“ਭਾਈ ਰੁੱਖ ਲਾਈਏ, ਭਾਵੇਂ ਪੁੰਨ ਕਰਨ ਦੀ ਖੁਸ਼ੀ ਮਹਿਸੂਸ ਕਰਨ ਲਈ, ਭਾਵੇਂ ਡਰ ਕੇ ਜਾਂ ਫਿਰ ਕੁਦਰਤ ਅਤੇ ਖਲਕਤ ਦੇ ...”
(2 ਅਗਸਤ 2024)
ਸਾਡੇ ਜੀਵਨ ਵਿੱਚ ਰੁੱਖਾਂ ਦੀ ਮਹੱਤਤਾ ਲਈ ਬੱਸ ਇੱਕੋ ਗੱਲ ਕਹਿਣੀ ਬਣਦੀ ਹੈ, ਜੇ ਰੁੱਖ ਹਨ ਤਾਂ ਸਾਡਾ ਜੀਵਨ ਹੈ। ਰੁੱਖ ਹਰੇ ਭਰੇ, ਅਸੀਂ ਵੀ ਖੁਸ਼ਹਾਲ। ਰੁੱਖ ਸੁੱਕ ਮੁੱਕ ਗਏ ਤਾਂ ਅਸੀਂ ਵੀ ਸੁੱਕ ਮੁੱਕ ਜਾਵਾਂਗੇ। ਅਸੀਂ ਭਾਵੇਂ ਧਿਆਨ ਦੇਈਏ ਜਾਂ ਨਾ, ਅਸੀਂ ਰੁੱਖਾਂ ਨਾਲ ਅਤੇ ਰੁੱਖ ਸਾਡੇ ਨਾਲ ਭਾਵਨਾਤਮਕ ਤੌਰ ’ਤੇ ਵੀ ਜੁੜੇ ਹੋਏ ਹਾਂ। ਥੋੜ੍ਹਾ ਜਿਹਾ ਅੰਦਰੋਂ ਬਾਹਰੋਂ ਮਨ ਸ਼ਾਂਤ ਕਰ ਕੇ ਰੁੱਖਾਂ ਦੇ ਨੇੜੇ ਜਾਈਏ ਤਾਂ ਅਸੀਂ ਉਹਨਾਂ ਨਾਲ ਗੱਲਾਂ ਕਰਨ ਲੱਗ ਪੈਂਦੇ ਹਾਂ। ਉਹ ਵੀ ਸਾਡੀਆਂ ਗੱਲਾਂ ਦਾ ਜਵਾਬ ਦਿੰਦੇ ਪ੍ਰਤੀਤ ਹੁੰਦੇ ਹਨ।
ਇਹ ਤਾਂ ਸਾਡੇ ਵਿਗਿਆਨਕਾਂ ਨੇ ਸਿੱਧ ਕਰ ਦਿੱਤਾ ਹੈ ਕਿ ਰੁੱਖ ਖੁਸ਼ ਵੀ ਹੁੰਦੇ ਹਨ, ਦੁਖੀ ਵੀ ਹੁੰਦੇ ਹਨ ਅਤੇ ਜਦੋਂ ਸਾਡੇ ਵਰਗੇ ਅਕ੍ਰਿਤਘਣ ਮਨੁੱਖ ਉਹਨਾਂ ਦੀ ਛਾਂ ਹੇਠ ਬੈਠ ਕੇ ਹੀ ਉਹਨਾਂ ਨੂੰ ਵੱਢਣ ਦੀਆਂ ਯੋਜਨਾਵਾਂ ਬਣਾਉਂਦੇ ਹਨ ਤਾਂ ਉਹ ਡਰ ਵੀ ਜਾਂਦੇ ਹਨ ਤੇ ਉਦਾਸ ਵੀ ਹੁੰਦੇ ਹਨ। ਅਸੀਂ ਰੁੱਖਾਂ ਨੂੰ ਨੁਕਸਾਨ ਪਹੁੰਚਾ ਕੇ ਉਹ ਬਣ ਜਾਂਦੇ ਹਾਂ ਜਿਸ ਨੂੰ ਭਾਈ ਗੁਰਦਾਸ ਜੀ ਬੁਰਿਆਂ ਤੋਂ ਬੁਰੇ ਅਤੇ ਧਰਤੀ ਦਾ ਸਭ ਤੋਂ ਵੱਡਾ ਭਾਰ ਆਖਦੇ ਹਨ। ‘ਭਾਰੇ ਭੁਈਂ ਅਕਿਰਤਘਣ ਮੰਦੀ ਹੂ ਮੰਦੇ॥'
ਜੇ ਅਸੀਂ ਥੋੜ੍ਹੇ ਜਿਹੇ ਸੁਚੇਤ ਹੋ ਕੇ ਆਲੇ-ਦੁਆਲੇ ਲੱਗੇ ਰੁੱਖਾਂ ਨੂੰ ਹਰ ਰੋਜ਼ ਧਿਆਨ ਨਾਲ ਦੇਖੀਏ ਤਾਂ ਰੁੱਖਾਂ ਦੀਆਂ ਬਹੁਤ ਸਾਰੀਆਂ ਭਾਵਨਾਵਾਂ ਸਾਨੂੰ ਸਮਝ ਵਿੱਚ ਆਉਣਗੀਆਂ। ਇੱਕ ਅੱਖੀੰ ਦੇਖੀ ਗੱਲ ਸਾਂਝੀ ਕਰਨ ਲੱਗੀ ਹਾਂ। ਦੋ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਇੱਕ ਦੋ ਕੁ ਸਾਲ ਦੀ ਨਿੱਕੀ ਬੱਚੀ ਸਾਡੇ ਨਾਲ ਛੱਤ ’ਤੇ ਖੇਡਦੀ ਸੀ। ਛੱਤ ਦੇ ਜੰਗਲੇ ਨਾਲ ਨਿੰਮ ਦੀਆਂ ਟਾਹਣੀਆਂ ਲੱਗਦੀਆਂ ਸਨ। ਸਤੰਬਰ ਦਾ ਮਹੀਨਾ ਸੀ। ਉਸ ਬੱਚੀ ਦੇ ਚਿਹਰੇ ਨਾਲ ਨਿੰਮ ਦੀਆਂ ਟਾਹਣੀਆਂ ਛੂੰਹਦੀਆਂ, ਉਹ ਬਹੁਤ ਖੁਸ਼ ਹੁੰਦੀ। ਉਸ ਦੀਆਂ ਅੱਖਾਂ ਹੱਸਦੀਆਂ। ਉਹ ਆਪਣੇ ਮੋਢੇ ਕੰਨਾਂ ਨਾਲ ਲਾ ਲੈਂਦੀ। ਖੁਸ਼ੀ ਵਿੱਚ ਕਿਲਕਾਰੀਆਂ ਮਾਰਦੀ ਉਹ ਭੱਜ ਕੇ ਫਿਰ ਟਾਹਣੀਆਂ ਅਤੇ ਪੱਤਿਆਂ ਨਾਲ ਖੇਡਦੀ। ਅਸੀਂ ਟਾਹਣੀ ਫੜ ਕੇ ਪੱਤੇ ਉਸ ਦੇ ਕੰਨਾਂ ਨਾਲ, ਮੱਥੇ ਨਾਲ, ਗਰਦਨ ਨਾਲ, ਗੱਲ੍ਹਾਂ ਨਾਲ ਛੁਹਾਉਂਦੇ ਅਤੇ ਉਸ ਦੀ ਖੁਸ਼ੀ ਦੇਖਣ ਵਾਲੀ ਹੁੰਦੀ ਸੀ। ਉਹ ਹਰ ਰੋਜ਼ ਖੇਡਣ ਆਉਂਦੀ। ਉਸ ਦੀ ਖੁਸ਼ੀ ਨੂੰ ਦੇਖਦੇ ਅਸੀਂ ਉਸ ਨੂੰ ਛੱਤ ’ਤੇ ਹੀ ਲੈ ਜਾਂਦੇ। ਥੋੜ੍ਹੇ ਦਿਨਾਂ ਬਾਅਦ ਮੈਂ ਦੇਖਿਆ, ਜਿਹੜੀ ਟਾਹਣੀ ਨਾਲ ਉਹ ਖੇਡਦੀ ਸੀ, ਉਸ ਟਾਹਣੀ ਦੇ ਪੱਤੇ ਨਿੰਮ ਦੇ ਬਾਕੀ ਪੱਤਿਆਂ ਨਾਲੋਂ ਵੱਡੇ ਸਨ। ਉਹ ਟਾਹਣੀ ਤੇਜ਼ੀ ਨਾਲ ਵਧੀ ਸੀ ਅਤੇ ਜੰਗਲੇ ਦੇ ਅੰਦਰ ਵੱਲ ਨੂੰ ਕਾਫ਼ੀ ਝੁਕ ਗਈ ਸੀ। ਕਮਾਲ ਤਾਂ ਉਸ ਵੇਲੇ ਹੋਇਆ ਜਦੋਂ ਉਸ ਟਾਹਣੀ ਦੇ ਉੱਪਰ ਵੱਲ ਰੁੱਖ ਵਾਲੇ ਪਾਸੇ ਨੂੰ ਇੱਕ ਬੇਮੌਸਮਾ ਫੁੱਲਾਂ ਦਾ ਗੁੱਛਾ ਨਿਕਲ ਆਇਆ। ਫਿਰ ਮੈਨੂੰ ਆਸਕਰ ਵਾਈਲਡ (Oscar Wilde) ਦੀ ਲਿਖੀ ਕਹਾਣੀ ਸਵਾਰਥੀ ਦਿਉ (The Se।fish Giant) ਯਾਦ ਆਈ। ਉਸ ਵਿੱਚ ਵੀ ਬੱਚਿਆਂ ਦੇ ਖੇਡਣ ਨਾਲ ਸਾਰਾ ਬਾਗ ਫੁੱਲਾਂ ਨਾਲ ਭਰ ਜਾਂਦਾ ਹੈ। ਉਸ ਵੇਲੇ ਇਹ ਕਹਾਣੀ ਕਾਲਪਨਿਕ ਲਗਦੀ ਸੀ। ਹੁਣ ਪੜ੍ਹ ਕੇ ਲਗਦਾ ਹੈ ਕਿ ਇਸ ਕਹਾਣੀ ਵਿੱਚ ਕਿੰਨਾ ਖੂਬਸੂਰਤ ਸੱਚ ਲਿਖਿਆ ਹੈ।
ਆਮ ਦੇਖਣ ਵਿੱਚ ਆਇਆ ਹੈ ਕਿ ਕਈ ਵਾਰ ਜਦੋਂ ਫਲ਼ਦਾਰ ਰੁੱਖਾਂ ਦੇ ਫਲ਼ ਨਹੀਂ ਲੱਗਦੇ ਤਾਂ ਉਹਨਾਂ ਅੰਦਰ ਡਰ ਪੈਦਾ ਕੀਤਾ ਜਾਂਦਾ ਹੈ। ਕਈ ਬਜ਼ੁਰਗ ਬੀਬੀਆਂ ਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਵਾਰ ਵਾਰ ਉਸ ਰੁੱਖ ਕੋਲ ਇਹ ਆਖੋ ਕਿ ਹੁਣ ਇਹਨੂੰ ਵੱਢ ਦੇਣਾ ਹੈ ਜਾਂ ਪੁੱਟ ਦੇਣਾ ਹੈ ਤਾਂ ਉਸ ਨੂੰ ਅਗਲੇ ਸਾਲ ਨੂੰ ਫਲ਼ ਲੱਗਣ ਲੱਗ ਪੈਂਦੇ ਹਨ। ਕਈ ਵਾਰ ਤਾਂ ਉਹਨਾਂ ਦੇ ਕੁਹਾੜੀ ਨਾਲ ਛੋਟੇ ਛੋਟੇ ਟੱਕ ਵੀ ਲਾ ਦਿੱਤੇ ਜਾਂਦੇ ਹਨ ਅਤੇ ਆਖਿਆ ਜਾਂਦਾ ਹੈ ਕਿ ਉਹ ਰੁੱਖ ਆਉਣ ਵਾਲੇ ਸਾਲ ਨੂੰ ਫਲ਼ ਜ਼ਰੂਰ ਦੇਣ ਲੱਗ ਪੈਂਦਾ ਹੈ।
ਸਾਡੇ ਆਲੇ-ਦੁਆਲੇ ਅਸੀਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਦੇਖ ਅਤੇ ਮਹਿਸੂਸ ਕਰ ਸਕਦੇ ਹਾਂ। ਵਿਗਿਆਨੀਆਂ ਨੇ ਬਹੁਤ ਸਾਰੇ ਪ੍ਰਯੋਗ ਕੀਤੇ ਅਤੇ ਦੁਨੀਆਂ ਸਾਹਮਣੇ ਇਹ ਗੱਲਾਂ ਵਿਗਿਆਨਕ ਤਰੀਕੇ ਨਾਲ ਸਿੱਧ ਕੀਤੀਆਂ ਕਿ ਰੁੱਖ, ਵੇਲ-ਬੂਟੇ ਦੁੱਖ-ਸੁਖ, ਖੁਸ਼ੀ, ਸਨੇਹ, ਦਿਆਲਤਾ, ਕਠੋਰਤਾ ਮਹਿਸੂਸ ਕਰਦੇ ਹਨ। ਉਹਨਾਂ ਉੱਤੇ ਸੰਗੀਤ ਦਾ ਬਹੁਤ ਚੰਗਾ ਅਸਰ ਦੇਖਣ ਨੂੰ ਮਿਲਿਆ। ਉਹ ਮਨੁੱਖ ਦੀਆਂ ਭਾਵਨਾਵਾਂ ਤਕ ਨੂੰ ਮਹਿਸੂਸ ਕਰ ਲੈਂਦੇ ਹਨ।
ਸਾਡੇ ਇਤਿਹਾਸ ਵਿੱਚੋਂ ਬਹੁਤ ਸਾਰੀਆਂ ਉਦਾਹਰਣਾਂ ਦੇਖੀਆਂ ਸੁਣੀਆਂ ਜਾਂਦੀਆਂ ਹਨ ਕਿ ਕਿਸ ਤਰ੍ਹਾਂ ਮਹਾਪੁਰਸ਼ਾਂ ਦੀ ਛੋਹ ਪ੍ਰਾਪਤ ਰੁੱਖ ਸਦੀਆਂ ਤਕ ਜਿਉਂਦੇ ਰਹਿ ਸਕਦੇ ਹਨ ਅਤੇ ਉਹਨਾਂ ਦੇ ਫਲਾਂ ਦਾ ਸੁਆਦ ਵੀ ਬਦਲ ਸਕਦਾ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੰਪਰਕ ਵਿੱਚ ਆਉਂਦਿਆਂ ਰੀਠਿਆਂ ਵਿਚਲੀ ਕੁੜੱਤਣ ਖ਼ਤਮ ਹੋ ਗਈ। ਇਸ ਤਰ੍ਹਾਂ ਦੀਆਂ ਹੋਰ ਉਦਾਹਰਣਾਂ ਵੀ ਮਿਲਦੀਆਂ ਹਨ।
ਰੁੱਖਾਂ ਦੇ ਸਾਨੂੰ ਬੇਹਿਸਾਬ ਫਾਇਦੇ ਹਨ। ਜੇ ਅਸੀਂ ਇਹਨਾਂ ਤੋਂ ਫਲ਼ ਲੈਂਦੇ ਹਾਂ, ਫੁੱਲਾਂ ਦੀਆਂ ਮਹਿਕਾਂ ਦਾ ਅਨੰਦ ਮਾਣਦੇ ਹਾਂ, ਤੰਦਰੁਸਤੀ ਇਹਨਾਂ ਤੋਂ ਲੈਂਦੇ ਹਾਂ, ਜ਼ਿੰਦਗੀ ਦੀਆਂ ਹੋਰ ਸੁਖ ਸਹੂਲਤਾਂ ਇਹਨਾਂ ਤੋਂ ਲੈਂਦੇ ਹਾਂ, ਸਾਡੇ ਪ੍ਰਾਣ ਇਹਨਾਂ ਦੀ ਮਿਹਰਬਾਨੀ ਨਾਲ ਚੱਲਦੇ ਹਨ ਤਾਂ ਫਿਰ ਸਾਡੇ ਵੀ ਇਹਨਾਂ ਪ੍ਰਤੀ ਕੁਝ ਫਰਜ਼ ਬਣਦੇ ਹਨ, ਜੋ ਸਾਡੇ ਲਈ ਨਿਭਾਉਣੇ ਬਹੁਤ ਜ਼ਰੂਰੀ ਹਨ। ਅਸੀਂ ਰੁੱਖ ਲਗਾ ਕੇ, ਉਹਨਾਂ ਦੀ ਸਾਂਭ-ਸੰਭਾਲ ਕਰਕੇ ਰੁੱਖਾਂ ਸਿਰ ਕੋਈ ਅਹਿਸਾਨ ਨਹੀਂ ਕਰਾਂਗੇ ਸਗੋਂ ਇਹ ਸਾਡੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਹੋਵੇਗੀ। ਰੁੱਖ ਮਨੁੱਖ ਤੋਂ ਬਿਨਾਂ ਵਧ ਫੁੱਲ ਸਕਦੇ ਹਨ ਪਰ ਮਨੁੱਖ ਦਾ ਰੁੱਖਾਂ ਬਿਨਾਂ ਇੱਕ ਮਿੰਟ ਵੀ ਨਹੀਂ ਸਰਦਾ।
ਰੁੱਖ ਸਾਨੂੰ ਢੇਰ ਸਾਰੀਆਂ ਨਿਆਮਤਾਂ ਨਾਲ ਨਿਵਾਜਦੇ ਹਨ। ਸਾਡੇ ਅੰਦਰ ਵੀ ਰੁੱਖਾਂ ਨੂੰ ਦੇਣ ਨੂੰ ਸਨੇਹ ਹੈ, ਦਿਆਲਤਾ ਹੈ, ਉਹਨਾਂ ਦੀ ਸਾਂਭ-ਸੰਭਾਲ ਲਈ ਸਾਧਨ ਵੀ ਹਨ, ਫਿਰ ਅਸੀਂ ਕਿਉਂ ਕੰਜੂਸੀ ਕਰਦੇ ਹਾਂ? ਕਿਉਂ ਕਠੋਰਤਾ ਨੂੰ ਮੋਹਰੇ ਰੱਖ ਲੈਂਦੇ ਹਾਂ? ਸਾਡੇ ਵਿੱਚੋਂ ਕਈਆਂ ਨੂੰ ਆਦਤ ਹੁੰਦੀ ਹੈ ਤੁਰੇ ਜਾਂਦੇ ਹੀ ਰੁੱਖਾਂ ਦੇ ਪੱਤੇ ਸੂਤ ਲੈਂਦੇ ਹਨ, ਕੁਝ ਦੇਰ ਉਹਨਾਂ ਨੂੰ ਤੋੜਦੇ ਮਰੋੜਦੇ ਹਨ, ਫਿਰ ਸੁੱਟ ਦਿੰਦੇ ਹਨ। ਇਹਨਾਂ ਪੱਤਿਆਂ ਤੋਂ ਕੋਈ ਲਾਭ ਨਹੀਂ ਲੈਂਦੇ, ਬੱਸ ਟਾਹਣੀਆਂ ਜ਼ਰੂਰ ਰੁੰਡ ਮਰੁੰਡ ਕਰ ਦਿੰਦੇ ਹਾਂ। ਜੇ ਇਹਨਾਂ ਨੂੰ ਕਿਸੇ ਲਾਭ ਲਈ ਵਰਤਿਆ ਜਾਵੇ ਤਾਂ ਠੀਕ ਹੈ ਪਰ ਇਹਨਾਂ ਦੀ ਬਰਬਾਦੀ ਕਰਨਾ, ਇਹਨਾਂ ਨੂੰ ਸਾੜਨਾ ਸਿਆਣਪ ਦੀ ਨਿਸ਼ਾਨੀ ਨਹੀਂ। ਕਦੇ ਵਿਹਲੇ ਸਮੇਂ ਮੋਬਾਇਲ ਤੋਂ ਨਿਗ੍ਹਾ ਹਟਾ ਕੇ ਕੁਝ ਦੇਰ ਲਈ ਹਵਾ ਵਿੱਚ ਲਹਿਰਾ ਰਹੀਆਂ ਟਾਹਣੀਆਂ ਵੱਲ ਦੇਖਣਾ, ਕਿਸ ਤਰ੍ਹਾਂ ਆਪਸ ਵਿੱਚ ਗੱਲਾਂ ਕਰਦੀਆਂ, ਖੇਡਦੀਆਂ, ਮਸਤੀ ਕਰਦੀਆਂ ਪ੍ਰਤੀਤ ਹੋਣਗੀਆਂ। ਇਹ ਮਨ ਨੂੰ ਖੁਸ਼ੀ ਨਾਲ ਭਰ ਦਿੰਦੀਆਂ ਹਨ। ਜਦੋਂ ਕਦੇ ਹਵਾ ਨਾ ਚਲਦੀ ਹੋਵੇ, ਪੱਤਾ ਵੀ ਨਾ ਹਿੱਲਦਾ ਹੋਵੇ ਤਾਂ ਇਹ ਕਿਸੇ ਤਪੱਸਵੀ ਦੀ ਤਰ੍ਹਾਂ ਸਮਾਧੀ ਵਿੱਚ ਜਾਪਦੇ ਹਨ। ਜਿਵੇਂ ਪਤਾਲ਼ ਤੋਂ ਅਕਾਸ਼ ਤਕ ਇਹਨਾਂ ਦੀ ਸਿੱਧੀ ਗੱਲਬਾਤ ਹੋਵੇ ਤੇ ਇਹ ਅਡੋਲ ਖੜ੍ਹੇ ਪਤਾਲ ਧਰਤੀ ਅਕਾਸ਼ ਦਾ ਸੁਨੇਹਾ ਸਾਹ ਰੋਕ ਕੇ ਸੁਣਦੇ ਹੋਣ।
ਰੁੱਖ ਸਾਡੇ ਜੀਵਨ ਨੂੰ ਖੁਸ਼ੀਆਂ-ਖੇੜੇ, ਰਹਿਮਤਾਂ ਬਖਸ਼ਦੇ ਹਨ। ਇਹਨਾਂ ਦੇ ਫਾਇਦੇ ਗਿਣਾਏ ਨਹੀਂ ਜਾ ਸਕਦੇ। ਸਾਡੇ ਸੁਭਾਅ ਵਿੱਚ ਕੁਦਰਤੀ ਤੌਰ ’ਤੇ ਨਿੱਤ ਦੇ ਕੰਮਾਂ ਵਿੱਚ ਰੁੱਖਾਂ ਦਾ ਖਿਆਲ ਰੱਖਣਾ ਵੀ ਸ਼ਾਮਲ ਹੋਣਾ ਚਾਹੀਦਾ ਹੈ। ਸਾਡੇ ਵਿੱਚੋਂ ਬਹੁ-ਗਿਣਤੀ ਲੋਕ ਪਾਪ-ਪੁੰਨ ਦੀ ਧਾਰਨਾ ਵਿੱਚ ਯਕੀਨ ਰੱਖਦੇ ਹਨ। ਇਸ ਪੱਖ ਤੋਂ ਸੋਚਦਿਆਂ ਵੀ ਰੁੱਖ ਲਾਉਣਾ ਅਤੇ ਉਹਨਾਂ ਦੀ ਦੇਖਭਾਲ ਕਰਨ ਤੋਂ ਵੱਡਾ ਪੁੰਨ ਦਾ ਕੰਮ ਕੋਈ ਨਹੀਂ। ਕਿਹਾ ਜਾਂਦਾ ਹੈ ਕਿ ਇੱਕ ਖੂਹ ਲਵਾ ਕੇ ਬੰਦਾ ਉਸ ਦੇ ਤੁਪਕਿਆਂ ਜਿੰਨੇ ਸਾਲ ਸੁਰਗ ਵਿੱਚ ਰਹਿੰਦਾ ਹੈ। ਇੱਕ ਤਲਾਬ ਪੁੱਟਣ ਦਾ ਕੰਮ ਦਸ ਖੂਹਾਂ ਦੇ ਬਰਾਬਰ, ਦਸ ਤਲਾਬ ਇੱਕ ਝੀਲ ਦੇ ਬਰਾਬਰ, ਦਸ ਝੀਲਾਂ ਇੱਕ ਨੇਕ ਪੁੱਤਰ ਪ੍ਰਾਪਤੀ ਦੇ ਬਰਾਬਰ, ਦਸ ਨੇਕ ਪੁੱਤਰ ਇੱਕ ਰੁੱਖ ਦੇ ਬਰਾਬਰ - ਮੇਰੀ ਤੁੱਛ ਜਿਹੀ ਬੁੱਧੀ ਇਹ ਆਖਦੀ ਹੈ ਕਿ ਨੇਕ ਪੁੱਤਰ ਤਾਂ ਇੱਕ ਨਹੀਂ ਮਾਣ। ਦੁਨੀਆਂ ਵਿੱਚ ਨੇਕੀ ਦੇ ਕੰਮ ਕਰਨੇ ਚਾਹੀਦੇ ਹਨ, ਆਪਣੀ ਨੇਕੀ ਹੋਰ ਅੱਗੇ ਵੰਡਣੀ ਚਾਹੀਦੀ ਹੈ। ਜਿਹੜਾ ਨੇਕ ਹੋਵੇਗਾ, ਉਹ ਸਿਰਫ਼ ਆਪਣੇ ਲਈ ਹੀ ਨਹੀਂ ਸੋਚੇਗਾ, ਸਰਬੱਤ ਦੇ ਭਲੇ ਨਾਲ ਹੀ ਆਪਣਾ ਭਲਾ ਚਾਹੇਗਾ। ਸੋਚੋ, ਇਸ ਤਰ੍ਹਾਂ ਦੇ ਦਸ ਨੇਕ ਪੁੱਤਰ ਦੁਨੀਆਂ ਦੀ ਭਲਾਈ ਲਈ ਜੋ ਕਰ ਸਕਦੇ ਹਨ, ਓਨਾ ਇੱਕ ਰੁੱਖ ਕਰ ਦਿੰਦਾ ਹੈ। ਰੁੱਖ ਲਾਉਣ ਦਾ ਐਨਾ ਵੱਡਾ ਪੁੰਨ … … ਫਿਰ ਸਾਨੂੰ ਸਾਰਿਆਂ ਨੂੰ ਇਹ ਪੁੰਨ ਕਮਾ ਲੈਣਾ ਚਾਹੀਦਾ ਹੈ ਅਤੇ ਰੁੱਖਾਂ ਨੂੰ ਸਾੜਨ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹ ਦਸ ਨੇਕ ਪੁੱਤਰਾਂ ਦੇ ਬਰਾਬਰ ਦੇ ਇੱਕ ਰੁੱਖ ਨੂੰ ਸਾੜ ਰਹੇ ਹਨ।
ਅਖ਼ੀਰ ਵਿੱਚ ਇਹ ਹੀ ਕਹਿ ਸਕਦੇ ਹਾਂ ਕਿ ਭਾਈ ਰੁੱਖ ਲਾਈਏ, ਭਾਵੇਂ ਪੁੰਨ ਕਰਨ ਦੀ ਖੁਸ਼ੀ ਮਹਿਸੂਸ ਕਰਨ ਲਈ, ਭਾਵੇਂ ਡਰ ਕੇ ਜਾਂ ਫਿਰ ਕੁਦਰਤ ਅਤੇ ਖਲਕਤ ਦੇ ਪਿਆਰ ਲਈ, ਪਰ ਰੁੱਖ ਜ਼ਰੂਰ ਲਾਈਏ। ਜਿਹੜੇ ਇਨਸਾਨਾਂ ਨੇ ਰੁੱਖ ਲਾਉਣ ਦਾ ਬੀੜਾ ਚੁੱਕਿਆ ਹੋਇਆ ਹੈ, ਉਹਨਾਂ ਨੂੰ ਦਿਲੋਂ ਸਲਾਮ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5181)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.