AmritKShergill7ਉੱਥੇ ਰੁਕੇ ਵੀ ਨਹੀਂ ਬਾਹਰਲੇ ਘਰ ਚਲੇ ਗਏ। ਮੈਂ ਬੜੀ ਹੈਰਾਨ ਪ੍ਰੇਸ਼ਾਨ ਹੋਈ ...
(22 ਅਪਰੈਲ 2022)

 

ਨਾ ਨਾ … ਬੱਸ ਬਸ … ਠੀਕ ਐ … ਇਹ ਆਖਦਿਆਂ ਮੇਰੇ ਸਹੁਰਾ ਸਾਬ੍ਹ ਨੇ ਪੈਰ ਪਿਛਾਂਹ ਖਿੱਚ ਲਏਅੰਦਰੋਂ ਬੇਇੱਜ਼ਤੀ ਵੀ ਮਹਿਸੂਸ ਹੋਈ ਤੇ ਇਸ ਤਰ੍ਹਾਂ ਵੀ ਲੱਗਿਆ ਜਿਵੇਂ ਮੰਦਰ ਜਾਂ ਗੁਰਦੁਆਰੇ ਵਿੱਚੋਂ ਬਾਂਹ ਤੋਂ ਫੜ ਕੇ ਕਿਸੇ ਨੇ ਪਿਛਾਂਹ ਵੱਲ ਨੂੰ ਧੱਕ ਦਿੱਤਾ ਹੋਵੇਪਰ … … ਸਤਿ ਸ੍ਰੀ ਅਕਾਲ ਦਾ ਜਵਾਬ ਉਹਨਾਂ ਜ਼ਰੂਰ ਦੇ ਦਿੱਤਾਬੀ ਜੀ ਨੇ ਪੈਰਾਂ ਨੂੰ ਹੱਥ ਤਾਂ ਲਵਾ ਲਏ ਪਰ ਅਸੀਸ ਕੋਈ ਨਾ ਦਿੱਤੀਉਹ ਬਾਅਦ ਵਿੱਚ ਪਤਾ ਲੱਗਿਆ ਕਿ ਉਹਨਾਂ ਦਾ ਸੁਭਾਅ ਨਹੀਂ ਅਸੀਸਾਂ ਦੇਣ ਵਾਲਾਕਈ ਬਜ਼ੁਰਗਾਂ ਦਾ ਸੁਭਾਅ ਹੁੰਦਾ ਹੈ ਕਿ ਪਾਣੀ ਦਾ ਗਲਾਸ ਫੜਾ ਦਿਓ ਤਾਂ ਵੀ ਅਸੀਸਾਂ ਦੀਆਂ ਝੜੀਆਂ ਲਾ ਦੇਣਗੇਪਰ ਅਸੀਸਾਂ ਦੇਣ ਦੇ ਮਾਮਲੇ ਵਿੱਚ ਬੀ ਜੀ ਨੇ ਸਾਰੀ ਉਮਰ ਕੰਜੂਸੀ ਹੀ ਕੀਤੀ ਹੈ

ਵਿਆਹ ਤੋਂ ਦੋ ਕੁ ਦਿਨ ਬਾਅਦ ਹੀ ਆਂਢਣਾਂ ਗੁਆਂਢਣਾਂ ਦੀਆਂ ਗੱਲਾਂ ਮੇਰੇ ਕੰਨੀਂ ਪਈਆਂ, “ਹੈਂਅ ਕੁੜੇ ਇਹ ਪੈਰੀਂ ਹੱਥ ਲਾ ਦਿਆ ਕਰੂ? ਪੜ੍ਹੀ ਲਿਖੀ ਨੂੰਹ ਲੈ ਲੀ

ਪੈਰੀਂ ਹੱਥ ਨਾ ਕਿਤੇ … … ਦੂਰੋਂ ਈ ਸਾਸਰੀ ’ਕਾਲ ਹੋਇਆ ਕਰੂਹੀ … ਹੀ … ਹੀ” ਉਹ ਹੱਸੀਆਂਮੈਂ ਸੋਚਿਆ ਕਿ ਆਹ ਕੀ ਗੱਲ ਹੋਈ? ਇਹ ਤਾਂ ਕਿਤੇ ਵੀ ਨਹੀਂ ਲਿਖਿਆ ਕਿ ਪੜ੍ਹੇ ਲਿਖੇ ਆਦਰ ਸਤਿਕਾਰ ਨਹੀਂ ਕਰਦੇ ਹੁੰਦੇਰੱਬ ਦਾ ਸ਼ੁਕਰ ਕੀਤਾ ਕਿ ਇਹ ਗੱਲਾਂ ਮੇਰੇ ਕੰਨੀਂ ਪਈਆਂਨਹੀਂ ਤਾਂ ਕੀ ਪਤਾ ਹੈ ਮੈਂ ਵੀ ਇਹੀ ਸੋਚ ਲੈਂਦੀ ਕਿ ਮਨ ਵਿੱਚ ਸਤਿਕਾਰ ਹੋਣਾ ਚਾਹੀਦਾ ਹੈ, ਦਿਖਾਵਾ ਕਰਨ ਦਾ ਕੀ ਫਾਇਦਾਪਰ ਹੁਣ ਮੇਰੀ ਸੋਚ ਥੋੜ੍ਹੀ ਬਦਲੀ, ਮਨ ਕਿਹੜਾ ਕੋਈ ਫਰੋਲ ਕੇ ਦੇਖਦਾ, ਕੁਝ ਇਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਹਨ ਕਿ ਪਤਾ ਲੱਗੇ ਤੁਸੀਂ ਸਤਿਕਾਰ ਕਰਦੇ ਓਇਹ ਵੀ ਕਹਿ ਲਵਾਂ ਕਿ ਥੋੜ੍ਹਾ ਦਿਖਾਵੇ ਵਾਲਾ ਫਰਜ਼ ਨਿਭਾ ਲੈਣ ਵਿੱਚ ਕੋਈ ਹਰਜ਼ ਨਹੀਂਬਾਪੂ ਜੀ ਦਾ ਪਿਛਾਂਹ ਨੂੰ ਪੈਰ ਖਿੱਚਣਾ ਮੈਨੂੰ ਚੰਗਾ ਨਹੀਂ ਸੀ ਲੱਗਦਾਇਹੀ ਦੇਖਿਆ ਸੁਣਿਆ ਸੀ ਕਿ ਪੈਰ ਪਿਛਾਂਹ ਕੋਈ ਉਦੋਂ ਹੀ ਖਿੱਚਦਾ ਹੈ ਜਦੋਂ ਪੈਰੀਂ ਹੱਥ ਲਾਉਣ ਵਾਲੇ ਨਾਲ ਕੋਈ ਸਖਤ ਨਰਾਜ਼ਗੀ ਹੋਵੇਕਈ ਤਰ੍ਹਾਂ ਦੇ ਖਿਆਲ ਮਨ ਵਿੱਚ ਆਉਂਦੇ ਕਿ ਸ਼ਾਇਦ ਮੇਰੇ ਪੇਕਿਆਂ ਨੇ ਉਮੀਦ ਨਾਲੋਂ ਘੱਟ ਸਮਾਨ ਦਿੱਤਾ ਹੋਵੇਗਾ ਜਾਂ ਮੇਰਾ ਪੜ੍ਹੀ ਲਿਖੀ ਹੋਣਾ ਪਸੰਦ ਨਾ ਹੋਵੇਜਿਵੇਂ ਆਮ ਕਰਕੇ ਪਿੰਡਾਂ ਵਿੱਚ ਪੜ੍ਹੀ ਲਿਖੀ ਨੂੰਹ ਦਾ ਆਉਣਾ ਇਹ ਸਮਝ ਲਿਆ ਜਾਂਦਾ ਕਿ ਬਜ਼ੁਰਗਾਂ ਦੇ ਕਰਮਾਂ ਵਿੱਚ ਸੁਖ ਨਹੀਂਇਹ ਭਰਮ ਪਾਲ਼ੇ ਹੋਏ ਹੁੰਦੇ ਨੇ ਕਿ ਪੜ੍ਹੀ ਲਿਖੀਆਂ ਨੂੰਹਾਂ ਕੰਮ ਨਹੀਂ ਕਰਦੀਆਂਉਹ ਆਖਦੇ ਹਨ ਕਿ ਸੱਤ ਵਜੇ ਤਾਂ ਉਹਨਾਂ ਦੀ ਅੱਖ ਹੀ ਖੁੱਲ੍ਹਦੀ ਹੈ, ਓਨੇ ਨੂੰ ਪਿੰਡਾਂ ਵਾਲੇ ਅੱਧੇ ਕੰਮ ਨਿਪਟਾ ਲੈਂਦੇ ਹਨਭਾਵੇਂ ਹਰ ਕਿਸੇ ’ਤੇ ਇਹ ਗੱਲ ਲਾਗੂ ਨਹੀਂ ਹੁੰਦੀਸਾਡੇ ਬੀ ਜੀ ਨੇ ਤਾਂ ਵਿਆਹ ਤੋਂ ਥੋੜ੍ਹੇ ਕੁ ਦਿਨਾਂ ਬਾਅਦ ਮੈਨੂੰ ਸੁਣਾ ਵੀ ਦਿੱਤਾ ਸੀ, “ਤੇਰਾ ਮਾਮਾ ਕਹਿੰਦਾ, ਮੇਰੀ ਭੈਣ ਦੇ ਕਰਮਾਂ ਵਿੱਚ ਸੁਖ ਨਹੀਂ … … ਤਾਂ ਹੀ ਪੜ੍ਹੀ ਲਿਖੀ ਨੂੰਹ ਲੈ ਲਈ” ਮੈਂ ਬੜੀ ਹੈਰਾਨ ਹੋਈ ਕਿ ਜਿਹੜਾ ਬੰਦਾ ਮੈਨੂੰ ਚੰਗੀ ਤਰ੍ਹਾਂ ਜਾਣਦਾ ਹੀ ਨਹੀਂ ਉਸ ਨੇ ਇਹ ਕਿਵੇਂ ਕਹਿ ਦਿੱਤਾਇਹ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਜਦੋਂ ਧੀ ਨੂੰਹ ਬਣ ਕੇ ਕਿਸੇ ਦੇ ਘਰ ਚਲੀ ਜਾਂਦੀ ਹੈ ਤਾਂ ਉਹਨੂੰ ਬਥੇਰੇ ਇਸ ਤਰ੍ਹਾਂ ਦੇ ਸਰਟੀਫਿਕੇਟ ਵੀ ਮਿਲ ਜਾਂਦੇ ਨੇ ਜੋ ਉਹਨੇ ਸੋਚਿਆ ਵੀ ਨਹੀਂ ਹੁੰਦਾਚਲੋ ਇਹ ਗੱਲ ਤਾਂ ਵੱਖਰੀ ਐਚਿੰਤਾ ਤਾਂ ਬਾਪੂ ਜੀ ਦੀ ਨਰਾਜ਼ਗੀ ਦੀ ਸੀ

ਸਮਾਂ ਬੀਤਦਾ ਰਿਹਾ ਬਾਪੂ ਜੀ ਦੀਆਂ ਗੱਲਾਂ ਤੋਂ ਮੈਨੂੰ ਕਦੇ ਵੀ ਲਾਲਚ ਦੀ ਬੂ ਨਹੀਂ ਆਈ ਮੈਨੂੰ ਉਹ ਕਿਸੇ ਦਰਵੇਸ਼ ਦੀ ਤਰ੍ਹਾਂ ਲੱਗਦੇ, ਬਿਲਕੁਲ ਇੱਕ ਰੁੱਖ ਵਾਂਗਉਹਨਾਂ ਆਪਣੀ ਜ਼ਿੰਦਗੀ ਵਿੱਚ ਬਹੁਤ ਔਖੇ ਦਿਨ ਦੇਖੇ ਹੋਏ ਸਨਮਾਪੇ ਸਿਰ ’ਤੇ ਹੈ ਨਹੀਂ ਸਨ। ਰਿਸ਼ਤੇਦਾਰੀਆਂ ਵਿੱਚ ਰਹਿ ਕੇ ਪਲੇ ਤੇ ਵੱਡੇ ਹੋਏ ਸਨਜਦੋਂ ਥੋੜ੍ਹੇ ਵੱਡੇ ਹੋਏ ਤਾਂ ਆਪਣੇ ਛੋਟੇ ਭਰਾਵਾਂ ਦੇ ਵਿਆਹ ਵੀ ਕੀਤੇ ਅਤੇ ਸਾਰਿਆਂ ਨੂੰ ਬਰਾਬਰ ਦੀ ਜ਼ਮੀਨ ਵੀ ਬਣਾ ਦਿੱਤੀ ਸੀਸਕੂਲੀ ਪੜ੍ਹਾਈ ਤਾਂ ਉਹਨਾਂ ਨਹੀਂ ਸੀ ਕੀਤੀ ਹੋਈ ਪਰ ਉਹਨਾਂ ਜ਼ਿੰਦਗੀ ਨੂੰ ਆਪਣੇ ਆਪ ਨੂੰ ਪੜ੍ਹੇ ਲਿਖੇ ਸਮਝਣ ਵਾਲੇ ਲੋਕਾਂ ਨਾਲੋਂ ਵਧੀਆ ਸੁਚੱਜੇ ਤਰੀਕੇ ਨਾਲ ਜੀਵਿਆਮੇਰਾ ਸੱਚੀ ਚਿੱਤ ਕਰਦਾ ਹੁੰਦਾ ਸੀ ਉਹਨਾਂ ਦੇ ਪੈਰਾਂ ਨੂੰ ਹੱਥ ਲਾਉਣ ਨੂੰਪਰ ਜਦੋਂ ਮੈਂ ਉਹਨਾਂ ਕੋਲ ਜਾ ਕੇ ਝੁਕਦੀ ਉਹ ਪਿਛਾਂਹ ਹਟ ਜਾਂਦੇਇਹ ਗੱਲ ਮੇਰੇ ਦਿਲ ’ਤੇ ਬੜੀ ਸੱਟ ਮਾਰਦੀਪਿੰਡਾਂ ਵਿੱਚ ਨੂੰਹ ਸਹੁਰਾ ਆਪਸ ਵਿੱਚ ਬਹੁਤੀਆਂ ਗੱਲਾਂ ਨਹੀਂ ਸਨ ਕਰਦੇ ਹੁੰਦੇਇਸ ਲਈ ਬਾਪੂ ਜੀ ਨੂੰ ਪੁੱਛਣਾ ਕਿ ਉਹ ਇੱਦਾਂ ਕਿਉਂ ਕਰਦੇ ਹਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾਉਹ ਵੈਸੇ ਵੀ ਬਹੁਤ ਘੱਟ ਬੋਲਦੇ ਸਨਵਿਹੜੇ ਵਿੱਚ ਵੀ ਨੀਵੀਂ ਪਾ ਕੇ ਵਿਚਾਰੇ ਜਿਹੇ ਬਣ ਕੇ ਮੰਜੇ ’ਤੇ ਬੈਠੇ ਹੁੰਦੇਮੈਂ ਬੀ ਜੀ ਨੂੰ ਪੁੱਛਿਆ ਕਿ ਬਾਪੂ ਜੀ ਚੁੱਪ ਕਰਕੇ ਕਿਉਂ ਬੈਠੇ ਰਹਿੰਦੇ ਨੇਬੀ ਜੀ ਨੇ ਬੜੀ ਹਾਸੋਹੀਣੀ ਗੱਲ ਆਖੀਕਹਿੰਦੇ, “ ਤੇਰਾ ਬਾਪੂ ਤੈਥੋਂ ਸੰਗਦਾ … … ਤੂੰ ਪੜ੍ਹੀ ਲਿਖੀ ਐਂਉਹ ਕਹਿੰਦਾ ਕਿ ਬਹੂ ਕੀ ਆਖੂਗੀ … … ਕਿਵੇਂ ਬੋਲਦੇ ਨੇ” ਉਹਨਾਂ ਦੀ ਬੋਲੀ ਵਿੱਚ ਪੁਆਧੀ ਦਾ ਰਲੇਵਾਂ ਸੀਮੈਂ ਸਮਝ ਗਈ

ਹੌਲੀ-ਹੌਲੀ ਅਸੀਂ ਬਾਪੂ ਜੀ ਨੂੰ ਵੀ ਗੱਲਾਂ ਵਿੱਚ ਸ਼ਾਮਲ ਕਰਨ ਲੱਗ ਪਏਕਈ ਵਾਰ ਉਹ ਥੋੜ੍ਹਾ ਫਰਕ ਨਾਲ ਬੈਠੇ ਜਦੋਂ ਅਸੀਂ ਬੀ ਜੀ ਨਾਲ ਗੱਲਾਂ ਕਰਦੇ ਤਾਂ ਸਾਡੀਆਂ ਗੱਲਾਂ ਸੁਣਦੇ ਰਹਿੰਦੇਅਸੀਂ ਬਾਪੂ ਜੀ ਨੂੰ ਵੀ ਕੋਈ ਨਾ ਕੋਈ ਗੱਲ ਪੁੱਛ ਲੈਂਦੇ ਤਾਂ ਉਹ ਦੱਸਣ ਲੱਗ ਪੈਂਦੇ ਮੈਨੂੰ ਇਹ ਤਾਂ ਤਸੱਲੀ ਹੋ ਜਾਂਦੀ ਕਿ ਬਾਪੂ ਜੀ ਨਰਾਜ਼ ਤਾਂ ਨਹੀਂਪਰ ਕੋਈ ਨਾ ਕੋਈ ਅਜਿਹੀ ਘਟਨਾ ਜੋ ਮੈਨੂੰ ਚੰਗੀ ਨਾ ਲਗਦੀ ਮੈਨੂੰ ਸੋਚਣ ’ਤੇ ਮਜਬੂਰ ਕਰ ਦਿੰਦੀ ਕਿ ਬਾਪੂ ਜੀ ਨਰਾਜ਼ ਹਨ

ਬੀ ਜੀ! ਬਾਪੂ ਜੀ ਪੈਰਾਂ ਨੂੰ ਹੱਥ ਕਿਉਂ ਨਹੀਂ ਲਵਾਉਂਦੇ?” ਇੱਕ ਦਿਨ ਮੈਂ ਬੀ ਜੀ ਨੂੰ ਪੁੱਛਿਆ

ਸਾਰਾ ਦਿਨ ਗਲੀਆਂ ਵਿੱਚ ਗੋਹਾ ਮੱਧਦਾ ਫਿਰਦੈਜੁੱਤੀਆਂ ਲਿਬੜੀਆਂ ਰਹਿੰਦੀਆਂ ਗੋਹੇ ਨਾਲ … … ਤਾਂ ਨੀ ਲਵਾਉਂਦਾ ਹੋਊ ਕਿ ਬਹੂ ਪੜ੍ਹੀ ਲਿਖੀ ਐ ਕੀ ਆਖੂ?” ਬੀ ਜੀ ਦੇ ਜਵਾਬ ’ਤੇ ਮੈਨੂੰ ਹਾਸਾ ਆ ਗਿਆਪਿੰਡਾਂ ਵਿੱਚ ਆਮ ਕਰਕੇ ਬਜ਼ੁਰਗਾਂ ਦੀਆਂ ਇਹੋ ਜਿਹੀਆਂ ਗੱਲਾਂ ਹੀ ਹੁੰਦੀਆਂ ਹਨਉਹ ਕਦੇ ਵੀ ਪਿਆਰ ਦਾ ਦਿਖਾਵਾ ਨਹੀਂ ਕਰਦੇ ਹੁੰਦੇ

ਪਰ ਜਦੋਂ ਉਹ ਮੰਜੇ ’ਤੇ ਬੈਠੇ ਹੁੰਦੇ ਨੇ ਉਦੋਂ ਕਿਹੜਾ ਲਵਾਉਂਦੇ ਨੇ” ਮੈਂ ਥੋੜ੍ਹਾ ਸੋਚ ਕੇ ਆਖਿਆ

ਇਹ ਤਾਂ ਕਿਸੇ ਤੋਂ ਵੀ ਨੀ ਲਵਾਉਂਦਾ

ਮੈਂ ਸੋਚਿਆ ਚਲੋ ਫੇਰ ਤਾਂ ਕੋਈ ਗੱਲ ਨਹੀਂਮੈਂ ਆਪਣੀ ਚਿੰਤਾ ਘਟਾ ਲਈ ਇਸ ਪਾਸਿਓਂਪਰ ਇੱਕ ਦਿਨ ਪਿੰਡ ਵਿੱਚੋਂ ਚਾਚਾ ਜੀ ਦੀ ਨੂੰਹ ਨੇ ਬਾਪੂ ਜੀ ਦੇ ਪੈਰੀਂ ਹੱਥ ਲਾਏਉਹਨਾਂ ਚੁੱਪ ਕਰਕੇ ਲਵਾ ਲਏ ਤੇ ਸਿਰ ਪਲੋਸਿਆ ਮੈਨੂੰ ਲੱਗਿਆ ਜਿਵੇਂ ਖਜ਼ਾਨਾ ਲੁੱਟਿਆ ਜਾ ਰਿਹਾ ਹੋਵੇਮੈਂ ਫਿਰ ਬੀ ਜੀ ਨੂੰ ਪੁੱਛਿਆ

ਇਹਦੀਆਂ ਇਹੀ ਜਾਣੇ” ਬੀ ਜੀ ਨੇ ਸੌ ਦੀ ਇੱਕ ਸੁਣਾ ਦਿੱਤੀ

ਇੱਕ ਵਾਰ ਮੈਂ ਤੇ ਮੇਰੇ ਪਤੀ ਰਿਸ਼ਤੇਦਾਰੀਆਂ ਵਿੱਚ ਘੁੰਮ ਕੇ ਚਾਰ ਕੁ ਦਿਨਾਂ ਬਾਅਦ ਘਰ ਆਏਬਾਪੂ ਜੀ ਘਰ ਨਹੀਂ ਸਨ ਉਹ ਜ਼ਿਆਦਾ ਸਮਾਂ ਗੁਰਦੁਆਰਾ ਸਾਹਿਬ ਦੇ ਬਰਾਂਡੇ ਵਿੱਚ ਬੈਠੇ ਬਜ਼ੁਰਗਾਂ ਕੋਲ ਹੀ ਬਿਤਾਉਂਦੇਉੱਥੇ ਲੱਗੇ ਰੁੱਖ ਬੂਟਿਆਂ ਨੂੰ ਪਾਣੀ ਪਾ ਦਿਆ ਕਰਦੇ ਸਨਚਾਹ ਰੋਟੀ ਦੇ ਸਮੇਂ ਹੀ ਘਰ ਆਉਂਦੇਸਾਰੇ ਬਜ਼ੁਰਗ ਹੀ ਚਾਹ ਰੋਟੀ ਆਪਣੇ ਆਪਣੇ ਘਰ ਆ ਕੇ ਹੀ ਖਾਂਦੇਉਹ ਆਖਦੇ ਕਿ ਗੁਰੂ ਘਰ ਲਈ ਇਕੱਠਾ ਕੀਤਾ ਦੁੱਧ ਅਤੇ ਅੰਨ ਪਾਣੀ ਰਾਹੀਆਂ ਪਾਂਧੀਆਂ ਲਈ ਤੇ ਹੋਰ ਲੋੜਵੰਦਾਂ ਲਈ ਹੁੰਦਾ ਹੈ

ਅੱਜ ਜਦ ਬਾਪੂ ਜੀ ਘਰ ਆਉਣਗੇ, ਆਪਾਂ ਫਟਾਫਟ ਪੈਰੀਂ ਹੱਥ ਲਾ ਦਿਆਂਗੇ” ਮੈਂ ਆਪਣੇ ਪਤੀ ਨੂੰ ਆਖਿਆ

“ਮੈਨੂੰ ਸੰਗ ਆਉਂਦੀ ਐ, ਅਸੀਂ ਨੀ ਕਦੇ ਲਾਏਤੂੰ ਪੈਰੀਂ ਹੱਥ ਲਾਉਣ ਦੇ ਐਨਾ ਪਿੱਛੇ ਕਿਉਂ ਪਈ ਐਂ ਜਿਵੇਂ ਸ਼ੁਦਾਈ ਕਰਦੇ ਹੁੰਦੇ ਨੇ” ਉਹਨਾਂ ਥੋੜ੍ਹੀ ਨਰਾਜ਼ਗੀ ਨਾਲ ਆਖਿਆ

ਲਾ ਕੇ ਦੇਖਿਓ ਅੱਜ ਬਾਪੂ ਜੀ ਕਿੰਨੇ ਖੁਸ਼ ਹੋਣਗੇ” ਮੈਂ ਕਿਹਾਕਾਫ਼ੀ ਮਿੰਨਤ ਤਰਲੇ ਤੋਂ ਬਾਅਦ ਉਹ ਮੰਨ ਗਏਮਨ ਵਿੱਚ ਡਰ ਅਤੇ ਖੁਸ਼ੀ ਦੇ ਭਾਵ ਵਾਰ ਵਾਰ ਸਿਰ ਚੁੱਕਦੇਕਦੇ ਸੋਚਾਂ ਕਿ ਉਹਨਾਂ ਕੋਈ ਸੰਕਲਪ ਨਾ ਕੀਤਾ ਹੋਵੇ, ਉਹ ਨਾ ਟੁੱਟ ਜਾਵੇ ਕਿਤੇਕਦੇ ਸੋਚਾਂ ਅੱਜ ਇੱਕ ਪਾਸਾ ਹੋ ਜਾਊ, ਜੇ ਬਾਪੂ ਜੀ ਗੁੱਸੇ ਹੋਏ ਤਾਂ ਪੁੱਛ ਲਊਂ ਕਿ ਮੇਰਾ ਕੀ ਕਸੂਰ ਐ? ਮੇਰੀ ਗਲਤੀ ਦੱਸੋਕੀ ਪੜ੍ਹੇ ਲਿਖੇ ਹੋਣਾ ਈ ਗੁਨਾਹ ਐ ਮੇਰਾ? ਬੱਸ ਅੰਦਰ ਵਿਚਾਰ ਆ ਜਾ ਰਹੇ ਸਨਧੁੜਕੂ ਲੱਗਿਆ ਪਿਆ ਸੀਇਹ ਤਾਂ ਪਤਾ ਸੀ ਕਿ ਬਾਪੂ ਜੀ ਨੇ ਪੈਰ ਪਿਛਾਂਹ ਖਿੱਚ ਲੈਣੇ ਨੇਫਿਰ ਹੁਣ ਕੀ ਕਰੀਏ? ਸੋਚਿਆ ਲੁਕ ਕੇ ਇਕਦਮ ਸਾਹਮਣੇ ਆ ਜਾਵਾਂਗੇ ਉਹਨਾਂ ਨੂੰ ਪਤਾ ਈ ਨਾ ਲੱਗੇ ਕਿ ਕੀ ਹੋਇਆ?

ਬਾਪੂ ਜੀ ਦੇ ਆਉਣ ਦਾ ਪਤਾ ਤਾਂ ਲੱਗ ਹੀ ਜਾਂਦਾ ਹੁੰਦਾ ਸੀਜਦੋਂ ਬਾਪੂ ਜੀ ਘਰ ਆਉਂਦੇ ਤਾਂ ਗਲੀ ਵਿੱਚ ਸੁੱਤੇ ਕੁੱਤੇ ਅੰਗੜਾਈਆਂ ਲੈ ਲੈ ਉੱਠਦੇ ਤੇ ਉਹਨਾਂ ਦੇ ਪੈਰਾਂ ਵਿੱਚ ਲਿਟਣ ਲੱਗ ਪੈਂਦੇਬਾਪੂ ਜੀ ਆਖਦੇ, “ਓ ਬੱਸ … ਓ ਤੇਰੀ … ਬੱਸ ਬਸ … ਓ ਬੱਸ ਪੁੱਤ … ਬੱਸ ਕਰੋ ਹੁਣ” ਇਹੀ ਆਖਦਿਆਂ ਬਾਪੂ ਜੀ ਅੰਦਰ ਆ ਜਾਂਦੇ ਕੁੱਤੇ ਵਾਪਸ ਮੁੜ ਜਾਂਦੇਜਦੋਂ ਬਾਪੂ ਜੀ ਦੀ ਆਵਾਜ਼ ਆਈ ਅਸੀਂ ਦਰਵਾਜ਼ੇ ਪਿੱਛੇ ਲੁਕ ਗਏਉਹ ਆਉਣ ਸਾਰ ਸਾਹਮਣੇ ਕੰਧ ’ਤੇ ਲੱਗੀ ਘੜੀ ’ਤੇ ਸਮਾਂ ਦੇਖਦੇ ਹੁੰਦੇ ਸਨਉਹਨਾਂ ਦੀ ਨਿਗਾਹ ਉੱਪਰ ਘੜੀ ਵੱਲ, ਅਸੀਂ ਉਹਨਾਂ ਦੇ ਪੈਰਾਂ ਵਿੱਚਇੱਕ ਪਾਸੇ ਮੈਂ ਦੂਜੇ ਪਾਸੇ ਉਹਨਾਂ ਦਾ ਪੁੱਤਰਇਹ ਸਭ ਕੁਝ ਅਚਾਨਕ ਹੋ ਗਿਆਬਾਪੂ ਜੀ ਨੇ ਮੇਰੇ ਸਿਰ ’ਤੇ ਹੱਥ ਰੱਖ ਦਿੱਤਾਆਪਣੇ ਪੁੱਤਰ ਨੂੰ ਜੱਫ਼ੀ ਵਿੱਚ ਲੈ ਲਿਆ ਪਿਉ ਪੁੱਤ ਕਿੰਨੀ ਦੇਰ ਜੱਫੀਆਂ ਪਾਈ ਗਏਬਾਪੂ ਜੀ ਬਹੁਤ ਖੁਸ਼ ਸਨ ਕਹਿਣ ਲੱਗੇ, “ਅੱਜ ਤਾਂ ਤੁਸੀਂ ਜਿੱਤ ਗਏ ਬਈ” ਮੈਂ ਵੀ ਖੁਸ਼ ਸੀ ਚਿੰਤਾ ਨਿੱਬੜੀਹੁਣ ਬਾਪੂ ਜੀ ਪੈਰ ਪਿਛਾਂਹ ਨਹੀਂ ਖਿੱਚਣਗੇਪਤਾ ਨਹੀਂ ਕੀ ਮਨ ਵਿੱਚ ਆਇਆ, ਸ਼ਾਮ ਨੂੰ ਬਾਪੂ ਜੀ ਆਪਣੇ ਬੇਟੇ ਨੂੰ ਕਹਿਣ ਲੱਗੇ, “ਹੁਣ ਤੁਸੀਂ ਆਪਣੀ ਕਬੀਲਦਾਰੀ ਆਪ ਸਾਂਭੋ

ਲੈ ਐਂ ਕਿਵੇਂ ਸਾਂਭ ਲੀਏ ਲਾਣੇਦਾਰਾਲਾਣੇਦਾਰੀ ਤਾਂ ਬਜ਼ੁਰਗਾਂ ਹੱਥ ਈ ਸੋਹੰਦੀ ਐ” ਉਹਨਾਂ ਬਾਪੂ ਜੀ ਦੇ ਲੱਕ ਨੂੰ ਜੱਫੀ ਪਾਉਂਦਿਆਂ ਕਿਹਾ

ਹੁਣ ਸਵਾਸਾਂ ਦਾ ਕੋਈ ਭਰੋਸਾ ਨੀ

ਐਂ ਨੀ ਮੁੱਕਣ ਦਿੰਦੇ ਸਵਾਸ ਥੋਡੇ” ਉਹਨਾਂ ਬਾਪੂ ਜੀ ਨੂੰ ਹੋਰ ਘੁੱਟ ਲਿਆ

ਓ ਬੱਸ ਕਰ ... ਪੱਸਲੀਆਂ ਤੋੜੇਂਗਾ … ਛੱਡ ਮੈਨੂੰ … ਚੰਗਾ ਫੇਰ ਮੇਰੀ ਇੱਕ ਗੱਲ ਮੰਨ ਲੈ, ਜਦੋਂ ਬਾਣੀਏ ਦਾ ਹਿਸਾਬ ਕਰਨਾ ਹੁੰਦਾ ਐ … ਮੇਰੇ ਨਾਲ ਚੱਲਿਆ ਕਰ” ਇਹਨਾਂ ਹਾਮੀ ਭਰ ਦਿੱਤੀ ਬਾਪੂ ਜੀ ਖੁਸ਼ ਹੋ ਗਏਇਹ ਜਮਾਂ ਬੱਚੇ ਬਣ ਜਾਂਦੇ ਸਨ ਜਦੋਂ ਬਾਪੂ ਜੀ ਨਾਲ ਲਾਡ ਜਿਹੇ ਕਰਦੇ ਮੈਨੂੰ ਬਹੁਤ ਚੰਗਾ ਲੱਗਦਾ ਸੀਜੇ ਸਾਡੇ ਘਰ ਕਿਸੇ ਗੱਲ ’ਤੇ ਤਕਰਾਰ ਹੁੰਦੀ ਤਾਂ ਦੋ ਪਾਰਟੀਆਂ ਬਣ ਜਾਂਦੀਆਂ ਇਹ ਬੀ ਜੀ ਵੱਲ ਹੋ ਜਾਂਦੇ ਮੈਂ ਬਾਪੂ ਜੀ ਦੀ ਹਾਂ ਵਿੱਚ ਹਾਂ ਮਿਲਾਉਂਦੀਬਾਪੂ ਜੀ ਬੜੇ ਖੁਸ਼ ਹੁੰਦੇ, ਜਦੋਂ ਮੈਂ ਉਹਨਾਂ ਦਾ ਪੱਖ ਲੈਂਦੀਇੱਕ ਦਿਨ ਮੈਨੂੰ ਫਿਰ ਜਾਣਾ ਪਿਆ ਪੇਕੇ, ਕੁਝ ਕਿਤਾਬਾਂ ਲਿਆਉਣੀਆਂ ਸਨ ਦੂਸਰੇ ਦਿਨ ਵਾਪਸ ਆਈਬਾਪੂ ਜੀ ਨੇ ਫੇਰ ਪੈਰ ਪਿਛਾਂਹ ਨੂੰ ਖਿੱਚ ਲਏਉੱਥੇ ਰੁਕੇ ਵੀ ਨਹੀਂ ਬਾਹਰਲੇ ਘਰ ਚਲੇ ਗਏਮੈਂ ਬੜੀ ਹੈਰਾਨ ਪ੍ਰੇਸ਼ਾਨ ਹੋਈਗੱਲ ਤਾਂ ਫੇਰ ਉੱਥੇ ਹੀ ਆ ਖੜ੍ਹੀਸੋਚਿਆ, ‘ਮਨਾ ਛੱਡ ਕਿਉਂ ਦੁਖੀ ਹੁੰਨੈਂ …’ ਫੇਰ ਸੋਚਿਆ, ਇੱਕ ਵਾਰ ਪੁੱਛੂੰ ਤਾਂ ਜ਼ਰੂਰ, ਦੇਖੀ ਜਾਊਮੈਂ ਆਪਣੀ ਜ਼ਿੱਦ ਛੱਡ ਦਿਊਂ ਜਿਵੇਂ ਉਹਨਾਂ ਨੂੰ ਠੀਕ ਲੱਗੇ, ਉਵੇਂ ਕਰ ਲਿਆ ਕਰੂੰ … ਕਿਉਂ ਆਪਣੇ ਦਿਮਾਗ ’ਤੇ ਬੋਝ ਪਾਇਆ ਹੋਇਆ ਹੈਕੋਈ ਗੱਲ ਹੋਣੀ ਐ ਉਹਨਾਂ ਦੇ ਮਨ ਵਿੱਚ, ਤਾਂ ਹੀ ਇਸੇ ਤਰ੍ਹਾਂ ਕਰਦੇ ਨੇਚਲੋ ਕਦੇ ਅਣਜਾਣਪੁਣੇ ਵਿੱਚ ਕਹੀ ਕੋਈ ਗੱਲ ਬੁਰੀ ਲੱਗ ਗਈ ਹੋਊਜਾਣ ਬੁੱਝ ਕੇ ਬਜ਼ੁਰਗਾਂ ਦਾ ਦਿਲ ਦੁਖੀ ਕਰਾਂ, ਇਹ ਤਾਂ ਸੋਚ ਵੀ ਨੀ ਸਕਦੀ

ਕਈ ਦਿਨ ਮੌਕਾ ਭਾਲਦੀ ਰਹੀਇੱਕ ਦਿਨ ਦੁਪਹਿਰ ਦੀ ਚਾਹ ਫੜਾਉਣ ਗਈ ਤਾਂ ਬਾਪੂ ਜੀ ਇਕੱਲੇ ਹੀ ਮੰਜੀ ’ਤੇ ਬੈਠੇ ਸਨਮੈਂ ਚਾਹ ਰੱਖ ਕੇ ਉੱਥੇ ਹੀ ਮੰਜੀ ਦੀ ਬਾਹੀ ਨੂੰ ਹੱਥ ਪਾ ਕੇ ਹੇਠਾਂ ਹੀ ਬੈਠ ਗਈਬਾਪੂ ਜੀ ਹੈਰਾਨੀ ਨਾਲ ਦੇਖ ਰਹੇ ਸਨ ਕਿ ਮੈਂ ਉੱਥੇ ਕਿਉਂ ਬੈਠ ਗਈਉਹ ਕੁਝ ਆਖਣ ਹੀ ਲੱਗੇ ਸਨ ਕਿ ਮੈਂ ਆਪਣੀ ਗੱਲ ਸ਼ੁਰੂ ਕਰ ਦਿੱਤੀ

ਬਾਪੂ ਜੀ! ਇੱਕ ਗੱਲ ਪੁੱਛਾਂ? ਸੱਚ ਸੱਚ ਦੱਸਣਾ ਮੈਨੂੰ

ਉਹਦਾ ਸੁਭਾਅ ਈ ਇਹਾ ਜਾ ਪੁੱਤ … ਉਹ ਆਪਣੇ ਅੰਦਰ ਬੈਠੀ ਸੱਸ ਨੂੰ ਕਦੇ ਸੌਣ ਨੀ ਦਿੰਦੀਤੂੰ ਐਵੇਂ ਦਿਲ ’ਤੇ ਨਾ ਲਾਇਆ ਕਰ

ਬਾਪੂ ਜੀ ਮੇਰੇ ਵੱਲ ਬਿਨਾਂ ਦੇਖੇ ਹੀ ਬੋਲੇਮੈਂ ਸਮਝ ਗਈ ਕਿ ਬਾਪੂ ਜੀ ਬੀ ਜੀ ਬਾਰੇ ਕਹਿ ਰਹੇ ਹਨ ਉਹ ਕਈ ਵਾਰ ਦਾਲ ਪਾਣੀ ਪਿੱਛੇ ਕਹਿ ਦਿੰਦੇ ਸਨ ਕਿ ਨਾ ਲੂਣ ਨਾ ਮਿਰਚ ਮਿੱਟੀ ਵਰਗੀ ਸਬਜ਼ੀ ਬਣਾ ਕੇ ਰੱਖ ਦਿੰਦੀ ਹੈਚਾਹ ਬਾਰੇ ਵੀ ਨੁਕਸ ਮਾਰ ਦਿੰਦੇਮੈਂ ਕਿਹਾ, “ਨਹੀਂ ਬਾਪੂ ਜੀ, ਮੈਂ ਬੀ ਜੀ ਬਾਰੇ ਕੋਈ ਗੱਲ ਨੀ ਆਖਣੀ, ਮੈਂ ਤਾਂ ਥੋਡੇ ਤੋਂ ਪੁੱਛਣੈ ਕਿ ਤੁਸੀਂ ਮੈਨੂੰ ਪੈਰਾਂ ਨੂੰ ਹੱਥ ਕਿਉਂ ਨਹੀਂ ਲਾਉਣ ਦਿੰਦੇ?” ਮੈਂ ਕਾਹਲ਼ੀ ਨਾਲ ਬੋਲੀ

ਮੈਂ ਤਾਂ ਤੈਨੂੰ ਆਪਣੀ ਨੂੰਹ ਈ ਨਹੀਂ ਮੰਨਦਾ” ਇਹ ਸੁਣਕੇ ਮੈਨੂੰ ਧਰਤੀ ਦੀ ਗਤੀ ਤੇਜ਼ ਹੋਈ ਲੱਗੀ ਮੈਨੂੰ ਲੱਗਿਆ ਇਸ ਤੇਜ਼ ਗਤੀ ਨਾਲ ਹੁਣੇ ਹੁਣੇ ਰਾਤ ਹੋ ਜਾਵੇਗੀਇਸ ਰਾਤ ਦੀ ਬੁੱਕਲ ਵਿੱਚ ਮੂੰਹ ਲੁਕੋ ਕੇ ਮੈਂ ਬਹੁਤ ਰੋਵਾਂਗੀ ਕੁਝ ਸਕਿੰਟਾਂ ਵਿੱਚ ਹੀ ਅੱਖਾਂ ਮੂਹਰੇ ਭੰਬੂ ਤਾਰੇ ਦਿਸਣ ਲੱਗੇਐਨੇ ਨੂੰ ਉਹਨਾਂ ਨੇ ਆਪਣਾ ਹੱਥ ਪੋਲੇ ਜਿਹੇ ਮੇਰੇ ਸਿਰ ’ਤੇ ਰੱਖ ਦਿੱਤਾ

ਮੈਂ ਤਾਂ ਤੈਨੂੰ ਆਪਣੀ ਧੀ ਸਮਝਦਾਂ ... ਧੀਆਂ ਤੋਂ ਪੈਰਾਂ ਨੂੰ ਹੱਥ ਨੀ ਲਵਾਇਆ ਕਰਦੇ

ਬਾਪੂ ਜੀ ਦੇ ਸਿਰ ’ਤੇ ਰੱਖੇ ਹੱਥ ਨੇ ਸਾਰੇ ਸਰੀਰ ਦਾ ਸੰਤਾਪ ਕੱਢ ਕੇ ਸਕੂਨ ਭਰ ਦਿੱਤਾਮੈਂ ਫੇਰ ਉਹਨਾਂ ਦੇ ਪੈਰਾਂ ਵੱਲ ਨੂੰ ਝੁਕੀਉਹਨਾਂ ਪੈਰ ਪਿਛਾਂਹ ਖਿੱਚ ਲਏਆਪਣੀ ਗਲਤੀ ’ਤੇ ਸ਼ਰਮਿੰਦੀ ਹੋਈ ਮੈਂ ਸਕੂਨ ਨਾਲ ਭਰੀ ਉੱਥੋਂ ਉੱਠ ਕੇ ਅੰਦਰ ਚਲੇ ਗਈਦਿਲ ਦਿਮਾਗ ਅਲੋਕਾਰ ਖੁਸ਼ੀ ਵਿੱਚ ਝੂਮ ਉੱਠੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3520)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author