AmritKShergill7ਐਸੇ ਸਮਾਜ ਦੀ ਸਿਰਜਣਾ ਵੱਲ ਕਦਮ ਵਧਾਈਏ, ਜਿੱਥੇ ਇਨਸਾਨ ਦੀ ਜ਼ਿੰਦਗੀ ਅਸਲੀ ਰੰਗਾਂ ਨਾਲ ਭਰੀ ਹੋਵੇ, ਚਿਹਰਿਆਂ ...
(25 ਮਾਰਚ 2024)
ਇਸ ਸਮੇਂ ਪਾਠਕ: 345.


ਹੋਲੀ ਦਾ ਤਿਉਹਾਰ ਰੰਗਾਂ ਦਾ ਤਿਉਹਾਰ ਹੈ ਅਤੇ ਇਹ ਫੱਗਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ
ਇਸ ਦਿਨ ਨਾਲ ਕਈ ਕਥਾਵਾਂ ਜੋੜੀਆਂ ਹੋਈਆਂ ਹਨਸ਼ਿਵ ਜੀ ਵੱਲੋਂ ਕਾਮਦੇਵ ਨੂੰ ਭਸਮ ਕਰਨ ਦੀ, ਭਗਵਾਨ ਕ੍ਰਿਸ਼ਨ ਵੱਲੋਂ ਪੂਤਨਾ ਨੂੰ ਮਾਰਨ ਦੀ ਕਥਾ ਆਦਿਪਰ ਮੁੱਖ ਤੌਰ ’ਤੇ ਵਰਣਨ ਹੋਲਿਕਾ ਅਤੇ ਪ੍ਰਹਿਲਾਦ ਦੀ ਪੌਰਾਣਿਕ ਕਥਾ ਦਾ ਹੀ ਹੁੰਦਾ ਹੈਹੋਲਿਕਾ ਹਰਨਾਖਸ਼ ਦੀ ਭੈਣ ਅਤੇ ਵਿਸ਼ਨੂੰ ਭਗਤ ਪ੍ਰਹਿਲਾਦ ਦੀ ਭੂਆ ਸੀਕਿਹਾ ਜਾਂਦਾ ਹੈ ਕਿ ਉਸ ਨੂੰ ਵਰ ਪ੍ਰਾਪਤ ਸੀ ਜੇਕਰ ਉਹ ਆਪਣੀ ਚਾਦਰ ਵਿੱਚ ਲਿਪਟ ਕੇ ਅੱਗ ਵਿੱਚ ਵੀ ਬੈਠ ਜਾਵੇ ਤਾਂ ਅੱਗ ਉਸ ਨੂੰ ਸਾੜ ਨਹੀਂ ਸਕਦੀ ਸੀਉਸ ਨੇ ਆਪਣੇ ਰਾਖ਼ਸ਼ ਭਰਾ ਦੇ ਮੋਹ ਵਿੱਚ ਫਸ ਕੇ ਆਪਣੇ ਹੀ ਪਵਿੱਤਰ ਰੂਹ ਭਤੀਜੇ ਪ੍ਰਹਿਲਾਦ ਨੂੰ ਅੱਗ ਵਿੱਚ ਸਾੜਨ ਦੀ ਯੋਜਨਾ ਬਣਾਈਆਪਣੇ ਆਲੇ ਦੁਆਲੇ ਚਾਦਰ ਲਪੇਟ ਕੇ ਲੱਕੜੀਆਂ ਚਿਣਾ ਕੇ ਵਿਚਕਾਰ ਬੈਠ ਗਈ ਅਤੇ ਪ੍ਰਹਿਲਾਦ ਨੂੰ ਗੋਦ ਵਿੱਚ ਬਿਠਾ ਲਿਆਲੱਕੜੀਆਂ ਨੂੰ ਅੱਗ ਲਾ ਦਿੱਤੀ ਗਈਕਹਿੰਦੇ ਨੇ ਭਗਵਾਨ ਦੀ ਐਸੀ ਕਰਨੀ ਹੋਈ ਕਿ ਚਾਦਰ ਉਡ ਕੇ ਪ੍ਰਹਿਲਾਦ ਉੱਪਰ ਜਾ ਪਈ ਅਤੇ ਹੋਲਿਕਾ ਆਪ ਸੜ ਮਰੀਇਸ ਲਈ ਇਸ ਤਿਉਹਾਰ ਨੂੰ ਬੁਰਿਆਈ ਉੱਤੇ ਚੰਗਿਆਈ ਦੀ ਜਿੱਤ ਵਜੋਂ ਵੀ ਜਾਣਿਆ ਜਾਂਦਾ ਹੈਇਸ ਦਿਨ ਲੋਕ ਇੱਕ ਦੂਜੇ ਨੂੰ ਰੰਗ ਲਗਾਉਂਦੇ ਅਤੇ ਖੁਸ਼ੀਆਂ ਵੰਡਦੇ ਹਨਮਨਾਂ ਦੀ ਕੜਵਾਹਟ ਦੂਰ ਹੁੰਦੀ ਹੈ ਅਤੇ ਨੱਚਦੇ ਟੱਪਦੇ ਬੱਚੇ, ਬੁੱਢੇ ਅਤੇ ਜਵਾਨ ਇੱਕ ਦੂਜੇ ਉੱਤੇ ਰੰਗ ਪਾਉਂਦੇ ਹਨ

ਭਾਵੇਂ ਇਸ ਦਿਨ ਕਈ ਲੋਕ ਢੋਲ-ਢਮੱਕਿਆਂ ਨਾਲ ਨੱਚ ਗਾ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਨਵੱਖਰੇ ਵੱਖਰੇ ਸੁਭਾਅ ਹੋਣ ਕਾਰਨ ਹਰ ਕੋਈ ਇਸ ਤਰ੍ਹਾਂ ਨਹੀਂ ਕਰ ਸਕਦਾਕਈ ਇਸ ਤਰ੍ਹਾਂ ਖੁਸ਼ੀ ਮਨਾਉਂਦੀ ਭੀੜ ਨੂੰ ਦੇਖ ਕੇ ਹੀ ਖੁਸ਼ ਹੋ ਲੈਂਦੇ ਹਨਕਈ ਆਪਣੇ ਬੂਹੇ ਭੇੜ ਲੈਂਦੇ ਹਨ ਉਹਨਾਂ ਨੂੰ ਡਰ ਹੁੰਦਾ ਹੈ ਕਿ ਐਵੇਂ ਨਾ ਕੋਈ ਰੰਗ ਅੱਖਾਂ ਵਿੱਚ ਪਾ ਜਾਵੇਕਈ ਅਕਲ ਵਿਹੂਣੇ ਆਪਣਾ ਮੂੰਹ ਸਿਰ ਰੰਗ ਕੇ ਹੁੱਲੜ੍ਹਬਾਜ਼ੀ ਕਰਦੇ ਹਨ, ਆਪਣੇ ਦੋ ਪਹੀਆ ਵਾਹਨਾਂ ਨੂੰ ਤੇਜ਼ੀ ਨਾਲ ਭਜਾਉਂਦੇ ਰੌਲਾ ਰੱਪਾ ਕਰਦੇ ਅਣਜਾਣ ਲੋਕਾਂ ਉੱਤੇ ਵੀ ਰੰਗ ਸੁੱਟਦੇ ਜਾਂਦੇ ਹਨਉਹਨਾਂ ਦੇ ਦਿਮਾਗ਼ ਉੱਤੇ ਫਤੂਰ ਛਾਇਆ ਹੁੰਦਾ ਹੈ ਉਹ ਇਹ ਨਹੀਂ ਸੋਚਦੇ ਕਿ ਜ਼ਿੰਦਗੀ ਦੁੱਖਾਂ ਸੁੱਖਾਂ ਦਾ ਮਿਸ਼ਰਣ ਹੈ, ਹੋ ਸਕਦਾ ਹੈ ਕੋਈ ਬੰਦਾ ਘਰੋਂ ਕਿਸੇ ਦੇ ਦੁੱਖ ਵਿੱਚ ਸ਼ਾਮਲ ਹੋਣ ਲਈ ਨਿਕਲਿਆ ਹੋਵੇਖੁਸ਼ੀ ਮਨਾਉਣੀ ਠੀਕ ਹੈ ਪਰ ਦਾਇਰੇ ਵਿੱਚ ਰਹਿ ਕੇ ਮਨਾਈ ਜਾਵੇ ਤਾਂ ਚੰਗੀ ਗੱਲ ਹੈਇੱਕ ਦੂਜੇ ਉੱਤੇ ਸੁੱਟੇ ਜਾਣ ਵਾਲੇ ਰੰਗ ਬਨਾਵਟੀ ਹੁੰਦੇ ਹਨ ਇਹਨਾਂ ਵਿਚਲੇ ਕੈਮੀਕਲ ਅੱਖਾਂ ਵਿੱਚ ਚਲੇ ਜਾਣ ਅੱਖਾਂ ਦਾ ਨੁਕਸਾਨ ਹੋ ਸਕਦਾ ਹੈ ਅਤੇ ਕਈਆਂ ਦੀ ਚਮੜੀ ਨੂੰ ਜਲਣ ਹੋਣ ਲੱਗ ਪੈਂਦੀ ਹੈਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਸਾਨੂੰ ਇਸ ਖੂਬਸੂਰਤ ਤਿਉਹਾਰ ਨੂੰ ਮਨਾਉਣਾ ਚਾਹੀਦਾ ਹੈਬਹੁਤੀ ਵਾਰ ਇਹ ਹੁੰਦਾ ਹੈ ਕਿ ਉਸ ਸਮੇਂ ਚਾਂਭਲ ਕੇ ਕੀਤੀਆਂ ਗਲਤੀਆਂ ਡਾਕਟਰਾਂ ਦੇ ਵੱਸ ਪਾ ਦਿੰਦੀਆਂ ਹਨਕਈ ਲੋਕ ਬੜੇ ਸਲੀਕੇ ਨਾਲ ਪਲੇਟ ਵਿੱਚ ਰੰਗ ਰੱਖਣਗੇ, ਦੂਜਿਆਂ ਦੇ ਘਰ ਜਾਣਗੇ ਜਾਂ ਫਿਰ ਆਪਣੇ ਘਰ ਆਉਣ ਵਾਲਿਆਂ ਦੇ ਉਂਗਲੀਆਂ ਦੇ ਪੋਟਿਆਂ ਨਾਲ ਥੋੜ੍ਹਾ ਥੋੜ੍ਹਾ ਰੰਗ ਲਗਾ ਦੇਣਗੇਖ਼ੈਰ ਸਭ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈਛੋਟੇ ਬੱਚੇ ਇਸ ਦਿਨ ਬਹੁਤ ਖੁਸ਼ ਹੁੰਦੇ ਹਨ ਉਹਨਾਂ ਨੂੰ ਪਾਣੀ ਵਿੱਚ ਭਿੱਜਣਾ ਬੜਾ ਚੰਗਾ ਲਗਦਾ ਹੈਭਾਵੇਂ ਇਸ ਤੋਂ ਬਾਅਦ ਕਈ ਕਈ ਦਿਨ ਇਹਨਾਂ ਦੇ ਨੱਕ ਕਿਉਂ ਨਾ ਵਗਦੇ ਰਹਿਣ ਪਰ ਮਾਪੇ ਵੀ ਉਹਨਾਂ ਦੀ ਖੁਸ਼ੀ ਲਈ ਉਹਨਾਂ ਨੂੰ ਮਸਤੀ ਕਰਨ ਦਿੰਦੇ ਹਨਉਹਨਾਂ ਅਣਭੋਲ ਬੱਚਿਆਂ ਨਾਲ ਉਹਨਾਂ ਦੇ ਮਾਪਿਆਂ ਜਾਂ ਕਿਸੇ ਵੀ ਸਿਆਣੇ ਬੰਦੇ ਦਾ ਰਹਿਣਾ ਬਹੁਤ ਜ਼ਰੂਰੀ ਹੈ

ਅਸਲ ਵਿੱਚ ਸਰਦੀ ਰੁੱਤ ਜਾ ਰਹੀ ਹੁੰਦੀ ਹੈ ਅਤੇ ਗਰਮੀ ਦੀ ਆਮਦ ਸ਼ੁਰੂ ਹੁੰਦੀ ਹੈਸਰਦੀਆਂ ਦੀ ਝੰਬੀ ਬਨਸਪਤੀ ਐਸੀ ਅੰਗੜਾਈ ਭਰਦੀ ਹੈ, ਕਰੂੰਬਲਾਂ ਫੁੱਟ ਪੈਂਦੀਆਂ ਹਨ, ਫੁੱਲ ਖਿੜਦੇ ਹਨ, ਪੰਛੀ ਚਹਿਚਹਾਉਂਦੇ ਹਨਕੁਦਰਤ ਨੇ ਧਰਤੀ ਉੱਤੇ ਭਾਂਤ-ਸੁਭਾਂਤੇ ਰੰਗਾਂ ਦਾ ਅਜਿਹਾ ਛਿੱਟਾ ਮਾਰਿਆ ਹੁੰਦਾ ਹੈ, ਜਿਸ ਨਾਲ ਰੁੱਖਾਂ, ਵੇਲ ਬੂਟਿਆਂ ਦੇ ਨਵੇਂ ਪੁੰਗਰੇ ਪੱਤੇ ਲਿਸ਼ਕਾਂ ਮਾਰਦੇ ਹਨ, ਜਿਵੇਂ ਕੁਦਰਤ ਮਾਂ ਨੇ ਉਹਨਾਂ ਨੂੰ ਨੁਹਾ ਧੁਆ ਕੇ ਤੇਲ ਲਾ ਕੇ ਲਿਸ਼ਕਾਇਆ ਹੋਵੇ, ਸੁਹਣੇ ਸੁਹਣੇ ਰਿਬਨਾਂ ਦੇ ਫੁੱਲ ਬਣਾ ਕੇ ਸਿਰ ਗੁੰਦੇ ਹੋਣਬਸੰਤ ਰੁੱਤ ਪੂਰੇ ਜੋਬਨ ’ਤੇ ਹੁੰਦੀ ਹੈਇਹਨਾਂ ਫੁੱਲ-ਪੱਤਿਆਂ ਨੂੰ ਨਿਹਾਰਨ ਨਾਲ ਹੀ ਮਨ ਅਨੰਦਿਤ ਹੋ ਜਾਂਦਾ ਹੈ, ਅੱਖਾਂ ਚਮਕ ਪੈਂਦੀਆਂ ਹਨਬੁੱਲ੍ਹਾਂ ’ਤੇ ਮੁਸਕਰਾਹਟ ਫੈਲ ਜਾਂਦੀ ਹੈਮਨ ਵਿਸਮਾਦ ਵਿੱਚ ਆ ਜਾਂਦਾ ਹੈ, ਕੁਦਰਤ ਅਤੇ ਕਾਦਰ, ਦੋਵਾਂ ਅੱਗੇ ਸਿਰ ਝੁਕਦਾ ਹੈਜਦੋਂ ਕਾਦਰ ਦੇ ਬਣਾਏ ਬੇਅੰਤ ਰੰਗ ਮਨ ਨੂੰ ਖੁਸ਼ੀ ਨਾਲ ਭਰ ਦੇਣ, ਅੰਦਰ ਸੰਗੀਤ ਦੀਆਂ ਧੁਨਾਂ ਗੂੰਜਣ ਲੱਗ ਪੈਣ, ਫਿਰ ਨਕਲੀ ਰੰਗ ਬੇਮਤਲਬ ਲੱਗਦੇ ਹਨਗੁਰੂ ਨਾਨਕ ਪਾਤਸ਼ਾਹ ਤਾਂ ਹੀ ਤਾਂ ਇਸ ਕੁਦਰਤ ਨੂੰ ਬਣਾਉਣ ਵਾਲੇ ਕਾਦਰ ਤੋਂ ਸਦਕੇ ਜਾਂਦੇ ਆਖ ਰਹੇ ਨੇ - ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨ ਜਾਈ ਲਖਿਆ

ਇਹ ਤਿਉਹਾਰ ਸਿਰਫ਼ ਨੱਚਣ ਕੁੱਦਣ ਜਾਂ ਰੰਗ ਉਡਾਉਣ ਲਈ ਹੀ ਨਹੀਂ ਹੁੰਦੇ ਸਗੋਂ ਜਿੰਨਾ ਕੁ ਸਾਡੇ ਵੱਸ ਹੈ, ਖੁਸ਼ੀਆਂ ਵੰਡੀਏਆਪਣੇ ਹੱਕਾਂ ਦੀ ਗੱਲ ਕਰਦੇ ਹੋਏ ਆਪਣੇ ਫਰਜ਼ਾਂ ਨੂੰ ਵੀ ਨਿਭਾਈਏਸੁਹਣਾ ਸੋਚੀਏ, ਸੁਹਣਾ ਬੋਲੀਏ ਅਤੇ ਸੁਹਣੇ ਕੰਮ ਕਰੀਏਜੋ ਸਮੱਸਿਆਵਾਂ ਮਨੁੱਖਤਾ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ, ਉਹਨਾਂ ਨੂੰ ਹੱਲ ਕਰਨ ਦੇ ਢੰਗ ਤਰੀਕੇ ਲੱਭ ਕੇ ਅਮਲ ਵਿੱਚ ਲਿਆਈਏਇਹ ਰੁੱਤ ਖੇੜਿਆਂ ਦੀ ਰੁੱਤ ਹੈ, ਇਸ ਨੂੰ ਖਿੜੀ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਈਏਰੁੱਖਾਂ ਨੂੰ ਵਧਣ ਫੁੱਲਣ ਲਈ ਹਵਾ, ਮਿੱਟੀ, ਪਾਣੀ ਦੀ ਜ਼ਰੂਰਤ ਹੈ, ਉਹਨਾਂ ਨੂੰ ਸਾਫ਼ ਸੁਥਰੇ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਈਏਐਸੇ ਸਮਾਜ ਦੀ ਸਿਰਜਣਾ ਵੱਲ ਕਦਮ ਵਧਾਈਏ, ਜਿੱਥੇ ਇਨਸਾਨ ਦੀ ਜ਼ਿੰਦਗੀ ਅਸਲੀ ਰੰਗਾਂ ਨਾਲ ਭਰੀ ਹੋਵੇ, ਚਿਹਰਿਆਂ ਉੱਤੇ ਨਕਲੀ ਰੰਗਾਂ ਦੀਆਂ ਪਰਤਾਂ ਚੜ੍ਹਾਉਣ ਦੀ ਲੋੜ ਹੀ ਨਾ ਪਵੇ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4833)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author