“ਉਸ ਦੀਆਂ ਗ਼ਜ਼ਲਾਂ ਪਾਠਕਾਂ ਨੂੰ ਸਮਝ ਆਉਣ ਵਾਲੀਆਂ ਹੀ ਨਹੀਂ ਸਗੋਂ ਝੰਜੋੜ ਦੇਣ ਵਾਲੀਆਂ ਹਨ ...”
(1 ਅਕਤੂਬਰ 2021)
ਸੁਰਿੰਦਰਜੀਤ ਚੌਹਾਨ ਪੰਜਾਬੀ ਸਾਹਿਤ ਵਿੱਚ ਇੱਕ ਚਰਚਿਤ ਹਸਤਾਖਰ ਹੈ। ਉਸ ਨੇ ਕੁਝ ਸਾਲਾਂ ਤੋਂ ਪ੍ਰਕਾਸ਼ਕ ਦੇ ਤੌਰ ’ਤੇ ਆਪਣੀ ਪਹਿਚਾਣ ਬਣਾ ਲਈ ਹੈ। ਨਵੇਂ ਲੇਖਕਾਂ ਦੇ ਨਾਲ-ਨਾਲ ਪੁਰਾਣੇ ਲੇਖਕ ਵੀ ਉਸ ਤੋਂ ਆਪਣੀਆਂ ਪੁਸਤਕਾਂ ਪ੍ਰਕਾਸ਼ਿਤ ਕਰਵਾ ਰਹੇ ਹਨ ਕਿਉਂਕਿ ਉਹ ਕਿਤਾਬਾਂ ਦੀ ਦਿੱਖ ਵੱਲ ਉਚੇਚਾ ਧਿਆਨ ਦਿੰਦਾ ਹੈ ਅਤੇ ਪੁਸਤਕ ਦੇ ਮਿਆਰੀ ਹੋਣ ਦਾ ਧਿਆਨ ਵੀ ਰੱਖਦਾ ਹੈ। ਆਪਣੀ ਪ੍ਰਕਾਸ਼ਨਾ ਦੀਆਂ ਕਿਤਾਬਾਂ ਦੇ ਰਲੀਜ਼ ਸਮਾਰੋਹਾਂ ਲਈ ਦੂਰ ਦੁਰਾਡੇ ਦੀਆਂ ਸਾਹਿਤ ਸਭਾਵਾਂ ਵਿੱਚ ਹਾਜ਼ਰੀ ਭਰਦੇ ਹੋਏ ਉਸ ਨੇ ਸਰੋਤਿਆਂ ਨੂੰ ਵੀ ਆਪਣੇ ਨਾਲ ਜੋੜਿਆ ਹੈ। ਪੰਜਾਬੀ ਦੇ ਨਵੇਂ ਗ਼ਜ਼ਲਕਾਰਾਂ ਦੇ ਖੇਤਰ ਵਿੱਚ ਉਸਦਾ ਨਾਂ ਵੀ ਸ਼ੁਮਾਰ ਹੋ ਚੁੱਕਿਆ ਹੈ। ਉਸ ਨੇ ਛੇ ਕਾਵਿ ਸੰਗ੍ਰਹਿ ਵੀ ਸੰਪਾਦਿਤ ਕੀਤੇ ਹਨ। ਹੁਣ ਉਹ ਗ਼ਜ਼ਲਾਂ ਦੀ ਮੌਲਿਕ ਪੁਸਤਕ ‘ਰੇਤਲਾ ਸ਼ਹਿਰ’ ਲੈ ਕੇ ਪਾਠਕਾਂ ਦੇ ਸਨਮੁੱਖ ਹੋਇਆ ਹੈ।
ਇਸ ਪੁਸਤਕ ਦੇ ਮੁੱਖ ਬੰਦ ਵਿੱਚ ਪੰਜਾਬੀ ਕਾਵਿ ਜਗਤ ਦੀ ਮਾਣਮੱਤੀ ਸ਼ਖਸੀਅਤ ਦਰਸ਼ਨ ਬੁੱਟਰ ਨੇ ਲਿਖਿਆ ਹੈ, “ਕਵਿਤਾ ਜੀਵਨ ਦੀ ਪੀੜਾ ਦੀ ਕਹਾਣੀ ਦਾ ਨਾਂ ਹੀ ਹੈ, ਇਹ ਪੀੜਾ ਨਿੱਜੀ ਵੀ ਹੋ ਸਕਦੀ ਹੈ ਸਮੂਹਿਕ ਵੀ।” ਅੱਗੇ ਉਹ ਲਿਖਦਾ ਹੈ, “ਕਵਿਤਾ ਮਨੁੱਖੀ ਮਸਲਿਆਂ ਨੂੰ ਮਹਿਸੂਸ ਕਰਕੇ, ਮਹਿਸੂਸ ਕਰਾ ਦੇਣ ਦੀ ਪ੍ਰਕਿਰਿਆ ਹੈ।” ਇੱਕ ਹੋਰ ਸਥਾਪਿਤ ਪੰਜਾਬੀ ਕਵੀ ਕ੍ਰਿਸ਼ਨ ਭਨੋਟ ਨੇ ਆਪਣੀ ਟਿੱਪਣੀ ਵਿੱਚ ਲਿਖਿਆ ਹੈ, “ਉਸਦੀ ਸ਼ਾਇਰੀ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੀ ਹੈ। ਉਸਦੀ ਕਵਿਤਾ ਵਾਦ-ਵਿਵਾਦ ਨਹੀਂ ਛੇੜਦੀ ਸਗੋਂ ਸੰਵਾਦ ਰਚਾਉਂਦੀ ਹੈ।” ‘ਮੇਰੇ ਵੱਲੋਂ’ ਸਿਰਲੇਖ ਹੇਠ ਸੁਰਿੰਦਰਜੀਤ ਲਿਖਦਾ ਹੈ, “ਹਰਫਾਂ ਦਾ ਸਫਰ ਬਾਲ ਉਮਰੇ ਹੀ ਮੇਰਾ ਸਹਿਪਾਠੀ ਹੋ ਗਿਆ ਸੀ।” ਆਪਣੀ ਕਾਵਿ ਸਿਰਜਣਾ ਦੀ ਗੱਲ ਕਰਦੇ ਉਹ ਕਹਿੰਦਾ ਹੈ, “ਮੈਂ ਜ਼ਿਆਦਾਤਰ ਗੀਤ ਅਤੇ ਛੰਦਾਬੰਦੀ ਵਾਲੀਆਂ ਕਵਿਤਾਵਾਂ ਲਿਖਦਾ ਹਾਂ।” ਅਤੇ ਆਪਣੀ ਪ੍ਰਸਤੁਤ ਪੁਸਤਕ ਨੂੰ ਉਹ ‘ਕਾਵਿ ਸੰਗ੍ਰਿਹ’ ਕਹਿੰਦਾ ਹੈ।
ਪੁਸਤਕ ਸੰਬੰਧੀ ਕੁਝ ਕਹਿਣ ਤੋਂ ਪਹਿਲਾਂ ਮੈਂ ਇੱਕ ਹੋਰ ਨੁਕਤੇ ਉੱਤੇ ਚਰਚਾ ਕਰਨੀ ਚਾਹੁੰਦਾ ਹਾਂ। ਦਰਸ਼ਨ ਬੁੱਟਰ ਨੇ ‘ਰੇਤਲਾ ਸ਼ਹਿਰ’ ਵਿੱਚ ਦਰਜ ਰਚਨਾਵਾਂ ਨੂੰ ‘ਗ਼ਜ਼ਲਨੁਮਾ ਕਵਿਤਾਵਾਂ’ ਕਿਹਾ ਹੈ। ਕ੍ਰਿਸ਼ਨ ਭਨੋਟ ਨੇ ਸ਼ਬਦ ‘ਕਵਿਤਾ’ ਹੀ ਵਰਤਿਆ ਹੈ ਅਤੇ ਖੁਦ ਸੁਰਿੰਦਰਜੀਤ ਨੇ ਇਹਨਾਂ ਨੂੰ ‘ਛੰਦਾਬੰਦੀ ਵਾਲੀ ਕਵਿਤਾ’ ਕਿਹਾ ਹੈ। ਮੈਂਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਸੰਗ੍ਰਹਿ ਦੀਆਂ ਤਕਰੀਬਨ ਸਾਰੀਆਂ ਹੀ ਰਚਨਾਵਾਂ (ਕੁਝ ਵੱਖਰੇ ਵੱਖਰੇ ਸ਼ੇਅਰਾਂ ਵਾਲੀਆਂ ਰਚਨਾਵਾਂ ਤੋਂ ਇਲਾਵਾ) ਗ਼ਜ਼ਲ ਰੂਪ ਦੇ ਦਾਇਰੇ ਵਿੱਚ ਆਉਂਦੀਆਂ ਹਨ। ਇਹ ਹੋ ਸਕਦੇ ਹੈ ਕਿ ਗ਼ਜ਼ਲ ਦੇ ਤਕਨੀਕੀ ਪੱਖ ’ਤੇ ਖਰੀਆਂ ਨਾ ਉਤਰਦੀਆਂ ਹੋਣ। ਮੇਰਾ ਵਿਅਕਤੀਗਤ ਵਿਚਾਰ ਹੈ ਕਿ ਅਜੋਕੇ ਸਮੇਂ ਵਿੱਚ ਸਾਹਿਤ ਦੇ ਕਿਸੇ ਵੀ ਰੂਪ ਦੀ ਪਰਖ ਸਮੇਂ ਤਕਨੀਕੀ ਪੱਖਾਂ ਨਾਲੋਂ ਇਸ ਗੱਲ ਦਾ ਵਧੇਰੇ ਧਿਆਨ ਰੱਖਿਆ ਜਾਂਦਾ ਹੈ ਕਿ ਸਾਹਿਤਕ ਰੂਪ ਵਿੱਚ ਕੀ ਕਿਹਾ ਗਿਆ ਹੈ। ਜੋ ਕੁਝ ਕਿਹਾ ਗਿਆ ਹੈ ਉਸ ਦੀ ਸਾਰਥਕਤਾ ਕੀ ਹੈ। ਕੀ ਬਿਆਨਿਆ ਜਾ ਰਿਹਾ ਵਿਸ਼ਾ ਆਮ ਵਰਗ ਦੇ ਪਾਠਕਾਂ ਨੂੰ ਸਮਝ ਆਉਣ ਵਾਲਾ, ਸੇਧ ਦੇਣ ਵਾਲਾ, ਉਹਨਾਂ ਦੀ ਸਾਹਿਤਕ ਭੁੱਖ ਤ੍ਰਿਪਤ ਕਰਨ ਵਾਲਾ, ਉਹਨਾਂ ਦੀ ਸੋਚ ਨੂੰ ਟੁੰਬਣ ਵਾਲਾ, ਉਹਨਾਂ ਨੂੰ ਦੇਰ ਤਕ ਯਾਦ ਰਹਿਣ ਵਾਲਾ ਹੈ? ਜੇ ਅਜਿਹੇ ਪ੍ਰਸ਼ਨਾਂ ਦਾ ਉੱਤਰ ਹਾਂ-ਪੱਖੀ ਹੈ ਤਾਂ ਤਕਨੀਕੀ ਨੁਕਤਿਆਂ ਦੀ ਬਹੁਤੀ ਅਹਿਮੀਅਤ ਨਹੀਂ ਰਹਿ ਜਾਂਦੀ। ਦੂਸਰੀ ਗੱਲ ਇਹ ਵੀ ਹੈ ਕਿ ਤਕਨੀਕੀ ਨੁਕਤੇ ਮੁਢਲੇ ਦੌਰ ਵਿੱਚ ਵਿਚਾਰਨ ਯੋਗ ਨਹੀਂ ਹੁੰਦੇ। ਮਸਲਨ ਜਦੋਂ ਕਿਸੇ ਨੂੰ ਗੱਡੀ ਚਲਾਉਣੀ ਸਿਖਾਉਣੀ ਹੈ ਤਾਂ ਮਸ਼ੀਨਰੀ ਦੀ ਸਿਖਲਾਈ ਨਹੀਂ ਦਿੱਤੀ ਜਾਂਦੀ, ਸਗੋਂ ਸਟੇਅਰਿੰਗ ਸੰਭਾਲਣਾ, ਗੇਅਰ ਬਦਲਣਾ, ਬ੍ਰੇਕ ਲਾਉਣੀ ਵਰਗੇ ਨੁਕਤੇ ਦੱਸੇ ਜਾਂਦੇ ਹਨ। ਇਹ ਲਿਖਣ ਤੋਂ ਮੇਰਾ ਭਾਵ ਇਹ ਹੈ ਕਿ ਸੁਰਿੰਦਰਜੀਤ ਦਾ ‘ਰੇਤਲਾ ਸ਼ਹਿਰ’ ਗ਼ਜ਼ਲ ਸੰਗ੍ਰਹਿ ਹੈ। ਉਸ ਨੂੰ ਪਤਾ ਹੈ ਕਿ ਗ਼ਜ਼ਲ ਕਿਵੇਂ ਕਹਿਣੀ ਹੈ, ਕੀ ਕਹਿਣਾ ਹੈ। ਉਸ ਨੇ ਆਪਣੀਆਂ ਗ਼ਜ਼ਲਾਂ ਦੇ ਸ਼ੇਅਰ ਆਪਣੇ ਆਲੇ ਦੁਆਲੇ ਦੇ ਵਿਚਰਦੇ ਹਾਲਾਤ ਵਿੱਚੋਂ ਲਏ ਹਨ, ਉਸ ਦੀਆਂ ਗ਼ਜ਼ਲਾਂ ਪਾਠਕਾਂ ਨੂੰ ਸਮਝ ਆਉਣ ਵਾਲੀਆਂ ਹੀ ਨਹੀਂ ਸਗੋਂ ਝੰਜੋੜ ਦੇਣ ਵਾਲੀਆਂ ਹਨ। ਉਹ ਆਮ ਲੋਕਾਂ ਦੀ ਭਾਸ਼ਾ ਵਿੱਚ ਗੱਲ ਕਰਦਾ ਹੈ। ਸਰੋਤੇ/ਪਾਠਕ ਉਹਨਾਂ ਨੂੰ ਮਾਣਦੇ ਹਨ। ਸ਼ੇਅਰ ਜ਼ਬਾਨ ’ਤੇ ਚੜ੍ਹਨ ਵਾਲੇ ਹਨ। ਕਿਸੇ ਨਵੇਂ ਗ਼ਜ਼ਲਕਾਰ ਦੀ ਅਜਿਹੀ ਪ੍ਰਾਪਤੀ ਰਸ਼ਕਯੋਗ ਹੁੰਦੀ ਹੈ। ਰਹੀ ਗੱਲ ਗ਼ਜ਼ਲ ਦੇ ਤਕਨੀਕੀ ਪੱਖਾਂ ਦੀ, ਉਹ ਹੌਲੀ-ਹੌਲੀ ਸਿੱਖਦਾ ਰਹੇਗਾ।
‘ਰੇਤਲਾ ਸ਼ਹਿਰ’ ਦੀ ਇਹ ਗੱਲ ਵਿਸ਼ੇਸ਼ ਲੱਗੀ ਕਿ ਸੁਰਿੰਦਰਜੀਤ ਨੇ ਪਿਆਰ, ਇਸ਼ਕ ਦੇ ਰੋਣੇ ਰੋਣ ਨਾਲੋਂ ਹੋਰ ਭਾਵਪੂਰਤ ਵਿਸ਼ਿਆਂ ’ਤੇ ਆਪਣੀਆਂ ਗ਼ਜ਼ਲਾਂ ਕੇਂਦਰਿਤ ਕੀਤੀਆਂ ਹਨ। ਦੋ ਗ਼ਜ਼ਲਾਂ ਵਿੱਚ ਉਸ ਨੇ ਸਪਸ਼ਟ ਸ਼ਬਦਾਂ ਵਿੱਚ ਲਿਖਿਆ ਹੈ ਕਿ ਪਿਆਰ ਇਸ਼ਕ ਨਾਲੋਂ ਹੋਰ ਵੀ ਕਈ ਜ਼ਰੂਰੀ ਮਸਲੇ ਹਨ:
ਬਾਤ ਇਸ਼ਕ ਦੀ ਹਰ ਕੋਈ ਪਾਉਂਦਾ
ਕੋਈ ਵੱਖਰੀ ਛੇੜ ਤਾਰ ਤੂੰ ਯਾਰ (96)
ਕਦੇ ਛੱਡ ਗੱਲਾਂ ਇਸ਼ਕ ਦੀਆਂ
ਵੇਖੇਂ ਭੁੱਖੀਆਂ ਜਿੰਦਾਂ ਸਿਸਕਦੀਆਂ (102)
ਗ਼ਜ਼ਲ ਇੱਕ ਅਜਿਹਾ ਕਾਵਿ ਰੂਪ ਹੈ ਜਿਸ ਵਿੱਚ ਗ਼ਜ਼ਲਕਾਰ ਕੋਲ ਇਹ ਖੁੱਲ੍ਹ ਹੁੰਦੀ ਹੈ ਕਿ ਉਹ ਆਪਣੀ ਗ਼ਜ਼ਲ ਵਿੱਚ ਇੱਕੋ ਵਿਸ਼ੇ ’ਤੇ ਸ਼ੇਅਰ ਕਹੇ ਜਾਂ ਹਰ ਸ਼ੇਅਰ ਵੱਖਰੇ ਵਿਸ਼ੇ ’ਤੇ ਕਹੇ। ਮੈਂਨੂੰ ਸੁਰਿੰਦਰਜੀਤ ਦੀ ਇਸ ਪੇਸ਼ਕਸ਼ ਵਿੱਚ ਇਹ ਦੋਵੇਂ ਰੂਪ ਹੀ ਮਿਲੇ ਹਨ। ਮਸਲਨ ਪੰਨਾ 56 ਤੇ ਦਰਜ ਗ਼ਜ਼ਲ ‘ਧੀਆਂ’ ਇੱਕ ਹੀ ਵਿਸ਼ੇ ਨੂੰ ਪੇਸ਼ ਕਰਦੀ ਹੈ। ਇਸਦੇ ਉਲਟ ‘ਵੈਰੀ’ ਗ਼ਜ਼ਲ (ਪੰਨਾ 88) ਵਿੱਚ ਅੱਠ ਸ਼ੇਅਰ ਵੱਖਰੇ-ਵਖੱਰੇ ਅੰਦਾਜ਼ ਦੇ ਹਨ ਅਤੇ ਸਾਰੇ ਹੀ ਵਧੀਆ ਸ਼ੇਅਰ ਹਨ। ਸੋਨੇ ਉੱਤੇ ਸੁਹਾਗਾ ਇਹ ਹੈ ਕਿ ਇਸ ਗ਼ਜ਼ਲ ਦੇ ਸ਼ੇਅਰ ਵੱਖਰੀ ਸੁਰ ਦੇ ਹੁੰਦੇ ਹੋਏ ਵੀ ਇੱਕ ਸੂਤਰ ਵਿੱਚ ਬੱਝੇ ਹੋਏ ਹਨ। ਇਹ ਇੱਕ ਉਸਤਾਦ ਗ਼ਜ਼ਲ ਸਿਰਜਕ ਦੀ ਖਾਸੀਅਤ ਹੁੰਦੀ ਹੈ। ਇਹੋ ਜਿਹੀਆਂ ਹੋਰ ਕਈ ਗ਼ਜ਼ਲਾਂ ਵੀ ਇਸ ਸੰਗ੍ਰਹਿ ਵਿੱਚ ਸ਼ਾਮਲ ਹਨ।
ਪ੍ਰਸਤੁਤ ਪੁਸਤਕ ਦੀਆਂ ਗ਼ਜ਼ਲਾਂ ਵਿੱਚ ਲੇਖਕ ਨੇ ਆਪਣੇ ਚੁਗਿਰਦੇ ਵਾਪਰ ਰਹੇ ਤਕਰੀਬਨ ਹਰ ਪੱਖ ਨੂੰ ਹੀ ਆਪਣੇ ਕਲਾਵੇ ਵਿੱਚ ਸਮੇਟਿਆ ਹੈ। ਅੱਜ ਦੇ ਸਮੇਂ ਦੇ ਭਖ਼ਦੇ ਮਸਲੇ ਕਿਸਾਨ ਅੰਦੋਲਨ ਤੋਂ ਲੈ ਕੇ ਕਿਸਾਨੀ ਜੀਵਨ ਦੀਆਂ ਮੁਸ਼ਕਲਾਂ, ਕਿਸਾਨਾਂ ਦਾ ਕਰਜ਼ੇ ਦੀ ਘੁੰਮਣਘੇਰੀ ਵਿੱਚ ਫਸੇ ਹੋਣਾ, ਭਾਰੀ ਹੁੰਦੀ ਜਾ ਰਹੀ ਕਰਜ਼ੇ ਦੀ ਪੰਡ ਕਾਰਨ ਆਤਮ ਹੱਤਿਆ ਦੇ ਰਾਹ ਪੈਣਾ, ਨੌਜਵਾਨਾਂ ਵਿੱਚ ਨਸ਼ਿਆਂ ਦਾ ਸੇਵਨ, ਦਾਜ ਪ੍ਰਥਾ ਦਾ ਵਿਕਰਾਲ ਰੂਪ, ਭਰੂਣ ਹੱਤਿਆ, ਨੌਜਵਾਨਾਂ ਦਾ ਵਿਦੇਸ਼ੀ ਉਡਾਰੀਆਂ ਵੱਲ ਵਧ ਰਿਹਾ ਰੁਝਾਨ, ਰਾਜਸੀ, ਧਾਰਮਿਕ ਖੇਤਰ ਵਿੱਚ ਆ ਰਹੀ ਗਿਰਾਵਟ, ਚਰਮ ਸੀਮਾ ’ਤੇ ਪਹੁੰਚ ਚੁੱਕਿਆ ਡੇਰਾਵਾਦ ਦਾ ਮੱਕੜਜਾਲ, ਨੌਜਵਾਨ ਲੜਕੀਆਂ ਵੱਲੋਂ ਮਜਬੂਰਨ ਸਟੇਜਾਂ ’ਤੇ ਨੱਚਣ ਲਈ ਮਜਬੂਰ ਹੋਣਾ, ਦਫਤਰਾਂ ਵਿੱਚ ਵਧ ਰਹੀ ਰਿਸ਼ਵਤਖੋਰੀ, ਮਾਂ ਬੋਲੀ ਤੋਂ ਮੂੰਹ ਮੋੜਨ ਦਾ ਰੁਝਾਨ, ਅਜੋਕੇ ਗਾਇਕਾਂ ਦੇ ਗਾਇਕੀ ਰੁਝਾਨ ਅਤੇ ਹੋਰ। ਮੇਰਾ ਖਿਆਲ ਹੈ ਸੁਰਿੰਦਰਜੀਤ ਨੇ ਆਪਣੀਆਂ ਗ਼ਜ਼ਲਾਂ ਵਿੱਚ ਅੱਜ ਦੇ ਸਮੇਂ ਦੇ ਤਕਰੀਰਬਨ ਤਕਰੀਬਨ ਹਰ ਪ੍ਰਮੁੱਖ ਵਿਸ਼ੇ ਨੂੰ ਛੋਹਿਆ ਹੈ। ਇਸ ਤੋਂ ਇਹ ਭਲੀਭਾਂਤ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਦੀਆਂ ਗ਼ਜ਼ਲਾਂ ਅਜੋਕੇ ਸਮੇਂ ਦੀ ਆਰਸੀ ਹਨ। ਵਿਸ਼ੇ ਪੱਖੋਂ ਉਸਦੀਆਂ ਗ਼ਜ਼ਲਾਂ ਇਤਿਹਾਸਕ ਦਸਤਾਵੇਜ਼ ਵੀ ਕਹੀਆਂ ਜਾ ਸਕਦੀਆਂ ਹਨ।
ਇਹਨਾਂ ਗ਼ਜ਼ਲਾਂ ਦੀ ਭਾਸ਼ਾ ਆਮ ਬੋਲ ਚਾਲ ਦੀ ਭਾਸ਼ਾ ਹੈ, ਇਸੇ ਲਈ ਇਹ ਆਮ ਪਾਠਕਾਂ/ਸਰੋਤਿਆਂ ਨੂੰ ਆਪਣੇ ਨਾਲ ਜੋੜਨ ਦੇ ਸਮਰੱਥ ਹਨ। ਇਸ ਸੰਗ੍ਰਹਿ ਵਿੱਚ ਆਮ ਜ਼ਿੰਦਗੀ ਵਿੱਚ ਵਰਤੇ ਜਾਂਦੇ ਮੁਹਾਵਰਿਆਂ ਨੂੰ ਕਲਾਮਈ ਢੰਗ ਨਾਲ ਵਰਤਿਆ ਗਿਆ ਹੈ। ਇਹ ਉਸ ਦੀ ਗ਼ਜ਼ਲ ਸ਼ੈਲੀ ਦਾ ਮੀਰੀ ਗੁਣ ਹੋ ਨਿੱਬੜਿਆ ਹੈ। ਸ਼ੈਲੀ ਪੱਖੋਂ ਹੀ ਉਸ ਦੀਆਂ ਗ਼ਜ਼ਲਾਂ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਉਸ ਨੇ ਸਪਸ਼ਟ ਬਿਆਨੀ, ਲੋੜ ਮੁਤਾਬਕ ਵਿਅੰਗਾਤਮਕ ਜਾਂ ਵਿਦਰੋਹੀ ਸੁਰ ਅਪਣਾਈ ਹੈ। ਉਸ ਨੇ ਆਪਣੀ ਕਲਮ ਨੂੰ ਮਾਰੂ ਹਥਿਆਰ ਵਜੋਂ ਨਹੀਂ ਵਰਤਿਆ ਸਗੋਂ ਇੱਕ ਸਰਜਨ ਦੇ ਔਜ਼ਾਰਾਂ ਦੀ ਤਰ੍ਹਾਂ ਵਰਤਿਆ ਹੈ, ਜਿਹਨਾਂ ਦਾ ਮਕਸਦ ਸਰੀਰ ਵਿੱਚ ਪੈਦਾ ਹੋਏ ਨਕਾਰਾਤਮਕ ਤੰਤੂਆਂ ਨੂੰ ਕੱਢ ਕੇ ਸਰੀਰ ਨੂੰ ਅਰੋਗ ਬਣਾਉਣਾ ਹੁੰਦਾ ਹੈ। ਉਹ ਇੱਕ ਸੁਹਿਰਦ ਸਮਾਜ ਸੇਵਕ ਦੀ ਤਰ੍ਹਾਂ ਗਲਤ ਵਰਤਾਰਿਆਂ ਵਿਰੁੱਧ ਜਾਗਰੂਕ ਕਰ ਰਿਹਾ ਹੈ। ਉਸ ਦੀਆਂ ਕਈ ਗ਼ਜ਼ਲਾਂ ਵਿੱਚ ਗੀਤਾਂ ਵਰਗੀ ਰਵਾਨੀ ਹੈ (ਵੈਰੀਆਂ ਦੀ ਭਾਲ, ਜ਼ਿੰਦਗੀ ਦੇ ਰੰਗ, ਕੁਰਸੀ, ਸੱਜਣ ਜੀ ਆਦਿ)। ਛੋਟੀ ਬਹਿਰ ਦੀਆਂ ਵੀ ਕਈ ਗ਼ਜ਼ਲਾਂ ਹਨ। ਕੋਰਾ ਸੱਚ, ਨਕਾਬ, ਸਚਾਈ ਆਦਿ ਗ਼ਜ਼ਲਾਂ ਦੀ ਰਵਾਨੀ ਦੇਖਣ ਵਾਲੀ ਹੈ।
ਉੱਪਰ ਲਿਖੇ ਤੱਥਾਂ ਦੇ ਪ੍ਰਮਾਣ ਵਜੋਂ ਉਸ ਦੀਆਂ ਗ਼ਜ਼ਲਾਂ ਵਿੱਚੋਂ ਕੁਝ ਸ਼ੇਅਰ ਦੇ ਰਿਹਾ ਹਾਂ ਤਾਂ ਜੋ ਪਾਠਕਾਂ ਨੂੰ ਉਸ ਦੀਆਂ ਗ਼ਜ਼ਲਾਂ ਦੀ ਮੁਢਲੀ ਜਾਣਕਾਰੀ ਹੋ ਸਕੇ:
ਜਾਬਰ ਨੂੰ ਕੋਈ ਆਖ ਦਿਓ ਰਾਹ ਛੱਡ ਦੇਵੇ ਕੁਤਾਹੀ ਦਾ
ਨਹੀਂ ਤਾਂ ਮਜਬੂਰਾਂ ਦੇ ਹੱਥ ਖੜਕਣੇ ਇੱਕ ਦਿਨ ਖੰਡੇ ਨੇ। (17)
ਖੇਤਾਂ ਬੰਨ੍ਹਿਆ ਤੋਂ ਤੁਰੇ ਛੱਡ ਪਿੰਡ ਘਰਬਾਰ
ਰੱਖ ਹੱਲ ਤੇ ਪੰਜਾਲੀ ਟੱਪ ਢਾਬ ਆਏ ਹਾਂ। (19)
ਜੇ ਐਵੇਂ ਰਿਹਾ ਘੁਲਦਾ ਜ਼ਹਿਰ ਜਿਸਮਾਂ ਅੰਦਰ
ਰਾਜੇ ਮਿਲਣੇ ਨੀ ਪੰਜਾਬ ਦੀਆਂ ਰਾਣੀਆਂ ਨੂੰ। (28)
ਕੌਣ ਕਹਿੰਦਾ ਹੈ ਰਾਜ ਵੋਟਾਂ ਦਾ
ਇੱਥੇ ਧੰਦਾ ਚਲਦਾ ਨੋਟਾਂ ਦਾ। (31)
ਅੰਨਦਾਤਾ ਦੇ ਹਿੱਸੇ ਹੀ ਆਉਂਦੇ
ਕਿਉਂ ਕਿੱਕਰੀਂ ਲਟਕੇ ਫੰਧੇ ਨੇ। (38)
ਨੱਚਣਾ ਚੜ੍ਹ ਸਟੇਜੀਂ
ਸ਼ੌਕ ਨਹੀਂ ਮਜਬੂਰੀ ਹੈ। (40)
ਰੁਜ਼ਗਾਰ ਵੀ ਕਿਹੜਾ ਮਿਲਦਾ ਅੱਜ ਕੱਲ੍ਹ ਪੜ੍ਹ ਲਿਖਕੇ
ਤਾਂ ਹੀ ਹਰ ਮਾਂ ਆਪਣੀ ਆਂਦਰ ਪ੍ਰਦੇਸੀਂ ਘੱਲਦੀ ਐ। (49)
ਮੁੰਨੀ ਹੋਈ ਗੁੱਤ ਨਸ਼ੇੜੀ ਪੁੱਤ
ਮਸਲੇ ਦਿੱਤੀ ਢਿੱਲ ਦੇ ਨੇ। (53)
ਜੋ ਦੁਨੀਆਂ ਨੂੰ ਦਿੰਦਾ ਸਾਰੀ
ਉਸ ਦੇ ਨਾਂ ਹੀ ਮੰਗਣ ਚੰਦਾ। (54)
ਇੰਨੀ ਵੀ ਨਾ ਜ਼ਾਲਮੋ ਘੁੱਟੋ ਸੰਘੀ
ਆਖਰ ਬਲਦ ਵੀ ਜਾਂਦੇ ਤੋੜ ਤੜਾਗੀ ਐ। (78)
ਸਾਹਿਬ ਨੇ ਦਸਖਤ ਕਰਦਿਆਂ ਕਰਦਿਆਂ ਕਲਮ ਵਿੱਚੇ ਰੋਕ ਲਈ
ਸ਼ਾਇਦ ਹਿਸਾਬ ਬਾਕੀ ਸੀ ਰਿਸ਼ਵਤ ਦੇ ਕੀਤੇ ਨੋਟਾਂ ਦਾ। (85)
ਇੱਥੇ ਸੁੱਖੀ-ਸਾਂਦੀ ਬਾਂਝ ਹੋਣ ਮਾਵਾਂ
ਧੀਆਂ ਕੁੱਖ ਵਿੱਚ ਕਤਲ ਕਰਵਾਉਣ ਲੱਗੇ। (88)
ਜੇ ਜੱਗ ਰੌਸ਼ਨ ਕਰਨਾ ਸਾਰਾ
ਸੂਰਜ ਵਾਂਗ ਸੜਨਾ ਪੈਣਾ। (100)
ਲੋਕ ਵੀ ਕਿਹੜਾ ਘੱਟ ਨੇ ਯਾਰੋ
ਲੈ ਛਿੱਲੜ ਜਾਂਦੇ ਮੋਹਰਾਂ ਲਾਈ। (98)
ਇਸ ਗ਼ਜ਼ਲ ਸੰਗ੍ਰਹਿ ਵਿੱਚ ਇੰਨੀਆਂ ਖੂਬੀਆਂ ਦੇ ਹੁੰਦੇ ਹੋਏ ਕੁਝ ਉਣਤਾਈਆਂ ਵੀ ਨਜ਼ਰ ਆਈਆਂ ਹਨ। ਸੁਰਿੰਦਰਜੀਤ ਨੇ ਕਿਤਾਬ ਦੇ ਪੰਨੇ ਵਧਾਉਣ ਦੇ ਲਾਲਚ ਵਿੱਚ ਕੁਝ ਵੱਖ-ਵੱਖ ਸ਼ੇਅਰ ਵੀ ਦਰਜ ਕਰ ਦਿੱਤੇ ਹਨ। ਜੇ ਨਿਰੋਲ ਗ਼ਜ਼ਲਾਂ ਹੀ ਰਹਿਣ ਦਿੱਤੀਆਂ ਜਾਂਦੀਆਂ ਤਾਂ ਬਿਹਤਰ ਸੀ। ਇਸ ਪੁਸਤਕ ਵਿੱਚੋਂ ਦਸ ਕੁ ਪੰਨੇ ਅਸਾਨੀ ਨਾਲ ਮਨਫੀ ਕੀਤੇ ਜਾ ਸਕਦੇ ਸੀ। ਅਸਲ ਵਿੱਚ ਹਰ ਲੇਖਕ ਲਈ ਇਹ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਪੁਸਤਕ ਵਿੱਚ ਕੀ ਨਹੀਂ ਦੇਣਾ। ਖੈਰ ਇਹ ਕੋਈ ਵੱਡਾ ਮਸਲਾ ਨਹੀਂ ਹੈ। ਆਸ ਹੈ ਉਹ ਇਸ ਪੱਖੋਂ ਸੁਚੇਤ ਰਹੇਗਾ। ਸਾਰੀ ਪੁਸਤਕ ਵਿੱਚੋਂ ਦੋ ਜਗਾਹ ਹੀ ਉਸ ਨੇ ਕਾਫੀਆ ਮਿਲਾਉਣ ਵਿੱਚ ਕੁਤਾਹੀ ਕੀਤੀ ਹੈ। ਪੰਨਾ 17 ’ਤੇ ਉਸ ਨੇ ਅੰਗਰੇਜ਼ੀ ਦਾ ਸ਼ਬਦ ‘ਏਜੰਡੇ’ ਵਰਤ ਕੇ ਕੰਮ ਸਾਰ ਲਿਆ ਅਤੇ ਦੂਜਾ ਪੰਨਾ 57 ’ਤੇ ਵੀ ਇਹੋ ਸ਼ਬਦ ਵਰਤਿਆ ਹੈ, ਪਰ ਸ਼ਬਦ ਜੋੜ ਵੱਖਰੇ ਹਨ ‘ਅਜੰਡੇ।’ ਸੁਰਿੰਦਰਜੀਤ ਨੂੰ ਕੋਸ਼ਿਸ਼ ਕਰਨੀ ਚਾਹੀਦੀ ਸੀ ਕਿ ਇਹ ਸ਼ੇਅਰ ਬਦਲ ਦਿੰਦਾ। ਖੈਰ ਇਹ ਬਹੁਤੀਆਂ ਖਾਸ ਗੱਲਾਂ ਨਹੀਂ। ਜ਼ਿਕਰ ਤਾਂ ਕੀਤਾ ਹੈ ਕਿ ਅੱਗੇ ਤੋਂ ਧਿਆਨ ਰੱਖਿਆ ਜਾਵੇ। ਉਸ ਕੋਲ ਗ਼ਜ਼ਲ ਕਹਿਣ ਦਾ ਹੁਨਰ ਹੈ। ਉਹ ਪਾਠਕਾਂ ਨਾਲ ਰਾਬਤਾ ਬਣਾਉਣ ਵਿੱਚ ਕਾਮਯਾਬ ਹੋਇਆ ਹੈ। ਮੈਨੂੰ ਪੂਰਾ ਯਕੀਨ ਹੈ ਕਿ ਉਹ ਆਲੋਚਕਾਂ ਦਾ ਧਿਆਨ ਵੀ ਖਿੱਚੇਗਾ। ਸਮੇਂ ਦੇ ਨਾਲ-ਨਾਲ ਉਸ ਦਾ ਹੁਨਰ ਹੋਰ ਬੁਲੰਦੀ ਵੱਲ ਜਾਵੇਗਾ ਅਤੇ ਦੂਜੀ ਗੱਲ ਇਹ ਕਿ ਅਗਲੀ ਪੁਸਤਕ ਨੂੰ ਉਹ ‘ਕਾਵਿ ਸੰਗ੍ਰਹਿ’ ਨਹੀਂ, ‘ਗ਼ਜ਼ਲ ਸੰਗ੍ਰਿਹ’ ਕਹਿ ਕੇ ਮਾਣ ਮਹਿਸੂਸ ਕਰੇਗਾ। ਉਸਦੇ ਪਲੇਠੇ ਉਪਰਾਲੇ ਲਈ ਉਸਦੀ ਤਾਰੀਫ ਕਰਨੀ ਬਣਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3048)
(ਸਰੋਕਾਰ ਨਾਲ ਸੰਪਰਕ ਲਈ: