“ਰਵੀ ਨੇ ਸ਼ਾਇਦ ਆਪਣੀ ਪ੍ਰਸਤੁਤ ਪੁਸਤਕ ਦਾ ਨਾਮਕਰਨ ਸੁਕਰਾਤ ਦੀ ਜੀਵਨ ਸ਼ੈਲੀ ਨੂੰ ...”
(15 ਜਨਵਰੀ 2022)
ਹਰ ਲੇਖਕ ਕੋਲ ਹੀ ਕਹਿਣ ਨੂੰ ਬਹੁਤ ਕੁਝ ਹੁੰਦਾ ਹੈ। ਸ਼ਬਦਾਂ ਰਾਹੀਂ ਹੀ ਲੇਖਕ ਆਪਣੇ ਮਨੋਭਾਵਾਂ ਨੂੰ ਪ੍ਰਗਟ ਕਰਦੇ ਹਨ। ਵਿਚਾਰਾਂ ਦੇ ਪ੍ਰਗਟਾ ਲਈ ਸਾਹਿਤ ਦੇ ਕਿਸੇ ਵੀ ਰੂਪ ਨੂੰ ਮਾਧਿਅਮ ਬਣਾਇਆ ਜਾ ਸਕਦਾ ਹੈ। ਪਰ ਕੀ ਕਾਰਨ ਹੈ ਕਿ ਸਾਰੇ ਲੇਖਕ ਹੀ ਸਧਾਰਨ ਪਾਠਕਾਂ, ਵਿਦਵਾਨਾਂ ਅਤੇ ਆਲੋਚਕਾਂ ਦਾ ਧਿਆਨ ਨਹੀਂ ਖਿੱਚਦੇ? ਇਹ ਵਰਤਾਰਾ ਸਿਰਫ ਪੰਜਾਬੀ ਸਾਹਿਤ ਦੇ ਸੰਦਰਭ ਵਿੱਚ ਹੀ ਦੇਖਣ ਨੂੰ ਨਹੀਂ ਮਿਲਦਾ ਸਗੋਂ ਹਰ ਭਾਸ਼ਾ ਵਿੱਚ ਹੀ ਦੇਖਣ ਨੂੰ ਮਿਲਦਾ ਹੈ। ਅੰਗਰੇਜ਼ੀ ਦੇ ਕੁਝ ਅਜਿਹੇ ਸਾਹਿਤਕਾਰ ਹਨ ਜਿਨ੍ਹਾਂ ਨੇ ਆਪ ਉੰਨਾ ਨਹੀਂ ਲਿਖਿਆ ਜਿੰਨਾ ਉਹਨਾਂ ਸੰਬੰਧੀ ਲਿਖਿਆ ਜਾ ਚੁੱਕਿਆ ਹੈ।
ਅਸਲ ਵਿੱਚ ਲੇਖਕ ਜਦੋਂ ਕੁਝ ਵੀ ਲਿਖਦਾ ਹੈ ਤਾਂ ਇਹ ਦੇਖਿਆ ਜਾਂਦਾ ਹੈ ਕਿ ਉਸ ਨੇ ਕੀ ਲਿਖਿਆ ਹੈ, ਕਿਵੇਂ ਲਿਖਿਆ ਹੈ, ਉਸ ਦੀ ਸਾਰਥਕਤਾ ਕੀ ਹੈ, ਕੀ ਉਹ ਲੇਖਕ ਦਾ ਵਕਤੀ ਗ਼ੁਬਾਰ ਹੈ ਜਾਂ ਉਸ ਦੀ ਲਿਖਤ ਸਮੇਂ ਦੀ ਸੀਮਾ ਪਾਰ ਕਰਨ ਯੋਗ ਹੈ? ਜਿਹੜਾ ਲੇਖਕ ਵਰਤਮਾਨ ਦੀ ਸੀਮਾ ਲੰਘ ਕੇ ਭੂਤਕਾਲ ਦਾ ਚੱਕਰ ਲਾ ਆਵੇ ਅਤੇ ਭਵਿੱਖ ਦੇ ਧੁੰਦਲੇ ਪਰਦੇ ਦੇ ਉਹਲੇ ਲੁਕੇ ਵਰਤਾਰਿਆਂ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਲਵੇ, ਉਹੀ ਸਾਹਿਤਕਾਰ ਸਦ ਜੀਵੀ ਹੁੰਦਾ ਹੈ। ਇਸ ਲਈ ਕੁਦਰਤੀ ਪ੍ਰਤਿਭਾ ਦੇ ਨਾਲ-ਨਾਲ ਰਚਨਹਾਰੇ ਦੀ ਕਲਪਨਾ ਸ਼ਕਤੀ, ਲੇਖਣੀ ਦਾ ਮਾਧਿਅਮ ਬਣੇ ਸਾਹਿਤਕ ਰੂਪ ’ਤੇ ਪਕੜ, ਸ਼ੈਲੀ, ਭਾਸ਼ਾ ਵਿੱਚ ਪ੍ਰਵੀਨਤਾ, ਪੇਸ਼ ਕੀਤੇ ਜਾ ਰਹੇ ਪਾਤਰਾਂ ਦੇ ਮਨੋਵਿਗਿਆਨ ਨੂੰ ਸਮਝਣ ਦੀ ਸਮਰੱਥਾ ਆਦਿ ਦਾ ਵੀ ਯੋਗਦਾਨ ਹੁੰਦਾ ਹੈ।
ਪੰਜਾਬੀ ਦੇ ਕਈ ਸਾਹਿਤਕਾਰ ਉਪਰੋਕਤ ਪ੍ਰੀਭਾਸ਼ਾ ਦੀ ਕਸਵੱਟੀ ’ਤੇ ਖਰੇ ਉੱਤਰਦੇ ਹਨ। ਇਸੇ ਲਈ ਉਹਨਾਂ ਰਚਿਤ ਸਾਹਿਤ ਸਮਾਂ ਬੀਤਣ ’ਤੇ ਵੀ ਆਪਣੀ ਕਲਾ ਨਾਲ ਪਾਠਕਾਂ ਅਤੇ ਆਲੋਚਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਰਵਿੰਦਰ ਰਵੀ ਪੰਜਾਬੀ ਦਾ ਇੱਕ ਅਜਿਹਾ ਹੀ ਸਮਰੱਥ ਸਾਹਿਤਕਾਰ ਹੈ ਜੋ 84 ਸਾਲ ਦੀ ਪ੍ਰੌੜ੍ਹ ਉਮਰ ਵਿੱਚ ਵੀ ‘ਸਾਹਿਤਕ ਜਵਾਨੀ’ ਮਾਣ ਰਿਹਾ ਹੈ। ਉਹ ਨਿਰੰਤਰ ਲਿਖ ਰਿਹਾ ਹੈ। ਪਾਠਕ ਉਸ ਨੂੰ ਪੜ੍ਹਦੇ ਹਨ, ਆਲੋਚਕ ਉਸ ਦੀਆਂ ਸਾਹਿਤਕ ਕਿਰਤਾਂ ਦੇ ਮਿਆਰ ਦੀ ਕਦਰ ਕਰਦੇ ਹਨ ਅਤੇ ਅਕਾਦਮਿਕ ਡਿਗਰੀਆਂ ਲੈਣ ਵਾਲੇ ਉਸ ਦੀਆਂ ਸਾਹਿਤਕ ਰਚਨਾਵਾਂ ਤੇ ਐੱਮ ਫ਼ਿਲ ਅਤੇ ਪੀਐੱਚ ਡੀ. ਪੱਧਰ ਦੀਆਂ ਡਿਗਰੀਆਂ ਪ੍ਰਾਪਤ ਕਰ ਰਹੇ ਹਨ। ਭਾਵੇਂ ਸਮੇਂ ਦੇ ਬਦਲਣ ਨਾਲ ਸਾਹਿਤਕ ਰੂਪਾਂ ਵਿੱਚ ਬਣਤਰ ਅਤੇ ਬੁਣਤਰ ਦੇ ਪੱਖੋਂ ਬਦਲਾਵ ਹੋ ਰਹੇ ਹਨ, ਆਲੋਚਨਾ ਦੀਆਂ ਨਵੀਆਂ ਪਰਪਾਟੀਆਂ ਸਾਹਮਣੇ ਆ ਰਹੀਆਂ ਹਨ, ਪਰ ਰਵੀ ਦੀ ਖੂਬੀ ਇਹ ਹੈ ਕਿ ਉਹ ਆਪਣੀਆਂ ਸਾਹਿਤਕ ਗਤੀਵਿਧੀਆ ਨੂੰ ਸਮੇਂ ਅਨੁਸਾਰ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੋਇਆ ਹੁਣਵਾਦ, ਪੜਯਥਾਰਦਵਾਦ, ਸ਼ੂਨਯਵਾਦ ਆਦਿ ਦੀ ਗੱਲ ਵੀ ਬਾ-ਖੂਬੀ ਕਰਦਾ ਹੈ। ਰਵੀ ਨੇ ਇਸ ਪੁਸਤਕ ਦੇ ਮੁੱਢ ਵਿੱਚ ਇਹ ਲਿਖਿਆ ਹੈ ਕਿ “ਵਿਦੇਸ਼ੀ ਦੌਰਿਆਂ ਕਾਰਨ ਮੇਰੇ ਅਨੁਭਵ ਜਗਤ ਵਿੱਚ ਵਿਸ਼ਾਲਤਾ ਆਈ ਹੈ।”
ਰਵਿੰਦਰ ਰਵੀ ਦੀ ਨਵ ਪ੍ਰਕਾਸ਼ਿਤ ਪੁਸਤਕ ‘ਸੁਕਰਾਤ ਦਾ ਗੀਤ’ ਮੈਂ ਦੋ ਬਾਰ ਪੜ੍ਹ ਲਈ ਹੈ। ਸੁਕਰਾਤ ਵਿਸ਼ਵ ਪ੍ਰਸਿੱਧ ਦਾਰਸ਼ਨਿਕ ਹੋਇਆ ਹੈ, ਜੋ ਯੂਨਾਨ ਵਿੱਚ 440 ਬੀ ਸੀ ਵਿੱਚ ਪੈਦਾ ਹੋਇਆ ਸੀ। ਉਸ ਦੇ ਦਾਰਸ਼ਨਿਕ ਵਿਚਾਰ ਅੱਜ ਦੇ ਸਮੇਂ ਵੀ ਪ੍ਰਸੰਗਿਕ ਹਨ। ਉਸ ਨੂੰ ਪੱਛਮੀ ਦਾਰਸ਼ਨਿਕ ਵਿਚਾਰਧਾਰਾ ਦਾ ਮੋਢੀ ਮੰਨਿਆ ਜਾਂਦਾ ਹੈ। ਉਸ ਦੀ ਖਾਸੀਅਤ ਇਹ ਸੀ ਕਿ ਉਹ ਆਪਣੇ ਗੁੰਝਲਦਾਰ ਵਿਚਾਰਾਂ ਨੂੰ ਵੀ ਸਾਧਾਰਨ ਢੰਗ ਨਾਲ ਪੇਸ਼ ਕਰਦਾ ਸੀ ਜਿਸ ਕਰਕੇ ਆਮ ਲੋਕ ਵੀ ਉਸ ਦੀਆਂ ਗੁੱਝੀਆਂ ਗੱਲਾਂ ਨੂੰ ਸਮਝ ਜਾਂਦੇ ਸਨ।
ਰਵੀ ਨੇ ਸ਼ਾਇਦ ਆਪਣੀ ਪ੍ਰਸਤੁਤ ਪੁਸਤਕ ਦਾ ਨਾਮਕਰਨ ਸੁਕਰਾਤ ਦੀ ਜੀਵਨ ਸ਼ੈਲੀ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਹੈ ਜਾਂ ਇਹ ਸੰਯੋਗ ਹੀ ਹੈ। ‘ਸੁਕਰਾਤ ਦਾ ਗੀਤ’ ਕਾਵਿ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਸੁਕਰਾਤ ਦੇ ਦਰਸ਼ਨ ਦੀ ਤਰ੍ਹਾਂ ਬਹੁ-ਅਰਥੀ ਹਨ। ਰਵੀ ਦੀ ਕਵਿਤਾ ਸੰਬੰਧੀ ਉਸ ਦੇ ਇਸ ਕਥਨ ਨੂੰ ਵੀ ਵਾਚਿਆ ਜਾਣਾ ਚਾਹੀਦਾ ਹੈ- “ਮੇਰਾ ਇਹ ਮੱਤ ਰਿਹਾ ਹੈ ਕਿ ਆਧੁਨਿਕ/ਉੱਤਰ ਆਧੁਨਿਕ ਬੌਧਿਕ ਕਥਿਤ ਦੇ ਇੱਕ ਤੋਂ ਵਧੀਕ ਅਰਥ (inter precation) ਪ੍ਰਸਤੁਤ ਕੀਤੇ ਜਾ ਸਕਦੇ ਹਨ। ਵੇਖਣ ਵਾਲੇ ਦੀ ਨਜ਼ਰ ਉੱਤੇ ਨਿਰਭਰ ਹੈ ਕਿ ਉਸਨੇ ਕੀ ਵੇਖਿਆ, ਜਾਂ ਕੀ ਸਮਝਿਆ? ਉਸ ਕੋਲ ਬਹੁ-ਪਰਤੀ ਗੱਲਾਂ ਨੂੰ ਸਧਾਰਨ ਭਾਸ਼ਾ ਵਿੱਚ ਪ੍ਰਗਟਾਉਣ ਦਾ ਹੁਨਰ ਹੈ। ਉਹ ਆਪਣੇ ਸਧਾਰਨ ਪਾਠਕਾਂ ਲਈ ਜਿੱਥੇ ਸਤਹੀ ਅਰਥ ਪ੍ਰਦਾਨ ਕਰਦਾ ਹੈ, ਉੱਥੇ ਦੂਰ ਦੀ ਸੋਚਣ ਵਾਲੇ, ਹਰ ਕਿਸੇ ਗੱਲ ਦੇ ਲੁਕਵੇਂ ਅਰਥਾਂ ਦੀ ਤਹਿ ਤਕ ਪਹੁੰਚਣ ਵਾਲੇ ਪਾਠਕਾਂ ਦੀ ਭੁੱਖ ਨੂੰ ਵੀ ਤ੍ਰਿਪਤ ਕਰਦਾ ਹੈ। ਇਸ ਪੱਖੋਂ ਉਸ ਦੀ ਕਵਿਤਾ ‘ਮੁਹੱਬਤ: ਮਜ਼ੇਦਾਰ ਹਾਦਸਾ’ ਨੂੰ ਵਾਚਿਆ ਜਾ ਸਕਦਾ ਹੈ। ਉਸ ਨੇ ਮੁਹੱਬਤ ਦੇ ਵੱਖੋ-ਵੱਖ ਰੂਪਾਂ ਨੂੰ ਅਜਿਹੇ ਢੰਗ ਨਾਲ ਕਲਮਬੱਧ ਕੀਤਾ ਹੈ ਕਿ ਪਾਠਕ ਆਪ ਮੁਹਾਰੇ ਕਵਿਤਾ ਦੀ ਗੁੱਝੀਆਂ ਰਮਜ਼ਾਂ ਦਾ ਆਨੰਦ ਮਾਣਦੇ ਹਨ:
ਮੁਹੱਬਤ, ਸੋਚ ਵਿੱਚੋਂ ਨਹੀਂ, ਅਹਿਸਾਸ ਵਿੱਚੋਂ ਪੈਦਾ ਹੁੰਦੀ ਹੈ!!!
ਮੁਹੱਬਤ, ਦੋ ਵਜੂਦਾਂ ਦੇ ਟਕਰਾਅ ’ਚੋਂ, ਪੈਦਾ ਹੋਇਆ ਅਦਭੁਤ ਹਾਦਸਾ ਹੈ।
ਇੱਕ ਹੋਰ ਕਵਿਤਾ ਵੀ ਮੁਹੱਬਤ ਦੇ ਬਹੁ-ਪਰਤੀ ਵਰਤਾਰੇ ਨੂੰ ਪੇਸ਼ ਕਰਦੀ ਹੈ। ਇਸ ਕਵਿਤਾ (ਮੁਹੱਬਤ ਦਾ ਮਾਡਲ) ਵਿੱਚ ਵੀ ਕਵੀ ਨੇ ਮੁਹੱਬਤ ਦੇ ਵੱਖ-ਵੱਖ ਰੂਪਾਂ ਦੇ ਸ਼ਬਦੀ ਚਿੱਤਰ ਉਲੀਕੇ ਹਨ:
ਮੁਹੱਬਤ, ਜਜ਼ਬਾਤ ਅਤੇ ਅਹਿਸਾਸ ਦੀ, ਭਾਸ਼ਾ ਹੈ।
ਮੁਹੱਬਤ, ਅਰਥ ਦੇ, ਸ਼ਬਦ ਵਿਚ, ਜਿਊਣ ਦੀ ਗਾਥਾ ਹੈ।
ਮੁਹੱਬਤ ਬਾਰੇ ਹੀ ਉਹ ਲਿਖਦਾ ਹੈ: ਮੁਹੱਬਤ ਵਿਚ, ਮੈਂ ਤੂੰ ਦੀ ਵਿੱਥ ਨਹੀਂ ਰਹਿੰਦੀ।
ਪੁਸਤਕ ਦੀ ਪਹਿਲੀ ਹੀ ਕਵਿਤਾ ‘ਸੁਕਰਾਤ ਦਾ ਗੀਤ’ ਵਿੱਚ ਕਵੀ ਲਿਖਦਾ ਹੈ: ਅਸੀਂ ਬਿੰਦੂਆਂ ਤੋਂ ਦਾਇਰੇ ਹੀ, ਬਣਾਉਂਦੇ ਰਹੇ, ਤੈਨੂੰ ਅੰਦਰੋਂ ਤੇ ਬਾਹਰੋਂ, ਅਸੀਂ ਬਹੁਤ ਫੈਲਿਆ!, ਤੂੰ ਸਦਾ ਹੀ ਰਹੀ, ਅਗਿਆਤ ਨੀ।
ਅਸਲ ਵਿੱਚ ਇਹ ਬਿੰਦੂ, ਦਾਇਰੇ ਕੀ ਹਨ? ਇਹਨਾਂ ਵੱਲ ਕਵੀ ਨੇ ਕੋਈ ਇਸ਼ਾਰਾ ਵੀ ਨਹੀਂ ਕੀਤਾ। ਇੱਥੇ ਪਾਠਕ ਆਪਣੇ ਬੌਧਿਕ ਪੱਧਰ ਅਨੁਸਾਰ ਹੀ ਆਪਣੀ ਕਲਪਨਾ ਦੇ ਘੋੜੇ ਦੌੜਾ ਸਕਦਾ ਹੈ। ਇਸੇ ਹੀ ਕਵਿਤਾ ਵਿੱਚ ਕਵੀ, ਪਾਠਕਾਂ ਦੀ ਸੋਚ ਨੂੰ ਹੋਰ ਟੁੰਬਣ ਦਾ ਯਤਨ ਕਰਦਾ ਹੋਇਆ ਲਿਖਦਾ ਹੈ: ਤੇ ਉੱਤਰਾਂ ’ਚੋਂ, ਜੰਮਦੇ ਸਵਾਲ ਹੀ ਰਹੇ, ਵਿਸ ਪੀਂਦਾ ਰਿਹਾ, ਸਦਾ ਸੁਕਰਾਤ ਨੀ।
‘ਆਪੋ ਆਪਣੇ ਸੁਕਰਾਤ’ ਵਿੱਚ ਵੀ ਕਵੀ ‘ਜਵਾਬ’ ਵਿੱਚੋਂ ਹੀ ‘ਸਵਾਲ’ ਢੂੰਡਣ ਦੀ ਗੱਲ ਕਰਦਾ ਹੋਇਆ ਲਿਖਦਾ ਹੈ- “ਸੁਕਰਾਤ ਬਣ ਜਾਂਦਾ ਹੈ।” ਭਾਵ ਕਵੀ ਨੇ ਚਾਰ ਸ਼ਬਦਾਂ ਰਾਹੀਂ ਹੀ ਸੁਕਰਾਤ ਦੇ ਦਰਸ਼ਨ ਦੇ ਮੁੱਖ ਨੁਕਤੇ ਨੂੰ ਬਿਆਨ ਕਰ ਦਿੱਤਾ ਹੈ।
ਰਵਿੰਦਰ ਰਵੀ ਆਪਣੇ ਕਾਵਿ ਸੰਸਾਰ ਰਾਹੀਂ ਕੇਵਲ ‘ਸ਼ਬਦਾਂ-ਅਰਥਾਂ’ ਦੀ ਘੁੰਮਣ ਘੇਰੀ ਨੂੰ ਹੀ ਨਹੀਂ ਪ੍ਰਗਟਾਉਂਦਾ ਸਗੋਂ ਬੜੇ ਕਲਾਮਈ ਢੰਗ ਨਾਲ ਪਾਠਕਾਂ ਨਾਲ ਸੰਵਾਦ ਰਚਾ ਕੇ ਉਹਨਾਂ ਨੂੰ ਇੱਕ ਨਰੋਈ ਸੇਧ ਵੀ ਦਿੰਦਾ ਹੈ। ‘ਹੁਣ ਦਾ ਦਰਸ਼ਨ’ ਕਵਿਤਾ ਵਿੱਚ ਉਸ ਦੀਆਂ ਇਹ ਪੰਕਤੀਆਂ ਵਿਚਾਰਨ ਯੋਗ ਹਨ: ਵਰਤਮਾਨ ਵਿੱਚ ਜੀਣਾ ਜਿਊਣਾ ਸਿੱਖੋ, ਕੱਲ੍ਹ, ਭਲਕ ਦਾ ਸਮਾਂ ਨਹੀਂ, ਪਤਾ ਨਹੀਂ ਕਰੋਨਾ ਦੀ ਦਹਿਸ਼ਤਗਰਦੀ ਨੇ ਕਦੋਂ ਆਪਣਾ ਜਲਵਾ ਦਿਖਾ ਦੇਣਾ ਹੈ।’
ਕਵੀ ਨੇ ਵਰਤਮਾਨ ਸਮੇਂ ਵਿੱਚ ਫੈਲੀ ਕਰੋਨਾ ਦੀ ਮਹਾਮਰੀ ਦੀ ਉਦਾਹਰਣ ਦੇ ਕੇ ਸਭ ਨੂੰ ਸੁਚੇਤ ਕੀਤਾ ਹੈ ਕਿ ਵਰਤਮਾਨ ਦਾ ਫਿਕਰ ਕਰੋ ਅਤੇ ਬੀਤ ਚੁੱਕੇ ਸਮੇਂ ’ਤੇ ਅਫਸੋਸ ਕਰਨਾ ਜਾਂ ਆਉਣ ਵਾਲੇ ਸਮੇਂ ਸੰਬੰਧੀ ਫਿਕਰਮੰਦ ਹੋਣਾ ਛੱਡ ਦਿਉ। ਅਸਲ ਵਿੱਚ ਕਵੀ ਭਾਰਤੀ ਲੋਕਾਂ ਨੂੰ ਪੱਛਮੀ ਦੇਸਾਂ ਦੇ ਵਰਤਾਰੇ ਨਾਲ ਜੋੜਨਾ ਚਾਹੁੰਦਾ ਹੈ ਜਿੱਥੇ ਲੋਕ ਭਵਿੱਖਵਾਦੀ ਨਾ ਹੋ ਨੇ ਵਰਤਮਾਨ ਨੂੰ ਮਾਨਣ ਦੇ ਹੱਕ ਵਿੱਚ ਹਨ। ਇਸੇ ਕਵਿਤਾ ਵਿੱਚ ਹੀ ਉਹ ਆਪਣੀ ਵਿਚਾਰਧਾਰਾ ਨੂੰ ਹੋਰ ਸਪਸ਼ਟ ਕਰਕੇ ਲਿਖਦਾ ਹੈ: ਆਦਿ ਵੀ ’ਨੇਰਾ', ਅੰਤ ਵੀ ’ਨੇਰਾ', ਹੁਣ ਦਾ ਦਰਸ਼ਨ ਹੁਣ ਵਿੱਚੋਂ ਪਾਉਣਾ!!!
ਸ਼ਬਦ-ਅਰਥ ਦੇ ਕਾਲ ਚੱਕਰ ਨੂੰ ਪੇਸ਼ ਕਰਦੀ ਇਸ ਪੁਸਤਕ ਦੀ ਇੱਕ ਹੋਰ ਵਧੀਆ ਨਜ਼ਮ ‘ਆਂਡੇ ਦੀ ਉਡਾਣ’ ਹੈ। ਕਵੀ ਨੇ ਇੱਕ ਨਵਾਂ ਵਿਚਾਰ ਪੇਸ਼ ਕੀਤਾ ਹੈ ਕਿ ‘ਹਰ ਪੰਛੀ ਲਈ ਅੰਬਰ ਦੀ ਉਡਾਰੀ ਵੀ ਵੱਖਰੇ ਅਰਥਾਂ ਵਾਲੀ ਹੈ। ਪੰਛੀ ਦੇ ਆਂਡੇ ਤੋਂ ਹੀ ਇਹ ਜੰਮ ਪੈਂਦੀ ਹੈ।
ਆਦਿ ਦਾ ਅਨੰਤ ਇਤਿਹਾਸ, ਬੁੱਲਾ ਬਾਤ, ਬੁਝਾਰਤ ਬੁੱਲਾ, ਸ਼ਾਇਰ ਦਾ ਦਿਲ, ਬੀਜ ਬਨਾਮ ਬੇ ਬੀਜ, ਸ਼ਬਦ: ਮੈਂ ਤੇ ਤੂੰ ਆਦਿ ਕਵਿਤਾਵਾਂ ਵਿੱਚ ਵੀ ਕਵੀ ਨੇ ਸ਼ਬਦ-ਅਰਥਾਂ ਵਾਲੇ ਚਿੰਤਨ ਨੂੰ ਹੀ ਵੱਖ-ਵੱਖ ਰੂਪਾਂ ਵਿੱਚ ਪ੍ਰਗਟਾਇਆ ਹੈ। ‘ਬੀਜ ਬਨਾਮ ਬੇ ਬੀਜ’ ਕਵਿਤਾ ਪੰਜਾਬੀ ਕਾਵਿ ਜਗਤ ਵਿੱਚ ਇੱਕ ਵੱਖਰੀ ਪ੍ਰਕਾਰ ਦੀ ਕਵਿਤਾ ਹੈ ਜਿਸ ਵਿੱਚ ਰਵਿੰਦਰ ਰਵੀ ਨੇ ਇੱਕ ਨਵੀਂ ਹੀ ਫਿਲਾਸਫੀ ਨੂੰ ਕਲਮਬੱਧ ਕੀਤਾ ਹੈ। ਇਸ ਕਵਿਤਾ ਵਿੱਚ ਕਵੀ ਨੇ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਚਿੰਤਨ ਦੇ ਆਪਣੇ ਆਪਣੇ ਅਰਥ ਹੋ ਸਕਦੇ ਹਨ। ਹਰ ਪਾਠਕ ਆਪਣੀ ਸੋਚ ਮੁਤਾਬਕ ਅਰਥ ਕੱਢ ਸਕਦਾ ਹੈ।
ਇਸ ਕਾਵਿ ਸੰਗ੍ਰਹਿ ਦੀ ਇੱਕ ਹੋਰ ਭਾਵਪੂਰਤ ਕਵਿਤਾ ਹੈ ‘ਰਚਨਾ ਬਨਾਮ ਫਹਿਰਿਸਤਕਾਰੀ।’ ਕਵਿਤਾ ਨੂੰ ਮਨ ਦਾ ਆਪ ਮੁਹਾਰਾ ਵੇਗ ਕਿਹਾ ਜਾਂਦਾ ਹੈ। ਦਿਲ ਦੀ ਗਹਿਰਾਈ ਵਿੱਚੋਂ ਉੱਤਰੀ ਕਵਿਤਾ ਹੀ ਅਸਲੀ ਕਵਿਤਾ ਹੁੰਦੀ ਹੈ, ਜਿਸ ਨੂੰ ਬਾਅਦ ਵਿੱਚ ਸੋਚ ਵਿਚਾਰ ਕੇ ਸਵਾਰਿਆ ਜਾ ਸਕਦਾ ਹੈ, ਪਰ ਜਦੋਂ ਸੋਚ ਕੇ, ਸ਼ਬਦਾਂ ਨੂੰ ਤਲਾਸ਼ ਕੇ, ਬਿੰਬਾਂ ਨੂੰ ਤਰਾਸ਼ ਕੇ ਕਵਿਤਾ ਲਿਖੀ ਜਾਵੇ, ਤਾਂ ਅਜਿਹੀ ਕਵਿਤਾ ਰਵੀ ਅਨੁਸਾਰ ‘ਫਹਿਰਿਸਤਕਾਰੀ’ ਹੋ ਨਿੱਬੜਦੀ ਹੈ, ਕਿਉਂਕਿ ਕਵੀ ਦਾ ਕਹਿਣਾ ਹੈ ਕਿ ਰਚਨਾ ਤਾਂ ਸੁਨਾਮੀ, ਤੇਜ਼ ਵਰੋਲੇ ਵਾਂਗ, ਪਲ ਛਿਣ ਵਿੱਚ ਘਟਣ ਵਾਲੀ ਪ੍ਰਕਿਰਿਆ ਹੈ।
ਰਵੀ ਨੇ ਅੱਜ ਦੇ ਸਮੇਂ ਵਿੱਚ ਵਾਪਰ ਰਹੇ ਨਵੇਂ ਵਰਤਾਰਿਆਂ ਨੂੰ ਵੀ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ, ਜਿਵੇਂ; ਚਾਬੀਆਂ ਵਾਲੀ ਪਤਨੀ, ਫੇਸਬੁੱਕ ਟੱਬਰ, ਫੇਸਬੁੱਕ ਦੀ ਦੋਸਤੀ ਤੇ ਮੈਂ, ਕਰੋਨਾ ਕਾਲ ਵਿੱਚ ਮੇਲ: ਟੋਟਕੇ, ਕਿਸਾਨ ਅੰਦੋਲਨ, ਸ਼ਾਸਕ ਭਵਨ ਦਾ ਗੰਗਾ ਰਾਮ, ਸ਼ਜਾ ਦੇ ਸਰਾਪ: ਮੋਦੀ ਤੇ ਕੈਪਟਨ ਦੇ ਨਾਂ, ਲੋਕ ਰਾਜ ਫਿਰ ਸੇਲ ਦੇ ਉੱਤੇ: ਪੰਜਾਬ ਦਾ ਚੋਣ ਦੰਗਲ ਆਦਿ (ਆਖਰੀ ਚਾਰ ਕਵਿਤਾਵਾਂ ਸਾਡੇ ਮੁਲਕ ਦੇ ਸੰਦਰਭ ਵਿੱਚ ਹਨ।
ਰਵੀ ਕੋਲ ਨਵੇਂ ਸ਼ਬਦ ਲੱਭਣ ਦੀ ਅਤੇ ਤਿੱਖਾ ਵਿਅੰਗ ਕਰਨ ਦੀ ਕਲਾ ਹੈ। ਕਰੋਨਾ ਦੀ ਗੱਲ ਕਰਦਾ ਉਹ ਕਹਿੰਦਾ ਹੈ: ਜਫ਼ੀ ਘੁੱਟ ਕੇ ਅੱਖਾਂ ਨਾਲ ਪਾਈਏ, ਛੇ ਫੁੱਟ ਫਾਸਲੇ ਤੋਂ। ਲੁਕਨ-ਲੁਕਾਈ ਦੀ ਖੇਡ ਲਈ ਉਹ ‘ਲੁੱਕ-ਲੱਭ’ ਸ਼ਬਦ ਵਰਤਦਾ ਹੈ।
ਉਹ ਕਈ ਕਵਿਤਾਵਾਂ ਵਿੱਚ ਅੰਤਿਮ ਸੱਚ ਵੀ ਪ੍ਰਗਟ ਕਰ ਜਾਂਦਾ ਹੈ। ਉਦਾਹਰਣ ਦੇ ਤੌਰ ’ਤੇ ਉਸ ਦੀ ਕਵਿਤਾ ‘ਖਵਾਬ ਤੋਂ ਖਵਾਬ ਤੱਕ', ਉਹ ਇਨਕਲਾਬ ਅਤੇ ਭਰਮਾਂ ਸੰਬੰਧੀ ਲਿਖਦੇ ਹੈ: ‘ਇਨਕਲਾਬ ਪੂਰਨ ਰੂਪ ਵਿਚ, ਆਉਂਦਾ ਫਿਰ ਵੀ ਨਹੀਂ’ ਅਤੇ ‘ਭਰਮ ਕੇਵਲ ਭਰਮ ਹੈ, ਇਸ ਨੂੰ ਸਿਰਜਿਆ ਜਾ ਸਕਦਾ ਹੈ, ਪਰ ਇਸ ਤਕ ਪਹੁੰਚਿਆ ਨਹੀਂ।
‘ਜ਼ਿੰਦਗੀ ਮੌਤ ਦੇ ਨਾਲ-ਨਾਲ’ ਵਿੱਚ ਉਸ ਦਾ ਫਲਸਫਾਨਾ ਅੰਦਾਜ਼ ਵੀ ਪ੍ਰਭਾਵਿਤ ਕਰਦਾ ਹੈ: ਜ਼ਿੰਦਗੀ ਵਾਂਗ ਹੀ ਮੌਤ ਨੂੰ ਜੀ ਆਇਆ ਆਖੀਏ।
ਰਵਿੰਦਰ ਰਵੀ ਆਪਣੀ ਪ੍ਰਸਤੁਤ ਪੁਸਤਕ ਰਾਹੀਂ ਇੱਕ ਬਾਰ ਫੇਰ ਆਪਣੀ ਕਾਵਿ ਕਲਾ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਦੇ ਨਾਲ-ਨਾਲ ਪੰਜਾਬੀ ਕਾਵਿ ਜਗਤ ਵਿੱਚ ਆਪਣੀ ਸ੍ਰੇਸ਼ਟਤਾ ਦਾ ਪਰਚਮ ਬੁਲੰਦ ਕਰਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਲੇਖਾਂ ਨਾਲ ਦਿੱਤੀਆਂ ਤਸਵੀਰਾਂ ਕੁਝ ਸਮੇਂ ਬਾਅਦ ਲਾਹ ਦਿੱਤੀਆਂ ਜਾਂਦੀਆਂ ਹਨ।
(3283)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)
About the Author