AmritKBadrukhan7ਸਾਨੂੰ ਤਾਂ ਪਤਾ ਹੀ ਨਹੀਂ ਸੀ ਪਰਿਵਾਰ ਔਖ ਵਿੱਚ ਹੈ। ... ਬਹੁਤ ਸਾਰੇ ਹੱਥ ...
(20 ਮਾਰਚ 2025)

 

ਨਹੀਂ! ਨਹੀਂ!! ਮੈਨੂੰ ਇੱਦਾਂ ਸੋਚਣਾ ਵੀ ਨਹੀਂ ਚਾਹੀਦਾਇਹ ਗੁਨਾਹ ਹੈਲੋਕਾਂ ਦੇ ਭੋਲ਼ੇ ਭਾਲ਼ੇ ਬੱਚਿਆਂ ਸਾਹਮਣੇ ਗਲਤ ਚੀਜ਼ਾਂ ਪਰੋਸਣੀਆਂ … … ਮਤਲਬ ਉਹਨਾਂ ਨੂੰ ਗਲਤ ਰਾਹੇ ਪਾਉਣਾਪਰ ਮੈਂ ਕੀ ਕਰਾਂ, ਐਨੀਆਂ ਵੱਡੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾਵਾਂਗੀ? ਭੁੱਖਿਆਂ ਤੋਂ ਤਾਂ ਭਗਤੀ ਵੀ ਨਹੀਂ ਹੁੰਦੀਮੇਰਾ ਕੰਮ ਵੀ ਤਾਂ ਭਗਤੀ ਹੀ ਹੈਸੱਚਾ ਸੁੱਚਾ ਗਾਉਣਾ, ਆਪਣੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ, ਪਰਿਵਾਰ ਦੇ ਜੀਆਂ ਵਿੱਚ ਬਹਿ ਕੇ ਸੁਣੇ ਜਾਣ ਵਾਲੇ ਗੀਤ, ਜ਼ਿੰਦਗੀ ਦੀਆਂ ਖੁਸ਼ੀਆਂ, ਦੁੱਖਾਂ-ਸੁੱਖਾਂ ਦੇ ਗੀਤ, ਇਹ ਵੀ ਤਾਂ ਭਗਤੀ ਹੀ ਹੈਭਗਤੀ ਵਿੱਚ ਪੈਸਾ ਨਹੀਂ ਦੇਖਿਆ ਜਾਂਦਾ, ਪਰ … … ਪਰਿਵਾਰ ਦੇ ਜੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਤਾਂ ਪੈਸਾ ਜ਼ਰੂਰੀ ਹੈ, ਫਿਰ ਮੈਂ ਕਿਉਂ ਨਾ ਗਾ ਲਵਾਂ ਕੁਝ ਇਹੋ ਜਿਹਾ, ਜਿਸ ਨੂੰ ਲੋਕ ‘ਚੱਕਵਾਂਆਖਦੇ ਨੇਮੇਰੀ ਮਾਂ, ਮੇਰੀ ਭੈਣ, ਮੇਰੇ ਪਿਤਾ ਜੀ ਆਪਣੇ ਸੱਭਿਆਚਾਰ ਦੀ ਸੇਵਾ ਕਰਦੇ ਇਸ ਜਹਾਨੋਂ ਤੁਰ ਗਏਆਹ ਸਨਮਾਨ ਚਿੰਨ੍ਹ ਕੋਈ ਪੇਟ ਦੀ ਅੱਗ ਥੋੜ੍ਹੋ ਬੁਝਾਉਣਗੇ? ਅਗਲੇ ਹੀ ਪਲ ਖਿਆਲ ਆਉਂਦਾ ‘ਲੈ ਨਿਰਾ ਪੈਸਾ ਤਾਂ ਸਭ ਕੁਝ ਨਹੀਂ ਹੁੰਦਾਜਦੋਂ ਇਹ ਸਨਮਾਨ ਮਿਲੇ ਸਨ, ਉਸ ਵੇਲੇ ਦੀਆਂ ਰੌਣਕਾਂ ਹੀ ਹੋਰ ਸਨਘਰ ਪ੍ਰਸ਼ੰਸਕਾਂ ਨਾਲ ਭਰਿਆ ਰਹਿੰਦਾ ਸੀਵਕਤ ਵਕਤ ਦੀ ਗੱਲ ਹੁੰਦੀ ਹੈਮਾਤਾ ਪਿਤਾ ਦੇ ਹੁੰਦਿਆਂ ਘਰ ਵਿੱਚ ਬਰਕਤਾਂ ਦੀ ਰੌਣਕ ਸੀ। ਲੋਕ ਵੀ ਖੜ੍ਹ ਖੜ੍ਹ ਕੇ ਸਲਾਮਾਂ ਕਰਦੇ ਸਨਹੁਣ?  … … ਹੁਣ ਕੋਈ ਸਾਰ ਨਹੀਂ ਲੈਂਦਾਸਭ ਦਾ ਸਰ ਗਿਆ ਪਰ ਮੇਰਾ ਨੀ ਸਰਿਆ ਮਾਪਿਆਂ ਬਿਨਾਂ’ ਉਹ ਬੀਤੇ ਚੰਗੇ ਵਕਤ ਬਾਰੇ ਸੋਚਦੀ ਕਦੇ ਪਰਲ ਪਰਲ ਅੱਥਰੂ ਵਹਾਉਂਦੀ, ਕਦੇ ਦੁਪੱਟੇ ਦੇ ਪੱਲੇ ਨਾਲ ਹੰਝੂ ਅੱਖਾਂ ਦੇ ਅੰਦਰੋਂ ਹੀ ਚੁੱਕ ਲੈਂਦੀਫਿਰ ਮਾਂ ਨਾਲ ਗੱਲਾਂ ਕਰਨ ਲੱਗ ਪੈਂਦੀ, ‘ਮਾਂ ਤੈਨੂੰ ਯਾਦ ਐ ਨਾ … … ਜਦੋਂ ਅਸੀਂ ਨਿੱਕੀਆਂ ਹੁੰਦੀਆਂ ਸੀ … … ਤੂੰ ਸਾਨੂੰ ਲੋਕ ਗੀਤ ਸਿਖਾਉਂਦੀ ਹੁੰਦੀ ਸੀਅਸੀਂ ਤੇਰੇ ਨਾਲ ਹੀ ਗਾਉਂਦੀਆਂਜੇ ਸਾਡੇ ਤੋਂ ਗਾਉਣ ਲੱਗਿਆਂ ਕੋਈ ਗਲਤੀ ਹੋ ਜਾਂਦੀ ਤਾਂ ਤੂੰ ਇਸ ਗੱਲ ਦਾ ਲਿਹਾਜ਼ ਨਹੀਂ ਸੀ ਕਰਦੀ ਕਿ ਅਸੀਂ ਤੇਰੀਆਂ ਧੀਆਂ ਹਾਂਸਾਡਾ ਗਾਉਣਾ ਰੋਕ ਕੇ ਝਿੜਕ ਕੇ ਅਤੇ ਪਿਆਰ ਨਾਲ ਸਾਡਾ ਬੋਲਣਾ ਦਰੁਸਤ ਕਰਦੀ, ਜਿਸਦਾ ਸਦਕਾ ਸਾਨੂੰ ਆਪਣੀ ਮਾਂ-ਬੋਲੀ ਸੁਹਣੇ ਤਰੀਕੇ ਨਾਲ ਬੋਲਣੀ ਆਈ ਅਤੇ ਗਾਉਣਾ ਵੀ ਆ ਗਿਆਮਾਂ ਤੂੰ ਕਿਉਂ ਤੁਰ ਗਈ? ਮੈਂ ’ਕੱਲੀ ਘਰ ਦੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾਵਾਂ? ਲੋਕ ਕਹਿੰਦੇ ਨੇ ਡਾਢਾ ਰੱਬ ਪਤਾ ਨੀ ਕਿੱਥੇ ਖਪਾ ਲੈਂਦਾ ਜਾਣ ਵਾਲਿਆਂ ਨੂੰਮੈਂ ਵੀ ਇੱਦਾਂ ਈ ਸੋਚਦੀ ਰਹਿੰਦੀ ਆਂ’ ਉਸਦੇ ਕੰਨਾਂ ਦੀਆਂ ਠੂਠੀਆਂ ਅੱਥਰੂਆਂ ਨਾਲ ਭਰੀਆਂ ਪਈਆਂ ਸਨਪਾਸਾ ਬਦਲਿਆ ਤਾਂ ਇੱਕ ਪਾਸੇ ਵਾਲਾ ਖਾਰਾ ਪਾਣੀ ਸਿਰਹਾਣੇ ’ਤੇ ਡੁੱਲ੍ਹ ਗਿਆ

ਉਹ ਆਪਣੇ ਹੀ ਖਿਆਲਾਂ ਦੀ ਉਧੇੜ ਬੁਣ ਵਿੱਚ ਉਲਝੀ ਹੋਈ ਸੀਘਰ ਦੀਆਂ ਤੰਗੀਆਂ ਤੁਰਸ਼ੀਆਂ ਕਰਕੇ ਉਸ ਨੇ ਆਪਣਾ ਘਰ ਵੀ ਵੇਚਣ ’ਤੇ ਲਾ ਦਿੱਤਾ ਸੀਉਸ ਦਾ ਜੀਅ ਕਰਦਾ ਸੀ ਕਿਤੇ ਦੂਸਰੇ ਦੇਸ਼ ਚਲੀ ਜਾਵੇਉਹ ਸੋਚਦੀ ‘ਕੀ ਰੱਖਿਆ ਐ ਇੱਥੇ ਹੁਣ? ਕੋਈ ਉਹਨਾਂ ਦੀ ਸੱਭਿਆਚਾਰਕ ਗਾਇਕੀ ਨੂੰ ਸੁਣ ਕੇ ਰਾਜ਼ੀ ਨਹੀਂਨਵੇਂ ਨਵੇਂ ਗਾਇਕ ਪੈਸੇ ਕਮਾਉਣ ਖ਼ਾਤਰ ਨਸ਼ਿਆਂ ਦੇ, ਮਾਰ ਧਾੜ ਦੇ ਗੀਤ ਗਾ ਕੇ ਚੜ੍ਹਦੀ ਉਮਰ ਦੇ ਬੱਚਿਆਂ ਨੂੰ ਫੋਕੀ ਫੂੰ-ਫਾਂ ਵਿੱਚ ਫਸਾ ਕੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਕੁਰਾਹੇ ਪਾ ਰਹੇ ਹਨਮੇਰੀ ਮਾਂ ਤਾਂ ਸੁਹਾਗ, ਘੋੜੀਆਂ ਗਾਉਂਦੀ ਸੀ, ਉਸ ਨੇ ਸਾਨੂੰ ਵੀ ਸਿਖਾਇਆਪਰ ਹੁਣ ਦੁਨੀਆਂ ਗਰਕਣ ’ਤੇ ਆਈ ਪਈ ਐ। ਭੈਣ-ਭਰਾ ਵੀ ਇਕੱਠੇ ਗੰਦੇ-ਮੰਦੇ ਗਾਣਿਆਂ ’ਤੇ ਨੱਚੀ ਜਾਣਗੇਆਹ ਗਾਉਣ ਵਾਲਿਆਂ ਨੂੰ ਇਨ੍ਹਾਂ ਦੇ ਪਰਿਵਾਰਾਂ ਦੀਆਂ ਬੀਬੀਆਂ ਭੈਣਾਂ ਨੀ ਕੁਝ ਆਖਦੀਆਂ ਹੋਣਗੀਆਂ ਕਿ ਕਿਉਂ ਗੰਦ ਮੰਦ ਗਾ ਕੇ ਧੀਆਂ ਭੈਣਾਂ ਦੇ ਦੋਖੀ ਬਣਦੇ ਓ? ਕੀ ਪਤੈ ਕਹਿੰਦੀਆਂ ਹੋਣ ... ... ਇਹੋ ਜਿਹੇ ਸਿਰ ਫਿਰੇ ਕਿਸੇ ਦਾ ਕਹਿਣਾ ਨਹੀਂ ਮੰਨਦੇ ਬੱਸ ਸਮਾਜ ਨੂੰ ਗੰਧਲਾ ਕਰਨ ’ਤੇ ਲੱਗੇ ਹੋਏ ਨੇਉਹਨਾਂ ਦੀ ਜ਼ਮੀਰ ਉਹਨਾਂ ਨੂੰ ਕਿਉਂ ਨਹੀਂ ਲਾਹਨਤਾਂ ਪਾਉਂਦੀ? ਇਨ੍ਹਾਂ ਲੋਕਾਂ ਨੂੰ ਐਨੀ ਵੀ ਸਮਝ ਨਹੀਂ ਕਿ ਲੋਕਾਂ ਦੇ ਬੱਚਿਆਂ ਨੂੰ ਕੁਰਾਹੇ ਪਾ ਕੇ, ਉਹਨਾਂ ਨੂੰ ਨਸ਼ਿਆਂ ਵਾਲੇ ਗੀਤ ਸੁਣਾ ਕੇ ਮੌਤ ਦੇ ਮੂੰਹ ਵੱਲ ਤੋਰਨ ਵਾਲਿਆਂ ਦਾ ਕਦੇ ਭਲਾ ਨਹੀਂ ਹੁੰਦਾ ਇਨ੍ਹਾਂ ਹੀ ਖ਼ਿਆਲਾਂ ਦੀ ਉਧੇੜ ਬੁਣ ਵਿੱਚ ਉਹ ਕਦੇ ਆਪਣੇ ਹੰਝੂਆਂ ਨੂੰ ਬਿਨਾਂ ਰੋਕ ਟੋਕ ਵਗਣ ਦਿੰਦੀ, ਕਦੇ ਅੱਖਾਂ ਵਿੱਚ ਹੀ ਸੁਕਾਉਣ ਦਾ ਯਤਨ ਕਰਦੀ

ਮਾਂ! ਤੂੰ ਜੁਗਨੀ ਕਿੰਨੀ ਕਮਾਲ ਦੀ ਗਾਉਂਦੀ ਹੁੰਦੀ ਸੀਤੇਰੀ ਲੰਮੀ ਹੇਕ ’ਤੇ ਲੋਕ ਅਸ਼ ਅਸ਼ ਕਰ ਉੱਠਦੇ ਸਨਅਸੀਂ ਨਿੱਕੀਆਂ ਹੁੰਦੀਆਂ ਤੇਰੇ ਨਾਲ ਜਾਂਦੀਆਂ, ਸਾਨੂੰ ਲਗਦਾ ਹੁੰਦਾ ਸੀ ਜਿਵੇਂ ਸਾ … … ਰਾ … … ਬ੍ਰਹਿਮੰਡ ਤੇਰੀ ਹੇਕ ਨਾਲ ਗੂੰਜ ਉੱਠਿਆ ਹੋਵੇਸਰੋਤਿਆਂ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਸਨਜਾਪਦਾ ਹੁੰਦਾ ਸੀ ਸਾਰੇ ਸਰੋਤੇ ਸਾਹ ਰੋਕ ਕੇ ਸੁਣ ਰਹੇ ਹੋਣਮੇਰੀ ਭੈਣ ਤੁਰ ਗਈ … … ਮੈਨੂੰ ਜਾਪਿਆ ਮੇਰੀ ਇੱਕ ਬਾਂਹ ਟੁੱਟ ਗਈ … … ਫਿਰ ਤੂੰ ਵੀ ਚਲੀ ਗਈ, ਮੇਰੀਆਂ ਦੋਵੇਂ ਬਾਹਵਾਂ ਬੇਜਾਨ ਹੋਈਆਂ ਜਾਪੀਆਂਮੇਰੇ ਦੋਵੇਂ ਪਾਸੇ ਸੁੰਨੇ ਹੋ ਗਏਪਿਉ ਮੈਨੂੰ ਦਿਲਾਸਾ ਦਿੰਦਾ, ਮੈਂ ਪਿਉ ਦੇ ਚਿਹਰੇ ’ਤੇ ਖੁਸ਼ੀ ਦੇਖਣ ਲਈ ਸਾਰੀ ਤਾਕਤ ਤੇਰੀਆਂ ਸੌਂਪੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ’ਤੇ ਲਾ ਕੇ ਖੜ੍ਹੀ ਹੋਣ ਦੀ ਕੋਸ਼ਿਸ਼ ਕਰਦੀ ਰਹੀਪਰ ਪਿਉ ਵੀ ਤੇਰੀ ਪੈੜ ਦੱਬਦਾ ਤੇਰੇ ਪਿੱਛੇ ਹੀ ਤੁਰ ਗਿਆ ਮੈਨੂੰ ਲਗਦਾ ਐ ਲੋਕ ਗੀਤ ਸੁਣਨ ਵਾਲੇ ਵੀ ਤੁਹਾਡੀਆਂ ਪੈੜਾਂ ਨੱਪਦੇ ਪਤਾ ਨਹੀਂ ਕਿੱਧਰ ਨੂੰ ਤੁਰ ਗਏਪੂਰਾ ਮੇਲਾ ਹੀ ਵਿਛੜ ਗਿਆਜਿਹੜਾ ਕੰਮ ਆਪਾਂ ਸਾਰੇ ਜਣੇ ਰਲ਼ ਮਿਲ਼ ਕੇ ਕਰਦੇ ਸੀ, ਮੈਂ ਭਲਾ ’ਕੱਲੀ ਕਿਵੇਂ ਕਰ ਸਕਦੀ ਆਂ … …” ਉਸਦੀਆਂ ਸੋਚਾਂ ਦੇ ਪਰਿੰਦੇ ਸਾਰੀ ਸਾਰੀ ਰਾਤ ਉਡਾਰੀਆਂ ਲਾਉਂਦੇ ਰਹਿੰਦੇ, ਕਦੇ ਰੋਂਦੇ ਕਦੇ ਬੀਤੇ ਚੰਗੇ ਦਿਨਾਂ ਨੂੰ ਯਾਦ ਕਰ ਕੇ ਖੁਸ਼ੀ ਮਹਿਸੂਸ ਕਰਦੇ

ਜਦੋਂ ਬਿਮਾਰ ਭੈਣ ਪਾਸਾ ਪਰਤਦੀ ਤਾਂ ਉਹ ਉੱਠ ਕੇ ਉਸ ਨੂੰ ਦੇਖਣ ਲਗਦੀਬੱਚਿਆਂ ਨੂੰ ਪੰਜਾਬੀ ਲੋਕ ਗੀਤਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦੀਕਈ ਵਾਰ ਬੱਚੇ ਉਸ ਨੂੰ ਕਹਿੰਦੇ ਮਹਿਸੂਸ ਹੁੰਦੇ, “ਕੀ ਰੱਖਿਆ ਤੇਰੇ ਲੋਕ ਗੀਤਾਂ ਵਿੱਚ ਜਿਹੜੇ ਪਰਿਵਾਰ ਦਾ ਢਿੱਡ ਨਹੀਂ ਭਰ ਸਕਦੇ’ ਜਦੋਂ ਬਹੁਤੀ ਔਖ ਹੁੰਦੀ ਆਪਣੇ ਆਪ ਨੂੰ ਆਪੇ ਮਿਹਣਾ ਮਾਰਨ ਨੂੰ ਜੀਅ ਕਰਦਾ, ਕਦੇ ਮਾਂ ਲਈ ਉਲਾਂਭਾ ਉੱਠਦਾ, “ਕੀ ਖੱਟਿਆ ਚੰਗਾ ਗਾ ਕੇ, ਜੇ ਆਪ ਜਾਣਾ ਹੀ ਸੀ, ਜੁਗਨੀ ਨੂੰ ਤਾਂ ਮੇਰੇ ਕੋਲ ਛੱਡ ਜਾਂਦੀ” ਉਸ ਨੂੰ ਜਾਪਦਾ ਸੀ ਜੁਗਨੀ ਵੀ ਮਾਂ ਦੇ ਨਾਲ ਹੀ ਚਲੀ ਗਈ

ਜਦੋਂ ਉਸ ਦਾ ਮਨ ਖਿਝ ਕੇ ਉਸ ਨੂੰ ਲੀਹੋਂ ਹਟ ਕੇ ਗਾਉਣ ਲਈ ਆਖਣ ਦੀ ਕੋਸ਼ਿਸ਼ ਕਰਦਾ ਉਸ ਦੀ ਮਾਂ ਵੱਲੋਂ ਦਿੱਤੀ ਫੁਲਕਾਰੀ ਉਸ ਨੂੰ ਗੱਲਾਂ ਕਰਦੀ ਜਾਪਦੀ ਜਿਵੇਂ ਆਖ ਰਹੀ ਹੋਵੇ, “ਇਹ ਤੈਨੂੰ ਮੈਂ ਗੀਤਾਂ ਦਾ ਸਿਰ ਕੱਜਣ ਲਈ ਦਿੱਤੀ ਹੈਆਪਣੇ ਗੀਤਾਂ ਦਾ ਸਿਰ ਨੰਗਾ ਨਾ ਹੋਣ ਦੇਵੀਂਫਿਰ ਉਸ ਨੂੰ ਮਾਂ ਦੀਆਂ ਗੱਲਾਂ ਚੇਤੇ ਆਉਣ ਲੱਗ ਪੈਂਦੀਆਂ, “ਔਖੇ ਸੌਖੇ ਸਮੇਂ ਨੇ ਲੰਘ ਹੀ ਜਾਣਾ ਹੁੰਦਾ ਐਇਹ ਫੁਲਕਾਰੀਆਂ ਨੂੰਹਾਂ ਧੀਆਂ ਨੂੰ ਸੁਹਜ ਲਈ ਹੀ ਨਹੀਂ ਦਿੱਤੀਆਂ ਜਾਂਦੀਆਂ, ਇਨ੍ਹਾਂ ਖੂਬਸੂਰਤ ਫੁੱਲ ਪੱਤੀਆਂ ਦੇ ਵਿੱਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੀ ਛੁਪੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਨਿਭਾਉਣ ਦਾ ਭਾਰ ਮੋਢਿਆਂ ’ਤੇ ਆ ਪੈਂਦਾ ਹੈ

ਉਹ ਫੁਲਕਾਰੀ ਦੀ ਬੁੱਕਲ ਮਾਰਦੀਥੋੜ੍ਹੀ ਦੇਰ ਬਾਅਦ ਉਸ ਨੂੰ ਜਾਪਦਾ, ਇਹ ਜ਼ਿੰਮੇਵਾਰੀਆਂ ਨਿਭਾਉਣ ਦੀ ਉਸ ਵਿੱਚ ਹਿੰਮਤ ਨਹੀਂਕਦੇ ਉਸ ਨੂੰ ਜਾਪਦਾ ਕਿ ਇਸ ਫੁਲਕਾਰੀ ਨਾਲ ਉਸ ਦੀ ਹਿੰਮਤ ਕਈ ਗੁਣਾ ਵਧ ਜਾਂਦੀ ਹੈਮਨ ਕਦੇ ਡਿਗਦਾ, ਕਦੇ ਖੜ੍ਹਾ ਹੋ ਜਾਂਦਾਉਹ ਕਿੰਨਾ ਕਿੰਨਾ ਚਿਰ ਮਾਂ ਵੱਲੋਂ ਦਿੱਤੇ ਇਸ ਅਨਮੋਲ ਤੋਹਫ਼ੇ ਨੂੰ ਨਿਹਾਰਦੀ ਕਦੇ ਉਸਦੇ ਰੇਸ਼ਮੀ ਫੁੱਲਾਂ ’ਤੇ ਹੱਥ ਫੇਰਦੀ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਗੁਆਚ ਜਾਂਦੀ

ਮਾਂ! ਨਾਨੀ ਦੀ ਯਾਦ ਆਉਂਦੀ ਐ ਨਾ ਤੁਹਾਨੂੰ?” ਜਦੋਂ ਉਸ ਦੀ ਬੇਟੀ ਉਸਦੇ ਲੱਕ ਦੁਆਲੇ ਬਾਹਵਾਂ ਵਲ਼ ਕੇ ਆਖਦੀ ਤਾਂ ਉਸ ਦੀ ਸੋਚਾਂ ਦੀ ਲੜੀ ਟੁੱਟ ਜਾਂਦੀ

ਨਾਨੀ ਤਾਂ ਕਿਤੇ ਨੀ ਗਈ, ਮੇਰੇ ਅੰਦਰ ਈ ਕਿਤੇ ਲੁਕੀ ਹੋਈ ਐਜਦੋਂ ਮੈਂ ਕਿਤੇ ਗਾਉਂਦੀ ਆਂ ਤਾਂ ਮੇਰੇ ਗਲ਼ੇ ਵਿੱਚ ਆ ਬੈਠਦੀ ਐ

ਸੱਚੀਂ ਜਦੋਂ ਉਹ ਗਾਉਂਦੀ ਤਾਂ ਉਸ ਦੀ ਮਾਂ ਅਤੇ ਭੈਣ ਉਸਦੇ ਦੋਵੇਂ ਪਾਸੇ ਆ ਖਲੋਂਦੀਆਂਪਿਉ ਉਹਨਾਂ ਸਾਰਿਆਂ ਦੇ ਪਿੱਛੇ ਖੜ੍ਹਾ ਹੁੰਦਾਜਦੋਂ ਉਹ ਗਾ ਕੇ ਸਟੇਜ ਤੋਂ ਉੱਤਰਦੀ ਤਾਂ ਉਹ ਤਿੰਨੋਂ ਪਤਾ ਨਹੀਂ ਕਿੱਧਰ ਗਾਇਬ ਹੋ ਜਾਂਦੇਜਦੋਂ ਉਹ ਉਦਾਸ ਹੋਣ ਲਗਦੀ ਤਾਂ ਉਸਦੇ ਅੰਦਰੋਂ ਹੀ ਕਿਤੋਂ ਆਵਾਜ਼ ਆਉਂਦੀ, “… … ਅਸੀਂ ਤੇਰੇ ਨਾਲ ਈ ਆਂ ਕਿਤੇ ਨੀ ਗਏ

ਉਹ ਮੁਸਕਰਾ ਉੱਠਦੀ। ਮਨੋਮਨੀ ਆਖਦੀ, “ਮੈਨੂੰ ਪਤੈ ਤੁਸੀਂ ਮੇਰੇ ਨਾਲ ਓਤੁਹਾਨੂੰ ਪਤੈ ਮੈਂ ਵੀ ਕਿੰਨੀ ਜ਼ਿੱਦੀ ਆਂ … … ਕਿਤੇ ਨੀ ਜਾਣ ਦੇਣਾ ਤੁਹਾਨੂੰ” ਭਾਵੇਂ ਉਹ ਸੰਭਲਣ ਦੀ ਕੋਸ਼ਿਸ਼ ਕਰਦੀ ਪਰ ਜ਼ਿੰਮੇਵਾਰੀਆਂ ਅਤੇ ਤੰਗੀਆਂ ਤੁਰਸ਼ੀਆਂ ਫਿਰ ਆ ਘੇਰਦੀਆਂ

ਇੱਕ ਦਿਨ ਕਿਸੇ ਚੈਨਲ ਵਾਲਿਆਂ ਦਾ ਫ਼ੋਨ ਆਇਆਉਹ ਇੰਟਰਵਿਊ ਲਈ ਸਮਾਂ ਮੰਗ ਰਹੇ ਸਨਉਸ ਦੀ ਮਾਂ ਵੇਲੇ ਦੀ ਜਾਣ-ਪਛਾਣ ਦੇ ਸਨਉਸ ਨੇ ਉਹਨਾਂ ਨੂੰ ਸਮਾਂ ਦੇ ਦਿੱਤਾਇੰਟਰਵਿਊ ਸਮੇਂ ਉਸਦੀਆਂ ਅੱਖਾਂ ਵਿੱਚੋਂ ਵਗਦੇ ਅੱਥਰੂ ਹਜ਼ਾਰਾਂ ਲੱਖਾਂ ਦਰਸ਼ਕਾਂ ਦੀਆਂ ਅੱਖਾਂ ਵਿੱਚੋਂ ਵਗ ਤੁਰੇ ਸਨਬਹੁਤ ਸਾਰੇ ਉਹਨਾਂ ਦੀ ਗਾਇਕੀ ਨੂੰ ਪਿਆਰ ਕਰਨ ਵਾਲਿਆਂ ਦੇ ਹੱਥ ਮਦਦ ਲਈ ਵਧੇਉਸ ਦਾ ਆਖਣਾ ਸੀ … … ਮਦਦ ਨਹੀਂ, ਕੰਮ ਚਾਹੀਦਾ ਐਲੋਕਾਂ ਦੀ ਪ੍ਰਤੀਕਿਰਿਆ ਨੇ ਉਸ ਨੂੰ ਹੌਸਲਾ ਦਿੱਤਾਕਈਆਂ ਆਖਿਆ … … ਸਾਨੂੰ ਤਾਂ ਪਤਾ ਹੀ ਨਹੀਂ ਸੀ ਪਰਿਵਾਰ ਔਖ ਵਿੱਚ ਹੈ। ... ਬਹੁਤ ਸਾਰੇ ਹੱਥ ਦੁਆਵਾਂ ਲਈ ਉੱਠੇ, ਬਹੁਤ ਸਾਰੇ ਅਸ਼ੀਰਵਾਦ ਲਈ ਅਤੇ ਬਹੁਤ ਸਾਰੇ ਮਦਦ ਲਈਉਸ ਦਾ ਮਨ ਖੁਸ਼ੀ ਨਾਲ ਭਰ ਗਿਆ, ਚੰਗਾ ਸੁਣਨ ਵਾਲੇ ਵੀ ਬਹੁਤ ਹਨਉਹ ਸੋਚਣ ਲੱਗੀ

ਸਵੇਰ ਹੁੰਦਿਆਂ ਫੋਨ ਵੱਜਿਆ। ਕਿਸੇ ਆਖਿਆ, “ਭੈਣ ਜੀ। ਬੇਟੇ ਦਾ ਵਿਆਹ ਐ। ਘੋੜੀਆਂ ਤੁਸੀਂ ਗਾਉਣੀਆਂ ਨੇ” ਕਿਸੇ ਆਖਿਆ, “ਧੀ ਦਾ ਵਿਆਹ ਐ, ਤੁਸਾਂ ਜ਼ਰੂਰ ਆਉਣਾ ਐ

ਉਸ ਦੀ ਧੀ ਨੇ ਨਾਲ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਮਾਂ ਦੇ ਨਾਲ ਗਈ ਜੁਗਨੀ ਉਸ ਨੂੰ ਹੱਸਦੀ ਖੇਡਦੀ ਆਖਦੀ ਜਾਪੀ, “ਜੇ ਤੇਰੀ ਮਾਂ ਕਿਤੇ ਨਹੀਂ ਗਈ, ਗਈ ਮੈਂ ਵੀ ਨਹੀਂ, ਤੇਰੇ ਨਾਲ ਈ ਹਾਂ

ਉਸ ਨੇ ਮੁਸਕਰਾਉਂਦਿਆਂ ਪੁੱਛਿਆ, “ਤੂੰ ਪਰਤ ਆਈ ਏਂ?

ਅੱਗੋਂ ਜੁਗਨੀ ਨੇ ਵੀ ਹੁੰਗਾਰਾ ਭਰਿਆਉਸ ਨੂੰ ਪ੍ਰਤੀਤ ਹੋਇਆ … … ਉਸਦੇ ਗਲ਼ੇ ਅੰਦਰ ਜੁਗਨੀ ਨੇ ਆਪਣੀ ਥਾਂ ਮੱਲ ਲਈ ਹੈ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author