“ਥੋੜ੍ਹੀ ਦੇਰ ਬਾਅਦ ਜਦੋਂ ਮੈਂ ਬਾਹਰ ਨਿਕਲੀ ਤਾਂ ਕਿਸੇ ਪਾਸਿਓਂ ਅਜੀਬ ਜਿਹੀ ਦੁਰਗੰਧ ...”
(6 ਜੂਨ 2025)
ਗੰਢਿਆਂ ਦਾ ਜਾਲ਼ੀਨੁਮਾ ਥੈਲਾ ਖੋਲ੍ਹ ਕੇ ਮੈਂ ਛਾਂਟੀ ਕਰਨ ਲੱਗ ਪਈ। ਜਮਾਂ ਸਾਫ਼ ਸੁਥਰੇ ਇੱਕ ਪਾਸੇ, ਜਿਹੜਿਆਂ ਦੀ ਛੇਤੀ ਖਰਾਬ ਹੋਣ ਦੀ ਸੰਭਾਵਨਾ ਸੀ, ਉਹ ਇੱਕ ਪਾਸੇ ਅਤੇ ਜਿਹੜੇ ਬਿਲਕੁਲ ਖਰਾਬ, ਕਿਸੇ ਕੰਮ ਦੇ ਨਹੀਂ ਸਨ, ਉਹ ਇੱਕ ਪਾਸੇ। ਚੰਗੀ ਗੱਲ ਇਹ ਹੋਈ ਕਿ ਤੀਹ ਕਿਲੋ ਵਿੱਚੋਂ ਸਿਰਫ਼ ਇੱਕ ਹੀ ਖਰਾਬ ਨਿਕਲਿਆ। ਛੇ ਸੱਤ ਸਾਲ ਪਹਿਲਾਂ ਦੀ ਇੱਕ ਗੱਲ ਅੱਖਾਂ ਸਾਹਮਣੇ ਘੁੰਮਣ ਲੱਗ ਪਈ। ਗੱਲ ਇਹ ਸੀ ਕਿ ਗੰਢੇ ਵੇਚਣ ਵਾਲੇ ਗੰਢਿਆਂ ਦੀ ਟਰਾਲੀ ਭਰੀ ਫਿਰਦੇ ਸਨ। ਵਿਚਕਾਰ ਖੁੱਲ੍ਹੇ ਗੰਢੇ ਸਨ ਆਲੇ ਦੁਆਲੇ ਪਲਾਸਟਿਕ ਦੀ ਜਾਲੀ ਦੇ ਥੈਲਿਆਂ ਵਿੱਚ ਪਾ ਕੇ ਰੱਖੇ ਹੋਏ ਸਨ। ਉਹਨਾਂ ਦੀ ਆਵਾਜ਼ ਸੁਣ ਕੇ ਬੇਬੇ ਜੀ ਨੇ ਭਾਅ ਪੁੱਛਿਆ ਤਾਂ ਪਤਾ ਚੱਲਿਆ ਕਿ 700 ਦੇ 50 ਕਿਲੋ ਭਾਅ ਤੋੜਨ ਦੀ ਗੱਲ ਹੋਈ ਤਾਂ ਉਹ ਨਾਂਹ ਕਰਕੇ ਚਲੇ ਗਏ। ਥੋੜ੍ਹਾ ਅੱਗੇ ਜਾ ਕੇ ਟਰੈਕਟਰ ਰੋਕ ਲਿਆ। ਫਿਰ ਥੋੜ੍ਹੀ ਦੇਰ ਬਾਅਦ ਮੁੜ ਆਏ ਕਿਉਂਕਿ ਤਿੰਨ ਚਾਰ ਘਰਾਂ ਨੇ ਲੈਣੇ ਸਨ। ਚਲੋ 600 ਨੂੰ ਦੇ ਦਿਆਂਗੇ। ਭਾਈ ਆਪ ਹੀ ਥੈਲੇ ਸਾਰੇ ਘਰਾਂ ਦੇ ਰੱਖ ਆਇਆ। ਅਸੀਂ ਸੋਚਿਆ, ਪਤਾ ਨਹੀਂ ਕਿਹੜੇ ਵੇਲੇ ਮਹਿੰਗੇ ਹੋ ਜਾਣ, ਇਕੱਠੇ 50 ਕਿਲੋ ਲੈ ਕੇ ਕਈ ਮਹੀਨੇ ਲੰਘ ਜਾਣਗੇ। ਉਂਝ ਵੀ ਜਦੋਂ ਕੋਈ ਦਾਲ ਸਬਜ਼ੀ ਨਾ ਹੋਵੇ ਤਾਂ ਚਿੰਤਾ ਨਹੀਂ ਹੁੰਦੀ।
ਬੇਬੇ ਜੀ ਆਪਣੇ ਪੁੱਤਰ ਦਾ ਨਾਂ ਲੈ ਕੇ ਮੈਨੂੰ ਆਖਣ ਲੱਗੇ, “ਪੁੱਛ ਲੈ ਕੁੜੇ ਉਹਨੂੰ ... ਫਿਰ ਤੜਫੂਗਾ ਜੇ ਭਾਅ ਵੱਧ ਘੱਟ ਹੋਇਆ।”
ਮਿੱਡ ਡੇ ਮੀਲ ਕਰਕੇ ਅਧਿਆਪਕਾਂ ਨੂੰ ਆਲੂਆਂ-ਗੰਢਿਆਂ ਦੇ ਭਾਅ ਪਤਾ ਹੁੰਦੇ ਹਨ। ਭਾਵੇਂ ਉਹਨਾਂ ਮੈਨੂੰ ਆਖ ਰੱਖਿਆ ਸੀ ਕਿ ਸਕੂਲ ਵਿੱਚ ਕਦੇ ਵੀ ਮੈਨੂੰ ਫਾਲਤੂ ਫ਼ੋਨ ਨਾ ਕਰਨਾ, ਮੈਂ ਬੇਬੇ ਜੀ ਦੇ ਆਖਣ ’ਤੇ ਥੋੜ੍ਹੀ ਜਿਹੀ ਰਿੰਗ ਕਰਕੇ ਫ਼ੋਨ ਕੱਟ ਦਿੱਤਾ। ਪੀਰੀਅਡ ਫਰੀ ਸੀ, ਉਦੋਂ ਹੀ ਉਨ੍ਹਾਂ ਦਾ ਫ਼ੋਨ ਆ ਗਿਆ। ਮੈਂ ਕਾਰਨ ਦੱਸਿਆ ਤਾਂ ਉਨ੍ਹਾਂ ਇਹੀ ਕਿਹਾ, “ਜੇ ਲੈਣੇ ਨੇ ਤਾਂ ਮਰਜ਼ੀ ਐ ਥੋਡੀ, ਪਰ ਦੇਖ ਕੇ ਲੈਣੇ ... ਕਈ ਵਾਰ ਇਨ੍ਹਾਂ ਨੇ ਥੈਲਿਆਂ ਵਿੱਚ ਖਰਾਬ ਗੰਢੇ ਪਾਏ ਹੁੰਦੇ ਨੇ।”
“ਐਨੀ ਕੁ ਤਾਂ ਅਕਲ ਹੈਗੀ ਐ, ਦੇਖ ਕੇ ਹੀ ਲਵਾਂਗੇ।” ਮੈਂ ਨਿਹੋਰੇ ਜਿਹੇ ਨਾਲ ਆਖ ਕੇ ਫ਼ੋਨ ਕੱਟ ਦਿੱਤਾ।
“ਬੇਬੇ! ਸਾਲ ਭਰ ਜੇ ਮੇਰਾ ਇੱਕ ਵੀ ਗੰਢਾ ਖਰਾਬ ਹੋ ਗਿਆ ਤਾਂ ਮੈਨੂੰ ਕਹਿਣਾ, ਮੈਂ ਫਲਾਣੇ ਸਰਪੰਚ ਦਾ ਭਾਈ ਆਂ।“ ਉਸਦੀਆਂ ਗੱਲਾਂ ਤੋਂ ਲਗਦਾ ਸੀ ਜਿਵੇਂ ਜ਼ਿੰਦਗੀ ਵਿੱਚ ਉਸਨੇ ਇੱਕ ਵੀ ਗੰਢੇ ਦੀ ਬੇਈਮਾਨੀ ਨਾ ਕੀਤੀ ਹੋਵੇ।
“ਕਿੱਥੇ ਢੇਰੀ ਕਰਾਂ ਬੇਬੇ?” ਭਾਈ ਨੇ ਪੁੱਛਿਆ। ਉਸ ਦੀ ਇਸ ਗੱਲ ਤੋਂ ਯਕੀਨ ਹੋਰ ਵੀ ਪੱਕਾ ਹੋ ਗਿਆ ਕਿ ਉਹ ਸੱਚ ਬੋਲ ਰਿਹਾ ਹੈ। ਬੇਬੇ ਜੀ ਨੇ ਗੰਢੇ ਬਾਹਰ ਬਰਾਂਡੇ ਵਿੱਚ ਰਖਵਾ ਲਏ। ਭਾਈ 600 ਰੁਪਏ ਦੇ ਨਾਲ 25 ਰੁਪਏ ਕਿਰਾਏ ਦੇ ਵੀ ਲੈ ਗਿਆ।
ਥੋੜ੍ਹੀ ਦੇਰ ਬਾਅਦ ਜਦੋਂ ਮੈਂ ਬਾਹਰ ਨਿਕਲੀ ਤਾਂ ਕਿਸੇ ਪਾਸਿਓਂ ਅਜੀਬ ਜਿਹੀ ਦੁਰਗੰਧ ਆ ਰਹੀ ਸੀ ਤੇ ਆਲੇ-ਦੁਆਲੇ ਨਿਗਾਹ ਮਾਰੀ ਤਾਂ ਗੰਢਿਆਂ ਵਾਲੇ ਥੈਲੇ ਕੋਲੋਂ ਆ ਰਹੀ ਸੀ। ਗੰਢੇ ਦੇਖਣ ਨੂੰ ਤਾਂ ਸਾਫ਼ ਲੱਗ ਰਹੇ ਸਨ, ਥੈਲੇ ਦਾ ਪਾਸਾ ਪਲਟਿਆ ਤਾਂ ਥੱਲੇ ਬਦਬੂਦਾਰ ਪਾਣੀ ਸੀ। ਮੇਰਾ ਮੱਥਾ ਠਣਕਿਆ ਅਤੇ ਇਨ੍ਹਾਂ ਦੀ ਕਹੀ ਗੱਲ ਯਾਦ ਆ ਗਈ। ਥੈਲਾ ਘੜੀਸ ਕੇ ਇੱਕ ਪਾਸੇ ਕੀਤਾ। ਜਗ੍ਹਾ ਸਾਫ਼ ਕੀਤੀ, ਘੜੀ ’ਤੇ ਸਮਾਂ ਦੇਖਿਆ। ਮਾਸਟਰ ਜੀ ਦੇ ਆਉਣ ਵਿੱਚ 15-20 ਮਿੰਟ ਬਾਕੀ ਸਨ। ਫਟਾਫਟ ਥੈਲਾ ਖੋਲ੍ਹਿਆ। ਅੱਗੋਂ ਥੋੜ੍ਹੇ ਜਿਹੇ ਗੰਢੇ ਸਾਫ਼ ਨਿਕਲੇ, ਵਿੱਚੋਂ ਤਿੰਨ ਚਾਰ ਕਿਲੋ ਇਕੱਠੇ ਬਦਬੂਦਾਰ ਗੰਢ ਜਿਹੀ ਬੱਝੀ ਹੋਈ। ਇੰਨੇ ਨੂੰ ਬੇਬੇ ਜੀ ਬਾਹਰ ਨਿਕਲ ਆਏ। ਦੇਖਿਆ ਤਾਂ ਗੰਢੇ ਖਰਾਬ ਸਨ।
“ਆਉਣ ਆਲੈ ... ਹੁਣ ਤੜਫੂਗਾ ਦੇਖ ਕੇ ... ਮੈਂ ਬੱਠਲ (ਤਸਲਾ) ਲਿਆਵਾਂ?” ਉਹ ਪੁੱਛਣ ਲੱਗੇ।
“ਨਹੀਂ, ... ਮੈਂ ਲਿਆਉਨੀ ਆਂ ਭੱਜ ਕੇ।” ਮੈਂ ਸੋਚਿਆ ਬੇਬੇ ਜੀ ਤੋਂ ਛੇਤੀ ਨਹੀਂ ਤੁਰਿਆ ਜਾਣਾ। ਡਰ ਮੋਹਰੇ ਭੂਤ ਨੱਚਦੇ ਅੱਜ ਮਹਿਸੂਸ ਹੋ ਰਹੇ ਸਨ। ਮੈਂ ਭੱਜ ਕੇ ਗਲ਼ੇ ਸੜੇ ਗੰਢੇ ਪਾਉਣ ਲਈ ਬੱਠਲ ਲਿਆਂਦਾ। ਸੋਚ ਕੇ ਸ਼ਰਮਸਾਰ ਹੋ ਰਹੀ ਸੀ ਕਿ ਮੈਂ ਇਨ੍ਹਾਂ ਦੀ ਗੱਲ ਸੁਣ ਤਾਂ ਲਈ ਪਰ ਅਮਲ ਨਹੀਂ ਕੀਤਾ। ਭਾਈ ਦੀਆਂ ਗੱਲਾਂ ’ਤੇ ਭਰੋਸਾ ਕਰ ਲਿਆ। ਐਨੇ ਨੂੰ ਮੋਟਰਸਾਈਕਲ ਦੀ ਆਵਾਜ਼ ਸੁਣੀ। ਖਰਾਬ ਗੰਢੇ ਪਾਉਣ ਦਾ ਸਮਾਂ ਨਹੀਂ ਸੀ। ਉੱਤੇ ਹੀ ਠਾਹ ਮੂਧਾ ਮਾਰ ਦਿੱਤਾ। ਬੇਬੇ ਜੀ ਨੇ ਹੋਰ ਵੀ ਅਗਾਂਹ ਦੀ ਸੋਚੀ ਮੂਧੇ ਬੱਠਲ ਦੇ ਉੱਪਰ ਬੈਠ ਕੇ ਦੂਜੇ ਗੰਢਿਆਂ ਵਿੱਚ ਹੱਥ ਮਾਰਨ ਲੱਗ ਪਏ। ਮਾਸਟਰ ਜੀ ਆਉਂਦੇ ਹੀ ਬੋਲੇ, “ਲੈ ਲਏ ਫਿਰ ਗੰਢੇ ...ਕਿੰਨੇ ਨੇ?”
“50 ਕਿਲੋ ਨੇ ਮੱਲ।” ਬੇਬੇ ਨੇ ਪਿਆਰ ਨਾਲ ਕਿਹਾ।
“ਥੋਨੂੰ ਕੋਈ ਲੁੱਟ ਕੇ ਲੈ ਗਿਆ ... 30-35 ਕਿਲੋ ਤੋਂ ਵੱਧ ਨੀ ਹੈਗੇ।” ਜਿਵੇਂ ਉਹਨਾਂ ਦੀਆਂ ਅੱਖਾਂ ਨੇ ਹੀ ਗੰਢੇ ਤੋਲ ਲਏ ਹੋਣ।
“ਨਾ, ਨਾ, ਐਨਾ ਫ਼ਰਕ ਨੀ ਹੋਣਾ ...ਆਪਣੇ ਤੱਕੜੀ ਹੈਗੀ ਆ ਤੋਲ ਲੈਨੇ ਆਂ।” ਬੇਬੇ ਜੀ ਕਹਿਣ ਲੱਗੇ।
ਮੈਂ ਤੱਕੜੀ ਅਤੇ ਵੱਟਾ ਚੁੱਕ ਲਿਆਂਦਾ। ਅੰਦਰ ਜਾ ਕੇ ਚਾਹ ਬਣਾਉਣ ਲੱਗੀ। ਬੇਬੇ ਜੀ ਹੌਲੀ ਹੌਲੀ ਤੋਲਣ ਲੱਗੇ। ਮੈਂ ਤਾਕੀ ਵਿੱਚ ਦੀ ਦੇਖ ਰਹੀ ਸੀ। ਮੈਨੂੰ ਲੱਗਿਆ ਗੰਢੇ ਘਟਣਗੇ। ਮੈਂ ਚਾਹ ਪੀਣ ਲਈ ਇਨ੍ਹਾਂ ਨੂੰ ਅਵਾਜ਼ ਮਾਰੀ। ਇਹ ਹਮੇਸ਼ਾ ਰਸੋਈ ਵਿੱਚ ਬੈਠ ਕੇ ਹੀ ਚਾਹ ਪੀਂਦੇ ਹੁੰਦੇ ਨੇ। ਇਨ੍ਹਾਂ ਚਾਹ ਦਾ ਕੱਪ ਚੁੱਕਿਆ, ਮੈਂ ਬੈਠਣ ਲਈ ਕੁਰਸੀ ਅੱਗੇ ਕਰ ਦਿੱਤੀ। ਪਰ ਇਹ ਚਾਹ ਦਾ ਕੱਪ ਲੈ ਕੇ ਬਾਹਰ ਬੇਬੇ ਜੀ ਕੋਲ ਹੀ ਚਲੇ ਗਏ। ਉਡਦੇ ਪੰਛੀਆਂ ਦੇ ਖੰਭ ਗਿਣਨ ਵਾਲੀ, ਤੋਰ ਅਤੇ ਝਾਕਣੀ ਤੋਂ ਬੰਦਾ ਪਛਾਣਨ ਵਾਲੀ, ਕਿਸੇ ਦੀ ਵੀ ਗਲਤੀ ਮਿੰਟ ਵਿੱਚ ਫੜਨ ਵਾਲੀ, ਬੰਦੇ ਦੇ ਅੰਦਰ ਕੀ ਚੱਲ ਰਿਹਾ ਇਸਦਾ ਹਿਸਾਬ ਕਿਤਾਬ ਲਾਉਣ ਵਾਲੀ ਸਾਡੀ ਮਾਂ ਅੱਜ ਕੁਝ ਨਹੀਂ ਸੀ ਬੋਲ ਰਹੀ। ਮੈਨੂੰ ਵੀ ਜਿਹੜੀ ਭੋਰਾ ਅਕਲ ਹੈ ਸੀ, ਉਸ ਨੇ ਵੀ ਕੰਮ ਨਾ ਕੀਤਾ। ਮੈਂ ਵੀ ਡੁੰਨਵੱਟਾ ਬਣੀ ਖੜ੍ਹੀ ਸੀ। ਗੰਢੇ ਤੋਲੇ ਗਏ ਤੀਹ ਕਿਲੋ ਹੋਏ।
“ਮੈਂ ਕਿਹਾ ਤੀ ਨਾ ... ਥੋਨੂੰ ਕੋਈ ਲੁੱਟ ਕੇ ਲੈ ਗਿਆ।” ਇਹ ਤੜਫ਼ੇ।
“ਲੈ ਫਿਰ ਕੀ ਹੋ ਗਿਆ ਫਿਰ ਕਿਹੜਾ ਉਹ ਚੁਬਾਰਾ ਛੱਤ ਲਊ।” ਬੇਬੇ ਜੀ ਅੱਧ ਗੁੱਸੇ ਜਿਹੇ ਨਾਲ ਬੋਲੇ।
“ਕਿਉਂ ਨੀ ਹੋ ਗਿਆ ਕੁਸ਼ ... ਕਮਾਈਆਂ ਊਂਈਂ ਨੀ ਹੁੰਦੀਆਂ ਬੇਬੇ ...ਆਹ ਪੈਰਾਂ ’ਤੇ ਛਾਲੇ ਪੈਣ ਆਲੇ ਹੋਏ ਪਏ ਐ। ਜਮਾਂ ਮੱਚ ਜਾਂਦੇ ਨੇ ... ਸੜਕਾਂ ਅੱਗ ਵਰਗੀਆਂ ਹੋਈਆਂ ਹੁੰਦੀਆਂ ਨੇ।” ਉਹਨਾਂ ਆਪਣੇ ਲਾਲ ਹੋਏ ਪੈਰ ਦਿਖਾਏ। ਸੱਚੀਂ ਛਾਲੇ ਪੈਣ ਵਾਲੇ ਹੋਏ ਪਏ ਸੀ। ਇਨ੍ਹਾਂ ਦੀ ਗੱਲ ਸੁਣ ਕੇ ਬੇਬੇ ਜੀ ਥੋੜ੍ਹੇ ਨਰਮ ਪੈ ਗਏ।
“ਨਾ ਥੋਨੂੰ ਜਮ੍ਹਾਂ ਨੀ ਪਤਾ ਲੱਗਿਆ ਬੀ ਇਹ ਪੰਜਾਹ ਕਿਲੋ ਨੀ ਹੈਗੇ ... ਇਹ ਸੌ ਦੋ ਸੌ ਦੀ ਗੱਲ ਨਹੀਂ ਐ ... ਗੱਲ ਤਾਂ ਇਹ ਐ ਕਿ ਅੱਖਾਂ ਖੁੱਲ੍ਹੀਆਂ ਰੱਖ ਕੇ ਵੀ ਬੇਵਕੂਫ਼ ਬਣਨ ਦੀ।” ਇਹ ਫਿਰ ਬੋਲੇ।
“ਪੰਜ ਕੁ ਸੇਰ ਆਹ ਵੀ ਹੈਗੇ ਨੇ ਮੱਲ।” ਬੇਬੇ ਜੀ ਨੇ ਸੜੇ ਗੰਢਿਆਂ ਤੋਂ ਬੱਠਲ ਚੁੱਕਦਿਆਂ ਕਿਹਾ। ਇਹ ਮੇਰੇ ਵੱਲ ਕੌੜਾ ਜਿਹਾ ਝਾਕਣ ਲੱਗੇ। ਮੈਂ ਆਪਣੀ ਬਚਪਨ ਤੋਂ ਪਈ ਚੰਗੀ ਜਾਂ ਮਾੜੀ ਆਦਤ ਅਨੁਸਾਰ ਕਬੂਤਰ ਵਾਂਗ ਅੱਖਾਂ ਬੰਦ ਕੀਤੀਆਂ, ਦੰਦਾਂ ਵਿਚਾਲੇ ਜੀਭ ਲਈ ਅਤੇ ਆਪਣੇ ਕੰਨ ਫੜ ਲਏ ਪਰ ਮੂੰਹੋਂ ਕੁਝ ਨਾ ਬੋਲੀ।
“ਜਿਹੜੀ ਅਕਲ ਦੀ ਟੌਹਰ ਮਾਰਦੀ ਸੀ, ਉਹਨੂੰ ਵਰਤ ਵੀ ਲੈਂਦੀ ਭੋਰਾ।” ਉਹ ਬੋਲੇ। ਸਾਡੇ ਵੱਲ ਦੇਖ ਕੇ ਫਿਰ ਕਹਿਣ ਲੱਗੇ, “ਚੱਲ ਕੋਈ ਨਾ, ਅੱਗੇ ਤੋਂ ਧਿਆਨ ਰੱਖਿਓ।”
ਸਾਡੀ ਹਾਲਤ ਦੇਖ ਕੇ ਇਨ੍ਹਾਂ ਦਾ ਹਾਸਾ ਛੁੱਟ ਗਿਆ। ਇਸ ਤੋਂ ਬਾਅਦ ਜੋ ਅਸੀਂ ਹੱਸ ਹੱਸ ਕਮਲੇ ਹੋਏ, ਅਸੀਂ ਹੀ ਜਾਣਦੇ ਹਾਂ। ਮੈਂ ਅਤੇ ਬੇਬੇ ਜੀ ਨੇ ਸਾਰੀ ਗੱਲ ਮਸਾਲੇ ਲਾ ਲਾ ਕਈ ਵਾਰ ਦੋਹਰਾ ਦਿੱਤੀ।
ਮੇਰੇ ਦਿਲ ਦਿਮਾਗ਼ ਵਿੱਚ ਇੱਕ ਸਵਾਲ ਘੁੰਮਣ ਲੱਗ ਪਿਆ ਕਿ ਕਿਸਾਨ ਤਾਂ ਕਹਿੰਦੇ ਨੇ ... ਗੰਨਾ ਨਹੀਂ, ਗੁੜ ਦੀ ਭੇਲੀ ਦੇ ਦਿੰਦਾ ਹੈ। ਮੈਂ ਇਨ੍ਹਾਂ ਨੂੰ ਪੁੱਛਿਆ, “ਕਿਸਾਨ ਵੀ ਇੱਦਾਂ ਠੱਗੀ ਮਾਰਨ ਲੱਗ ਪਏ?”
“ਤੂੰ ਟਰੈਕਟਰ ਟਰਾਲੀ ਦੇਖ ਕੇ ਇਨ੍ਹਾਂ ਨੂੰ ਕਿਸਾਨ ਸਮਝ ਲਿਆ, ਇਹ ਵਪਾਰੀ ਨੇ ਕਿਸਾਨਾਂ ਤੋਂ ਖ਼ਰੀਦ ਲੈਂਦੇ ਨੇ। ਵਪਾਰੀ ਭਾਵੇਂ ਛੋਟਾ ਹੋਵੇ ਜਾਂ ਵੱਡਾ, ਆਪਣਾ ਫਾਇਦਾ ਜ਼ਰੂਰ ਸੋਚਦਾ ਐ ... ਵੈਸੇ ਵੀ ਜਿਸਦਾ ਦਾਅ ਲੱਗ ਜਾਂਦਾ ਐ ਲਾ ਹੀ ਲੈਂਦਾ ਐ।”
ਸ਼ਾਮ ਹੁੰਦਿਆਂ ਬੇਬੇ ਜੀ ਦੂਜੇ ਘਰਾਂ ਵਾਲਿਆਂ ਦੇ ਉੱਘ ਸੁੱਘ ਲੈਣ ਗਏ ਕਿ ਉਹਨਾਂ ਦੇ ਗੰਢੇ ਕਿਵੇਂ ਨਿਕਲੇ। ਘਰ ਆ ਕੇ ਉਦਾਸਿਆ ਜਿਹਾ ਚਿਹਰਾ ਲੈ ਕੇ ਚੁੱਪ-ਚਾਪ ਬੈਠ ਗਏ। ਇਹ ਮੈਨੂੰ ਕਹਿਣ ਲੱਗੇ, “ਦੂਜੇ ਘਰਾਂ ਵਾਲਿਆਂ ਦੇ ਗੰਢੇ ਸਾਫ਼ ਹੋਣਗੇ।”
“ਇਹ ਤਾਂ ਸਗੋਂ ਖੁਸ਼ੀ ਦੀ ਗੱਲ ਐ।” ਮੈਂ ਕਿਹਾ।
“ਨਹੀਂ ... ਤੂੰ ਨੀ ਸਮਝ ਸਕਦੀ। ਬੇਬੇ ਦੀ ਉਦਾਸੀ ਦਾ ਕਾਰਨ ਇਹੀ ਐ।” ਇਨ੍ਹਾਂ ਆਖਿਆ।
ਇਹ ਬੇਬੇ ਜੀ ਦੇ ਕੋਲ ਜਾ ਕੇ ਬੈਠ ਗਏ।
“ਕੰਜਰ ਮੈਥੋਂ ਬਦਲਾ ਲੈ ਗਿਆ।” ਬੇਬੇ ਜੀ ਬੁੜਬੁੜਾਏ।
“ਕਾਹਦਾ ਬਦਲਾ?” ਇਨ੍ਹਾਂ ਪੁੱਛਿਆ।
“ਦੋਹਾਂ ਘਰਾਂ ਦੇ ਸਾਫ਼ ਗੰਢੇ ਨੇ ... ਨਾਲੇ ਵੱਧ ਨੇ ਆਪਣੇ ਨਾਲੋਂ। ਮੈਂ ਹੀ ਭਾਅ ਤੁੜਾਉਣ ਨੂੰ ਬੁਰੀ ਬਣੀ। ਹੋਰ ਤਾਂ ਕੋਈ ਬੋਲਦਾ ਨੀ।”
“ਜੇ ਉਹਨਾਂ ਆਲੇ ਵੀ ਖਰਾਬ ਨਿਕਲ ਜਾਂਦੇ ਫੇਰ?” ਇਹ ਬੋਲੇ।
“ਫਿਰ ਸਾਰੇ ਇੱਕੋ ਜੇ ਤਾਂ ਹੋ ਜਾਂਦੇ ... ਹੁਣ ਅਗਲਾ ਕਹੂ ਆਪਣੇ ਆਪ ਨੂੰ ਬੁੜ੍ਹੀ ਬਾਹਲੀ ਸਿਆਣੀ ਸਮਝਦੀ ਤੀ।”
“ਇਹ ਤਾਂ ਕਿਸੇ ਨਾਲ ਵੀ ਹੋ ਸਕਦਾ ਐ। ਇਹ ਭਾਵੇਂ ਬਹੁਤੀ ਵੱਡੀ ਗੱਲ ਨਹੀਂ, ਜਦੋਂ ਅਸੀਂ ਕਿਸੇ ’ਤੇ ਅੱਖਾਂ ਬੰਦ ਕਰਕੇ ਭਰੋਸਾ ਕਰਾਂਗੇ ਤਾਂ ਵੱਡਾ ਘਾਟਾ ਵੀ ਖਾ ਸਕਦੇ ਹਾਂ ... ਚਲੋ ਕੋਈ ਨਾ ... ਅੱਗੇ ਤੋਂ ਧਿਆਨ ਰੱਖਿਓ।”
ਉਸ ਤੋਂ ਬਾਅਦ ਅਸੀਂ ਕਦੇ ਇਸ ਤਰ੍ਹਾਂ ਦੀ ਗਲਤੀ ਨਹੀਂ ਕੀਤੀ। ਕਈ ਵਾਰ ਜਦੋਂ ਕਿਸੇ ਰੇਹੜੀ ਵਾਲੇ ਵੱਲੋਂ ਉਸ ਦੀ ਚਲਾਕੀ ਨਾਲ ਪਾਇਆ ਖਰਾਬ ਫਲ ਜਾਂ ਸਬਜ਼ੀ ਦਾ ਪਤਾ ਲਗਦਾ ਹੈ ਤਾਂ ਉਸ ਨੂੰ ਕਾਰਨ ਦੱਸ ਕੇ ਬਿਨਾਂ ਉਸ ਨਾਲ ਲੜਾਈ ਝਗੜਾ ਕੀਤਿਆਂ ਲਿਫ਼ਾਫ਼ਾ ਛੱਡ ਆਈਦਾ ਹੈ। ਗਲਤੀ ਤੋਂ ਸਬਕ ਸਿੱਖਣਾ ਤਾਂ ਬਣਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)