“ਕਈ ਲੇਖਕਾਂ ਨੇ ਵਿਸ਼ੇ ਦੀ ਤਹਿ ਵਿੱਚ ਜਾ ਕੇ ਅਜਿਹੇ ਮੌਲਿਕ ਵਿਚਾਰ ਪ੍ਰਗਟਾਏ ਹਨ ਕਿ 65 ਸਾਲ ...”
(26 ਫਰਵਰੀ 2022)
ਇਸ ਸਮੇਂ ਮਹਿਮਾਨ: 255.
‘ਬਦਲਾਵ ਜ਼ਿੰਦਗੀ ਦਾ ਅਨਿੱਖੜਵਾਂ ਹਿੱਸਾ ਹੈ’ ਇਸ ਕਥਨ ਦੀ ਸਚਾਈ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ, ਪਰ ਇਸਦੇ ਨਾਲ ਹੀ ਇਹ ਵੀ ਹਕੀਕਤ ਹੈ ਕਿ ਹਰ ਬਦਲਾਅ ਅਨੁਸਾਰ ਆਪਣੇ ਆਪ ਨੂੰ ਢਾਲ ਲੈਣਾ ਵੀ ਇੱਕ ਕਲਾ ਹੈ। ਇਨਸਾਨ ਦੀ ਜ਼ਿੰਦਗੀ ਵਿੱਚ ਕਈ ਪੜਾਅ ਆਉਂਦੇ ਹਨ। ਵੈਸੇ ਤਾਂ ਮਨੁੱਖੀ ਜ਼ਿੰਦਗੀ ਦਾ ਹਰ ਦਿਨ ਹੀ ਚੁਣੌਤੀਆਂ ਭਰਿਆ ਹੁੰਦਾ ਹੈ, ਪਰ ਜ਼ਿੰਦਗੀ ਦੇ ਢਲਦੇ ਪਰਛਾਵਿਆਂ ਵਾਲਾ ਪੜਾਅ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ। 60-65 ਦੀ ਉਮਰ ਵਿੱਚ ਨੌਕਰੀ ਤੋਂ ਸੇਵਾ ਮੁਕਤੀ ਹੋ ਚੁੱਕੀ ਹੁੰਦੀ ਹੈ। ਬੱਚੇ ਵੀ ਆਪਣੇ ਨਵੇਂ ਟਿਕਾਣਿਆਂ ਵੱਲ ਉਡਾਰੀਆਂ ਮਾਰ ਚੁੱਕਦੇ ਹਨ। ਸਰੀਰਕ ਤਾਕਤ ਵੀ ਥੋੜ੍ਹਾ ਬਹੁਤ ਪਹਾੜਾਂ ਦੀ ਰੁੜ੍ਹਾਈ ਵਾਂਗ ਹੇਠਾਂ ਨੂੰ ਜਾਣ ਲਗਦੀ ਹੈ। ਸਾਰੀ ਉਮਰ ਦੇ ਬਣਾਏ ਦੋਸਤ ਮਿੱਤਰ, ਹੱਥ ਵਿੱਚ ਫੜੇ ਰੇਤ ਦੀ ਤਰ੍ਹਾਂ ਕਿਰਨ ਲੱਗਦੇ ਹਨ। ਡਾਕਟਰਾਂ ਨਾਲ ਦੋਸਤੀ ਪੈਣੀ ਸ਼ੁਰੂ ਹੋ ਜਾਂਦੀ ਹੈ। ਬਹੁਤੀ ਵਾਰ ਮਾਇਕ ਹਾਲਤ ਪਤਲੀ ਹੋਣ ਲਗਦੀ ਹੈ। ਕਈਆਂ ਨੂੰ ਜੀਵਨ ਸਾਥੀ ਦਾ ਵਿਛੋੜਾ ਵੀ ਸਹਿਣਾ ਪੈਂਦਾ ਹੈ ਅਤੇ ਹੋਰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨਾਲ ਵੀ ਦੋ-ਚਾਰ ਹੋਣਾ ਪੈਂਦਾ ਹੈ। ਅਸਲ ਵਿੱਚ ਅਜਿਹੇ ਹਾਲਾਤ ਦਾ ਮੁਕਾਬਲਾ ਕਰਨ ਲਈ ਹਰ ਮਨੁੱਖ ਨੂੰ ਮਾਨਸਿਕ ਪੱਖੋਂ ਤਕੜਾ ਹੋਣ ਦੀ ਜ਼ਰੂਰਤ ਹੁੰਦੀ ਹੈ। ਜੀਵਨ ਦੇ ਇਸ ਨਵੇਂ ਪੰਧ ਦਾ ਸਫਰ ਕਿਵੇਂ ਬਿਤਾਇਆ ਜਾਵੇ, ਇਸਦਾ ਮਾਰਗ ਦਰਸ਼ਨ ਕਰਨ ਲਈ ਡਾ. ਐੱਮ. ਐਲ਼ ਸੂਦ ਨੇ ਇੱਕ ਪੁਸਤਕ ‘ਲਾਈਫ ਆਫਟਰ 65’ (Life After 65) ਭਾਵ ‘ਜ਼ਿੰਦਗੀ 65 ਸਾਲ ਦੀ ਉਮਰ ਤੋਂ ਬਾਅਦ’ ਦਾ ਸੰਪਾਦਨ ਕੀਤਾ ਹੈ।
ਡਾ. ਸੂਦ ਜੀਵ ਵਿਗਿਆਨ (Zoo।ogy) ਖੇਤਰ ਦੇ ਵਿਸ਼ਵ ਪੱਧਰ ਦੇ ਮਾਹਰ ਹਨ, ਜਿਨ੍ਹਾਂ ਦੇ 150 ਤੋਂ ਵੱਜ ਖੋਜ ਪੱਤਰ ਪ੍ਰਸਿੱਧ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਉਹਨਾਂ ਦੀਆਂ 12 ਖੋਜ ਪੁਸਤਕਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਕਈ ਪੁਸਤਕਾਂ ਵਿੱਚ ਉਹਨਾਂ ਦੇ ਜੀਵਨ ਵਿਗਿਆਨ ਖੇਤਰ ਦੇ ਵੱਖੋ-ਵੱਖ ਪਹਿਲੂਆਂ ’ਤੇ ਆਰਟੀਕਲ ਵੀ ਸ਼ਾਮਲ ਹਨ। ਪ੍ਰਸਤੁਤ ਪੁਸਤਕ ਵਿੱਚ 44 ਲੇਖ ਦਰਜ ਹਨ। ਇਹਨਾਂ ਸਾਰੇ ਲੇਖਾਂ ’ਤੇ ਚਰਚਾ ਕਰਨਾ ਨਾ ਤਾਂ ਸੰਭਵ ਹੈ ਅਤੇ ਨਾ ਹੀ ਮੇਰੇ ਇਸ ਨਿਬੰਧ ਦਾ ਮਕਸਦ। ਮੇਰਾ ਮੰਤਵ ਹੈ ਕਿ ਇਸ ਪੁਸਤਕ ਦੀ ਸਾਰਥਿਕਤਾ ਸੰਬੰਧੀ ਪਾਠਕਾਂ ਨੂੰ ਮੁਢਲੀ ਜਾਣਕਾਰੀ ਮੁਹਈਆ ਕਰਵਾਈ ਜਾਵੇ।
ਇਸ ਪੁਸਤਕ ਵਿੱਚ ਦਰਜ ਲੇਖਕਾਂ ਦੇ ਜੀਵਨ ਸੰਬੰਧੀ ਜੋ ਜਾਣਕਾਰੀ ਦਿੱਤੀ ਗਈ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਸਾਰੇ ਹੀ 65 ਸਾਲ ਤੋਂ ਉੱਪਰ ਦੇ ਹਨ। ਇਸਦਾ ਭਾਵ ਕਿ ਵਿਸ਼ੇ ਸੰਬੰਧੀ ਉਹਨਾਂ ਦੀ ਜਾਣਕਾਰੀ ਕਿਤਾਬੀ ਗਿਆਨ ਨਹੀਂ ਸਗੋਂ ਆਪ ਹੰਢਾਇਆ ਸੱਚ ਹੈ। ਇਸ ਉਮਰ ਵਿੱਚ ਮੂਲ ਸਮੱਸਿਆਵਾਂ ਜੋ ਸਾਹਮਣੇ ਆਉਂਦੀਆਂ ਹਨ ਉਹ ਇਸ ਤਰ੍ਹਾਂ ਦੱਸੀਆਂ ਗਈਆਂ ਹਨ: ਸਰੀਰਕ ਸ਼ਕਤੀ ਦਾ ਘਟਣਾ, ਇਕੱਲਾਪਣ ਮਹਿਸੂਸ ਕਰਨਾ, ਆਪਣੇ ਆਪ ਨੂੰ ਬੇਲੋੜਾ ਸਮਝਣਾ, ਖੁੱਸ ਚੁੱਕੀ ਚੌਧਰ (ਜੋ ਕਿਸੇ ਉੱਚੇ ਅਹੁਦੇ ਤੋਂ ਸੇਵਾ ਮੁਕਤ ਹੋਏ ਹੋਣ), ਬੱਚਿਆਂ ਵੱਲੋਂ ਧਿਆਨ ਨਾ ਰੱਖਣ ਦੀ ਸ਼ਿਕਾਇਤ, ਮਾਇਕ ਤੌਰ ’ਤੇ ਅਜ਼ਾਦ ਨਾ ਹੋਣਾ, ਵਧਦੀ ਉਮਰ ਕਰਕੇ ਵਧ ਰਹੀਆਂ ਬਿਮਾਰੀਆਂ ਤੋਂ ਪ੍ਰੇਸ਼ਾਨ ਹੋਣਾ, ਜਿਨ੍ਹਾਂ ਕੋਲ ਰਹਿਣ ਲਈ ਟਿਕਾਣਾ ਨਹੀਂ ਹੁੰਦਾ ਉਹਨਾਂ ਨੂੰ ਰਹਿਣ ਦੀ ਚਿੰਤਾ, ਕਈ ਵਾਰ ਬੱਚਿਆਂ ਵੱਲੋਂ ਹੱਥ ਚੁੱਕਣ ਦੀ ਸਮੱਸਿਆ, ਜੀਵਨ ਸਾਥੀ ਦਾ ਵਿਛੋੜਾ, ਦਿਲ ਦਾ ਭਾਰ ਹੌਲਾ ਕਰਨ ਲਈ ਕੋਈ ਸੁਣਨ ਵਾਲਾ ਨਾ ਹੋਣਾ, ਯਾਦ ਸ਼ਕਤੀ ਘਟ ਜਾਣੀ, ਨਜ਼ਰ ਕਮਜ਼ੋਰ ਹੋ ਜਾਣੀ, ਸੁਣਨ ਸ਼ਕਤੀ ਘਟ ਜਾਣੀ ਆਦਿ। ਇਹਨਾਂ ਦੇ ਹੱਲ ਵੀ ਤਕਰੀਬਨ ਇੱਕੋ ਜਿਹੇ ਹੀ ਦਿੱਤੇ ਗਏ ਹਨ: ਆਪਣੇ ਕਿਸੇ ਸ਼ੌਕ ਦੁਆਰਾ ਨਵਾਂ ਰੁਝਾਨ ਲੱਭਣਾ, ਸਮਾਜ ਸੁਧਾਰ ਦਾ ਕੋਈ ਕੰਮ ਸ਼ੁਰੂ ਕਰਨਾ, ਜੀਵਨ ਸਾਥੀ ਨਾਲ ਸੈਰ ਸਪਾਟਾ ਕਰਨਾ, ਹਲਕੀ ਕਸਰਤ ਕਰਕੇ ਸਰੀਰ ਨੂੰ ਤੰਦਰੁਸਤ ਰੱਖਣਾ, ਰੱਬ ਵੱਲ ਧਿਆਨ ਲਾਉਣਾ, ਦੋਸਤਾਂ ਮਿੱਤਰਾਂ ਜਾਂ ਰਿਸ਼ਤੇਦਾਰਾਂ ਨਾਲ ਮੇਲ ਮਿਲਾਪ, ਘਰ ਵਿੱਚ ਜੇ ਥਾਂ ਹੋਵੇ ਤਾਂ ਘਰ ਦੀ ਬਗੀਚੀ ਲਾਉਣੀ, ਮੈਡੀਟੇਸ਼ਨ ਵੱਲ ਰੁਚਿਤ ਹੋਣਾ, ਜੇ ਪੈਸੇ ਦੀ ਘਾਟ ਹੋਵੇ ਤਾਂ ਕੋਈ ਹਲਕਾ ਜਿਹਾ ਕੰਮ ਸ਼ੁਰੂ ਕਰਕੇ ਕਮਾਈ ਦਾ ਸਾਧਨ ਪੈਦਾ ਕਰਨਾ, ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਨਾਲ ਸਮਾਂ ਲੰਘਾਉਣਾ ਆਦਿ। ਕੁਝ ਲੇਖਾਂ ਵਿੱਚ ਬਜ਼ੁਰਗਾਂ ਨੂੰ ਕੁਝ ਸੁਝਾਅ ਵੀ ਦਿੱਤੇ ਗਏ ਹਨ: ਨਵੇਂ ਹਾਲਾਤ ਲਈ ਆਪਣੇ ਆਪ ਨੂੰ ਪਹਿਲਾਂ ਤੋਂ ਹੀ ਮਾਨਸਿਕ ਤੌਰ ’ਤੇ ਤਿਆਰ ਕਰ ਲਵੋ। ਆਪਣੀ ਜਾਇਦਾਦ ਜਾਂ ਪੈਸੇ ਧੇਲੇ ਦਾ ਹਿਸਾਬ-ਕਿਤਾਬ ਆਪਣੇ ਕੋਲ ਹੀ ਰੱਖੋ। ਸੇਵਾ ਮੁਕਤੀ ਤੋਂ ਕਈ ਸਾਲ ਪਹਿਲਾਂ ਹੀ ਆਉਣ ਵਾਲੀ ਜ਼ਿੰਦਗੀ ਸੰਬੰਧੀ ਯੋਜਨਾ ਬਣਾਈ ਜਾਵੇ। ਬੱਚਿਆਂ ਦੀ ਜ਼ਿੰਦਗੀ ਵਿੱਚ ਬਹੁਤਾ ਦਖਲ ਨਾ ਦਿਓ। ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਸਾਂਝ ਪਾਉ। ਵਰਤਮਾਨ ਵਿੱਚ ਜਿਊਣਾ ਸਿੱਖੋ। ਪਹਿਲਾਂ ਤੁਸੀਂ ਕਿਸ ਅਹੁਦੇ ’ਤੇ ਸੀ, ਉਸ ਨੂੰ ਭੁੱਲ ਜਾਓ। ਬੀਤੇ ਦੀਆਂ ਪ੍ਰਾਪਤੀਆਂ ’ਤੇ ਮਾਣ ਨਾ ਕਰੋ, ਤੇ ਨਾ ਹੀ ਗਲਤੀਆਂ ’ਤੇ ਪਛਤਾਵਾ। ਦੂਜਿਆਂ ਪ੍ਰਤੀ ਆਪਣੇ ਅਨੁਮਾਨ ਨਾ ਲਾਉ। ਬੁਢਾਪੇ ਤੋਂ ਛੁਟਕਾਰਾ ਪਾਉਣ ਵਾਲੇ ਇਸ਼ਤਿਹਾਰਾਂ ਤੋਂ ਦੂਰ ਰਹੋ ਆਦਿ।
ਇਸਦੇ ਨਾਲ ਹੀ ਇਸ ਪੁਸਤਕ ਦੇ ਕੁਝ ਖਾਸ ਲੇਖਾਂ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਂਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਪੁਸਤਕ ਦੇ ਪਹਿਲੇ ਹੀ ਲੇਖ ਵਿੱਚ ਡਾ. ਅਭਿਲਾਸ਼ਾ ਵਿਲੀਅਮ ਦਾ ਲੇਖ 65 ਸਾਲ ਤੋਂ ਉੱਪਰ ਦੀ ਉਮਰ ਵਾਲਿਆਂ ਨੂੰ ਚਮੜੀ ਨਾਲ ਸੰਬੰਧਤ ਪੇਸ਼ ਆਉਣ ਵਾਲੀਆਂ ਬਿਮਾਰੀਆਂ ਜਾਂ ਸਮੱਸਿਆਵਾਂ ਸੰਬੰਧੀ ਹੈ। ਡਾ. ਵਿਲੀਅਮ ਕਿਉਂ ਜੋ ਇਸ ਖੇਤਰ ਦੀ ਮਾਹਿਰ ਹੈ ਇਸ ਲਈ ਉਸ ਨੇ ਬੜੇ ਵਧੀਆ ਢੰਗ ਨਾਲ ਚਮੜੀ ਦੀਆਂ ਬਿਮਾਰੀਆਂ ਦਾ ਜ਼ਿਕਰ ਹੀ ਨਹੀਂ ਕੀਤਾ, ਸਗੋਂ ਉਹਨਾਂ ਦੇ ਇਲਾਜ ਵੱਲ ਵੀ ਇਸ਼ਾਰਾ ਕੀਤਾ ਹੈ ਅਤੇ ਯੋਗ ਖੁਰਾਕ ਸੰਬੰਧੀ ਵੀ ਦੱਸਿਆ ਹੈ।
ਡਾ. ਅਰੁਣ ਸੂਦ ਨੇ ਬੜੀ ਵਧੀਆ ਗੱਲ ਕਹੀ ਹੈ ਕਿ ‘ਜ਼ਿੰਦਗੀ ਵਿੱਚ ਆਏ ਬਦਲਾਵ ਨੂੰ ਗਲੇ ਲਾਉ, ਨਾ ਕਿ ਉਸ ਤੋਂ ਡਰੋ।’ ਡਾ. ਅਵਤਾਰ ਸਿੰਘ ਸੰਘਾ ਦਾ ਵਿਚਾਰ ਹੈ ਕਿ ‘ਉਮਰ ਦਾ ਸੰਬੰਧ ਤੁਹਾਡੀ ਦਿਮਾਗ ਦੀ ਸੋਚ ’ਤੇ ਨਿਰਭਰ ਕਰਦਾ ਹੈ ਨਾ ਕਿ ਤੁਹਾਡੀ ਉਮਰ ਦੇ ਬੀਤ ਚੁੱਕੇ ਸਾਲਾਂ ਤੇ।’ ਉਹਨਾਂ ਦੇ ਲੇਖ ਦਾ ਸਿਰਲੇਖ, ਲੇਖ ਵਿੱਚ ਪਰਗਟਾਏ ਵਿਚਾਰਾਂ ਨਾਲ ਮੇਲ ਖਾਂਦਾ ਹੈ। ਉਹਨਾਂ ਨੇ ਆਪਣੇ ਹਮ-ਉਮਰਾਂ ਨੂੰ ਸਲਾਹ ਦਿੱਤੀ ਹੈ ਕਿ ਉਮਰ ਦੇ ਇਸ ਦੌਰ ਦਾ ਵੀ ਪੂਰਾ ਆਨੰਦ ਮਾਣੋ। ਲੇਖਕ ਕਿਉਂ ਜੋ ਅੰਗਰੇਜ਼ੀ ਸਾਹਿਤ ਦਾ ਪ੍ਰੋਫੈਸਰ ਰਿਹਾ ਹੈ, ਇਸ ਲਈ ਉਸ ਨੇ ਅੰਗਰੇਜ਼ੀ ਸਾਹਿਤ ਦੇ ਕਈ ਸਾਹਿਤਕਾਰਾਂ ਦੇ ਵਿਚਾਰਾਂ ਦੀਆਂ ਉਦਾਹਰਨਾਂ ਦੇ ਕੇ ਸੰਬੰਧਤ ਵਿਸ਼ੇ ’ਤੇ ਵਿਚਾਰ ਪ੍ਰਗਟਾਏ ਹਨ।
ਡਾ. ਚਰਨਜੀਤ ਕੌਰ ਧੰਜੂ ਦਾ ਲੇਖ ਪੁਸਤਕ ਦੇ ਵਧੀਆ ਲੇਖਾਂ ਵਿੱਚੋਂ ਇੱਕ ਹੈ। ਉਸਨੇ ਕਈ ਵਿਦਵਾਨਾਂ ਦੇ ਵਿਚਾਰਾਂ ਦੀ ਮਿਸਾਲ ਦੇ ਕੇ ਆਪਣੇ ਵਿਚਾਰਾਂ ਨੂੰ ਪ੍ਰਮਾਣਿਤ ਕੀਤਾ ਹੈ। ਉਸਦਾ ਵਿਚਾਰ ਹੈ ਕਿ 65 ਸਾਲ ਦੀ ਉਮਰ ਦਾ ਭਾਵ ਬੁੱਢੇ ਹੋਣਾ ਨਹੀਂ ਬਲਕਿ ਇਸ ਉਮਰ ਤੋਂ ਬਾਅਦ ਵੀ ਤੀਹ ਸਾਲ ਹੋਰ ਜ਼ਿੰਦਗੀ ਮਾਣੀ ਜਾ ਸਕਦੀ ਹੈ। ਡਾ. ਧੰਜੂ ਨੇ ਇੱਕ ਬਹੁਤ ਹੀ ਭਾਵਪੂਰਤ ਗੱਲ ਕਹੀ ਹੈ ‘60 ਸਾਲ ਤੋਂ ਬਾਅਦ ਸਰੀਰ ਨੂੰ ਤੰਦਰੁਸਤ ਰੱਖਣਾ ਤੁਹਾਡੀ ਆਪਣੀ ਇੱਛਾ ’ਤੇ ਨਿਰਭਰ ਕਰਦਾ ਹੈ।’ ਉਸਨੇ ਚੰਗੀ ਸਿਹਤ ਲਈ ਵਧੀਆ ਖੁਰਾਕ ਦੀ ਫਹਿਰਿਸਤ ਵੀ ਦਿੱਤੀ ਹੈ ਅਤੇ ਸਿਹਤਮੰਦ ਰਹਿਣ ਲਈ ਕੁਝ ਨੁਕਤੇ ਵੀ ਦੱਸੇ ਹਨ।
ਡਾ. ਦਵਿੰਦਰ ਸਿੰਘ ਜੀਤਲਾ ਨੇ ਆਪਣੀ ਉਦਾਹਰਣ ਦਿੰਦੇ ਹੋਏ ਲਿਖਿਆ ਹੈ ਕਿ ਉਮਰ ਦੇ ਇਸ ਵਿਸ਼ੇਸ਼ ਪੜਾ ’ਤੇ ਪਹੁੰਚ ਕੇ ਉਸਦਾ ਜ਼ਿੰਦਗੀ ਸੰਬੰਧੀ ਨਜ਼ਰੀਆ ਬਦਲਿਆ ਹੈ। ਉਹ ਇਹ ਵੀ ਲਿਖਦਾ ਹੈ ਕਿ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਸਾਡੇ ਜਿਊਣ ਦਾ ਤਜਰਬਾ ਹੈ ਅਤੇ ਇਹ ਪੂਰੀ ਜ਼ਿੰਦਗੀ ਦੌਰਾਨ ਚੱਲਦਾ ਰਹਿੰਦਾ ਹੈ। ਉਹ ‘ਟਾਈਮ ਮੈਨੇਜਮੈਂਟ’ ਵਰਗੇ ਅਜੋਕੇ ਵਰਤਾਰੇ ਦੀ ਮਹੱਤਤਾ ਦੀ ਗੱਲ ਵੀ ਕਰਦਾ ਹੈ। ਉਸਨੇ ਇੱਕ ਹੋਰ ਨਵੀਂ ਗੱਲ ਵੀ ਕਹੀ ਹੈ ਕਿ ‘ਉਸ ਨੂੰ ਨਹੀਂ ਪਤਾ ਕਿ ਬੁਢਾਪੇ ਦੀ ਪ੍ਰੀਭਾਸ਼ਾ ਹੈ।’ ਡਾ. ਜੀਤਲਾ ਨੇ ਹਰ ਉਮਰ ਦੇ ਇਨਸਾਨ ਨੂੰ ਵਿਗਿਆਨ ਦੀਆਂ ਨਵੀਆਂ ਤਕਨੀਕਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਹੈ। ਉਸਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਨਾਲ ਜੁੜ ਕੇ ਵੱਡੀ ਉਮਰ ਵਾਲੇ ਆਪਣੀ ਜ਼ਿੰਦਗੀ ਨੂੰ ਨਵਾਂ ਹੁਲਾਰਾ ਦੇ ਸਕਦੇ ਹਨ ਅਤੇ ਹਰ ਇਨਸਾਨ ਵਿੱਚ ਆਪਣੇ ਜੀਵਨ ਨੂੰ ਨਵੇਂ ਰਾਹ ’ਤੇ ਤੋਰਨ ਦੀ ਸਮਰੱਥਾ ਹੁੰਦੀ ਹੈ। ਡਾ. ਗੋਵਿੰਦ ਨਰਾਇਣ ਵਰਮਾ ਨੇ ਆਪਣੇ ਲੇਖ ਦੇ ਮੁੱਢ ਵਿੱਚ ਹੀ ਵਧੀਆ ਤੱਥ ਦਿੱਤਾ ਹੈ ਕਿ ਅੱਜ ਤੋਂ ਦੋ ਸਦੀਆਂ ਪਹਿਲਾਂ ਮਨੁੱਖ ਦੀ ਔਸਤ ਉਮਰ ਤਕਰੀਬਨ 25 ਸਾਲ ਹੀ ਸੀ। ਡਾ. ਵਰਮਾ ਨੇ ਲਿਖਿਆ ਹੈ ਕਿ ਭਾਰਤੀਆਂ ਲਈ 65 ਸਾਲ ਤੋਂ ਜ਼ਿਆਦਾ ਜ਼ਿੰਦਗੀ ਜਿਊਣ ਦੀ ਗੱਲ ਨਹੀਂ ਸਗੋਂ ਮੁੱਖ ਮੁੱਦਾ ਇਹ ਹੈ ਕਿ ਇਸ ਉਮਰ ਤੋਂ ਬਾਅਦ ਆਉਣ ਵਾਲੇ ਪੰਦਰਾਂ ਤੋਂ ਵੀਹ ਸਾਲ ਚੰਗੀ ਸਿਹਤ ਅਤੇ ਖੁਸ਼ ਰਹਿ ਕੇ ਕਿਵੇਂ ਬਿਤਾਏ ਜਾਣ? ਇਸ ਸੰਬੰਧੀ ਉਹਨਾਂ ਨੇ ਖੁਰਾਕ ਤੇ ਸੰਜਮ ਵਰਤਣ ਦੀ ਸਲਾਹ ਦਿੱਤੀ ਹੈ। ਡਾ. ਆਈ. ਕੇ. ਪਾਈ ਕੇ ਆਪਣੇ ਆਰਟੀਕਲ ਦਾ ਸਿਰਲੇਖ ਹੀ ਬਹੁਤ ਭਾਵਪੂਰਤ ਰੱਖਿਆ ਹੈ (Fading Gracefu।।y)। ਆਪਣੇ ਲੇਖ ਦੇ ਅਖੀਰ ਵਿੱਚ ਉਸ ਨੇ ਵੱਡੀ ਉਮਰ ਵਾਲਿਆਂ ਨੂੰ ਕੁਝ ਨੇਕ ਸਲਾਹਾਂ ਵੀ ਦਿੱਤੀਆਂ ਹਨ, ਜੋ ਕਾਬਲੇ ਗੌਰ ਹਨ। ਉਹਨਾਂ ਦਾ ਵਿਚਾਰ ਹੈ ਕਿ ਬੁਢਾਪਾ ਰੋਕੂ ਕਰੀਮਾਂ ਉੱਤੇ ਫਜ਼ੂਲ ਖਰਚੀ ਨਾ ਕਰੋ। ਡਾ. ਜੈਦੀਪ ਦੱਤਾ ਦਾ ਲੇਖ ਭਾਵੇਂ ਸੰਖੇਪ ਹੈ, ਪਰ ਵਧੀਆ ਹੈ। ਡਾ. ਕੁਮਦ ਨਾਗਰਾਲ ਦਾ ਵਿਚਾਰ ਹੈ ਕਿ ਵੱਡੀ ਉਮਰ ਵਿੱਚ ਅਜਿਹੇ ਕੰਮ ਕਰੋ ਜਿਸ ਨਾਲ ਪਰਿਵਾਰ ਅਤੇ ਸਮਾਜ ਦਾ ਕਰਜ਼ਾ ਲਾਹ ਸਕੋਂ।
ਡਾ. ਮਨਮੋਹਨ ਕ੍ਰਿਸ਼ਨ ਮਹਾਜਨ ਨੇ ਵਿਚਾਰ ਪੇਸ਼ ਕੀਤਾ ਹੈ ਕਿ ‘ਉਮਰ ਵਿੱਚ ਜ਼ਿੰਦਗੀ ਜੋੜੋ ਨਾ ਕਿ ਜ਼ਿੰਦਗੀ ਵਿੱਚ ਉਮਰ।’ ਪ੍ਰੋਫੈਸਰ ਮੋਹਨ ਲਾਲ ਸ਼ਰਮਾ ਨੇ ਸਾਡੇ ਦੇਸ਼ ਦੇ ਬਹੁਤੇ ਲੋਕਾਂ ਦੀ ਸੋਚ ‘ਦੁਨੀਆਂ ਕੀ ਕਹੇਗੀ’ ਨੂੰ ਤਿਆਗਣ ਦੀ ਲੋੜ ਦੀ ਨਸੀਹਤ ਕੀਤੀ ਹੈ। ਡਾ. ਕੰਵਲ ਕੰਬੋਜ ਨੇ ਬਜ਼ੁਰਗਾਂ ਦਾ ਮਾਰਗ ਦਰਸ਼ਨ ਕਰਦੇ ਹੋਏ ‘ਸਾਡੇ ਵਕਤ ਤਾਂ ਇਹ ਨਹੀਂ ਸੀ ਹੁੰਦਾ’ ਦੀ ਰਟ ਨਾ ਲਾਉਣ ਦੀ ਸਲਾਹ ਦਿੱਤੀ ਹੈ। ਤੇਗ ਬਹਾਦਰ ਸਿੰਘ ਨੇ ਆਪਣੇ ਲੇਖ ਦਾ ਪਹਿਲਾ ਵਾਕ ਹੀ ਬਹੁਤ ਵਧੀਆ ਲਿਖਿਆ ਹੈ-- ਜ਼ਿੰਦਗੀ 65 ਸਾਲ ਦੀ ਉਮਰ ਤੋਂ ਵੀ ਸ਼ੁਰੂ ਕੀਤੀ ਜਾ ਸਕਦੀ ਹੈ, ਇਹ ਸਭ ਤੁਹਾਡੇ ਹੱਥ ਹੈ। ਉਹਨਾਂ ਦਾ ਕਹਿਣਾ ਹੈ ਕਿ ਨੌਕਰੀ ਤੋਂ ਸੇਵਾ ਮੁਕਤੀ ਦਾ ਭਾਵ ਜ਼ਿੰਦਗੀ ਤੋਂ ਸੇਵਾ ਮੁਕਤੀ ਨਹੀਂ। ਹੱਸਣਾ ਸਭ ਤੋਂ ਵਧੀਆ ਦਵਾਈ ਹੈ। ਲੇਖ ਦੇ ਅੰਤ ਵਿੱਚ ਉਹਨਾਂ ਨੇ ਬੜੇ ਸਹਿਜ ਨਾਲ ਅਪਣਾਏ ਜਾਣ ਵਾਲੇ ਕੁਝ ਨੁਕਤੇ ਵੀ ਸਾਂਝੇ ਹਨ।
ਪੁਸਤਕ ਦੇ ਸੰਪਾਦਕ ਡਾ. ਐੱਮ. ਐੱਲ. ਸੂਦ ਦਾ ਵਿਚਾਰ ਹੈ ਕਿ ਜ਼ਿੰਦਗੀ ਇੱਕ ਬੁਝਾਰਤ ਹੈ ਅਤੇ ਇਸ ਬੁਝਾਰਤ ਨੂੰ ਸੁਲਝਾਉਣਾ ਹਰ ਇੱਕ ਦੀ ਆਪਣੀ ਮੁਹਾਰਤ ’ਤੇ ਨਿਰਭਰ ਕਰਦਾ ਹੈ। ਉਸਨੇ ਆਪਣੇ ਲੇਖ ਦੇ ਅੰਤ ਵਿੱਚ ਇੱਕ ਕਵੀ, ਲੀ ਜ਼ੂ ਫਿੰਗ ਦੀ ਲੰਬੀ ਕਵਿਤਾ ਦਰਜ ਕੀਤੀ ਹੈ, ਜਿਸਦੀਆਂ ਆਖਰੀ ਸਤਰਾਂ ਹਨ: ਬੱਸ, ਆਪਣੀ ਚਾਹ ਦੀਆਂ ਚੁਸਕੀਆਂ ਲਵੋ/ ਵਧੀਆ ਢੰਗ ਨਾਲ ਅਤੇ ਹੌਲੀ ਹੌਲੀ। ਪੁਸਤਕ ਦੇ ਮੁੱਖ ਬੰਦ ਵਿੱਚ ਲਿਖਿਆ ਹੈ ਕਿ ਸਮਾਂ ਅਤੇ ਉਮਰ ਦੋ ਅਜਿਹੇ ਪਹਿਲੂ ਹਨ ਜੋ ਵਾਪਸ ਨਹੀਂ ਮੋੜੇ ਜਾ ਸਕਦੇ। ਜੇ ਇਨਸਾਨ ਇਸ ਉਮਰ ਵਿੱਚ ਇੱਕ ਰੁਟੀਨ ਬਣਾ ਲਵੇ, ਸਮਾਜ ਨਾਲ ਜੁੜਿਆ ਰਹੇ ਅਤੇ ਨਵੀਆਂ ਗੱਲਾਂ ਸਿੱਖਣ ਦੀ ਚਿੰਗਾੜੀ ਮਚਾਈ ਰੱਖੇ ਤਾਂ ਇਸ ਉਮਰ ਵਿੱਚ ਵੀ ਜ਼ਿੰਦਗੀ ਨੂੰ ਮਾਣਨਯੋਗ ਬਣਾਇਆ ਜਾ ਸਕਦਾ ਹੈ।
ਸਮੁੱਚੇ ਰੂਪ ਵਿੱਚ ਦੇਖਿਆ ਜਾਵੇ ਤਾਂ 357 ਪੰਨਿਆਂ ਦੀ ਕਿਤਾਬ ਦੇ ਸਾਰੇ ਲੇਖ ਭਾਵੇਂ ਪੁਸਤਕ ਦੇ ਸਿਰਲੇਖ ਨਾਲ ਸੰਬੰਧਤ ਨਹੀਂ, ਕਿਉਂਕਿ ਕਈ ਵਿਦਵਾਨਾਂ ਨੇ ਸਿਰਫ ਆਪਣੀ ਜਾਣ-ਪਛਾਣ ਨਾਲ ਹੀ ਕੰਮ ਸਾਰ ਦਿੱਤਾ ਹੈ। ਕੁਝ ਨੇ ਵਿਸ਼ੇ ਦੇ ਦਾਇਰੇ ਤੋਂ ਬਾਹਰ ਦੀਆਂ ਗੱਲਾਂ ਕੀਤੀਆਂ ਹਨ। ਇਸਦੇ ਉਲਟ ਕਈ ਲੇਖਕਾਂ ਨੇ ਵਿਸ਼ੇ ਦੀ ਤਹਿ ਵਿੱਚ ਜਾ ਕੇ ਅਜਿਹੇ ਮੌਲਿਕ ਵਿਚਾਰ ਪ੍ਰਗਟਾਏ ਹਨ ਕਿ 65 ਸਾਲ ਅਤੇ ਇਸ ਤੋਂ ਵਡੇਰੀ ਉਮਰ ਵਾਲੇ ਇਹਨਾਂ ਤੋਂ ਭਰਪੂਰ ਫਾਇਦਾ ਉਠਾ ਕੇ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਅਤੇ ਖੇੜਾ ਲਿਆ ਸਕਦੇ ਹਨ। ਜੇ ਇਸ ਪੁਸਤਕ ਦਾ ਦੁਬਾਰਾ ਸੰਪਾਦਨ ਕਰਕੇ 20-25 ਲੇਖਾਂ ਨਾਲ, ਕਿਸੇ ਅੰਤਰਰਾਸ਼ਟਰੀ ਪੱਧਰ ਦੇ ਪ੍ਰਕਾਸ਼ਕ ਤੋਂ ਪ੍ਰਕਾਸ਼ਿਤ ਕਰਵਾਈ ਜਾਵੇ, ਤਾਂ ਇਹ ‘ਬੈਸਟ ਸੈਲਰ ਬੁੱਕਸ’ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਸਕਣ ਦੀ ਸਮਰੱਥਾ ਰੱਖਦੀ ਹੈ।
ਤੱਤਸਾਰ:
* ਜ਼ਿੰਦਗੀ ਵਿੱਚ ਆਏ ਬਦਲਾਵ ਨੂੰ ਗਲੇ ਲਾਉ, ਨਾ ਕਿ ਉਸ ਤੋਂ ਡਰੋ।
* ਉਮਰ ਦਾ ਸੰਬੰਧ ਤੁਹਾਡੀ ਦਿਮਾਗ ਦੀ ਸੋਚ ’ਤੇ ਨਿਰਭਰ ਕਰਦਾ ਹੈ, ਨਾ ਕਿ ਤੁਹਾਡੀ ਉਮਰ ਦੇ ਬੀਤ ਚੁੱਕੇ ਸਾਲਾਂ ਨਾਲ।
* 60 ਸਾਲ ਤੋਂ ਬਾਅਦ ਸਰੀਰ ਨੂੰ ਤੰਦਰੁਸਤ ਰੱਖਣਾ ਤੁਹਾਡੀ ਆਪਣੀ ਇੱਛਾ ’ਤੇ ਨਿਰਭਰ ਕਰਦਾ ਹੈ।
* ਹਰ ਇਨਸਾਨ ਵਿੱਚ ਆਪਣੇ ਜੀਵਨ ਨੂੰ ਨਵੇਂ ਰਾਹ ’ਤੇ ਤੋਰਨ ਦੀ ਸਮਰੱਥਾ ਹੁੰਦੀ ਹੈ।
* ਵੱਡੀ ਉਮਰ ਵਿੱਚ ਅਜਿਹੇ ਕੰਮ ਕਰੋ ਜਿਸ ਨਾਲ ਪਰਿਵਾਰ ਅਤੇ ਸਮਾਜ ਦਾ ਕਰਜ਼ਾ ਲਾਹ ਸਕੋ।
* 'ਦੁਨੀਆਂ ਕੀ ਕਹੇਗੀ’ ਦੀ ਸੋਚ ਤਿਆਗ ਦਿਉ।
* ‘ਸਾਡੇ ਵੇਲੇ ਤਾਂ ਇਹ ਨਹੀਂ ਸੀ ਹੁੰਦਾ’ ਦੀ ਰਟ ਨਾ ਲਾਉ।
* ਨੌਕਰੀ ਤੋਂ ਸੇਵਾ ਮੁਕਤੀ ਦਾ ਭਾਵ ਜ਼ਿੰਦਗੀ ਤੋਂ ਸੇਵਾ ਮੁਕਤੀ ਨਹੀਂ।
* ਜ਼ਿੰਦਗੀ ਇੱਕ ਬੁਝਾਰਤ ਹੈ ਅਤੇ ਇਸ ਨੂੰ ਸੁਲਝਾਉਣਾ ਹਰ ਇੱਕ ਦੀ ਆਪਣੀ ਮੁਹਾਰਤ ’ਤੇ ਨਿਰਭਰ ਕਰਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3391)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)