“ਪੰਜਾਬ ਦੀ ਲੋਕ ਪ੍ਰੰਪਰਾ ਨਾਲ ਜੁੜੀ ‘ਜੱਲੇ ਅਤੇ ਉਸ ਦੇ ਪੁੱਤਰ ਛੱਲੇ’ ਦੀ ਕਹਾਣੀ ਨੂੰ ਸੂਤਰਧਾਰ ਦੇ ਰੂਪ ਵਿੱਚ ...”
(19 ਫਰਵਰੀ 2022)
ਇਸ ਸਮੇਂ ਮਹਿਮਾਨ: 692.
ਡਾ. ਕੁਲਦੀਪ ਸਿੰਘ ਦੀਪ ਨਾਟਕ ਸਿਰਜਕ ਵੀ ਹੈ, ਨਾਟ ਆਲੋਚਨਾ ’ਤੇ ਵੀ ਉਸ ਨੇ ਪ੍ਰਸ਼ੰਸਾਯੋਗ ਕੰਮ ਕੀਤਾ ਹੈ। ਉਸ ਨੇ ਪੰਜਾਬੀ ਵਿੱਚ ‘ਨੈਨੋ ਨਾਟਕ’ ਲਿਖਣ ਦੀ ਪਿਰਤ ਪਾਈ ਹੈ, ਬਾਲ ਸਾਹਿਤ ਵੀ ਰਚਿਆ ਹੈ। ਕੋਵਿਡ ਮਹਾਂਮਾਰੀ ਦੇ ਚਲਦੇ ਜਦੋਂ ਸਾਰੇ ਘਰਾਂ ਵਿੱਚ ਕੈਦ ਹੋ ਗਏ ਸੀ ਤਾਂ ਉਹਨਾਂ ਦਿਨਾਂ ਦੀਆਂ ਯਾਦਾਂ ਨੂੰ ਉਸ ਨੇ ‘ਲਾਕਡਾਊਨ ਡਾਇਰੀ’ (ਦੋ ਕਿਸ਼ਤਾਂ) ਵਿੱਚ ਸਾਂਭਿਆ ਹੈ। ਉਹਨਾਂ ਦਿਨਾਂ ਵਿੱਚ ਹੀ ਵੈਬੀਨਾਰਾਂ ਰਾਹੀਂ ਕੁਝ ਸਥਾਪਿਤ ਅਤੇ ਕੁਝ ਉੱਭਰ ਰਹੇ ਲੇਖਕਾਂ, ਕਲਾਕਾਰਾਂ ਨੂੰ ਉਸਨੇ ਪੰਜਾਬੀ ਸਾਹਿਤਕ ਪ੍ਰੇਮੀਆਂ ਦੇ ਸਨਮੁੱਖ ਕੀਤਾ ਹੈ ਅਤੇ ਅੱਜ-ਕੱਲ੍ਹ ਉਹ ਪੰਜਾਬੀ ਸਾਹਿਤ ਸੰਬੰਧੀ ਆਨ ਲਾਇਨ ਪ੍ਰੋਗਰਾਮਾਂ ਦੀ ਲੜੀ ਨੂੰ ਪ੍ਰਫੁੱਲਿਤ ਕਰਨ ਵਿੱਚ ਸਰਗਰਮ ਹੈ। ਉਸ ਦਾ ਨਵਾਂ ਨਾਟਕ ‘ਛੱਲਾ’ ਹਾਲ ਵਿੱਚ ਹੀ ਪ੍ਰਕਾਸ਼ਿਤ ਹੋਇਆ ਹੈ। ਇਹ ਨਾਟਕ ਪੁਸਤਕ ਰੂਪ ਵਿੱਚ ਆਉਣ ਤੋਂ ਪਹਿਲਾਂ ਰੰਗਮੰਚ ’ਤੇ ਪੇਸ਼ ਹੋ ਚੁੱਕਿਆ ਹੈ।
ਇਸ ਨਾਟਕ ਸੰਬੰਧੀ ਚਰਚਾ ਕਰਨ ਤੋਂ ਪਹਿਲਾਂ ਕੁਝ ਹੋਰ ਗੱਲਾਂ ਕਰਨੀਆਂ ਜ਼ਰੂਰੀ ਹਨ। ਨਾਟਕ, ਸਾਹਿਤ ਦੀ ਇੱਕ ਅਜਿਹੀ ਵਿਧਾ ਹੈ ਜੋ ਕਈ ਧਰਾਤਲਾਂ ’ਤੇ ਪਸਰੀ ਹੁੰਦੀ ਹੈ। ਨਾਟਕ ਦਾ ਪਾਠਕਾਂ ਨਾਲ ਤਾਂ ਸਬੰਧ ਹੁੰਦਾ ਹੀ ਹੈ, ਪਰ ਪਾਠਕਾਂ ਨਾਲੋਂ ਵੀ ਦਰਸ਼ਕਾਂ ਦੀ ਲੋਕ ਕਚਹਿਰੀ ਵਿੱਚ ਪ੍ਰਵਾਨ ਚੜ੍ਹਨਾ ਜ਼ਿਆਦਾ ਜ਼ਰੂਰੀ ਹੁੰਦਾ ਹੈ। ਰੰਗਮੰਚ ਅਦਾਕਾਰੀ, ਮੰਚ ਸਜਾਵਟ, ਵੇਸ ਭੂਸ਼ਾ, ਰੌਸ਼ਨੀ ਦੇ ਤਕਨੀਕੀ ਪੱਖ ਅਤੇ ਲੋੜੀਂਦੇ ਸੰਗੀਤਕ ਪ੍ਰਭਾਵਾਂ ਆਦਿ ਸਭ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਹਰ ਖੇਤਰ ਦਾ ਸੁਚੱਜਾ ਤਾਲਮੇਲ ਹੀ ਨਾਟਕ ਦੀ ਪੇਸ਼ਕਾਰੀ ਦੀ ਸਫਲਤਾ ਦਾ ਪੈਮਾਨਾ ਹੁੰਦਾ ਹੈ। ਇਸਦੇ ਨਾਲ ਹੀ ਨਾਟਕ ਦੇ ਵਿਸ਼ੇ ਦੀ ਆਪਣੀ ਵੱਖਰੀ ਮਹੱਤਤਾ ਹੁੰਦੀ ਹੈ। ਪਰ ਮੇਰਾ ਨਿੱਜੀ ਵਿਚਾਰ ਹੈ ਕਿ ਵਿਸ਼ੇ ਨਾਲੋਂ ਵਿਸ਼ੇ ਦੀ ਪੇਸ਼ਕਾਰੀ ਨਾਟਕ ਦੀ ਸਫਲਤਾ ਲਈ ਅਹਿਮ ਪੱਖ ਹੁੰਦਾ ਹੈ। ਇਸ ਸਮੇਂ ਮੇਰੇ ਸਾਹਮਣੇ ‘ਛੱਲਾ’ ਨਾਟਕ ਹੈ, ਰੰਗਮੰਚ ਦੀ ਪੇਸ਼ਕਾਰੀ ਨਹੀਂ, ਇਸ ਲਈ ਮੇਰੇ ਲਈ ਇਸ ਨਾਟਕ ਦੀ ਛਪੀ ਸਕ੍ਰਿਪਟ ਮੁੱਖ ਹੈ, ਭਾਵੇਂ ਇਸਦੇ ਮੰਚਣ ਪੱਖ ਨੂੰ ਵੀ ਮੈਂ ਨਜ਼ਰ ਅੰਦਾਜ਼ ਨਹੀਂ ਕਰਾਂਗਾ।
ਨਾਟਕ ਦੀ ਕਹਾਣੀ ਤਾਂ ਇੰਨੀ ਕੁ ਹੈ ਕਿ ਦੇਸ਼ ਦੇ ਮੌਜੂਦਾ ਹਾਲਾਤ ਕਰਕੇ (ਖਾਸ ਕਰਕੇ ਪੰਜਾਬ ਦੇ) ਨੌਜਵਾਨ ਵਰਗ ਵਿਦੇਸ਼ਾਂ ਵੱਲ ਜਾਣ ਲਈ ਤਤਪਰ ਹੈ ਅਤੇ ਆਪਣਾ ਮਕਸਦ ਪੂਰਾ ਕਰਨ ਲਈ ਕੁਝ ਵੀ ਕਰਨ ਨੂੰ ਤਿਆਰ ਹੈ। ਏਜੈਂਟਾਂ ਦੇ ਚੱਕਰਾਂ ਵਿੱਚ ਪੈ ਕੇ ਨੌਜਵਾਨ ਆਪਣੇ ਪਰਿਵਾਰਾਂ ਨੂੰ ਜ਼ਮੀਨ ਜਾਇਦਾਦ ਵੇਚਣ ਜਾਂ ਕਰਜ਼ਾ ਚੁੱਕਣ ਲਈ ਮਜਬੂਰ ਕਰ ਰਹੇ ਹਨ। ਉਹ ਲੱਖਾਂ ਰੁਪਏ ਵੀ ਗਵਾ ਰਹੇ ਹਨ, ਬਾਹਰਲੇ ਮੁਲਕਾਂ ਵਿੱਚ ਜਾ ਕੇ ਮੁਸੀਬਤਾਂ ਦਾ ਸਾਹਮਣਾ ਵੀ ਕਰਦੇ ਹਨ ਅਤੇ ਕਈ ਵਾਰ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ। ਲੇਖਕ ਨੇ ਇਸ ਗੱਲ ਨੂੰ ਪ੍ਰਸੰਗਿਕ ਬਣਾਉਣ ਲਈ 2014 ਵਿੱਚ ਇਰਾਕ ਦੇ ਸ਼ਹਿਰ ਮੌਸਲ ਵਿੱਚ ਅੱਤਵਾਦੀ ਸੰਗਠਨ ‘ਆਈ ਐੱਸ’ ਵੱਲੋਂ ਚਾਲੀ ਭਾਰਤੀਆਂ ਨੂੰ ਅਗਵਾ ਕਰ ਲੈਣ ਦੀ ਘਟਨਾ ਨੂੰ ਪਿਛੋਕੜ ਦੇ ਰੂਪ ਵਿੱਚ ਵਰਤਿਆ ਹੈ। ਉਹਨਾਂ ਵਿੱਚੋਂ 39 ਤਾਂ ਮਾਰ ਦਿੱਤੇ ਗਏ ਸਨ, ਪਰ ਇੱਕ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਿਆ ਸੀ। ਇਸ ਨਾਟਕ ਵਿੱਚ ਨਾਟਕਕਾਰ ਨੇ ਚਾਲੀ ਦੀ ਥਾਂ ਪੰਜ ਪੰਜਾਬੀ ਨੌਜਵਾਨ ਦਰਸਾਏ ਹਨ ਅਤੇ ਉਹਨਾਂ ਵਿੱਚੋਂ ਇੱਕ ਬਚ ਕੇ ਦੇਸ਼ ਪਰਤਣ ਵਿੱਚ ਸਫਲ ਹੁੰਦਾ ਹੈ।
ਇਹ ਕਹਾਣੀ ਸਧਾਰਨ ਜਿਹੇ ਪੱਧਰ ਦੀ ਹੈ। ਬਾਹਰੀ ਤੌਰ ’ਤੇ ਦੇਖਿਆਂ ਇਹ ਕਿਸੇ ਕਹਾਣੀ ਦਾ ਵਿਸ਼ਾ ਤਾਂ ਬਣ ਸਕਦੀ ਹੈ, ਪਰ ਨਾਟਕ ਦਾ ਨਹੀਂ। ਇੱਥੇ ਡਾ. ਦੀਪ ਦੀ ਕਲਪਨਾ ਸ਼ਕਤੀ ਦੀ ਦਾਦ ਦੇਣੀ ਬਣਦੀ ਹੈ ਕਿ ਉਸ ਨੇ ਇਸ ਘਟਨਾ ਨੂੰ ਕਲਪਨਾ ਦੀ ਅਜਿਹੀ ਪੁੱਠ ਚਾੜ੍ਹੀ ਕਿ ਇੱਕ ਪੂਰੇ ਨਾਟਕ ਦੀ ਕਲਾਤਮਕ ਕਹਾਣੀ ਸਿਰਜ ਦਿੱਤੀ। ਨਾਟਕਕਾਰ ਨੇ ਅਜਿਹੇ ਵਿਸ਼ੇ ਨੂੰ ਪ੍ਰਗਟਾਉਣ ਲਈ ਅਤੇ ਆਮ ਪਾਠਕਾਂ, ਦਰਸ਼ਕਾਂ ਦੇ ਨੇੜੇ ਲਿਆਉਣ ਲਈ ਇੱਕ ਵਿਲੱਖਣ ਜੁਗਤ ਤੋਂ ਕੰਮ ਲਿਆ ਹੈ। ਪੰਜਾਬ ਦੀ ਲੋਕ ਪ੍ਰੰਪਰਾ ਨਾਲ ਜੁੜੀ ‘ਜੱਲੇ ਅਤੇ ਉਸ ਦੇ ਪੁੱਤਰ ਛੱਲੇ’ ਦੀ ਕਹਾਣੀ ਨੂੰ ਸੂਤਰਧਾਰ ਦੇ ਰੂਪ ਵਿੱਚ ਪੇਸ਼ ਕਰ ਦਿੱਤਾ। ਇਹ ਸੂਤਰਧਾਰ ਕੋਈ ਵਿਅਕਤੀ ਵਿਸ਼ੇਸ਼ ਨਾ ਹੋ ਕੇ ਪੰਜਾਬੀ ਲੋਕ ਗੀਤ ‘ਛੱਲਾ’ ਹੈ। ਦੀਪ ਨੇ ਸਮੁੱਚੇ ਨਾਟਕ ਦੌਰਾਨ ਪੇਸ਼ ਕੀਤੀ ਜਾ ਰਹੀ ਕਹਾਣੀ ਦੇ ਸੰਦਰਭ ਵਿੱਚ ਛੱਲੇ ਦੇ ਨਵੇਂ ਬੰਦਾ ਦੀ ਰਚਨਾ ਕਰਕੇ ਜਿੱਥੇ ਨਾਟਕੀ ਕਾਰਜ ਦੇ ਪ੍ਰਭਾਵ ਨੂੰ ਤੀਬਰ ਕੀਤਾ ਉੱਥੇ ਨਾਟਕ ਨੂੰ ਲੋਕ ਰੰਗਤ ਵੀ ਬਖਸ਼ੀ। ਕੁਦਰਤੀ ਹੈ ਕਿ ਨਾਟਕ ਦੀ ਪੇਸ਼ਕਾਰੀ ਸਮੇਂ ਅਜਿਹੇ ਕਾਵਿਕ ਬੰਦਾਂ ਦੀ ਪੇਸ਼ਕਾਰੀ ਸਮੇਂ ਛੱਲੇ ਦੀ ਪ੍ਰੰਪਰਿਕ ਸੰਗੀਤਕ ਲੈ ਬਰਕਰਾਰ ਰੱਖੀ ਜਾਵੇਗੀ, ਜਿਸ ਨਾਲ ਨਾਟਕ ਵਿੱਚ ਰੌਚਿਕਤਾ ਵਧੇਗੀ ਅਤੇ ਦਰਸ਼ਕ ਛੱਲੇ ਦੀ ਲੋਕ ਧੁੰਨ ਦਾ ਆਨੰਦ ਮਾਣਦੇ ਹੋਏ ਨਾਟਕ ਦੇ ਕਥਾਨਕ ਨਾਲ ਇੱਕ-ਮਿੱਕ ਹੋਣਗੇ।
ਨਾਟਕ ਦੇ ਪਹਿਲੇ ਦ੍ਰਿਸ਼ ਦੀ ਜੇ ਗੱਲ ਕੀਤੀ ਜਾਵੇ ਤਾਂ ਨਾਟਕਕਾਰ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਮੰਚ ’ਤੇ ਚਾਰ ਛੱਲੇ ਹਨ ਜੋ ਚਾਰ ਦਿਸ਼ਾਵਾਂ ਦੇ ਸੂਚਕ ਹਨ। ਇਸ ਤੋਂ ਭਾਵ ਹੈ ਕਿ ਛੱਲਿਆਂ ਦੇ ਪਿੱਛੇ ਖੜ੍ਹੇ ਚਾਰ ਪਾਤਰਾਂ ਦਾ ਕਾਰਜ ਖੇਤਰ ਕਿਸੇ ਇੱਕ ਵਿਸ਼ੇਸ਼ ਖਿੱਤੇ ਨਾਲ ਨਹੀਂ ਜੁੜਿਆ ਸਗੋਂ ਵਿਸ਼ਵ ਵਿਆਪੀ ਹੈ। ਭਾਵ ਉਹਨਾਂ ਨਾਲ ਜੋ ਕੁਝ ਵਾਪਰੇਗਾ, ਉਹ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਵਾਪਰ ਸਕਦਾ ਹੈ ਜਾਂ ਵਾਪਰ ਰਿਹਾ ਹੈ। ਮੰਚ ਦੇ ਵਿਚਕਾਰ ਪੰਜਵਾਂ ਛੱਲਾ ਅਤੇ ਉਸਦੇ ਪਿੱਛੇ ਖੜ੍ਹਾ ਪਾਤਰ ਇਹ ਦਰਸਾਉਂਦਾ ਹੈ ਕਿ ਉਹ ਬਾਕੀ ਚਾਰ ਨਾਲੋਂ ਕੁਝ ਵੱਖਰਾ ਹੈ, ਨਾਟਕ ਵਿੱਚ ਉਸਦੀ ਭੂਮਿਕਾ ਬਾਕੀਆਂ ਨਾਲੋਂ ਕੁਝ ਅੱਡਰੀ ਹੈ। ਜਿਵੇਂ ਜਿਵੇਂ ਨਾਟਕ ਦੀ ਕਹਾਣੀ ਅੱਗੇ ਵਧਦੀ ਹੈ, ਇਹ ਗੱਲ ਸਪਸ਼ਟ ਵੀ ਹੁੰਦੀ ਜਾਂਦੀ ਹੈ। ‘ਪੰਜ ਛੱਲੇ’ ਇਸ ਗੱਲ ਦਾ ਵੀ ਪ੍ਰਤੀਕ ਹਨ ਕਿ ਇਹਨਾਂ ਦੀ ਓਟ ਵਿੱਚ ਖੜ੍ਹੇ ਪਾਤਰਾਂ ਦੀ ਜ਼ਿੰਦਗੀ ਸਮਤਲ ਧਰਾਤਲ ’ਤੇ ਚੱਲ ਕੇ ਕਿਸੇ ਮੰਜ਼ਿਲ ’ਤੇ ਪਹੁੰਚਣ ਵਾਲੀ ਨਹੀਂ ਸਗੋਂ ਘੁੰਮਣਘੇਰੀ ਵਿੱਚ ਫਸਣ ਵਾਲੀ ਹੈ। ਲੈਪੀ ਬਾਬਾ ਦੇ ਇੱਕ ਹੱਥ ਵਿੱਚ ਅਜੋਕੀ ਜ਼ਿੰਦਗੀ ਦਾ ਧੁਰਾ ਬਣ ਗਏ ਲੈਪਟਾਪ ਦਾ ਮਾਡਲ ਅਤੇ ਦੂਜੇ ਹੱਥ ਵਿੱਚ ਬੀਤੇ ਸਮੇਂ ਦੇ ਲੋਕ ਸੰਗੀਤ ਨਾਲ ਜੁੜੇ ਤੂੰਬੇ ਦਾ ਹੋਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਨਾਟਕ ਵਿੱਚ ਸਮੇਂ ਦੇ ਨਾਲ ਬਦਲ ਰਹੀਆਂ ਕਦਰਾਂ-ਕੀਮਤਾਂ ਨਾਲ ਦਰਪੇਸ਼ ਨਵੀਂਆਂ ਸਮੱਸਿਆਵਾਂ ਦਾ ਚਿਤਰਣ ਵੀ ਦੇਖਣ ਨੂੰ ਮਿਲੇਗਾ।
ਨਾਟਕ ਦੇ ਅੰਤ ਵਿੱਚ ਲੈਪੀ ਬਾਬਾ ਤੂੰਬੇ ਵੱਲ ਇਸ਼ਾਰਾ ਕਰਕੇ ਕਹਿੰਦਾ ਹੈ ਕਿ ਬਣਨਾ ਚਾਹੁੰਦਾ ਸੀ ਇਹ ਅਤੇ ਦੂਜੇ ਹੱਥ ਵਿੱਚ ਫੜੇ ਲੈਪਟਾਪ ਦੇ ਮਾਡਲ ਵੱਲ ਦੇਖ ਕੇ ਕਹਿੰਦਾ ਹੈ ਬਣ ਗਏ ਇਹ, ਤਾਂ ਇਸ ਸੰਵਾਦ ਦੇ ਡੂੰਘੇ ਅਰਥ ਸਮਝਣ ਵਾਲੇ ਹਨ। ਅੱਜ ਦੇ ਸਮੇਂ ਦੇ ਨੌਜਵਾਨਾਂ ਦੇ ਦੁਖਾਂਤ ਨੂੰ ਪੇਸ਼ ਕਰਦਾ ਹੈ ਕਿ ਉਹਨਾਂ ਨੇ ਸੁਪਨੇ ਕੁਝ ਹੋਰ ਲਏ ਹੁੰਦੇ ਹਨ, ਪਰ ਹਕੀਕਤ ਵਿੱਚ ਵਾਪਰ ਕੁਝ ਹੋਰ ਹੀ ਜਾਂਦਾ ਹੈ। ਨਾਟਕ ਦੇ ਪੰਜਾਂ ਪਾਤਰਾਂ ਨਾਲ ਵੀ ਇਹੋ ਹੁੰਦਾ ਹੈ। ਉਹ ਏਜੰਟ ਦੀ ਮੂੰਹ ਮੰਗੀ ਫੀਸ ਦੇ, ਅਮਰੀਕਾ ਜਾ ਕੇ ਚੰਗੀ ਕਮਾਈ ਕਰ, ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਸੰਵਾਰਨਾ ਚਾਹੁੰਦੇ ਹਨ, ਪਰ ਹੁੰਦਾ ਇਸਦੇ ਉਲਟ ਹੈ। ਏਜੰਟ, ਉਹਨਾਂ ਨੂੰ ਇਰਾਕ ਭੇਜ ਦਿੰਦਾ ਹੈ, ਜਿੱਥੇ ਕੁਝ ਹੋਰ ਮੁਸੀਬਤਂ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਹਨ। ਉਹ ਕਿਸੇ ਵਿਦੇਸ਼ੀ ਕੁੜੀ (ਅਬੀਰ) ਦੀ ਸਹਾਇਤਾ ਨਾਲ ‘ਬੰਧੂਆ ਮਜ਼ਦੂਰੀ’ ਵਰਗੀ ਜ਼ਿੰਦਗੀ ਵਿੱਚੋਂ ਅਜ਼ਾਦ ਹੋ ਜਾਣ ਵਿੱਚ ਕਾਮਯਾਬ ਵੀ ਹੋ ਜਾਂਦੇ ਹਨ, ਪਰ ਨਵੀਂ ਥਾਂ ’ਤੇ ਵੀ ਬਦਕਿਸਮਤੀ ਉਹਨਾਂ ਦਾ ਪਿੱਛਾ ਨਹੀਂ ਛੱਡਦੀ। ਕੰਮ ਕਰਨ ਬਦਲੇ ਤਨਖਾਹ ਨਹੀਂ ਦਿੱਤੀ ਜਾਂਦੀ। ਕੁਝ ਦੇਰ ਬਾਅਦ ਉਹਨਾਂ ਦੇ ਪੁਰਾਣੇ ਮਾਲਕ ਵੀ ਉਹਨਾਂ ਨੂੰ ਲੱਭਦੇ-ਲੱਭਦੇ ਉਹਨਾਂ ਦੇ ਨਵੇਂ ਟਿਕਾਣੇ ’ਤੇ ਪਹੁੰਚ ਜਾਂਦੇ ਹਨ। ਤਿੰਨ ਜਣਿਆਂ ਨੂੰ ਤਾਂ ਉਹ ਗੋਲੀਆਂ ਨਾਲ ਭੁੰਨ ਦਿੰਦੇ ਹਨ, ਪਰ ਮਨੀ ਬਾਥਰੂਮ ਵਿੱਚ ਹੋਣ ਕਰਕੇ ਬਚ ਜਾਂਦਾ ਹੈ ਜਾਂ ਨਾਟਕਕਾਰ ਹੀ ਉਸ ਨੂੰ ਬਚਾ ਲੈਂਦਾ ਹੈ ਤਾਂ ਜੋ ਉਹ ਦੇਸ਼ ਪਰਤ ਕੇ ਆਪਣਾ ਦੁਖਾਂਤ ਬਿਆਨ ਕਰ ਸਕੇ। ਅਸਲ ਵਿੱਚ ਉਸਦਾ ਜਿਉਂਦੇ ਰਹਿਣਾ, ਨਾਟਕ ਦੀ ਕਹਾਣੀ ਨੂੰ ਅੰਜਾਮ ਤਕ ਪਹੁੰਚਾਉਣ ਲਈ ਜ਼ਰੂਰੀ ਵੀ ਸੀ।
ਇਸ ਨਾਟਕ ਵਿੱਚੋਂ ਦੁਖਾਂਤਕ ਨਾਟਕ ਦੀ ਝਲਕ ਵੀ ਪੈਂਦੀ ਹੈ। ਦੁਖਾਂਤ ਨਾਟਕ ਵਿੱਚ ਹੋਰ ਕਈ ਪੱਖਾਂ ਦੇ ਨਾਲ-ਨਾਲ ਪਾਤਰਾਂ ਦੀ ਗਲਤੀ ਨਾਲੋਂ ਉਹਨਾਂ ਨੂੰ ਮਿਲੀ ਸਜ਼ਾ ਬਹੁਤ ਜ਼ਿਆਦਾ ਹੁੰਦੀ ਹੈ। ‘ਛੱਲਾ’ ਵਿੱਚ ਵੀ ਪੰਜ ਪਾਤਰਾਂ ਦੀ ਗਲਤੀ ਇੰਨੀ ਹੀ ਸੀ ਕਿ ਉਹ ਧੋਖੇਬਾਜ਼ ਏਜੰਟ ਦੀਆਂ ਗੱਲਾਂ ਵਿੱਚ ਆ ਗਏ, ਜਿਸ ਕਾਰਨ ਵਿਦੇਸ਼ੀ ਧਰਤੀ ’ਤੇ ਪਹੁੰਚ ਕੇ ਉਹਨਾਂ ਨੂੰ ਗੁਲਾਮੀ ਵਾਲੀ ਜ਼ਿੰਦਗੀ ਬਤੀਤ ਕਰਨੀ ਪਈ। ਅਜਿਹੀ ਜ਼ਿੰਦਗੀ ਪ੍ਰਤੀ ਆਵਾਜ਼ ਉਠਾਉਣ ਕਰਕੇ ਇੱਕ ਪਾਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬਾਅਦ ਵਿੱਚ ਤਿੰਨ ਹੋਰਾਂ ਨਾਲ ਵੀ ਇਹੋ ਭਾਣਾ ਵਰਤਿਆ। ਪੰਜਵਾਂ ਪਾਤਰ ਮਨੀ ਭਾਵੇਂ ਜਾਨ ਬਚਾ ਕੇ ਆਪਣੇ ਦੇਸ਼ ਤਾਂ ਪਰਤ ਆਇਆ, ਪਰ ਉਸ ਨੂੰ ਵੀ ਸਮੇਂ ਦੀ ਹਕੂਮਤ ਦੀ ਹਾਂ ਵਿੱਚ ਹਾਂ ਨਾ ਮਿਲਾਉਣ ਦੇ ਨਤੀਜੇ ਵਜੋਂ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ। ਪੁਲਿਸ ਦੀ ਕੈਦ ਤੋਂ ਰਿਹਾ ਹੋ ਕੇ ਜਦੋਂ ਆਪਣੇ ਪਰਿਵਾਰ ਕੋਲ ਪਹੁੰਚਿਆ ਤਾਂ ਉਸਦੀ ਗ਼ੈਰ ਹਾਜ਼ਰੀ ਵਿੱਚ ਘਰ ਵਿੱਚ ਵਾਪਰੇ ਵਰਤਾਰਿਆਂ ਨੇ ਉਸ ਨੂੰ ਹੋਰ ਝੰਜੋੜ ਦਿੱਤਾ। ਇਸ ਤੋਂ ਵੱਧ ਦੁਖਾਂਤ ਹੋਰ ਕੋਈ ਵਾਪਰ ਸਕਦਾ ਹੈ?
ਇਸ ਨਾਟਕ ਦਾ ਕਥਾਨਕ ਦੋ ਐਕਟਾਂ ਦੇ ਤੇਈ ਦ੍ਰਿਸ਼ਾਂ ਵਿੱਚ ਫੈਲਿਆ ਹੋਇਆ ਹੈ। ਪਹਿਲੇ ਅੰਕ ਵਿੱਚ ਨੌ ਦ੍ਰਿਸ਼ ਹਨ ਅਤੇ ਦੂਜੇ ਵਿੱਚ ਚੌਦਾਂ। ਕਈ ਦ੍ਰਿਸ਼ ਫਲੈਸ਼ਬੈਕ ਦੇ ਵੀ ਹਨ। ਫਲੈਸ਼ਬੈਕ ਦ੍ਰਿਸ਼ਾਂ ਨੂੰ ਪੇਸ਼ ਕਰਨ ਸਮੇਂ ਅਤੇ ਬਾਅਦ ਵਿੱਚ ਪਹਿਲੇ ਹੀ ਦ੍ਰਿਸ਼ ਦੀ ਲਗਾਤਾਰਤਾ ਵਿੱਚ ਆਉਣ ਵੇਲੇ ਨਾਟਕਕਾਰ ਦੀ ਨਾਟਕੀ ਕਾਰਜ ਕੁਸ਼ਲਤਾ ਪ੍ਰਸ਼ੰਸਾਯੋਗ ਹੈ। ਅਜਿਹੇ ਦ੍ਰਿਸ਼ਾਂ ਦਾ ਬਦਲਾਅ ਬਹੁਤ ਹੀ ਸਹਿਜ ਨਾਲ ਵਾਪਰਦਾ ਹੈ ਅਤੇ ਦਰਸਾਈ ਜਾ ਰਹੀ ਕਹਾਣੀ ਵੱਲ ਮੁੜਨ ਵੇਲੇ ਵੀ ਇਹ ਸਹਿਜਤਾ ਬਣੀ ਰਹਿੰਦੀ ਹੈ। ਪਾਠਕ ਕਥਾਨਕ ਤੋਂ ਟੁੱਟਦੇ ਨਹੀਂ ਬਲਕਿ ਜੁੜੇ ਰਹਿੰਦੇ ਹਨ। ਅਜਿਹੀ ਤਕਨੀਕ ਨਾਲ ਨਾਟਕ ਵਿੱਚ ਨਵੀਨਤਾ ਆਈ ਹੈ। ਨਾਟਕ ਦੇ ਵਾਰਤਾਲਾਪ ਚੁਸਤ ਹਨ ਅਤੇ ਕਈ ਥਾਂ ਪਾਠਕਾਂ ਨੂੰ ਆਪਣੇ ਵਹਾ ਵਿੱਚ ਵਹਾ ਕੇ ਵੀ ਲੈ ਜਾਂਦੇ ਹਨ। ਕੁਝ ਵਾਰਤਾਲਾਪ ਦੀ ਕਾਵਿਮਈ ਸ਼ੈਲੀ ਨੇ ਨਵਾਂ ਮਾਹੌਲ ਸਿਰਜਿਆ ਹੈ। ਇਸ ਪੱਖੋਂ ਮਨੀ ਦਾ ਇਹ ਵਾਰਤਾਲਾਪ ਦੇਖਿਆ ਜਾ ਸਕਦਾ ਹੈ:
ਸੁਪਨਿਆਂ ਨੂੰ ਅਰਘ ਚੜ੍ਹਾ ਸਕਾਂ, ਬਾਪੂ ਜੀ ਚਿੱਟੀ ਦਾੜ੍ਹੀ ਕਿਸੇ ਦੱਲੇ ਦੇ ਹੱਥ ਪੈਣੋ ਬਚਾ ਸਕਾਂ, ਬੇਬੇ ਦਾ ਬੀਕਾਨੇਰ ਤੋਂ ਖਹਿੜਾ ਛੁਡਾ ਸਕਾਂ --- --
ਜਦੋਂ ਮੁੜਨ ਜੋਗਾ ਕੁਝ ਹੋਇਆ ਪੱਲੇ, ਜਦ ਸੁਪਨਿਆਂ ਦੀ ਬਗੀਚੀ ਵਿੱਚ ਰੀਝਾਂ ਦਾ ਕੋਈ ਸੋਹਣਾ ਜਿਹਾ ਫੁੱਲ ਖਿੜਿਆ, ਜਦ ਤੇਰੀਆਂ ਅੱਖਾਂ ਵਿੱਚ ਹੰਝੂਆਂ ਦੀ ਥਾਂ ਹਾਸੇ ਦਾ ਚੰਬਾ ਮਹਿਕਿਆ --- ---
ਸਾਰੇ ਨਾਟਕ ਵਿੱਚ ਹੀ ਅਜਿਹੇ ਕਾਵਿਕ ਵਾਰਤਾਲਾਪ ਪੜ੍ਹਨ ਨੂੰ ਮਿਲਦੇ ਹਨ।
ਨਾਟਕ ਦੇ ਮੁੱਢ ਵਿੱਚ ਹੀ ਪਿਛੋਕੜ ਤੋਂ ਆ ਰਹੀਆਂ ਕਾਵਿਕ ਸਤਰਾਂ:
ਵਾਂਗ ਜਨੌਰਾਂ ਹੱਥੋਂ ਛੁੱਟਣ, ਸੁਪਨੇ ਤੇ ਪ੍ਰਛਾਵੇਂ / ਪਰ ਕਿੱਥੇ ਜਾ ਪੁੱਜਣੀਆਂ ਨੇ, ਚਿੱਠੀਆਂ ਬਿਨ ਸਿਰਨਾਵੇਂ, ਵੀ ਪਾਠਕਾਂ/ਦਰਸ਼ਕਾਂ ਨੂੰ ਮੰਤਰ ਮੁਗਧ ਕਰਨ ਵਾਲੀਆਂ ਹਨ।
ਲੈਪੀ ਬਾਬਾ ਵੱਲੋਂ ‘ਵਾਇਰਸ’ ਸ਼ਬਦ ਦੀ ਵਰਤੋਂ ਵੀ ਡੂੰਘੇ ਅਰਥਾਂ ਵਾਲੀ ਹੈ। ਇਹ ਸ਼ਬਦ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਵਿੱਚ ਆਏ ਨਿਘਾਰ, ਸਾਡੇ ਦੇਸ਼ ਦੇ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਦੇ ਨਕਾਰਾਤਮਕ ਵਰਤਾਰਿਆਂ ਨੂੰ ਦਰਸਾਉਂਦਾ ਹੈ, ਜਿਸ ਕਾਰਨ ਇਰਾਕ ਵਿੱਚ ਚਾਲੀ ਭਾਰਤੀਆਂ ਨੂੰ ਅਗਵਾ ਕਰਕੇ ਉਹਨਾਂ ਵਿੱਚੋਂ 39 ਨੂੰ ਕਤਲ ਕਰਨ ਵਰਗੀਆਂ ਦਰਦਨਾਕ ਘਟਨਾਵਾਂ ਵਾਪਰਦੀਆਂ ਹਨ। ਇਸਦੇ ਨਾਲ ਹੀ ਇਹ ਸ਼ਬਦ ਸਾਡੇ ਦੇਸ਼ ਦੇ ਸਰਕਾਰੀ ਤੰਤਰ ਵਿੱਚ ਆਈ ਇਖਲਾਕੀ ਗਿਰਾਵਟ ਨੂੰ ਵੀ ਰੂਪਮਾਨ ਕਰਦਾ ਹੈ (ਜਦੋਂ ਮਨੀ ਸਰਕਾਰੀਤੰਤਰ ਦੀ ਕਰੂਰਤਾ ਦਾ ਸ਼ਿਕਾਰ ਹੁੰਦਾ ਹੈ)।
ਇਹ ਨਾਟਕ ਮੰਚ ਦੇ ਹਰ ਪਹਿਲੂ ਤੋਂ ਕਾਮਯਾਬ ਹੈ। ਤਕਰੀਬਨ ਸਾਰੇ ਹੀ ਪਾਤਰਾਂ ਕੋਲ ਆਪਣੀ ਕਲਾ ਦਿਖਾਉਣ ਦੇ ਮੌਕੇ ਹਨ। ਨਾਟਕ ਦੇ ਵਾਰਤਾਲਾਪ ਦਰਸ਼ਕਾਂ ਨੂੰ ਝੰਜੋੜ ਵਾਲੇ ਹਨ। ਰੌਸ਼ਨੀ ਵਿਉਂਤਕਾਰੀ ਲਈ ਵੀ ਕਈ ਮੌਕੇ ਹਨ। ਛੱਲਾ ਗੀਤ ਦੀ ਲੋਕ ਧੁੰਨ ਅਤੇ ਨਾਟਕਕਾਰ ਵੱਲੋਂ ਪੇਸ਼ ਕੀਤਾ ਜਾ ਰਹੇ ਮਾਹੌਲ ਮੁਤਾਬਿਕ ਸਿਰਜੇ ਨਵੇਂ ਬੰਦ ਕਹਾਣੀ ਦੇ ਪ੍ਰਭਾਵ ਨੂੰ ਤੀਖਣ ਕਰਦੇ ਹਨ। ਇੱਕ ਦੋ ਥਾਂ ਮਾਹੌਲ ਹਲਕਾ ਕਰਨ ਲਈ ਮਨੋਰੰਜਨ ਭਰਪੂਰ ਵਾਰਤਾਲਾਪ ਵਰਤੇ ਗਏ ਹਨ। ਫਲੈਸ਼ਬੈਕ ਦ੍ਰਿਸ਼ਾਂ ਰਾਹੀਂ ਪੇਸ਼ ਕੀਤੀ ਜਾ ਰਹੀ ਸਥਿਤੀ ਨੂੰ ਵਧੇਰੇ ਸਪਸ਼ਟ ਕੀਤਾ ਗਿਆ ਹੈ।
ਦੋ ਗੱਲਾਂ ਨਾਟਕ ਦੇ ਮੁੱਖ ਬੰਦ ਸੰਬੰਧੀ। ਸਤੀਸ਼ ਵਰਮਾ ਨੇ ਬੜੀ ਡੂੰਘਾਈ ਵਿੱਚ ਜਾ ਕੇ ‘ਛੱਲਾ’ ਨਾਟਕ ਦੀਆਂ ਗੁੱਝੀਆਂ ਅਤੇ ਪ੍ਰਗਟ ਪਰਤਾਂ ਦਾ ਵਿਸ਼ਲੇਸ਼ਣ ਕੀਤਾ ਹੈ। ਉਮਰ ਦੇ ਪੱਖੋਂ ਉਹ ਮੇਰਾ ਛੋਟਾ ਵੀਰ ਹੈ, ਰੰਗਮੰਚ ’ਤੇ ਅਸੀਂ ਇਕੱਠਿਆਂ ਨੇ ਹੀ ਕਦਮ ਧਰਿਆ ਸੀ। ਉਹ ਮੇਰਾ ਸੁਹਿਰਦ ਮਿੱਤਰ ਵੀ ਹੈ। ਪਰ ਸਾਹਿਤਕ ਪਿੜ ਵਿੱਚ ਉਸ ਦੀਆਂ ਪ੍ਰਾਪਤੀਆਂ ਦੇ ਉੱਚੇ ਮਿਨਾਰ ਨੂੰ ਦੇਖਣ ਲਈ ਮੈਂਨੂੰ ਆਪਣੀ ਦਸਤਾਰ ’ਤੇ ਹੱਥ ਰੱਖਣਾ ਪੈਂਦਾ ਹੈ। ਉਸਦੀ ਗੱਲ ਨੂੰ ਉਲਟਾਉਣ ਲਈ ਕਈ ਵਾਰ ਸੋਚਣਾ ਪੈਂਦਾ ਹੈ। ਇਸ ਨਾਟਕ ਦੇ ਪਾਤਰ ਮਨੀ ਨੂੰ ਉਹ ‘ਮੁੱਖ ਪਾਤਰ’ ਮੰਨਣ ਦੀ ਥਾਂ ‘ਕੇਂਦਰੀ ਪਾਤਰ’ ਮੰਨਦਾ ਹੈ, ਕਿਉਂਕਿ ਨਾਟਕ ਵਿੱਚ ਮਨੀ ਜੇਤੂ ਦੇ ਰੂਪ ਵਿੱਚ ਨਹੀਂ ਉੱਭਰਦਾ। ਪਰ ਮੇਰਾ ਮੱਤ ਹੈ ਕਿ ਮਨੀ ਸੰਘਰਸ਼ ਕਰਦਾ ਹੈ, ਮਾੜੇ ਹਾਲਾਤ ਵਿੱਚ ਵੀ ਦਿਲ ਨਹੀਂ ਛੱਡਦਾ ਅਤੇ ਨਾਟਕ ਦੇ ਅੰਤ ਵਿੱਚ ਜਦੋਂ ਉਹ ਆਪਣੀ ਜ਼ਮੀਰ ਵੇਚ ਕੇ ਸਰਕਾਰੀ ਅਦਾਰੇ (ਪੁਲਿਸ) ਦੀ ਬੋਲੀ ਬੋਲਣ ਤੋਂ ਇਨਕਾਰ ਕਰਦਾ ਹੈ ਤਾਂ ਉਹ ਆਤਮਕ ਤੌਰ ’ਤੇ ਜੇਤੂ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦਾ ਹੈ। ਇਸ ਲਈ ਮਨੀ ਨਿਰਸੰਦੇਹ ਨਾਟਕ ਦਾ ਮੁੱਖ ਪਾਤਰ ਹੈ। ਪਰ ਇੱਕ ਗੱਲ ਹੈ, ਭਾਵੇਂ ਉਸ ਨੂੰ ਮੁੱਖ ਪਾਤਰ ਮੰਨਿਆ ਜਾਵੇ ਜਾਂ ਕੇਂਦਰੀ ਪਾਤਰ, ਇਸ ਨਾਲ ਨਾਟਕ ਦੇ ਮਿਆਰ ’ਤੇ ਕੋਈ ਪ੍ਰਭਾਵ ਨਹੀਂ ਪੈਂਦਾ।
ਜਿੱਥੇ ਮੁੱਖ ਬੰਦ ਦੇ ਅਖੀਰ ਵਿੱਚ ਸਤੀਸ਼ ਕੁਮਾਰ ਵਰਮਾ ਨੇ ਆਪਣੇ ਸ਼ਾਗਿਰਦ ਡਾ. ਕੁਲਦੀਪ ਸਿੰਘ ਦੀਪ ਨੂੰ ਸੰਪੂਰਨ ਨਾਟਕ ਲਿਖਣ ਲਈ ‘ਲੰਬੀ ਸ਼ਾਬਾਸ਼’ ਦਿੱਤੀ ਹੈ, ਉੱਥੇ ਮੈਂ ਨਾਟਕਕਾਰ ਨੂੰ ਵਧੀਆ ਨਾਟਕ ਸਿਰਜਣ ਲਈ ‘ਬਹੁਤ ਬਹੁਤ --- --- ਮੁਬਾਰਕਬਾਦ’ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਪੰਜਾਬੀ ਨਾਟ ਖੇਤਰ ਦਾ ਧਰੂ ਤਾਰਾ ਬਣ ਕੇ ਚਮਕੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3376)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)