“ਕੈਂਗਰੂਨਾਮਾ ਵਿਚ ਤੇਤੀ ਲੇਖ ਹਨ। ਇਸ ਪੁਸਤਕ ਦਾ ਲੇਖਕ ਕਿਉਂ ਜੋ ਪੱਤਰਕਾਰ ਵੀ ਹੈ, ਇਸ ਲਈ ...”
(29 ਨਵੰਬਰ 2021)
ਸਾਡੇ ਦੇਸ਼ ਵਿਚ ਆਮ ਰਿਵਾਜ ਹੈ ਕਿ ਬੱਚੇ ਦੀ ਪੈਦਾਇਸ਼ ਸਮੇਂ ਘਰ ਲਈ ਉਸਦਾ ਛੋਟਾ ਜਾਂ 'ਕੱਚਾ ਨਾਂ' ਰੱਖਿਆ ਜਾਂਦਾ ਹੈ ਅਤੇ ਬਾਅਦ ਵਿਚ ਸਕੂਲ ਲਈ 'ਪੱਕਾ ਨਾਂ'। ਬੱਚਾ ਵੱਡਾ ਹੋ ਕੇ ਆਪ ਵੀ ਬੱਚਿਆਂ ਵਾਲਾ ਬਣ ਜਾਵੇ ਤਾਂ ਵੀ ਉਹ ਘਰ ਦਿਆਂ ਲਈ 'ਕਾਕਾ', 'ਬਿੱਲੂ', 'ਟਿੱਲੂ' ਆਦਿ ਹੀ ਰਹਿੰਦਾ ਹੈ। ਪਰ ਕਈ ਸੱਜਣਾਂ ਦੇ ਮਾਮਲੇ ਵਿਚ ਉਲਟ ਹੋ ਜਾਂਦਾ ਹੈ। ਮਾਤਾ, ਪਿਤਾ, ਭੈਣ, ਭਰਾ ਅਸਲ ਨਾਂ ਲੈਂਦੇ ਹਨ ਅਤੇ ਦੋਸਤ ਮਿੱਤਰ ਘਰ ਵਾਲਾ। ਅਜਿਹੀ ਹੀ ਇਕ ਸ਼ਖਸੀਅਤ ਹੈ ਗੁਰਸ਼ਮਿੰਦਰ ਸਿੰਘ ਉਰਫ਼ ਮਿੰਟੂ ਬਰਾੜ ਦੀ। ਪਰ ਉਹ ਤਾਂ ਇਸ ਮਾਮਲੇ ਵਿਚ ਵੀ ਬਹੁਤ ਅੱਗੇ ਲੰਘ ਚੁੱਕਿਆ ਹੈ। ਮਿੰਟੂ ਬਰਾੜ ਦੇ ਨਾਂ ਦੇ ਮੂਹਰੇ ਕਈ ਅਗੇਤਰ ਸਮੇਂ ਸਮੇਂ ਜੁੜਦੇ ਰਹੇ। ਉਹਨਾਂ ਦਾ ਪਰਿਵਾਰ ਜਦੋਂ ਬਾਗ਼ਬਾਨੀ ਦਾ ਕੰਮ ਕਰਦਾ ਸੀ ਤਾਂ ਉਹ ਬਾਗ ਵਾਲਾ ਮਿੰਟੂ ਬਰਾੜ ਸੀ, ਜਦੋਂ ਫੁਟਬਾਲ ਦਾ ਸ਼ੌਕ ਪਿਆ ਤਾਂ ਫੁਟਬਾਲ ਵਾਲਾ ਮਿੰਟੂ ਬਰਾੜ ਬਣ ਗਿਆ। ਜਦੋਂ ਪਹਾੜੀ ਬੱਕਰੀਆਂ ਰੱਖ ਲਈਆਂ ਤਾਂ ਬੱਕਰੀਆਂ ਵਾਲਾ ਮਿੰਟੂ ਬਰਾੜ, ਜਦੋਂ ਸਮਾਜ ਸੇਵਾ ਦੇ ਕੰਮ ਵਿਚ ਲੱਗ ਕੇ ਆਪਣੇ ਪਿੰਡ ਸਹਾਰਾ ਕਲੱਬ ਖੋਲ੍ਹਿਆ ਤਾਂ ਸਹਾਰਾ ਵਾਲਾ ਮਿੰਟੂ ਬਰਾੜ। ਜਦੋਂ ਕਿਸੇ ਨਾਲ ਗੈਸ ਏਜੰਸੀ ਦੇ ਕੰਮ ਵਿਚ ਭਾਈਵਾਲੀ ਪਾਈ ਤਾਂ ਗੈਸ ਵਾਲਾ ਅਤੇ ਜਦੋਂ ਆਸਟਰੇਲੀਆ ਜਾ ਕੇ ਲੇਖਕ ਬਣਿਆ ਤਾਂ ਲਿਖਾਰੀ ਮਿੰਟੂ ਬਰਾੜ ਬਣਦਾ ਰਿਹਾ। ਕਲ੍ਹੱ ਨੂੰ ਕੋਈ ਹੋਰ ਵੀ ਅਗੇਤਰ ਉਸ ਦੇ ਨਾਂ ਨਾਲ ਜੁੜ ਸਕਦਾ ਹੈ।
ਪੰਜਾਬ ਰਹਿੰਦੇ ਉਸ ਨੇ ਕਈ ਕੰਮ ਛੋਹੇ। ਕਦੇ ਸਪੇਅਰ ਪਾਰਟਸ ਦੀ ਦੁਕਾਨ ਖੋਲ੍ਹੀ, ਕਦੇ ਫਲਾਵਰ (ਆਟਾ) ਮਿਲ ਦਾ ਧੰਦਾ ਕੀਤਾ। ਟਰਾਂਸਪੋਰਟ ਦਾ ਕੰਮ ਵੀ ਚਲਾਇਆ। ਇਕ ਵਾਰ ਤਾਂ ਉਸ ਨੇ ਕਮਾਲ ਹੀ ਕਰ ਦਿੱਤੀ। ਉਸ ਦਾ ਜਾਣ ਪਹਿਚਾਣ ਵਾਲਾ ਜੋਤਿਸ਼ ਦੀ ਹੱਟੀ ਕੋਲ ਕੇ ਬੈਠ ਗਿਆ। ਮਿੰਟੂ ਨੂੰ ਬੜੀ ਹੈਰਾਨੀ ਹੋਈ ਕਿ ਇਹ ਸਧਾਰਨ ਜਿਹੀ ਬੁੱਧ ਵਾਲਾ ਤੇ ਜੋਤਸ਼ਪੁਣਾ! ਇਸ ਦੇ ਦਿਲ ਵਿਚ ਵੀ ਆਇਆ ਕਿ ਇਹ ਕੰਮ ਸਿੱਖਿਆ ਜਾਵੇ। ਪਰਿਵਾਰ ਵੱਲੋਂ ਵਿਰੋਧਤਾ ਦੇ ਬਾਵਜੂਦ ਉਹ ਨਾ ਰੁਕਿਆ। ਜੋਤਸ਼ੀਆਂ ਦੀਆਂ ਚਾਲ ਬਾਜੀਆਂ ਦੀਆਂ ਅੰਦਰੂਨੀ ਕਾਰਗੁਜ਼ਰੀਆਂ ਨੂੰ ਜਾਣ ਕੇ ਹੀ ਦਮ ਲਿਆ ਅਤੇ ਬਾਅਦ ਵਿਚ ਲੋਕਾਂ ਨੂੰ ਜਾਗਰੂਕ ਵੀ ਕੀਤਾ ਕਿ ਇਹ ਨਿਰਾ ਧੋਖਾ ਹੈ, ਹੋਰ ਕੁਝ ਨਹੀਂ। ਉਸ ਨੇ ਰਾਜਸੀ ਖੇਤਰ ਵਿਚ ਵੀ ਹਿੱਸਾ ਲਿਆ। ਪਰ ਜਦ ਉਸ ਨੂੰ ਰਾਜਸੀ ਨੇਤਾਵਾਂ ਦੀਆਂ ਪੜਦੇ ਦੇ ਪਿਛਲੇ ਪਾਸੇ ਦੀ ਜ਼ਿੰਦਗੀ ਦੇ ਦਰਸ਼ਨ ਹੋਏ ਤਾਂ ਉਹ ਇਸ ਤੋਂ ਵੀ ਲਾਂਭੇ ਹੋ ਗਿਆ।
ਉਸ ਨੇ ਸਮਾਜ ਸੇਵਾ ਦੇ ਕੰਮ ਵਿਚ ਵੀ ਨਾਮਣਾ ਖੱਟਿਆ। ਆਪਣੇ ਸਾਥੀਆਂ ਨਾਲ ਮਿਲ ਕੇ 1979 ਵਿਚ ਸਹਾਰਾ ਕਲੱਬ, ਕਾਲਾਂਵਾਲੀ ਸ਼ੁਰੂ ਕੀਤਾ। ਇਹ ਕਲੱਬ ਹੁਣ ਤੱਕ ਸੜਕ ਹਾਦਸਿਆਂ ਵਿਚ ਜਖ਼ਮੀ ਹੋਣ ਵਾਲੇ ਦੋ ਹਜ਼ਾਰ ਦੇ ਕਰੀਬ ਲੋਕਾਂ ਦੀ ਜਾਨ ਬਚਾ ਚੁੱਕਿਆ ਹੈ। ਕਮਾਲ ਦੀ ਗੱਲ ਇਹ ਹੈ ਕਿ ਜਦੋਂ ਇਸ ਕਲੱਬ ਦੇ ਕੁਝ ਮੈਂਬਰਾਂ ਨੇ ਪਹਿਲੀ ਬਾਰ ਹਾਦਸੇ ਵਿਚ ਤੜਫ ਰਹੇ ਲੋਕਾਂ ਦੀ ਸਹਾਇਤਾ ਕੀਤੀ ਤਾਂ ਉਹਨਾਂ ਉੱਤੇ ਹੀ ਪਰਚਾ ਦਰਜ ਹੋ ਗਿਆ ਸੀ। ਇਹਨਾਂ ਦਾ ਕਲੱਬ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਜਾਗਰੂਕ ਕਰ ਰਿਹਾ ਹੈ। ਇਹਨਾਂ ਦੇ ਕਲੱਬ ਨੇ ਏਸ਼ੀਆ ਦੇ ਸਾਰੇ ਮੁਲਕਾਂ ਵਿਚੋਂ ਅੱਖਾਂ ਦਾ ਦਾਨ ਕਰਨ ਦੇ ਖੇਤਰ ਵਿਚ ਸਲਾਹੁਣਯੋਗ ਕੰਮ ਕੀਤਾ ਹੈ। ਮਿੰਟੂ ਦਾ ਕਹਿਣਾ ਹੈ ਕਿ ਆਸਟਰੇਲੀਆ ਆ ਕੇ ਉਸ ਨੂੰ ਆਪਣੇ ਘਰ ਦੀ ਯਾਦ ਨੇ ਏਨਾ ਨਹੀਂ ਸਤਾਇਆ ਜਿੰਨਾ ਸਹਾਰਾ ਕਲੱਬ ਵਿਚ ਕੰਮ ਕਰਨ ਦੀ ਯਾਦ ਨੇ। ਆਸਟਰੇਲੀਆ ਜਾ ਕੇ ਵੀ ਉਹ ਇਸ ਪੱਖੋਂ ਚੁੱਪ ਨਹੀਂ ਬੈਠਿਆ। ਇਹੋ ਕਾਰਨ ਹੈ ਕਿ ਉਸ ਦੇ ਸਟੇਟ ਦੀ ਸਭਿਆਚਾਰਕ ਮਾਮਲਿਆਂ ਦੀ ਮੰਤਰੀ ਕਹਿੰਦੀ ਹੈ, “ਮਿੰਟੂ ਗ੍ਰੇਟ ਪਰਸਨ ਹੈ।”
ਉਹ ਆਪਣੇ ਬਚਪਨ ਦੇ ਇਕ ਸੁਪਨੇ ਸੰਬੰਧੀ ਦੱਸਦਾ ਹੈ ਕਿ ਉਹ ਸੋਚਦਾ ਹੁੰਦਾ ਸੀ ਕਿ ਜ਼ਿੰਦਗੀ ਦੇ ਕਿਸੇ ਪੜਾ ਤੇ ਉਹ ਇਕ ਕਿਤਾਬ ਜਰੂਰ ਲਿਖੇਗਾ, ਭਾਵੇਂ ਉਸ ਨੂੰ ਕੋਈ ਪੜ੍ਹੇ ਜਾਂ ਨਾ ਪੜ੍ਹੇ। ਪਰ ਇਹ ਸੁਪਨਾ ਪੂਰਾ ਹੋਣ ਵਿਚ ਨਹੀਂ ਸੀ ਆ ਰਿਹਾ। ਅਖੀਰ 1987 ਵਿਚ ਉਸ ਨੇ ਇਕ ਮੈਗਜ਼ੀਨ ਲਈ ਲੇਖ ਲਿਖਿਆ। ਉਸਦੇ ਪਹਿਲੇ ਲੇਖ ਨੇ ਹੀ ਉਸ ਦਾ ਝਾਕਾ ਖੋਲ੍ਹ ਦਿੱਤਾ ਅਤੇ ਉਸਦੀ ਕਲਮ ਆਪ ਮੁਹਾਰੇ ਹੀ ਲਿਖਣ ਲੱਗੀ। ਅਸਲ ਵਿਚ ਉਸ ਦੀ ਕਲਮ ਦੇ ਆਪ ਮੁਹਾਰੇਪਣ ਪਿੱਛੇ ਉਸਦੇ ਅਵਚੇਤਨ ਮਨ ਵਿਚ ਵਸੀ ਲੇਖਕ ਬਣਨ ਦੀ ਲਾਲਸਾ ਸੀ। ਉਹ ਆਸਟਰੇਲੀਆ ਤੋਂ ਇਲਾਵਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਪੇਪਰਾਂ ਵਿਚ ਛਪਣ ਲੱਗਿਆ। ਰੇਡੀਓ, ਟੀ ਵੀ ਪ੍ਰੋਗਰਾਮਾਂ ਰਾਹੀਂ ਆਪਣੇ ਵਿਚਾਰ ਸਰੋਤਿਆਂ/ਦਰਸ਼ਕਾਂ ਨਾਲ ਸਾਂਝੇ ਕਰਨ ਲੱਗਿਆ। ਉਸ ਨੇ ਆਸਟਰੇਲੀਆ ਤੋਂ ਆਪਣਾ ਮਹੀਨਾਵਾਰ ਪਰਚਾ ‘ਪੰਜਾਬੀ ਅਖਬਾਰ’ ਸ਼ੁਰੂ ਕਰ ਲਿਆ। ਅਖਬਾਰਾਂ ਵਿਚ ਪ੍ਰਕਾਸ਼ਿਤ ਲੇਖਾਂ ਵਿੱਚੋਂ ਕੁਝ ਦੀ ਚੋਣ ਕਰਕੇ ਉਸ ਨੇ 'ਕੈਂਗਰੂਨਾਮਾ' ਪੁਸਤਕ ਪ੍ਰਕਾਸ਼ਿਤ ਕਰਵਾਈ। ਭਾਵੇਂ ਉਸ ਦੇ ਅਖਬਾਰਾਂ ਵਿਚ ਛਪੇ ਲੇਖਾਂ ਨਾਲ ਹੀ ਉਹ ਪੰਜਾਬੀ ਪਾਠਕਾਂ ਤੇ ਆਪਣਾ ਪ੍ਰਭਾਵ ਪਾ ਚੁੱਕਿਆ ਸੀ, ਪਰ ਪੁਸਤਕ ਨਾਲ ਉਹ ਹੋਰ ਵੀ ਚਰਚਿਤ ਹੋ ਗਿਆ।
ਕੈਂਗਰੂਨਾਮਾ ਵਿਚ ਤੇਤੀ ਲੇਖ ਹਨ। ਇਸ ਪੁਸਤਕ ਦਾ ਲੇਖਕ ਕਿਉਂ ਜੋ ਪੱਤਰਕਾਰ ਵੀ ਹੈ, ਇਸ ਲਈ ਚਲੰਤ ਮਾਮਲਿਆਂ ’ਤੇ ਉਹ ਲਿਖਦਾ ਹੀ ਰਹਿੰਦਾ ਹੈ। ਕਈ ਵਿਦਵਾਨ ਅਖਬਾਰਾਂ ਲਈ ਲਿਖੇ ਲੇਖਾਂ ਨੂੰ ਸਦੀਵੀ ਸਾਹਿਤ ਨਹੀਂ ਮੰਨਦੇ, ਉਹਨਾਂ ਦਾ ਵਿਚਾਰ ਹੈ ਕਿ ਦੁਨੀਆਂ ਵਿਚ ਨਿਤ ਨਵੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਅੱਜ ਵਾਪਰੀ ਘਟਨਾ ਦੋ ਚਾਰ ਦਿਨਾਂ ਬਾਅਦ ਹੀ ਭੁੱਲ ਭੁਲਾ ਜਾਂਦੀ ਹੈ। ਬਾਹਰੀ ਤੌਰ ’ਤੇ ਤਾਂ ਇਹ ਵਿਚਾਰ ਠੀਕ ਹੀ ਲੱਗਦਾ ਹੈ, ਪਰ ਕਈ ਘਟਨਾਵਾਂ ਮਨੁੱਖੀ ਫਿਤਰਤ ਨਾਲ ਜੁੜੀਆਂ ਹੁੰਦੀਆਂ ਹਨ, ਇਸ ਲਈ ਸ਼ਕਲ ਬਦਲ ਬਦਲ ਕਿਸੇ ਨਾ ਕਿਸੇ ਰੂਪ ਵਿਚ ਵਾਪਰਦੀਆਂ ਹੀ ਰਹਿੰਦੀਆਂ ਹਨ। ਦੂਜਾ, ਜੇ ਲੇਖਕ ਦਾ ਕਿਸੇ ਵਿਸ਼ੇ ’ਤੇ ਲਿਖਣ ਦਾ ਢੰਗ ਹੀ ਨਿਵੇਕਲਾ ਹੋਵੇ ਅਤੇ ਉਸ ਦੀ ਵਾਰਤਕ ਸ਼ੈਲੀ ਵਿਚ ਨਵੀਨਤਾ ਹੋਵੇ ਤਾਂ ਵਕਤੀ ਵਿਸ਼ਾ ਵੀ ਸਦੀਵੀ ਬਣ ਸਕਦਾ ਹੈ।
ਮਿੰਟੂ ਬਰਾੜ ਦੀ ਵਿਚਾਰ ਅਧੀਨ ਪੁਸਤਕ ਨੂੰ ਜੇ ਧਿਆਨ ਨਾਲ ਘੋਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਉਸ ਦਾ ਲਿਖਣ ਦਾ ਕਲਾਤਮਕ ਢੰਗ ਚਲੰਤ ਮਾਮਲੇ ਨੂੰ ਵੀ ਸਮੇਂ ਸੀਮਾ ਤੋਂ ਪਾਰ ਲੈ ਜਾਂਦਾ ਹੈ। ਉਦਾਹਰਨ ਦੇ ਤੌਰ ’ਤੇ ਇਸ ਪੁਸਤਕ ਦੇ ਪਹਿਲੇ ਦੋ ਲੇਖਾਂ ‘ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਉੱਤੇ ਹੋਏ ਹਮਲਾ ਦਾ ਪਿਛਲਾ ਸੱਚ’ ਅਤੇ ‘ਮੈਲਬੋਰਨ ਵਿਚ ਭੰਨੇ ਸ਼ੀਸ਼ੇ ਦੀ ਗੂੰਜ ਭਾਰਤੀ ਵਿਦਿਆਰਥੀਆਂ ਨੂੰ ਸੁਣਨ ਲੱਗੀ’ ਦੀ ਗੱਲ ਕਰੀਏ। ਇਹਨਾਂ ਲੇਖਾਂ ਵਿਚ ਤਕਰੀਬਨ ਇੱਕ ਦਹਾਕਾ ਪਹਿਲਾਂ ਆਸਟ੍ਰੇਲੀਆ ਵਿਚ ਸਥਾਨਕ ਨੌਜਵਾਨਾਂ ਵੱਲੋਂ ਪੰਜਾਬੀ ਵਿਦਿਆਰਥੀਆਂ ਉੱਤੇ ਹੋਏ ਹਮਲਿਆਂ ਤੇ ਚਰਚਾ ਕੀਤੀ ਹੈ। ਜਿਥੇ ਭਾਰਤੀ ਮੀਡੀਆ ਨੇ ਇਸ ਨੂੰ ਨਸਲਵਾਦੀ ਹਮਲੇ ਕਰਾਰ ਦਿੱਤਾ ਉਥੇ ਮਿੰਟੂ ਨੇ ਅਜਿਹੇ ਝਗੜਿਆਂ ਦੀ ਤਹਿ ਤੱਕ ਜਾ ਕੇ, ਇਹਨਾਂ ਦੇ ਪਿਛੋਕੜ ਦਾ ਅਧਿਐਨ ਕਰਕੇ ਇਹ ਸਿੱਟਾ ਕੱਢਿਆ ਕਿ ਇਹਨਾਂ ਪਿੱਛੇ ਨਸਲਵਾਦ ਘੱਟ ਅਤੇ ਕੁਝ ਪੰਜਾਬੀ ਵਿਦਿਆਰਥੀਆਂ ਦੇ ਅੱਖੜ ਸੁਭਾ, ਕਾਕਾ ਪੰਥੀ, ਦਿਖਾਵੇ ਦੀ ਰੁਚੀ, ਸਥਾਨਕ ਮਾਹੌਲ ਅਨੁਸਾਰ ਆਪਣੇ ਆਪ ਨੂੰ ਨਾ ਢਾਲ ਸਕਣ ਦੀ ਅਸਮਰਥਾ ਸੀ। ਉਹ ਰਹਿ ਤਾਂ ਭਾਵੇਂ ਵਿਦੇਸ਼ੀ ਧਰਤੀ ’ਤੇ ਰਹੇ ਸਨ ਪਰ ਉਹ ਨਵੇਂ ਚੁਗਿਰਦੇ ਦੇ ਤੌਰ ਤਰੀਕਿਆਂ ਤੋਂ ਅਣਜਾਣ ਹੀ ਬਣੇ ਰਹੇ। ਇਸ ਦੇ ਨਾਲ ਹੀ ਉਹਨਾਂ ਨੇ ਅਜਿਹੇ ਹਾਲਾਤ ਵਿਚ ਆਪਣੇ ਦੇਸ਼ ਦੀ ਹੀ ਤਰ੍ਹਾਂ ਕਾਨੂੰਨ ਹੱਥ ਵਿਚ ਲੈ ਕੇ ਤੋੜਫੋੜ ਕਰਨ ਤੋਂ ਗੁਰੇਜ ਨਾ ਕੀਤਾ। 1859 ਦੇ ਬਣੇ ਫਿਲੰਡਰ ਰੇਲਵੇ ਸਟੇਸ਼ਨ ਦੀ ਇਤਿਹਾਸਿਕ ਇਮਾਰਤ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਘਟਨਾ ਕਾਰਨ ਮਿੰਟੂ ਵਰਗੇ ਦੂਰ ਅੰਦੇਸ਼ੀ ਲੇਖਕ ਨੂੰ ਇਹ ਅਹਿਸਾਸ ਹੋਇਆ ਕਿ ਪੰਜਾਬੀ ਵਿਦਿਆਰਥੀਆਂ ਲਈ ਕੋਈ ਵੱਡੀ ਮੁਸੀਬਤ ਖੜ੍ਹੀ ਹੋਣ ਵਾਲੀ ਹੈ। ਉਸ ਨੇ ਆਪਣੇ ਲੇਖ ‘ਮੈਲਬੋਰਨ ਵਿਚ ਭੰਨੇ ਸੀਸ਼ੇ ਦੀ ਗੂੰਜ ਭਾਰਤੀ ਵਿਦਿਆਰਥੀਆਂ ਨੂੰ ਸੁਣਨ ਲੱਗੀ’ ਵਿਚ ਸਪਸ਼ਟ ਤੌਰ ’ਤੇ ਲਿਖਿਆ ਕਿ ਆਉਣ ਵਾਲੇ ਸਮੇਂ ਵਿਚ ਸਾਡੇ ਵਿਦਿਆਰਥੀਆਂ ਨੂੰ ਇਸ ਦਾ ਖਮਿਆਜ਼ਾ ਭੁਗਤਾਨ ਲਈ ਤਿਆਰ ਰਹਿਣਾ ਚਾਹੀਦਾ ਹੈ। ਹੋਈ ਵੀ ਉਹੀ ਗੱਲ। ਆਸਟ੍ਰੇਲੀਆ ਦੀ ਸਰਕਾਰ ਨੇ ਇਸ ਦੇ ਪ੍ਰਤੀਕਰਮ ਵੱਜੋਂ ਵਿਦਿਆਰਥੀਆਂ ਲਈ ਕਰੜੇ ਨਿਯਮ ਬਣਾਉਣੇ ਸ਼ੁਰੂ ਕਰ ਦਿੱਤੇ। ਛੋਟੀਆਂ ਛੋਟੀਆਂ ਗਲਤੀਆਂ ਲਈ ਭਾਰੀ ਜੁਰਮਾਨਾ ਲਾ ਦਿੱਤਾ। ਕਾਗਜ਼-ਪੱਤਰਾਂ ਦੀ ਚੰਗੀ ਤਰ੍ਹਾਂ ਤਹਿਕੀਕਾਤ ਹੋਣ ਲੱਗੀ। ਲੇਖਕ ਨੂੰ ਅਜਿਹੀ ਸਪਸ਼ਟਵਾਦੀ ਸੋਚ ਲਈ 'ਗਦਾਰ' ਹੋਣ ਦਾ ਖਿਤਾਬ ਵੀ ਦਿੱਤਾ ਗਿਆ। ਪਰ ਉਹ ਆਪਣੀ ਵਿਚਾਰਧਾਰਾ ਤੋਂ ਪਿੱਛੇ ਨਾ ਹਟਿਆ। ਥੋੜ੍ਹੀ ਦੇਰ ਬਾਅਦ ਹੀ ਉਸ ਦੀ ਗੱਲ ਮੰਨਣ ਵਾਲਿਆਂ ਦੀ ਗਿਣਤੀ ਵਧਣ ਹੀ ਨਾ ਲੱਗੀ ਸਗੋਂ ਲੋਕ ਉਸ ਦੀ ਸਲਾਹਣਾ ਵੀ ਕਰਨ ਲੱਗੇ।
ਹੁਣ ਦੇਖਿਆ ਜਾਵੇ ਕਿ ਉਪਰੋਕਤ ਘਟਨਾਵਾਂ ਨੂੰ ਅਸੀਂ ਸਦੀਵੀਂ ਕਿਵੇਂ ਕਹਿ ਸਕਦੇ ਹਾਂ? ਇਹ ਪੰਜਾਬੀ ਨੌਜਵਾਨਾਂ ਦੇ ਖੂਨ ਵਿਚ ਹੀ ਹੈ ਕਿ ਉਹ ਸ਼ਾਂਤਮਈ ਵਿਰੋਧ ਕਰ ਹੀ ਨਹੀਂ ਸਕਦੇ। ਤੋੜਫੋੜ ਦੀ ਬਿਰਤੀ ਉਹਨਾਂ ਦੇ ਦਿਮਾਗ ਵਿੱਚੋਂ ਕੱਢੀ ਨਹੀਂ ਜਾ ਸਕਦੀ। ਜੇ ਉਹ ਕਿਸੇ ਬੇਗਾਨੇ ਨਾਲ ਪੰਗਾ ਨਹੀਂ ਲੈਣਗੇ ਤਾਂ ਆਪਸ ਵਿੱਚ ਹੀ ਉਲਝ ਜਾਣਗੇ। ਪਿਛਲੇ ਸਾਲ ਹੀ ਇਹ ਵਰਤਾਰਾ ਕੈਨੇਡਾ ਵਿਚ ਵਾਪਰਿਆ। ਵਿਦਿਆਰਥੀ ਆਪਣੇ ਮਾਲਕ ਮਕਾਨਾਂ ਨਾਲ ਲੜੇ, ਪੁਰਾਣੇ ਆਏ ਪੰਜਾਬੀਆਂ ਨਾਲ ਝਗੜੇ, ਆਪਸ ਵਿੱਚ ਵੀ ਭਿੜੇ, ਜਿਸ ਕਾਰਨ ਪੁਲਸ ਨੂੰ ਦਖਲ ਦੇਣਾ ਪਿਆ। ਇਸ ਨਾਲ ਸਾਰੇ ਭਾਈਚਾਰੇ ਦੀ ਬਦਨਾਮੀ ਹੋਈ। ਇਹ ਵੀ ਸਹੀ ਹੈ ਕਿ ਇਹਨਾਂ ਝਗੜਿਆਂ ਵਿਚ ਸਾਰਾ ਕਸੂਰ ਵਿਦਿਆਰਥੀਆ ਦਾ ਹੀ ਨਹੀਂ ਸੀ, ਸਗੋਂ ਪੁਰਾਣੇ ਆਏ ਪੰਜਾਬੀ ਪਰਿਵਾਰਾਂ ਦੀ ਲਾਲਚੀ ਭਾਵਨਾ ਵੀ ਸੀ। ਇਸ ਸੰਬੰਧੀ ਮਿੰਟੂ ਬਰਾੜ ਦੀ ਵਿਦਿਆਰਥੀਆਂ ਨੂੰ ਇਹ ਸਲਾਹ ਬਿਲਕੁਲ ਠੀਕ ਹੈ, “ਇੱਥੇ ਤਾਂ ਤੁਸੀਂ ਆਪਣੇ ਮੁਲਕ ਦੀ ਨੁਮਾਇੰਦਗੀ ਕਰ ਰਹੇ ਹੁੰਦੇ ਹੋ।” ਭਵਿੱਖ ਵਿਚ ਅਜਿਹੀਆਂ ਘਟਨਾਵਾਂ ਕਿਤੇ ਹੋਰ ਵੀ ਵਾਪਰ ਸਕਦੀਆਂ ਹਨ।
ਕੈਂਗਰੂਨਾਮਾ ਦਾ ਲੇਖਕ ਇਸ ਗੱਲ ਲਈ ਪ੍ਰਸਿੱਧ ਹੈ ਕਿ ਉਹ ਗਲਤ ਨੂੰ ਗਲਤ ਕਹਿਣ ਲਈ ਕੌੜੇ ਸ਼ਬਦਾਂ ਨੂੰ ਚਾਸ਼ਨੀ ਵਿਚ ਡੁਬੋ ਕੇ ਪੇਸ਼ ਨਹੀਂ ਕਰਦਾ ਸਗੋਂ ਸਿੱਧੀ ਗੱਲ ਕਰਦਾ ਹੈ, ਇਸੇ ਲਈ ਕਈ ਉਸ ਤੋਂ ਕੰਨੀ ਕਤਰਾਉਂਦੇ ਹਨ, ਪਰ ਉਸ ਨੂੰ ਕੋਈ ਪ੍ਰਵਾਹ ਨਹੀਂ। ਜਦੋਂ ਪੰਜਾਬੀ ਦੀ ਇਕ ਲੇਖਿਕਾ ਜੋ ਪੇਸ਼ੇ ਵਜੋਂ ਡਾਕਟਰ ਹੈ ਅਤੇ ਵੱਖ-ਵੱਖ ਵਿਸ਼ਿਆਂ ’ਤੇ ਲਿਖਦੀ ਵੀ ਹੈ, ਨੇ ਆਸਟ੍ਰੇਲੀਆ ਵਿਚ ਪੜ੍ਹਾਈ ਲਈ ਆਏ ਨੌਜਵਾਨਾਂ, ਖਾਸ ਤੌਰ ਤੇ ਲੜਕੀਆਂ ਸੰਬੰਧੀ ਕੁਝ ਗਲਤ ਲਿਖਿਆ ਤਾਂ ਇਸ ਸੱਚਵਾਦੀ ਲੇਖਕ ਤੋਂ ਰਹਿ ਨਾ ਹੋਇਆ ਅਤੇ ਉਸ ਨੇ ਸਿੱਧਾ ਹੀ ਲਿਖਿਆ ‘ਕਿਹੜੀ ਐਨਕ ਨਾਲ ਦੇਖਿਆ ਡਾ. ਹਰਸ਼ਿੰਦਰ ਕੌਰ ਨੇ ਆਸਟ੍ਰੇਲੀਆ।’ ਇਸ ਵਿਚ ਵਿਦਵਾਨ ਲੇਖਿਕਾ ਨੇ ਇਹ ਲਿਖਿਆ ਸੀ ਕਿ ਆਸਟ੍ਰੇਲੀਆ ਪੜ੍ਹਨ ਆਈਆਂ ਕੁੜੀਆਂ ਨੂੰ ਮਜਬੂਰੀ ਵਸ ਗਲਤ ਕੰਮ ਵਿਚ ਪੈਣ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਲੜਕਿਆਂ ਨੂੰ ਚੋਰੀਆਂ ਕਰਨੀਆਂ ਪੈਂਦੀਆਂ ਹਨ। ਮਿੰਟੂ ਨੂੰ ਇਹ ਗੱਲ ਹਜ਼ਮ ਨਹੀਂ ਹੋਈ ਕਿਉਂਕਿ ਇਕ ਪੱਤਰਕਾਰ ਹੋਣ ਦੇ ਨਾਤੇ ਉਹ ਪੰਜਾਬੀ ਵਿਦਿਆਰਥੀਆਂ ਦੇ ਸੰਪਰਕ ਵਿਚ ਰਹਿੰਦਾ ਹੈ। ਉਸ ਦੇ ਸਾਹਮਣੇ ਅਜਿਹੀ ਕੋਈ ਗੱਲ ਨਹੀਂ ਸੀ ਆਈ। ਜਦੋਂ ਮਿੰਟੂ ਨੇ ਡਾ. ਹਰਸ਼ਿੰਦਰ ਕੌਰ ਦੇ ਲੇਖ ਸੰਬੰਧੀ ਤਿੱਖਾ ਪ੍ਰਤੀਕਰਮ ਦਿੱਤਾ ਤਾਂ ਮਾਨਯੋਗ ਲੇਖਿਕਾ ਨੂੰ ਇਹ ਕਹਿਣਾ ਪਿਆ ਕਿ ਲੇਖ ਦਾ ਇਹ ਹਿੱਸਾ ਤਾਂ ਉਸ ਨੇ ਲਿਖਿਆ ਹੀ ਨਹੀਂ ਸੀ।
ਇਕ ਵਾਰ ਇਕ ਪੰਜਾਬੀ ਗਾਇਕ ਆਸਟ੍ਰੇਲੀਆ ਆਇਆ। ਮਿੰਟੂ ਬਰਾੜ ਉਸ ਦੇ ਕਈ ਗੀਤਾਂ ਤੋਂ ਖੁਸ਼ ਨਹੀਂ ਸੀ। ਮਿੰਟੂ ਹੀ ਨਹੀਂ, ਪੰਜਾਬ ਦੇ ਕਈ ਸੱਜਣ ਵੀ ਉਸਦੇ ਗੀਤਾਂ ਤੋਂ ਦੁਖੀ ਸਨ ਕਿ ਪਰਿਵਾਰ ਵਿਚ ਬੈਠ ਕੇ ਸੁਣੇ ਨਹੀਂ ਜਾ ਸਕਦੇ। ਮਿੰਟੂ ਨੇ ਉਸ ਨੂੰ ਅਜਿਹੇ ਗੀਤਾਂ ਤੋਂ ਵਰਜਿਆ। ਅਗਲੀ ਵਾਰ ਜਦੋਂ ਗੁਰਦਾਸ ਮਾਨ ਆਇਆ ਤਾਂ ਪ੍ਰਬੰਧਕਾਂ ਨੇ ਇਸ ਬੇਬਾਕ ਲੇਖਕ/ਪੱਤਰਕਾਰ ਨੂੰ ਗੁਰਦਾਸ ਮਾਨ ਨਾਲ ਮਿਲਣ ਹੀ ਨਾ ਦਿੱਤਾ। ਅਸਲ ਵਿਚ ਇਸ ਨਾਲ ਪ੍ਰੋਗਰਾਮ ਪ੍ਰਬੰਧਕਾਂ ਦੀ ਛੋਟੀ ਸੋਚ ਦਾ ਪਤਾ ਲੱਗਦਾ ਹੈ। ਜਗਦੀ ਜ਼ਮੀਰ ਵਾਲੇ ਲੇਖਕ ਕਲਾਕਾਰਾਂ ਦੇ ਵਿਰੋਧੀ ਨਹੀਂ ਸਗੋਂ ਉਹਨਾਂ ਤੱਕ ਲੋਕਾਂ ਦੀਆਂ ਭਾਵਨਾਵਾਂ ਪਹੁੰਚਾਣ ਵਾਲੇ ਹੁੰਦੇ ਹਨ। ਲੇਖਕ ਨੇ ਗੁਰਦਾਸ ਮਾਨ ਨੂੰ ਕਿਸੇ ਵਿਦੇਸ਼ੀ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਆਨਰੇਰੀ ਡਿਗਰੀ ਮਿਲਣ ਸੰਬੰਧੀ ਵੀ ਖੁੱਲ੍ਹ ਕੇ ਲਿਖਿਆ। ਅਸਲ ਵਿਚ ਲੇਖਕ ਨੂੰ ਇਹ ਭਲੀਭਾਂਤ ਪਤਾ ਹੈ ਕਿ ਇਸ ਤਰ੍ਹਾਂ ਦੀਆਂ ਡਿਗਰੀਆਂ ਪਿੱਛੇ ਸੌਦੇਬਾਜ਼ੀਆਂ ਹੀ ਹੁੰਦੀਆਂ ਹਨ। ਇਹਨਾਂ ਨਾਲ ਹਉਮੈ ਨੂੰ ਪੱਠੇ ਹੀ ਪਾਏ ਜਾਂਦੇ ਹਨ। ਇਹ ਨਹੀਂ ਕਿ ਲੇਖਕ ਸਾਰੇ ਕਲਾਕਾਰਾਂ ਦੇ ਵਿਰੁੱਧ ਹੀ ਹੈ। ਉਸ ਨੇ ਦਲਜੀਤ ਦੁਸਾਂਝ ਦੀ ਬਣਦੀ ਤਾਰੀਫ ਵੀ ਕੀਤੀ ਹੈ। ਸੰਗੀਤ ਨਿਰਦੇਸ਼ਕ ਸਚਿਨ ਆਹੂਜਾ ਨੂੰ ਵਡਿਆਇਆ ਵੀ ਹੈ। ਜਸਪਾਲ ਭੱਟੀ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਹਨ। ਲੇਖਕ ਕਲਾ ਦਾ ਪਾਰਖੂ ਹੈ ਪਰ ਕਲਾਕਾਰਾਂ ਦੇ ਅਨੈਤਿਕ ਕੰਮਾਂ ਦੀ ਨਿਖੇਧੀ ਵੀ ਕਰਦਾ ਹੈ।
ਇਸ ਤੋਂ ਇਲਾਵਾ ਉਸ ਦੇ ਕੁਝ ਲੇਖਾਂ ਦੇ ਸਿਰਲੇਖ ਹੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਹ ਅਜਿਹੇ ਵਿਸ਼ਿਆਂ ’ਤੇ ਕਲਮ ਚਲਾਉਂਦਾ ਹੈ ਜਿਹਨਾਂ ਦੀ ਸਾਰਥਿਕਤਾ ਲੰਮੇ ਸਮੇਂ ਤੱਕ ਰਹਿਣ ਵਾਲੀ ਹੁੰਦੀ ਹੈ: ਮੈਨੂੰ ਕੀ, ਫੇਸਬੁੱਕ ਛੁਡਾਓ ਕੈਂਪ, ਫੇਸਬੁੱਕ ਦੇ ਡਾਕੀਏ, ਚਮਤਕਾਰ ਕੋ ਨਮਸਕਾਰ, ਆਸਟ੍ਰੇਲੀਆ ’ਚ ਭੰਗ ਭੁੱਜਦੀ, ਠੱਗ ਜੀ, ਬਚਾਓ ਬਚਾਓ ਇਹਨਾਂ ਅਖੌਤੀਆਂ ਤੋਂ, ਸਾਨੂੰ ਨਸਲਵਾਦ ਨੇ ਨਹੀਂ ਅਸਲਵਾਦ ਨੇ ਮਾਰਿਆ, ਖੁੱਲ੍ਹੀ ਚਿੱਠੀ ਪੰਥ ਦੇ ਲੰਬੜਦਾਰਾਂ ਦੇ ਨਾਂ ਆਦਿ।
‘ਮੈਨੂੰ ਕੀ’ ਲੇਖ ਵਿਚ ਸੂਝਵਾਨ ਲੇਖਕ ਨੇ ਸਾਡੇ ਬਹੁਤੇ ਦੇਸ਼ਵਾਸੀਆਂ ਦੀ ਇਸ ਮਨੋਬਿਰਤੀ ਦੀ ਗੱਲ ਕੀਤੀ ਹੈ ਕਿ ਜਿਸ ਚੀਜ਼ ਦਾ ਸਾਡੇ ਨਾਲ ਸੰਬੰਧ ਨਹੀਂ ਹੁੰਦਾ (ਭਾਵੇਂ ਉਹ ਕਿੰਨੀ ਵੀ ਗਲਤ ਜਾਂ ਗੈਰ ਸਮਾਜਿਕ ਹੋਵੇ), ਉਸ ਸੰਬੰਧੀ ਅਸੀਂ ਚਿੰਤਾ ਹੀ ਨਹੀਂ ਕਰਦੇ, ਮੂੰਹ ਮੋੜ ਕੇ ਕੋਲੋਂ ਦੀ ਲੰਘ ਜਾਂਦੇ ਹਾਂ। ਅਸੀਂ ਸੋਚਦੇ ਹਾਂ ਕਿ ਸਾਡੇ ਨਾਲ ਤਾਂ ਇਸ ਦਾ ਕੋਈ ਸੰਬੰਧ ਨਹੀਂ, ਇਸ ਲਈ ‘ਸਾਨੂੰ ਕੀ’? ਇਹ ਵਿਸ਼ਾ ਕੋਈ ਵਕਤੀ ਨਹੀਂ, ਸਗੋਂ ਸਾਡੇ ਮਨੋਵਿਗਿਆਨ ਨਾਲ ਸੰਬੰਧਤ ਸਦੀਵੀ ਵਿਸ਼ਾ ਹੈ।
ਸਾਹਿਤ ਦੀਆਂ ਦੂਜੀਆਂ ਵਿਧਾਵਾਂ ਜਿਵੇਂ ਨਾਵਲ, ਕਹਾਣੀ, ਨਾਟਕ, ਕਵਿਤਾ ਆਦਿ ਦੀ ਪਰਖ ਵੇਲੇ ਕਈ ਪੱਖਾਂ ਦਾ ਧਿਆਨ ਰੱਖਿਆ ਜਾਂਦਾ ਹੈ ਪਰ ਵਾਰਤਕ ਦੀ ਪੜਚੋਲ ਸਮੇਂ ਲੇਖਕ ਦੀ ਸ਼ੈਲੀ ਨੂੰ ਮੁੱਖ ਰੱਖਿਆ ਜਾਂਦਾ ਹੈ। ਪ੍ਰਿੰਸੀਪਲ ਤੇਜਾ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਬਲਵੰਤ ਗਾਰਗੀ, ਡਾ. ਨਰਿੰਦਰ ਸਿੰਘ ਕਪੂਰ, ਡਾ. ਸਵਰਾਜਬੀਰ ਅਤੇ ਕਈ ਹੋਰ ਪੰਜਾਬੀ ਵਾਰਤਕਕਾਰ ਆਪਣੀ ਸ਼ੈਲੀ ਲਈ ਜਾਣੇ ਜਾਂਦੇ ਹਨ। ਮਿੰਟੂ ਬਰਾੜ ਵੀ ਆਪਣੀ ਵੱਖਰੀ ਸ਼ੈਲੀ ਨਾਲ ਪਾਠਕਾਂ ਨੂੰ ਪ੍ਰਭਾਵਿਤ ਕਰਦਾ ਹੈ। ਉਸ ਦੇ ਵਾਕ ਛੋਟੇ ਛੋਟੇ, ਪਰ ਭਾਵਪੂਰਤ ਹੁੰਦੇ ਹਨ। ਲੋੜ ਅਨੁਸਾਰ ਵਿਅੰਗ ਦੀ ਸੁਰ ਤੇਜ਼ ਵੀ ਹੁੰਦੀ ਹੈ ਅਤੇ ਹਲਕੀ ਵੀ। ਗੁੰਝਲਦਾਰ ਸ਼ਬਦਾਵਲੀ ਤੋਂ ਗੁਰੇਜ਼ ਹੀ ਕਰਦਾ ਹੈ। ਉਹ ਸਿੱਧੀ ਗੱਲ ਕਰਨ ਵਿਚ ਵਿਸ਼ਵਾਸ ਰੱਖਦਾ ਹੈ, ਇਸੇ ਲਈ ਪਾਠਕ ਉਸ ਦੀ ਲਿਖਤ ਵੱਲ ਜਲਦੀ ਹੀ ਪ੍ਰੇਰਿਤ ਹੋ ਜਾਂਦੇ ਹਨ। ਉਸ ਦੇ ਲੇਖਾਂ ਵਿਚ ਕਹਾਣੀ ਵਰਗਾ ਰਸ ਹੁੰਦਾ ਹੈ। ਉਹ ਆਪਣਾ ਪੱਖ ਪੇਸ਼ ਕਰਨ ਲਈ ਯੋਗ ਅਤੇ ਢੁਕਵੀਆਂ ਉਦਾਹਰਣਾਂ ਦਿੰਦਾ ਹੈ।
ਉਸ ਦੇ ਕੁਝ ਵਾਕਾਂ ਤੋਂ ਹੀ ਉਸ ਜੀ ਲੇਖਣੀ ਦਾ ਪਤਾ ਲੱਗ ਜਾਂਦਾ ਹੈ:
ਕਲਮ ਦਾ ਫ਼ਰਜ਼ ਸੱਚ ਨੂੰ ਲੋਕਾਂ ਸਾਹਮਣੇ ਰੱਖਣਾ ਹੁੰਦਾ ਹੈ। (ਪੰਨਾ 27); ਇੱਥੇ ਸਰਕਾਰਾਂ ਰੌਲਾ ਪਾਉਣ ਦੀ ਥਾਂ ਨਤੀਜੇ ਦੇਣ ਵਿਚ ਵਿਸ਼ਵਾਸ ਰੱਖਦੀਆਂ ਹਨ (ਪੰਨਾ 35); ਸ਼ੀਸ਼ੇ ’ਤੇ ਪੱਥਰ ਨਹੀਂ ਸੀ ਮਾਰਿਆ ਉਹ ਤਾਂ ਲੱਖਾਂ ਵਿਦਿਆਰਥੀਆਂ ਦੇ ਭਵਿੱਖ ’ਤੇ ਮਾਰਿਆ ਸੀ (ਪੰਨਾ35); ਅੱਜ ਦੇ ਸਮੇਂ ਬੰਦਾ ਬੇਪਰਵਾਹ ਹੋਣਾ ਚਾਹੀਦਾ ਹੈ, ਲਾਪਰਵਾਹ ਨਹੀਂ (ਪੰਨਾ 43); ਮੈਨੂੰ ਕੀ? ਛੱਡ ਦੇਈਏ ਤਾਂ ਨਿਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ (ਪੰਨਾ 44); ਸੁਧਾਰ ਅਸੀਂ ਆਪਣੇ ਆਪ ਵਿਚ ਕਰਨਾ ਹੁੰਦਾ ਹੈ ਤੇ ਸਹਾਰਾ ਚਾਲਬਾਜ਼ਾਂ ਤੇ ਜਾਲਸਾਜ਼ ਲੋਕਾਂ ਦਾ ਤੱਕਦੇ ਹਾਂ (ਪੰਨਾ 46) ਆਦਿ।
ਜਿੱਥੇ ਪੰਜਾਬੀ ਪੁਸਤਕਾਂ ਦਾ ਇਕ ਸੰਸਕਰਣ ਮੁਸ਼ਕਲ ਨਾਲ ਵਿਕਦਾ ਹੈ, ਉੱਥੇ ਕੈਂਗਰੂਨਾਮਾ ਦੇ ਦੋ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ। ਆਉਣ ਵਾਲੇ ਸਮੇਂ ਵਿਚ ਇਸ ਦੀ ਮੰਗ ਹੋਰ ਵੀ ਵਧ ਜਾਵੇਗੀ ਪਰ ਲੇਖਕ ਨੂੰ ਚਾਹੀਦਾ ਹੈ ਕਿ ਇਸ ਪੁਸਤਕ ਦੇ ਸੰਪਾਦਨ ਵੱਲ ਉਹ ਧਿਆਨ ਦੇਵੇ। ਪੁਸਤਕ ਸੰਬੰਧੀ ਵਿਦਵਾਨਾਂ ਅਤੇ ਦੋਸਤਾਂ ਮਿੱਤਰਾਂ ਦੇ ਵਿਚਾਰ ਪੁਸਤਕ ਦੇ ਅਖੀਰ ਵਿਚ ‘ਅੰਤਿਕਾ’ ਸਿਰਲੇਖ ਅਧੀਨ ਦਰਜ ਕਰੇ। ਹਰ ਲੇਖਕ ਤੋਂ ਪਹਿਲਾਂ ਸੰਬੰਧਤ ਲੇਖ ਸੰਬੰਧੀ ਜੋ ਜਾਣ-ਪਛਾਣ ਦਿੱਤੀ ਗਈ ਹੈ, ਉਹ ਵੀ ਲੇਖ ਵਿਚ ਫੁੱਟ ਨੋਟ ਵਜੋਂ ਦਿੱਤੀ ਜਾਵੇ। ਇਸ ਨਾਲ ਪੜ੍ਹਨ ਦੀ ਲੜੀ ਨਹੀਂ ਟੁੱਟੇਗੀ ਅਤੇ ਪਾਠਕਾਂ ਦੀ ਇਕਾਗਰਤਾ ਭੰਗ ਨਹੀਂ ਹੋਵੇਗੀ।
ਮਿੰਟੂ ਬਰਾੜ ਨੂੰ ਆਸਟ੍ਰੇਲੀਆ ਰਹਿੰਦੇ ਹੋਏ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਚੁੱਕਿਆ ਹੈ। 2010 ਵਿਚ ਉਸ ਨੂੰ ਅਦਾਰਾ ‘ਦ ਪੰਜਾਬ’ ਵੱਲੋਂ “ਪੈੱਨ ਆਫ ਦਾ ਈਅਰ ਸਨਮਾਨ” ਪ੍ਰਾਪਤ ਹੋਇਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3175)
(ਸਰੋਕਾਰ ਨਾਲ ਸੰਪਰਕ ਲਈ: