਹੋ ਜਾਂਦਾ ਹੈ।
ਇਸ ਸੰਗ੍ਰਹਿ ਦੀ ਕਈ ਹੋਰ ਕਹਾਣੀਆਂ ਜਿਵੇਂ: ਮਾਮੇ ਦੀ ਧੀ, ਖ਼ਾਲੀ ਬੰਦਾ, ਚਿੱਟਾ ਲਹੂ, ਬੱਜਲ ਆਦਿ ਵੀ ਚਰਚਾ ਯੋਗ ਕਹਾਣੀਆਂ ਹਨ। ਕਹਾਣੀਆਂ ਵਿੱਚ ਵਰਤੇ ਛੋਟੇ ਛੋਟੇ ਵਾਰਤਾਲਾਪ ਕਹਾਣੀਆਂ ਦੀ ਤੋਰ ਨੂੰ ਤੇਜ਼ ਕਰਦੇ ਹਨ। ਕਿਤੇ ਕਿਤੇ ਵਿਅੰਗ ਵੀ ਵਧੀਆ ਹੈ। ‘ਮੁਅਜਜ਼ਾ’ ਕਹਾਣੀ ਦਾ ਇਹ ਬਿਆਨ:
ਮਸੀਤ ਦੀ ਇਮਾਰਤ ਉੱਸਰ ਗਈ।
ਕਬਰਿਸਤਾਨ ਖ਼ਾਲੀ ਪਿਆ ਏ।
ਨਾ ਕੋਈ ਸਕੂਲ ਬਣਿਆ ਏ ਨਾ ਲਾਇਬ੍ਰੇਰੀ ਦੀ ਸੋਚ ਏ।
ਪੁਸਤਕ ਦੇ ਮੁੱਢ ਵਿੱਚ ਡਾ. ਧੀਮਾਨ ਨੇ ਪਾਕਿਸਤਾਨ ਦੀ ਪੰਜਾਬੀ ਕਹਾਣੀ ਨਾਲ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ। ‘ਲਹਿੰਦੇ ਪੰਜਾਬ ਦੀ ਕਹਾਣੀ ਦਾ ਸਫਰ’ ਪੜ੍ਹ ਕੇ ਪਾਠਕਾਂ ਨੂੰ ਸੰਬੰਧਤ ਵਿਸ਼ੇ ’ਤੇ ਕਾਫੀ ਪੁਖਤਾ ਜਾਣਕਾਰੀ ਮਿਲ ਜਾਂਦੀ ਹੈ। ਪੁਸਤਕ ਦੇ ਅੰਤ ਵਿੱਚ ਲੇਖਕਾਂ ਸੰਬੰਧੀ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ ਹੈ। ਕਹਾਣੀਆਂ ਵਿੱਚ ਥਾਂ ਪੁਰ ਥਾਂ ਉਰਦੂ ਦੇ ਅਜਿਹੇ ਸ਼ਬਦ ਹਨ ਜਿਹਨਾਂ ਦੇ ਅਰਥ ਸਾਡੇ ਪਾਠਕਾਂ ਨੂੰ ਨਹੀਂ ਪਤਾ। ਅਜਿਹੇ ਸ਼ਬਦਾਂ ਦੇ ਅਰਥ ਫੁੱਟ-ਨੋਟ ਵਿੱਚ ਦੇ ਦਿੱਤੇ ਜਾਂਦੇ ਤਾਂ ਹੋਰ ਵੀ ਵਧੀਆ ਹੁੰਦਾ।
ਪੰਜਾਬੀ ਦੇ ਜਿਹੜੇ ਪਾਠਕ ਲਹਿੰਦੇ ਪੰਜਾਬ ਦੀ ਪੰਜਾਬੀ ਕਹਾਣੀ ਦੀ ਜਾਣਕਾਰੀ ਲੈਣਾ ਚਾਹੁੰਦੇ ਹਨ, ਉਹਨਾਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ। ਡਾ. ਹਰਬੰਸ ਸਿੰਘ ਧੀਮਾਨ ਨੇ ਸ਼ਾਹਮੁਖੀ ਵਿੱਚ ਰਚੇ ਸਾਹਿਤ ਦਾ ਲਿਪੀਅੰਤਰ ਕਰਨ ਵਿੱਚ ਪ੍ਰਸ਼ੰਸਾਯੋਗ ਕੰਮ ਕੀਤਾ ਹੈ। ਗੁਰਮੁਖੀ ਲਿਪੀ ਅਤੇ ਸ਼ਾਹਮੁਖੀ ਲਿਪੀ ਵਿੱਚ ਰਚੇ ਸਾਹਿਤ ਦਾ ਲਿਪੀਅੰਤਰ ਕਰਕੇ ਦੋਵੇਂ ਪੰਜਾਬਾਂ ਦੇ ਪਾਠਕਾਂ ਨੂੰ ਨੇੜੇ ਲਿਆਉਣ ਲਈ ਅਜਿਹੇ ਉੱਦਮ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ। ਇਹ ਪੁਸਤਕ ਨੈਸ਼ਨਲ ਬੁੱਕ ਸ਼ਾਪ ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2693)
(ਸਰੋਕਾਰ ਨਾਲ ਸੰਪਰਕ ਲਈ: