“ਇਹ ਸਾਰੇ ਕੌਣ ਨੇ?” ਚਿੜੀ ਨੇ ਉੱਥੇ ਚਹਿਚਹਾਉਂਦੇ ਪੰਛੀਆਂ ਤੋਂ ਪੁੱਛਿਆ। ... “ਬਾਬੇ ਨਾਨਕ ਦੇ ਕਿਰਤੀ ...”
(13 ਦਸੰਬਰ 2021)
ਸ਼ੂੰ … ਊਂ … ਊਂ … ਊਂ ... ਅਸਮਾਨੋਂ ਸੁਰਮਈ ਬੱਦਲਾਂ ਤੋਂ ਛੁੱਟੀਆਂ ਕਣੀਆਂ ਵਿੱਚੋਂ ਇੱਕ ਕਣੀ ਸ਼ਰਾਰਤਾਂ ਕਰਦੀ, ਨਾਲ ਦੀਆਂ ਕਣੀਆਂ ਨਾਲ ਅਠਖੇਲੀਆਂ ਕਰਦੀ, ਸ਼ੂਕਦੀ ਧਰਤੀ ਵੱਲ ਵਧ ਰਹੀ ਸੀ।
“ਤੂੰ ਵੀ ਉੱਥੇ ਈ ਡਿੱਗਣੈ … ਜਿੱਥੇ ਅਸੀਂ ਡਿੱਗਣੈ … ਹਮੇਸ਼ਾ ਦੀ ਤਰ੍ਹਾਂ ਧਰਤੀ ਦੀ ਹਿੱਕ ’ਤੇ … ਫਿਰ ਤੈਨੂੰ ਕਾਹਦਾ ਵੱਖਰਾ ਚਾਅ ਚੜ੍ਹਿਆ ਪਿਆ?” ਨਾਲ ਦੀਆਂ ਕਣੀਆਂ ਨੇ ਉਸ ਕਣੀ ਦੀਆਂ ਝੱਲਵਲੱਲੀਆਂ ਸ਼ਰਾਰਤਾਂ ਤੋਂ ਬਚਦਿਆਂ ਕਿਹਾ।
“ਨਹੀਂ … ਈਂ … ਈਂ।” ਉਸ ਨੇ ਹੋਰ ਚਾਂਭਲ ਕੇ ਆਖਿਆ।
“ਅਸੀਂ ਤਾਂ ਚੱਲੀਆਂ ਧਰਤੀ ’ਤੇ ਬਨਸਪਤੀ ਨੂੰ ਹਰੀ ਭਰੀ ਕਰਨ। ਇਸ ਤੋਂ ਵੱਧ ਸਾਰਥਕ ਵਰਤੋਂ ਕੀ ਹੋ ਸਕਦੀ ਐ।” ਕੁਝ ਕਣੀਆਂ ਨੇ ਕਿਹਾ।
“ਬਥੇਰੀ ਵਾਰ ਧਰਤੀ ’ਤੇ ਆਈ ਅਤੇ ਭਾਫ਼ ਬਣ ਕੇ ਉੱਡੀ ਪਰ ਹੁਣ ਮੇਰਾ ਵੱਖਰਾ ਲਕਸ਼ ਐ।”
“ਏ … ਏੇ … ਅਹੁ ਗਈ ਤੂੰ ਵੀ …।” ਨਾਲ ਦੀਆਂ ਹੱਸੀਆਂ। ਉਹ ਸੱਚੀ ਡਿਗ ਚੱਲੀ ਸੀ। ਥੋੜ੍ਹਾ ਸੰਭਲੀ।
ਪਪੀਤੇ ਦੇ ਪੱਤਿਆਂ ਨੇ ਕਿਣਮਿਣ ਕਿਣਮਿਣ ਕਰਦੀਆਂ ਕੁਝ ਕਣੀਆਂ ਆਪਣੀਆਂ ਤਲ਼ੀਆਂ ’ਤੇ ਬੋਚ ਲਈਆਂ, ਜਿਹਨਾਂ ਵਿੱਚ ਸ਼ਰਾਰਤੀ ਕਣੀ ਵੀ ਸੀ। ਕਣੀਆਂ ਤੋਂ ਬਣੀਆਂ ਪਾਣੀ ਦੀਆਂ ਇਹ ਸਾਰੀਆਂ ਬੂੰਦਾਂ ਮੋਤੀ ਬਣੀਆਂ ਹਲਕੀ ਜਿਹੀ ਰੁਮਕਦੀ ਹਵਾ ਦੇ ਹੁਲਾਰਿਆਂ ਨਾਲ ਇੱਧਰ ਉੱਧਰ ਝੂਟੇ ਲੈਣ ਲੱਗੀਆਂ। ਹਵਾ ਥੋੜ੍ਹੀ ਤੇਜ਼ ਹੋਈ ਤਾਂ ਇਹਨਾਂ ਵਿੱਚੋਂ ਕੁਝ ਬੂੰਦਾਂ ਪੱਤਿਆਂ ਤੋਂ ਹੇਠਾਂ ਡਿਗ ਪਈਆਂ। ਚਾਂਦੀ ਰੰਗੀ ਸ਼ਰਾਰਤੀ ਬੂੰਦ ਪੱਤੇ ਤੋਂ ਡਿਗਣ ਲੱਗੀ ਤਾਂ ਉਸ ਨੇ ਪੱਤੇ ਦੇ ਨੁਕੀਲੇ ਹਿੱਸੇ ਨੂੰ ਘੁੱਟ ਕੇ ਫੜ ਲਿਆ, ਜਿਵੇਂ ਕੰਮ ਧੰਦੇ ਲੱਗੀ ਮਾਂ ਦੇ ਕੁੱਛੜ ਚੁੱਕਿਆ ਬਾਲ ਡਿਗਣ ਦੇ ਡਰੋਂ ਮਾਂ ਦੇ ਗਲੇ ਨੂੰ ਘੁੱਟ ਕੇ ਫੜ ਲੈਂਦਾ ਹੈ। ਹਵਾ ਵੀ ਕੁਝ ਦੇਰ ਲਈ ਥੰਮ੍ਹ ਗਈ। ਉਹ ਕਣੀ ਦੇ ਅਨੰਦ ਵਿੱਚ ਭੰਗਣਾ ਨਹੀਂ ਸੀ ਪਾਉਣਾ ਚਾਹੁੰਦੀ।
ਹਾਰ ਸ਼ਿੰਗਾਰ ਦੇ ਤਾਂ ਬਹੁਤ ਸਾਰੇ ਪੱਤਿਆਂ ਨਾਲ ਬੂੰਦਾਂ ਚਿੰਬੜੀਆਂ ਪਈਆਂ ਸਨ। ਹਵਾ ਨੇ ਫੇਰ ਹੁਲਾਰਾ ਜਿਹਾ ਮਾਰਿਆ ਤਾਂ ਬਹੁਤ ਸਾਰੀਆਂ ਬੂੰਦਾਂ ਜੜ੍ਹਾਂ ਵਿੱਚ ਸਮਾਂ ਗਈਆਂ। ਪਰ ਪਪੀਤੇ ਦੇ ਪੱਤੇ ਵਾਲੀ ਬੂੰਦ ਨੇ ਤਾਂ ਜਿਵੇਂ ਹੇਠ ਨਾ ਡਿਗਣ ਦੀ ਸਹੁੰ ਖਾ ਰੱਖੀ ਹੋਵੇ। ਇੱਕ ਪਿਦਕੂ ਜਿਹੀ ਚਿੜੀ ਕਨੇਰ ਦੇ ਪੀਲੇ ਪੀਲੇ ਫੁੱਲਾਂ ਦਾ ਰਸ ਚੂਸਦੀ ਫੁਦਕਦੀ ਫਿਰ ਰਹੀ ਸੀ। ਨਿੱਕੀ ਬੂੰਦ ਨੇ ਕਿਹਾ, “ਹੇ ਪਿਆਰੀ ਸੁੰਦਰ ਚਿੜੀ! ਮੈਂਨੂੰ ਆਪਣੇ ਖੰਭਾਂ ’ਤੇ ਬਿਠਾ, ਲੈ ਮੈਂ ਹੇਠਾਂ ਨਹੀਂ ਡਿਗਣਾ ਚਾਹੁੰਦੀ।”
“ਮੈਂਨੂੰ ਬਹੁਤ ਸਾਰੇ ਕੰਮ ਨੇ, ਮੇਰੇ ਕੋਲ ਵਿਹਲ ਨਹੀਂ ਤੇਰਾ ਭਾਰ ਝੱਲਣ ਦੀ।” ਚਿੜੀ ਉਸੇ ਤਰ੍ਹਾਂ ਟਹਿਣੀਓ ਟਹਿਣੀ ਟਪੂਸੀਆਂ ਮਾਰਦੀ ਫਿਰ ਰਹੀ ਸੀ।
“ਅੱਛਾ ... ਮੇਰੀ ਗੱਲ ਤਾਂ ਸੁਣ ਜਾ … ਮੇਰੇ ਕੋਲ ਆ ਕੇ।” ਉਸ ਨੇ ਫਿਰ ਤਰਲਾ ਲਿਆ।
“ਨਾ … ਮੈਂਨੂੰ ਪਤੈ ਤੂੰ ਬਹੁਤ ਚਲਾਕ ਏਂ … ਜਦੋਂ ਮੈਂ ਤੇਰੇ ਕੋਲ ਨੂੰ ਹੋਈ, ਤੂੰ ਛਾਲ ਮਾਰ ਕੇ ਮੇਰੇ ਖੰਭਾਂ ’ਤੇ ਸਵਾਰ ਹੋ ਜਾਣੈ।”
“ਨਹੀਂ ਹੁੰਦੀ … ਵਾਅਦਾ ਰਿਹਾ।”
ਹਾਰ ਸ਼ਿੰਗਾਰ, ਪਪੀਤਾ, ਅਸ਼ੋਕ ਦੇ ਰੁੱਖ, ਕਨੇਰ, ਗੁਲਮੋਹਰ, ਗੁਲਾਬ ਦੇ ਬੂਟੇ, ਮੋਤੀਆ, ਗੁਲਦਾਉਦੀ ਸਭ ਉਹਨਾਂ ਦੀਆਂ ਗੱਲਾਂ ’ਤੇ ਮੁਸਕਰਾ ਰਹੇ ਸਨ। ਜਦੋਂ ਹਵਾ ਰੁਮਕਦੀ ਨਿੱਕੀ ਬੂੰਦ ਡਿਗੂੰ ਡਿਗੂੰ ਕਰਦੀ ਮਸਾਂ ਸੰਭਲਦੀ। ਹਵਾ ਦਾ ਤੇਜ਼ ਬੁੱਲਾ ਆਇਆ, ਉਹ ਆਪਣੇ ਆਪ ਨੂੰ ਸੰਭਾਲ ਨਾ ਸਕੀ। ਗੁਲਾਬ ਦੀਆਂ ਪੰਖੜੀਆਂ ਨੇ ਉਸ ਨੂੰ ਬੁੱਕਲ ਵਿੱਚ ਲੈ ਲਿਆ। ਕੁਝ ਸਮਾਂ ਬੂੰਦ ਚੁੱਪ ਰਹੀ। ਚਿੜੀ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ, ਉਹ ਫੁੱਲ ਕੋਲ ਗਈ। ਬੂੰਦ ਨੇ ਉਸ ਦੇ ਕੰਨ ਵਿੱਚ ਕੁਝ ਕਿਹਾ। ਉਸ ਨੇ ਬੂੰਦ ਨੂੰ ਆਪਣੇ ਖੰਭਾਂ ਵਿੱਚ ਸੰਭਾਲਿਆ ਅਤੇ ਦੂਰ ਲੈ ਉੱਡੀ। ਨਾਲ ਦੀਆਂ ਕਣੀਆਂ ਤੇ ਫੁੱਲ ਬੂਟੇ ਸਾਰੇ ਹੈਰਾਨ ਸਨ ਕਿ ਇਹੋ ਜਿਹਾ ਕੀ ਆਖਿਆ ਬੂੰਦ ਨੇ ਇੱਕ ਸਕਿੰਟ ਵਿੱਚ ਪਿਦਕੂ ਚਿੜੀ ਉਸ ਨੂੰ ਲੈ ਉੱਡੀ। ਉੱਚੇ ਲੰਮੇ ਰੁੱਖਾਂ ਦੇ ਉੱਪਰ ਦੀ, ਉੱਚੀਆਂ ਉੱਚੀਆਂ ਅਸਮਾਨ ਛੂੰਹਦੀਆਂ ਇਮਾਰਤਾਂ ਦੇ ਉੱਪਰ ਦੀ ਚਿੜੀ ਬੂੰਦ ਨੂੰ ਸੰਭਾਲ ਕੇ ਲੈ ਜਾ ਰਹੀ ਸੀ। ਮੰਦਰ, ਮਸੀਤਾਂ, ਗਿਰਜੇ, ਗੁਰਦੁਆਰਿਆਂ ਦੇ ਉੱਪਰ ਦੀ ਲੰਘਦਿਆਂ ਚਿੜੀ ਨੇ ਕਿਹਾ, “ਇਹਨਾਂ ਦਰਾਂ ਤੋਂ ਪਵਿੱਤਰ ਥਾਂ ਨਹੀਂ ਲੱਭਣੀ ਤੈਨੂੰ। ਆਪਣਾ ਧਰਤੀ ’ਤੇ ਆਉਣਾ ਸਫ਼ਲ ਕਰ ਲੈ।”
ਕਣੀ ਕੁਝ ਨਾ ਬੋਲੀ। ਚਿੜੀ ਸੋਚ ਰਹੀ ਸੀ, “ਪਤਾ ਨਹੀਂ ਕਿੱਥੇ ਜਾ ਕੇ ਡਿੱਗੂ … ਐਨੀਆਂ ਪੂਜਨੀਕ ਥਾਂਵਾਂ ਨੂੰ ਛੱਡ ਕੇ … ਕੀ ਪਤੈ ਮੈਂਨੂੰ ਊਈਂ ਝੂਠਾ ਲਾਲਚ ਦੇ ਦਿੱਤਾ ਹੋਵੇ ਕਿ ਰਹਿੰਦੀ ਦੁਨੀਆਂ ਤਕ ਤੈਨੂੰ ਯਾਦ ਕੀਤਾ ਜਾਊ। ਐਨੇ ਵੱਡੇ ਵੱਡੇ ਮਹਾਂਪੁਰਖਾਂ ਦੀਆਂ ਥਾਂਵਾਂ ਛੱਡ ਕੇ ਪਤਾ ਨਹੀਂ ਕਿੱਥੇ ਜਾ ਕੇ ਮਰੂ।” ਚਿੜੀ ਅੰਦਰੋਂ ਅੰਦਰੀ ਔਖੀ ਹੋਈ ਪਈ ਸੀ।
“ਮੈਂਨੂੰ ਲਗਦਾ ਹੈ ਤੂੰ ਮੇਰੇ ਖੰਭਾਂ ਦੇ ਵਿੱਚੋਂ ਈ ਭਾਫ਼ ਬਣ ਕੇ ਉੱਡ ਜਾਣਾ ਹੈ।” ਚਿੜੀ ਨੇ ਉਸ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ।
“ਨਹੀਂ … ਇਸ ਤਰ੍ਹਾਂ ਨਹੀਂ ਮੈਂ ਮੁੱਕਣਾ।”
“ਮੈਂ ਤੈਨੂੰ ਇੱਕ ਗੱਲ ਸੁਣਾਉਣ ਲੱਗੀ ਆਂ।”
“ਨਾ … ਮੈਂ ਨਹੀਂ ਸੁਣਨੀ। ਤੂੰ ਉੱਡਦੀ ਜਾਹ ਬੱਸ।” ਬੂੰਦ ਨੇ ਸਰੂਰ ਨਾਲ ਆਖਿਆ।
“ਮੈਂ ਆਪਣੇ ਖੰਭ ਝਟਕਣ ਲੱਗੀ ਆਂ ਫੇਰ।”
“ਨਹੀਂ … ਨਹੀਂ ਚੱਲ ਸੁਣਾ ਫੇਰ।” ਬੂੰਦ ਨੇ ਮਜਬੂਰ ਹੁੰਦਿਆਂ ਆਖਿਆ।
“ਮੈਂਨੂੰ ਪਤੈ ਤੂੰ ਔਖੀ ਹੋ ਕੇ ਸੁਣੇਂਗੀ ਪਰ ਬਾਅਦ ਵਿੱਚ ਤੈਨੂੰ ਵਧੀਆ ਲੱਗੂ। ਤੈਨੂੰ ਪਤੈ ਕਿ ਕਹਿਣ ਦੇ ਨਾਲ ਸੁਣਨਾ ਕਿੰਨਾ ਜ਼ਰੂਰੀ ਐ। ਜਿਹੜਾ ਵੀ ਪ੍ਰਾਣੀ ਦੂਜੇ ਨੂੰ ਸੁਣਦਾ ਨਹੀਂ, ਜਿੰਨਾ ਮਰਜ਼ੀ ਵੱਡਾ ਵਿਦਵਾਨ ਹੋਵੇ, ਉਸ ਲਈ ਅੱਧੀ ਦੁਨੀਆਂ ਦੇ ਦਿਲ ਦੇ ਦਰਵਾਜ਼ੇ ਨਹੀਂ ਖੁੱਲ੍ਹਦੇ। ਉਸ ਕੋਲ ਪੂਰਨ ਗਿਆਨ ਨਹੀਂ ਹੁੰਦਾ। ਬੱਸ ਉੰਨਾ ਕੁ ਹੁੰਦਾ ਹੈ ਜਿੰਨਾ ਉਸ ਦਾ ਦਿਮਾਗ ਸੋਚਦੈ …।”
“ਚੱਲ ਸੁਣਾ ਵੀ ਹੁਣ …।” ਬੂੰਦ ਨੇ ਕਾਹਲੀ ਪੈਂਦਿਆਂ ਕਿਹਾ।
ਚਿੜੀ ਮੁਸਕਰਾਈ ਅਤੇ ਬੋਲੀ, “ਕਹਿੰਦੇ ਨੇ ਇੱਕ ਵਾਰ ਕਿਸੇ ਰੱਬ ਦੇ ਪਿਆਰੇ ਕੋਲ ਇੱਕ ਦੁਖੀ ਬੰਦਾ ਆਪਣੇ ਦੁੱਖਾਂ ਦਾ ਕਾਰਨ ਪੁੱਛਣ ਗਿਆ। ਰੱਬ ਦੇ ਪਿਆਰੇ ਨੇ ਉਸ ਨੂੰ ਕਿਹਾ, “ਸਾਹਮਣੇ ਬਗੀਚੇ ਵਿੱਚ ਫੁੱਲ ਖਿੜੇ ਹੋਏ ਨੇ, ਉੱਥੋਂ ਸੁਹਣਾ ਫੁੱਲ ਲੈ ਕੇ ਆਵੀਂ ਪਰ ਇੱਕ ਸ਼ਰਤ ਐ ਕਿ ਜਿੱਥੋਂ ਇੱਕ ਵਾਰ ਲੰਘ ਗਿਆ ਵਾਪਸ ਉੱਧਰ ਦੀ ਨਹੀਂ ਆਉਣਾ। ਦੁਖੀ ਬੰਦਾ ਚਲਿਆ ਗਿਆ ਸੁਹਣੇ ਸੁਹਣੇ ਫੁੱਲਾਂ ਕੋਲ ਦੀ ਲੰਘਦਾ ਗਿਆ ਕਿ ਹੋਰ ਅੱਗੇ ਇਸ ਤੋਂ ਵੀ ਸੁਹਣੇ ਫੁੱਲ ਹੋਣਗੇ।” ਚਿੜੀ ਥੋੜ੍ਹੀ ਦੇਰ ਲਈ ਚੁੱਪ ਹੋਈ।
“ਅੱਗੇ ਕੀ ਹੋਇਆ?” ਬੂੰਦ ਨੇ ਪੁੱਛਿਆ।
“ਉਹ ਲੰਘਦਾ ਗਿਆ, ਅੱਗੇ ਗਿਆ ਤਾਂ ਅੱਗੇ ਹੋਏ ਮੁਰਝਾਏ ਫੁੱਲ ਸਨ। ਪਿੱਛੇ ਮੁੜਨਾ ਨਹੀਂ ਸੀ।”
“ਫੇਰ?”
“ਫੇਰ ਕੀ … ਮੁਰਝਾਇਆ ਫੁੱਲ ਲੈ ਕੇ ਆ ਗਿਆ। ਮਹਾਂਪੁਰਸ਼ ਨੇ ਕਿਹਾ “ਇਹੀ ਤੇਰੇ ਦੁੱਖਾਂ ਦਾ ਕਾਰਨ ਹੈ। ਤੂੰ ਵਧੀਆ ਤੋਂ ਵਧੀਆ ਮੌਕੇ ਛੱਡ ਰਿਹਾ ਏਂ। ਹੋਰ ਵਧੀਆ ਮੌਕਿਆਂ ਦੇ ਲਾਲਚ ਵਿੱਚ … ਪਰ ਜ਼ਿੰਦਗੀ ਵਾਰ ਵਾਰ ਮੌਕੇ ਨਹੀਂ ਦਿੰਦੀ ਹੁੰਦੀ।”
“ਵਧੀਆ ਕਹਾਣੀ ਸੁਣਾਈ।” ਕਣੀ ਨੇ ਕਿਹਾ।
“ਤੈਨੂੰ ਇਸ ਲਈ ਸੁਣਾਈ ਐ ਕਿ ਤੇਰੇ ਨਾਲ ਵੀ ਦੁਖੀ ਰਾਮ ਵਾਂਗ ਈ ਹੋਣਾ ਹੈ। ਐਨੀਆਂ ਪੂਜਨੀਕ ਥਾਂਵਾਂ ਛੱਡੀ ਜਾਨੀ ਐਂ।”
“ਤੂੰ ਫ਼ਿਕਰ ਨਾ ਕਰ … ਬੱਸ ਮੈਂ ਤਾਂ ਇਹੀ ਆਖਣੈ ਕਿ ਮੇਰੇ ਲਕਸ਼ ’ਤੇ ਤੈਨੂੰ ਵੀ ਫਖ਼ਰ ਹੋਊ।” ਇਹ ਸੁਣ ਕੇ ਚਿੜੀ ਨੇ ਮੂੰਹ ਜਿਹਾ ਬਣਾਇਆ ਅਤੇ ਬੋਲੀ, “ਚੱਲ ਦੇਖ ਲਵਾਂਗੇ।”
ਚਿੜੀ ਨੂੰ ਪਿੱਛੋਂ ਥੋੜ੍ਹੇ ਸ਼ੋਰ ਦੀ ਆਵਾਜ਼ ਸੁਣਾਈ ਦਿੱਤੀ। ਕਿਣਮਿਣ ਵਿੱਚੋਂ ਕੁਝ ਕੁ ਕਣੀਆਂ ਹਵਾ ਦੇ ਬੁੱਲਿਆਂ ਦਾ ਸਹਾਰਾ ਲੈਂਦਿਆਂ ਉਹਨਾਂ ਦੇ ਪਿੱਛੇ ਪਿੱਛੇ ਆ ਰਹੀਆਂ ਸਨ।
“ਓ … ਤੁਸੀਂ ਕਿੱਧਰ ਨੂੰ ਚੱਲੀਆਂ?” ਸ਼ਰਾਰਤੀ ਕਣੀ ਨੇ ਪੁੱਛਿਆ।
“ਜਿੱਥੇ ਤੂੰ ਚੱਲੀ ਏਂ, ਅਸੀਂ ਵੀ ਉੱਥੇ ਹੀ ਜਾਣਾ ਹੈ।” ਉਹਨਾਂ ਆਖਿਆ।
“ਤੁਹਾਨੂੰ ਕੀ ਪਤੈ, ਮੈਂ ਕਿੱਥੇ ਜਾਣੈ?”
“ਪੱਕਾ ਪਤਾ ਤਾਂ ਨਹੀਂ ਪਰ ਅੰਦਾਜ਼ਾ ਜ਼ਰੂਰ ਐ।”
“ਚਲੋ ਆ ਜੋ ਤੁਸੀਂ ਵੀ … ਮੈਂ ’ਕੱਲੀ ਤਾਂ ਕੁਝ ਨਹੀਂ ਸੀ ਕਰ ਸਕਦੀ।”
“ਪਰ ਤੂੰ ਉੱਥੇ ਕਿਉਂ ਜਾ ਰਹੀ ਏਂ?” ਉਹਨਾਂ ਪੁੱਛਿਆ।
“ਇਹ ਮੌਕੇ ਵਾਰ ਵਾਰ ਨਹੀਂ ਮਿਲਦੇ ਹੁੰਦੇ … ਸਦੀਆਂ ਬਾਅਦ ਇਹੋ ਜਿਹੇ ਮੌਕੇ ਆਉਂਦੇ ਨੇ … ਮੈਂ ਛੱਡਣਾ ਨਹੀਂ ਚਾਹੁੰਦੀ ਇਸ ਮੌਕੇ ਨੂੰ।” ਉਹ ਦੱਸਣ ਲੱਗਿਆਂ ਵੀ ਅਨੰਦਿਤ ਹੋ ਰਹੀ ਸੀ।
“ਮੈਂਨੂੰ ਵੀ ਦੱਸ ਦਿਓ … ਬੁਝਾਰਤਾਂ ਜਿਹੀਆਂ ਕਿਉਂ ਪਾ ਰਹੀਆਂ ਓ।” ਚਿੜੀ ਨੂੰ ਉਹਨਾਂ ਦੀਆਂ ਗੱਲਾਂ ਪੂਰੀ ਤਰ੍ਹਾਂ ਸਮਝ ਨਹੀਂ ਸਨ ਆ ਰਹੀਆਂ। ਥੋੜ੍ਹੀ ਦੇਰ ਬਾਅਦ ਬਹੁਤ ਸਾਰੇ ਜੋਸ਼ੀਲੇ ਬੋਲ ਉਹਨਾਂ ਦੇ ਕੰਨੀ ਪਏ। ਜਿਵੇਂ ਕਿਧਰੇ ਖੁਸ਼ੀਆਂ ਮਨਾਈਆਂ ਜਾਂਦੀਆਂ ਹੋਣ। ਜਿਵੇਂ ਮਨਾਂ ਦੇ ਚਾਅ ਝੂਮਦੇ ਹੋਣ, ਜਿਵੇਂ ਵਿਆਹ ਸ਼ਾਦੀਆਂ ਹੋਣ, ਜਿਵੇਂ ਕਿਸੇ ਬੁੱਢੇ ਬਾਪੂ ਦਾ ਮਾਣ ਵਧਿਆ ਹੋਵੇ, ਜਿਵੇਂ ਸਭ ਦੇ ਵਡੇਰੇ ਖੁਸ਼ੀ ਦੇ ਸੋਹਲੇ ਗਾਉਂਦੇ ਹੋਣ, ਜਿਵੇਂ ਤਪਦੇ ਹਿਰਦਿਆਂ ’ਤੇ ਠੰਢੀਆਂ ਬੁਛਾਰਾਂ ਪੈ ਰਹੀਆਂ ਹੋਣ। ਇਹ ਸਾਰਾ ਕੁਝ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਸੀ, ਬਿਆਨ ਕਰਨਾ ਬੜਾ ਔਖਾ ਸੀ। ਕਦੇ ਲੱਗਦਾ ਇਹ ਬੱਚਿਆਂ ਨੂੰ ਖੁਸ਼ ਕਰਨ ਲਈ ਕੋਈ ਖੇਡ ਰਚੀ ਹੋਵੇ। ਕਦੇ ਲੱਗਦਾ … ਨਹੀਂ, ਨਹੀਂ, ਇਹ ਤਾਂ ਜਵਾਨਾਂ ਦੇ ਸਿਰੜ, ਸਿਦਕ, ਜੋਸ਼, ਹੋਸ਼, ਸਾਊਪੁਣੇ ਦਾ ਇਮਤਿਹਾਨ ਹੋਇਆ ਹੋਵੇ ਜਿਸ ਵਿੱਚ ਉਹਨਾਂ ਨੇ ਮਾਣਮੱਤੇ ਅੰਕ ਪ੍ਰਾਪਤ ਕੀਤੇ ਹੋਣਗੇ। ਫਿਰ ਲੱਗਦਾ … ਨਹੀਂ … ਨਹੀਂ … ਇਹ ਤਾਂ ਬਜ਼ੁਰਗਾਂ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਹੋਵੇ। ਇਹ ਤਾਂ ‘ਸਰਬੱਤ ਦੇ ਭਲੇ’ ਵਾਂਗ ‘ਸਰਬੱਤ ਦੀ ਜਿੱਤ’ ਜਾਪਦੀ ਹੈ। ਬੱਚੀਆਂ ਬੱਚੇ, ਨੌਜਵਾਨ ਬੀਬੀਆਂ ਤੇ ਵੀਰ, ਬਜ਼ੁਰਗ ਮਾਤਾਵਾਂ … ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸਭ ਦੇ ਸਿਰਾਂ ’ਤੇ ਛਤਰ ਝੂਲਦੇ ਹੋਣ ਉਹਨਾਂ ਦਾ ਮਾਣ ਇਸ ਦੁਨੀਆਂ ਤੋਂ ਵੀ ਪਾਰ ਖੰਡਾਂ-ਬ੍ਰਹਿਮੰਡਾਂ ਤਕ ਫੈਲ ਗਿਆ ਹੋਵੇ। ਜਿਵੇਂ ਮਾਂ ਭਗਾਉਤੀ ਨੇ ਹੰਕਾਰੀ ਦਾਨਵਾਂ ਨੂੰ ਹਰਾਇਆ ਹੋਵੇ। ਊਚ ਨੀਚ ਦੇ ਭੇਦ ਭਾਵ ਤੋਂ ਦੂਰ, ਧਰਮ ਖਿੱਤਿਆਂ ਦੇ ਵਖਰੇਵਿਆਂ ਤੋਂ ਦੂਰ ਸਾਰੇ ਇੱਕੋ ਹੀ ਨੂਰਾਨੀ ਚਿਹਰਿਆਂ ਵਾਲੇ ਜਾਪਦੇ ਸਨ। ਕੁਝ ਸਮਝ ਨਹੀਂ ਸੀ ਆ ਰਿਹਾ ਇਹ ਹੋ ਕੀ ਰਿਹਾ?
“ਤੇਰਾ ਬਹੁਤ ਬਹੁਤ ਧੰਨਵਾਦ ਪਿਆਰੀ ਚਿੜੀ! ਹੁਣ ਮੈਂ ਚੱਲੀ।” ਬੂੰਦ ਨੇ ਆਖਿਆ।
“ਮੈਂਨੂੰ ਕੁਝ ਦੱਸ ਤਾਂ ਜਾਓ, ਕਿੱਥੇ ਚੱਲੀਆਂ ਓ?” ਚਿੜੀ ਨੇ ਹੈਰਾਨੀ ਪ੍ਰਗਟ ਕਰਦਿਆਂ ਪੁੱਛਿਆ।
“ਜੱਗ ਵਿੱਚ ਹਿੱਸਾ ਪਾਉਣ।” ਇੰਨਾ ਆਖ ਕੇ ਕਣੀਆਂ ਤੇਜ਼ੀ ਨਾਲ ਧਰਤੀ ਵੱਲ ਵਧੀਆਂ। ਜਿੱਤ ਦਾ ਜਸ਼ਨ ਮਨਾਉਂਦੇ ਬੀਰਾਂ ਨੇ ਇਸ ਲੜਾਈ ਵਿੱਚ ਸ਼ਹੀਦ ਹੋਏ ਯੋਧਿਆਂ ਦੀਆਂ ਤਸਵੀਰਾਂ ਚੁੱਕੀਆਂ ਹੋਈਆਂ ਸਨ। ਬੱਚੇ, ਜਵਾਨ, ਬਜ਼ੁਰਗ ਝੂਮ ਰਹੇ ਸਨ। ਕਣੀਆਂ ਨੇ ਉਹਨਾਂ ਦੇ ਰਾਹ ’ਤੇ ਆਪਾ ਨਿਛਾਵਰ ਕਰ ਦਿੱਤਾ। ਉਸ ਤੋਂ ਬਾਅਦ ਉਹ ਉਹਨਾਂ ਦੇ ਚਰਨਾਂ ਦੀ ਧੂੜ ਵਿੱਚ ਸਮਾਂ ਗਈਆਂ।
“ਇਹ ਸਾਰੇ ਕੌਣ ਨੇ?” ਚਿੜੀ ਨੇ ਉੱਥੇ ਚਹਿਚਹਾਉਂਦੇ ਪੰਛੀਆਂ ਤੋਂ ਪੁੱਛਿਆ।
“ਬਾਬੇ ਨਾਨਕ ਦੇ ਕਿਰਤੀ ... ਇਹ ਇੱਕ ਲੰਬੀ ਲੜਾਈ ਜਿੱਤ ਕੇ ਘਰੀਂ ਪਰਤ ਰਹੇ ਨੇ।” ਚਿੜੀ ਨੂੰ ਕਣੀ ਦੀ ਗੱਲ ਯਾਦ ਆਈ। ਉਸ ਨੂੰ ਸੱਚੀਂ ਆਪਣੇ ਆਪ ’ਤੇ ਅਤੇ ਕਣੀ ਦੇ ਲਕਸ਼ ’ਤੇ ਫ਼ਖਰ ਮਹਿਸੂਸ ਹੋ ਰਿਹਾ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3202)
(ਸਰੋਕਾਰ ਨਾਲ ਸੰਪਰਕ ਲਈ: