“ਅਗਲੇ ਦਿਨ ਸਵੇਰੇ ਹੀ ਸਾਡੇ ਘਰ ਦਗੜ ਦਗੜ ਕਰਦੇ ਬਿਜਲੀ ਵਾਲੇ ਆ ਗਏ। ਬਿਨਾਂ ਦੇਰ ਕੀਤਿਆਂ ਉਹ ...”
(18 ਅਗਸਤ 2024)
ਕਈ ਵਰ੍ਹੇ ਪਹਿਲਾਂ ਦੀ ਗੱਲ ਹੈ, ਉਦੋਂ ਅਸੀਂ ਆਪਣੇ ਪਿੰਡ ਹੀ ਰਹਿੰਦੇ ਸੀ। ਪਿੰਡਾਂ ਵਿੱਚ ਫ਼ੋਨ ਨਵੇਂ ਨਵੇਂ ਆਏ ਸਨ ਪਰ ਮੋਬਾਇਲ ਅਜੇ ਨਹੀਂ ਸੀ ਆਏ। ਲੈਂਡਲਾਈਨ ਵੀ ਗਿਣਤੀ ਦੇ ਘਰਾਂ ਵਿੱਚ ਹੁੰਦੇ ਸਨ। ਗਰਮੀਆਂ ਵਿੱਚ ਆਮ ਕਰਕੇ ਸਾਰੇ ਲੋਕ ਛੱਤਾਂ ਉੱਤੇ ਹੀ ਸੌਂਦੇ ਸਨ। ਥੋੜ੍ਹੇ ਦਿਨਾਂ ਬਾਅਦ ਅੱਧੀ ਕੁ ਰਾਤ ਨੂੰ ਵਾਰੀ ਵਾਰੀ ਨਾਲ ਲੋਕਾਂ ਦੇ ਘਰਾਂ ਦੇ ਫ਼ੋਨ ਵੱਜਣ ਲੱਗ ਪੈਂਦੇ। ਫ਼ੋਨ ਦੀ ਘੰਟੀ ਦੀ ਅਵਾਜ਼ ਵੀ ਪੂਰੀ ਉੱਚੀ ਹੁੰਦੀ ਸੀ। ਉਦੋਂ ਕਈ ਲੋਕ ਘੰਟੀ ਉੱਚੀ ਰੱਖਣ ਨੂੰ ਸ਼ਾਨ ਜਿਹੀ ਸਮਝਦੇ ਸਨ। ਫ਼ੋਨ ਆਉਣ ਤੋਂ ਬਾਅਦ ਘਰਾਂ ਵਿੱਚ ਹਿਲਜੁਲ ਸ਼ੁਰੂ ਹੋ ਜਾਂਦੀ। ਮੈਨੂੰ ਸਮਝ ਨਾ ਆਉਂਦੀ ਕਿ ਇਹ ਥੋੜ੍ਹੇ ਕੁ ਦਿਨਾਂ ਬਾਅਦ ਕੀ ਹੋ ਜਾਂਦਾ ਐ। ਇੱਕ ਦਿਨ ਮੈਂ ਆਪਣੇ ਪਤੀ ਨੂੰ ਪੁੱਛਿਆ, “ਆਹ ਲੋਕਾਂ ਨੂੰ ਅੱਧੀ ਰਾਤ ਨੂੰ ਕੀ ਹੋ ਜਾਂਦਾ ਐ?”
ਉਹ ਕਹਿੰਦੇ, “ਤੂੰ ਕੀ ਲੈਣਾ ਹੈ? ਚੁੱਪ ਕਰ ਕੇ ਸੌਂ ਜਾ।”
ਦੂਜੇ ਦਿਨ ਮੈਂ ਚਾਚੀ ਨੂੰ ਪੁੱਛਿਆ, “ਚਾਚੀ ਜੀ! ਆਹ ਅੱਧੀ ਰਾਤ ਨੂੰ ਲੋਕਾਂ ਦੇ ਫ਼ੋਨ ਕਿਉਂ ਖੜਕਣ ਲੱਗ ਪੈਂਦੇ ਨੇ?”
ਚਾਚੀ ਜੀ ਕਹਿੰਦੇ, “ਜਿਹਨਾਂ ਦੇ ਫ਼ੋਨ ਖੜਕਦੇ ਨੇ, ਉਹ ਕੁੰਡੀਆਂ ਲਾਉਂਦੇ ਨੇ। ਜਦੋਂ ਬਿਜਲੀ ਆਲ਼ੇ ਛਾਪਾ ਮਾਰਦੇ ਨੇ, ਉਦੋਂ ਲੋਕ ਇੱਕ ਦੂਜੇ ਨੂੰ ਦੱਸ ਦਿੰਦੇ ਨੇ ਕਿ ਕੁੰਡੀ ਉਤਾਰ ਦਿਓ, ਬਿਜਲੀ ਆਲ਼ੇ ਆ ਗਏ।”
ਇਹ ਸੁਣ ਕੇ ਮੈਨੂੰ ਹੈਰਾਨੀ ਜਿਹੀ ਹੋਈ ਕਿ ਇਹੋ ਜਿਹੇ ਕੰਮਾਂ ਵਿੱਚ ਲੋਕ ਕਿੰਨਾ ਏਕਾ ਦਿਖਾਉਂਦੇ ਨੇ। ਪਰ ਚਾਚੀ ਜੀ ਕਹਿੰਦੇ, “ਲੋਕ ਵਿਚਾਰੇ ਬਿੱਲ ਕਿੱਥੋਂ ਭਰਨ, ਛੇ ਮਹੀਨਿਆਂ ਬਾਅਦ ਫਸਲ ਆਉਂਦੀ ਐ, ਉਹ ਵੀ ਜੇ ਸੁੱਖੀ ਸਾਂਦੀ ਮੀਂਹ ਝੱਖੜ ਤੋਂ ਬਚ ਕੇ ਘਰ ਆ ਜੇ। ਉਹਦੇ ਵਿੱਚ ਵੀ ਆੜ੍ਹਤੀਏ ਦਾ ਕੱਟ ਕਟਾਵਾ ਹੋ ਜਾਂਦਾ। ਪੱਲੇ ਕੁਛ ਨੀ ਪੈਂਦਾ।”
ਮੈਨੂੰ ਲੱਗਿਆ ਜਿਵੇਂ ਚਾਚੀ ਨੇ ਬਹੁਤੇ ਪਿੰਡਾਂ ਵਾਲਿਆਂ ਦਾ ਹਾਲ ਬਿਆਨ ਕਰ ਦਿੱਤਾ ਹੋਵੇ। ਪਿੰਡਾਂ ਵਿੱਚ ਲੋਕ ਆਮ ਹੀ ਬਿਜਲੀ ਦੀਆਂ ਤਾਰਾਂ ਦੇ ਜੋੜਾਂ ’ਤੇ ਕੁੰਡੀਆਂ ਲਾਉਂਦੇ ਸਨ। ਔਰਤਾਂ ਵੀ ਇਸ ਕੰਮ ਵਿੱਚ ਪਿੱਛੇ ਨਹੀਂ ਸਨ। ਜੇ ਘਰ ਦੇ ਬੰਦਿਆਂ ਨੂੰ ਖੇਤੋਂ ਜਾਂ ਕਿਤੋਂ ਬਾਹਰੋਂ ਆਉਣ ਨੂੰ ਕੁਵੇਲਾ ਹੋ ਜਾਂਦਾ ਤਾਂ ਉਹ ਆਪ ਹੀ ਕੁੰਡੀ ਲਾ ਲੈਂਦੀਆਂ ਸਨ। ਉਹ ਕੁੰਡੀ ਲਾਉਣ ਕੋਈ ਬੁਰਾ ਨਹੀਂ ਸਨ ਸਮਝਦੇ ਸਗੋਂ ਇਸ ਨੂੰ ਹੁਸ਼ਿਆਰੀ ਅਤੇ ਚੁਸਤ ਚਲਾਕ ਹੋਣ ਦਾ ਸਬੂਤ ਮੰਨਿਆ ਜਾਂਦਾ ਸੀ।
ਇੱਕ ਦਿਨ ਸਵੇਰੇ ਦਸ ਗਿਆਰਾਂ ਕੁ ਵਜੇ ਹੀ ਬਿਜਲੀ ਵਾਲਾ ਭਾਈ ਕਿਸੇ ਦੇ ਘਰੇ ਗਿਆ। ਸ਼ਾਇਦ ਉਸ ਨੇ ਮੀਟਰ ਦੀ ਪੜ੍ਹਤ ਲੈਣੀ ਸੀ। ਉੱਧਰੋਂ ਫ਼ੋਨ ਦੀ ਘੰਟੀ ਵੱਜੀ। ਘਰ ਵਿੱਚ ਇੱਕ ਔਰਤ ਹੀ ਸੀ ਉਸ ਨੇ ਫ਼ੋਨ ਚੁੱਕਣ ਤੋਂ ਪਹਿਲਾਂ ਬਿਜਲੀ ਵਾਲਾ ਦੇਖ ਲਿਆ। ਮੀਟਰ ਵਿੱਚ ਕਿਤੇ ਕੁੰਡੀ ਲੱਗੀ ਹੋਈ ਸੀ। ਭਾਈ ਮੀਟਰ ਵਾਲੇ ਪਾਸੇ ਜਾਣ ਲੱਗਿਆ ਤਾਂ ਸਿਆਣੀ ਬੀਬੀ ਨੇ ਕਾਹਲੀ ਨਾਲ ਆਖਿਆ, “ਵੇ ਬਾਈ! ਆਹ ਫੂਨ ਚੱਕੀਂ, ਮੈਂ ਮਾੜਾ ਜਾ ਕੰਮ ਕਰ ਲਾਂ।”
ਅਸਲ ਵਿੱਚ ਉਸ ਦੇ ਦਿਮਾਗ ਵਿੱਚ ਸੀ ਕਿ ਭਾਈ ਫ਼ੋਨ ਚੱਕੂ ਐਨੇ ਨੂੰ ਉਹ ਕੁੰਡੀ ਲਾਹ ਦਿਊ। ਭਾਈ ਅੱਗੋਂ ਹੈਰਾਨੀ ਅਤੇ ਸ਼ੱਕੀ ਜਿਹੀ ਨਜ਼ਰ ਨਾਲ ਮੱਥੇ ਤਿਊੜੀਆਂ ਪਾਉਂਦਾ ਬੋਲਿਆ, “ਕਿਉਂ? ਮੈਂ ਕਿਉਂ ਚੱਕਾਂ ਥੋਡਾ ਫ਼ੋਨ? ਆਪਣਾ ਆਪ ਚੱਕੋ।” ਇਹ ਆਖ ਕੇ ਉਹ ਸਿੱਧਾ ਮੀਟਰ ਵੱਲ ਹੋਇਆ ਅਤੇ ਕੁੰਡੀ ਫੜੀ ਗਈ। ਸਿਆਣੀ ਬੀਬੀ ਨੇ ਜਦੋਂ ਫ਼ੋਨ ਚੁੱਕਿਆ ਉਸ ਦੇ ਮੂੰਹੋਂ ਇਹੀ ਨਿਕਲਿਆ, “ਹੁਣ ਤਾਂ ਭੈਣੇ ਭਾਣਾ ਵਰਤ ਗਿਆ। ਜੇ ਦੋ ਕੁ ਮਿੰਟ ਪਹਿਲਾਂ ਦੱਸ ਦਿੰਦੀ, ਬਚ ਜਾਂਦੇ।” ਇਸ ਗੱਲ ’ਤੇ ਕਈ ਦਿਨ ਪਿੰਡ ਵਿੱਚ ਹਾਸਾ ਪਿਆ ਰਿਹਾ। ਉਹ ਵੀ ਵਿਚਾਰੀ ਸ਼ਰਮਿੰਦੀ ਹੋ ਕੇ ਆਪਣੀ ਕਹੀ ਗੱਲ ’ਤੇ ਹੱਸ ਪੈਂਦੀ।
ਲੋਕਾਂ ਦੀਆਂ ਬਿਜਲੀ ਬਿੱਲਾਂ ਦੀਆਂ ਬੱਚਤਾਂ ਦੇਖ ਕੇ ਸਾਡੇ ਘਰ ਵੀ ਘੁਸਰ ਮੁਸਰ ਸ਼ੁਰੂ ਹੋ ਗਈ। ਐਨੇ ਤਕੜੇ ਤਕੜੇ ਘਰ ਕੁੰਡੀਆਂ ਲਾਉਂਦੇ ਨੇ ਫਿਰ ਆਪਾਂ ਕਿਉਂ ਨਹੀਂ? ਇੱਕ ਦਿਨ ਪਾਣੀ ਗਰਮ ਕਰਨ ਲਈ ਰਾਡ ਲਾਉਣ ਵੇਲੇ ਘਰਦਿਆਂ ਦੇ ਕਹਿਣ ’ਤੇ ਮੇਰੇ ਪਤੀ ਵੀ ਕੁੰਡੀ ਲਾਉਣ ਲੱਗੇ। ਜਦੋਂ ਮੈਂ ਦੇਖਿਆ, ਮੇਰਾ ਦਿਮਾਗ ਇੱਕਦਮ ਸੁੰਨ ਹੋ ਗਿਆ। ਬੁਰੇ ਬੁਰੇ ਖਿਆਲ ਆਉਣ ਲੱਗੇ। ਮੇਰੀਆਂ ਲੱਤਾਂ ਕੰਬਣ ਲੱਗ ਪਈਆਂ। ਮੈਂ ਬਾਪੂ ਜੀ ਹੁਰਾਂ ਨਾਲ ਲੜਨ ਵਰਗੀ ਹੋ ਗਈ ਕਿ ਕਿੰਨੀ ਕੁ ਬੱਚਤ ਕਰ ਲਵਾਂਗੇ। ਜੇ ਭਲਾ ਕੋਈ ਨੁਕਸਾਨ ਹੋ ਗਿਆ? ਬਾਪੂ ਜੀ ਨੇ ਇਹਨਾਂ ਨੂੰ ਰੋਕ ਦਿੱਤਾ। ਮੇਰਾ ਮਨ ਟਿਕਾਣੇ ਆਇਆ।
ਦੋ ਕੁ ਦਿਨਾਂ ਬਾਅਦ ਸਾਡੇ ਘਰ ਦੋ ਮੁੰਡੇ ਆਏ। ਇੱਕ ਨੂੰ ਮੈਂ ਪਛਾਣਦੀ ਸੀ ਦੂਜੇ ਦੇ ਹੱਥ ਵਿੱਚ ਸੰਦਾਂ ਵਾਲਾ ਝੋਲ਼ਾ ਫੜਿਆ ਸੀ। ਦੋਵੇਂ ਅੰਦਰ ਮੀਟਰ ਕੋਲ ਚਲੇ ਗਏ। ਮੇਰੇ ਪਤੀ ਨੇ ਉਹਨਾਂ ਨੂੰ ਕੁਛ ਆਖਿਆ। ਉਹ ਥੋੜ੍ਹੀ ਉੱਚੀ ਸੁਰ ਵਿੱਚ ਬੋਲਿਆ, “ਆਪਣੀ ਲਿਹਾਜ਼ ਐ, ਤਾਂ ਮੈਂ ਇਹਨੂੰ ਲੈ ਕੇ ਆਇਆ ਆਂ … … ਕਿਸੇ ਨੂੰ ਨੀ ਪਤਾ ਲਗਦਾ। ਕਿੰਨੇ ਸਾਰੇ ਲੋਕਾਂ ਨੇ ਇਹੀ ਕੁਛ ਕੀਤਾ ਹੋਇਆ। ਬਿਜਲੀ ਆਲ਼ੇ ਮੀਟਰ ਵੀ ਦੇਖ ਕੇ ਜਾਂਦੇ ਨੇ, ਤਾਂ ਵੀ ਨੀ ਪਤਾ ਲਗਦਾ।”
ਉਹਨਾਂ ਨੂੰ ਸ਼ਾਇਦ ਸਾਡੇ ਪਰਿਵਾਰ ਦੇ ਕਿਸੇ ਹਮਦਰਦ ਨੇ ਭੇਜਿਆ ਸੀ। ਭਾਵੇਂ ਇਹਨਾਂ ਨੇ ਕਈ ਵਾਰ ਉਹਨਾਂ ਨੂੰ ਮਨ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਆਪਣਾ ਕੰਮ ਕਰ ਦਿੱਤਾ। ਇਹ ਚੁੱਪ ਕਰਕੇ ਖੜ੍ਹੇ ਦੇਖਦੇ ਰਹੇ ਅਤੇ ਉਹ ਆਪਣਾ ਕੰਮ ਕਰਕੇ ਸੌ, ਦੋ ਸੌ ਰੁਪਏ ਲੈ ਕੇ ਚਲੇ ਗਏ। ਇਹ ਬਾਹਰ ਵਿਹੜੇ ਵਿੱਚ ਆ ਕੇ ਚੁੱਪ ਕਰਕੇ ਖੜ੍ਹੇ ਰਹੇ। ਮੈਂ ਕੋਲ ਜਾ ਕੇ ਵਿਅੰਗ ਕੱਸਦਿਆਂ ਕਿਹਾ, “ਲਵਾ ਲੀ ਫਿਰ ਆਪਾਂ ਵੀ ਕੁੰਡੀ?”
ਇਹਨਾਂ ਨੇ ਕੋਈ ਜਵਾਬ ਨਾ ਦਿੱਤਾ। ਮੈਂ ਅੰਦਰ ਚਲੀ ਗਈ। ਥੋੜ੍ਹੀ ਦੇਰ ਬਾਅਦ ਇਹ ਵੀ ਅੰਦਰ ਆ ਗਏ। ਚੁੱਪ ਕਰਕੇ ਖੜ੍ਹੇ ਰਹੇ। ਮੈਂ ਅੰਦਰੋਂ ਮਚੀ ਪਈ ਸੀ। ਅੱਜ ਚੁੱਪ ਰਹਿਣਾ ਔਖਾ ਲੱਗ ਰਿਹਾ ਸੀ। ਮੈਨੂੰ ਇਹਨਾਂ ’ਤੇ ਖਿਝ ਚੜ੍ਹ ਰਹੀ ਸੀ ਕਿ ਇਹਨਾਂ ਨੇ ਇੱਦਾਂ ਕਿਉਂ ਕੀਤਾ। ਉਦੋਂ ਅਸੀਂ ਦੋਵੇਂ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਂਦੇ ਸੀ। ਮੈਂ ਫਿਰ ਆਖਿਆ, “ਆਪਾਂ ਬੱਚਿਆਂ (ਵਿਦਿਆਰਥੀਆਂ) ਨੂੰ ਇਮਾਨਦਾਰੀ ਕਿਵੇਂ ਸਿਖਾਵਾਂਗੇ?”
ਇਹ ਮੇਰੇ ਵੱਲ ਕੌੜਾ ਜਿਹਾ ਝਾਕੇ। ਮੈਂ ਫਿਰ ਕਿਹਾ, “ਪਿੰਡ ਵਾਲੀ ਬੀਬੀ (ਮੇਰੀ ਮਾਂ) ਆਖਦੀ ਹੁੰਦੀ ਐ … … ‘ਚੋਰੀ ਕੱਖ ਦੀ ਵੀ, ਚੋਰੀ ਲੱਖ ਦੀ ਵੀ … … ਬਰਾਬਰ ਈ ਹੁੰਦੀਆਂ ਨੇ।” ਇਹ ਬਿਨਾਂ ਬੋਲਿਆਂ ਬਾਹਰ ਨੂੰ ਚਲੇ ਗਏ।
ਅਗਲੇ ਦਿਨ ਸਵੇਰੇ ਹੀ ਸਾਡੇ ਘਰ ਦਗੜ ਦਗੜ ਕਰਦੇ ਬਿਜਲੀ ਵਾਲੇ ਆ ਗਏ। ਬਿਨਾਂ ਦੇਰ ਕੀਤਿਆਂ ਉਹ ਸਾਡਾ ਮੀਟਰ ਪੁੱਟ ਕੇ ਦੇਖਣ ਲੱਗੇ। ਮੈਂ ਸ਼ਰਮ ਨਾਲ ਮਰਨਹਾਕੀ ਹੋਈ ਪਈ ਸੀ। ਦਿਲ ਕਰਦਾ ਸੀ ਧਰਤੀ ਵਿਰਲ ਦੇ ਦੇਵੇ ਤੇ ਮੈਂ ਬੇਇੱਜ਼ਤੀ ਤੋਂ ਬਚਣ ਲਈ ਵਿੱਚ ਹੀ ਸਮਾ ਜਾਵਾਂ। ਮੇਰੇ ਪਤੀ ਨੇ ਉਹਨਾਂ ਨੂੰ ਚਾਹ ਪਾਣੀ ਪੁੱਛਿਆ ਪਰ ਉਹਨਾਂ ਨੇ ਨਾਂਹ ਕਰ ਦਿੱਤੀ। ਮੈਨੂੰ ਰਹਿ ਰਹਿ ਕੇ ਗੁੱਸਾ ਆ ਰਿਹਾ ਸੀ। ਮੈਂ ਵਾਰ ਵਾਰ ਆਪਣੇ ਪਤੀ ਦੇ ਚਿਹਰੇ ਵੱਲ ਦੇਖ ਰਹੀ ਸੀ। ਇਹਨਾਂ ’ਤੇ ਕੋਈ ਅਸਰ ਨਹੀਂ ਸੀ। ਅਰਾਮ ਨਾਲ ਪੁਰਾਣਾ ਅਖ਼ਬਾਰ ਪੜ੍ਹ ਰਹੇ ਸਨ। ਮੈਂ ਪਤਾ ਨਹੀਂ ਕੀ ਕੀ ਸੋਚਦੀ ਰਹੀ। ਮੈਂ ਮਨੋਮਨੀ ਵਾਰ ਵਾਰ ਇਹੀ ਆਖਾਂ … … ‘ਹੇ ਬਾਬਾ ਨਾਨਕਾ! ਅੱਜ ਲਾਜ ਰੱਖ ਲੈ ਅੱਗੇ ਤੋਂ ਇਹੋ ਜਿਹਾ ਕੁਛ ਨੀ ਕਰਾਂਗੇ।’
ਪੰਜ ਸੱਤ ਮਿੰਟ ਬਾਅਦ ਬਿਜਲੀ ਵਾਲੇ ਮੀਟਰ ਉਸੇ ਤਰ੍ਹਾਂ ਸੈੱਟ ਕਰਕੇ ਇੱਧਰ ਉੱਧਰ ਤਾਰਾਂ ’ਤੇ ਨਿਗ੍ਹਾ ਮਾਰ ਕੇ ਚਲੇ ਗਏ। ਜਿੰਨੀ ਦੇਰ ਉਹ ਸਾਡੇ ਘਰ ਰਹੇ, ਮੇਰੇ ਅੰਦਰ ਘੜਮੱਸ ਮਚਿਆ ਰਿਹਾ। ਮੈਨੂੰ ਬੜੀ ਹੈਰਾਨੀ ਹੋਈ ਜਦੋਂ ਉਹ ਬਿਨਾਂ ਕੁਝ ਬੋਲਿਆਂ ਚਲੇ ਗਏ। ਮੈਂ ਤਾਂ ਇਹੀ ਸੋਚਦੀ ਰਹੀ ਕਿ ਉਹ ਸਾਨੂੰ ਲਾਹਣਤ ਪਾਉਣਗੇ। ਅਸੀਂ ਬੇਸ਼ਰਮਾਂ ਵਾਂਗ ਮੁਆਫ਼ੀਆਂ ਮੰਗਾਂਗੇ ਅਤੇ ਜੁਰਮਾਨਾ ਮੁਆਫ਼ ਕਰਾਉਣ ਲਈ ਉਹ ਕੰਮ ਕਰਾਂਗੇ ਜਿਸਦੇ ਖਿਲਾਫ਼ ਬੋਲਦੇ ਹਾਂ। ਜੀਹਨੂੰ ਆਮ ਬੋਲੀ ਵਿੱਚ ‘ਚਾਹ ਪਾਣੀ ਦੀ ਸੇਵਾ’ ਕਿਹਾ ਜਾਂਦਾ ਹੈ, ਹੁੰਦੀ ਭ੍ਰਿਸ਼ਟਾਚਾਰੀ ਹੈ। ਜਦੋਂ ਉਹ ਚਲੇ ਗਏ ਤਾਂ ਮੈਂ ਇਹਨਾਂ ਨੂੰ ਪੁੱਛਿਆ, “ਇਹਨਾਂ ਨੂੰ ਕੁੰਡੀ ਦਾ ਪਤਾ ਨੀ ਲੱਗਿਆ?”
“ਜੇ ਕੁੰਡੀ ਲੱਗੀ ਹੁੰਦੀ ਤਾਂ ਹੀ ਪਤਾ ਲਗਦਾ।” ਇਹਨਾਂ ਦਾ ਜਵਾਬ ਸੀ।
“ਮਤਲਬ?”
“ਮਤਲਬ, ਮੈਨੂੰ ਖ਼ੁਦ ਨੂੰ ਚੰਗਾ ਨਹੀਂ ਸੀ ਲੱਗ ਰਿਹਾ। ਰਾਤ ਨੀਂਦ ਨਹੀਂ ਆਈ ਚੰਗੀ ਤਰ੍ਹਾਂ, ਇਸ ਲਈ ਸਵੇਰੇ ਉੱਠਦੇ ਸਾਰ ਹੀ ਪਹਿਲਾਂ ਉਹ ਤਾਰ ਕੱਢ ਦਿੱਤੀ।” ਇਹ ਬੜੇ ਅਰਾਮ ਨਾਲ ਬੋਲੇ।
“ਫਿਰ ਦੱਸ ਨੀ ਸੀ ਸਕਦੇ? ਮੈਂ ਮਰਨਹਾਕੀ ਹੋਈ ਪਈ ਸੀ।” ਮੈਂ ਥੋੜ੍ਹਾ ਗੁੱਸਾ ਦਿਖਾਉਂਦੇ ਕਿਹਾ। ਪਰ ਮੈਨੂੰ ਇਸ ਗੱਲ ’ਤੇ ਪਛਤਾਵਾ ਹੋ ਰਿਹਾ ਸੀ ਕਿ ਮੈਂ ਇਹਨਾਂ ਬਾਰੇ ਕਿੰਨਾ ਗਲਤ ਸੋਚ ਸੋਚ ਕੇ ਊਂਈ ਆਪਣਾ ਦਿਮਾਗ ਖਰਾਬ ਕਰੀ ਰੱਖਿਆ। ਜੋ ਅਕਸਰ ਗਲਤਫ਼ਹਿਮੀਆਂ ਦਾ ਸ਼ਿਕਾਰ ਹੋਏ ਬੰਦੇ ਕਰੀ ਰੱਖਦੇ ਨੇ।
ਉਸ ਤੋਂ ਬਾਅਦ ਸਾਰਾ ਟੱਬਰ ਇਹੀ ਸੋਚਦਾ ਰਿਹਾ ਕਿ ਇਹ ਕਿਵੇਂ ਹੋ ਗਿਆ। ਸ਼ਾਮ ਨੂੰ ਕੁੰਡੀ ਲਵਾਈ, ਸਵੇਰ ਨੂੰ ਛਾਪਾ ਪੈ ਗਿਆ। ਫਿਰ ਸਾਰਿਆਂ ਨੇ ਦਿਮਾਗ਼ ਦੀ ਜਾਸੂਸੀ ਸੋਚ ਦੁੜਾਈ। ਉਂਜ ਤਾਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਕਈ ਲੋਕਾਂ ਨੂੰ ਈਰਖਾ ਸੀ ਕਿ ਇਹਨਾਂ ਦੇ ਘਰ ਕਦੇ ਬਿਜਲੀ ਵਾਲਿਆਂ ਦਾ ਛਾਪਾ ਨਹੀਂ ਪਿਆ, ਨਾ ਹੀ ਕਦੇ ਬਿਜਲੀ ਵਾਲੇ ਵੇਲੇ ਕੁਵੇਲੇ ਕੰਧ ਟੱਪ ਕੇ ਅੰਦਰ ਗਏ ਨੇ। ਜਦੋਂ ਅਸੀਂ ਛਾਣਬੀਣ ਕੀਤੀ ਤਾਂ ਪਤਾ ਲੱਗ ਗਿਆ ਕਿ ਕਿਸੇ ਨੇ ਸਾਨੂੰ ਫਸਾਉਣ ਲਈ ਇਹ ਹੁਸ਼ਿਆਰੀ ਖੇਡੀ ਸੀ। ਜੇ ਬਹੁਤੀ ਨਰਮਾਈ ਵਰਤੀਏ ਅਤੇ ਚੁਕੰਨੇ ਨਾ ਰਹੀਏ ਕਈ ਵਾਰ ਇੱਦਾਂ ਵੀ ਹੋ ਜਾਂਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5224)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.