RavinderS Sodhi7ਹੁਣ ਤਾਂ ਵਿਦੇਸ਼ਾਂ ਵਿੱਚ ਵੀ ਭਾਰਤੀਆਂ ਨੇ ਪਟਾਕਿਆਂ ਦੇ ਨਾਂ ’ਤੇ ਗੰਦ ਪਾਉਣਾ ਸ਼ੁਰੂ ...
(29 ਅਕਤੂਬਰ 2024)

 

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦਿਵਾਲੀ ਸਾਡੇ ਦੇਸ਼ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ ਅਤੇ ਸਾਰੇ ਭਾਰਤ ਵਿੱਚ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈਪਟਾਕੇ, ਮਠਿਆਈਆਂ, ਦੀਵੇ, ਮੋਮਬੱਤੀਆਂ, ਲਾਈਟਾਂ ਦੀਆਂ ਲੜੀਆਂ, ਜੂਆ, ਇੱਕ ਦੂਜੇ ਨੂੰ ਤੋਹਫ਼ਿਆਂ ਦੇ ਲੈਣ-ਦੇਣ ਤੋਂ ਲੈ ਕੇ ਰਿਸ਼ਵਤ ਦੇ ਰੂਪ ਵਿੱਚ ਦਿੰਦੇ ਜਾਂਦੇ ਵੱਡੇ-ਵੱਡੇ ਤੋਹਫ਼ਿਆਂ ਦਾ ਚਲਣ ਵੀ ਇਸ ਤਿਉਹਾਰ ਨਾਲ ਜੁੜਿਆ ਹੋਇਆ ਹੈ

ਉਪਰੋਕਤ ਵਿੱਚੋਂ ਪਟਾਕੇ ਅਤੇ ਮਠਿਆਈਆਂ ਦੋ ਅਜਿਹੇ ਪਹਿਲੂ ਹਨ ਜਿਨ੍ਹਾਂ ਨੇ ਇਸ ਤਿਉਹਾਰ ਦੀ ਰੌਣਕ ਵਧਾਉਣ ਦੇ ਨਾਲ-ਨਾਲ ਇਸ ਪਵਿੱਤਰ ਤਿਉਹਾਰ ਦੀ ਪਵਿੱਤਰਤਾ ਨੂੰ ਸੱਟ ਮਾਰੀ ਹੈ ਅਤੇ ਜਾਣੀ ਤੇ ਮਾਲੀ ਨੁਕਸਾਨ ਵੀ ਕੀਤਾ ਹੈਅਜੋਕੇ ਸਮੇਂ ਵਿੱਚ ਮਠਿਆਈਆਂ ਵਿੱਚ ਹੁੰਦੀ ਮਿਲਾਵਟ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਕੇ ਕਈ ਜਾਨ ਲੇਵਾ ਬਿਮਾਰੀਆਂ ਦੇ ਲੜ ਲਾਉਂਦੀ ਹੈਇਹ ਹਰ ਕੋਈ ਜਾਣਦਾ ਹੈ ਕਿ ਦਿਵਾਲੀ ਦੇ ਦਿਨਾਂ ਵਿੱਚ ਵਿਕਣ ਵਾਲੀ ਮਠਿਆਈ ਕਈ ਮਹੀਨੇ ਪਹਿਲਾਂ ਤਿਆਰ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹ ਵੀ ਗੰਦਗੀ ਭਰੇ ਮਾਹੌਲ ਵਿੱਚ, ਜਿੱਥੇ ਮੱਖੀਆਂ, ਮੱਛਰਾਂ, ਛਿਪਕਲੀਆਂ, ਕਾਕਰੋਚ, ਚੂਹਿਆਂ ਆਦਿ ਦੀ ਭਰਮਾਰ ਹੁੰਦੀ ਹੈਸਰਕਾਰ ਨੇ ਇਹਨਾਂ ’ਤੇ ਨਜ਼ਰ ਰੱਖਣ ਲਈ ਕਰਮਚਾਰੀ ਤਾਇਨਾਤ ਕੀਤੇ ਹੋਏ ਹਨ, ਪਰ ਕੀ ਉਹ ਆਪਣਾ ਫਰਜ਼ ਨਿਭਾ ਰਹੇ ਹਨ ਜਾਂ ਆਪਣੀਆਂ ਜੇਬਾਂ ਭਰ ਰਹੇ ਹਨ, ਇਸ ਬਾਰੇ ਹਰ ਕੋਈ ਭਲੀ-ਭਾਂਤ ਜਾਣਦਾ ਹੈਨਹੀਂ ਪਤਾ ਤਾਂ ਸਰਕਾਰ ਜਾਂ ਹਰ ਸ਼ਹਿਰ, ਤਹਿਸੀਲ ਦੀ ਅਫਸਰ ਸ਼ਾਹੀ ਨੂੰ ਹੀ ਨਹੀਂ ਪਤਾ, ਕਿਉਂ ਜੋ ਉਹ ਕੁਰਸੀ ਦੇ ਨਸ਼ੇ ਵਿੱਚ ਚੂਰ ਮਸਤ ਹੋ ਚੁੱਕੇ ਹਨ ਜਾਂ ਉਹਨਾਂ ਨੇ ਵੀ ਇਹਨਾਂ ਦਿਨਾਂ ਵਿੱਚ ‘ਵਹਿੰਦੀ ਗੰਗਾ ਵਿੱਚ ਹੱਥ ਧੋਣੇਹੁੰਦੇ ਹਨ

ਹੁਣ ਗੱਲ ਕਰੀਏ ਪਟਾਕਿਆਂ ਦੀਹਰ ਸਾਲ ਹੀ ਦਿਵਾਲੀ ਤੋਂ ਦੂਜੇ ਦਿਨ ਦੇ ਅਖ਼ਬਾਰਾਂ ਵਿੱਚ ਇਹੋ ਜਿਹੀਆਂ ਖ਼ਬਰਾਂ ਦੀ ਭਰਮਾਰ ਹੁੰਦੀ ਹੈ ਕਿ ਪਟਾਕਿਆਂ ਕਰਕੇ ਕਿੱਥੇ-ਕਿੱਥੇ ਅੱਗ ਲੱਗਣ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਇਆਤਕਰੀਬਨ ਦੋ ਕੁ ਦਹਾਕੇ ਪਹਿਲਾਂ ਦੀ ਗੱਲ ਹੈ ਕਿ ਪੰਜਾਬ ਦੇ ਇੱਕ ਰਿਆਸਤੀ ਸ਼ਹਿਰ ਵਿੱਚ ਆਤਿਸ਼ਬਾਜ਼ੀ ਕਰਕੇ ਕਈ ਦੁਕਾਨਾਂ ਅੱਗ ਦੀ ਭੇਟ ਚੜ੍ਹ ਗਈਆਂ ਸੀ ਅਤੇ ਕਈ ਜਾਨਾਂ ਵੀ ਗਈਆਂ ਸਨਅਜਿਹੀਆਂ ਦੁਰਘਟਨਾਵਾਂ ਤਕਰੀਬਨ ਹਰ ਸਾਲ ਹੀ ਵਾਪਰਦੀਆਂ ਹਨਦੋ-ਚਾਰ ਘੰਟੇ ਦੀ ਮੌਜ ਮਸਤੀ ਕਈ ਘਰਾਂ ਦੇ ਚਿਰਾਗ ਹਮੇਸ਼ਾ ਲਈ ਬੁਝਾ ਦਿੰਦੀ ਹੈ, ਜਿਸ ਕਰਕੇ ਉਹਨਾਂ ਪਰਿਵਾਰਾਂ ਦੀ ਦਿਵਾਲੀ ਸਾਰੀ ਉਮਰ ਲਈ ਹੀ ਕਾਲੀ ਦੀਵਾਲੀ ਦਾ ਰੂਪ ਇਖਤਿਆਰ ਕਰ ਲੈਂਦੀ ਹੈ

ਸਮੁੱਚੇ ਦੇਸ਼ ਵਿੱਚ ਹੀ ਸਥਾਨਕ ਅਫਸਰਸ਼ਾਹੀ ਸਰਕਾਰ ਤੋਂ ਮਿਲੀਆਂ ਦਿਖਾਵੇ ਦੀਆਂ ਹਿਦਾਇਤਾਂ ਅਨੁਸਾਰ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਹੇਠਲੇ ਅਫਸਰਾਂ ਨੂੰ ਤਾੜਨਾ ਕਰਦੀ ਹੈ ਕਿ ਪਟਾਕੇ ਤੰਗ ਗਲੀਆਂ, ਬਜ਼ਾਰਾਂ ਵਿੱਚ ਨਹੀਂ ਵਿਕਣੇ ਚਾਹੀਦੇ, ਜਿਹੜੇ ਦੁਕਾਨਦਾਰਾਂ ਕੋਲ ਪਟਾਕੇ ਵੇਚਣ ਦਾ ਲਾਇਸੰਸ ਹੈ, ਉਹੀ ਪਟਾਕੇ ਵੇਚ ਸਕਦੇ ਹਨ, ਬਾਕੀਆਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਇਹ ਕਾਨੂੰਨੀ ਕਾਰਵਾਈ ਕੀ ਹੁੰਦੀ ਹੈ? ਇਸਦਾ ਅਜੇ ਤਕ ਪਤਾ ਨਹੀਂ ਲੱਗਿਆਹਰ ਛੋਟੇ-ਵੱਡੇ ਸ਼ਹਿਰ ਦੀਆਂ ਦੁਕਾਨਾਂ ਦੇ ਅੱਗੇ ਮੰਜੇ ਜਾਂ ਫੱਟੇ ਲਾ ਕੇ ਪਟਾਕੇ ਧੜੱਲੇ ਨਾਲ ਵਿਕਦੇ ਹਨਪਤਾ ਨਹੀਂ ਡੀ. ਸੀ, ਐੱਸ.ਡੀ.ਐੱਮ, ਪੁਲਿਸ ਮਹਿਕਮੇ ਦੇ ਉੱਪਰ ਤੋਂ ਲੈ ਕੇ ਹੇਠਲੇ ਪੱਧਰ ਦੇ ਕਰਮਚਾਰੀ ਕਿਹੜੇ ਭੋਰੇ ਵਿੱਚ ਬੈਠੇ ਸਰਕਾਰੀ ਹੁਕਮਾਂ ਦੀ ਤਾਮੀਲ ਕਰ ਰਹੇ ਹੁੰਦੇ ਹਨ ਜਾਂ ਲਛਮੀ ਦੇਵੀ ਵੱਲੋਂ ਬਰਸਾਏ ਨੋਟਾਂ ਦੇ ਝਲਕਾਰੇ ਲੈ ਰਹੇ ਹੁੰਦੇ ਹਨ?

ਇਹ ਨਹੀਂ ਕਿਹਾ ਜਾ ਸਕਦਾ ਕਿ ਦਿਵਾਲੀ ਵਾਲੇ ਦਿਨਾਂ ਵਿੱਚ ਪਟਾਕੇ ਨਾ ਚਲਾਓ, ਪਰ ਹਰ ਚੀਜ਼ ਇੱਕ ਹੱਦ ਵਿੱਚ ਹੀ ਚੰਗੀ ਲਗਦੀ ਹੈਖੁਸ਼ੀ ਮਨਾਉਣ ਦਾ ਵੀ ਢੰਗ ਹੁੰਦਾ ਹੈਖੁਸ਼ੀ ਵੇਲੇ ਘਰ ਫੂਕ ਤਮਾਸ਼ਾ ਤਾਂ ਨਹੀਂ ਦੇਖਿਆ ਜਾ ਸਕਦਾ

ਹੁਣ ਤਾਂ ਵਿਦੇਸ਼ਾਂ ਵਿੱਚ ਵੀ ਭਾਰਤੀਆਂ ਨੇ ਪਟਾਕਿਆਂ ਦੇ ਨਾਂ ’ਤੇ ਗੰਦ ਪਾਉਣਾ ਸ਼ੁਰੂ (ਮੁਆਫ਼ੀ ਸਹਿਤ) ਕਰ ਦਿੱਤਾ ਹੈਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਦੇ ਕੁਝ ਸ਼ਹਿਰਾਂ ਵਿੱਚ ਪੁਲਿਸ ਵੱਲੋਂ ਨਿਰਧਾਰਤ ਸਮੇਂ ਤੋਂ ਬਾਅਦ ਵੀ ਪਟਾਕੇ ਚਲਾਏ ਗਏ, ਪੁਲਿਸ ਵੱਲੋਂ ਰੋਕਣ ’ਤੇ ਉਹਨਾਂ ਨਾਲ ਬੋਲ ਬੁਲਾਰਾ ਕੀਤਾ ਗਿਆਇਸਦਾ ਨਤੀਜਾ ਕੀ ਨਿਕਲਿਆ? ਕਈ ਵਿਦਿਆਰਥੀਆਂ ਨੂੰ ਡਿਪੋਰਟ ਕੀਤਾ ਗਿਆਦੇਸ਼ ਦੀ ਜੋ ਬਦਨਾਮੀ ਹੋਈ, ਉਹ ਵੱਖ ਇੱਥੇ ਇਹ ਲਿਖਣ ਵਿੱਚ ਕੋਈ ਹਰਜ਼ ਨਹੀਂ ਕਿ ਇਹਨਾਂ ਵਿੱਚੋਂ ਬਹੁਤੇ ਵਿਦਿਆਰਥੀ ਪੰਜਾਬ ਨਾਲ ਸੰਬੰਧਿਤ ਸਨ

ਪਟਾਕਿਆਂ ਦੀ ਸਮੱਸਿਆ ਨਾਲ ਨਜਿੱਠਣਾ ਬਹੁਤਾ ਮੁਸ਼ਕਿਲ ਨਹੀਂ, ਸਰਕਾਰ ਇਹ ਕੰਮ ਅਸਾਨੀ ਨਾਲ ਕਰ ਸਕਦੀ ਹੈਹਰ ਸ਼ਹਿਰ ਨੂੰ ਵੱਖ-ਵੱਖ ਹਲਕਿਆਂ ਵਿੱਚ ਵੰਡਿਆ ਜਾਵੇਹਰ ਹਲਕੇ ਦੇ ਦੁਕਾਨਦਾਰ, ਜੋ ਵੀ ਪਟਾਕੇ ਵੇਚ ਰਹੇ ਹਨ, ਉਹਨਾਂ ਦੀ ਵੀਡੀਓਗ੍ਰਾਫੀ ਕਰਵਾਈ ਜਾਵੇ ਅਤੇ ਉਹਨਾਂ ਨੂੰ ਕਿਹਾ ਜਾਵੇ ਕਿ ਉਹ ਆਪਣੇ ਲਾਇਸੈਂਸ ਦੁਕਾਨ ਦੇ ਬਾਹਰ ਲਾ ਕੇ ਰੱਖਣਵੀਡੀਓਗ੍ਰਾਫੀ ਕਰਦੇ ਵੇਲੇ ਦੁਕਾਨਦਾਰ ਦੇ ਲਾਇਸੰਸ ਦੀ ਸਾਫ ਫ਼ੋਟੋ ਲੈਣ ਦੀ ਹਦਾਇਤ ਕੀਤੀ ਜਾਵੇ ਤਾਂ ਜੋ ਲਾਇਸੰਸ ਨੰਬਰ ਸਾਫ-ਸਾਫ ਦਿਸੇਉਸ ਤੋਂ ਬਾਅਦ ਲਾਇਸੰਸ ਜਾਰੀ ਕਰਨ ਵਾਲੇ ਦਫਤਰ ਤੋਂ ਰਿਕਾਰਡ ਮੰਗਿਆ ਜਾਵੇ ਕਿ ਕਿਸੇ ਹਲਕੇ ਵਿੱਚ ਕਿੰਨੇ ਦੁਕਾਨਦਾਰਾਂ ਨੂੰ ਪਟਾਕੇ ਵੇਚਣ ਦੀ ਮਨਜ਼ੂਰੀ ਦਿੱਤੀ ਗਈ ਸੀਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਤਕਰੀਬਨ ਸਾਰੇ ਮਹਿਕਮਿਆਂ ਵਿੱਚ ਹੀ ਉੱਪਰ ਤੋਂ ਲੈ ਕੇ ਹੇਠਾਂ ਤਕ ਰਿਸ਼ਵਤ ਦੀ ਬਿਮਾਰੀ ਇੱਕ ਮਹਾਂਮਾਰੀ ਦੇ ਰੂਪ ਵਿੱਚ ਫੈਲੀ ਹੋਈ ਹੈ ਅਤੇ ਸੰਬੰਧਿਤ ਕਰਮਚਾਰੀ ਆਪਣੇ ਚਾਹ-ਪਾਣੀ ਦਾ ਜੁਗਾੜ ਬਣਾ ਹੀ ਲੈਂਦੇ ਹਨ, ਪਰ ਸਖ਼ਤਾਈ ਕਰਨ ਨਾਲ ਕੁਝ ਅਸਰ ਪਵੇਗਾ ਜ਼ਰੂਰਬਿਨਾਂ ਮਨਜ਼ੂਰੀ ਪਟਾਕੇ ਵੇਚਣ ਵਾਲਿਆਂ ਨੂੰ ਭਾਰੀ ਜੁਰਮਾਨੇ ਕੀਤੇ ਜਾਣਇਸ ਸਖ਼ਤੀ ਨਾਲ ਹਰ ਸਾਲ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਕਾਫੀ ਹੱਦ ਤਕ ਰਾਹਤ ਮਿਲ ਸਕਦੀ ਹੈ ਅਤੇ ਪੰਜ-ਸੱਤ ਸਾਲਾਂ ਵਿੱਚ ਹਾਲਾਤ ਕਾਫੀ ਹੱਦ ਤਕ ਸੁਧਰ ਸਕਦੇ ਹਨਦੇਸ਼ ਦੀ ਸੁਪਰੀਮ ਕੋਰਟ ਨੇ ਵੀ ਪਟਾਕਿਆਂ ਸੰਬੰਧੀ ਹਦਾਇਤਾਂ ਦਿੱਤੀਆਂ ਹੋਈਆਂ ਹਨਜਿਹੜੇ ਸਥਾਨਕ ਉੱਚ ਅਧਿਕਾਰੀ ਇਸ ਕੰਮ ਵਿੱਚ ਸਹਾਇਤਾ ਨਹੀਂ ਕਰਦੇ, ਉਹ ਭਾਵੇਂ ਡੀ ਸੀ ਹੋਣ, ਐੱਸ ਡੀ ਐੱਮ ਜਾਂ ਪੁਲਿਸ ਅਫਸਰ, ਸਭ ’ਤੇ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਹੀ ‘ਹਰੀ ਦਿਵਾਲੀਦਾ ਨਾਅਰਾ ਅਮਲ ਵਿੱਚ ਆ ਸਕਦਾ ਹੈ, ਨਹੀਂ ਤਾਂ ਦਿਵਾਲੀ ਦੇ ਦਿਨਾਂ ਵਿੱਚ ਆਏ ਸਾਲ ਅੱਗਾਂ ਲੱਗਦੀਆਂ ਰਹਿਣਗੀਆਂ ਅਤੇ ਜਾਨੀ-ਮਾਲੀ ਨੁਕਸਾਨ ਹੁੰਦਾ ਰਹੇਗਾਫੋਕੀਆਂ ਗੱਲਾਂ ਨਾਲ ਹਾਲਾਤ ਨਹੀਂ ਸੁਧਰਨੇਸੰਬੰਧਿਤ ਅਫਸਰਸ਼ਾਹੀ ਨੂੰ ਜਵਾਬਦੇਹ ਬਣਾਉਣਾ ਸਮੇਂ ਦੀ ਲੋੜ ਹੈ

*   *   *   *   *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5400)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  This email address is being protected from spambots. You need JavaScript enabled to view it.

About the Author

ਰਵਿੰਦਰ ਸਿੰਘ ਸੋਢੀ

ਰਵਿੰਦਰ ਸਿੰਘ ਸੋਢੀ

Richmond, British Columbia, Canada)
Phone: (604-369-2371)
Email: (
ravindersodhi51@gmail.com)

More articles from this author