“ਛੱਡੋ ਮਾਸਟਰ ਜੀ ... ਇਸ ਨੂੰ ਸੋਝੀ ਨਹੀਂ ਵਿਚਾਰੇ ਨੂੰ ... ਐਵੇਂ ਕੂੜਾ ਕਬਾੜਾ ...”
(6 ਮਾਰਚ 2021)
(ਸ਼ਬਦ: 1810)
ਜੈਲਾ ਸਾਰਾ ਦਿਨ ਤੁਰਿਆ ਰਹਿੰਦਾ। ਪਤਾ ਨਹੀਂ ਕਿਹੜੇ ਵੇਲੇ ਖਾਂਦਾ ਪੀਂਦਾ, ਕੁਝ ਖਾਂਦਾ ਪੀਂਦਾ ਵੀ ਜਾਂ ਨਹੀਂ। ਬਹੁਤੇ ਲੋਕ ਤਾਂ ਉਸ ਨੂੰ ਦੇਖ ਕੇ ਰਾਹ ਬਦਲ ਕੇ ਲੰਘ ਜਾਂਦੇ। ਉਸ ਦੀਆਂ ਗੱਲਾਂ ਦੀ ਕਿਸੇ ਨੂੰ ਸਮਝ ਨਹੀਂ ਸੀ ਲਗਦੀ। ਉਹ ਆਪਣੇ ਕੋਲ ਇੱਕ ਝੋਲ਼ਾ ਰੱਖਦਾ ਸੀ। ਪਤਾ ਨਹੀਂ ਕਿੰਨੇ ਕੁ ਪੁਰਾਣੇ ਅਖਬਾਰ ਸਾਂਭ ਰੱਖੇ ਸਨ। ਜੇ ਕੋਈ ਉਸ ਨੂੰ ਬੁਲਾ ਲੈਂਦਾ ਤਾਂ ਉਹ ਆਪਣੇ ਝੋਲ਼ੇ ਵਿੱਚੋਂ ਅਖਬਾਰ ਕੱਢਦਾ। ਉਸ ਉੱਤੇ ਪਹਿਲੀਆਂ ਦੋ ਉਂਗਲਾਂ ਰੱਖਦਾ ਤੇ ਫਿਰ ਇੱਕ ਉਂਗਲੀ ਨੂੰ ਚੁੱਕਦਾ ਦੂਜੀ ਨੂੰ ਰੱਖਦਾ ਦੂਜੀ ਨੂੰ ਚੁੱਕਦਾ ਪਹਿਲੀ ਨੂੰ ਰੱਖਦਾ ਜਿਵੇਂ ਤੁਰਨ ਵੇਲੇ ਕਦਮ ਪੁੱਟੀਦੇ ਨੇ। ਵਾਰ-ਵਾਰ ਇਹੀ ਬੋਲਦਾ ‘ਆਹ ਜਾਂਦੀ ਐ ਪੈੜ, ਆਹ ਜਾਂਦੀ ਐ ਪੈੜ ...।’ ਫਿਰ ਇੱਕ ਥਾਂ ’ਤੇ ਰੁਕ ਜਾਂਦਾ। ਅੱਗੇ ਕੁਝ ਵੀ ਨਾ ਬੋਲਦਾ, ਬੱਸ ਦੂਜੇ ਵਿਅਕਤੀ ਦੇ ਮੂੰਹ ਵੱਲ ਦੇਖਦਾ। ਗੱਲ ਦੀ ਕਿਸੇ ਨੂੰ ਸਮਝ ਨਾ ਲਗਦੀ ਤਾਂ ਉਸ ਦਾ ਜੀਅ ਕਾਹਲਾ ਪੈਂਦਾ ਅਤੇ ਉਹ ਇੱਕ ਹੱਥ ਨਾਲ ਝੋਲ਼ਾ ਸੰਭਾਲਦਾ ਅਤੇ ਦੂਜੇ ਨਾਲ ਆਪਣੇ ਵਾਲਾਂ ਦਾ ਰੁੱਗ ਭਰ ਲੈਂਦਾ, ਬੁੜਬੁੜ ਕਰਦਾ ਅੱਗੇ ਲੰਘ ਜਾਂਦਾ।
ਕਈ ਲੋਕ ਆਖਦੇ ਕਿ ਬਹੁਤੀ ਪੜ੍ਹਾਈ ਨੇ ਉਸਦਾ ਦਿਮਾਗ ਖਰਾਬ ਕਰ ਦਿੱਤਾ ਹੈ। ਕੋਈ ਆਖਦਾ, ਨੌਕਰੀ ਨਹੀਂ ਮਿਲੀ, ਪਾਗਲ ਹੋ ਗਿਆ। ਵਿੱਚੋਂ ਹੀ ਕੋਈ ਸਿਆਣਾ ਬਜ਼ੁਰਗ ਦੱਸਦਾ, “ਨੌਕਰੀ ਤਾਂ ਮਿਲ ਗਈ ਸੀ ... ਛੱਡ ਕੇ ਆ ਗਿਆ ... ਏਹ ਤਾਂ ਭਾਈ ਬਹੁਤ ਲੈਕ ਮੁੰਡਾ ਸੀ ... ਪਤਾ ਨਹੀਂ ਕੀਹਦੀ ਬੁਰੀ ਨਜ਼ਰ ਲੱਗਗੀ। ਸਾਰੇ ਟੱਬਰ ਵਿੱਚੋਂ ਇਹੀ ਬਚਿਆ ਵਿਚਾਰਾ ... ਠੋਕਰਾਂ ਖਾਂਦਾ ਫਿਰਦੈ ਮਾੜੇ ਕਰਮਾਂ ਆਲ਼ਾ।”
ਜੈਲੇ ਦੇ ਪਰਿਵਾਰ ਵਿੱਚ ਕੋਈ ਨਹੀਂ ਸੀ। ਉਹ ਇਕੱਲਾ ਹੀ ਇੱਕ ਬੈਠਕ ਵਿੱਚ ਰਹਿੰਦਾ ਸੀ। ਕੋਈ ਆਂਢੀ ਗਵਾਂਢੀ ਵੇਲੇ ਕੁਵੇਲੇ ਚਾਹ ਰੋਟੀ ਦੇ ਜਾਂਦਾ। ਆਮ ਕਰਕੇ ਗੁਰਦੁਆਰਾ ਸਾਹਿਬ ਵਾਲੇ ਭਾਈ ਜੀ ਉਸ ਨੂੰ ਰੋਟੀ ਪਾਣੀ ਛਕਾ ਦਿੰਦੇ। ਚਾਚੇ ਤਾਏ ਦੇ ਪਰਿਵਾਰ ਹੈ ਸਨ, ਉਹ ਨੇੜੇ ਨਹੀਂ ਸਨ ਲਾਉਂਦੇ। ਪਿਉ ਨਿੱਕੇ ਹੁੰਦੇ ਦਾ ਹੀ ਮੁੱਕ ਗਿਆ ਸੀ। ਇੱਕ ਛੋਟਾ ਭਰਾ ਸੀ, ਅੰਤਾਂ ਦਾ ਸਾਊ ਅਤੇ ਪਿਆਰਾ ... ਕਾਲਜ ਪੜ੍ਹਦਾ ਸੀ। ਅੱਤਵਾਦ ਦੇ ਕਾਲੇ ਦੌਰ ਵਿੱਚ ਇੱਕ ਦਿਨ ਘਰੋਂ ਕਾਲਜ ਗਿਆ ਮੁੜ ਘਰ ਨਹੀਂ ਪਰਤਿਆ। ਉਸ ਦੇ ਗਮ ਵਿੱਚ ਮਾਂ ਨੇ ਅਜਿਹਾ ਮੰਜਾ ਫੜਿਆ, ਮਰ ਕੇ ਹੀ ਮੰਜਾ ਛੁੱਟਿਆ। ਜੈਲਾ ਉਦੋਂ ਆਪ ਪੜ੍ਹਦਾ ਸੀ। ਭਰਾ ਨੂੰ ਲੱਭਣ ਲਈ ਉਸ ਨੇ ਦਿਨ ਰਾਤ ਇੱਕ ਕਰ ਦਿੱਤਾ ਸੀ। ਦਰ ਦਰ ਦੀਆਂ ਠੋਕਰਾਂ ਖਾਧੀਆਂ। ਉਹ ਕਦੇ ਕਿਸੇ ਅਫਸਰ ਨੂੰ ਮਿਲਦਾ ਕਦੇ ਕਿਸੇ ਨੂੰ। ਇੱਕ ਦਿਨ ਸੁੰਨ ਮਸੁੰਨ ਹੋ ਕੇ ਘਰ ਨੂੰ ਮੁੜ ਆਇਆ। ਨਾ ਮੁੜ ਕੇ ਕਦੇ ਭਰਾ ਨੂੰ ਲੱਭਣ ਗਿਆ ਨਾ ਹੀ ਕਦੇ ਬਹੁਤਾ ਬੋਲਿਆ। ਹਾਲਤ ਕਮਲ਼ਿਆਂ ਵਰਗੀ ਹੋ ਗਈ। ਨਾਨਕੇ ਆਪਣੇ ਕੋਲ਼ ਲੈ ਗਏ ਸਨ। ਕਈ ਸਾਲ ਉੱਥੇ ਰਿਹਾ। ਜਦੋਂ ਨਾਨਾ ਨਾਨੀ ਮੁੱਕ ਗਏ ਤਾਂ ਪਰਿਵਾਰ ਨੇ ਮੁਸੀਬਤ ਸਮਝਿਆ ਉਸ ਨੂੰ। ਇਸ ਲਈ ਪਿੰਡ ਛੱਡ ਗਏ। ਜਦੋਂ ਪਿੰਡ ਆਇਆ ਤਾਂ ਪਛਾਣਿਆ ਨਹੀਂ ਸੀ ਜਾਂਦਾ। ਸਿਰ ਅਤੇ ਦਾੜ੍ਹੀ ਦੇ ਵਾਲ਼ ਅੱਧੇ ਤੋਂ ਵੱਧ ਚਿੱਟੇ ਹੋ ਗਏ ਸਨ। ਹੁਣ ਵੀ ਸ਼ਹਿਰ ਵੱਲ ਜਾਂਦੇ ਰਾਹ ’ਤੇ ਕਿੰਨੀ ਕਿੰਨੀ ਦੇਰ ਬੈਠਾ ਸੁੰਨੀਆਂ ਜਿਹੀਆਂ ਅੱਖਾਂ ਨਾਲ ਤੱਕਦਾ ਰਹਿੰਦਾ। ਫਿਰ ਜੀਅ ਕਾਹਲਾ ਪੈਂਦਾ ਤਾਂ ਉੱਠ ਕੇ ਮੜ੍ਹੀਆਂ ਵੱਲ ਨੂੰ ਤੁਰ ਪੈਂਦਾ। ਆਖਦਾ ਜਾਂਦਾ ਸੀ ‘ਮਾਂ ਓਦਰ ਜਾਂਦੀ ਐ, ਜੇ ਨਾ ਜਾਵਾਂ ਤਾਂ ...।’
ਛੋਟੇ ਬੱਚੇ ਉਸ ਕੋਲੋਂ ਡਰਦੇ ਸਨ। ਕਦੇ ਕੋਈ ਬੱਚਾ ਉਸ ਨੂੰ ਛੇੜ ਕੇ ਭੱਜਣ ਦੀ ਕੋਸ਼ਿਸ਼ ਕਰਦਾ ਤਾਂ ਉਹ ਉਸ ਦੀ ਬਾਂਹ ਫੜ ਲੈਂਦਾ ਅਤੇ ਉਸ ਨੂੰ ਕੋਈ ਮੈਲ਼ਾ ਜਿਹਾ ਅਖ਼ਬਾਰ ਫੜਾ ਦਿੰਦਾ ਜਾਂ ਕੋਈ ਫਟੀ ਮੈਲ਼ੀ ਕਿਤਾਬ ਖੋਲ੍ਹ ਕੇ ਦੇ ਦਿੰਦਾ ਤੇ ਪੜ੍ਹਨ ਲਈ ਆਖਦਾ। ਜਿੰਨਾ ਚਿਰ ਬੱਚਾ ਉਸ ਦੇ ਕਹੇ ’ਤੇ ਇੱਕ ਅੱਧ ਪੰਨਾ ਪੜ੍ਹ ਕੇ ਨਾ ਸੁਣਾਉਂਦਾ, ਉੰਨਾ ਚਿਰ ਜੈਲਾ ਬੱਚੇ ਦੀ ਬਾਂਹ ਨਾ ਛੱਡਦਾ। ਬੱਚੇ ਉਸ ਦੀ ਇਸ ਸਜ਼ਾ ਤੋਂ ਡਰਦੇ ਉਸ ਨੂੰ ਤੰਗ ਪ੍ਰੇਸ਼ਾਨ ਨਹੀਂ ਸਨ ਕਰਦੇ। ਕਈ ਲੋਕਾਂ ਨੇ ਦੇਖਿਆ ਸੀ ਉਹ ਇੱਕ ਤਸਵੀਰ ਨੂੰ ਦੋਵਾਂ ਹੱਥਾਂ ਵਿੱਚ ਫੜ ਕੇ ਕਿੰਨੀ ਕਿੰਨੀ ਦੇਰ ਵੇਖਦਾ ਰਹਿੰਦਾ। ਉਹ ਤਸਵੀਰ ਹੈ ਕਿਸ ਦੀ ਸੀ, ਇਹ ਕਿਸੇ ਨੂੰ ਨਹੀਂ ਸੀ ਪਤਾ। ਜਦੋਂ ਕੋਈ ਨੇੜੇ ਜਾਂਦਾ, ਜੈਲਾ ਤਸਵੀਰ ਲੁਕੋ ਲੈਂਦਾ।
ਆਮ ਕਰਕੇ ਬੋਹੜ ਹੇਠਾਂ ਬੈਠੇ ਬਜ਼ੁਰਗ ਜੈਲੇ ਨੂੰ ਆਪਣੇ ਕੋਲ ਬੁਲਾ ਲੈਂਦੇ ਸਨ। ਕਈ ਉਸ ਦਾ ਮਖੌਲ ਉਡਾਉਂਦੇ, ਕਈ ਹਮਦਰਦੀ ਜਿਤਾਉਂਦੇ। ਉਸ ਨੂੰ ਇੱਕੋ ਧੁਨ ਸੀ ਅਖ਼ਬਾਰ ਇਕੱਠੇ ਕਰਨ ਦੀ। ਭਾਵੇਂ ਕੂੜੇ ਵਿੱਚ ਡਿਗਿਆ ਮਿਲ ਜਾਂਦਾ, ਉਹ ਚੁੱਕ ਲੈਂਦਾ ਸੀ। ਉਸ ਨੂੰ ਅੱਖਾਂ ਦੇ ਨੇੜੇ ਕਰ ਕੇ ਦੇਖਦਾ। ਕਦੇ ਉੱਥੇ ਹੀ ਸੁੱਟ ਦਿੰਦਾ, ਕਦੇ ਕਦੇ ਝੋਲ਼ੇ ਵਿੱਚ ਪਾ ਲੈਂਦਾ।
ਇੱਕ ਦਿਨ ਬੋਹੜ ਹੇਠ ਬੈਠੇ ਪਿਆਰਾ ਸਿਉਂ ਪੰਚ ਨੇ ਬੜੇ ਪਿਆਰ ਨਾਲ ਆਪਣੇ ਕੋਲ ਬਿਠਾ ਕੇ ਜੈਲੇ ਨੂੰ ਕਿਹਾ, “ਜੈਲਿਆ, ਤੂੰ ਇੱਕੋ ਗੱਲ ਆਖਦਾ ਰਹਿਨਾ ਏਂ ... ਆਹ ਜਾਂਦੀ ਐ ਪੈੜ, ਆਹ ਜਾਂਦੀ ਐ ਪੈੜ ... ਅਗਾਂਹ ਵੀ ਕੁਛ ਦੱਸਿਆ ਕਰ ...।”
“ਆ ਕੇ ਦੱਸਦਾਂ ...।” ਕਹਿ ਕੇ ਜੈਲਾ ਸਿਰ ਖੁਰਕਦਾ ਕਾਹਲੇ ਕਦਮੀਂ ਆਪਣੇ ਘਰ ਵੱਲ ਚਲਾ ਗਿਆ।
“ਓ ਰਹਿਣ ਦੇ ਜੈਲਿਆ ਫੇਰ ਕਦੇ ਦੱਸ ਦੇਈਂ ... ਸਾਡੀ ਟਰਾਲੀ ਆਉਣ ਆਲ਼ੀ ਐ। ਅਸੀਂ ਧਰਨੇ ਤੇ ਜਾਣਾ ਹੈ ..।” ਪਿਆਰਾ ਸਿਉਂ ਨੇ ਬਥੇਰੀਆਂ ਅਵਾਜ਼ਾਂ ਮਾਰੀਆਂ ਪਰ ਉਸ ਨੇ ਇੱਕ ਨਾ ਸੁਣੀ। ਉਸ ਦੀ ਬੈਠਕ ਵਿੱਚ ਕੁਝ ਕੁ ਪੁਰਾਣੀਆਂ ਕਿਤਾਬਾਂ ਅਤੇ ਅਖ਼ਬਾਰਾਂ ਤੋਂ ਬਿਨਾਂ ਕੋਈ ਬਹੁਤਾ ਸਮਾਨ ਨਹੀਂ ਸੀ। ਉਸ ਨੇ ਥੋੜ੍ਹੇ ਕੁ ਅਖਬਾਰ ਝੋਲ਼ੇ ਵਿੱਚ ਪਾਏ ਤੇ ਕਾਹਲ਼ੇ ਕਦਮੀਂ ਬੋਹੜ ਹੇਠਾਂ ਬੈਠੇ ਬਜ਼ੁਰਗਾਂ ਕੋਲ ਆ ਗਿਆ। ਉੱਧਰੋਂ ਸਕੂਲ ਨੂੰ ਛੁੱਟੀ ਹੋ ਚੁੱਕੀ ਸੀ ਅਤੇ ਮਾਸਟਰ ਜੀ ਵੀ ਬਜ਼ੁਰਗਾਂ ਕੋਲ਼ ਆ ਕੇ ਬੈਠ ਗਏ। ਉਹਨਾਂ ਦਾ ਪਿੰਡ ਦੂਰ ਹੋਣ ਕਰਕੇ ਉਹ ਆਪਣੇ ਪਿੰਡ ਹਫ਼ਤੇ ਬਾਅਦ ਹੀ ਜਾਂਦੇ ਸਨ।
“ਲਓ ਬਈ, ਆਪਣਾ ਜੈਲਾ ਅੱਜ ਦੱਸੂ ਪੈੜਾਂ ਕਿੱਧਰ ਨੂੰ ਜਾਂਦੀਆਂ ਨੇ।” ਆਖ ਕੇ ਵੱਡੇ ਲਾਣੇ ਦਾ ਘੁੱਕਰਾ ਉੱਚੀ ਦੇਣੇ ਹੱਸਿਆ। ਉਸ ਦੇ ਨਾਲ ਤਿੰਨ ਚਾਰ ਜਣੇ ਹੋਰ ਵੀ ਹੱਸ ਪਏ।
ਜੈਲੇ ਨੇ ਇੱਕ ਇੱਕ ਕਰਕੇ ਆਪਣੇ ਝੋਲ਼ੇ ਵਿੱਚੋਂ ਅਖ਼ਬਾਰ ਕੱਢਣੇ ਸ਼ੁਰੂ ਕਰ ਦਿੱਤੇ। ਅਖ਼ਬਾਰ ’ਤੇ ਦੋ ਉਂਗਲੀਆਂ ਰੱਖਦਾ ਤੇ ਆਖਦਾ, “ਆਹ ਜਾਂਦੀ ਐ ਪੈੜ ... ਆਹ ਜਾਂਦੀ ਐ ਪੈੜ।” ਇੱਕ ਤੋਂ ਬਾਅਦ ਦੂਜਾ, ਫਿਰ ਤੀਜਾ ਚੌਥਾ ਇਸੇ ਤਰ੍ਹਾਂ ਅਖ਼ਬਾਰ ਕੱਢਦਾ ਉਂਗਲਾਂ ਰੱਖ ਕੇ ਆਹ ਜਾਂਦੀ ਐ ਪੈੜ ... ਆਖਦਿਆਂ ਉਂਗਲਾਂ ਨੂੰ ਅੱਗੇ ਅੱਗੇ ਤੋਰਦਾ ਤੇ ਕਿਸੇ ਇੱਕ ਥਾਂ ’ਤੇ ਰੁਕ ਜਾਂਦਾ।
“ਓ ਬੱਸ ਕਰ ਪਤੰਦਰਾ, ਸਾਡਾ ਵੀ ਦਿਮਾਗ ਖਰਾਬ ਕਰੇਂਗਾ।” ਘੁੱਕਰੇ ਨੇ ਆਖਿਆ। ਪਰ ਮਾਸਟਰ ਜੀ ਗੰਭੀਰ ਸਨ। ਉਹਨਾਂ ਨੇ ਜੈਲੇ ਨੂੰ ਆਖਿਆ, “ਹਾਂ, ਹਾਂ, ਜਰਨੈਲ ਸਿੰਘ ਅੱਗੇ ਦੱਸੋ।”
“ਮਾਸਟਰ ਜੀ, ਤੁਸੀਂ ਵੀ ਕੀਹਦੇ ਨਾਲ ਮੱਥਾ ਮਾਰਨ ਲੱਗੇ ਓ।” ਘੁੱਕਰੇ ਨੇ ਫੇਰ ਕਿਹਾ। ਜੈਲੇ ਨੇ ਉਦਾਸ ਜਿਹੀਆਂ ਅੱਖਾਂ ਨਾਲ ਉਸ ਵੱਲ ਦੇਖਿਆ ਅਤੇ ਅਖ਼ਬਾਰਾਂ ਨੂੰ ਇਕੱਠੇ ਕਰ ਕੇ ਝੋਲ਼ੇ ਵਿੱਚ ਪਾਉਣ ਲੱਗਿਆ।
“ਨਹੀਂ, ਨਹੀਂ, ਜਰਨੈਲ ਸਿਆਂ ਤੂੰ ਦੱਸ, ਅਸੀਂ ਸਮਝ ਰਹੇ ਹਾਂ ਤੇਰੀ ਗੱਲ ਨੂੰ।” ਮਾਸਟਰ ਜੀ ਨੇ ਜੈਲੇ ਦੇ ਮੋਢੇ ’ਤੇ ਹੱਥ ਰੱਖਦਿਆਂ ਆਖਿਆ। ਜੈਲਾ ਮਾਸਟਰ ਜੀ ਦੇ ਮੂੰਹ ਵੱਲ ਤੱਕਣ ਲੱਗਿਆ। ਉਹਨਾਂ ਹਾਂ ਵਿੱਚ ਸਿਰ ਹਿਲਾਇਆ ਤੇ ਆਖਿਆ, “ਸੱਚੀਂ ਸਮਝ ਰਹੇ ਆਂ ... ਤੂੰ ਅੱਗੇ ਦੱਸ।”
ਮਾਸਟਰ ਜੀ ਨੂੰ ਯਕੀਨ ਸੀ ਕਿ ਜੈਲੇ ਦੀਆਂ ਗੱਲਾਂ ਬੇਮਾਅਨੀਆਂ ਨਹੀਂ। ਉਹ ਫਿਰ ਝੋਲ਼ੇ ਵਿੱਚੋਂ ਅਖ਼ਬਾਰ ਕੱਢਣ ਲੱਗਾ। ਉਸ ਦੀਆਂ ਅੱਖਾਂ ਵਿੱਚ ਥੋੜ੍ਹੀ ਚਮਕ ਆ ਗਈ ਸੀ। ਉਸ ਨੇ ਫਿਰ ਅਖ਼ਬਾਰ ਦੇ ਇੱਕ ਥਾਂ ਉਂਗਲ ਰੱਖੀ, ਫਿਰ ਸ਼ੁਰੂ ਹੋ ਗਿਆ ... ਆਹ ਜਾਂਦੀ ਐ ਪੈੜ ... ਆਹ ਜਾਂਦੀ ਐ ਪੈੜ ...।” ਜੈਲੇ ਨੇ ਇਸੇ ਤਰ੍ਹਾਂ ਕਈ ਅਖ਼ਬਾਰ ਕੱਢੇ, ਬੱਸ ਉਹੀ ਗੱਲ ਦੁਹਰਾਉਂਦਾ ਰਿਹਾ। ਕਈਆਂ ਨੇ ਉੱਥੋਂ ਚੁੱਪ-ਚਾਪ ਖਿਸਕਣਾ ਚਾਹਿਆ। ਪਰ ਮਾਸਟਰ ਜੀ ਨੇ ਉਹਨਾਂ ਨੂੰ ਥੋੜ੍ਹੀ ਦੇਰ ਰੁਕਣ ਲਈ ਕਿਹਾ।
“ਲੱਗਦੈ ਮਾਸਟਰ ਵੀ ਕਮਲ਼ਾ ਹੋ ਗਿਆ ਅੱਜ।” ਘੁੱਕਰਾ ਬੁੜਬੁੜਾਇਆ। ਮਾਸਟਰ ਜੀ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਜੈਲੇ ਨੇ ਝੋਲ਼ੇ ਵਿੱਚੋਂ ਇੱਕ ਕੱਪੜੇ ਦੀ ਪੋਟਲ਼ੀ ਕੱਢੀ, ਉਸ ਨੂੰ ਖੋਲ੍ਹਣ ਲੱਗਿਆ। ਕੱਪੜੇ ਅਤੇ ਕਾਗਜ਼ਾਂ ਵਿੱਚ ਲਪੇਟੀ ਇੱਕ ਫੋਟੋ ਕੱਢ ਕੇ ਛਾਤੀ ਨਾਲ ਲਾਈ। ਮਾਸਟਰ ਜੀ ਨੇ ਫੋਟੋ ਫੜੀ। ਪਿਆਰਾ ਸਿੰਘ ਨੂੰ ਪੁੱਛਿਆ, “ਇਹ ਫੋਟੋ ਕਿਸ ਦੀ ਹੈ ਜੀ?”
“ਲਾਲੀ ਐ ਇਹ ਤਾਂ ... ਜੈਲੇ ਦਾ ਛੋਟਾ ਭਾਈ ... ਬਹੁਤ ਸਿਆਣਾ ਤੇ ਸਾਊ ਮੁੰਡਾ ਸੀ। ਪੜ੍ਹਨ ਨੂੰ ਵੀ ਬਹੁਤ ਹੁਸ਼ਿਆਰ ... ਸਕੂਲ ਦੇ ਮਾਸਟਰ ਆਖਦੇ ਹੁੰਦੇ ਸਨ, ਇਹ ਮੁੰਡਾ ਪਿੰਡ ਦਾ ਨਾਂ ਰੋਸ਼ਨ ਕਰੂ। ਪਰ ਰੱਬ ਨੂੰ ਮਨਜ਼ੂਰ ਨਹੀਂ ਸੀ।” ਪਿਆਰਾ ਸਿੰਘ ਨੇ ਵੱਡਾ ਸਾਰਾ ਹਉਕਾ ਭਰਿਆ। ਜੈਲੇ ਨੇ ਫੋਟੋ ਫੜੀ, ਖੱਬੇ ਹੱਥ ਦੀ ਹਥੇਲੀ ’ਤੇ ਰੱਖ ਕੇ ਕੁੜਤੇ ਨਾਲ ਸਾਫ਼ ਕੀਤੀ। ਇੱਕ ਬਹੁਤ ਹੀ ਪੁਰਾਣਾ ਅਖ਼ਬਾਰ ਕੱਢਿਆ। ਲਾਲੀ ਦੀ ਫੋਟੋ ਅਖ਼ਬਾਰ ’ਤੇ ਰੱਖ ਕੇ ਧੀਮੀ ਜਿਹੀ ਆਵਾਜ਼ ਵਿੱਚ ਬੋਲਿਆ, “ਆਹ ਜਾਂਦੀ ਐ ਪੈੜ ... ਆਹ ਜਾਂਦੀ ਐ ਪੈੜ ...” ਇੱਕ ਥਾਂ ਜਾ ਕੇ ਜੈਲਾ ਰੁਕ ਗਿਆ। ਜਿੱਥੇ ਜੈਲੇ ਦਾ ਹੱਥ ਰੁਕਿਆ, ਮਾਸਟਰ ਜੀ ਨੇ ਅਖ਼ਬਾਰ ਧਿਆਨ ਨਾਲ ਦੇਖਿਆ। ਉੱਥੇ ਉਸ ਪੁਲਿਸ ਅਫਸਰ ਦੀ ਫੋਟੋ ਸੀ, ਜਿਸ ’ਤੇ ਇਲਜ਼ਾਮ ਆਉਂਦਾ ਰਿਹਾ ਹੈ ਕਿ ਉਸ ਨੇ ਆਪਣੇ ਮੋਢਿਆਂ ’ਤੇ ਸਟਾਰ ਵਧਾਉਣ ਲਈ ਬੇਦੋਸ਼ੇ ਨੌਜਵਾਨ ਚੁੱਕ ਚੁੱਕ ਕੇ ਮੁਕਾਬਲਾ ਦਿਖਾ ਕੇ ਮਾਰ ਸੁੱਟੇ ਸਨ।
ਇਸ ਤੋਂ ਬਾਅਦ ਮਾਸਟਰ ਜੀ ਸਾਰੇ ਅਖਬਾਰ ਧਿਆਨ ਨਾਲ ਦੇਖਣ ਲੱਗੇ। ਜੈਲੇ ਨੇ ਬੋਲਣਾ ਬੰਦ ਕਰ ਦਿੱਤਾ, ਉਂਗਲੀ ਰੱਖ ਕੇ ਮਾਸਟਰ ਜੀ ਦੇ ਮੂੰਹ ਵੱਲ ਗਹੁ ਨਾਲ ਤੱਕਦਾ ਰਿਹਾ। ਮਾਸਟਰ ਜੀ ਨੇ ਦੇਖਿਆ, ਜੈਲੇ ਨੇ ਇੱਕ ਅਖਬਾਰ ’ਤੇ ਉਂਗਲ ਰੱਖੀ ਜਿੱਥੇ ਦੋ ਨੌਜਵਾਨਾਂ ਦੀ ਫੋਟੋ ਸੀ, ਜਿਹੜੇ ਵੱਧ ਨਸ਼ਾ ਖਾਣ ਨਾਲ ਮਰ ਚੁੱਕੇ ਸਨ। ਜੈਲੇ ਦੀ ਉਂਗਲ ਉੱਥੇ ਜਾ ਕੇ ਰੁਕੀ ਜਿੱਥੇ ਉਸ ਰਾਜਸੀ ਨੇਤਾ ਦੀ ਫੋਟੋ ਸੀ ਜਿਸਦਾ ਨਸ਼ੇ ਵੇਚਣ ਵਾਲਿਆਂ ਦੀ ਪਿੱਠ’ ਤੇ ਹੱਥ ਦੱਸਿਆ ਜਾਂਦਾ ਰਿਹਾ ਸੀ। ਇੱਕ ਹੋਰ ਅਖ਼ਬਾਰ ’ਤੇ ਫਸਲ ਨੂੰ ਲੱਗੀ ਬਿਮਾਰੀ ’ਤੇ ਨਕਲੀ ਦਵਾਈਆਂ ਦੇਣ ਵਾਲੀ ਖਬਰ ’ਤੇ ਕਿਸਾਨ ਦੀ ਖੁਦਕੁਸ਼ੀ। ਸਾਰੇ ਅਖਬਾਰਾਂ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਖ਼ਬਰ ਸੀ ਜੋ ਗੰਧਲੇ ਸਰਕਾਰੀ ਸਿਸਟਮ ਦੀ ਤਸਵੀਰ ਪੇਸ਼ ਕਰਦੀ ਸੀ। ਕਿਤੇ ਬੱਚੀਆਂ ਨਾਲ ਹੁੰਦੇ ਜਬਰ ਦੀਆਂ ਖਬਰਾਂ ਇਨਸਾਫ ਲਈ ਠੋਕਰਾਂ ਖਾਂਦੇ ਮਾਪਿਆਂ ਦੀਆਂ ਤਸਵੀਰਾਂ। ਕਰੋਨਾ ਸਮੇਂ ਘਰਾਂ ਨੂੰ ਤੁਰੇ ਜਾਂਦੇ ਮਜ਼ਦੂਰਾਂ ਦੇ ਲਹੂ-ਲੁਹਾਣ ਹੋਏ ਪੈਰ, ਕਿਤੇ ਰਾਹ ਵਿੱਚ ਹੀ ਦਮ ਤੋੜ ਚੁੱਕੇ ਮਜ਼ਦੂਰ। ਹਰ ਉਹ ਤਸਵੀਰ ਜਿਸ ਨੂੰ ਦੇਖ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਮਾਸਟਰ ਜੀ ਜੈਲੇ ਦੇ ਮੂੰਹ ਵੱਲ ਦੇਖ ਰਹੇ ਸਨ ਕਿ ਉਹ ਕਿਸ ਤਰ੍ਹਾਂ ਦੁਨੀਆਂ ਭਰ ਦੇ ਦਰਦ ਆਪਣੇ ਨਾਲ ਚੁੱਕੀ ਫਿਰਦਾ ਸੀ।
ਅਖੀਰ ’ਤੇ ਜੈਲੇ ਨੇ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਤੇ ਉਸ ਵਿੱਚ ਜਾਨ ਗਵਾ ਚੁੱਕੇ ਕਿਸਾਨਾਂ ਦੀਆਂ ਤਸਵੀਰਾਂ ਦਿਖਾਈਆਂ। ਉਸ ਲਈ ਦੋਸ਼ੀ ਸਰਕਾਰੀ ਨੇਤਾਵਾਂ ਦੀਆਂ ਤਸਵੀਰਾਂ। ਉੱਜੜੇ ਖੇਤਾਂ ਦੀਆਂ ਤਸਵੀਰਾਂ। ਇੱਕ ਵੱਡੇ ਸਾਰੇ ਕਾਗਜ਼ ਉੱਤੇ ਨਿੱਕੇ ਨਿੱਕੇ ਖੇਤ ਬਣਾ ਉਹਨਾਂ ਵੱਲ ਜਾਂਦੀਆਂ ਪੈੜਾਂ।
ਇੱਕ ਕਾਗਜ਼ ਉੱਤੇ ਰੰਗਦਾਰ ਪੈਨਸਿਲਾਂ ਨਾਲ ਬਣਾਏ ਖੇਤ ... ਖੇਤਾਂ ਦੇ ਚਾਰੇ ਪਾਸੇ ਕੀਤੀ ਵਾੜ ਅਤੇ ਵਾੜ ਵਿੱਚੋਂ ਨਿਕਲਦੇ ਰਾਖਸ਼ਾਂ ਵਰਗੇ ਵੱਡੇ ਵੱਡੇ ਦੰਦਾਂ ਵਾਲੇ ਮੂੰਹ ਜੋ ਖੇਤਾਂ ਨੂੰ ਖਾਂਦੇ ਪ੍ਰਤੀਤ ਹੋ ਰਹੇ ਸਨ। ਇੱਕ ਪਾਸੇ ਕਿਸਾਨ ਤੇ ਮਜ਼ਦੂਰ ਜੋ ਫ਼ਸਲ ਨੂੰ ਬਚਾਉਣ ਲਈ ਉਸ ਖ਼ਤਰਨਾਕ ਵਾੜ ਨੂੰ ਪੁੱਟ ਰਹੇ ਸਨ। ਮਾਸਟਰ ਜੀ ਵੀ ਅੱਜ ਤਕ ਜੈਲੇ ਨੂੰ ਸ਼ੁਦਾਈ ਹੀ ਸਮਝਦੇ ਰਹੇ ਸਨ। ਜਿਵੇਂ ਬੱਚਿਆਂ ਨੇ ਅਤੇ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਸੀ, ਉਸੇ ਨੂੰ ਹੀ ਸੱਚ ਸਮਝਦੇ ਰਹੇ ਸਨ। ਪਰ ਅੱਜ ਜਿਹੜੇ ਜਰਨੈਲ ਸਿੰਘ ਨੂੰ ਉਹ ਦੇਖ ਰਹੇ ਸਨ, ਉਹ ਉਹਨਾਂ ਨੂੰ ਸਮਝ ਤੋਂ ਪਰੇ ਦੀ ਸਿਆਣਪ ਵਾਲਾ ਮਹਿਸੂਸ ਹੋਇਆ।
“ਛੱਡੋ ਮਾਸਟਰ ਜੀ ... ਇਸ ਨੂੰ ਸੋਝੀ ਨਹੀਂ ਵਿਚਾਰੇ ਨੂੰ ... ਐਵੇਂ ਕੂੜਾ ਕਬਾੜਾ ’ਕੱਠਾ ਕਰੀ ਫਿਰਦੈ।” ਖੜ੍ਹੇ ਲੋਕਾਂ ਵਿੱਚੋਂ ਕਿਸੇ ਨੇ ਆਖਿਆ।
“ਕੌਣ ਕਹਿੰਦੈ ਇਹਨੂੰ ਸੋਝੀ ਨਹੀਂ ਐ ... ਇਹ ਬਹੁਤ ਸੂਝਵਾਨ ਹੈ ... ਸਾਡੀ ਸਮਝ ਬਹੁਤ ਛੋਟੀ ਜਾਪਦੀ ਐ ਇਹਦੀ ਸੋਚ ਅੱਗੇ। ਕਿਸੇ ਨੇ ਕਦੇ ਇਸਦੀ ਗੱਲ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ...।”
“ਮਾਸਟਰ ਵੀ ਹਿੱਲ ਗਿਆ ਲਗਦਾ ਹੈ।” ਘੁੱਕਰੇ ਨੇ ਨਾਲ ਖੜ੍ਹੇ ਮੁੰਡੇ ਦੇ ਕੂਹਣੀ ਮਾਰ ਕੇ ਆਖਿਆ।
“ਸਾਡਾ ਇਹੀ ਦੁਖਾਂਤ ਐ ... ਅਸੀਂ ਕਿਸੇ ਵੀ ਗੱਲ ਨੂੰ ਬਿਨਾਂ ਸਮਝੇ ਹੀ ਠਾਹ ਠਾਹ ਆਪਣੇ ਵਿਚਾਰ ਦਾਗਣੇ ਸ਼ੁਰੂ ਕਰ ਦਿੰਦੇ ਹਾਂ।” ਮਾਸਟਰ ਜੀ ਰੋਸ ਜਿਹੇ ਨਾਲ ਬੋਲੇ।
ਮਾਸਟਰ ਜੀ ਨੇ ਉੱਥੇ ਇਕੱਠੇ ਹੋਏ ਸਾਰੇ ਲੋਕਾਂ ਨੂੰ ਇਕੱਲੀ ਇਕੱਲੀ ਗੱਲ ਸਮਝਾਈ। ਸਾਰੇ ਜਣੇ ਚੁੱਪ ਹੋ ਗਏ। ਜੈਲੇ ਨੂੰ ਮਖ਼ੌਲ ਕਰਨ ਵਾਲਿਆਂ ਦੀਆਂ ਧੌਣਾਂ ਝੁਕੀਆਂ ਹੋਈਆਂ ਸਨ। ਮਾਸਟਰ ਜੀ ਨੇ ਜੈਲੇ ਦਾ ਸਮਾਨ ਇਕੱਠਾ ਕਰਵਾਇਆ। ਉਸ ਦੇ ਮੋਢੇ ਉੱਤੋਂ ਬਾਂਹ ਵਲ਼ਾਈ ਅਤੇ ਉਸ ਨੂੰ ਨਾਲ ਲੈ ਤੁਰੇ। ਉੱਥੇ ਖੜ੍ਹੇ ਲੋਕ ਉਹਨਾਂ ਨੂੰ ਜਾਂਦਿਆਂ ਨੂੰ ਵੇਖ ਰਹੇ ਸਨ। ਉਹਨਾਂ ਨੂੰ ਮਾਸਟਰ ਜੀ ਅਤੇ ਜੈਲੇ ਵਿਚਕਾਰ ਕੋਈ ਫ਼ਰਕ ਨਹੀਂ ਸੀ ਜਾਪਦਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2623)
(ਸਰੋਕਾਰ ਨਾਲ ਸੰਪਰਕ ਲਈ: