“ਗਲਤ ਵਰਤਾਰਾ ਕਿਸੇ ਵੀ ਖੇਤਰ ਅਤੇ ਪੱਧਰ ’ਤੇ ਹੋਵੇ, ਉਹ ਉਸ ਵਿਰੁੱਧ ਜ਼ੋਰਦਾਰ ਢੰਗ ਨਾਲ ਅਵਾਜ਼ ...”
(5 ਜਨਵਰੀ 2024)
ਇਸ ਸਮੇਂ ਪਾਠਕ: 145.
ਕੈਨੇਡਾ ਪਰਵਾਸ ਕਰ ਚੁੱਕਿਆ ਸੁਖਿੰਦਰ 1972 ਤੋਂ ਸਾਹਿਤਕ ਕਾਰਜਾਂ ਵੱਲ ਰੁਚਿਤ ਹੈ। ਹੁਣ ਤਕ ਉਸ ਦੀਆਂ 45 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਸ ਨੇ ਵੱਖ-ਵੱਖ ਸਾਹਿਤਕ ਵਿਧਾਵਾਂ ਦੀ ਰਚਨਾ ਕੀਤੀ ਹੈ। ਕਿਉਂ ਜੋ ਉਹ ਵਿਗਿਆਨ ਦਾ ਵਿਦਿਆਰਥੀ ਰਿਹਾ ਹੈ, ਇਸ ਲਈ ਉਸ ਦੀਆਂ ਪਹਿਲੀਆਂ ਦੋ ਪੁਸਤਕਾਂ ਵਿਗਿਆਨ ਦੇ ਵਿਸ਼ਿਆਂ ਨਾਲ ਹੀ ਸੰਬੰਧਿਤ ਸਨ। ਵਿਗਿਆਨਕ ਵਿਸ਼ਿਆਂ ਸੰਬੰਧੀ ਉਸ ਦੀਆਂ ਤਿੰਨ ਪੁਸਤਕਾਂ ਹਨ। ਬਾਅਦ ਵਿੱਚ ਉਹ ਕਵਿਤਾ ਦੇ ਖੇਤਰ ਵਿੱਚ ਜ਼ਿਆਦਾ ਵਿਚਰਿਆ ਅਤੇ ਹੁਣ ਤਕ ਉਸ ਦੇ 22 ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਚਾਰ ਪੁਸਤਕਾਂ ਆਲੋਚਨਾ ਦੀਆਂ ਹਨ, ਪੰਜ ਵਾਰਤਕ ਦੀਆਂ, ਸੱਤ ਪੁਸਤਕਾਂ ਦਾ ਸੰਪਾਦਨ ਕੀਤਾ ਹੈ। ਦੋ ਨਾਵਲਾਂ ਦੀ ਰਚਨਾ ਤੋਂ ਇਲਾਵਾ ਇੱਕ ਪੁਸਤਕ ਬੱਚਿਆਂ ਲਈ ਵੀ ਹੈ ਅਤੇ ਇੱਕ ਅੰਗਰੇਜ਼ੀ ਕਵਿਤਾਵਾਂ ਦੀ। ਉਹ ਇੱਕ ਪੰਜਾਬੀ ਮੈਗਜ਼ੀਨ (ਸੰਵਾਦ) ਦਾ ਸੰਪਾਦਕ ਵੀ ਹੈ ਅਤੇ ਫੇਸਬੁੱਕ ’ਤੇ ਵੀ ਬਹੁਤ ਸਰਗਰਮ ਰਹਿੰਦਾ ਹੈ।
ਸੁਖਿੰਦਰ ਦੀਆਂ ਅਜੋਕੀਆਂ ਕਵਿਤਾਵਾਂ ਵਿੱਚ ਵਿਦਰੋਹ ਦੀ ਸੁਰ ਭਾਰੂ ਹੈ। ਗਲਤ ਵਰਤਾਰਾ ਕਿਸੇ ਵੀ ਖੇਤਰ ਅਤੇ ਪੱਧਰ ’ਤੇ ਹੋਵੇ, ਉਹ ਉਸ ਵਿਰੁੱਧ ਜ਼ੋਰਦਾਰ ਢੰਗ ਨਾਲ ਅਵਾਜ਼ ਉਠਾਉਂਦਾ ਹੈ ਅਤੇ ਵਿਅੰਗਾਤਮਕ ਸ਼ੈਲੀ ਵਿੱਚ ਆਪਣੀ ਗੱਲ ਕਰਦਾ ਹੈ। ਕੀ ਵਿਦਰੋਹ ਦੀ ਭਾਵਨਾ ਉਸ ਨੂੰ ਕੁਦਰਤ ਵੱਲੋਂ ਮਿਲੀ ਹੈ ਜਾਂ ਗਲਤ ਵਰਤਾਰਿਆਂ ਵਿਰੁੱਧ ਚੁੱਪ ਨਾ ਰਹਿ ਸਕਣਾ ਉਸ ਦੇ ਵਿਅਕਤਿਤਵ ਦਾ ਹਿੱਸਾ ਬਣ ਚੁੱਕਿਆ ਹੈ? ਜਾਂ ਇਸ ਪਿੱਛੇ ਕੋਈ ਵਿਅਕਤੀਗਤ ਕਾਰਨ ਹੈ? ਇਸਦਾ ਜਵਾਬ ਉਹ ਆਪ ਹੀ ਦੇ ਸਕਦਾ ਹੈ। ਕਈ ਵਾਰ ਇੰਜ ਵੀ ਮਹਿਸੂਸ ਹੁੰਦਾ ਹੈ ਕਿ ਜਿਵੇਂ ਹੀ ਉਹ ਕੋਈ ਗੱਲ ਗਲਤ ਹੁੰਦੀ ਦੇਖਦਾ ਹੈ ਤਾਂ ਆਪਾ ਖੋ ਬੈਠਦਾ ਹੈ ਅਤੇ ਆਪਣੀ ਕਲਮ ਨੂੰ ਹਥਿਆਰ ਦੀ ਤਰ੍ਹਾਂ ਵਰਤਦਾ ਹੈ। ਇਹ ਇੱਕ ਜਾਗਰੂਕ ਸਾਹਿਤਕਾਰ ਦੀ ਵਿਲੱਖਣਤਾ ਹੀ ਕਹੀ ਜਾ ਸਕਦੀ ਹੈ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਸਕਦਾ ਕਿ ਉਸਦੀ ਇਹ ਵਿਦਰੋਹੀ ਸੁਰ ਕਈਆਂ ਨੂੰ ਖਟਕਦੀ ਵੀ ਹੈ, ਪਰ ਉਹ ਆਪਣੀ ਵਿਲੱਖਣ ਸ਼ੈਲੀ ਨੂੰ ਤਿਆਗ ਨਹੀਂ ਸਕਦਾ।
‘ਵਾਇਰਸ’ ਸ਼ਬਦ ਕੰਪਿਊਟਰ ਦੇ ਖੇਤਰ ਨਾਲ ਸੰਬੰਧਿਤ ਹੈ, ਜਿਸਦਾ ਭਾਵ ਹੈ ਕਿ ਕੰਪਿਊਟਰ ਵਿੱਚ ਕੋਈ ਖ਼ਰਾਬੀ ਆ ਜਾਣੀ ਜਾਂ ਨੁਕਸ ਪੈ ਜਾਣਾ। ਵਰਤਮਾਨ ਸਮੇਂ ਵਿੱਚ ਪੰਜਾਬੀ ਰਹਿਣ-ਸਹਿਣ, ਬੋਲ-ਚਾਲ, ਰਸਮਾਂ-ਰਿਵਾਜਾਂ, ਖਾਣ-ਪੀਣ, ਸਾਹਿਤਕ ਖੇਤਰ, ਧਾਰਮਿਕ ਅਤੇ ਸਮਾਜਿਕ ਕਦਰਾਂ-ਕੀਮਤਾਂ, ਗੱਲ ਕੀ ਸਮੁੱਚੇ ਤੌਰ ’ਤੇ ਪੰਜਾਬੀ ਸੱਭਿਆਚਾਰ ਹੀ ਨਿਘਾਰ ਵੱਲ ਜਾ ਰਿਹਾ ਹੈ। ਸੁਖਿੰਦਰ ਦੇ ਵਿਚਾਰ ਅਧੀਨ ਕਾਵਿ ਸੰਗ੍ਰਹਿ ਦਾ ਅਧਿਐਨ ਕਰਨ ਉਪਰੰਤ ਇਹ ਗੱਲ ਸਪਸ਼ਟ ਰੂਪ ਵਿੱਚ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਉਹ ਇਹਨਾਂ ਨਾਂਹ-ਪੱਖੀ ਬਦਲਾਵਾਂ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਂਦਾ ਹੈ। ਉਸ ਦੀਆਂ ਕਵਿਤਾਵਾਂ ਦੇ ਸਿਰਲੇਖ ਪੜ੍ਹ ਕੇ ਹੀ ਇਸਦੀ ਪੁਸ਼ਟੀ ਹੋ ਜਾਂਦੀ ਹੈ। ਮਸਲਨ: ਸਾਹਿਤਕ ਦਲਾਲ, ਧੀਆਂ ਦੇ ਕਾਤਲ, ਪੰਜਾਬੀ ਮਾਨਸਿਕਤਾ, ਸਾਹਿਤਕ ਖਲਨਾਇਕ, ਗੈਂਗਸਟਰ ਗਾਇਕਾਂ ਦੇ ਹਿਮਾਇਤੀ, ਚੋਰਾਂ ਦੇ ਕਿੱਸੇ, ਮੌਜ-ਮੇਲਾ ਸਮਾਰੋਹ, ਬਲਾਤਕਾਰੀ ਕਾਨੂੰਨ ਘਾੜੇ ਅਤੇ ਅਦਾਲਤਾਂ, ਬਾਂਦਰਾਂ ਦੀ ਭੀੜ, ਮੱਠਧਾਰੀ, ਖਲਨਾਇਕ, ਧੜੇਬੰਦਕ ਮੁਖੌਟਿਆਂ ਦੀ ਕੁੱਤਾ-ਝਾਕ, 31 ਕਰੋੜੀ ਲੈਂਪ, ਬਲੈਕ ਲਿਸਟਿਡ ਕਵੀ, ਇੱਕ ਵਿਸ਼ਵ-ਵਿਦਿਆਲੇ ਦੀ ਮੌਤ, ਪਰੌਂਠਾ ਪਾਲਿਟਿਕਸ, ਮੋਇਆਂ ਹੋਇਆਂ ਦੇ ਜਸ਼ਨ, ਡਾਕਟਰ ਦੀ ਡਿਗਰੀ, ਸਾਜ਼ਿਸ਼ੀ ਚੁੱਪ ਹੈ ਹਰ ਪਾਸੇ, ਪੰਜਾਬ ਦੀਆਂ ਰਾਜਨੀਤਕ ਭੇਡਾਂ ਦੀ ਬਹਿਸ ਆਦਿ। ਇਹਨਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸੁਖਿੰਦਰ ਦੀ ਗਹਿਰੀ ਅੱਖ ਹਰ ਖੇਤਰ ਵਿੱਚ ਫੈਲ ਰਹੇ ਭ੍ਰਿਸ਼ਟਾਚਾਰ ਨੂੰ ਨਿਹਾਰਦੀ ਹੀ ਨਹੀਂ, ਸਗੋਂ ਉਸ ਵਿਰੁੱਧ ਆਵਜ਼ ਉਠਾਉਣ ਦੀ ਹਿੰਮਤ ਵੀ ਰੱਖਦੀ ਹੈ। ਸੁਹਿਰਦ ਸਾਹਿਤਕਾਰ ਇਸ ਉਲਝ ਚੁੱਕੇ ਤਾਣੇ ਦੀ ਹਰ ਤੰਦ ਨੂੰ ਹੀ ਆਪਣੇ ਤੇਜ਼ ਵਿਅੰਗ ਦੀ ਮਾਰ ਹੇਠ ਲੈ ਆਉਂਦਾ ਹੈ। ਅਜਿਹਾ ਕਰਦੇ ਹੋਏ ਉਹ ਇਸਦੇ ਪਿਛੋਕੜ ਦੀ ਪੈੜ ਨੱਪਦਾ ਹੋਇਆ ਦੋ ਸੌ ਸਾਲ ਪਿੱਛੇ ਪਹੁੰਚ ਜਾਂਦਾ ਹੈ ਅਤੇ ‘ਕੁਝ ਸ਼ਬਦ ਮੇਰੇ ਵੱਲੋਂ ਵੀ’ ਵਿੱਚ ਲਿਖਦਾ ਹੈ, “ਪਿਛਲੇ ਤਕਰੀਬਨ 200 ਸਾਲ ਤੋਂ ਪੰਜਾਬ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਵਿਰਸੇ ਨੂੰ, ਭਾਂਤ-ਭਾਂਤ ਦੇ ਵਾਇਰਸ ਚਿੰਬੜੇ ਹੋਏ ਹਨ। ਇਹ ਵਾਇਰਸ ਰਾਜਨੀਤਿਕ, ਸਮਾਜਿਕ, ਸੱਭਿਆਚਾਰਕ, ਧਾਰਮਿਕ, ਵਿੱਦਿਅਕ ਅਤੇ ਨੈਤਿਕ ਖੇਤਰਾਂ ਨਾਲ ਸਬੰਧਿਤ ਹਨ।” ਇਸਦੇ ਨਾਲ ਹੀ ਉਸ ਨੇ ਇਹ ਵੀ ਲਿਖਿਆ ਹੈ ਕਿ ਇਹ ਵਾਇਰਸ ਪੰਜਾਬ ਨੂੰ ਬਾਰ-ਬਾਰ ਟੁਕੜਿਆਂ ਵਿੱਚ ਹੀ ਨਹੀਂ ਵੰਡ ਰਹੇ ਬਲਕਿ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੇ ਨਿਰਮਲ ਪਾਣੀਆਂ ਨੂੰ ਗੰਧਲਾ ਵੀ ਕਰ ਰਹੇ ਹਨ। ਇਸ ਪਰਥਾਏ ਪ੍ਰਸਤੁਤ ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ‘ਵਾਇਰਸ ਪੰਜਾਬ ਦੇ’ ਵਿੱਚ ਉਹ ਲਿਖਦਾ ਹੈ: “ਪਹਿਲੀ ਵਾਰ ਦੇਸ ਪੰਜਾਬ ਨੂੰ/ਵਾਇਰਸ ਪੰਜਾਬ ਨੇ ਆਪਣੀ/ਜਕੜ ਵਿੱਚ ਉਦੋਂ ਲਿਆ ਜਦੋਂ/ ਹਿੰਦੁਸਤਾਨ ਵਿੱਚ ਰਾਜ ਕਰ ਰਹੀ /ਅੰਗਰੇਜ ਹਕੂਮਤ ਨੇ ਸਾਜ਼ਿਸ਼ੀ ਢੰਗ ਨਾਲ/ਦੇਸ ਪੰਜਾਬ ਵਿੱਚ ਖ਼ਾਨਾਜੰਗੀ ਸ਼ੁਰੂ ਕਰਾ/ਦੇਸ ਦੀ ਮਾਨਸਿਕਤਾ ਨੂੰ, /ਖੇਰੂੰ ਖੇਰੂੰ ਕਰਨ ਦੇ ਇਰਾਦਿਆਂ ਨਾਲ/ਇਸ ਨੂੰ ਜੱਫ਼ਾ ਮਾਰ ਲਿਆ।”
ਇਸ ਤੋਂ ਬਾਅਦ ਕਵੀ ਨੇ ਦੇਸ ਦੀ ਅਜ਼ਾਦੀ ਸਮੇਂ ਪੰਜਾਬ ਦੀ ਵੰਡ, 1961 ਵਿੱਚ ਦੂਜੀ ਵਾਰ ਹੋਈ ਵੰਡ ਅਤੇ ਉਸ ਤੋਂ ਬਾਅਦ ਰਾਜਨੀਤਿਕ ਭ੍ਰਿਸ਼ਟਾਚਾਰ, ਨਸ਼ਿਆਂ ਦਾ ਵਧਦਾ ਮੱਕੜ ਜਾਲ, ਗੈਂਗਸਟਰ ਪਸਾਰ, ਪੁਲਿਸ ਦੀ ਦਹਿਸ਼ਤ ਅਤੇ ਵਰਤਮਾਨ ਸਮੇਂ ਦੇ ਹੋਰ ਭੈੜੇ ਵਰਤਾਰੇ ‘ਹੱਸਦੇ-ਵਸਦੇ ਹਿੱਸੇ ਨੂੰ ਕਬਰਸਤਾਨ’ ਬਣਾਉਣ ਲਈ ਕਾਹਲੇ ਹਨ, ਆਦਿ ਵਾਇਰਸਾਂ ਦੀ ਗੱਲ ਕੀਤੀ ਹੈ। ਸੁਖਿੰਦਰ ਨੇ ਇਸ ਕਵਿਤਾ ਵਿੱਚ ਪੰਜਾਬ ਦੇ ਦੁਖਾਂਤ ਨੂੰ ਬਾਖ਼ੂਬੀ ਪੇਸ਼ ਕਰ ਦਿੱਤਾ ਹੈ।
ਇਸੇ ਤਰ੍ਹਾਂ ‘ਤੁਹਾਨੂੰ ਕੁਮੈਂਟ ਨਹੀਂ ਕਰਨਾ ਚਾਹੀਦਾ’ ਕਵਿਤਾ ਵਿੱਚ ਵੀ ਕਵੀ ਨੇ ਪੰਜਾਬ ਦੇ ਨੌਜਵਾਨਾਂ ਦਾ ਨਸ਼ਿਆਂ ਵੱਲ ਪ੍ਰੇਰਿਤ ਹੋਣ, ਗੈਂਗਸਟਰ ਗਾਇਕਾਂ ਵੱਲ ਵਧਦਾ ਰੁਝਾਨ, ਫਿਰਕਾਪ੍ਰਸਤੀ ਅਤੇ ਅੱਤਵਾਦੀ ਸਰਗਰਮੀਆਂ ਵਿੱਚ ਰੁਚੀ ਲੈਣਾ ਆਦਿ ’ਤੇ ਵੀ ਵਿਅੰਗ ਕੀਤਾ ਹੈ।
ਸੁਖਿੰਦਰ ਪੰਜਾਬੀ ਸਾਹਿਤ ਵਿੱਚ ਪਰਫੁੱਲਤ ਹੋ ਰਹੇ ਮਾਫ਼ੀਆ ਸੱਭਿਆਚਾਰ ਨੂੰ ਵੀ ਕਰੜੇ ਹੱਥੀਂ ਲੈਂਦਾ ਹੈ। ਪ੍ਰਸਤੁਤ ਕਾਵਿ ਸੰਗ੍ਰਹਿ ਵਿੱਚ ਇਸ ਵਿਸ਼ੇ ਨੂੰ ਪ੍ਰਗਟਾਉਂਦੀਆਂ ਕਈ ਕਵਿਤਾਵਾਂ ਹਨ। ‘ਸਾਹਿਤਕ ਦਲਾਲ’ ਵਿੱਚ ਉਹ ਇਨਾਮਾਂ-ਸਨਮਾਨਾਂ ਲਈ ਹੋ ਰਹੀ ਦੌੜ-ਭੱਜ ਨੂੰ ਨਸ਼ਰ ਕਰਦਾ ਹੋਇਆ ਕਿਤੇ-ਕਿਤੇ ਲੋੜ ਨਾਲੋਂ ਵਧ ਤਿੱਖੀ ਭਾਸ਼ਾ ਦੀ ਵਰਤੋਂ ਕਰ ਜਾਂਦਾ ਹੈ। ਇਹ ਠੀਕ ਹੈ ਕਿ ਇਸ ਪੱਖ ਤੋਂ ਹਾਲਾਤ ਜ਼ਿਆਦਾ ਹੀ ਖਰਾਬ ਹਨ, ਪਰ ਫੇਰ ਵੀ ਸਾਹਿਤਕਾਰ ਨੂੰ ਭਾਸ਼ਾ ਦੀ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਹੈ। ‘ਸਾਹਿਤਕ ਖਲਨਾਇਕ’ ਵਿੱਚ ਵੀ ਉਹ ਪੰਜਾਬੀ ਸਾਹਿਤ ਵਿੱਚ ਫੈਲੇ ‘ਮੱਠਵਾਦ’ ਦਾ ਭਾਂਡਾ ਭੰਨਦਾ ਹੈ। (“ਸਾਹਿਤਕ ਸਰਗਰਮੀਆਂ ਨੂੰ ਵੀ ਅਸੀਂ ਹੀ/ ਗਿਰਗਿਟ ਦੇ ਰੰਗਾਂ ਵਿੱਚ ਰੰਗਦੇ ਹਾਂ।”)
ਸੁਖਿੰਦਰ ਨੇ ਦੇਸ਼ ਵਿੱਚ ਫੈਲੇ ਇੱਕ ਹੋਰ ਭੈੜੇ ਚਲਨ ਵੱਲ ਵੀ ਇਸ਼ਾਰਾ ਕੀਤਾ ਹੈ ਕਿ ਰਾਜਸੀ ਨੇਤਾ ਧਰਮ ਨੂੰ ਆਪਣੇ ਫਾਇਦੇ ਲਈ ਵਰਤਣ ਤੋਂ ਦਰੇਗ ਨਹੀਂ ਕਰਦੇ, ਭਾਵੇਂ ਇਸ ਨਾਲ ਦੇਸ ਦਾ ਮਾਹੌਲ ਖਰਾਬ ਹੀ ਕਿਉਂ ਨਾ ਹੋ ਜਾਵੇ। ਇਸ ਸੰਬੰਧੀ ਵੀ ਉਹ ਤਿੱਖੀ ਸੁਰ ਵਿੱਚ ਗੱਲ ਕਰਦਾ ਹੈ। ‘ਧਰਮੀ ਬੇਅਦਬੀਆਂ ਦੀ ਰੁੱਤ’ ਵਿੱਚ ਉਸਦਾ ਵਿਅੰਗ ਪਾਠਕਾਂ ਨੂੰ ਪ੍ਰਭਾਵਿਤ ਕਰਦਾ ਹੈ:
ਧਰਤੀ ਉੱਤੇ ਇਕ
ਅਜਿਹਾ ਦੇਸ ਵੀ ਵਸਦਾ ਹੈ
ਜਿੱਥੇ ਚੋਣਾਂ ਦੀ ਰੁੱਤ ਆਉਣ ਨਾਲ ਹੀ
ਧਰਮੀ ਬੇਅਦਬੀਆਂ ਦੀ ਰੁੱਤ ਦਾ ਵੀ
ਆਗਮਨ ਹੋ ਜਾਂਦਾ ਹੈ।
ਇਸ ਕਾਵਿ ਸੰਗ੍ਰਹਿ ਦੇ ਇੱਕ ਹੋਰ ਪਹਿਲੂ ਵੱਲ ਮੈਂ ਵਿਦਵਾਨ ਸਾਹਿਤਕਾਰ ਦਾ ਧਿਆਨ ਦ੍ਰਿਸ਼ਟੀਗਤ ਕਰਨਾ ਚਾਹੁੰਦਾ ਹਾਂ ਕਿ ਉਸ ਨੇ ਆਪਣੀਆਂ ਕਵਿਤਾਵਾਂ ਵਿੱਚ ਵਿਸ਼ਰਾਮ ਚਿੰਨ੍ਹ ਕਾਮੇ (,) ਦੀ ਬੇਲੋੜੀ ਵਰਤੋਂ ਕੀਤੀ ਹੈ। ਉਦਾਹਰਣ ਦੇ ਤੌਰ ਤੇ:
ਕੁਝ, ਸਕੂਲ, ਹਸਪਤਾਲ, ਸ਼ੌਪਿੰਗ ਪਲਾਜ਼ੇ (ਪੰਨਾ 51)
ਆਪਣਾ, ਜਲਵਾ (ਪੰਨਾ 51)
ਉਦੋਂ, ਧਰਮ-ਸਥਾਨਾਂ ਦੀ, ਮਾਣ-ਮਰਿਆਦਾ ਨਹੀਂ ਟੁੱਟਦੀ (ਪੰਨਾ 52)
ਹਕੂਮਤ, ਨੇ ਆਪਣੀ/ ਸ਼ਕਤੀ ਦੇ, ਰੀਮੋਟ ਕੰਟਰੋਲ ਦਾ (ਪੰਨਾ 56)
ਇਸ ਕਾਵਿ ਸੰਗ੍ਰਹਿ ਦੀ ਭੂਮਿਕਾ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ. ਮੋਹਨ ਸਿੰਘ ਤਿਆਗੀ ਨੇ ਬਹੁਤ ਮਿਹਨਤ ਨਾਲ ਲਿਖੀ ਹੈ, ਜਿਸ ਤੋਂ ਉਹਨਾਂ ਦੀ ਆਲੋਚਨਾਤਮਕ ਸੋਝੀ ਦਾ ਪਤਾ ਚਲਦਾ ਹੈ। ਉਹਨਾਂ ਨੇ ਸੁਖਿੰਦਰ ਦੀ ਕਾਵਿ ਕਲਾ ਸੰਬੰਧੀ ਵਿਸਤਾਰ ਵਿੱਚ ਚਰਚਾ ਕਰਦੇ ਹੋਏ ਸਾਰਥਕ ਸਿੱਟੇ ਵੀ ਕੱਢੇ ਹਨ। ਇਹ ਭੂਮਿਕਾ ਪੜ੍ਹ ਕੇ ਸੁਖਿੰਦਰ ਦੇ ਕਾਵਿ ਸੰਸਾਰ ਨੂੰ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ। ਅਜਿਹੀ ਭਾਵਪੂਰਤ ਭੂਮਿਕਾ ਲਿਖਣ ਲਈ ਡਾ. ਤਿਆਗੀ ਵਧਾਈ ਦੇ ਹੱਕਦਾਰ ਹਨ।
ਸਮੁੱਚੇ ਰੂਪ ਵਿੱਚ ‘ਵਾਇਰਸ ਪੰਜਾਬ ਦੇ’ ਕਾਵਿ ਸੰਗ੍ਰਹਿ ਸੰਬੰਧੀ ਕਿਹਾ ਜਾ ਸਕਦਾ ਹੈ ਕਿ ਕਵੀ ਦੇ ਤਿੱਖੇ ਵਿਦਰੋਹੀ ਸੁਰਾਂ ਤੋਂ ਘਬਰਾਉਣ ਦੀ ਲੋੜ ਨਹੀਂ, ਸਗੋਂ ਇਹਨਾਂ ਤੋਂ ਸਬੰਧਿਤ ਵਰਤਾਰਿਆਂ ਸੰਬੰਧੀ ਸੰਜੀਦਾ ਹੋ ਕੇ ਸੋਚਣ ਦੀ ਲੋੜ ਹੈ ਅਤੇ ਸਾਰੇ ਪੰਜਾਬ ਹਿਤੈਸ਼ੀਆਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਕਿ ਇਹਨਾਂ ਦਾ ਯੋਗ ਹੱਲ ਕਿਵੇਂ ਲੱਭਿਆ ਜਾਵੇ।
ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਪੁਸਤਕ ਦੀ ਛਪਾਈ ਅਤੇ ਸਵਰਕ ਵੀ ਪ੍ਰਭਾਵਿਤ ਕਰਦੇ ਹਨ। 192 ਪੰਨਿਆਂ ਦੀ ਇਸ ਪੁਸਤਕ ਵਿੱਚ 81 ਕਵਿਤਾਵਾਂ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4601)
(ਸਰੋਕਾਰ ਨਾਲ ਸੰਪਰਕ ਲਈ: (