“ਆਮ ਕਰਕੇ ਇਹ ਗੱਲਾਂ ਸੁਣਨ ਵਿੱਚ ਆਉਂਦੀਆਂ ਹਨ ਕਿ ਨਸ਼ਿਆਂ ਵੱਲ ਉਹਨਾਂ ਘਰਾਂ ਦੇ ਬੱਚੇ ...”
(19 ਜੁਲਾਈ 2023)
ਆਮ ਕਰਕੇ ਇਹੀ ਗੱਲ ਆਖੀ ਜਾਂਦੀ ਹੈ ਕਿ ਪੰਜਾਬ ਵਿੱਚ ਇੱਕ ਛੇਵਾਂ ਦਰਿਆ ਵਗਦਾ ਹੈ ਨਸ਼ਿਆਂ ਦਾ ਦਰਿਆ। ਪਾਣੀ ਦੇ ਦਰਿਆ ਤਾਂ ਐਨੀ ਤਬਾਹੀ ਕਦੇ ਨਹੀਂ ਮਚਾਉਂਦੇ ਜਿੰਨੀ ਇਸ ਭਿਆਨਕ ਦਰਿਆ ਨੇ ਮਚਾਈ ਹੈ। ਇਹ ਤਬਾਹਕੁੰਨ ਹੈ। ਦਰਿਆਵਾਂ ਦਾ ਚੜ੍ਹਦਾ ਲਹਿੰਦਾ ਪਾਣੀ ਸਭ ਨੂੰ ਨਜ਼ਰ ਆਉਂਦਾ ਹੈ। ਪਰ ਇਹ ਤਾਂ ਸਰਿੰਜਾਂ ਰਾਹੀਂ ਨੌਜਵਾਨਾਂ ਦੀਆਂ ਨਾੜਾਂ ਵਿੱਚ ਪਹੁੰਚ ਚੁੱਕਿਆ ਹੈ। ਇਹ ਕਿਸੇ ਨੂੰ ਨਹੀਂ ਦਿਸਦਾ। ਪਰਿਵਾਰਕ ਮੈਂਬਰਾਂ ਨੂੰ ਵੀ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਘਰ ਦੀਆਂ ਚੀਜ਼ਾਂ ਵਿਕਣ ਲੱਗ ਜਾਂਦੀਆਂ ਹਨ। ਪਹਿਲਾਂ ਚੋਰੀ ਛਿਪੇ, ਫਿਰ ਮਾਰ ਕੁੱਟ ਕਰ ਕੇ ਪਰਿਵਾਰ ਦੀਆਂ ਔਰਤਾਂ ਤੋਂ ਪੈਸਿਆਂ ਦੀ, ਗਹਿਣਿਆਂ ਦੀ ਖੋਹ ਖੁਹਾਈ ਹੁੰਦੀ ਹੈ। ਢਿੱਡੋਂ ਜੰਮਿਆ ਤੋਂ ਮਾਪੇ ਕੁੱਟ ਖਾਣ ਲੱਗ ਪੈਂਦੇ ਹਨ। ਆਪਣੇ ਸੁੱਖਾਂ ਲੱਧੇ ਪੁੱਤਰਾਂ ਲਈ ਉਹਨਾਂ ਦੇ ਮੂੰਹੋਂ ਇਹ ਸ਼ਬਦ ਨਿਕਲਣ ਲੱਗ ਪੈਂਦੇ ਹਨ … … ਐਦੂੰ ਤਾਂ ਇਹ ਨਾ ਹੀ ਹੁੰਦਾ ਜਾਂ … ਐਦੂੰ ਤਾਂ ਰੱਬ ਧੀ ਦੇ ਦਿੰਦਾ।
ਨਸ਼ੇ ਕਰਨ ਦੇ ਪਿੱਛੇ ਬਹੁਤ ਸਾਰੇ ਕਾਰਣ ਹੁੰਦੇ ਹੋਣਗੇ। ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹੋਣਗੀਆਂ ਪਰ ਕੀ ਨਸ਼ੇ ਕਰਨ ਨਾਲ ਸਮੱਸਿਆਵਾਂ ਘਟ ਜਾਂਦੀਆਂ ਹਨ? ਇਸਦਾ ਜਵਾਬ ਹਰ ਕੋਈ ‘ਨਹੀਂ’ ਹੀ ਆਖੇਗਾ। ਨਸ਼ੇ ਕਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ। ਇਹ ਤਾਂ ਸਗੋਂ ਸਮੱਸਿਆਵਾਂ ਅਤੇ ਦੁੱਖਾਂ ਵਿੱਚ ਵਾਧਾ ਕਰਦਾ ਹੈ। ਘਰ ਦਾ ਸੁਖ ਚੈਨ ਸਭ ਖਤਮ ਹੋ ਜਾਂਦਾ ਹੈ। ਨਸ਼ਾ ਕਰਨ ਵਾਲੇ ਬੱਚਿਆਂ ਦੇ ਮਾਪੇ ਪਹਿਲਾਂ ਤਾਂ ਫ਼ਿਕਰ ਵਿੱਚ ਕਾਲਜਾ ਫੜੀ ਰੱਖਦੇ ਹਨ ਕਿ ਉਨ੍ਹਾਂ ਦਾ ਬੱਚਾ ਘਰ ਨਹੀਂ ਆਇਆ। ਜਦੋਂ ਉਹ ਘਰ ਆ ਜਾਂਦਾ ਹੈ ਤਾਂ ਆਪਣੇ ਆਪ ਨੂੰ ਬਚਾਉਣ ਲਈ ਉਸ ਤੋਂ ਲੁਕਦੇ ਫਿਰਦੇ ਹਨ। ਇਹ ਕਿਹੋ ਜਿਹੀ ਮਾਰ ਵਗ ਪਈ ਸਾਡੇ ਪਰਿਵਾਰਾਂ ਵਿੱਚ। ਦੇਖ ਸੁਣ ਕੇ ਰੂਹ ਕੰਬ ਜਾਂਦੀ ਹੈ।
ਪੰਜਾਬ ਦੇ ਉਹ ਬਹਾਦਰ ਨੌਜਵਾਨ ਪੁੱਤਰ ਵੀ ਸਨ ਜਿਹਨਾਂ ਬਹਾਦਰੀ ਦੀਆਂ ਮਿਸਾਲਾਂ ਕਾਇਮ ਕੀਤੀਆਂ। ਜਿਹਨਾਂ ਦੇ ਹੁੰਦਿਆਂ ਕਿਸੇ ਦੀ ਧੀ ਭੈਣ ਨੂੰ ਡਰ ਨਹੀਂ ਸੀ ਲੱਗਦਾ ਹੁੰਦਾ। ਜਿਹਨਾਂ ਦੇ ਹੁੰਦਿਆਂ ਬੇਇਨਸਾਫ਼ੀ ਨਹੀਂ ਸੀ ਹੋ ਸਕਦੀ। ਪਰ ਹੁਣ ਤਾਂ ਪੰਜਾਬ ਦੇ ਜੋ ਹਾਲਾਤ ਹਨ ਸਭ ਦੇ ਸਾਹਮਣੇ ਹਨ। ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਵਿੱਚੋਂ ਕੋਈ ਕਿਸਮਤ ਵਾਲਾ ਹੀ ਬਚ ਕੇ ਨਿਕਲਿਆ ਹੋਵੇਗਾ। ਨਹੀਂ ਤਾਂ ਅਸੀਂ ਰੋਜ਼ ਪੜ੍ਹਦੇ ਸੁਣਦੇ ਅਤੇ ਦੇਖਦੇ ਹਾਂ ਕਿਵੇਂ ਨਰਮ ਜਿਹੀ ਉਮਰ ਦੇ ਬੱਚੇ ਵੀ ਇਸ ਦਲਦਲ ਵਿੱਚ ਫਸ ਕੇ ਆਪਣਾ ਹੀਰੇ ਵਰਗਾ ਮਨੁੱਖਾ ਜਨਮ ਤਬਾਹ ਕਰ ਰਹੇ ਹਨ।
ਪਿੰਡਾਂ ਦੇ ਲੋਕ ਇਸਦਾ ਕਾਰਨ ਇਹ ਵੀ ਦੱਸਦੇ ਹਨ ਕਿ ਸਬਜ਼ੀ ਲੈਣ ਲਈ ਘਰ ਤੋਂ ਬਾਹਰ ਜਾਣਾ ਪੈਂਦਾ ਹੈ ਪਰ ਨਸ਼ੇ ਘਰੀਂ ਬੈਠਿਆਂ ਨੂੰ ਮਿਲ ਜਾਂਦੇ ਹਨ। ਮਾਪੇ ਫਿਕਰਮੰਦ ਹਨ, ਉਹ ਆਪਣੇ ਬੱਚਿਆਂ ਨੂੰ ਕਿੱਥੇ ਲੁਕੋ ਕੇ ਰੱਖਣ। ਜਿਹੜੇ ਮਾਪੇ ਕੁਝ ਕੁ ਸਾਲ ਪਹਿਲਾਂ ਇਹ ਅਰਦਾਸਾਂ ਕਰਦੇ ਸਨ ਕਿ ਉਹਨਾਂ ਦਾ ਬੱਚਾ ਕਿਤੇ ਵਿਦੇਸ਼ ਜਾਣ ਦਾ ਮਨ ਨਾ ਬਣਾ ਲਵੇ, ਅੱਜ ਉਹੀ ਮਾਪੇ ਔਖੇ ਹੋ ਕੇ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਉਪਰਾਲੇ ਕਰ ਰਹੇ ਹਨ।
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ। ਅਸੀਂ ਸਾਰੇ ਚਾਹੁੰਦੇ ਹਾਂ ਪੰਜਾਬ ਨੂੰ ਲੱਗੀ ਨਜ਼ਰ ਉੱਤਰ ਜਾਵੇ … … ਪਰ ਨਜ਼ਰ ਉਤਾਰੂ ਕੌਣ? ਇੱਕ ਔਰਤ ਹੀ ਉਤਾਰਦੀ ਹੈ, ਉਹ ਤਾਂ ਅਧਮੋਈ ਹੋਈ ਪਈ ਹੈ ਆਪਣਿਆਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧਸਦਾ ਦੇਖ ਕੇ। ਕਿਸੇ ਦਾ ਪਤੀ, ਕਿਸੇ ਦਾ ਭਰਾ, ਕਿਸੇ ਦਾ ਪੁੱਤ, ਕਿਸੇ ਦਾ ਪੋਤਾ ਅਤੇ ਕਿਸੇ ਦਾ ਪਿਉ ਇਸ ਦਲਦਲ ਵਿੱਚ ਫਸ ਚੁੱਕਿਆ ਹੈ। ਕੀ ਇਕੱਲੀਆਂ ਔਰਤਾਂ ਦੇ ਨਜ਼ਰ ਉਤਾਰਨ ਨਾਲ ਇਹ ਨਜ਼ਰ ਉੱਤਰ ਜਾਵੇਗੀ? ਨਹੀਂ ਉਤਰੇਗੀ। ਜੇ ਔਰਤਾਂ ਦੇ ਹੱਥ ਵੱਸ ਹੁੰਦਾ, ਉਹ ਆਪਣੇ ਪਿਆਰਿਆਂ ਨੂੰ ਭਰੀ ਜਵਾਨੀ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਨਸ਼ੇ ਨਾਲ ਮੌਤ ਦੇ ਮੂੰਹ ਨਾ ਜਾਣ ਦਿੰਦੀਆਂ। ਹੁਣ ਤਾਂ ਸਾਰਿਆਂ ਨੂੰ ਰਲਮਿਲ ਕੇ ਇਹ ਨਜ਼ਰ ਉਤਾਰਨੀ ਪਵੇਗੀ।
ਸਰਕਾਰਾਂ ਅਤੇ ਜਨਤਾ ਰਲਮਿਲ ਕੇ ਹਿੰਮਤ ਕਰਨ ਤਾਂ ਕੀ ਨਹੀਂ ਹੋ ਸਕਦਾ? ਸਭ ਕੁਝ ਹੋ ਸਕਦਾ ਹੈ। ਜੇ ਕਰੋਨਾ ਦੀ ਚੇਨ ਤੋੜਨ ਲਈ ਸਰਕਾਰਾਂ ਇੱਕ ਦਮ ਸਭ ਕੁਝ ਬੰਦ ਕਰ ਸਕਦੀਆਂ ਨੇ ਕੀ ਨਸ਼ਿਆਂ ਦੀ ਚੇਨ ਤੋੜਨ ਲਈ ਇਸ ਤਰ੍ਹਾਂ ਦਾ ਕੁਝ ਨਹੀਂ ਹੋ ਸਕਦਾ। ਸਭ ਕੁਝ ਬੰਦ ਹੋਣ ਨਾਲ ਕਿੰਨਾ ਕੁ ਘਾਟਾ ਪੈ ਜਾਵੇਗਾ? ਐਨਾ ਤਾਂ ਨਹੀਂ ਪੈਣਾ ਜਿੰਨਾ ਹਰ ਰੋਜ਼ ਮਾਪਿਆਂ ਦੇ ਜਵਾਨ ਪੁੱਤ ਜਾਣ ਨਾਲ ਪੈ ਰਿਹਾ ਹੈ। ਉਸ ਵੇਲੇ ਧਰਤੀ ਦਾ ਸੀਨਾ ਫਟਦਾ ਹੈ ਜਦੋਂ ਮਾਪੇ ਆਪਣੇ ਜਵਾਨ ਪੁੱਤਾਂ ਦੀਆਂ ਲਾਸ਼ਾਂ ’ਤੇ ਸਿਹਰੇ ਬੰਨ੍ਹ ਕੇ ਉਸ ਰਾਹ ਛੱਡ ਆਉਂਦੇ ਨੇ ਜਿੱਥੋਂ ਉਹਨਾਂ ਕਦੇ ਨਹੀਂ ਮੁੜਨਾ ਹੁੰਦਾ। ‘ਪੁੱਤ ਮਾਪਿਆਂ ਦੇ ਮੋਢਿਆਂ ’ਤੇ ਜਾਂਦੇ ਸੋਹਣੇ ਨੀ ਲੱਗਦੇ। ਸਾਨੂੰ ਆਪਣੇ ਮੋਢਿਆਂ ’ਤੇ ਲੈ ਕੇ ਜਾਂਦੇ ਵੇ।’ ਮਾਪਿਆਂ ਦਾ ਇਹ ਵਿਰਲਾਪ ਝੱਲਿਆ ਨਹੀਂ ਜਾਂਦਾ। ਇਹ ਅਰਜ਼ੋਈ, ਤਰਲੇ ਸਿਰਫ਼ ਮੁੱਕ ਚੁੱਕੇ ਪੁੱਤਾਂ ਲਈ ਨਹੀਂ ਹਨ। ਇਹ ਉਹਨਾਂ ਲਈ ਵੀ ਹਨ ਜਿਹੜੇ ਇਹਨਾਂ ਰਾਹਾਂ ’ਤੇ ਤੁਰ ਚੁੱਕੇ ਹਨ ਪਰ ਅਜੇ ਸਮਝ ਰੱਖਦੇ ਹਨ। ਕੀ ਸਾਡੀ ਜਵਾਨੀ ਦੇ ਮੋਢੇ ਐਨੇ ਕਮਜ਼ੋਰ ਹੋ ਗਏ ਹਨ ਕਿ ਉਹ ਆਖਰੀ ਸਮੇਂ ਵੀ ਮਾਪਿਆਂ ਨੂੰ ਮੋਢਾ ਦੇਣ ਤੋਂ ਵਾਂਝਾ ਰੱਖਦੇ ਹਨ। ਦੁੱਖਾਂ ਦਾ ਪਹਾੜ ਉਹਨਾਂ ਦੇ ਮੋਢਿਆਂ ’ਤੇ ਸੁੱਟ ਕੇ ਉਹਨਾਂ ਨੂੰ ਜਿਉਂਦੀਆਂ ਲਾਸ਼ਾਂ ਬਣਾ ਕੇ ਉਹਨਾਂ ਦਾ ਬੁਢਾਪਾ ਰੋਲ ਦਿੰਦੇ ਹਨ। ਕੀ ਇਸ ਤਰ੍ਹਾਂ ਮਾਪਿਆਂ ਦਾ ਕਰਜ਼ ਉਤਾਰਿਆ ਜਾਂਦਾ ਹੈ? ਬਹੁਤੇ ਮਾਪੇ ਵੀ ਉਮੀਦਾਂ ਛੱਡ ਰਹੇ ਹਨ ਕਿ ਬੁਢਾਪੇ ਵਿੱਚ ਉਹਨਾਂ ਦੇ ਬੱਚੇ ਉਹਨਾਂ ਦੀ ਸਾਂਭ ਸੰਭਾਲ ਕਰਨ, ਹੁਣ ਤਾਂ ਉਹ ਇਹੀ ਆਖਦੇ ਹਨ ਕਿ ਉਹਨਾਂ ਦੇ ਬੱਚੇ ਠੀਕਠਾਕ ਰਹਿਣ ਆਪਣੇ ਆਪ ਨੂੰ ਸੰਭਾਲ ਲੈਣ, ਇਹੀ ਬਹੁਤ ਵੱਡੀ ਗੱਲ ਹੈ।
ਆਮ ਕਰਕੇ ਇਹ ਗੱਲਾਂ ਸੁਣਨ ਵਿੱਚ ਆਉਂਦੀਆਂ ਹਨ ਕਿ ਨਸ਼ਿਆਂ ਵੱਲ ਉਹਨਾਂ ਘਰਾਂ ਦੇ ਬੱਚੇ ਵੱਧ ਉਲਾਰ ਹੋਏ ਹਨ ਜਿਹਨਾਂ ਦੇ ਪਰਿਵਾਰ ਦੇ ਵੱਡੇ ਵੀ ਆਪਣੇ ਬੱਚਿਆਂ ਦੇ ਜਵਾਨ ਹੋਣ ਤਕ ਨਸ਼ੇ ਨਾ ਛੱਡ ਸਕੇ। ਕਿਉਂਕਿ ਉਹ ਆਪਣੇ ਬੱਚਿਆਂ ਨੂੰ ਇਸ ਪਾਸਿਓਂ ਰੋਕਣ ਦੇ ਕਾਬਿਲ ਆਪਣੇ ਆਪ ਨੂੰ ਨਹੀਂ ਬਣਾ ਸਕੇ। ਜੇ ਘਰ ਵਿੱਚ ਵੱਡੇ ਖੁਦ ਨਸ਼ੇ ਕਰਦੇ ਹੋਣ ਤਾਂ ਉਹਨਾਂ ਦੇ ਕਹੇ ਦਾ ਅਸਰ ਬੱਚੇ ਨਹੀਂ ਕਬੂਲਦੇ। ਪਰ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਮਾਨਸਿਕ ਪੱਖੋਂ ਤਕੜੇ ਬੱਚੇ ਮਾਪਿਆਂ ਨੂੰ ਵੀ ਸਿੱਧੇ ਰਾਹਾਂ ’ਤੇ ਤੋਰ ਲੈਂਦੇ ਹਨ। ਗੱਲ ਸਾਰੀ ਆਲੇ ਦੁਆਲੇ ਦੇ ਮਾਹੌਲ ਦੀ ਹੈ। ਟੁੱਟੇ ਪਰਿਵਾਰਾਂ ਦੇ ਬੱਚੇ ਜਾਂ ਜਿਹਨਾਂ ਦੇ ਘਰਾਂ ਵਿੱਚ ਆਪਸੀ ਕਾਟੋ ਕਲੇਸ਼ ਰਹਿੰਦਾ ਹੋਵੇ, ਉੱਥੇ ਬੱਚਿਆਂ ਨੂੰ ਹਮੇਸ਼ਾ ਪਿਆਰ ਦੀ ਕਮੀ ਰਹਿੰਦੀ ਹੈ ਅਤੇ ਉਹ ਹਮੇਸ਼ਾ ਤਣਾਅ ਵਿੱਚ ਰਹਿੰਦੇ ਹਨ। ਆਪਣੇ ਆਪ ਨੂੰ ਤਣਾਅ-ਮੁਕਤ ਕਰਨ ਲਈ ਬੱਚੇ ਕੁਰਾਹੇ ਤੁਰ ਪੈਂਦੇ ਹਨ। ਇਹ ਰਾਹ ਕਈ ਵਾਰ ਐਨੇ ਤਬਾਹੀ ਨਾਲ ਭਰੇ ਹੁੰਦੇ ਹਨ ਕਿ ਸਿੱਧੇ ਮੌਤ ਵੱਲ ਜਾਂਦੇ ਹਨ। ਕੁਝ ਕੁ ਵਰ੍ਹੇ ਪਹਿਲਾਂ ਤਣਾਓ ਦੂਰ ਕਰਨ ਲਈ ਰਿਸ਼ਤੇਦਾਰੀ ਵਿੱਚ ਪੰਜ ਚਾਰ ਦਿਨ ਪਾਸਾ ਵੱਟ ਲਿਆ ਜਾਂਦਾ ਜਾਂ ਫਿਰ ਕਿਤਾਬਾਂ ਦਾ ਸਹਾਰਾ ਲੈ ਲਿਆ ਜਾਂਦਾ ਸੀ। ਕਿਤਾਬਾਂ ਧਾਰਮਿਕ ਵੀ ਹੋ ਸਕਦੀਆਂ ਹਨ, ਚੰਗੇ ਨਾਵਲ, ਕਹਾਣੀਆਂ ਅਤੇ ਲੇਖਾਂ ਵਾਲੀਆਂ ਵੀ ਹੋ ਸਕਦੀਆਂ ਹਨ। ਅੱਗੇ ਤਕਰੀਬਨ ਸਭਨਾਂ ਦੇ ਘਰਾਂ ਵਿੱਚ ਸੁੱਚੇ ਕੱਪੜਿਆਂ ਵਿੱਚ ਲਪੇਟੀਆਂ ਭਗਤਾਂ, ਗੁਰੂਆਂ-ਪੀਰਾਂ ਅਤੇ ਸ਼ਹੀਦਾਂ ਦੇ ਜੀਵਨ ਨਾਲ ਸੰਬੰਧਿਤ ਕਥਾ ਕਹਾਣੀਆਂ ਵਾਲੀਆਂ ਪੁਸਤਕਾਂ ਪਈਆਂ ਹੁੰਦੀਆਂ ਸਨ, ਹੁਣ ਕਿਤਾਬਾਂ ਨਾਲੋਂ ਮੋਹ ਟੁੱਟਣ ਕਾਰਨ ਵੀ ਜਵਾਨੀ ਭਟਕ ਰਹੀ ਹੈ। ਟੁੱਟੇ ਪਰਿਵਾਰਾਂ, ਸਿੱਖਿਆ ਨੀਤੀ ਵਿੱਚ ਹੋਈਆਂ ਤਬਦੀਲੀਆਂ, ਫੁਕਰਪੁਣੇ ਨੇ ਜਵਾਕਾਂ ਦਾ ਨਾਸ ਕਰ ਦਿੱਤਾ।
ਕੁਝ ਵੀ ਕਾਰਨ ਰਹੇ ਹੋਣ ‘ਜਿਸ ਤਨ ਲਾਗੇ ਸੋਈ ਜਾਣੇ’ ਜਿਹੜੇ ਘਰਾਂ ਦੇ ਚਿਰਾਗ ਬੁੱਝ ਗਏ ਹਨ ਇਸਦਾ ਦੁੱਖ ਉਹੀ ਜਾਣਦੇ ਹਨ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਨਸ਼ਿਆਂ ਨੂੰ ਖ਼ਤਮ ਕਰਨ ਲਈ ਦਮਗਜ਼ੇ ਵੀ ਮਾਰਦੇ ਹਨ। ਕੋਈ ਨਸ਼ੇ ਨੂੰ ਦਿਨਾਂ ਵਿੱਚ ਖ਼ਤਮ ਕਰਨ ਦੀ ਗੱਲ ਕਰਦੇ ਸਨ, ਕੋਈ ਮਹੀਨਿਆਂ ਵਿੱਚ ਖ਼ਤਮ ਕਰਨ ਦੀਆਂ ਗੱਲਾਂ ਕਰਦੇ ਸਨ ਪਰ ਕੁਰਸੀਆਂ ’ਤੇ ਬੈਠਣਸਾਰ ਪਤਾ ਨਹੀਂ ਇਹਨਾਂ ਨੂੰ ਸਭ ਕੁਝ ਕਿਉਂ ਭੁੱਲ ਭੁਲਾ ਜਾਂਦਾ ਹੈ ਜਾਂ ਫਿਰ ਆਮ ਲੋਕ ਇਹਨਾਂ ਨੂੰ ਦਿਸਣੋਂ ਹਟ ਜਾਂਦੇ ਹਨ।
ਬਾਹਰੀ ਦੁਸ਼ਮਣ ਐਨਾ ਨੁਕਸਾਨ ਨਹੀਂ ਕਰ ਸਕਦੇ, ਜਿੰਨਾ ਇਹ ਦੁਸ਼ਮਣ ਲੋਕਾਂ ਦੇ ਘਰਾਂ ਵਿੱਚ ਵੜ ਕੇ ਤਬਾਹੀ ਮਚਾਉਂਦਾ ਹੈ। ਇਹ ਇਕੱਲਾ ਨਹੀਂ ਸਗੋਂ ਬੁਰਾਈਆਂ ਦੀ ਡਾਰ ਇਸਦੀ ਪੈਦਾਇਸ਼ ਹੈ। ਇਹ ਦਿਨੋ ਦਿਨ ਵਧਦਾ ਜਾ ਰਿਹਾ ਹੈ। ਇਸ ਨੂੰ ਠੱਲ੍ਹ ਨਹੀਂ ਪੈ ਰਹੀ। ਪਿੰਡਾਂ ਵਾਲਿਆਂ ਨੂੰ ਹੀ ਉਪਰਾਲੇ ਕਰਨੇ ਪੈਣਗੇ। ਕਈ ਪਿੰਡ ਕੋਸ਼ਿਸ਼ ਕਰ ਰਹੇ ਹਨ। ਕੋਸ਼ਿਸ਼ਾਂ ਕਾਮਯਾਬ ਵੀ ਹੋਣਗੀਆਂ ਅਤੇ ਇਹ ਪਿੰਡ ਆਪਣੇ ਬੱਚਿਆਂ ਨੂੰ ਬਚਾ ਵੀ ਲੈਣਗੇ। ਪਰ ਇਹ ਉਹੀ ਪਿੰਡ ਹੋਣਗੇ ਜਿਹੜੇ ਆਪਸੀ ਵੈਰ ਵਿਰੋਧ ਭੁਲਾ ਕੇ ਇੱਕਜੁਟ ਹੋ ਕੇ ਇਸ ਦਲਦਲ ਵਿੱਚ ਫਸੇ ਬੱਚਿਆਂ ਦਾ ਇਲਾਜ ਕਰਵਾ ਕੇ ਉਹਨਾਂ ਨੂੰ ਉਹਨਾਂ ਦੀ ਰੁਚੀ ਅਤੇ ਕਾਬਲੀਅਤ ਅਨੁਸਾਰ ਕਿਰਤ ਨਾਲ ਜੋੜਨਗੇ ਅਤੇ ਨਸ਼ੇ ਦੇ ਵਪਾਰੀਆਂ ਨੂੰ ਲੋਕਾਂ ਦੇ ਘਰ ਬਰਬਾਦ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਜੇ ਸਰਕਾਰਾਂ ਇਸ ਕੰਮ ਵਿੱਚ ਜਨਤਾ ਦਾ ਸਾਥ ਦੇਣ ਅਤੇ ਜਨਤਾ ਸਰਕਾਰਾਂ ਦਾ ਸਾਥ ਦੇਵੇ ਤਾਂ ਬੱਚਿਆਂ ਨੂੰ ਇਸ ਦਲਦਲ ਵਿੱਚ ਫਸਣ ਤੋਂ ਬਚਾਇਆ ਜਾ ਸਕਦਾ ਹੈ। ਇਸ ਦਲਦਲ ਵਿੱਚ ਫਸੇ ਬੱਚਿਆਂ ਨੂੰ ਵੀ ਨਸ਼ੇ ਨੂੰ ‘ਨਾਂਹ’ ਅਤੇ ਜ਼ਿੰਦਗੀ ਨੂੰ ‘ਹਾਂ’ ਆਖਣਾ ਹੋਵੇਗਾ। ਨਸ਼ੇ ਤਬਾਹੀ ਮਚਾਉਂਦੇ ਹਨ ਪਰ ਜ਼ਿੰਦਗੀ ਬਹੁਤ ਖੂਬਸੂਰਤ ਹੈ। ਇਸ ਨੂੰ ਖੂਬਸੂਰਤੀ ਅਤੇ ਨੇਕੀ ਨਾਲ ਜੀਵਿਆ ਜਾਣਾ ਚਾਹੀਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4097)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)