“ਲੇਖਕ ਨੇ ਕਹਾਣੀਆਂ ਦੇ ਪਲਾਟ ਅਜਿਹੇ ਸਿਰਜੇ ਹਨ ਅਤੇ ਘਟਨਾਵਾਂ ਨੂੰ ਇਸ ਤਰਤੀਬ ਵਿੱਚ ਪੇਸ਼ ...”
(31 ਮਾਰਚ 2022)
ਮਹਿਮਾਨ: 93.
ਪੰਜਾਬੀ, ਪੰਜਾਬ ਵਿੱਚ ਰਹਿੰਦੇ ਹੋਣ, ਪੰਜਾਬ ਤੋਂ ਬਾਹਰ ਜਾਂ ਪਰਵਾਸ ਕਰਕੇ ਕਿਸੇ ਬਾਹਰਲੇ ਮੁਲਕ ਚਲੇ ਜਾਣ, ਉਹਨਾਂ ਦੀ ਬੋਲ ਬਾਣੀ, ਸੋਚਣ ਦਾ ਢੰਗ, ਦੂਜਿਆਂ ਪ੍ਰਤੀ ਸੋਚਣ ਦਾ ਨਜ਼ਰੀਆ, ਆਪਣੇ ਬੱਚਿਆਂ ਪ੍ਰਤੀ ਵਤੀਰਾ, ਰਹਿਣ ਸਹਿਣ ਦੇ ਤੌਰ ਤਰੀਕੇ, ਦਿਖਾਵੇ ਦੀ ਰੁਚੀ ਵਿੱਚ ਘੱਟ ਹੀ ਬਦਲਾਵ ਆਉਂਦਾ ਹੈ। ਇੱਕ ਪੱਖੋਂ ਉਹਨਾਂ ਵਿੱਚ ਕੁਝ ਤਬਦੀਲੀ ਜ਼ਰੂਰ ਦੇਖਣ ਨੂੰ ਮਿਲਦੀ ਹੈ, ਉਹ ਹੈ ਕਮਾਈ ਲਈ ਹਰ ਜਾਇਜ਼ ਨਾਜਾਇਜ਼ ਢੰਗ ਦੀ ਵਰਤੋਂ। ਇਹ ਮੰਨਣ ਵਿੱਚ ਵੀ ਕੋਈ ਇਤਰਾਜ਼ ਨਹੀਂ ਕਿ ਸਾਰਿਆਂ ਨੂੰ ਇੱਕੋ ਰੱਸੇ ਫਾਹਾ ਵੀ ਨਹੀਂ ਦਿੱਤਾ ਜਾ ਸਕਦਾ ਭਾਵ ਕੁਝ ਉਪਰੋਕਤ ਰੁਚੀਆਂ ਤੋਂ ਦੂਰ ਵੀ ਰਹਿੰਦੇ ਹਨ, ਪਰ ਸਾਫਗੋਈ ਇਹ ਹੈ ਕਿ ਬਹੁਤੇ ਪੰਜਾਬੀ ਬਾਹਰ ਜਾ ਕੇ ਵੀ ਆਪਣੇ ਤੌਰ-ਤਰੀਕਿਆਂ ਤੋਂ ਬਾਜ਼ ਨਹੀਂ ਆਉਂਦੇ। ਸਾਹਿਤ ਨੂੰ ਅਸੀਂ ਸਮਾਜ ਦਾ ਸ਼ੀਸ਼ਾ ਕਹਿੰਦੇ ਹਾਂ, ਇਸ ਲਈ ਪਰਵਾਸੀ ਸਾਹਿਤਕਾਰਾਂ ਦੀ ਰਚਨਾਵਾਂ ਵਿੱਚ ਪੰਜਾਬੀਆਂ ਦੀ ਅਜਿਹੀ ਜੀਵਨ ਸ਼ੈਲੀ ਦੇ ਝਲਕਾਰੇ ਆਮ ਹੀ ਮਿਲਦੇ ਹਨ। ਇੰਗਲੈਂਡ ਵਸਦੇ ਕਹਾਣੀਕਾਰ ਬਲਵੰਤ ਸਿੰਘ ਗਿੱਲ ਦੇ ਪਲੇਠੇ ਕਹਾਣੀ ਸੰਗ੍ਰਹਿ ’ਵਲੈਤੀ ਵਾਂਢਾ ਤੇ ਹੋਰ ਕਹਾਣੀਆਂ’ ਨੂੰ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਦੀ ਆਰਸੀ ਕਿਹਾ ਜਾ ਸਕਦਾ ਹੈ।
ਪ੍ਰਸਤੁਤ ਪੁਸਤਕ ਵਿੱਚ ਵੀਹ ਕਹਾਣੀਆਂ ਹਨ। ਇਹਨਾਂ ਵਿੱਚੋਂ ਕੇਵਲ ਇੱਕ ਕਹਾਣੀ ’ਗਰੀਬ ਦੀ ਹੱਟੀ’ ਦਾ ਕਾਰਜ ਖੇਤਰ ਹੀ ਸਿਰਫ ਪੰਜਾਬ ਦੀ ਧਰਤੀ ’ਤੇ ਵਾਪਰਦਾ ਹੈ। ਬਾਕੀ ਕਹਾਣੀਆਂ ਵਿੱਚੋਂ ਕੁਝ ਪੰਜਾਬ ਅਤੇ ਇੰਗਲੈਂਡ ਵਿੱਚ ਵਾਪਰਦੀਆਂ ਹਨ ਅਤੇ ਕੁਝ ਦਾ ਕਥਾਨਕ ਬਰਤਾਨੀਆ ਦੇ ਸਮਾਜ ਨਾਲ ਹੀ ਸੰਬੰਧਤ ਹੈ। ਇੱਕ ਕਹਾਣੀ ਵਿੱਚ ਕੈਨੇਡਾ ਦਾ ਵੀ ਜ਼ਿਕਰ ਹੈ ਅਤੇ ਕੁਝ ਕਹਾਣੀਆਂ ਵਿੱਚ ਜਰਮਨੀ ਜਾਂ ਹੋਰ ਕਿਸੇ ਮੁਲਕ ਰਾਹੀਂ ਬਰਤਾਨੀਆ ਵਿੱਚ ਚੋਰੀ ਛਿਪੇ ਦਾਖਲ ਹੋਣ ਦੀ ਗੱਲ ਵੀ ਕੀਤੀ ਗਈ ਹੈ। ਸਾਰੀਆਂ ਕਹਾਣੀਆਂ ਹੀ ਯੂ ਕੇ ਵਿੱਚ ਪੰਜਾਬੀ ਪਰਵਾਸੀਆਂ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਦੀ ਤਰਜਮਾਨੀ ਕਰਦੀਆਂ ਹਨ। ਇਸਦਾ ਮੁੱਖ ਕਾਰਨ ਇਹ ਵੀ ਹੋ ਸਕਦਾ ਹੈ ਕਿ ਇਸ ਕਹਾਣੀ ਸੰਗ੍ਰਹਿ ਦੇ ਲੇਖਕ ਬਲਵੰਤ ਸਿੰਘ ਗਿੱਲ ਨੇ ਅਜਿਹੇ ਵਰਤਾਰੇ ਆਪ ਹੰਢਾਏ ਵੀ ਹਨ ਅਤੇ ਹੋਰਾਂ ਨਾਲ ਵਾਪਰਿਆਂ ਦਾ ਚਸ਼ਮਦੀਦ ਗਵਾਹ ਵੀ ਹੈ।
ਇਹ ਕਹਾਣੀ ਸੰਗ੍ਰਹਿ ਪੜ੍ਹਨ ਉਪਰੰਤ ਕਹਾਣੀਕਾਰ ਦੀ ਕਹਾਣੀ ਕਲਾ ਦੇ ਕੁਝ ਮਹੱਤਵਪੂਰਨ ਪਹਿਲੂ ਦ੍ਰਿਸ਼ਟੀ ਗੋਚਰ ਹੁੰਦੇ ਹਨ-- ਬਹੁਤੀਆਂ ਕਹਾਣੀਆਂ ਬਿਆਨੀਆ ਹਨ ਭਾਵ ਲੇਖਕ ਹੀ ਕਹਾਣੀ ਦੇ ਕਥਾਨਕ ਨੂੰ ਬਿਆਨ ਕਰ ਰਿਹਾ ਹੈ, ਪਰ ਉਹ ਆਪ ਸਾਹਮਣੇ ਨਹੀਂ ਆਉਂਦਾ। ਕਹਾਣੀਆਂ ਵਿੱਚ ਕਹਾਣੀ ਰਸ ਬਣਿਆ ਰਹਿੰਦਾ ਹੈ। ਲੇਖਕ ਨੇ ਕਹਾਣੀਆਂ ਦੇ ਪਲਾਟ ਅਜਿਹੇ ਸਿਰਜੇ ਹਨ ਅਤੇ ਘਟਨਾਵਾਂ ਨੂੰ ਇਸ ਤਰਤੀਬ ਵਿੱਚ ਪੇਸ਼ ਕੀਤਾ ਹੈ ਕਿ ਪਾਠਕ ਦੀ ਉਤਸੁਕਤਾ ਬਣੀ ਰਹਿੰਦੀ ਹੈ। ਉਹ ਕਹਾਣੀ ਦੇ ਅੰਤ ਤਕ ਕਹਾਣੀ ਨਾਲ ਜੁੜਿਆ ਵੀ ਰਹਿੰਦਾ ਹੈ। ਇੱਕ ਤੋਂ ਬਾਅਦ ਦੂਜੀ ਘਟਨਾ ਅਜਿਹੀ ਤੀਬਰਤਾ ਨਾਲ ਵਾਪਰਦੀ ਹੈ ਕਿ ਪਾਠਕ ਦੀ ਇਹ ਜਾਣਨ ਦੀ ਇੱਛਾ ਬਹਿਬਲ ਹੋ ਜਾਂਦੀ ਹੈ ਕਿ ਕਹਾਣੀ ਦਾ ਅੰਤ ਕੀ ਹੋਵੇਗਾ। ਇੱਕ ਦੋ ਕਹਾਣੀਆਂ ਦੇ ਅੰਤ ਵਿੱਚ ਪਾਠਕਾਂ ਦੀ ਸੋਚ ਨੂੰ ਟੁੰਬਣ ਦੀ ਜੁਗਤ ਵੀ ਵਰਤੀ ਗਈ ਹੈ ਭਾਵ ਪਾਠਕ ਇਹ ਸੋਚਦੇ ਰਹਿੰਦੇ ਹਨ ਕਿ ਇਸ ਤੋਂ ਬਾਅਦ ਪਾਤਰ ਨਾਲ ਕੀ ਵਾਪਰਿਆ ਹੋਵੇ ਗਾ? ਇਹ ਵਧੀਆ ਕਹਾਣੀ ਦਾ ਮੀਰੀ ਗੁਣ ਹੁੰਦਾ ਹੈ। ਕੁਝ ਕਹਾਣੀਆਂ ਪਾਤਰ ਪ੍ਰਧਾਨ ਵੀ ਹਨ। ਅਜਿਹੇ ਪਾਤਰ ਆਪਣੀ ਵੱਖਰੀ ਪਹਿਚਾਣ ਬਣਾਉਣ ਦੇ ਸਮਰੱਥ ਹਨ। ਲੇਖਕ ਦੀ ਭਾਸ਼ਾ ਤੇ ਪਕੜ ਵੀ ਹੈ। ਲੇਖਕ ਕਿਉਂ ਜੋ ਪੰਜਾਬ ਵਿੱਚ ਦੁਆਬੇ ਦੇ ਇਲਾਕੇ ਦਾ ਜੰਮਪਲ ਹੈ, ਇਸ ਲਈ ਕਈ ਥਾਂ ਦੁਆਬੀ ਉਪ ਭਾਸ਼ਾ ਦੇ ਠੇਠ ਸ਼ਬਦ ਵੀ ਵਰਤੇ ਹਨ। ਮਸਲਨ ’ਵਾਂਢਾ’ ਸ਼ਬਦ ਆਮ ਤੌਰ ’ਤੇ ਘਰੋਂ ਬਾਹਰ ਜਾਣ ਨੂੰ ਕਿਹਾ ਜਾਂਦਾ ਹੈ, ਪਰ ਦੁਆਬੇ ਦੇ ਇਲਾਕੇ ਵਿੱਚ ਕਿਸੇ ਨੇੜਲੇ ਰਿਸ਼ਤੇਦਾਰ ਦੇ ਘਰ ਜਾਣ ਨੂੰ ਕਿਹਾ ਜਾਂਦਾ ਹੈ। ਉਦਾਹਰਣ ਦੇ ਤੌਰ ’ਤੇ ਪੰਨਾ 24 ਦਾ ਇਹ ਵਾਕ “ਇਹ ਮਿਡਲੈਂਡ ਦੇ ਭਾਈਬੰਦ ਉਸ ਦਾ ਵਾਂਢਾ ਹੀ ਖਰਾਬ ਕਰ ਗਏ। “ ਕਹਾਣੀ ਦਾ ਆਖਰੀ ਵਾਕ “ਮਾਮਾ ਜੀ ਫੇਰ ਕੀਤੇ ਵਾਂਢੇ ਆਵਾਂਗੇ, ਤੁਸੀਂ ਹੁਣ ਅਰਾਮ ਕਰੋ। “
ਜੇ ਕਹਾਣੀਆਂ ਦੇ ਵਿਸ਼ਿਆਂ ਦੀ ਗੱਲ ਕਰੀਏ ਤਾਂ ਇਹ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਬਲਵੰਤ ਸਿੰਘ ਨੇ ਸ਼ਾਇਦ ਬਰਤਾਨੀਆ ਰਹਿੰਦੇ ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਕੋਈ ਅਜਿਹਾ ਵਿਸ਼ਾ ਛੱਡਿਆ ਹੀ ਨਹੀਂ ਜਿਸਦੀ ਆਪਣੀਆਂ ਕਹਾਣੀਆਂ ਵਿੱਚ ਚਰਚਾ ਨਾ ਕੀਤੀ ਹੋਵੇ। ਇਸ ਪੱਖੋਂ ਕਹਾਣੀਕਾਰ ਦੀ ਆਪਣੇ ਚੌਗਿਰਦੇ ਨੂੰ ਨਿਹਾਰਨ ਅਤੇ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕਰਨ ਦੀ ਸੂਝ ਦੀ ਦਾਦ ਦੇਣੀ ਬਣਦੀ ਹੈ। ਵਲਾਇਤੀ ਵਾਂਢਾ ਕਹਾਣੀ ਵਿੱਚ ਪਰਵਾਸੀਆਂ ਦੀ ਜ਼ਿੰਦਗੀ ਦੇ ਕਈ ਪਹਿਲੂਆਂ ਨੂੰ ਛੋਹਿਆ ਗਿਆ ਹੈ --- ਬਰਤਾਨੀਆ ਦੀ ਮਸ਼ੀਨੀ ਜ਼ਿੰਦਗੀ ਕਾਰਨ ਲੋਕ ਆਪਣਿਆਂ ਤੋਂ ਵੀ ਦੂਰ ਹੋ ਰਹੇ ਹਨ ਅਤੇ ਰਿਸ਼ਤੇਦਾਰਾਂ ਨੂੰ ਵੀ ਮਿਲਣ ਤੋਂ ਕੰਨੀ ਕਤਰਾਉਂਦੇ ਹਨ, ਪੰਜਾਬੀਆਂ ਦੀ ਦਾਰੂ ਪੀ ਕੇ ਹੁੱਲੜ੍ਹਬਾਜ਼ੀ ਕਰਨ ਦੀ ਆਦਤ, ਜਿਸ ਕਾਰਨ ਗੋਰੇ ਉਹਨਾਂ ਨੂੰ ਨਫਰਤ ਕਰਦੇ ਹਨ, ਮੁਫ਼ਤ ਦੀ ਸ਼ਰਾਬ ਨੂੰ ਪਾਣੀ ਵਾਂਗ ਪੀਣਾ, ਮਹਿਮਾਨ ਨਵਾਜੀ ਦਾ ਗਲਤ ਇਸਤੇਮਾਲ ਕਰਨਾ ਆਦਿ (ਵਲਾਇਤੀ ਵਾਂਢਾ), ਪੰਜਾਬੀ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਮਜਬੂਰ ਹੋ ਕੇ ਬਾਹਰ ਭੇਜਣਾ, ਪੰਜਾਬ ਦੇ ਵਿਆਹਾਂ ਵਿੱਚ ਖੁੱਲ੍ਹਾ ਖਾਣ-ਪੀਣ ਦੇ ਨਾਲ-ਨਾਲ ਮਹਿਮਾਨਾਂ ਵੱਲੋਂ ਖਾਣ ਦੀਆਂ ਚੀਜ਼ਾਂ ਨੂੰ ਖਰਾਬ ਕਰਨਾ, ਸ਼ਰਾਬ ਜ਼ਿਆਦਾ ਪੀਣ ਵਾਲਿਆਂ ਦਾ ਸਹੀ ਚਿਤਰਣ (ਘੱਟ ਵਿਆਹ), ਗੁਰੂ ਘਰਾਂ ਵਿੱਚ ਲੰਗਰ ਸਮੇਂ ਵੀ ਜਨਾਨੀਆਂ ਵੱਲੋਂ ਸੂਟਾਂ, ਫੈਸ਼ਨ ਦੀਆਂ ਗੱਲਾਂ ਅਤੇ ਲੜਾਈ ਝਗੜਾ (ਬਚਨੀ ਦਾ ਲੰਗਰ), ਪਰਵਾਸੀਆਂ ਵੱਲੋਂ ਖੂਨ-ਪਸੀਨੇ ਨਾਲ ਕਮਾਈ ਦੌਲਤ ਨਾਲ ਪੰਜਾਬ ਵਿੱਚ ਆਲੀਸ਼ਾਨ ਕੋਠੀਆਂ ਪਾਉਣ ਦਾ ਰਿਵਾਜ਼ ਅਤੇ ਉਹਨਾਂ ਕੋਠੀਆਂ ਤੇ ਦੂਸਰਿਆਂ ਵੱਲੋਂ ਨਜਾਇਜ਼ ਸ ਵਾਲਿਆਂ ਵੱਲੋਂ ਮੋਟੀ ਰਿਸ਼ਵਤ ਲੈ ਕੇ ਵੀ ਧੋਖਾ ਕਰਨਾ (ਥਾਣੇਦਾਰ ਮਲਕੀਤ ਸਿੰਘ ਦੀ ਕੋਠੀ), ਮਾਪਿਆਂ ਵੱਲੋਂ ਪੁੱਤਰ ਤੇ ਭਰੋਸਾ ਕਰਕੇ ਜਾਇਦਾਦ ਉਸ ਦੇ ਨਾਂ ਕਰਵਾ ਦੇਣੀ, ਪਰ ਪੁੱਤਰ ਦੀ ਮੌਤ ਤੋਂ ਬਾਅਦ ਨੂੰਹ ਵੱਲੋਂ ਸੱਸ-ਸਹੁਰੇ ਨੂੰ ਘਰੋਂ ਕੱਢ ਦੇਣਾ (ਚੰਡੀਗੜ੍ਹ ਦੀ ਕੁੜੀ), ਪੰਜਾਬੀਆਂ ਦੀ ਮੁੰਡੇ ਦੀ ਲਾਲਸਾ (ਧੁਆਂਖੀ ਬੱਤੀ), ਪਰਵਾਸੀਆਂ ਦੇ ਦਿਲ ਵਿੱਚ ਦੌਲਤ ਕਮਾਉਣ ਦੀ ਲਾਲਸਾ ਅਤੇ ਉਹਨਾਂ ਦੀ ਕਮਾਈ ਦੀ ਪੰਜਾਬ ਰਹਿੰਦੇ ਪੁੱਤਰ ਵੱਲੋਂ ਦੁਰਵਰਤੋਂ (ਹੌਲਦਾਰ ਕਿਸ਼ਨ ਸਿੰਘ), ਆਪਣੇ ਮੰਤਵ ਦੀ ਪੂਰਤੀ ਲਈ ਵਿਆਹ ਕਰਵਾ ਕੇ ਕੈਨੇਡਾ ਪਹੁੰਚੀਆਂ ਕੁੜੀਆਂ ਜਦੋਂ ਪੱਕੀਆਂ ਹੋ ਜਾਂਦੀਆਂ ਹਨ ਤਾਂ ਕਿਵੇਂ ਇੱਕੋ ਦਮ ਰੰਗ ਬਦਲਦੀਆਂ ਹਨ (ਪੀ ਆਰ) ਆਦਿ। ਡਾ. ਅਵਤਾਰ ਐੱਸ ਸੰਘਾ ਨੇ ਇਹਨਾਂ ਕਹਾਣੀਆਂ ਸੰਬੰਧੀ ਬਹੁਤ ਭਾਵਪੂਰਤ ਟਿੱਪਣੀ ਕਰਦੇ ਲਿਖਿਆ ਹੈ, “ਉਸ ਦੀਆਂ ਕਰਿਤਾਂ ਯਥਾਰਥ ਦੇ ਰਹਿਤਲ ’ਤੇ ਵੀ ਖਰੀਆਂ ਉਤਰਦੀਆਂ ਹਨ। “ ਡਾ. ਦਵਿੰਦਰ ਸਿੰਘ ਜੀਤਲਾ ਦਾ ਵਿਚਾਰ ਹੈ ਕਿ ’ਬਲਵੰਤ ਸਿੰਘ ਗਿੱਲ ਦੀਆਂ ਕਹਾਣੀਆਂ ਦੋਵੇਂ ਜਗ੍ਹਾ ਦੇ ਵਾਤਾਵਰਣ ਵਿੱਚ ਵਸਦੇ ਲੋਕਾਂ ਦੇ ਕਿਰਦਾਰਾਂ ਵਿੱਚੋਂ ਉਤਪਨ ਹੋਈਆਂ ਹਨ। ’
ਪ੍ਰਸਤੁਤ ਕਹਾਣੀ ਸੰਗ੍ਰਹਿ ਦੀਆਂ ਜੇ ਪਾਤਰ ਪ੍ਰਧਾਨ ਕਹਾਣੀਆਂ ਦੀ ਗੱਲ ਕੀਤੀ ਜਾਵੇ ਤਾਂ ਮੱਰਈਆ (ਗੋਰੀ ਨੂੰਹ), ਫ਼ੌਜੀ ਗੁਰਨਾਮ ਸਿੰਘ (ਫ਼ੌਜੀ), ਮੈਂ (ਥੇਹ ਦੀ ਨਿਸ਼ਾਨੀ), ਸ਼ਰਨ (ਜੁਗਾੜ), ਕਿਸ਼ਨ ਸਿੰਘ (ਹੌਲਦਾਰ ਕਿਸ਼ਨ ਸਿੰਘ), ਜਗਤਾਰ (ਕਨੇਡੀਅਨ ਸਰਮਾਏਦਾਰ), ਲੱਖਾ (ਅਣਪਛਾਤੀ ਲਾਸ਼) ਆਦਿ ਪਾਤਰ ਆਪਣੀ ਵੱਖਰੀ ਪਹਿਚਾਣ ਬਣਾਉਂਦੇ ਹਨ। ਇਹਨਾਂ ਪਾਤਰਾਂ ਦੀ ਖੂਬਸੂਰਤੀ ਇਹ ਹੈ ਕਿ ਕਹਾਣੀ ਦੀ ਲੋੜ ਅਨੁਸਾਰ ਇਹ ਪਾਤਰ ਆਪਣੇ ਆਪ ਹੀ ਢਲਦੇ ਜਾਂਦੇ ਹਨ, ਲੇਖਕ ਦੀ ਸੋਚ ਇਹਨਾਂ ਤੇ ਭਾਰੂ ਨਹੀਂ ਪੈਂਦੀ। ਇਹੋ ਕਾਰਨ ਹੈ ਕਿ ਇਹ ਪਾਤਰ, ਪਾਠਕਾਂ ਨੂੰ ਯਾਦ ਰਹਿਣ ਵਾਲੇ ਹਨ। ਲੇਖਕ ਨੇ ਪੁਸਤਕ ਦੇ ਮੁੱਖ ਬੰਦ ਵਿੱਚ ਵੀ ਲਿਖਿਆ ਹੈ, “ਵਲਾਇਤੀ ਵਾਂਢਾ ਤੇ ਹੋਰ ਕਹਾਣੀਆਂ ਦੇ ਪਾਤਰਾਂ ਰਾਹੀਂ ਮੇਰੀ ਕੋਸ਼ਿਸ਼ ਰਹੀ ਹੈ ਕਿ ਉਹ ਆਪਣੀ ਵਿਦੇਸ਼ੀ ਜ਼ਿੰਦਗੀ ਦੀਆਂ ਜੱਦੋ-ਜਹਿਦਾਂ ਅਤੇ ਇਹਨਾਂ ਵਿੱਚੋਂ ਉਪਜੀ ਤਰੱਕੀ ਦੀ ਦ੍ਰਿਸ਼ਟਮਾਣੀ ਕਰਨ। “
ਭਾਸ਼ਾ ਦੇ ਪੱਖੋਂ ਵੀ ਇਹ ਕਹਾਣੀਆਂ ਪ੍ਰਭਾਵਿਤ ਕਰਦੀਆਂ ਹਨ। ਬਲਵੰਤ ਸਿੰਘ ਭਾਸ਼ਾ ਤੇ ਪਕੜ ਹੈ, ਉਸ ਨੂੰ ਵਧੀਆ ਸ਼ੈਲੀ ਵਿੱਚ ਗੱਲ ਕਹਿਣੀ ਆਉਂਦੀ ਹੈ। ਕੁਝ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ-- ਚੌਦਾਂ ਜਮਾਤਾਂ ਬਿਨਾਂ ਫੇਲ ਹੋਇਆਂ ਪਾਸ ਕਰ ਗਿਆ; ਚੂੰਢੀ ਵੱਢਣ ਦੀ ਦੇਰ ਸੀ ਕਿ ਉਸ ਨੇ ਇਸ ਤਰ੍ਹਾਂ ਲੇਰ ਮਾਰੀ ਜਿਵੇਂ ਢੱਡ ਸਾਰੰਗੀ ਵਾਲੇ ਜਥੇ ਵਿੱਚ ਪਹਿਲਾਂ ਸਾਰੰਗੀ ਮਾਸਟਰ ਹੇਕ ਲਾਉਂਦਾ ਹੈ; ਵਲੈਤੀਏ ਤਾਂ ਸ਼ਰਾਬ ਨੂੰ ਸਿੱਪ ਸਿੱਪ ਕਰਕੇ ਪੀਂਦੇ ਹਨ, ਪਰ ਇਹ ਤਾਂ ਪਿਆਸੇ ਝੋਟੇ ਵਾਂਗ ਸ਼ਰਾਬ ਨੂੰ ਸੜਾਕ ਗਿਆ; ਕੋਈ ਕੰਧਾ ਦੇ ਪੇਪਰ ਤੇ ਦਾਲ ਨਾਲ ਪਏ ਘੁੱਗੀਆਂ ਮੋਰਾਂ ਨੂੰ ਉਡਾ ਰਿਹਾ ਸੀ (ਵਲਾਇਤੀ ਵਾਂਢਾ) ; ਹੁਣ ਦੋਸਤਾਂ ਦੀਆਂ ਪੱਗਾਂ ਦੀ ਨੋਕ ਨੱਕ ਦੀ ਸੇਧ ਛੱਡ ਕੇ ਕੰਨ ਦੀ ਸੇਧ ਫੜ ਰਹੀ ਸੀ (ਘੈਂਟ ਵਿਆਹ) ; ਪਤਾ ਨਹੀਂ ਕਦੋਂ ਦਾ ਜਿੰਦੇ ਲਈ ਪਿਆਰ ਵਾਲਾ ਸੰਗੀਤ ਮਰੱਈਆ ਦੇ ਦਿਲ ਅੰਦਰ ਵੱਜ ਰਿਹਾ ਸੀ (ਗੋਰੀ ਨੂੰਹ) ; ਜਿਵੇਂ ਕਿਸੇ ਸਾਧ ਦੀ ਮਾਂਜੀ ਹੋਈ ਗੜਵੀ ਹੋਵੇ (ਥਾਣੇਦਾਰ ਮਲਕੀਤ ਸਿੰਘ ਜੀ ਕੋਠ) ; ਜਿਵੇਂ ਕਿਸ਼ਨਾ ਕਿਸੇ ਅਮਲੀ ਸਿਰ ਨਾਜਾਇਜ਼ ਡੋਡੇ ਪਾ ਕੇ ਤੇ ਉਸ ਦੀ ਪਿੱਠ ’ਤੇ ਡਾਂਗਾਂ ਮਾਰ ਕੇ ਉਸ ਦੀ ਲੇਰ ਕਢਵਾਉਂਦਾ ਹੋਵੇ (ਹੌਲਦਾਰ ਕਿਸ਼ਨ ਸਿੰਘ) ; ਭਾਈ ਹਫਤੇ ਦੀਆਂ ਸੱਤੇ ਰਾਤਾਂ ਲੱਗਦੀਆਂ, ਰੱਬ ਨੂੰ ਬਥੇਰਾ ਕਹੀਦਾ ਕਿ ਅੱਠਵੀਂ ਰਾਤ ਬਣਾਏ, ਪਰ ਸੁਣਦਾ ਹੀ ਨਹੀਂ (ਧੁਆਂਖੀ ਬੱਤੀ) ਆਦਿ। ਲੇਖਕ ਕੁਝ ਸ਼ਬਦ ਦੁਆਬੀ ਉਪ ਭਾਸ਼ਾ ਦੇ ਵੀ ਵਰਤ ਗਿਆ ਹੈ ਜੋ ਆਮ ਪਾਠਕਾਂ ਨੂੰ ਸਮਝਣੇ ਮੁਸ਼ਕਲ ਹਨ (ਬਸਾਰ-ਰੰਗ, ਦਾਦਣੀ, ਗੱਸੀ ਭੰਨਣੀ, ਮੱਬੜਾ, ਧੈੜ) ਆਦਿ।
ਲੇਖਕ ਨੇ ਕੁਝ ਕਹਾਣੀਆਂ ਵਿੱਚ ਦ੍ਰਿਸ਼ ਵਰਣਨ ਬਹੁਤ ਵਧੀਆ ਹੈ। ਪਾਠਕਾਂ ਅਜਿਹੀਆਂ ਘਟਨਾਵਾਂ ਨੂੰ ਪੜ੍ਹਦੇ ਹੋਏ ਇਹ ਮਹਿਸੂਸ ਕਰਦੇ ਹਨ ਜਿਵੇਂ ਸੰਬੰਧਤ ਘਟਨਾ ਉਹਨਾਂ ਦੇ ਸਾਹਮਣੇ ਹੀ ਵਾਪਰ ਰਹੀ ਹੋਵੇ। ਵਲਾਇਤੀ ਵਾਂਢਾ ਵਿੱਚ ਜਿੱਥੇ ਜਿੱਥੇ ਵੀ ਸ਼ਰਾਬੀਆਂ ਦਾ ਵਰਣਨ ਹੈ, ਘੈਂਟ ਵਿਆਹ ਵਿੱਚ ਵੀ ਸ਼ਰਾਬੀਆਂ ਵੱਲੋਂ ਡੀ ਜੇ ਵਾਲੇ ਦੀ ਮਾਰ ਕੁਟਾਈ ਲਈ ਤਿਆਰ ਹੋ ਜਾਣਾ, ਮੀਟ ਦੇ ਡੌਂਗਿਆਂ ਨੂੰ ਮੇਜ਼ ਨੀਚੇ ਢੋਲਣਾ, ਬਚਨੀ ਦਾ ਲੰਗਰ ਵਿੱਚ ਲੰਗਰ ਦੀ ਸੇਵਾ ਕਰਦੀਆਂ ਦੀ ਲੜਾਈ ਆਦਿ।
ਗੋਰੀ ਨੂੰਹ, ਥੇਹ ਦੀ ਨਿਸ਼ਾਨੀ, ਜੁਗਾੜ, ਸੇਲ ਆਦਿ ਪਾਠਕਾਂ ਨੂੰ ਲੰਬੇ ਸਮੇਂ ਤਕ ਯਾਦ ਰਹਿਣ ਵਾਲੀਆਂ ਕਹਾਣੀਆਂ ਹਨ, ਪਰ ਜੁਗਾੜ ਕਹਾਣੀ ਦਾ ਸਿਰਲੇਖ ਬਹੁਤਾ ਢੁਕਵਾਂ ਨਹੀਂ।
ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਕਹਾਣੀਕਾਰ ਬਲਵੰਤ ਸਿੰਘ ਗਿੱਲ ਦਾ ਪਲੇਠਾ ਕਹਾਣੀ ਸੰਗ੍ਰਹਿ ਉਸ ਦੀ ਕਹਾਣੀ ਦੀ ਵਿਧਾ ਤੇ ਪਕੜ ਦਾ ਲਖਾਇਕ ਹੈ, ਪਰ ਇਸ ਖੇਤਰ ਵਿੱਚ ਆਪਣਾ ਵੱਖਰਾ ਸਥਾਨ ਬਣਾਉਣ ਲਈ ਉਸ ਨੂੰ ਆਧੁਨਿਕ ਕਹਾਣੀ ਦਾ ਅਧਿਐਨ ਕਰਨਾ ਪਵੇਗਾ, ਪਾਤਰਾਂ ਦੇ ਮਨੋਵਿਗਿਆਨਕ ਵਿਸ਼ਲੇਸ਼ਣ ਦੀ ਜੁਗਤ ਵਿੱਚ ਪ੍ਰਵੀਨਤਾ ਪ੍ਰਾਪਤ ਕਰਨੀ ਹੋਵੇਗੀ। ਪ੍ਰਸਤੁਤ ਕਹਾਣੀ ਸੰਗ੍ਰਹਿ ਤੋਂ ਇਹ ਸਹਿਜੇ ਹੀ ਪਤਾ ਲੱਗਦਾ ਹੈ ਕਿ ਇਸ ਪੁਸਤਕ ਦਾ ਕਹਾਣੀਕਾਰ ਇਹ ਸਭ ਕੁਝ ਕਰਨ ਦੇ ਸਮਰੱਥ ਹੈ।
**
ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ (ਪੰਨੇ 159, ਮੁੱਲ 250 ਰੁਪਏ) ਦਾ ਸਵਰਕ ਕਲਾਮਈ ਹੈ। ਪੁਸਤਕ ਦੀ ਛਪਾਈ ਅਤੇ ਦਿੱਖ ਪ੍ਰਭਾਵਸ਼ਾਲੀ ਹੈ।
ਬਲਵੰਤ ਸਿੰਘ ਗਿੱਲ ਦੇ ਦੂਜੇ ਕਹਾਣੀ ਸੰਗ੍ਰਹਿ ਦਾ ਇੰਤਜ਼ਾਰ ਰਹੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3470)
(ਸਰੋਕਾਰ ਨਾਲ ਸੰਪਰਕ ਲਈ: