ਮਾਪੇ ਆਪਣੇ ਬੱਚਿਆਂ ਦੇ ਚਿਹਰੇ ਵੀ ਮੋਬਾਇਲ ਵਿੱਚੋਂ ਹੀ ਦੇਖਦੇ ਹਨ। ਪ੍ਰਦੇਸੀ ਹੋਏ ਬੱਚੇ ਕੰਮ ’ਤੇ ਜਾਣ ਸਮੇਂ ਆਪਣੇ ...
(14 ਅਗਸਤ 2024)


ਪਰਿਵਰਤਨ ਕੁਦਰਤ ਦਾ ਨਿਯਮ ਹੈ
ਜਿੱਥੇ ਗਤੀਸ਼ੀਲਤਾ ਹੈ, ਉੱਥੇ ਪਰਿਵਰਤਨ ਤਾਂ ਹੋਣਾ ਹੀ ਹੈ ਅਤੇ ਜ਼ਰੂਰੀ ਵੀ ਹੈਮਨੁੱਖ ਨੂੰ ਜੰਗਲਾਂ ਵਿੱਚ ਰਹਿੰਦਿਆਂ ਬੜੇ ਤਜਰਬੇ ਹੋਏਉਹ ਘੁਰਨਿਆਂ, ਗੁਫ਼ਾਵਾਂ, ਝੌਂਪੜੀਆਂ ਤੋਂ ਹੁੰਦਾ ਹੋਇਆ ਅੱਜ ਸ਼ੀਸ਼ ਮਹਿਲਾਂ ਤਕ ਪਹੁੰਚ ਗਿਆ ਹੈ, ਬਿਨਾਂ ਖੰਭਾਂ ਤੋਂ ਅਸਮਾਨੀ ਉਡਾਰੀਆਂ ਲਾਉਣ ਲੱਗ ਪਿਆ ਹੈਪਹਿਲਾਂ ਪਰਿਵਰਤਨ ਨੂੰ ਸਦੀਆਂ ਲੱਗਦੀਆਂ ਸਨ ਫਿਰ ਦਹਾਕੇ, ਫਿਰ ਸਾਲ, ਫਿਰ ਮਹੀਨੇ, ਹੁਣ ਹਰ ਦਿਨ ਬਦਲਾਅ ਲੈ ਕੇ ਆਉਂਦਾ ਹੈਮਨੁੱਖ ਵੱਲੋਂ ਕੁਦਰਤ ਨਾਲ ਖਿਲਵਾੜ ਦਾ ਨਤੀਜਾ ਅੱਤ ਦੀ ਗਰਮੀ ਪੈਣ ਲੱਗ ਪਈਗਰਮੀ ਦੀ ਹੁੰਮਸ ਅਤੇ ਤਪਸ਼ ਤੋਂ ਬਚਣ ਲਈ ਪੱਖੇ, ਕੂਲਰ, ਏ. ਸੀ. ਆ ਗਏਪਰ ਪੁਰਾਣਾ ਬੜਾ ਕੁਝ ਛੁੱਟ ਗਿਆਬੀਤੇ ਦੀਆਂ ਗੱਲਾਂਬਾਤਾਂ ਵੀ ਚੇਤਿਆਂ ਵਿੱਚ ਉੱਭਰ ਆਉਂਦੀਆਂ ਹਨ

ਚਾਰ ਕੁ ਦਹਾਕੇ ਪਹਿਲਾਂ ਅਸੀਂ ਬਹੁਤੀ ਗਰਮੀ ਵਿੱਚ ਚੁਬਾਰੇ ਦੀ ਛੱਤ ’ਤੇ ਸੌਂਦੇ ਸੀਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਚੰਨ ਤਾਰਿਆਂ ਦੇ ਨੇੜੇ ਪਹੁੰਚ ਗਏ ਹਾਂਫਿਰ ਤਾਰਿਆਂ ਦੀਆਂ ਗੱਲਾਂ ਕਰਦਿਆਂ ਮਾਂ ਦੱਸਦੀ, “ਅਹੁ ਪਹਾੜ ਵਾਲੇ ਪਾਸੇ ਇਕੱਲਾ ਜਿਹਾ ਤਾਰਾ ਐ ਨਾ ਜਿਹੜਾ, ਉਹ ਧਰੂ ਤਾਰਾ ਐ।” ਫਿਰ ਧਰੂ ਦੀ ਭਗਤੀ ਦੀ ਕਹਾਣੀ ਸੁਣਾਉਂਦੇ ਕਿ ਕਿਵੇਂ ਉਸ ਦੀ ਮਤਰੇਈ ਮਾਂ ਨੇ ਪਿਉ ਦੀ ਗੋਦ ਵਿੱਚੋਂ ਬਾਂਹ ਫੜ ਕੇ ਕੱਢ ਦਿੱਤਾ ਸੀਜਦੋਂ ਉਸ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਉਸ ਨਾਲ ਇਸ ਤਰ੍ਹਾਂ ਦਾ ਵਰਤਾਅ ਕਿਉਂ ਹੋਇਆ ਤਾਂ ਮਾਂ ਨੇ ਸਮਝਾਇਆ ਕਿ ਉਹਨਾਂ ਨੇ ਭਗਤੀ ਘੱਟ ਕੀਤੀ ਹੋਈ ਐਉਸੇ ਵੇਲੇ ਪੰਜ ਸਾਲ ਦੀ ਛੋਟੀ ਜਿਹੀ ਉਮਰ ਵਿੱਚ ਧਰੂ ਭਗਤੀ ਕਰਨ ਤੁਰ ਪਿਆਨਾਰਦ ਨੇ ਬਥੇਰਾ ਡਰਾਇਆ, ਜਦੋਂ ਧਰੂ ਅਡੋਲ ਰਿਹਾ ਤਾਂ ਨਾਰਦ ਨੇ ਸਭ ਰਾਹ ਦੱਸ ਦਿੱਤੇ ਕਿ ਸ਼ੇਰ ਬਘੇਲੇ ਵੀ ਆਉਣਗੇ, ਪਰੀਆਂ ਵੀ ਆਉਣਗੀਆਂ, ਤੂੰ ਡਰਨਾ ਘਬਰਾਉਣਾ ਨਹੀਂਧਰੂ ਦੀ ਭਗਤੀ ਸਫ਼ਲ ਹੋਈ ਤਾਂ ਪਿਤਾ ਦਾ ਰਾਜਭਾਗ ਉਸ ਨੂੰ ਮਿਲਿਆਜਦੋਂ ਇਸ ਲੋਕ ਤੋਂ ਜਾਣ ਦਾ ਸਮਾਂ ਆਇਆ ਤਾਂ ਭਗਵਾਨ ਖੁਦ ਉਸ ਨੂੰ ਲੈਣ ਆਏਉਸ ਨੂੰ ਅਮਰ ਕਰਨ ਲਈ ਤਾਰਾ ਬਣਾ ਦਿੱਤਾਧਰੂ ਅਸਮਾਨ ਵਿੱਚ ਵੀ ਅਡੋਲ ਖੜ੍ਹਾ ਹੈ

ਅਸਮਾਨ ਵਿਚਲੀ ਮੰਜੀ ਵੀ ਹਰ ਰੋਜ਼ ਦੇਖਦੇ ਸੱਤ ਤਾਰਿਆਂ ਤੋਂ ਬਣੀ ਹੋਈ ਹੈਕਦੇ ਕਦੇ ਇਹ ਗੱਡੀ ਲੁਹਾਰਾਂ ਤੋਂ ਬਣਵਾਏ ਧੂਫ਼ ਦੇਣ ਵਾਲੇ ਕੜਛੇ ਵਾਂਗ ਲਗਦੀਅਮਰੀਕਾ ਕਨੇਡਾ ਵਾਲੇ ਤਾਂ ਇਸ ਨੂੰ ਕਹਿੰਦੇ ਹੀ ਬਿੱਗ ਡਿੱਪਰ ਯਾਨੀ ਕਿ ਵੱਡਾ ਚਮਚਾ ਹਨਇਹ ਇੱਕ ਪ੍ਰਸ਼ਨ ਚਿੰਨ੍ਹ (?) ਵਾਂਗ ਵੀ ਲਗਦੀ ਹੈਇਹ ਕਾਣ ਵਾਲੀ ਟੇਢੀ ਜਿਹੀ ਬਣੀ ਹੋਈ ਹੈ ਉੱਪਰਲੇ ਤਿੰਨ ਤਾਰਿਆਂ ਨੂੰ ਪਹਿਰੇਦਾਰ, ਕੁੱਤਾ ਅਤੇ ਚੋਰ ਦੱਸਿਆ ਜਾਂਦਾਮਾਂ ਆਖਦੀ, “ਥੋਡਾ ਨਾਨਾ ਦੱਸਦਾ ਹੁੰਦਾ ਕਿ ਮੰਜੀ ਦੇ ਚਾਰੇ ਪਾਵਿਆਂ ਹੇਠ ਸੋਨੇ ਦੀਆਂ ਇੱਟਾਂ ਸਨ ਇੱਕ ਪਾਵੇ ਹੇਠੋਂ ਚੋਰ ਸੋਨੇ ਦੀ ਇੱਟ ਕੱਢ ਕੇ ਲੈ ਗਿਆਦੇਖੋ ਧਿਆਨ ਨਾਲ ... ਤਾਂ ਹੀ ਤਾਂ ਇੱਕ ਤਾਰਾ ਮੱਧਮ ਜਿਹਾ ਲਗਦਾ ਐ।” ਅਸੀਂ ਧਿਆਨ ਨਾਲ ਦੇਖਦੇ ਸੱਚੀਂ ਇੱਕ ਤਾਰਾ ਮੱਧਮ ਹੈ“ਫਿਰ ਕੁੱਤੇ ਦੇ ਭੌਂਕਣ ਨਾਲ ਚੋਰ ਇੱਟ ਸੁੱਟ ਗਿਆ।”

ਅਸੀਂ ਧਿਆਨ ਨਾਲ ਦੇਖਦੇ ਤਾਂ ਤਿੰਨਾਂ ਤਾਰਿਆਂ ਦੇ ਵਿੱਚ ਵਾਲੇ ਤਾਰੇ ਕੋਲ ਇੱਕ ਹੋਰ ਨਿੱਕਾ ਜਿਹਾ ਤਾਰਾ ਹੁੰਦਾ ਜਿਸ ਨੂੰ ਅਸੀਂ ਇੱਟ ਸਮਝ ਲੈਂਦੇਇਸ ਮੰਜੀ ਨੂੰ ਆਮ ਕਰਕੇ ਸਪਤ-ਰਿਸ਼ੀ ਵੀ ਕਿਹਾ ਜਾਂਦਾ ਹੈਜਦੋਂ ਮੀਂਹ ਪੈ ਕੇ ਹਟਿਆ ਹੁੰਦਾ ਤਾਂ ਅਸਮਾਨ ਸਾਫ਼ ਹੋਣ ਕਰਕੇ ਮੰਜੀ ਦੇ ਸਾਰੇ ਤਾਰੇ ਵੱਧ ਚਮਕੀਲੇ ਅਤੇ ਸਾਫ਼ ਨਜ਼ਰ ਆਉਂਦੇਕਈ ਵਾਰ ਅਸੀਂ ਸਾਰੇ ਤਾਰੇ ਗਿਣਨ ਦੀ ਕੋਸ਼ਿਸ਼ ਕਰਦੇ ਗਹੁ ਨਾਲ ਦੇਖਦਿਆਂ ਵਿੱਚੋਂ ਵਿੱਚੋਂ ਹੋਰ ਤਾਰੇ ਦਿਸਣ ਲੱਗ ਪੈਂਦੇਫਿਰ ਲਗਦਾ ਦਾਦੀ ਦੇ ਕਹਿਣ ਵਾਂਗ ਤਾਰੇ ਸੱਚੀਂ ਅਣਗਿਣਤ ਹਨ, ਨਹੀਂ ਗਿਣੇ ਜਾ ਸਕਦੇ

ਪੂਰਨਮਾਸ਼ੀ ਦੇ ਨੇੜੇ ਤੇੜੇ ਦੇ ਦਿਨਾਂ ਵਿੱਚ ਚੰਨ ਵਿੱਚੋਂ ਚਰਖਾ ਕੱਤਦੀ ਮਾਈ ਭਾਲਦੇਫਿਰ ਲੋਕ ਕਹਿੰਦੇ ਬਾਬਾ ਨਾਨਕ ਜੀ ਦਿਸਦੇ ਐਜਦੋਂ ਨੀਝ ਲਾ ਕੇ ਦੇਖਦੇ ਤਾਂ ਮਹਾਤਮਾ ਬੁੱਧ ਅਤੇ ਕਈ ਵਾਰ ਬਾਬਾ ਫਰੀਦ ਜੀ ਵੀ ਦਿਸ ਪੈਂਦੇਕੁਦਰਤੀ ਗੱਲ ਹੈ ਕਿ ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਧਿਆਨ ਨਾਲ ਵੇਖਦੇ ਹਾਂ ਤਾਂ ਬਹੁਤ ਸਾਰੀਆਂ ਆਕ੍ਰਿਤੀਆਂ ਬਣਨ ਲੱਗ ਪੈਂਦੀਆਂ ਹਨ; ਕੰਧਾਂ ’ਤੇ, ਬੱਦਲਾਂ ਵਿੱਚ, ਰੁੱਖਾਂ ਆਦਿ ਵਿੱਚ ਵੀਅਸੀਂ ਵੀ ਚੰਨ ਵਿੱਚ ਕਾਫ਼ੀ ਕੁਝ ਲੱਭਣ ਦੀ ਕੋਸ਼ਿਸ਼ ਕਰਦੇਅਸਮਾਨ ਵਿੱਚ ਲੰਘਦੇ ਜਹਾਜ਼ਾਂ ਦੀਆਂ ਲਾਈਟਾਂ ਦਿਸਦੀਆਂਰਾਕਟ ਓਨੀ ਦੇਰ ਦੇਖਦੇ ਜਿੰਨਾ ਚਿਰ ਦਿਸਣੋਂ ਨਾ ਹਟ ਜਾਂਦੇਟੁੱਟਦੇ ਤਾਰੇ ਦੇਖਦੇ ਕਈ ਵਾਰ ਮਨ ਵਿੱਚ ਆਉਂਦਾ … … ਜੇ ਭਲਾ ਇਹ ਆਪਣੇ ਕਿਤੇ ਨੇੜੇ ਤੇੜੇ ਡਿਗ ਪਵੇ ਤਾਂ ਸੋਚਦੇ ਕਿ ਇਹ ਇੱਕ ਸੁਹਣੀ ਜਿਹੀ ਗੇਂਦ ਵਾਂਗ ਹੋਵੇਗਾਫਿਰ ਵੱਡੇ ਵੀਰ ਜੀ ਦੱਸਦੇ, ਇਹ ਤਾਰੇ ਨਹੀਂ, ਇਹਨਾਂ ਨੂੰ ‘ਉਲਕਾ ਪਿੰਡਕਿਹਾ ਜਾਂਦਾ ਹੈਜੇ ਇਹ ਧਰਤੀ ’ਤੇ ਡਿਗ ਜਾਣ ਤਾਂ ਬਹੁਤ ਨੁਕਸਾਨ ਹੋ ਸਕਦਾ ਹੈਜਦੋਂ ਉਹ ਦੱਸਦੇ ਕਿ ਤਾਰਿਆਂ ਦੀ ਦੂਰੀ ਮਾਪਣ ਲਈ ਰੌਸ਼ਨੀ ਦੀ ਗਤੀ ਦੇ ਹਿਸਾਬ ਨਾਲ ਗਤੀ ਮਾਪੀ ਜਾਂਦੀ ਹੈ ਤਾਂ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ

ਅਸਮਾਨ ਵਿੱਚ ਤਾਰਿਆਂ ਦਾ ਦੂਧੀਆ ਰੰਗ ਦਾ ਝੁੰਡ ਦਿਸਦਾਮਾਂ ਇਸ ਨੂੰ ‘ਕੁਆਰਿਆਂ ਦਾ ਰਾਹਦੱਸਦੀ ਕਿ ਜਿਹੜੇ ਕੁਆਰੇ ਰੱਬ ਘਰ ਚਲੇ ਜਾਂਦੇ ਨੇ, ਉਹ ਇੱਥੋਂ ਦੀ ਲੰਘ ਕੇ ਜਾਂਦੇ ਹਨਵੀਰ ਜੀ ਇਸ ਨੂੰ ‘ਅਕਾਸ਼ ਗੰਗਾਜਾਂ ਮਿਲਕੀ ਵੇ (Milky Way) ਦੱਸਦੇਲਾਲ ਰੰਗ ਦੇ ਮੰਗਲ ਅਤੇ ਸਭ ਤੋਂ ਵੱਧ ਚਮਕਣ ਵਾਲੇ ਸਵੇਰ ਅਤੇ ਸ਼ਾਮ ਦੇ ਤਾਰੇ ਵੀਨਸ ਦੀ ਪਛਾਣ ਵੀਰ ਜੀ ਹੁਰਾਂ ਨੇ ਹੀ ਕਰਵਾਈ

ਜਿਸ ਦਿਨ ਹਵਾ ਬੰਦ ਹੁੰਦੀ, ਅਸੀਂ ਗਰਮੀ ਨਾਲ ਵਿਲਕਦੇਫਿਰ ਰੱਬ ਤੋਂ ਹਵਾ ਚਲਵਾਉਣ ਦੇ ਢੰਗ ਤਰੀਕੇ ਅਪਣਾਏ ਜਾਂਦੇਅਸੀਂ ਦਸ ਫਲ਼ਦਾਰ ਰੁੱਖਾਂ ਦੇ ਨਾਂ ਗਿਣਦੇਸਾਰੇ ਭੈਣ ਭਰਾ ਇਸ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇਜੇ ਹਵਾ ਫਿਰ ਵੀ ਨਾ ਚਲਦੀ ਫਿਰ ਸਾਨੂੰ ਆਖਿਆ ਜਾਂਦਾ ਕਿ ਕੰਡੇਦਾਰ ਰੁੱਖ ਵਿੱਚ ਨਹੀਂ ਗਿਣਨੇਕਦੇ ਆਖਦੇ ਸਿਰਫ਼ ਪੁਰਸ਼ ਦਰਖ਼ਤ ਹੀ ਗਿਣਨੇ ਹਨਜਾਮਣ ਵਰਗੇ ਇਸਤਰੀ ਨਾਂ ਵਾਲੇ ਵਿੱਚ ਸ਼ਾਮਲ ਨਹੀਂ ਹੋਣੇ ਚਾਹੀਦੇਸੌਖਾ ਜਿਹਾ ਲੱਗਣ ਵਾਲਾ ਕੰਮ ਬਾਹਲਾ ਔਖਾ ਲੱਗਣ ਲੱਗ ਪੈਂਦਾ ਸੀਇਸੇ ਤਰ੍ਹਾਂ ਦਰਖ਼ਤਾਂ ਦੇ ਨਾਂ ਸੋਚਦੇ ਸੌਂ ਜਾਂਦੇਕਦੇ ਪਿੰਡਾਂ, ਸ਼ਹਿਰਾਂ ਦੇ ਨਾਂ ਗਿਣਦੇ, ਜਿਹਨਾਂ ਦੇ ਪਿੱਛੇ ‘ਪੁਰਜਾਂ ‘ਗੜ੍ਹ ਲਗਦਾ ਹੋਵੇਜਿਵੇਂ ਕਾਨ੍ਹਪੁਰ, ਨਾਗਪੁਰ ਕਮਾਲਪੁਰ ਆਦਿ ਕਾਹਨ ਗੜ੍ਹ, ਰਾਮ ਗੜ੍ਹ, ਨਰੈਣ ਗੜ੍ਹ ਆਦਿਰੱਬ ਤੋਂ ਹਵਾ ਚਲਵਾਉਣ ਦੇ ਇਹਨਾਂ ਤਰੀਕਿਆਂ ਨੂੰ ਅਸੀਂ ਕਾਮਯਾਬ ਸਮਝਦੇ ਸਾਂਗਰਮੀ ਵੱਲ ਧਿਆਨ ਨਹੀਂ ਸੀ ਜਾਂਦਾਪਿੰਡਾਂ, ਸ਼ਹਿਰਾਂ, ਰੁੱਖਾਂ ਦੇ ਨਾਂਵਾਂ ਬਾਰੇ ਸੋਚਦੇ ਰਹਿੰਦੇਕਈ ਵਾਰ ਸੌਣ ਤੋਂ ਪਹਿਲਾਂ ਬੁੱਝਣ ਵਾਲੀਆਂ ਬਾਤਾਂ ਪਾ ਕੇ ਵੀ ਰੌਲ਼ਾ ਪਾਈ ਰੱਖਦੇ, ਜਿਹਨਾਂ ਨੂੰ ਵੱਡੇ ਹੋ ਕੇ ਅਸੀਂ ਬੁਝਾਰਤਾਂ ਆਖਣ ਲੱਗ ਪਏਬੁੱਝਣ ਵਾਲੀਆਂ ਬਾਤਾਂ ਨਿੱਕੀਆਂ ਨਿੱਕੀਆਂ ਦੋ ਬੁਝਾਰਤਾਂ ਤੋਂ ਸ਼ੁਰੂ ਹੁੰਦੀਆਂ, ਜਿਹੜੀਆਂ ਦੇ ਜਵਾਬ ਸਾਨੂੰ ਸਾਰਿਆਂ ਨੂੰ ਪਤਾ ਹੁੰਦੇ

ਨਿੱਕੀ ਜਿਹੀ ਕੁੜੀ, ਲੈ ਪਰਾਂਦਾ ਤੁਰੀਅਸੀਂ ਸਾਰੇ ਆਖ ਦਿੰਦੇ … … ਸੂਈ ਧਾਗਾ

ਨਿੱਕੀ ਜਿਹੀ ਕੁੜੀ, ਉਹਦੇ ਢਿੱਡ ਤੇ ਲਖੀਰ (ਲਕੀਰ)। ‘ਕਣਕ ਦਾ ਦਾਣਾਅਸੀਂ ਫਿਰ ਰੌਲਾ ਪਾ ਦਿੰਦੇਇਸੇ ਤਰ੍ਹਾਂ ਸੌਖੀਆਂ ਬੁਝਾਰਤਾਂ ਤੋਂ ਔਖੀਆਂ ਵੱਲ ਚਲਦੇਕਦੀ ਕਦੀ ਬੁਝਾਰਤ ਪਾਉਣ ਵਾਲਾ ਦੂਜਿਆਂ ਨੂੰ ਉਲਝਾ ਕੇ ਆਪ ਸੌਂ ਜਾਂਦਾਕਈ ਵਾਰ ਤਾਂ ਜਦੋਂ ਹਾਰ ਮੰਨ ਕੇ ਉਸ ਨੂੰ ਘੋਥਲ ਕੇ ਜਵਾਬ ਪੁੱਛਿਆ ਜਾਂਦਾ ਤਾਂ ਉਸਦਾ ਜਵਾਬ ਸੁਣ ਕੇ ਅਸੀਂ ਜਮ੍ਹਾਂ ਠੁੱਸ ਹੋ ਜਾਂਦੇਅਧਸੁੱਤੇ ਹੀ ਜਵਾਬ ਹੁੰਦਾ ਸੀ, “ਚੁੱਪ ਕਰਕੇ ਸੌਂ ਜੋ, ਮੈਨੂੰ ਵੀ ਨੀ ਪਤਾ, ਕੱਲ੍ਹ ਨੂੰ ਦੱਸੂੰ” ਜਿਸ ਦਿਨ ਲੰਮੀਆਂ ਬਾਤਾਂ ਛਿੜ ਜਾਂਦੀਆਂ, ਉਸ ਦਿਨ ਕੋਈ ਰੌਲਾ ਨਾ ਪਾਉਂਦਾਚੁੱਪ ਕਰਕੇ ਸੁਣਦੇ ਰਹਿੰਦੇ ਅਤੇ ਸੌਂ ਜਾਂਦੇਜਦੋਂ ਮਾਂ ਨੂੰ ਲਗਦਾ ਕਿ ਅਸੀਂ ਸਾਰੇ ਭੈਣ ਭਰਾ ਸੌਂ ਗਏ ਜਾਂ ਸੌਣ ਵਾਲੇ ਹਾਂ ਤਾਂ ਮਾਂ ਆਪਣੇ ਮੰਜੇ ’ਤੇ ਬੈਠੇ ਬੈਠੇ ਹੀ ਕੀਰਤਨ ਸੋਹਿਲੇ ਦਾ ਪਾਠ ਬੋਲ ਬੋਲ ਕੇ ਕਰਦੀਮਾਂ ਵੱਲੋਂ ਇਹ ਪਾਠ ਆਪਣੇ ਪਰਿਵਾਰ ਲਈ ‘ਸੁਰੱਖਿਆ ਕਵਚਹੁੰਦਾ ਸੀਪਿਤਾ ਜੀ ਘਰ ਨਹੀਂ ਸਨ ਹੁੰਦੇ, ਹਰਿਆਣੇ ਵਿੱਚ ਕਿਤੇ ਜ਼ਮੀਨ ਖ਼ਰੀਦੀ ਹੋਈ ਸੀ, ਉੱਥੇ ਰਹਿੰਦੇ ਸਨਜਦੋਂ ਉਹ ਘਰ ਆਏ ਹੁੰਦੇ ਫਿਰ ਸਾਰੇ ਭੈਣ ਭਰਾਵਾਂ ਵਿੱਚੋਂ ਕੋਈ ਨਾ ਕੁਸਕਦਾਸਾਰੇ ਸਾਹ ਘੜੀਸ ਕੇ ਸੁੱਸਰੀ ਵਾਂਗ ਸੌਂ ਜਾਂਦੇਕੋਈ ਵੀ ਬਾਤ ਸੁਣਾਉਣ ਦੀ ਜ਼ਿਦ ਨਾ ਕਰਦਾ

ਜੇ ਕਿਤੇ ਰਾਤ ਨੂੰ ਮੀਂਹ ਆ ਜਾਂਦਾ ਤਾਂ ਵੱਡੇ ਮੰਜੇ ਛੱਤ ਤੋਂ ਲਮਕਾਏ ਜਾਂਦੇਹੇਠਾਂ ਇੱਕ ਮੰਜਾ ਡਾਹ ਕੇ ਉੱਪਰੋਂ ਸਾਰੇ ਬਿਸਤਰੇ ਉਸ ਮੰਜੇ ਉੱਤੇ ਸੁੱਟ ਦਿੱਤੇ ਜਾਂਦੇਕਈ ਵਾਰ ਤਾਂ ਸੰਤੋਖ ਸਿੰਘ ਧੀਰ ਦੀ ਲਿਖੀ ਕਹਾਣੀ … … ਸਵੇਰ ਹੋਣ ਤਕ … … ਵਾਂਗ ਹੀ ਸਾਰੀ ਰਾਤ ਅੰਦਰ ਬਾਹਰ ਮੰਜੇ ਕਰਦਿਆਂ ਦੀ ਹੀ ਲੰਘ ਜਾਂਦੀ ਲਗਦਾ ਹੁੰਦਾ ਕਿ ਇਹ ਕਹਾਣੀ ਜਮਾਂ ਸਾਡੇ ਬਾਰੇ ਲਿਖੀ ਹੈ

ਉਹਨਾਂ ਵੇਲਿਆਂ ਦਾ ਹੁਣ ਨਾਲੋਂ ਬਹੁਤ ਫ਼ਰਕ ਸੀਹੁਣ ਤਾਂ ਲੋਕ ਆਪਣੇ ਘਰਾਂ ਦੇ ਅੰਦਰ ਹੀ ਚੰਨ ਤਾਰੇ ਬਣਵਾ ਕੇ ਅਸਮਾਨ ਚਿਤਰ ਲੈਂਦੇ ਹਨਮੀਂਹ ਆਵੇ ਜਾਂ ਹਨੇਰੀ, ਕੋਈ ਆਪਣੀ ਨੀਂਦ ਖਰਾਬ ਨਹੀਂ ਕਰਦਾਅੰਦਰ ਸੁੱਤਿਆਂ ਕਈ ਵਾਰ ਸਵੇਰੇ ਪਤਾ ਲਗਦਾ ਹੈ ਕਿ ਰਾਤੀਂ ਮੀਂਹ ਆਇਆ ਸੀਪਰ ਪਿੰਡਾਂ ਵਾਲੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਰਤੀ ਕਿਸਾਨ ਅਤੇ ਮਜ਼ਦੂਰ ਅਜੇ ਵੀ ਕਾਫ਼ੀ ਹੱਦ ਤਕ ਕੁਦਰਤ ਨਾਲ ਜੁੜੇ ਹੋਏ ਹਨਉਹਨਾਂ ਦੀ ਵੀ ਅਗਲੀ ਪੀੜ੍ਹੀ ਦੂਰ ਹੋ ਰਹੀ ਹੈਬਾਤਾਂ, ਬੁਝਾਰਤਾਂ, ਚੰਨ ਤਾਰਿਆਂ ਦੀਆਂ ਗੱਲਾਂ, ਪਿੰਡਾਂ ਸ਼ਹਿਰਾਂ ਦੇ ਨਾਂ, ਰੁੱਖਾਂ ਦੇ ਨਾਂ ਸਭ ਮੋਬਾਇਲ ਫੋਨ ਦੀ ਭੇਟ ਚੜ੍ਹ ਚੁੱਕਿਆ ਹੈਮਾਪੇ ਆਪਣੇ ਬੱਚਿਆਂ ਦੇ ਚਿਹਰੇ ਵੀ ਮੋਬਾਇਲ ਵਿੱਚੋਂ ਹੀ ਦੇਖਦੇ ਹਨਪ੍ਰਦੇਸੀ ਹੋਏ ਬੱਚੇ ਕੰਮ ’ਤੇ ਜਾਣ ਸਮੇਂ ਆਪਣੇ ਮਾਪਿਆਂ ਨਾਲ ਭੱਜਦੇ ਨੱਠਦੇ ਵੀਡੀਓ ਕਾਲ ਕਰ ਲੈਂਦੇ ਹਨ ਇੱਧਰ ਹੁਣ ਅੱਠ ਦਸ ਕਮਰਿਆਂ ਵਾਲੇ ਘਰਾਂ ਵਿੱਚ ਵੀ ਇੱਕ ਦੋ ਜੀਅ ਹੀ ਨਜ਼ਰ ਆਉਂਦੇ ਹਨ ਜਾਂ ਫਿਰ ਜਿੰਦਰੇ ਲੱਗੇ ਹੋਏ ਹੁੰਦੇ ਹਨਬਹੁਤ ਕੁਝ ਬਦਲ ਗਿਆਬਜ਼ੁਰਗ ਸਿਆਣੇ ਕਈ ਵਾਰ ਆਖਦੇ ਹਨ ਕਿ ਹੁਣ ਉਹ ਗੱਲਾਂਬਾਤਾਂ ਨਹੀਂ ਰਹੀਆਂਖ਼ੈਰ ਸਮੇਂ ਨੇ ਤਾਂ ਆਪਣੀ ਚਾਲ ਨਾਲ ਚੱਲਦੇ ਹੀ ਰਹਿਣਾ ਹੈ, ਬੱਸ ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਦਾ ਧਿਆਨ ਰੱਖਦੇ ਹੋਏ ਸਮਾਜ ਨੂੰ ਬਿਹਤਰ ਬਣਾਉਣ ਲਈ ਚੰਗਾ ਯੋਗਦਾਨ ਪਾ ਕੇ ਦੁਨੀਆਂ ਨੂੰ ਹੋਰ ਸੁਹਣੀ ਬਣਾਈਏ

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5212)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author