“ਦਿਲ ਕਰਦਾ ਹੈ ਕਿ ਜਿਵੇਂ ਅੱਜ-ਕੱਲ੍ਹ ਫਿਲਮਾਂ ਦੇ sequel ਬਣਾਉਣ ਦਾ ਚਲਨ ਹੈ, ‘ਰਾਗ ਦਰਬਾਰੀ’ ਦੇ ...”
(8 ਜੂਨ 2021)
ਨਾਵਲ ਤੋਂ ਨਾਟਕੀ ਰੂਪਾਂਤਰ ਦਾ ਬਿਖੜਾ ਪੈਂਡਾ
ਸਾਹਿਤ ਦੇ ਹਰ ਰੂਪ ਦੀ ਵੱਖਰੀ ਪਹਿਚਾਣ ਹੈ। ਵਿਸ਼ੇ, ਬਣਤਰ, ਆਕਾਰ ਅਤੇ ਹੋਰ ਕਈ ਪੱਖਾਂ ਕਰਕੇ ਇੱਕ ਵਿਧਾ ਨੂੰ ਦੂਜੀ ਵਿੱਚ ਰਲ-ਗੱਡ ਨਹੀਂ ਕੀਤਾ ਜਾ ਸਕਦਾ। ਪਰ ਕਈ ਵਾਰ ਕੋਈ ਵਿਸ਼ੇਸ਼ ਕਵਿਤਾ ਓਪੇਰਾ ਬਣ ਜਾਂਦੀ ਹੈ ਜਾਂ ਐਕਸ਼ਨ ਸੌਂਗ ਦਾ ਰੂਪ ਧਾਰਨ ਕਰ ਲੈਂਦੀ ਹੈ। ਕਿਸੇ ਕਹਾਣੀ ਨੂੰ ਨਾਵਲ ਦਾ ਰੂਪ ਦੇ ਦਿੱਤਾ ਜਾਂਦਾ ਹੈ ਜਾਂ ਨਾਵਲ ਦਾ ਨਾਟਕੀ ਰੂਪਾਂਤਰ ਕਰ ਦਿੱਤਾ ਜਾਂਦਾ ਹੈ। ਨਾਵਲ ਜਾਂ ਕਹਾਣੀ ਨੂੰ ਅਧਾਰ ਬਣਾ ਕੇ ਫਿਲਮ ਬਣਾਉਣ ਦਾ ਰਿਵਾਜ ਤਾਂ ਬਹੁਤ ਪੁਰਾਣਾ ਹੈ।
ਵਿਸ਼ਵ ਪੱਧਰ ’ਤੇ ਨਾਵਲ ਨੂੰ ਨਾਟਕੀ ਰੂਪ ਦੇਣਾ ਕਿੰਨਾ ਕੁ ਪੁਰਾਣਾ ਹੈ, ਇਸ ਸੰਬੰਧੀ ਮੈਂਨੂੰ ਕੋਈ ਜਾਣਕਾਰੀ ਨਹੀਂ ਮਿਲਦੀ। ਪਰ ਪੰਜਾਬੀ ਵਿੱਚ ਇਹ ਪਿਰਤ (ਮੇਰੀ ਜਾਣਕਾਰੀ ਅਨੁਸਾਰ), ਸ਼ਾਇਦ ਮਹਾਨ ਰੰਗ ਕਰਮੀ ਗੁਰਸ਼ਰਨ ਭਾ ਜੀ ਨੇ ਸ਼ੁਰੂ ਕੀਤੀ ਸੀ, ਜਦੋਂ ਉਹਨਾਂ ਨੇ ਸਰਦਾਰ ਨਾਨਕ ਸਿੰਘ ਦੇ ਨਾਵਲ ‘ਕੋਈ ਹਰਿਆ ਬੂਟ ਰਹਿਓ ਰੀ’ ਦਾ ਨਾਟਕੀ ਰੂਪਾਂਤਰ ਮੰਚ ’ਤੇ ਪੇਸ਼ ਕੀਤਾ ਸੀ। ਉਸ ਤੋਂ ਬਾਅਦ ਤਾਂ ਇਹ ਰੁਝਾਨ ਕਾਫ਼ੀ ਵਧ ਗਿਆ। ਕਿਸੇ ਕਵੀ ਦੀਆਂ ਦੋ-ਤਿੰਨ ਕਵਿਤਾਵਾਂ ਨੂੰ ਅਧਾਰ ਬਣਾ ਕੇ ਨਾਟਕਾਂ ਦਾ ਮੁਹਾਂਦਰਾ ਸਿਰਜਣ ਦੀ ਪਿਰਤ ਵੀ ਚੱਲੀ ਹੈ ਅਤੇ ਦੋ-ਤਿੰਨ ਕਹਾਣੀਆਂ ਨੂੰ ਵੀ ਨਾਟਕੀ ਰੂਪ ਦਿੱਤਾ ਗਿਆ ਹੈ। ਪਰ ਅੱਜ ਮੈਂ ਨਾਵਲ ਵਿੱਚੋਂ ਨਾਟਕੀ ਝਾਕੀਆਂ ਦੀ ਚੋਣ ਕਰਕੇ ਨਾਟਕੀ ਚੌਖਟੇ ਵਿੱਚ ਢਾਲਣ ਦੀ ਕਸ਼ਮਕਸ਼ ਦਾ ਜ਼ਿਕਰ ਕਰਾਂਗਾ, ਕਿਉਂਕਿ ਇਹ ਮੁਸ਼ੱਕਤ ਮੈਂਨੂੰ ਆਪ ਕਰਨੀ ਪਈ ਸੀ।
ਗੱਲ ਇੱਕ ਵਾਰ ਫੇਰ ਰੰਗ ਕਰਮੀ ਜਗਜੀਤ ਸਰੀਨ ਨਾਲ ਜਾ ਜੁੜਦੀ ਹੈ, ਜੋ ਮੇਰੇ ਕੋਲ ਹਿੰਦੀ ਦੇ ਪ੍ਰਸਿੱਧ ਲੇਖਕ ਸ੍ਰੀ ਲਾਲ ਸ਼ੁਕਲ ਦਾ ਸ਼ਾਹਕਾਰ ਨਾਵਲ ‘ਰਾਗ ਦਰਬਾਰੀ’ ਲੈ ਕੇ ਪਹੁੰਚੇ। ਲੰਘ ਚੁੱਕੀ ਸਦੀ ਦੇ ਨੌਂਵੇਂ ਦਹਾਕੇ ਵਿੱਚ (1981) ਇੱਕ ਦਿਨ ਮੈਂਨੂੰ ਕਹਿਣ ਲੱਗੇ ਕੇ ਨਾਵਲ ਦਾ ਨਾਟਕੀ ਰੂਪਾਂਤਰ ਕਰਨਾ ਹੈ। ਮੈਂ ਨਾਵਲ ਦੇ ਪੰਨੇ ਦੇਖ ਕੇ ਅੰਦਾਜ਼ਾ ਲਾਇਆ ਕਿ ਕੰਮ ਕਾਫੀ ਵੱਡਾ ਹੈ। ਪਰ ਸਰੀਨ ਸਾਹਿਬ ਨੂੰ ਨਾਂਹ ਵੀ ਨਹੀਂ ਸੀ ਕੀਤੀ ਜਾ ਸਕਦੀ। ਉਹ ਕਹਿਣ ਲੱਗੇ ਕਿ ਇਸਦਾ ਪਹਿਲਾਂ ਹਿੰਦੀ ਵਿੱਚ ਰੂਪਾਂਤਰ ਹੋ ਚੁੱਕਿਆ ਹੈ, ਤੁਹਾਡਾ ਕੰਮ ਅਸਾਨ ਹੋ ਜਾਵੇਗਾ। ਪਰ ਮੈਂ ਉਹ ਰੂਪਾਂਤਰ ਪੜ੍ਹਨਾ ਨਹੀਂ ਸੀ ਚਾਹੁੰਦਾ (ਨਾ ਹੀ ਬਾਅਦ ਵਿੱਚ ਪੜ੍ਹਿਆ) ਕਿਉਂਕਿ ਇਸ ਤਰ੍ਹਾਂ ਕਰਨ ਨਾਲ ਆਪਣੀ ਮੌਲਿਕਤਾ ਖਤਮ ਹੋ ਜਾਂਦੀ ਹੈ। ਮੈਂ ਪਹਿਲਾਂ ਨਾਵਲ ਪੜ੍ਹਨ ਨੂੰ ਤਰਜੀਹ ਦਿੱਤੀ।
ਨਾਵਲ ਇੱਕ ਵਾਰ ਪੜ੍ਹਨਾ ਸ਼ੁਰੂ ਕੀਤਾ ਤਾਂ ਛੱਡਣ ਨੂੰ ਦਿਲ ਨਾ ਕਰੇ। ਨਾਵਲ ਪੜ੍ਹਨਾ ਮੇਰੀ ਕਮਜ਼ੋਰੀ ਰਹੀ ਹੈ। ਪਰ ‘ਰਾਗ ਦਰਬਾਰੀ’ ਦੀ ਗੱਲ ਹੀ ਹੋਰ ਸੀ। ਨਾਵਲਕਾਰ ਨੇ ਪਿੰਡ ਦੀ ਪਿੱਠਭੂਮੀ ਵਿੱਚ ਸ਼ਬਦਾਂ ਰਾਹੀਂ ਸਾਡੇ ਸਮਾਜ ਦੇ ਚੱਪੇ-ਚੱਪੇ ’ਤੇ ਫੈਲੇ ਭ੍ਰਿਸ਼ਟਾਚਾਰ ਦੀ ਅਜਿਹੀ ਤਸਵੀਰ ਉਲੀਕੀ ਕਿ ਪਾਠਕ ਦੰਦਾਂ ਹੇਠ ਉਂਗਲੀਆਂ ਦਬਾਉਣ ’ਤੇ ਮਜਬੂਰ ਹੋ ਜਾਂਦਾ ਹੈ। ਪਿੰਡ ਦੀ ਸਾਰੀ ਸਿਆਸਤ ਵੈਦ ਜੀ ਦੇ ਇਰਦ-ਗਿਰਦ ਹੀ ਘੁੰਮਦੀ ਹੈ। ਉਹ ਪਿੰਡ ਦੀ ਕੋਆਪ੍ਰੇਟਿਵ ਸੋਸਾਇਟੀ ਦੇ ਕਰਤਾ-ਧਰਤਾ ਵੀ ਹਨ, ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਵੀ ਹਨ। ਉਹਨਾਂ ਦੀ ਬੈਠਕ ਵਿੱਚ ਸਾਰਾ ਦਿਨ ਰੌਣਕ ਲੱਗੀ ਰਹਿੰਦੀ ਹੈ। ਇੱਕ ਬੰਦਾ ਤਾਂ ਸ਼ਰਦਾਈ ਘੋਟਣ ’ਤੇ ਹੀ ਲੱਗਿਆ ਰਹਿੰਦਾ ਹੈ। ਵੈਦ ਜੀ ਹਿਕਮਤ ਤੋਂ ਇਲਾਵਾ ਹੋਰ ਸਾਰਾ ਕੁਝ ਕਰਦੇ ਹਨ। ਪਿੰਡ ਵਿੱਚ ਉਹਨਾਂ ਦੀ ਮਰਜ਼ੀ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ। ਪਰ ਕੁਦਰਤ ਦਾ ਅਸੂਲ ਹੈ ਕਿ ਹਰ ਚੀਜ਼ ਦੇ ਅੰਤ ਦਾ ਕੋਈ ਨਾ ਕੋਈ ਕਾਰਨ ਬਣ ਹੀ ਜਾਂਦਾ ਹੈ। ਵੈਦ ਜੀ ਦੀ ਚੌਧਰ ਨੂੰ ਖਤਮ ਕਰਨ ਲਈ ਉਹਨਾਂ ਦੇ ਘਰ ਦੀ ਚਾਰ-ਦਿਵਾਰੀ ਵਿੱਚੋਂ ਹੀ ਇੱਕ ਅਵਾਜ਼ ਬੁਲੰਦ ਹੁੰਦੀ ਹੈ। ਇਹ ਅਵਾਜ਼ ਹੈ ਉਹਨਾਂ ਦੇ ਭਾਣਜੇ, ਰੰਗ ਨਾਥ ਦੀ, ਜੋ ਸ਼ਹਿਰ ਦਾ ਪੜ੍ਹਿਆ ਲਿਖਿਆ ਹੈ। ਕਿਸੇ ਯੂਨੀਵਰਸਿਟੀ ਤੋਂ ਪੀ ਐੱਚ ਡੀ ਕਰ ਰਿਹਾ ਹੈ। ਆਪਣੇ ਮਾਮੇ ਕੋਲ ਕੁਝ ਦੇਰ ਪਿੰਡ ਰਹਿਣ ਆਇਆ ਹੈ।
ਸੂਝਵਾਨ ਲੇਖਕ ਨੇ ਸਰਕਾਰੀ ਤੰਤਰ ਵਿੱਚ ਫੈਲੇ ਭ੍ਰਿਸ਼ਟ ਮਾਹੌਲ ਦੀਆਂ ਕਈ ਪਰਤਾਂ ਤੋਂ ਪਰਦਾ ਲਾਹਿਆ ਹੈ। ਲੇਖਕ ਦੀ ਡੂੰਘੀ ਦ੍ਰਿਸ਼ਟੀ ਨੇ ਕਈ ਲੁਕਵੀਆਂ ਗੱਲਾਂ ਨੂੰ ਜ਼ਾਹਿਰ ਕਰਨ ਤੋਂ ਦਰੇਗ ਨਹੀਂ ਕੀਤਾ। ਪਿੰਡਾਂ ਜਾਂ ਸ਼ਹਿਰਾਂ ਵਿੱਚ ਜਦੋਂ ਮੇਲੇ ਲੱਗਦੇ ਹਨ ਤਾਂ ਸੰਬੰਧਤ ਅਫਸਰ ਵੱਡੀਆਂ ਦੁਕਾਨਾਂ ਲਾਉਣ ਵਾਲਿਆਂ ਦੇ ਨਾਲ-ਨਾਲ, ਛੋਟੀਆਂ-ਛੋਟੀਆਂ ਛਾਬੜੀ ਵਾਲਿਆਂ ਤੋਂ ਵੀ ਆਪਣੀ ਫੀਸ ਵਸੂਲ ਕਰਦੇ ਹਨ; ਪਿੰਡ ਦਾ ਇੱਕ ਸਧਾਰਨ ਆਦਮੀ, ਲੰਗੜ, ਆਪਣੀ ਜ਼ਮੀਨ ਦੇ ਕੁਝ ਕਾਗ਼ਜ਼ਾਂ ਦੀ ਨਕਲ ਲੈਣ ਦੇ ਬਦਲੇ ਤਹਿਸੀਲ ਦਫਤਰ ਦੇ ਸੰਬੰਧਤ ਕਰਮਚਾਰੀ ਨੂੰ ਰਿਸ਼ਵਤ ਨਹੀਂ ਦਿੰਦਾ ਤਾਂ ਉਸ ਨੂੰ ਨਕਲ ਲੈਣ ਲਈ ਖੱਜਲ-ਖੁਆਰ ਹੋਣਾ ਪੈਂਦਾ ਹੈ। ਪਰ ਇਸ ਨੂੰ ਉਹ ਧਰਮ ਦੀ ਲੜਾਈ ਕਹਿੰਦਾ ਹੈ। ਵੈਦ ਜੀ ਉਸ ਗਰੀਬ ਦੀ ਕੋਈ ਮਦਦ ਨਹੀਂ ਕਰਦੇ ਸਗੋਂ ਕਹਿੰਦੇ ਹਨ ਕਿ ਉਹ ਧਰਮ ਦੀ ਲੜਾਈ ਲੜਦਾ ਰਹੇ; ਚੋਰ ਕਿਵੇਂ ਪੁਲਿਸ ਨੂੰ ਚਕਮਾ ਦੇ ਕੇ ਪਿੰਡ ਵਿੱਚ ਚੋਰੀ ਕਰ ਜਾਂਦੇ ਹਨ; ਸਕੂਲ ਮੈਨੇਜਮੈਂਟ ਦੀ ਚੋਣ ਸਮੇਂ ਕਿਵੇਂ ਵਿਰੋਧੀਆਂ ਨੂੰ ਮੀਟਿੰਗ ਵਿੱਚ ਹੀ ਨਹੀਂ ਜਾਣ ਦਿੱਤਾ ਜਾਂਦਾ; ਕੋਆਪ੍ਰੇਟਿਵ ਸੋਸਾਇਟੀ ਵਿੱਚ ਘਪਲਾ ਹੋ ਜਾਂਦਾ ਹੈ ਤਾਂ ਸੰਬੰਧਤ ਦਫਤਰ ਦਾ ਇੱਕ ਅਫਸਰ ਜਾਂਚ ਪੜਤਾਲ ਲਈ ਆਉਂਦਾ ਹੈ। ਪਰ ਉਹ ਵੀ ਘਪਲੇਬਾਜ਼ਾਂ ਨਾਲ ਹੀ ਮਿਲਿਆ ਹੋਇਆ ਹੈ। ਵੈਦ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਇਲਜ਼ਾਮ ਸਾਰੀਆਂ ਸੁਸਾਇਟੀਆਂ ’ਤੇ ਹੀ ਲਗਦੇ ਹਨ। ਸਾਡੀ ਸੁਸਾਇਟੀ ’ਤੇ ਨਹੀਂ ਲੱਗੇ ਸੀ ਤਾਂ ਸਾਰੇ ਸਾਨੂੰ ਸ਼ੱਕ ਨਾਲ ਦੇਖਦੇ ਸੀ। ਹੁਣ ਇਹ ਸ਼ੱਕ ਵੀ ਖਤਮ ਹੋਇਆ। ਪਰ ਵੈਦ ਜੀ ਨੇ ਕਿਹਾ ਕਿ ਹੁਣ ਉਹ ਪ੍ਰਧਾਨ ਨਹੀਂ ਰਹਿਣਾ ਚਾਹੁੰਦੇ ਕਿਉਂਕਿ ਉਹਨਾਂ ’ਤੇ ਵਿਅਕਤੀਗਤ ਦੂਸ਼ਣ ਲਾਏ ਗਏ ਹਨ। ਪਰ ਗਿਣੀ-ਮਿਥੀ ਯੋਜਨਾ ਅਨੁਸਾਰ ਇੱਕ ਅਣਪੜ੍ਹ (ਜੋ ਵੈਦ ਜੀ ਦੀ ਬੈਠਕ ਦੇ ਬਾਹਰ ਬੈਠਾ ਭੰਗ ਘੋਟਦਾ ਰਹਿੰਦਾ ਸੀ) ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ। ਵਿਰੋਧੀ ਭਾਵੇਂ ਚੋਣ ਕਰਵਾਉਣ ਦੀ ਜ਼ਿਦ ਕਰਦੇ ਹਨ, ਪਰ ਉਹਨਾਂ ਦੀ ਕੋਈ ਨਹੀਂ ਸੁਣਦਾ। ਰੰਗ ਨਾਥ ਸਕੂਲ ਦੇ ਮੁੱਖ-ਅਧਿਆਪਕ ਨੂੰ ਆਪਣੇ ਮਾਮੇ ਦੀਆਂ ਧੱਕੇਸ਼ਾਹੀਆਂ ਦੇ ਵਿਰੁੱਧ ਖੜ੍ਹਨ ਨੂੰ ਕਹਿੰਦਾ ਹੈ ਪਰ ਹੈੱਡ ਮਾਸਟਰ ਆਪਣੇ ਨਿੱਜੀ ਫਾਇਦੇ ਨੂੰ ਸਾਹਮਣੇ ਰੱਖਦਾ ਹੈ।
ਨਾਵਲ ਵਿੱਚ ਹੋਰ ਬਹੁਤ ਕੁਝ ਹੈ। ਪਰ ਸਾਰਾ ਕੁਝ ਨਾਟਕੀ ਦਾਇਰੇ ਵਿੱਚ ਸਮੇਟਿਆ ਨਹੀਂ ਸੀ ਜਾ ਸਕਦਾ। ਨਾਵਲ ਨੂੰ ਦੂਜੀ ਵਾਰ ਪੜ੍ਹਨ ਦੇ ਦੌਰਾਨ ਮੈਂ ਉਹਨਾਂ ਦ੍ਰਿਸ਼ਾਂ ਜਾਂ ਘਟਨਾਵਾਂ ਦੀ ਚੋਣ ਕੀਤੀ ਜਿੰਨਾ ਦੁਆਰਾ ਨਾਟਕੀ ਟੱਕਰ ਪੈਦਾ ਹੁੰਦੀ ਸੀ ਜਾਂ ਪੈਦਾ ਕੀਤੀ ਜਾ ਸਕਦੀ ਸੀ। ਬਾਰ-ਬਾਰ ਕਾਂਟ-ਛਾਂਟ ਕਰਕੇ ਨਾਵਲ ਵਿੱਚ ਵਾਪਰਦੀਆਂ ਅਨੇਕ ਘਟਨਾਵਾਂ ਵਿੱਚੋਂ ਕਈਆਂ ਨੂੰ ਛੱਡਣਾ ਪਿਆ ਅਤੇ ਬਾਕੀਆਂ ਨੂੰ ਪੰਦਰਾਂ ਝਾਕੀਆਂ ਵਿੱਚ ਸਮੇਟ ਕੇ ਨਾਟਕੀ ਰੂਪਾਂਤਰ ਦਾ ਢਾਂਚਾ ਸਿਰਜਿਆ। ਲੋੜ ਪੈਣ ’ਤੇ ਨਾਵਲ ਦੇ ਵਾਰਤਾਲਾਪ ਵੀ ਵਰਤੇ ਪਰ ਜ਼ਿਆਦਾ ਆਪ ਹੀ ਲਿਖਣੇ ਪਏ।
ਸਰੀਨ ਸਾਹਿਬ ਨਾਲ ਨਾਟਕ ਦੀ ਰੂਪ-ਰੇਖਾ ’ਤੇ ਚਰਚਾ ਕਰਦੇ ਸਮੇਂ ਮੰਚ ਜੜਤ ਦੇ ਮੁੱਦੇ ਤੇ ਖ਼ਾਸ ਤੌਰ ’ਤੇ ਧਿਆਨ ਕੇਂਦਰਿਤ ਰਿਹਾ। ਅਸੀਂ ਦੋਵੇਂ ਇਸ ਗੱਲ ’ਤੇ ਸਹਿਮਤ ਸੀ ਕਿ ਹਰ ਦ੍ਰਿਸ਼ ਦੀ ਲੋੜ ਅਨੁਸਾਰ ਮੰਚ ਜੜਤ ਪ੍ਰਤੀਕਆਤਮਕ ਹੋਵੇ। ਅਖੀਰ ਸਰੀਨ ਸਾਹਿਬ ਨੇ ਫੈਸਲਾ ਕੀਤਾ ਕੇ ਮੰਚ ’ਤੇ ਕਿਸੇ ਕਿਸਮ ਦੀ ਸੈਟਿੰਗ ਨਹੀਂ ਕੀਤੀ ਜਾਵੇਗੀ ਬਲਕਿ ਇੱਕ ਛੋਟੀ ਜਿਹੀ ਪੁਲੀ ਹੀ ਦਿਖਾਈ ਜਾਵੇਗੀ, ਜਿਸ ਨੂੰ ਪਿੰਡ ਦੀ ਸਾਂਝੀ ਥਾਂ ਦੇ ਤੌਰ ’ਤੇ ਵਰਤਿਆ ਜਾਵੇਗਾ। ਇਸ ਨਵੀਂ ਸਥਿਤੀ ਨੂੰ ਢੁੱਕਵੇਂ ਢੰਗ ਨਾਲ ਪੇਸ਼ ਕਰਨ ਲਈ ਮੈਂ ਰੰਗ ਨਾਥ ਨੂੰ ਸੂਤਰਧਾਰ ਦੇ ਰੂਪ ਵਿੱਚ ਪੇਸ਼ ਕਰਨ ਦਾ ਸੋਚਿਆ। ਪਰ ਸਮੱਸਿਆ ਅਜੇ ਵੀ ਇਹ ਸੀ ਕਿ ਦ੍ਰਿਸ਼ਾਂ ਦੇ ਬਦਲਣ ਸਮੇਂ ਕੋਈ ਅਜਿਹਾ ਸੂਤੱਰ ਜੋੜਿਆ ਜਾਵੇ ਕਿ ਦ੍ਰਿਸ਼ ਬਦਲੀ ਸਹਿਜ ਪ੍ਰਕਿਰਿਆ ਲੱਗੇ ਨਾ ਕੇ ਕੋਈ ਟੁੱਟਵੀਂ ਕੜੀ। ਅਚਾਨਕ ਹੀ ਮੈਂਨੂੰ ਪੁਰਾਣੇ ਕਿੱਸਿਆਂ ਦੇ ਮੰਗਲਾਚਰਨ ਦਾ ਖਿਆਲ ਆਇਆ ਜਿਹਨਾਂ ਵਿੱਚ ਸਭ ਤੋਂ ਪਹਿਲਾਂ ਰੱਬ ਨੂੰ ਧਿਆਇਆ ਜਾਂਦਾ ਸੀ। ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਮੈਂ “ਅਲਫ਼, ਬੇ, ਪੇ” ਦੀ ਮਹਾਰਨੀ ਬਣਾਈ। ਇਸ ਮੁਹਾਰਾਨੀ ਦਾ ਅੰਤਮ ਰੂਪ ਹੇਠ ਲਿਖੇ ਰੂਪ ਵਿੱਚ ਸਾਹਮਣੇ ਆਇਆ:
ਅਲਫ਼-ਅੱਲਾ ਦਾ ਪਹਿਲਾਂ ਨਾਂ ਲੈ ਕੇ,
ਸ਼ੁਰੂ ਕਰੋ ਅੱਜ ਦੀ ਕਾਰਗੁਜ਼ਾਰੀ।
ਬੇ-ਬੇਈਮਾਨੀ ਦੇ ਰਸਤੇ ’ਤੇ,
ਪੇ-ਪੈ ਗਈ ਦੁਨੀਆਂ ਸਾਰੀ।
ਤੇਰੀ ਮੇਰੀ ਇੱਥੇ ਨਹੀਂ ਚੱਲਦੀ,
ਚੱਲਦੀ ਹੈ ਜ਼ੋਰਾਵਾਰਾਂ ਦੀ ਸਰਦਾਰੀ।
ਇਹੀ ਹੈ ਰਾਗ ਦਰਬਾਰੀ, ਰਾਗ ਦਰਬਾਰੀ।
ਨਾਟਕ ਲਈ ਇੱਕ ਹੋਰ ਗੀਤ ਵੀ ਲਿਖਿਆ। ਨਾਟਕ ਦੇ ਅੰਤ ਨੂੰ ਦਿਲਚਸਪ ਬਣਾਉਣਾ ਬਹੁਤ ਮੁਸ਼ਕਿਲ ਕਾਰਜ ਸੀ। ਨਾਵਲ ਤਾਂ ਲੇਖਕ ਦੀ ਟਿੱਪਣੀ ਨਾਲ ਖਤਮ ਹੋ ਸਕਦਾ ਹੈ ਪਰ ਨਾਟਕ ਨਹੀਂ। ‘ਰਾਗ ਦਰਬਾਰੀ’ ਵਿੱਚ ਕਈ ਸਮੱਸਿਆਵਾਂ ਦੀ ਪੇਸ਼ਕਾਰੀ ਸੀ ਪਰ ਸਮਾਧਾਨ ਕੋਈ ਨਹੀਂ ਸੀ। ਸਾਡੇ ਦੇਸ਼ ਨੂੰ ਦਰਪੇਸ਼ ਮੁਸ਼ਕਿਲਾਂ ਸੰਬੰਧੀ ਆਮ ਕਹਿ ਦਿੱਤਾ ਜਾਂਦਾ ਹੈ ਕਿ ‘ਰੱਬ ਹੀ ਕੁਝ ਕਰ ਸਕਦਾ ਹੈ’ ਭਾਵ ਸਾਡੇ ਹੱਥ ਕੁਝ ਨਹੀਂ। ਇਹ ਕਥਨ ਭਾਵੇਂ ਨਿਰਾਸ਼ਾਵਾਦੀ ਸੋਚ ਦਾ ਪ੍ਰਤੀਕ ਹੈ ਪਰ ਸਚਾਈ ਤੋਂ ਕੋਰਾ ਵੀ ਨਹੀਂ। ਮੇਰੇ ਜ਼ਹਿਨ ਵਿੱਚ ਇਸੇ ਸਥਿਤੀ ਨੂੰ ਪੇਸ਼ ਕਰਦੀ ਕਿਸੇ ਕਾਵਿਕ ਰਚਨਾ ਨਾਟਕ ਦੇ ਅਖੀਰ ਵਿੱਚ ਪੇਸ਼ ਕਰਨ ਦਾ ਵਿਚਾਰ ਬਣ ਰਿਹਾ ਸੀ ਤਾਂ ਜੋ ਨਾਟਕ ਕਲਾਤਮਕ ਢੰਗ ਨਾਲ ਖਤਮ ਹੋਵੇ ਅਤੇ ਦਰਸ਼ਕ ਵੀ ਕੁਝ ਸੋਚਣ। ਇਸ ਲਈ ਮੈਂ ਹੇਠ ਲਿਖੇ ਗੀਤ ਦੀ ਰਚਨਾ ਕੀਤੀ:
ਮੇਰੇ ਦੇਸ਼ ਨੂੰ ਬਚਾ ਲੈ, ਮੇਰੇ ਦੇਸ਼ ਨੂੰ ਬਚਾ ਲੈ
ਰਿਸ਼ੀਆਂ ਮੁਨੀਆਂ ਦੀ ਧਰਤੀ, ਓ ਰੱਬਾ ਤੂੰ ਹੀ ਬਚਾ ਲੈ।
ਇਸ ਤਰ੍ਹਾਂ ਮੈਂ ਤਕਰੀਬਨ ਮਹੀਨੇ ਤੋਂ ਵੀ ਵੱਧ ਦਾ ਸਮਾਂ ਲਾ ਕੇ ਨਾਟਕੀ ਰੂਪਾਂਤਰ ਸਰੀਨ ਸਾਹਿਬ ਦੇ ਹਵਾਲੇ ਕਰ ਦਿੱਤਾ। ਹੁਣ ਉਹਨਾਂ ਦਾ ਕੰਮ ਸੀ ਕਿ ਕਲਾਕਾਰ ਇਕੱਠੇ ਕਰਕੇ ਰਿਹਰਸਲਾਂ ਸ਼ੁਰੂ ਕਰਨ। ਇਸ ਦੌਰਾਨ ਹੀ ਮੈਂਨੂੰ ਪੰਜਾਬ ਪਬਲਿਕ ਸਕੂਲ, ਨਾਭਾ ਵਿਖੇ ਨੌਕਰੀ ਮਿਲ ਗਈ। ਪਰ ਜਦੋਂ ਵੀ ਪਟਿਆਲ਼ਾ ਜਾਣ ਦਾ ਸਮਾਂ ਮਿਲਦਾ, ਸਰੀਨ ਸਾਹਿਬ ਨਾਲ ‘ਰਾਗ ਦਰਬਾਰੀ’ ਦੀ ਚਰਚਾ ਜ਼ਰੂਰ ਹੁੰਦੀ। ਇੱਕ ਦੋ ਬਾਰ ਰਿਹਰਸਲ ਦੇਖਣ ਵੀ ਗਿਆ।
ਬੜੀ ਇੰਤਜ਼ਾਰ ਤੋਂ ਬਾਅਦ ਸੁਨੇਹਾ ਮਿਲਿਆ ਕਿ 27 ਮਾਰਚ 1982 ਨੂੰ ਵਿਸ਼ਵ ਰੰਗ ਮੰਚ ਦਿਵਸ ਦੇ ਮੌਕੇ ’ਤੇ ‘ਰਾਗ ਦਰਬਾਰੀ’ ਦੀ ਪੇਸ਼ਕਾਰੀ ਹੈ।
ਨਾਟਕ “ਅਲਫ਼, ਬੇ, ਪੇ” ਦੀ ਮਹਾਰਨੀ ਨਾਲ ਹੀ ਸ਼ੁਰੂ ਹੁੰਦਾ ਹੈ। ਉਸ ਤੋਂ ਬਾਅਦ ਰੰਗ ਨਾਥ, ਸੂਤਰਧਾਰ ਦੇ ਰੂਪ ਵਿੱਚ ਆ ਕੇ ਨਾਟਕ ਦੀ ਜਾਣਕਾਰੀ ਦਿੰਦਾ ਹੈ। ਵੈਦ ਜੀ ਦੇ ਰੂਪ ਵਿੱਚ ਪੰਜਾਬੀ ਰੰਗ ਮੰਚ ਦਾ ਇੱਕ ਅਨੁਭਵੀ ਕਲਾਕਾਰ ਸੁਦੇਸ਼ ਵਰਮਾ, ਆਪਣੇ ਰੋਲ ਨਾਲ ਪੂਰਾ ਇਨਸਾਫ਼ ਕਰਦਾ ਹੈ। ਉਸ ਨੇ ਆਪਣੀ ਬੋਲ-ਚਾਲ ਦਾ ਲਹਿਜ਼ਾ ਪਾਤਰ ਦੀ ਲੋੜ ਅਨੁਸਾਰ ਢਾਲਿਆ ਹੋਇਆ ਹੈ, ਵਾਰਤਾਲਾਪ ਬੋਲਣ ਸਮੇਂ ਠਰ੍ਹੰਮਾ ਵਰਤ ਕੇ ਉਸ ਨੇ ਵੈਦ ਜੀ ਵਰਗੇ ਕਾਇਆਂ ਪਾਤਰ ਦੀ ਮਨੋਦਸ਼ਾ ਨੂੰ ਸਹੀ ਢੰਗ ਨਾਲ ਪੇਸ਼ ਕੀਤਾ। ਉਸ ਦੇ ਸਿਰ ’ਤੇ ਲੰਬਾ ਲੜ ਛੱਡ ਕੇ ਬੰਨ੍ਹੀ ਪੁਰਾਣੇ ਬਜ਼ੁਰਗਾਂ ਵਰਗੀ ਪੱਗ, ਗੋਡਿਆਂ ਤੋਂ ਹੇਠਾਂ ਤਕ ਦਾ ਕੋਟ, ਚੂੜੀਦਾਰ ਪਜਾਮੀ ਅਤੇ ਹੱਥ ਵਿੱਚ ਫੜੀ ਖੁੰਢੀ ਇਸ ਕਲਾਕਾਰ ਦੇ ਵਿਅਕਤਿਤਵ ਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ। ਸਮੁੱਚੇ ਰੂਪ ਵਿੱਚ ਸੁਦੇਸ਼ ਵਰਮਾ ਨੇ ਨਾਟਕ ਦੀ ਪੇਸ਼ਕਾਰੀ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸਕੂਲ ਮੁੱਖ-ਅਧਿਆਪਕ ਦੀ ਭੂਮਿਕਾ ਵਿੱਚ ਪੰਜਾਬੀ ਰੰਗ ਮੰਚ ਦਾ ਇੱਕ ਹੋਰ ਹੋਣਹਾਰ ਕਲਾਕਾਰ ਰਵੀ ਭੂਸ਼ਣ ਵੀ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਤੋਂ ਵਾਹ-ਵਾਹ ਬਟੋਰਦਾ ਹੈ। ਜੀ ਹਜ਼ੂਰੀਏ ਦੇ ਰੂਪ ਨੂੰ ਬੜੇ ਸਹਿਜ ਨਾਲ ਨਿਭਾਉਂਦਾ ਹੈ। ਉਹ ਜਦੋਂ ਵੀ ਵੈਦ ਜੀ ਦੀ ਹਾਂ ਵਿੱਚ ਹਾਂ ਮਿਲਾਉਂਦਾ ਹੈ, ਉਸ ਦੇ ਬੋਲਣ ਦਾ ਢੰਗ, ਚਿਹਰੇ ਦੇ ਹਾਵ ਭਾਵ ਅਤੇ ਅੱਖਾਂ ਦਾ ਝਪਕਣਾ ਆਦਿ ਦਰਸ਼ਕਾਂ ਨੂੰ ਕੀਲਦੇ ਹਨ। ਪਰ ਜਦੋਂ ਰੰਗ ਨਾਥ ਉਸਦੇ ਪੜ੍ਹੇ-ਲਿਖੇ ਸੂਝਵਾਨ ਇਨਸਾਨ ਹੋਣ ਦੇ ਨਾਤੇ ਆਪਣੇ ਫ਼ਰਜ਼ ਪਹਿਚਾਣਨ ਲਈ ਕਹਿੰਦਾ ਹੈ ਤਾਂ ਰਵੀ ਭੂਸ਼ਣ ਵੱਲੋਂ ਬੋਲੇ ਵਾਰਤਾਲਾਪ ਉਸ ਦੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਨਿਕਲੇ ਪ੍ਰਤੀਤ ਹੁੰਦੇ ਹਨ। ਰੰਗ ਨਾਥ (ਪ੍ਰੇਮ ਚੰਦ), ਖੰਨਾ ਮਾਸਟਰ (ਰਮੇਸ਼), ਬੱਦਰੀ (ਵਿਨੋਦ ਰਤਨ), ਛਨਿਛਰ (ਪਰਮਿੰਦਰ ਗੋਲਾ), ਭੰਗੜ (ਜਗਜੀਤ ਸਰੀਨ), ਬਿਕਰਮ ਸਿੰਘ (ਰਵਿੰਦਰ ਸਿੱਧੂ), ਥਾਣੇਦਾਰ (ਹੇਮ ਰਾਜ ਭੱਟੀ), ਅਫਸਰ (ਮਹਿੰਦਰ ਸਿੰਘ) ਆਦਿ ਨੇ ਵੀ ਆਪਣੇ-ਆਪਣੇ ਕਿਰਦਾਰ ਨਾਲ ਇਨਸਾਫ਼ ਕੀਤਾ।
ਨਿਰਦੇਸ਼ਕ ਜਗਜੀਤ ਸਰੀਨ ਦੀ ਸੈੱਟ ਨਾ ਲਾਉਣ ਦੀ ਵਿਉਂਤ ਨੇ ਨਾਟਕ ਦਾ ਪ੍ਰਭਾਵ ਹੋਰ ਗੂੜ੍ਹਾ ਕੀਤਾ ਅਤੇ ਪੁਲੀ ਨੇ ਵੀ ਇੱਕ ਪਾਤਰ ਵਾਂਗ ਹੀ ਰੋਲ ਨਿਭਾਇਆ। ਮੈਂ ਸਮਝਦਾ ਹਾਂ ਇਸ ਪਿੱਛੇ ਨਿਰਦੇਸ਼ਕ ਦਾ ਲੰਬਾ ਰੰਗਮੰਚੀ ਤਜਰਬਾ, ਨਾਟਕ ਦੀ ਮੂਲ ਭਾਵਨਾ ਨੂੰ ਸਮਝਣ ਦੀ ਕੁਦਰਤੀ ਸੂਝ, ਦਰਸ਼ਕਾਂ ਦੀ ਨਬਜ਼ ਪਹਿਚਾਨਣ ਦੀ ਕਲਾ ਹੈ। ਉਹ ਆਪਣੇ ਕਲਾਕਾਰਾਂ ਦੀ ਅਦਾਕਾਰੀ ਦੀਆਂ ਖ਼ੂਬੀਆਂ ਅਤੇ ਸੀਮਾਵਾਂ ਨੂੰ ਵੀ ਧਿਆਨ ਵਿੱਚ ਰੱਖਦਾ ਹੈ। ‘ਰਾਗ ਦਰਬਾਰੀ’ ਦੀ ਖਾਲ਼ੀ ਸਟੇਜ ਨੇ ਭੀੜ ਵਾਲੇ ਦ੍ਰਿਸ਼ਾਂ (ਕੌਆਪਰੇਟਿਵ ਸੁਸਾਇਟੀ ਦੀ ਚੋਣ, ਸਕੂਲ ਮੈਨੇਜਮੈਂਟ ਦੀ ਚੋਣ, ਮੇਲੇ ਦਾ ਦ੍ਰਿਸ਼, ਚੋਰਾਂ ਵਾਲਾ ਦ੍ਰਿਸ਼) ਵਿੱਚ ਕਲਾਕਾਰਾਂ ਨੂੰ ਖੁੱਲ੍ਹੀ ਥਾਂ ਪ੍ਰਦਾਨ ਕਰਕੇ ਉਹਨਾਂ ਦੀਆਂ ਗਤੀਵਿਧੀਆਂ ਨੂੰ ਤੇਜ਼ ਕੀਤਾ, ਜਿਸ ਕਾਰਨ ਨਾਟਕੀ ਟੱਕਰ ਜ਼ਿਆਦਾ ਉੱਘੜਵੇਂ ਰੂਪ ਵਿੱਚ ਸਾਹਮਣੇ ਆਈ। ਕਿਸੇ ਵੀ ਨਾਟਕ ਦੀ ਪੇਸ਼ਕਾਰੀ ਸਮੇਂ ਨਾਟਕੀ ਟੱਕਰ ਦੀ ਕਲਾਤਮਕ ਪੇਸ਼ਕਾਰੀ ਹੀ ਦਰਸ਼ਕਾਂ ਤੇ ਜ਼ਿਆਦਾ ਪ੍ਰਭਾਵ ਪਾਉਂਦੀ ਹੈ। ਜਗਜੀਤ ਸਰੀਨ ਨੇ ਭੰਗੜ ਦਾ ਕਿਰਦਾਰ ਵੀ ਬਾ-ਖੂਬੀ ਨਿਭਾਇਆ। ਸਰੀਨ ਸਾਹਿਬ ਹੁਣ ਤਕ ਵੀਹ ਤੋਂ ਵੱਧ ਪੂਰੇ ਨਾਟਕਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਉਹ ਤਿੰਨ ਵਾਰ ਪੰਜਾਬ ਰਾਜ ਪੱਧਰ ਦੇ ਵਧੀਆ ਨਿਰਦੇਸ਼ਕ ਬਣ ਚੁੱਕੇ ਹਨ ਅਤੇ ਦੋ ਵਾਰ ਸਟੇਟ ਬੈਂਕ ਆਫ ਪਟਿਆਲ਼ਾ ਦੇ ਇੰਟਰ ਜ਼ੋਨਲ ਨਾਟਕ ਮੁਕਾਬਲਿਆਂ ਵਿੱਚ ਵਧੀਆ ਨਿਰਦੇਸ਼ਕ ਦਾ ਸਨਮਾਨ ਹਾਸਲ ਕਰ ਚੁੱਕੇ ਹਨ।
ਇਸ ਪਹਿਲੀ ਪੇਸ਼ਕਾਰੀ ਦੀ ਸਾਰੇ ਹੀ ਰਿਵੀਊਕਾਰਾਂ ਨੇ ਨਾਟਕ ਦੀ ਪੇਸ਼ਕਾਰੀ ਦੀ ਬਹੁਤ ਤਾਰੀਫ਼ ਕੀਤੀ ਗਈ। ਪਰ ਪ੍ਰਸਿੱਧ ਨਾਟਕਕਾਰ ਅਤੇ ਮੰਚ ਆਲੋਚਕ ਸਰਦਾਰ ਕਪੂਰ ਸਿੰਘ ਘੁੰਮਣ ਨੂੰ ਇਹ ਪੇਸ਼ਕਾਰੀ ਪਸੰਦ ਨਹੀਂ ਆਈ। ਉਹਨਾਂ ਨੇ ਇੱਕ ਅਖਬਾਰ ਰਾਹੀਂ ਨਾਟਕ ਦੀ ਪੇਸ਼ਕਾਰੀ ਸੰਬੰਧੀ ਲਿਖਦੇ ਹੋਏ ਨਿਰਦੇਸ਼ਕ ਤੋਂ ਇਹ ਪੁੱਛਿਆ ਕਿ ਤੁਸੀਂ ਹਮੇਸ਼ਾ ਵਧੀਆ ਨਾਟਕ ਖੇਡੇ ਹਨ, ਪਰ ਇਸ ਵਾਰ ਤੁਸੀਂ ਨਾਵਲ ਕਿਉਂ ਖੇਡਿਆ? ਉਹਨਾਂ ਨੂੰ “ਨਾਟਕ ਦੀ ਬੁਣਤੀ ਢਿੱਲੀ ਮੰਜੀ ਦੀਆਂ ਲਟਕਦੀਆਂ ਰੱਸੀਆਂ ਵਾਂਗ ਲੱਗੀ"। ਸਟੇਜ ’ਤੇ ਇਕੱਲੀ ਪੁਲੀ ਦਾ ਹੋਣਾ ਵੀ ਉਹਨਾਂ ਨੂੰ ਠੀਕ ਨਹੀਂ ਲੱਗਿਆ ਅਤੇ ਨਾ ਹੀ ਅਲਫ਼, ਬੇ, ਪੇ ਵਾਲੇ ਕੋਰਸ ਦੀ ਮੁਹਾਰਨੀ। ਪਰ ਜਦੋਂ ਅਸੀਂ ਇਹੋ ਨਾਟਕ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਕੀਤਾ ਤਾਂ The Tribune ਦੇ ਰੰਗ ਮੰਚ ਕਾਲਮ ਦੇ ਲੇਖਕ ਨੇ ‘ਰਾਗ ਦਰਬਾਰੀ’ ਸੰਬੰਧੀ ਆਪਣੀ ਰਿਪੋਰਟ ਵਿੱਚ ਲਿਖਿਆ- The group scenes created on stage gave electrifying effects. The presentation of the scenes from a novel of 500 pages were well knit to convey the theme. If Sareen gets the mature cast besides Sudesh Verma and Ravi Bhushan this play becomes a masterpiece of theatre. ਉਹਨਾਂ ਨੇ ਨਾਵਲ ਦੇ ਨਾਟਕੀ ਰੂਪਾਂਤਰ ਦੀ ਸ਼ਲਾਘ ਕੀਤੀ। ਉਹਨਾਂ ਦਾ ਵਿਚਾਰ ਸੀ ਕਿ ਹਰ ਦ੍ਰਿਸ਼ ਤੋਂ ਬਾਅਦ “ਅਲਫ, ਬੇ, ਪੇ” ਵਾਲੀ ਮਹਾਰਨੀ ਨੇ ਨਾਟਕ ਦੀ ਰੌਚਕਤਾ ਵਿੱਚ ਵਾਧਾ ਕੀਤਾ।
ਚੰਡੀਗੜ੍ਹ ਵਾਲੀ ਪੇਸ਼ਕਾਰੀ ਦੇ ਮੁੱਖ ਮਹਿਮਾਨ ਦੇ ਤੌਰ ’ਤੇ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਅਤੇ ਮੇਰੇ ਗੁਰੂਦੇਵ ਡਾ. ਹਰਚਰਨ ਸਿੰਘ ਜੀ ਨੇ ਸ਼ਿਰਕਤ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਉਹਨਾਂ ਕਲਾਕਾਰਾਂ, ਨਿਰਦੇਸ਼ਕ ਅਤੇ ਨਾਟਕੀ ਰੂਪਾਂਤਰਕਾਰ ਦੀ ਬਹੁਤ ਤਾਰੀਫ਼ ਕੀਤੀ। ਉਹਨਾਂ ਦਾ ਵਿਚਾਰ ਸੀ ਕਿ ਚੰਗੇ ਨਾਵਲਾਂ ਦੇ ਰੂਪਾਂਤਰ ਨਾਲ ਪੰਜਾਬ ਨਾਟਕ ਅਤੇ ਰੰਗ ਮੰਚ ਦਾ ਪਿੜ ਮੋਕਲਾ ਹੋਵੇਗਾ। ਪਰ ਇਸਦੇ ਨਾਲ ਹੀ ਉਹਨਾਂ ਇਹ ਚਿਤਾਵਣੀ ਵੀ ਦਿੱਤੀ ਕਿ ਹਰ ਨਾਵਲ ਨੂੰ ਨਾਟਕ ਵਿੱਚ ਪੇਸ਼ ਕਰਨ ਦਾ ਜੋਖਮ ਨਾ ਲਿਆ ਜਾਵੇ ਅਤੇ ਰੂਪਾਂਤਰ ਕਰਦੇ ਸਮੇਂ ਨਾਵਲ ਦੀ ਮੂਲ ਭਾਵਨਾ ਦਾ ਧਿਆਨ ਰੱਖਣ ਦੇ ਨਾਲ-ਨਾਲ ਨਾਟਕੀ ਬਾਰੀਕੀਆਂ ਨੂੰ ਕਲਾਤਮਕ ਢੰਗ ਨਾਲ ਉਭਾਰਿਆ ਜਾਵੇ।
ਜਦੋਂ ਮੈਂ ਇਸ ਨਾਟਕ ਦੀ ਪੇਸ਼ਕਾਰੀ ਆਪਣੇ ਸਕੂਲ, ਪੰਜਾਬ ਪਬਲਿਕ ਸਕੂਲ, ਨਾਭਾ ਦੇ ਵਿਦਿਅਰਥੀਆਂ ਲਈ ਵੀ ਕਰਵਾਈ।
ਦਸੰਬਰ 2006 ਵਿੱਚ ਇਹੋ ਨਾਟਕ ਪ੍ਰਸਿੱਧ ਨਿਰਦੇਸ਼ਕ ਗੁਲਜ਼ਾਰ ਪਵਾਰ ਦੇ ਨਿਰਦੇਸ਼ਨ ਅਧੀਨ ਪੰਜਾਬੀ ਅਕਾਦਮੀ ਦੇ ਸਲਾਨਾ ਰੰਗਮੰਚ ਉਤਸਵ ਵਿੱਚ ਖੇਡਿਆ ਗਿਆ। ਇਸ ਉਤਸਵ ਵਿੱਚ ਭਾਗ ਲੈਣ ਦਾ ਸੱਦਾ ਪੱਤਰ ਵੀ ਹਰ ਰੰਗ-ਮੰਚ ਟੋਲੀ ਜਾਂ ਨਿਰਦੇਸ਼ਕ ਨੂੰ ਨਹੀਂ ਮਿਲਦਾ। ਗੁਲਜ਼ਾਰ ਦੀ ਇਹ ਖੁਸ਼ਕਿਸਮਤੀ ਹੈ ਕਿ ਉਸ ਨੂੰ ਤਕਰੀਬਨ ਦਸ-ਬਾਰਾਂ ਵਾਰ ਇਸ ਉਤਸਵ ਵਿੱਚ ਨਾਟਕ ਪੇਸ਼ ਕਰਨ ਦਾ ਮੌਕਾ ਮਿਲਿਆ ਹੈ ਅਤੇ ਇੱਕ ਵਾਰ ਵਧੀਆ ਨਿਰਦੇਸ਼ਕ ਦਾ ਸਨਮਾਨ ਵੀ ਉਸ ਦੀ ਝੋਲੀ ਪੈ ਚੁੱਕਿਆ ਹੈ।
ਦਿੱਲੀ ਵਾਲੀ ਪੇਸ਼ਕਾਰੀ ਵਿੱਚ ਵੈਦ ਜੀ ਦੀ ਮੁੱਖ ਭੂਮਿਕਾ ਨਿਭਾਈ ਰੰਗਮੰਚ ਦੀ ਇੱਕ ਅਜ਼ੀਮ ਹਸਤੀ ਮੋਹਨ ਕੰਬੋਜ ਨੇ। ਮੋਹਨ ਸ਼ਾਇਦ ਪੰਜਾਬੀ ਰੰਗ ਮੰਚ ਦਾ ਵਾਹਿਦ ਕਲਾਕਾਰ ਹੈ ਜਿਸ ਨੇ ਹਿੰਦੀ ਅਤੇ ਪੰਜਾਬੀ ਨਾਟਕਾਂ ਵਿੱਚ ਅਦਾਕਾਰੀ ਵੀ ਕੀਤੀ ਹੈ, ਨਾਟਕਾਂ ਦਾ ਨਿਰਦੇਸ਼ਨ ਵੀ ਕੀਤਾ ਹੈ, ਕਲਾਕਾਰਾਂ ਦੇ ਮੇਕਅੱਪ ਕਰਨ ਵਿੱਚ ਉਸਦੀ ਕਾਬਲੀਅਤ ਦਾ ਲੋਹਾ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਸਿੱਖਿਆ ਪ੍ਰਾਪਤ ਕੀਤੇ ਰੰਗਕਰਮੀ ਵੀ ਮੰਨਦੇ ਹਨ। ਉਹ ਸਕੂਲਾਂ ਦੇ ਬੱਚਿਆਂ ਨੂੰ ਨਾਟਕ ਮੁਕਾਬਲਿਆਂ ਲਈ ਤਿਆਰ ਕਰਦਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਉਹ ਟੀ ਵੀ ਸੀਰੀਅਲ, ਲਘੂ ਫਿਲਮਾਂ, ਫਿਲਮਾਂ ਵਿੱਚ ਵੀ ਅਨੇਕਾਂ ਛੋਟੇ-ਵੱਡੇ ਰੋਲ ਕਰ ਚੁੱਕਿਆ ਹੈ। ਰੰਗ ਮੰਚ ਦਾ ਉਸਦਾ ਵਿਸ਼ਾਲ ਤਜਰਬਾ ਹੈ। ‘ਰਾਗ ਦਰਬਾਰੀ’ ਵਿੱਚ ਉਸ ਦੀ ਦਮਦਾਰ ਅਦਾਕਾਰੀ ਕਰਕੇ ਹੀ ਉਸ ਨੂੰ 2006 ਦੇ ਸਲਾਨਾ ਰੰਗ ਮੰਚ ਉਤਸਵ ਦਾ ਵਧੀਆ ਅਦਾਕਾਰ ਐਲਾਨਿਆ ਗਿਆ। ਕੰਬੋਜ ਨੇ ਆਪਣੇ ਪਾਤਰ ਵਿੱਚ ਜਾਨ ਪਾਉਣ ਲਈ ਸਖ਼ਤ ਮਿਹਨਤ ਕੀਤੀ। ਕਿਸੇ ਪੁਜਾਰੀ ਕੋਲ ਜਾ ਕੇ ਉਸ ਨੇ ਕੁਝ ਸੰਸਕ੍ਰਿਤ ਸ਼ਲੋਕਾਂ ਦਾ ਜਾਪ ਸਿੱਖਿਆ। ਪੰਜਾਬੀ ਰੰਗ ਮੰਚ ਵਿੱਚ ਆਪਣੀ ਵੱਖਰੀ ਥਾਂ ਬਣਾ ਚੁੱਕੇ ਇੱਕ ਹੋਰ ਅਦਾਕਾਰ, ਰਵੀ ਭੂਸ਼ਣ ਨੇ ਵੀ ਇਸ ਨਾਟਕ ਵਿੱਚ ਮੋਹਨ ਕੰਬੋਜ ਦੇ ਮੋਢੇ ਨਾਲ ਮੋਢਾ ਮਿਲਾ ਕੇ ‘ਰਾਗ ਦਰਬਾਰੀ’ ਦੀ ਇਸ ਪੇਸ਼ਕਾਰੀ ਨੂੰ ਯਾਦਗਾਰੀ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਕਮਾਲ ਦੀ ਗੱਲ ਹੈ ਕਿ ਉਸ ਨੇ 1982 ਵਿੱਚ ਵੀ ਰੰਗ ਦਰਪਣ, ਪਟਿਆਲ਼ਾ ਵੱਲੋਂ ਖੇਡੇ ਗਏ ਇਸ ਨਾਟਕ ਵਿੱਚ ਵੀ ਸਕੂਲ ਦੇ ਮੁੱਖ ਅਧਿਆਪਕ ਦਾ ਰੋਲ ਹੀ ਕੀਤਾ ਸੀ। ਉਸ ਸਮੇਂ ਵੀ ਉਸ ਦੀ ਅਦਾਕਾਰੀ ਦੀ ਬਹੁਤ ਪ੍ਰਸ਼ੰਸਾ ਹੋਈ ਸੀ ਅਤੇ ਇਸ ਵਾਰ ਵੀ ਉਸ ਦੀ ਅਦਾਕਾਰੀ ਬਾ-ਕਮਾਲ ਰਹੀ। ਇਸ ਲੰਬੇ ਅਰਸੇ ਦੌਰਾਨ ਉਸ ਦੁਆਰਾ ਰੰਗਮੰਚ ਦੀ ਕੀਤੀ ਬਿਹਤਰੀਨ ਸੇਵਾ ਲਈ ਦਰਸ਼ਕ ਉਸ ਦੇ ਹਰ ਨਾਟਕ ਨੂੰ ਉੜੀਕਦੇ ਹਨ। ਨਾਟਕ ਦੇ ਹੋਰ ਕਲਾਕਾਰਾਂ ਵਿੱਚੋਂ ਪਰਮਜੀਤ ਵੜੈਚ (ਰੰਗ ਨਾਥ), ਸੰਗੀਨ ਰਾਏ (ਬਦਰੀ ਪਹਿਲਵਾਨ), ਰਾਮਦੀਨ (ਅਨਿਲ ਸਨੌਰੀ), ਥਾਣੇਦਾਰ (ਵਿਨੇ ਪੂਰੀ), ਲੰਗੜ (ਵਿਨੋਦ ਕੌਸ਼ਲ), ਸ਼ਨਿੱਚਰ (ਬੌਬੀ ਵਾਲ਼ੀਆ) ਆਦਿ ਨੇ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ।
ਮਰਹੂਮ ਸ਼੍ਰੀ ਲਾਲ ਸ਼ੁਕਲ ਜੀ ਨੇ ਇਸ ਨਾਵਲ ਦੀ ਰਚਨਾ ਤਕਰੀਬਨ ਅੱਧੀ ਸਦੀ ਪਹਿਲਾਂ ਕੀਤੀ ਸੀ। ਆਪਣੇ ਨਾਵਲ ‘ਰਾਗ ਦਰਬਾਰੀ’ ਵਿੱਚ ਉਹਨਾਂ ਨੇ ਤੱਤਕਾਲੀਨ ਭ੍ਰਿਸ਼ਟ ਰਾਜਨੀਤਿਕ ਅਤੇ ਗਿਰਾਵਟ ਵੱਲ ਜਾ ਰਹੇ ਸਮਾਜਿਕ ਹਾਲਾਤ ਦੀ ਤਸਵੀਰ ਨਹੀਂ ਸੀ ਵਾਹੀ ਸਗੋਂ ਕੈਮਰੇ ਦੇ ਲੈਂਜ਼ ਵਾਲੀ ਹੂ-ਬ-ਹੂ ਫੋਟੋ ਖਿੱਚੀ ਸੀ। ਕਮਾਲ ਦੀ ਗੱਲ ਇਹ ਹੈ ਕਿ ਪੰਜਾਹ ਸਾਲ ਦੇ ਵਕਫ਼ੇ ਨਾਲ ਇਸ ਫੋਟੋ ਦੇ ਰੰਗ ਫਿੱਕੇ ਨਹੀਂ ਪਏ ਸਗੋਂ ਹੋਰ ਗੂੜ੍ਹੇ ਹੋਏ ਹਨ। ਸਾਡੇ ਰਾਜਸੀ ਨੇਤਾਵਾਂ ਦਾ ਕਿਰਦਾਰ ਹੱਦ ਦਰਜੇ ਤਕ ਡਿਗ ਚੁੱਕਿਆ ਹੈ ਅਤੇ ਸਾਡਾ ਸਮਾਜਿਕ ਤਾਣਾ-ਬਾਣਾ ਹੋਰ ਉਲਝਿਆ ਹੈ। ‘ਰਾਗ ਦਰਬਾਰੀ’ ਦੀਆਂ ਸੁਰਾਂ ਦੀ ਤਾਨ ਹੋਰ ਡਰਾਉਣੀ ਹੋ ਗਈ ਹੈ। ਲੋੜ ਹੈ ‘ਰਾਗ ਦਰਬਾਰੀ-2’ ਦੀ। ਦਿਲ ਕਰਦਾ ਹੈ ਕਿ ਜਿਵੇਂ ਅੱਜ-ਕੱਲ੍ਹ ਫਿਲਮਾਂ ਦੇ sequel ਬਣਾਉਣ ਦਾ ਚਲਨ ਹੈ, ‘ਰਾਗ ਦਰਬਾਰੀ’ ਦੇ ਪਹਿਲੇ ਨਾਟਕੀ ਰੂਪਾਂਤਰ ਦੀ ਕਹਾਣੀ ਨੂੰ ਵਰਤਮਾਨ ਹਾਲਾਤ ਦੇ ਸੰਦਰਭ ਵਿੱਚ ਅੱਗੇ ਉਲੀਕਿਆ ਜਾਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2831)
(ਸਰੋਕਾਰ ਨਾਲ ਸੰਪਰਕ ਲਈ: