“ਜੀਤੇ ਨੇ ਪਿੱਛੇ ਮੁੜ ਕੇ ਦੇਖਿਆ। ਦੀਪ ਦਾ ਮੂੰਹ ਲਾਲ ਤੇ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਜਿਵੇਂ ਉਸ ਨੂੰ ਕੁਝ ਨਵਾਂ ...”
(4 ਜੁਲਾਈ 2022)
ਮਹਿਮਾਨ: 184.
ਪ੍ਰਿੰਸੀਪਲ ਸਾਹਿਬਾ ਨੇ ਜਦੋਂ ਬੱਚਿਆਂ ਨੂੰ ਕੁਝ ਜ਼ਰੂਰੀ ਗੱਲਾਂ ਸਮਝਾਉਣੀਆਂ ਹੁੰਦੀਆਂ ਤਾਂ ਉਹ ਸਵੇਰ ਦੀ ਸਭਾ ਵੇਲੇ ਪ੍ਰਾਰਥਨਾ ਤੋਂ ਬਾਅਦ ਤੀਜੀ ਤੋਂ ਬਾਰ੍ਹਵੀਂ ਤਕ ਦੇ ਬੱਚਿਆਂ ਨੂੰ ਇੱਕ ਥਾਂ ਇਕੱਠੇ ਕਰ ਲੈਂਦੇ। ਅੱਜ ਵੀ ਉਹ ਬੱਚਿਆਂ ਨੂੰ ਕੁਝ ਗੱਲਾਂ ਸਮਝਾ ਰਹੇ ਸਨ। ਇਹ ਗੱਲਾਂ ਸਨ-ਪੜ੍ਹਾਈ ਬਾਰੇ, ਮਾਪੇ ਤੇ ਅਧਿਆਪਕਾਂ ਦਾ ਕਹਿਣਾ ਮੰਨਣ ਬਾਰੇ, ਸਕੂਲ ਵਿੱਚ ਅਨੁਸ਼ਾਸਨ ਵਿੱਚ ਰਹਿਣ ਬਾਰੇ ਅਤੇ ਹੋਰ ਬਹੁਤ ਸਾਰੀਆਂ ਚੰਗੀਆਂ ਗੱਲਾਂ। ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਕਿਹਾ ਕਿ ਸਾਨੂੰ ਕਿਸੇ ਵੱਲ ਵੀ ਬਿਨਾਂ ਸੋਚੇ ਸਮਝੇ ਉਂਗਲ ਨਹੀਂ ਕਰਨੀ ਚਾਹੀਦੀ ਮਤਲਬ ਕਿਸੇ ’ਤੇ ਝੂਠਾ ਦੋਸ਼ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਜੇ ਅਸੀਂ ਕਿਸੇ ਵੱਲ ਇੱਕ ਉਂਗਲ ਕਰਾਂਗੇ ਤਾਂ ਤਿੰਨ ਸਾਡੇ ਵੱਲ ਹੁੰਦੀਆਂ ਹਨ ਯਾਨੀ ਕਿ ਅਸੀਂ ਵੀ ਦੋਸ਼ ਮੁਕਤ ਨਹੀਂ ਹੁੰਦੇ। ਦੋਸ਼ ਮੁਕਤ ਸ਼ਬਦ ਪ੍ਰਿੰਸੀਪਲ ਮੈਡਮ ਨੇ ਕਈ ਵਾਰ ਵਰਤਿਆ ਸੀ।
ਦੀਪ ਨੂੰ ਕੁਝ ਸਮਝ ਨਹੀਂ ਸੀ ਆ ਰਹੀ। ਉਹ ਨਾਲ ਬੈਠੇ ਬੱਚਿਆਂ ਤੋਂ ਚੋਰੀ ਇੱਕ ਉਂਗਲ ਸਾਹਮਣੇ ਵੱਲ ਕਰਦਾ ਤਾਂ ਤਿੰਨ ਉਸ ਵੱਲ ਹੁੰਦੀਆਂ। ਉਹ ਛੇਤੀ ਨਾਲ ਮੁੱਠੀ ਖੋਲ੍ਹ ਲੈਂਦਾ। ਉਸ ਨੂੰ ਲੱਗਦਾ ਕਿ ਸ਼ਾਇਦ ਇਸ ਤਰ੍ਹਾਂ ਕਰਨਾ ਠੀਕ ਨਹੀਂ ਹੁੰਦਾ। ਅੰਗੂਠੇ ਨੂੰ ਕਦੇ ਉਹ ਸਿੱਧੀ ਉਂਗਲੀ ਦੇ ਬਰਾਬਰ ਜੋੜ ਲੈਂਦਾ, ਕਦੇ ਬਾਕੀ ਤਿੰਨ ਉਂਗਲਾਂ ਦੇ ਉੱਪਰ ਰੱਖਦਾ, ਕਦੇ ਉਹਨਾਂ ਦੇ ਹੇਠ ਲੁਕੋ ਲੈਂਦਾ। ਇਹ ਸਭ ਉਹ ਮੈਡਮ ਦੀ ਕਹੀ ਗੱਲ ’ਤੇ ਤਜਰਬਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅੰਗੂਠੇ ਦੀ ਤਾਂ ਮੈਡਮ ਨੇ ਗੱਲ ਹੀ ਨਹੀਂ ਸੀ ਕੀਤੀ। ਇਸ ਲਈ ਦੋ ਕੁ ਵਾਰ ਪ੍ਰਯੋਗ ਵਿੱਚ ਲਿਆਉਣ ਤੋਂ ਬਾਅਦ ਉਸ ’ਤੇ ਕੋਸ਼ਿਸ਼ ਕਰਨੀ ਛੱਡ ਦਿੱਤੀ। ਦੀਪ ਤੋਂ ਇਲਾਵਾ ਹੋਰ ਬੱਚਿਆਂ ਨੇ ਵੀ ਇਹ ਪ੍ਰਯੋਗ ਕਰ ਕੇ ਦੇਖ ਲਏ ਸਨ। ਦੀਪ ਬਾਕੀਆਂ ਨਾਲੋਂ ਇਸ ਮਾਮਲੇ ਵਿੱਚ ਜ਼ਿਆਦਾ ਹੀ ਗੰਭੀਰ ਸੀ। ਇੰਨੇ ਨੂੰ ਪ੍ਰਿੰਸੀਪਲ ਸਾਹਿਬਾਨ ਜੀ ਦੀ ਆਗਿਆ ਨਾਲ ਸਾਰੇ ਬੱਚੇ ਕਤਾਰਾਂ ਬਣਾ ਕੇ ਵਾਰੀ ਵਾਰੀ ਨਾਲ ਆਪਣੀ ਜਮਾਤ ਦੇ ਕਮਰਿਆਂ ਵਿੱਚ ਚਲੇ ਗਏ। ਜਮਾਤ ਵਿੱਚ ਜਾਂਦਿਆਂ ਵੀ ਦੀਪ ਦੀ ਉਂਗਲੀ ਕਈ ਵਾਰ ਸਿੱਧੀ ਹੋਈ ਪਰ ਉਹ ਫਟਾਫਟ ਹੱਥ ਸਿੱਧਾ ਕਰ ਲੈਂਦਾ ਸੀ। ਸਾਰਾ ਦਿਨ ਬੱਚੇ ਬੜੇ ਅਨੁਸ਼ਾਸਨ ਵਿੱਚ ਰਹੇ। ਜੇ ਕੋਈ ਬੱਚਾ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਨਾਲ ਦੇ ਬੱਚੇ ਉਸ ਨੂੰ ਪ੍ਰਿੰਸੀਪਲ ਮੈਡਮ ਦੀਆਂ ਗੱਲਾਂ ਚੇਤੇ ਕਰਵਾ ਦਿੰਦੇ।
ਛੁੱਟੀ ਤੋਂ ਬਾਅਦ ਦੀਪ ਹਮੇਸ਼ਾ ਦੀ ਤਰ੍ਹਾਂ ਆਪਣੇ ਵੱਡੇ ਭਰਾ ਜੀਤੇ ਨਾਲ ਪਿੰਡ ਵੱਲ ਨੂੰ ਤੁਰ ਪਿਆ। ਜੀਤਾ ਬਾਰ੍ਹਵੀਂ ਵਿੱਚ ਪੜ੍ਹਦਾ ਸੀ ਤੇ ਦੀਪ ਨਾਲੋਂ ਅੱਠ ਨੌਂ ਸਾਲ ਵੱਡਾ ਸੀ। ਦੀਪ ਦੇ ਦਿਮਾਗ ਵਿੱਚ ਹੁਣ ਤਕ ਪ੍ਰਿੰਸੀਪਲ ਸਾਹਿਬਾਨ ਦੀਆਂ ਗੱਲਾਂ ਘੁੰਮ ਰਹੀਆਂ ਸਨ। ਖਾਸ ਕਰਕੇ ਉਂਗਲ ਕਰਨ ਵਾਲੀ ਗੱਲ।
ਦੀਪ ਆਪਣੇ ਭਾਰੇ ਬਸਤੇ ਨੂੰ ਮੋਢਿਆਂ ’ਤੇ ਠੀਕ ਕਰਦਾ ਹੋਇਆ ਭੱਜ ਕੇ ਆਪਣੇ ਭਰਾ ਦੇ ਬਰਾਬਰ ਹੋ ਕੇ ਬੋਲਿਆ, “ਵੀਰ ਜੀ! ਦੋਸ਼ਮੁਕਤ ਕੀ ਹੁੰਦਾ ਹੈ?” ਜੀਤੇ ਨੇ ਪਹਿਲਾਂ ਤਾਂ ਦੀਪ ਦਾ ਬਸਤਾ ਠੀਕ ਕੀਤਾ ਤੇ ਫਿਰ ਬੋਲਿਆ, “ਦੋਸ਼ ਮੁਕਤ ਉਹ ਹੁੰਦਾ ਹੈ … … ਜਿਸ ਵਿੱਚ ਕੋਈ ਦੋਸ਼ ਨਾ ਹੋਵੇ। ਜਿਸ ਨੇ ਕਦੇ ਵੀ ਕੋਈ ਗਲਤ ਕੰਮ ਨਾ ਕੀਤਾ ਹੋਵੇ।”
“ਵੀਰ ਜੀ! ਜਦੋਂ ਅਸੀਂ ਉਂਗਲ ਕਰਦੇ ਆਂ ਤਾਂ ਇਹ ਗਲਤ ਕੰਮ ਹੁੰਦਾ ਹੈ? ਜਿਹੜੇ ਉਂਗਲ ਨਹੀਂ ਕਰਦੇ ਉਹ ਦੋਸ਼ ਮੁਕਤ ਹੁੰਦੇ ਨੇ ਨਾ?” ਦੀਪ ਨੇ ਕਾਹਲੀ ਨਾਲ ਪੁੱਛਿਆ।
“ਕਈ ਵਾਰ ਜਦੋਂ ਅਸੀਂ ਇਸ਼ਾਰਾ ਕਰਨਾ ਹੋਵੇ ਫਿਰ ਵੀ ਅਸੀਂ ਉਂਗਲ ਨਾਲ ਇਸ਼ਾਰਾ ਕਰਕੇ ਹੀ ਦੱਸਦੇ ਹਾਂ।”
“ਫੇਰ ਜਿਹੜੇ ਉਂਗਲ ਨਹੀਂ ਕਰਦੇ, ਉਹ ਦੋਸ਼ ਮੁਕਤ ਹੁੰਦੇ ਨੇ … …? ਦੀਪ ਨੇ ਫਿਰ ਪੁੱਛਿਆ।
ਦੀਪ ਜੀਤੇ ਨੂੰ ਉਸ ਵੇਲੇ ਹੀ ’ਵੀਰ ਜੀ’ ਕਹਿ ਕੇ ਬੁਲਾਉਂਦਾ ਸੀ ਜਦੋਂ ਉਸ ਨੂੰ ਕੋਈ ਗੱਲ ਪੁੱਛਣੀ ਹੁੰਦੀ ਜਾਂ ਉਸ ਨੇ ਆਪਣਾ ਕੋਈ ਕੰਮ ਕਰਵਾਉਣਾ ਹੁੰਦਾ। ਜੀਤੇ ਨੂੰ ਦੀਪ ਦਾ ’ਵੀਰ ਜੀ’ ਕਹਿਣਾ ਚੰਗਾ ਲੱਗ ਰਿਹਾ ਸੀ ਅਤੇ ਉਹ ਮੁਸਕਰਾ ਰਿਹਾ ਸੀ। ਦੀਪ ਨੇ ਜਵਾਬ ਜਾਣਨ ਲਈ ਭਰਾ ਦਾ ਹੱਥ ਫੜ ਕੇ ਹਲੂਣਿਆ।
“ਹਾਂ … … ਪਰ ਸ਼ਾਇਦ ਕੋਈ ਵੀ ਦੋਸ਼ ਮੁਕਤ ਨਹੀਂ ਹੁੰਦਾ। ਕਿਤੇ ਨਾ ਕਿਤੇ ਜਾਣੇ ਅਣਜਾਣੇ ਹਰ ਬੰਦੇ ਤੋਂ ਕੋਈ ਨਾ ਕੋਈ ਗਲਤੀ ਹੋ ਜਾਂਦੀ ਐ। ਦਾਦਾ ਜੀ ਆਖਦੇ ਹੁੰਦੇ ਐ।”
ਇਸ ਤੋਂ ਪਹਿਲਾਂ ਕਿ ਦੀਪ ਹੋਰ ਸਵਾਲ ਪੁੱਛਦਾ ਜੀਤੇ ਨੇ ਕਿਹਾ, “ਅੱਛਾ … ਤੂੰ ਹੁਣ ਚੁੱਪ ਕਰ, ਅਜੇ ਤੂੰ ਛੋਟਾ ਏਂ … … ਤੈਨੂੰ ਕੁਛ ਵੀ ਸਮਝ ਨਹੀਂ ਪੈਣਾ।”
ਦੀਪ ਚੁੱਪ ਤਾਂ ਕਰ ਗਿਆ ਪਰ ਉਸ ਨੂੰ ਬੁਰਾ ਲੱਗਿਆ। ਉਸ ਦੇ ਦਿਮਾਗ ਵਿੱਚ ਇਹ ਗੱਲ ਬੈਠ ਗਈ ਕਿ ਜੇ ਅਸੀਂ ਕਿਸੇ ਵੱਲ ਉਂਗਲ ਕਰਦੇ ਹਾਂ ਤਾਂ ਇਹ ਠੀਕ ਨਹੀਂ ਹੁੰਦਾ। ਉਸ ਦੇ ਬਾਲ ਮਨ ਅੰਦਰ ਕਈ ਸਵਾਲ ਉੱਠ ਰਹੇ ਸਨ। ਪਰ ਭਰਾ ਦੀ ਹਲਕੀ ਝਿੜਕ ਨੇ ਉਸ ਨੂੰ ਚੁੱਪ ਕਰਾ ਦਿੱਤਾ ਤੇ ਉਹ ਸੋਚ ਰਿਹਾ ਸੀ ਕਿ ਉਸ ਨੇ ਅੱਜ ਕਿੰਨੀ ਵਾਰੀ ਵੀਰੇ ਨੂੰ ‘ਵੀਰ ਜੀ’ ਕਿਹਾ ਸੀ ਫਿਰ ਵੀ ਵੀਰੇ ਨੇ ਉਸ ਨੂੰ ਝਿੜਕਿਆ। ਇਹ ਸੋਚਦਿਆਂ ਉਸ ਦੀਆਂ ਗੱਲ੍ਹਾਂ ਹੋਰ ਵੀ ਫੁੱਲ ਗਈਆਂ ਤੇ ਬੁੱਲ੍ਹ ਢਿੱਲੇ ਹੋ ਗਏ।
ਇੱਕ ਬਜ਼ੁਰਗ ਉਨ੍ਹਾਂ ਤੋਂ ਥੋੜ੍ਹਾ ਪਿੱਛੇ ਦੋਵਾਂ ਭਰਾਵਾਂ ਦੀਆਂ ਗੱਲਾਂ ਸੁਣਦਾ ਆ ਰਿਹਾ ਸੀ। ਉਸ ਨੇ ਕਿਹਾ, “ਅੱਜ ਕੱਲ੍ਹ ਤਾਂ ਭਾਈ ਜੇ ਸਾਡੇ ਤੋਂ ਗਲਤ ਕੰਮ ਹੋ ਵੀ ਜਾਵੇ … … ਉਹ ਵੀ ਅਸੀਂ ਸੋਚਦੇ ਆਂ ਕਿ ਦੂਜੇ ’ਤੇ ਸਾਰਾ ਇਲਜ਼ਾਮ ਕਿਵੇਂ ਲਾਈਏ। ਸਾਰਿਆਂ ਵਿੱਚ ਕੋਈ ਨਾ ਕੋਈ ਨੁਕਸ ਤਾਂ ਹੁੰਦਾ ਹੈ, ਪਰ ਆਪਣਾ ਦੋਸ਼ ਕਿਸੇ ਨੂੰ ਨਹੀਂ ਦਿਸਦਾ। ਸਭ ਨੂੰ ਦੂਜਿਆਂ ਦੇ ਦੋਸ਼ ਈ ਨਜ਼ਰ ਆਉਂਦੇ ਨੇ।”
ਬਜ਼ੁਰਗ ਬਿਨਾਂ ਜਵਾਬ ਉਡੀਕਿਆਂ ਹੀ ਆਪਣੇ ਖੇਤਾਂ ਵੱਲ ਮੁੜ ਗਿਆ। ਜੀਤਾ ਬਜ਼ੁਰਗ ਦੀ ਗੱਲ ਦੀ ਸਚਾਈ ਬਾਰੇ ਸੋਚ ਰਿਹਾ ਸੀ। ਇਸ ਸਮੇਂ ਦੀਪ ਆਪਣੀ ਮੁੱਠੀ ਬੰਦ ਕਰਕੇ ਉਂਗਲੀਆਂ ਸਿੱਧੀਆਂ ਕਰਦਾ ਤਿੰਨ ਉਂਗਲਾਂ ਉਸ ਵੱਲ ਹੁੰਦੀਆਂ, ਉਹ ਛੇਤੀ ਨਾਲ ਮੁੱਠੀ ਖੋਲ੍ਹ ਲੈਂਦਾ।
ਕਈ ਵਾਰ ਦੀਪ ਨੂੰ ਜੀਤੇ ਨਾਲ ਈਰਖਾ ਹੋਣ ਲਗਦੀ ਕਿ ਜੀਤੇ ਨੂੰ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਹੈ। ਕਈ ਵਾਰ ਉਹ ਆਪਣੇ ਵੀਰੇ ’ਤੇ ਬਹੁਤ ਮਾਣ ਕਰਦਾ। ਉਹ ਦੋਸਤਾਂ ਸਾਹਮਣੇ ਆਪਣੇ ਵੀਰੇ ਦੀਆਂ ਗੱਲਾਂ ਵਧਾ ਚੜ੍ਹਾ ਕੇ ਵੀ ਦੱਸਦਾ ਕਿ ਕਿਵੇਂ ਉਸ ਦੇ ਵੀਰੇ ਨੂੰ ਹਰ ਗੱਲ ਦਾ ਜਵਾਬ ਪਤਾ ਹੁੰਦਾ ਹੈ।
ਦੀਪ ਕੁਝ ਨਹੀਂ ਸੀ ਬੋਲ ਰਿਹਾ। ਉਹ ਚੁੱਪ ਚਾਪ ਤੁਰਿਆ ਜਾ ਰਿਹਾ ਸੀ। ਜੀਤੇ ਨੇ ਕਈ ਵਾਰ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਬੋਲਿਆ। ਜੀਤੇ ਨੇ ਕਿਹਾ ਕਿ ਘਰ ਜਾ ਕੇ ਉਸ ਦੇ ਸਾਰੇ ਸਵਾਲਾਂ ਦੇ ਜਵਾਬ ਦੇਵੇਗਾ।
“ਮੈਂ ਦਾਦਾ ਜੀ ਨੂੰ ਪੁੱਛ ਲਾਂਗਾ।” ਦੀਪੇ ਨੇ ਪੋਲਾ ਜਿਹਾ ਮੂੰਹ ਬਣਾ ਕੇ ਆਖਿਆ।
ਜੀਤੇ ਨੇ ਕਈ ਵਾਰ ਦੀਪ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ।
“ਆਹ ਬਸਤਾ ਮੈਨੂੰ ਫੜਾ ਦੇ ਥੋੜ੍ਹੀ ਦੇਰ … … ਭਾਰਾ ਐ।” ਜੀਤੇ ਨੇ ਬਸਤੇ ਨੂੰ ਹੱਥ ਪਾਉਂਦਿਆਂ ਆਖਿਆ। ਦੀਪ ਨੇ ਝਟਕਾ ਜਿਹਾ ਮਾਰ ਕੇ ਬਸਤਾ ਉੱਪਰ ਨੂੰ ਚੁੱਕ ਲਿਆ ਅਤੇ ਕਿਹਾ, “ਨਹੀਂ, ਮੈਂ ਇਸ ਤੋਂ ਵੱਧ ਭਾਰ ਚੁੱਕ ਸਕਦਾਂ। ਦਾਦਾ ਜੀ ਕੋਲ ਬਿਠਾ ਕੇ ਦੁੱਧ ਦਾ ਗਲਾਸ ਭਰ ਕੇ ਪਿਆਉਂਦੇ ਨੇ … … ਕਹਿੰਦੇ ਦੁੱਧ ਪੀ ਕੇ ਜਿੰਨਾ ਮਰਜ਼ੀ ਭਾਰ ਚੁੱਕਿਆ ਜਾ ਸਕਦਾ ਆ।” ਜੀਤੇ ਨੂੰ ਯਾਦ ਆਇਆ ਕਿ ਦਾਦਾ ਜੀ ਇਸ ਨੂੰ ਦੁੱਧ ਪਿਆਉਣ ਲਈ ਬਹੁਤ ਗੱਲਾਂ ਸੁਣਾਉਂਦੇ ਹੁੰਦੇ ਨੇ।
ਜਦੋਂ ਉਹ ਪਿੰਡ ਪਹੁੰਚੇ ਤਾਂ ਇੱਕ ਪਾਸਿਓਂ ਔਰਤਾਂ ਦੇ ਝਗੜਨ ਦੀਆਂ ਆਵਾਜ਼ਾਂ ਆ ਰਹੀਆਂ ਸਨ। ਸਾਰੀ ਗਲੀ ਵਿੱਚ ਪਾਣੀ ਕਾਰਨ ਚਿੱਕੜ ਹੋਇਆ ਪਿਆ ਸੀ, ਜਿਵੇਂ ਕਿਸੇ ਨੇ ਪਾਣੀ ਨੂੰ ਅੱਗੇ ਜਾਣ ਤੋਂ ਰੋਕਿਆ ਹੋਵੇ। ਦੀਪ ਰੁਕਿਆ, ਪਰ ਜੀਤੇ ਨੇ ਉਸ ਨੂੰ ਚੱਲਣ ਲਈ ਕਿਹਾ। ਅਚਾਨਕ ਦੀਪ ਚੀਕਿਆ, “ਵੀਰੇ! ਔਹ ਦੇਖ।”
ਜੀਤੇ ਨੇ ਪਿੱਛੇ ਮੁੜ ਕੇ ਦੇਖਿਆ। ਦੀਪ ਦਾ ਮੂੰਹ ਲਾਲ ਤੇ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਜਿਵੇਂ ਉਸ ਨੂੰ ਕੁਝ ਨਵਾਂ ਲੱਭਿਆ ਹੋਵੇ। ਉਹ ਉਸ ਪਾਸੇ ਵੱਲ ਇਸ਼ਾਰਾ ਕਰ ਰਿਹਾ ਸੀ, ਜਿੱਧਰੋਂ ਝਗੜਨ ਦੀਆਂ ਆਵਾਜ਼ਾਂ ਆ ਰਹੀਆਂ ਸਨ।
“ਵੀਰੇ, ਔਹ ਦੇਖ … … ਦੋਸ਼ ਮੁਕਤ।” ਦੀਪ ਨੇ ਭਰਾ ਨੂੰ ਦੱਸ ਕੇ ਛੇਤੀ ਨਾਲ ਆਪਣੀ ਮੁੱਠੀ ਖੋਲ੍ਹੀ ਤੇ ਹੱਥ ਸਿੱਧਾ ਕਰ ਲਿਆ। ਜੀਤਾ ਦੇਖ ਕੇ ਹੱਕਾ ਬੱਕਾ ਰਹਿ ਗਿਆ। ਔਰਤਾਂ ਇੱਕ ਦੂਜੇ ਵੱਲ ਪੂਰੇ ਦਾ ਪੂਰਾ ਹੱਥ ਕਰਕੇ ਲੜ ਰਹੀਆਂ ਸਨ। ਸਾਰੀਆਂ ਉਂਗਲਾਂ ਤੇ ਸਣੇ ਅੰਗੂਠਾ ਵੀ। ਦੀਪ ਕਿਸੇ ਜੇਤੂ ਜਰਨੈਲ ਵਾਂਗ ਬਾਹਾਂ ਮਾਰਦਿਆਂ ਤੇ ਲੰਮੀਆਂ ਲੰਮੀਆਂ ਪੁਲਾਘਾਂ ਪੁੱਟਦਿਆਂ ਘਰ ਵੱਲ ਤੁਰ ਪਿਆ। ਜੀਤੇ ਦੇ ਦਿਮਾਗ ਵਿੱਚ ਬਜ਼ੁਰਗ ਦੀ ਗੱਲ ਘੁੰਮ ਰਹੀ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3665)
(ਸਰੋਕਾਰ ਨਾਲ ਸੰਪਰਕ ਲਈ: