“ਕੁਝ ਗੱਲਾਂ ਸੰਪਾਦਨ ਕਲਾ ਸੰਬੰਧੀ ਵੀ ਕਰਨੀਆਂ ਜ਼ਰੂਰੀ ਹਨ। ਚਾਲੀ ਲੇਖਕਾਂ ਦੇ ਲੇਖਾਂ ਨੂੰ ਇੱਕ ਪੁਸਤਕ ਵਿੱਚ ...”
(27 ਮਈ 2023)
ਇਸ ਸਮੇਂ ਪਾਠਕ 168.
ਕੈਨੇਡਾ ਰਹਿੰਦਾ ਸੁਖਿੰਦਰ ਪੰਜਾਬੀ ਸਾਹਿਤ ਵਿੱਚ ਇੱਕ ਚਰਚਿਤ ਹਸਤਾਖਰ ਹੈ। ਉਸ ਨੇ 1972 ਤੋਂ ਹੁਣ ਤਕ ਵਿਗਿਆਨ (3), ਕਵਿਤਾ (22), ਆਲੋਚਨਾ (4), ਵਾਰਤਕ (5), ਨਾਵਲ (2), ਬੱਚਿਆਂ ਲਈ (1), ਸੰਪਾਦਨ (5) ਅਤੇ ਇੱਕ ਅੰਗਰੇਜ਼ੀ ਭਾਵ ਕੁੱਲ 43 ਪੁਸਤਕਾਂ ਦੀ ਸਿਰਜਣਾ ਕੀਤੀ ਹੈ। ਕਵਿਤਾਵਾਂ ਦੀਆਂ ਕੁਝ ਪੁਸਤਕਾਂ ਦੂਸਰੇ ਕਵੀਆਂ ਨਾਲ ਸਾਂਝੀਆਂ ਵੀ ਹਨ। ਉਹ ਇੱਕ ਬੇਬਾਕ ਸ਼ਖਸ ਹੈ, ਜਦੋਂ ਕਿਸੇ ਸਾਹਿਤਕ ਜਾਂ ਅਸਾਹਿਤਕ ਵਰਤਾਰੇ ਤੇ ਟਿੱਪਣੀ ਕਰਦਾ ਹੈ ਤਾਂ ਦਿਲ ਦੀ ਹਰ ਗੱਲ ਸ਼ਬਦਾਂ ਵਿੱਚ ਬਿਆਨ ਕਰ ਜਾਂਦਾ ਹੈ, ਭਾਵੇਂ ਕਿਸੇ ਦੇ ਗੋਡੇ ਲੱਗੇ ਭਾਵੇਂ ਗਿੱਟੇ। ਪ੍ਰਸਤੁਤ ਪੁਸਤਕ ‘ਪੰਜਾਬੀ ਸਾਹਿਤ ਅਤੇ ਸਭਿਆਚਾਰ’ ਦੀ ਸੰਪਾਦਨਾ ਸਮੇਂ ਡਾ. ਦਲਬੀਰ ਸਿੰਘ ਕਥੂਰੀਆ ਨੇ ਵੀ ਉਸ ਦਾ ਸਾਥ ਨਿਭਾਇਆ ਹੈ। ਮੁੱਖ ਬੰਦ ਵਿੱਚ ਸੁਖਿੰਦਰ ਨੇ ਇਹ ਸਪਸ਼ਟ ਤੌਰ ’ਤੇ ਲਿਖਿਆ ਹੈ ਕਿ ਡਾ. ਦਲਬੀਰ ਸਿੰਘ ਕਥੂਰੀਆ ਨੇ ਪੁਸਤਕ ਨੂੰ ਪ੍ਰਕਾਸ਼ਿਤ ਕਰਵਾਉਣ ਦੀ ਜ਼ਿੰਮੇਵਾਰੀ ਓਟੀ ਅਤੇ ਕਿਤਾਬ ਲਈ ਨਿਬੰਧਾਂ ਦੇ ਵਿਸ਼ੇ, ਲੇਖਕਾਂ ਨਾਲ ਸੰਪਰਕ ਅਤੇ ਨਿਬੰਧਾਂ ਦੀ ਚੋਣ ਦਾ ਕੰਮ ਉਸ ਦਾ ਭਾਵ ਸੁਖਿੰਦਰ ਦਾ ਸੀ।
ਇਸ ਵਿੱਚ ਭਾਰਤ ਤੋਂ ਇਲਾਵਾ ਬਰਤਾਨੀਆ, ਅਮਰੀਕਾ, ਕੈਨੇਡਾ, ਆਸਟਰੇਲੀਆ, ਜਰਮਨੀ, ਇਟਲੀ ਅਤੇ ਪਾਕਿਸਤਾਨ ਦੇ ਚਾਲੀ ਵਿਦਵਾਨਾਂ ਦੇ ਲੇਖ ਪੰਜਾਬੀ ਸਾਹਿਤ ਜਾਂ ਸੱਭਿਆਚਾਰਕ ਵਰਤਾਰਿਆਂ ਸੰਬੰਧੀ ਹਨ। ਚਾਲੀ ਲੇਖਕਾਂ ਨੂੰ ਨਿਸ਼ਚਿਤ ਸਮੇਂ ’ਤੇ ਆਪਣੀਆਂ ਰਚਨਾਵਾਂ ਭੇਜਣ ਨੂੰ ਪ੍ਰੇਰਿਤ ਕਰਨਾ, ਲੇਖਾਂ ਦੀ ਚੋਣ ਕਰਨੀ, ਸ਼ਾਹਮੁਖੀ ਲਿਪੀ ਤੋਂ ਗੁਰਮੁਖੀ ਲਿਪੀ ਵਿੱਚ ਲਿਖਣਾ ਅਤੇ ਪੁਸਤਕ ਨੂੰ ਛਪਵਾਉਣ ਦਾ ਕੰਮ ਕੋਈ ਛੋਟਾ ਨਹੀਂ। ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਪੁਸਤਕ ਦੇ ਦੋਵੇਂ ਸੰਪਾਦਕਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ।
ਇਸ ਪੁਸਤਕ ਦੀ ਪੜਚੋਲ ਕਰਮ ਸਮੇਂ ਦੋ ਪਹਿਲੂਆਂ ਨੂੰ ਅਧਾਰ ਬਣਾਇਆ ਜਾ ਸਕਦਾ ਹੈ। ਇੱਕ ਤਾਂ ਨਿਬੰਧਾਂ ਦਾ ਸਾਹਿਤਕ ਪੱਖ ਤੋਂ ਅਧਿਐਨ ਅਤੇ ਦੂਜਾ ਸੰਪਾਦਨ ਕਲਾ। ਪੁਸਤਕ ਦੇ ਮੁੱਖ ਬੰਦ ਵਿੱਚ ਸੁਖਿੰਦਰ ਨੇ ਲਿਖਿਆ ਹੈ ਕਿ ਉਸ ਨੇ ਆਪਣੇ ਵੱਲੋਂ ਵਿਸ਼ਿਆਂ ਦੀ ਜੋ ਸੂਚੀ ਬਣਾਈ, ਉਹ ਇਸ ਤਰ੍ਹਾਂ ਸੀ: ਪੰਜਾਬੀ ਸੱਭਿਆਚਾਰ ਦੀਆਂ ਖ਼ੂਬਸੂਰਤ ਗੱਲਾਂ, ਪੰਜਾਬੀ ਲੋਕ ਗੀਤਾਂ ਵਿੱਚ ਸੱਭਿਆਚਾਰ ਦੀ ਪੇਸ਼ਕਾਰੀ, ਡਰੱਗ ਕਲਚਰ ਅਤੇ ਪੰਜਾਬੀ ਸੱਭਿਆਚਾਰ, 35-35 ਲੱਖ ਰੁਪਏ ਵਿੱਚ ਵਿਆਹ ਲਈ ਵਿਕਦੀਆਂ ਕੁੜੀਆਂ, ਪੰਜਾਬੀ ਸਾਹਿਤਕ-ਸੱਭਿਆਚਾਰਕ ਭ੍ਰਿਸ਼ਟਾਚਾਰ, ਧਰਤੀ, ਹਵਾ, ਪਾਣੀ ਵਿੱਚ ਵਧ ਰਿਹਾ ਪ੍ਰਦੂਸ਼ਣ, ਗੈਂਗਸਟਰ ਪੰਜਾਬੀ ਗਾਇਕੀ ਅਤੇ ਸੱਭਿਆਚਾਰ, ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਭ੍ਰਿਸ਼ਟਾਚਾਰ, ਆਈਲੈਟਸ ਪੰਜਾਬੀ ਸੱਭਿਆਚਾਰ, ਯੂਰਪ ਵਿੱਚ ਹੋ ਰਿਹਾ ਪੰਜਾਬੀ ਸਾਹਿਤ ਅਤੇ ਸੱਭਿਆਚਾਰ, ਖੇਡਾਂ ਵਿੱਚ ਵਧ ਰਿਹਾ ਡਰੱਗ ਸੱਭਿਆਚਾਰ, ਕੈਨੇਡਾ ਵਿੱਚ ਇੰਟਰਨੈਸ਼ਨਲ ਪੰਜਾਬ ਸਟੂਡੈਂਟਸ ਦੀਆਂ ਸੱਭਿਆਚਾਰਕ ਸਮੱਸਿਆਵਾਂ ਆਦਿ। ਇਹਨਾਂ ਮੁੱਦਿਆਂ ਨੂੰ ਲੈ ਕੇ ਚਾਲੀ ਵਿਦਵਾਨਾਂ ਨੇ ਵੱਖ-ਵੱਖ ਸਿਰਲੇਖਾਂ ਅਧੀਨ ਆਪਣੇ ਲੇਖ ਲਿਖੇ। ਡਾ. ਦਲਬੀਰ ਸਿੰਘ ਕਥੂਰੀਆ ਨੇ ਆਪਣੇ ਮੁੱਖ ਬੰਦ ਵਿੱਚ ਇੱਕ ਗੱਲ ਬੜੀ ਵਧੀਆ ਲਿਖੀ ਹੈ ਕਿ ਪੰਜਾਬ ਦੇ ਸੱਭਿਆਚਾਰ ਵਿੱਚ “ਕਈ ਨਵੇਂ ਪੱਖ ਦ੍ਰਿਸ਼ਟੀਗੋਚਰ ਹੁੰਦੇ ਹਨ ਜੋ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ” ਅਤੇ ਪਤਾ ਹੀ ਨਹੀਂ ਲੱਗਿਆ ਕਿ “ਅਸੀਂ ਸਵੈ ਕੇਂਦ੍ਰਿਤ ਤੋਂ ਸਵਾਰਥੀ ਕਦੋਂ ਹੋ ਗਏ?”
ਪੁਸਤਕ ਦੇ ਪਹਿਲੇ ਲੇਖ ‘ਪੰਜਾਬੀ ਸੁਭਾਅ ਅਜਿਹਾ ਕਿਉਂ ਹੈ? ਵਿੱਚ ਡਾ. ਲੋਕ ਰਾਜ (ਬਰਤਾਨੀਆ) ਨੇ ਪੰਜਾਬੀਆਂ ਦੇ ਹਰ ਪੱਖੋਂ ਉਲਾਰ ਸੁਭਾਅ ਨੂੰ ਇਸ ਖਿੱਤੇ ਦੇ ਮੌਸਮ ਨਾਲ ਜੋੜਿਆ ਹੈ, ਜਿੱਥੇ ਗਰਮੀ ਵੀ ਅੱਤ ਦੀ ਪੈਂਦੀ ਹੈ ਅਤੇ ਸਰਦੀ ਵੀ, ਕਦੇ ਸੋਕਾ ਹੋ ਜਾਂਦਾ ਹੈ ਅਤੇ ਕਦੇ ਹੜ੍ਹ ਆ ਜਾਂਦੇ ਹਨ। ਪੰਜਾਬੀ ਹਮੇਸ਼ਾ ਬੇਯਕੀਨੀ ਦਾ ਸ਼ਿਕਾਰ ਰਿਹਾ ਹੈ, ਇਸ ਲਈ ਸ਼ੱਕੀ ਮਿਜ਼ਾਜ ਦੇ ਹਨ ਅਤੇ ਮੁਕਾਬਲੇਬਾਜ਼ੀ ਵਾਲੇ ਵੀ ਹਨ। ਇਹਨਾਂ ਦੀ ਦਿਖਾਵੇ ਵਾਲੀ ਰੁਚੀ ਵੀ ਇਸ ਵਿੱਚੋਂ ਹੀ ਪੈਦਾ ਹੋਈ ਹੈ। ਬਰਤਾਨੀਆ ਦੇ ਲੇਖਕ ਬਲਵਿੰਦਰ ਸਿੰਘ ਚਾਹਲ ਨੇ ‘ਰਾਤੋ ਰਾਤ ਅਮੀਰ ਹੋਣ ਦੇ ਸੱਭਿਆਚਾਰ’ ਲੇਖ ਵਿੱਚ ਪੰਜਾਬ ਦੇ ਸੱਭਿਆਚਾਰ ਨੂੰ “ਹਰ ਪੱਖੋਂ ਮੁਕੰਮਲ ਅਤੇ ਅਮੀਰ ਸੱਭਿਆਚਾਰ” ਮੰਨਿਆ ਹੈ। ਉਸ ਨੇ ਆਪਣੇ ਲੇਖ ਵਿੱਚ ‘ਅੱਜ ਇਹੋ ਸੱਭਿਆਚਾਰ ਕਿਸੇ ਹੋਰ ਦਿਸ਼ਾ ਵੱਲ ਕਿਉਂ ਜਾ ਰਿਹਾ ਹੈ?’ ਦੇ ਪੱਖ ’ਤੇ ਵੀ ਚਰਚਾ ਕੀਤੀ ਹੈ। ਉਸ ਨੇ ਪੰਜਾਬੀਆਂ ਵੱਲੋਂ ਪ੍ਰਦੇਸ ਜਾਣ ਲਈ ਖ਼ਤਰੇ ਸਹੇੜਨ ਦੀ ਰੁਚੀ, ਆਈਲੈਟਸ ਕਲਚਰ, ਬਾਹਰ ਜਾ ਕੇ ਰਾਤੋ-ਰਾਤ ਅਮੀਰ ਬਣਨ ਦੇ ਸੁਪਨੇ ਅਤੇ ਇਹਨਾਂ ਰੁਝਾਨਾਂ ਦੇ ਮੱਦੇਨਜ਼ਰ ਗਲਤ ਪੈਦਾ ਹੋ ਰਹੇ ਹਾਲਾਤ ਲਈ ਸਰਕਾਰਾਂ ਨੂੰ ਵੀ ਦੋਸ਼ੀ ਠਹਿਰਾਇਆ ਹੈ ਕਿ ਉਹਨਾਂ ਨੇ ਅਜਿਹੇ ਹਾਲਾਤ ਨੂੰ ਠੱਲ੍ਹ ਪਾਉਣ ਲਈ ਕੋਈ ਯੋਗ ਯਤਨ ਨਹੀਂ ਕੀਤੇ।
ਡਾ. ਸ਼ਿਆਮ ਸੁੰਦਰ ਦੀਪਤੀ ਨੇ ‘ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਿਹਾ ਚਿੱਟਾ ਸੱਭਿਆਚਾਰ’ ਵਿੱਚ ਇੱਕ ਗੱਲ ਬਹੁਤ ਵਧੀਆ ਲਿਖੀ ਹੈ ਕਿ “ਸੱਭਿਆਚਾਰ ਕੋਈ ਖੜੋਤ ਨਹੀਂ, ਸਗੋਂ ਗਤੀਸ਼ੀਲ ਹੈ।” ਆਪਣੇ ਲੇਖ ਦੇ ਵਿਸ਼ੇ ਨੂੰ ਉਦਾਹਰਣਾਂ ਸਮੇਤ ਸਮੇਟਿਆ ਹੈ ਅਤੇ ਲਿਖਿਆ ਹੈ ਕਿ ਪੰਜਾਬੀ ਜਵਾਨੀ ਨੂੰ ਬਰਬਾਦ ਕਰਨ ਲਈ ਚਿੱਟੇ ਦਾ ਸਹਾਰਾ ਲਿਆ ਗਿਆ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਪੜ੍ਹਾਈ ਦੇ ਖੇਤਰ ਵਿੱਚ ਵੀ ਕੋਈ ਸੇਧ ਪ੍ਰਦਾਨ ਨਹੀਂ ਕੀਤੀ ਗਈ। ਡਾ. ਦੀਪਤੀ ਅਨੁਸਾਰ ਬਾਹਰ ਭੇਜਣ ਵਾਲੇ ਏਜੰਟ, ਬਾਂਝਪਨ ਦਾ ਇਲਾਜ ਵਾਲੇ ਸੈਂਟਰ, ਨਸ਼ਾ ਛੁਡਾਊ ਸੈਂਟਰ, ਵਧ ਰਹੇ ਬੁਢਾਪਾ ਘਰ ਵਿਕਾਸ ਦੇ ਸੂਚਕ ਨਹੀਂ, ਵਿਨਾਸ਼ ਵੱਲ ਲੈ ਕੇ ਜਾ ਰਹੇ ਹਨ। ਡਾ. ਹਰਜੋਤ ਕੌਰ ਖਹਿਰਾ ਨੇ ‘ਅਜੋਕੀ ਗਾਇਕੀ ਬਨਾਮ ਗੈਂਗਸਟਰ ਕਲਚਰ’ ਵਿਸ਼ੇ ’ਤੇ ਵਿਚਾਰ ਪ੍ਰਗਟਾਉਂਦੇ ਹੋਏ ਲਿਖਿਆ ਹੈ ਕਿ ਹਥਿਆਰਾਂ ਦੀ ਮਹਿਮਾ ਕਰਦੇ ਗੀਤ ਸੁਣ ਕੇ “ਨੌਜਵਾਨ ਅਸਲੀ ਜ਼ਿੰਦਗੀ ਨੂੰ ਭੁੱਲ ਕੇ ਰੀਲ ਲਾਈਫ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਹਨ।”
ਪੁਸਤਕ ਦੇ ਸੰਪਾਦਕ ਸੁਖਿੰਦਰ ਨੇ ‘ਕੈਨੇਡਾ ਵਿੱਚ ਪੰਜਾਬੀ ਗੈਂਗਸਟਰ ਸੱਭਿਆਚਾਰ ’ਤੇ ਵਿਸਤਾਰ ਵਿੱਚ ਚਰਚਾ ਕੀਤੀ ਹੈ ਅਤੇ ਉਸ ਨੇ ਬਿਨਾਂ ਕਿਸੇ ਡਰ ਤੋਂ ਕੈਨੇਡਾ ਵਿੱਚ ਪੈਰ ਪਸਾਰ ਚੁੱਕੇ ਗੈਂਗਸਟਰ ਟੋਲਿਆਂ ਦੇ ਨਾਂ ਲਿਖੇ ਹਨ। ਉਸ ਨੇ ਆਪਣੇ ਦੇਸ਼ ਵਾਸੀਆਂ ਦੀ ਇਸ ਮਾੜੀ ਰੁਚੀ ਨੂੰ ਭੰਡਿਆ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ, ਆਪਣੀਆਂ ਕੁਝ ਬੁਰੀਆਂ ਆਦਤਾਂ ਨਾਲ ਹੀ ਲੈ ਜਾਂਦੇ ਹਨ। ਉਸ ਦਾ ਇਹ ਵੀ ਮੰਨਣਾ ਹੈ ਕਿ ਕੈਨੇਡਾ ਵਿੱਚ ਗੈਂਗਸਟਰ ਸੱਭਿਆਚਾਰ ਕੈਨੇਡਾ ਵਿੱਚ ਪ੍ਰਚਲਿਤ ਨਸਲਵਾਦ ਦੇ ਵਿਰੋਧ ਵਿੱਚੋਂ ਹੀ ਪੈਦਾ ਹੋਇਆ ਹੈ। ਸੁਖਿੰਦਰ ਨੇ ਪੰਜਾਬੀ ਗਾਇਕਾਂ ’ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ ਹੈ ਕਿ ਵੀਡੀਓ ਦਾ ਖਰਚ ਪੂਰਾ ਕਰਨ ਲਈ ਉਹ ਗੈਂਗਸਟਰਾਂ ਦੇ ਨੇੜੇ ਹੁੰਦੇ ਹਨ ਅਤੇ ਇਸਦੇ ਨਾਲ ਹੀ ਖੇਡਾਂ ਦੇ ਖੇਤਰ ਵਿੱਚ ਵੀ ਖੇਡ ਗੈਂਗਸਟਰਾ ਦਾ ਬੋਲ-ਬਾਲਾ ਵਧ ਰਿਹਾ ਹੈ। ਕੈਨੇਡਾ ਦੀ ਲੇਖਿਕਾ ਬਲਬੀਰ ਕੌਰ ਢਿੱਲੋਂ ਨੇ ਆਪਣੇ ਨਿਬੰਧ ਵਿੱਚ ਕੈਨੇਡਾ ਵਿੱਚ ‘ਆਲਮੀ ਵਿਦਿਆਰਥੀਆਂ ਦੀਆਂ ਹਾਰਟ ਅਟੈਕ ਨਾਲ ਹੋ ਰਹੀਆਂ ਮੌਤਾਂ ’ਤੇ ਚਰਚਾ ਕਰਦੇ ਲਿਖਿਆ ਹੈ ਕਿ ਕੈਨੇਡਾ ਵਿੱਚ ਮਿਲਦੇ ਨਸ਼ਿਆਂ ਵਿੱਚ ਮਿਲਾਵਟ ਹੁੰਦੀ ਹੈ। ਉਸ ਨੇ ਬੱਚਿਆਂ ਦੇ ਮਾਤਾ-ਪਿਤਾ ਦਾ ਮਾਰਗ ਦਰਸ਼ਨ ਕਰਦੇ ਹੋਏ ਵਿਚਾਰ ਪ੍ਰਗਟਾਇਆ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਵਿੱਚ ਨਹੀਂ ਭੇਜਣਾ ਚਾਹੀਦਾ। ਅਜੋਕੇ ਪੰਜਾਬੀ ਗੀਤਾਂ ਵਾਲੇ ਕਿਰਦਾਰ ਵੀ ਨੌਜਵਾਨਾਂ ਦੇ ਰੋਲ ਮਾਡਲ ਬਣ ਜਾਂਦੇ ਹਨ। ਉਸ ਅਨੁਸਾਰ ਅਜੋਕੀ ਪੰਜਾਬੀ ਗਾਇਕੀ ਕਲਾ ਨਹੀਂ, ਪੈਸੇ ਕਮਾਉਣ ਦਾ ਸਾਧਨ ਬਣ ਗਈ ਹੈ।
ਗੁਰਮੀਤ ਸਿੰਘ ਸਿੰਗਲ ਨੇ ਬਾਹਰਲੇ ਮੁਲਕਾਂ ਵਿੱਚ ਜਾਣ ਲਈ 35-35 ਲੱਖ ਵਿੱਚ ਵਿਕਦੀਆਂ ਲੜਕੀਆਂ ਦੇ ਚਲਣ ਤੇ ਚਰਚਾ ਕਰਦੇ ਲਿਖਿਆ ਹੈ ਕਿ “ਜਹਾਜ਼ ਭਰ-ਭਰ ਬਾਹਰ ਇਵੇਂ ਜਾ ਰਹੇ ਹਨ ਜਿਵੇਂ ਛਪਾਰ ਦਾ ਮੇਲਾ ਦੇਖਣ ਜਾ ਰਹੇ ਹੋਣ।” ਸੁਰਜੀਤ ਸਿੰਘ ਫਲੋਰਾ ਦਾ ਵਿਚਾਰ ਹੈ ਕਿ ਪੰਜਾਬ ਤੋਂ ਆਏ ਮੁਢਲੇ ਪਰਵਾਸੀਆਂ ਨੇ ਆਪਣਾ ਸੱਭਿਆਚਾਰ ਬਚਾ ਕੇ ਰੱਖਿਆ, ਪਰ ਅੱਜ ਕੱਲ੍ਹ ਕੁਝ ਪੰਜਾਬੀ ਗਲਤ ਸੱਭਿਆਚਾਰ ਲੈ ਕੇ ਆ ਰਹੇ ਹਨ। ਕੈਨੇਡਾ ਦੇ ਬਰੈਂਪਟਨ ਸ਼ਹਿਰ ਦੀ ਗੱਲ ਕਰਦਿਆਂ ਉਹ ਲਿਖਦਾ ਹੈ ਕਿ ਉੱਥੇ ਇੱਕ ਵੱਖਰਾ ‘ਸਥਾਨ’ ਬਣ ਗਿਆ ਹੈ, ਬੱਸ ਵੱਖਰੀ ਸਰਕਾਰ ਦਾ ਐਲਾਨ ਬਾਕੀ ਹੈ।
ਪ੍ਰਸਿੱਧ ਸਾਹਿਤਕਾਰ ਅਤੇ ਆਲੋਚਕ ਨਿਰੰਜਣ ਬੋਹਾ ਨੇ ਆਪਣੇ ਪਰਚੇ ‘ਸਭਿਆਚਾਰ ਦੇ ਓਹਲੇ ਲੁਕਿਆ ਸੱਭਿਆਚਾਰ’ ਵਿਚ ਲਿਖਿਆ ਹੈ, “ਸਭਿਆਚਾਰ ਮਨੁੱਖੀ ਸਮਾਜ ਨੂੰ ਸਭਿਅਕ, ਸਲੀਕੇਦਾਰ ਅਤੇ ਆਚਰਣ ਪੱਖੋਂ ਮਿਸਾਲੀ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਹੀ ਪ੍ਰਤੀਫ਼ਲ ਹੈ। ਤਤਕਾਲੀਨ ਸਮਾਜਿਕ, ਮਾਨਸਿਕ ਤੇ ਆਰਥਿਕ ਲੋੜਾਂ ਅਨੁਸਾਰ ਸੱਭਿਆਚਾਰ ਦੀਆਂ ਰਹੁ ਰੀਤਾਂ ਤੇ ਵਿਚਾਰਕ ਧਾਰਨਾਵਾਂ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ।” ਵਰਤਮਾਨ ਸਮੇਂ ਦੇ ਸਭਿਆਚਾਰ ਵਿੱਚ ਆਏ ਮਾੜੇ ਵਿਗਾੜ ਸੰਬੰਧੀ ਵੀ ਉਹਨਾਂ ਦੇ ਵਿਚਾਰ ਬੜੇ ਸਪਸ਼ਟ ਹਨ- ਸੱਭਿਆਚਾਰ ਦੇ ਓਹਲੇ ਖੜ੍ਹੇ ਅਸਭਿਆਚਾਰ ਨੂੰ ਪਛਾਣ ਕੇ ਵਿਗਾੜ ਦੀ ਗਤੀ ਨੂੰ ਮੱਠਾ ਜ਼ਰੂਰ ਕਰ ਸਕਦੇ ਹਾਂ। ਬੋਹਾ ਨੇ ਆਪਣੇ ਵਿਚਾਰਾਂ ਨੂੰ ਬੜੇ ਸਲੀਕੇ ਨਾਲ ਪੇਸ਼ ਕੀਤਾ ਹੈ ਜੋ ਪਾਠਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਹਨ। ਅੰਤ ਵਿੱਚ ਆਪਣੇ ਵਿਚਾਰਾਂ ਨੂੰ ਸੁਚੱਜੇ ਢੰਗ ਨਾਲ ਸਮੇਟਦੇ ਹੋਏ ਉਨ੍ਹਾਂ ਲਿਖਿਆ ਹੈ, “ਆਪਣੇ ਸੱਭਿਆਚਾਰ ਦੀ ਨਵੀਂ ਸਿਰੇ ਤੋਂ ਉਸਾਰੀ ਕਰਨ ਦੇ ਯਤਨ ਕਰਨੇ ਚਾਹੀਦੇ ਹਨ।”
ਆਸਟਰੇਲੀਆ ਦੇ ਵਸਨੀਕ ਡਾ. ਅਮਰਜੀਤ ਟਾਂਡਾ ਨੇ ‘ਪੰਜਾਬੀ ਸਾਹਿਤ ਵਿੱਚ ਅਸਾਹਿਤਕ ਪਹਿਰਾਵੇ’ ਨੂੰ ਕਾਵਿਕ ਸ਼ੈਲੀ ਵਿੱਚ ਪੇਸ਼ ਕੀਤਾ ਹੈ। ਛੋਟੇ-ਛੋਟੇ ਵਾਕਾਂ ਨਾਲ ਵਿਚਾਰਾਂ ਨੂੰ ਵਧੀਆ ਢੰਗ ਨਾਲ ਪ੍ਰਗਟਾਇਆ ਹੈ ਜੋ ਪਾਠਕਾਂ ਨੂੰ ਟੁੰਬਦੇ ਵੀ ਹਨ। ਜਿਵੇਂ: ਅੱਜ-ਕੱਲ੍ਹ ਕਾਰੋਬਾਰੀ ਅਸਾਹਿਤਕਾਰਾਂ ਵੱਲੋਂ ਡਾਲਰਾਂ ਨਾਲ ਦੇਸ਼-ਵਿਦੇਸ਼ ਵਿੱਚ ਸਨਮਾਨ ਕਰਵਾਏ ਜਾ ਰਹੇ ਹਨ। ਕੀ ਫਾਇਦਾ ਅਜਿਹੀਆਂ ਅਸਾਹਿਤਕ ਮਿਲਣੀਆਂ ਦਾ, ਜਿੱਥੇ ਸਾਰਥਿਕ ਨਤੀਜੇ ਨਾ ਨਿਕਲਣ ...। ਦੋ ਡਾਇਲਾਗ, ਚਾਰ ਸਤਰਾਂ, ਦੋ ਪੈਰੇ ਕਈ ਵਾਰ ਲਿਖਤ ਨੂੰ ਜਾਨ ਬਖ਼ਸ਼ ਦਿੰਦੇ ਹਨ, ਲੇਖਕ ਦਾ ਨਾਂ ਵੀ ਕਰ ਦਿੰਦੇ ਹਨ ਆਦਿ। ਡਾ. ਅਮਰਜੀਤ ਨੇ ਫੇਸਬੁੱਕ ਅਸਾਹਿਤਕਤਾ ਦਾ ਵੀ ਜ਼ਿਕਰ ਕੀਤਾ ਹੈ। ਹਰਪ੍ਰੀਤ ਕੌਰ ਨੇ ‘ਪੰਜਾਬੀ ਸਾਹਿਤਕ-ਸੱਭਿਆਚਾਰਕ ਦਾ ਨਿਘਾਰ’ ਵਿੱਚ ਲਿਖਿਆ ਹੈ, “ਵਿਸ਼ਵੀਕਰਨ ਉਤਰ-ਆਧੁਨਿਕਤਾ ਦੀ ਲੋਕਾਂ ਵਿੱਚ ਅਧੂਰੀ ਸਮਝ ਹੈ।” ਦਰਸ਼ਨ ਸਿੰਘ ਦਰਸ਼ੀ ਨੇ ਪੰਜਾਬੀ ਵਿੱਦਿਅਕ ਸੱਭਿਆਚਾਰ ਵਿੱਚ ਆ ਰਹੇ ਨਿਘਾਰ ’ਤੇ ਚਰਚਾ ਕੀਤੀ ਹੈ। ਮਰਹੂਮ ਸਾਹਿਤਕਾਰ ਕੇਹਰ ਸ਼ਰੀਫ਼ ਨੇ ਆਪਣੇ ਨਿਬੰਧ ‘ਪਰਵਾਸ-ਆਵਾਸ ਦਾ ਯੂਰਪੀ ਪੰਜਾਬੀ ਸਾਹਿਤ ਅਤੇ ਅਗਲੀ ਪੀੜ੍ਹੀ’ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਨੁਕਤੇ ’ਤੇ ਗੱਲ ਕੀਤੀ ਹੈ ਕਿ ਯੂਰਪ ਵਿੱਚ ਸਾਹਿਤਕ ਸਿਰਜਣਾ ਦੇ ਮੁਕਾਬਲੇ ਸਾਹਿਤਕ ਆਲੋਚਨਾ ਦੀ ਘਾਟ ਰਹੀ ਹੈ। ਇਸ ਲਈ “ਦੇਸੀ ਪਰਵਚਨਾਂ” ਦੇ ਆਸਰੇ ਬੁੱਤਾ ਸਾਰ ਰਹੇ ਹਨ। ਉਹਨਾਂ ਨੇ ਯੂਰਪ ਦੇ ਕੁਝ ਪ੍ਰਸਿੱਧ ਪੰਜਾਬੀ ਲੇਖਕਾਂ ਅਤੇ ਉਹਨਾਂ ਦੀਆਂ ਰਚਨਾਵਾਂ ਦਾ ਜ਼ਿਕਰ ਵੀ ਕੀਤਾ ਹੈ। ਉਹਨਾਂ ਨੇ ਇੱਕ ਹੋਰ ਭਾਵਪੂਰਤ ਕਥਨ ਵੀ ਲਿਖਿਆ ਹੈ, “ਸਾਹਿਤ ਲਿਖਿਆ ਤਾਂ ਵਰਤਮਾਨ ਵਿੱਚ ਜਾਂਦਾ ਹੈ, ਪਰ ਉਹ ਬੀਤ ਗਈ ਅਤੇ ਆਉਣ ਵਾਲੀ ਪੀੜ੍ਹੀ ਵਿਚਕਾਰ ਪੁਲ ਹੁੰਦਾ ਹੈ।”
ਵਿਸ਼ਵ ਪੰਜਾਬੀ ਕਾਨਫਰੰਸਾਂ ਸੰਬੰਧੀ ਵੀ ਕੁਝ ਲੇਖਕਾਂ (ਸਲੀਮ ਪਾਸ਼ਾ, ਮਲਵਿੰਦਰ, ਹਜ਼ਰਤ ਸ਼ਾਮ) ਨੇ ਚਰਚਾ ਕੀਤੀ ਹੈ। ਮਲਵਿੰਦਰ ਨੇ ਸੰਖੇਪਤਾ ਦਾ ਸਹਾਰਾ ਲੈਂਦਿਆਂ ਵੀ ਪਹਿਲੀ ਆਲਮੀ ਕਾਨਫਰੰਸ ਤੋਂ ਹੁਣ ਤਕ ਦੀਆਂ ਕਾਨਫਰੰਸਾਂ ਵਿੱਚ ਆ ਰਹੇ ਨਿਘਾਰ ਨੂੰ ਬਿਆਨਿਆ ਹੈ ਅਤੇ ਇੱਕ ਕਾਨਫਰੰਸ ਵਿੱਚ ਭੀੜ ਵਧਾਉਣ ਲਈ ਸਕੂਲ ਦੇ ਬੱਚਿਆਂ ਅਤੇ ਟੂਰਿਸਟ ਵੀਜ਼ੇ ’ਤੇ ਆਏ ਲੋਕਾਂ ਨੂੰ ਸਰੋਤੇ ਬਣਾਉਣ ਦੀ ਗੱਲ ਕੀਤੀ ਹੈ। ਉਸ ਮੁਤਾਬਕ ਅਜਿਹੀਆਂ ਕਾਨਫਰੰਸਾਂ ‘ਮੌਜ ਮੇਲਾ’ ਹੀ ਹੁੰਦੀਆਂ ਹਨ, ਜਿੱਥੇ ‘ਗਲਾਸੀ ਸੱਭਿਆਚਾਰ’ ਜ਼ਿਆਦਾ ਭਾਰੂ ਰਹਿੰਦਾ ਹੈ। ਹਜ਼ਰਤ ਸ਼ਾਮ ਨੇ ਤਾਂ ਇਹਨਾਂ ਲਈ ‘ਧੰਦਾ’ ਸ਼ਬਦ ਵਰਤਿਆ ਹੈ ਅਤੇ ਵਿਚਾਰ ਪੇਸ਼ ਕੀਤਾ ਹੈ ਕਿ ਵੀਜ਼ੇ ਵੇਚਣ ਵਾਲੀ ਪ੍ਰਪੰਰਾ ਨੂੰ ਖਤਮ ਕਰਨ ਦੀ ਲੋੜ ਹੈ ਅਤੇ ਇਹਨਾਂ ਆਲਮੀ ਕਾਨਫਰੰਸਾਂ ਦਾ ਬਦਲ ਲੱਭਣਾ ਚਾਹੀਦਾ ਹੈ। ਅਮਨਦੀਪ ਹਾਂਸ ਦੇ ਨਿਬੰਧ ਦੀ ਸ਼ੈਲੀ ਬਹੁਤ ਵਧੀਆ ਹੈ।
ਉਪਰੋਕਤ ਤੋਂ ਇਲਾਵਾ ਪੂਰਨ ਸਿੰਘ ਪਾਂਧੀ, ਅਮਰਜੀਤ ਕੌਰ ਪੰਛੀ, ਡਾ. ਮਨਪ੍ਰੀਤ ਕੌਰ ਧਾਲੀਵਾਲ, ਰਾਬਿੰਦਰ ਸਿੰਘ ਰੱਬੀ, ਡਾ. ਪਵਨ ਸ਼ਰਮਾ, ਬਲਬੀਰ ਕੌਰ, ਮਨਦੀਪ ਸਿੰਘ ਗਿੱਲ, ਸੁਖਮਿੰਦਰ ਸੇਖੋਂ ਅਤੇ ਕੁਝ ਹੋਰ ਵਿਦਵਾਨਾਂ ਦੇ ਲੇਖ ਵੀ ਸ਼ਾਮਲ ਹਨ। ਸੁਖਮਿੰਦਰ ਸੇਖੋਂ ਇੱਕ ਵਧੀਆ ਵਿਅੰਗਕਾਰ ਹੈ। ਉਸ ਦੀ ਇਹ ਵਧੀਆ ਰਚਨਾ ਕਿਸੇ ਵਿਅੰਗਮਈ ਪੁਸਤਕ ਦਾ ਸ਼ਿੰਗਾਰ ਬਣਨ ਯੋਗ ਹੈ। ਇਸ ਪੁਸਤਕ ਦਾ ਸਾਰਿਆਂ ਨਾਲੋਂ ਵੱਖਰਾ ਲੇਖ ‘ਲੋਕ ਗੀਤਾਂ ਵਿੱਚ ਅਮਰੀਕੀ ਪੰਜਾਬੀ ਸੱਭਿਆਚਾਰ’ (ਲਾਜ ਨੀਲਮ ਸੈਣੀ, ਅਮਰੀਕਾ) ਦਾ ਹਵਾਲਾ ਦੇਣਾ ਵੀ ਬਣਦਾ ਹੈ। ਉਸ ਨੇ ਅਮਰੀਕੀ ਹਾਲਾਤ ਮੁਤਾਬਕ ਉੱਥੇ ਪ੍ਰਚਲਿਤ ਪੰਜਾਬੀ ਬੋਲੀਆਂ ਦੇ ਰੂਪ ਨੂੰ ਪੇਸ਼ ਕੀਤਾ ਹੈ। ਇੱਕ ਬੋਲੀ ਹੈ- ਬੱਲੇ ਬੱਲੇ ਬੀ ਡਾਲਰ ਤੂੰ ਬੜਾ ਜੁਗਤੀ/ ਜੱਟ ਚਿੱਠੀਆਂ ਵੰਡਣ ’ਤੇ ਲਾਇਆ।
ਕੁਝ ਗੱਲਾਂ ਸੰਪਾਦਨ ਕਲਾ ਸੰਬੰਧੀ ਵੀ ਕਰਨੀਆਂ ਜ਼ਰੂਰੀ ਹਨ। ਚਾਲੀ ਲੇਖਕਾਂ ਦੇ ਲੇਖਾਂ ਨੂੰ ਇੱਕ ਪੁਸਤਕ ਵਿੱਚ ਇਕੱਠਾ ਕਰਨਾ ਅਸਾਨ ਕਾਰਜ ਨਹੀਂ। ਬਹੁਤੇ ਲੇਖਾਂ ਦੀ ਚੋਣ ਸੁਖਿੰਦਰ ਨੇ ਸੁਚੱਜਤਾ ਨਾਲ ਕੀਤੀ ਹੈ, ਪਰ ਮੇਰੇ ਵਿਚਾਰ ਅਨੁਸਾਰ ਜੇ ਇਹਨਾਂ ਚਾਲੀ ਨਿਬੰਧਾਂ ਵਿੱਚੋਂ ਘੱਟੋ-ਘੱਟ ਦਸ ਕੁ ਲੇਖਾਂ ਦੀ ਛਾਂਟੀ ਕੀਤੀ ਜਾਂਦੀ ਤਾਂ ਇਹ ਪੁਸਤਕ ਜ਼ਿਆਦਾ ਵਧੀਆ ਬਣ ਜਾਂਦੀ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀ ਵੀ ਰਚਨਾ ਆਈ ਹੈ, ਉਸ ਨੂੰ ਕਿਤਾਬ ਵਿੱਚ ਸ਼ਾਮਲ ਕਰਨਾ ਹੀ ਹੈ। ਸੰਪਾਦਕ ਨੇ ਇਹ ਦੇਖਣਾ ਹੁੰਦਾ ਹੈ ਕਿ ਸਾਰੀਆਂ ਰਚਨਾਵਾਂ ਦੇ ਮਿਆਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਨਹੀਂ ਹੋਣਾ ਚਾਹੀਦਾ। ਪ੍ਰਸਤੁਤ ਪੁਸਤਕ ਦਾ ਸਿਰਲੇਖ ‘ਪੰਜਾਬੀ ਸਾਹਿਤ ਅਤੇ ਸੱਭਿਆਚਾਰ’ ਹੈ, ਪਰ ਕੁਝ ਲੇਖਾਂ ਦਾ ਸੰਬੰਧ ਵਿਸ਼ੇ ਨਾਲ ਨਹੀਂ। ਇੱਕ ਲੇਖ ਦੇ ਸਿਰਲੇਖ ਵਿੱਚ ‘ਬੇਫ਼ਾਲਤੂ’ ਸ਼ਬਦ ਵਰਤਿਆ ਹੈ ਜਦੋਂ ਕਿ ਫਾਲਤੂ ਸ਼ਬਦ ਆਪਣੇ ਆਪ ਵਿੱਚ ਹੀ ਨਾਂਹ ਵਾਚੀ ਹੈ। ਇਹਨਾਂ ਇੱਕ ਦੋ ਘਾਟਾਂ ਤੋਂ ਇਲਾਵਾ ਪ੍ਰਸਤੁਤ ਪੁਸਤਕ ਪੜ੍ਹਨ ਯੋਗ ਪੁਸਤਕਾਂ ਦੀ ਫ਼ਹਿਰਿਸਤ ਵਿੱਚ ਸ਼ਾਮਲ ਕੀਤੀ ਜਾ ਸਕਦੀ ਹੈ।
ਸਪਤਰਿਸ਼ੀ ਪਬਲੀਕੇਸ਼ਨ ਵੱਲੋਂ 200 ਪੰਨਿਆਂ ਦੀ ਇਸ ਪੁਸਤਕ ਦਾ ਮੁੱਲ 200 ਰੁਪਏ ਬਹੁਤ ਹੀ ਵਾਜਿਬ ਹੈ। ਪੁਸਤਕ ਦਾ ਸਰਵਰਕ ਵੀ ਕਲਾਤਮਕ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3992)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)