“ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਸੋਚ ਬਦਲਣ ਦੀ ਜ਼ਰੂਰਤ ਹੈ। ਹਰ ਇਨਸਾਨ ਵਿੱਚ ਗੁਣ-ਔਗੁਣ ਹੁੰਦੇ ਹਨ, ਜੇ ...”
(23 ਜੁਲਾਈ 2024)
ਪਿਛਲੇ ਕੁਝ ਸਮੇਂ ਤੋਂ ਇਹਨਾਂ ਗੱਲਾਂ ਦੀ ਬੜੀ ਚਰਚਾ ਚਲਦੀ ਆ ਰਹੀ ਹੈ ਕਿ ਸਾਡੀ ਅੱਜ ਦੀ ਚੰਗੀ ਜਾਂ ਮਾੜੀ ਸੋਚ ਸਾਡਾ ਚੰਗਾ ਜਾਂ ਮਾੜਾ ਭਵਿੱਖ ਤੈਅ ਕਰਦੀ ਹੈ। ਕਈ ਸਾਲ ਪਹਿਲਾਂ ਰੌਂਡਾ ਬਰਨ (Rhonda Byrne) ਦੀ ਲਿਖੀ ਕਿਤਾਬ ਰਹੱਸ (The Secret) ਪੜ੍ਹਨ ਦਾ ਮੌਕਾ ਮਿਲਿਆ। ਜਦੋਂ ਮੈਂ ਕਿਤਾਬ ਪੜ੍ਹੀ ਤਾਂ ਕਾਫ਼ੀ ਗੱਲਾਂ ਸਮਝ ਵਿੱਚ ਆਈਆਂ ਕਿ ਕਈ ਵਾਰ ਅਸੀਂ ਆਪਣੀ ਨਕਾਰਾਤਮਕ ਸੋਚ ਕਾਰਨ ਆਪਣਾ ਜੀਵਨ ਉਲਝਾ ਲੈਂਦੇ ਹਾਂ, ਸਕਾਰਾਤਮਕ ਸੋਚ ਨਾਲ ਅਸੀਂ ਚੰਗੀ ਊਰਜਾ ਨਾਲ ਭਰ ਜਾਂਦੇ ਹਾਂ। ਅਸੀਂ ਜੋ ਸੋਚਦੇ ਹਾਂ, ਉਹੀ ਸਾਨੂੰ ਕਈ ਗੁਣਾ ਵਧ ਕੇ ਵਾਪਸ ਮਿਲਦਾ ਹੈ। ਕੁੱਲ ਮਿਲਾ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਹਰ ਤਰੀਕੇ ਨਾਲ ਬਿਹਤਰ ਬਣਾ ਸਕਦੇ ਹਾਂ, ਜੇ ਅਸੀਂ ਆਪਣੀ ਸੋਚ ਸਹੀ ਰੱਖੀਏ ਤਾਂ। ਇਸ ਵਿੱਚ ਆਕਰਸ਼ਣ ਵਿਧੀ ਦੀ ਗੱਲ ’ਤੇ ਬੜਾ ਜ਼ੋਰ ਦਿੱਤਾ ਹੈ। ਇਸੇ ਵਿਸ਼ੇ ’ਤੇ ਸੋਚਦਿਆਂ ਮੈਂ ਰਿਸ਼ਤਿਆਂ ’ਤੇ ਲਾ ਕੇ ਸੋਚਿਆ ਕਿ ਕਿੱਥੇ ਕਿਸ ਨੇ, ਕਿਸ ਨੂੰ, ਕੀ ਕਿਹਾ, ਕਿਸ ਤਰ੍ਹਾਂ ਗਲਤਫਹਿਮੀਆਂ ਵਿੱਚ ਫਸ ਕੇ ਬਾਤ ਦੇ ਬਤੰਗੜ ਬਣ ਜਾਂਦੇ ਹਨ ਅਤੇ ਇਸ ਤਰ੍ਹਾਂ ਰਿਸ਼ਤਿਆਂ ਦਾ ਵਰਤਵਾਰਾ ਖਰਾਬ ਹੁੰਦਾ ਜਾ ਰਿਹਾ ਹੈ। ਦਿਮਾਗ਼ ਲੋਕ ਗੀਤਾਂ ਤਕ ਪਹੁੰਚ ਗਿਆ ਅਤੇ ਫਿਰ ਇਸ ਤੋਂ ਵੀ ਅੱਗੇ ਸੱਸ-ਨੂੰਹ ਦੇ ਰਿਸ਼ਤੇ ਬਾਰੇ ਸੋਚਣ ਲੱਗੀ ਕਿਉਂਕਿ ਇਸ ਇੱਕ ਰਿਸ਼ਤੇ ਕਾਰਨ ਬਹੁਤ ਸਾਰੇ ਪਰਿਵਾਰ ਟੁੱਟ ਜਾਂਦੇ ਹਨ, ਨੂੰਹਾਂ ਪੁੱਤ ਵੱਖ ਹੋ ਜਾਂਦੇ ਹਨ। ਮਰਨ ਮਰਾਉਣ ਤਕ ਗੱਲ ਪਹੁੰਚ ਜਾਂਦੀ ਹੈ। ਕੋਰਟ ਕਚਹਿਰੀ ਜਾਣਾ ਪੈਂਦਾ ਹੈ। ਜਿਹੜੇ ਨਾ ਤਾਂ ਵੱਖ ਹੁੰਦੇ ਹਨ, ਨਾ ਕੋਰਟ ਕਚਹਿਰੀ ਜਾਂਦੇ ਹਨ, ਉਹਨਾਂ ਪਰਿਵਾਰਾਂ ਦਾ ਇੱਕ ਅੱਧ ਜੀਅ ਮੌਤੋਂ ਭੈੜੀ ਜ਼ਿੰਦਗੀ ਜੀ ਰਿਹਾ ਹੁੰਦਾ ਹੈ। ਕਿਤੇ ਇੱਥੇ ਆਕਰਸ਼ਣ ਵਿਧੀ (Law of attraction) ਤਾਂ ਨਹੀਂ ਕੰਮ ਕਰ ਰਹੀ। ਜਦੋਂ ਕਦੇ ਕਿਸੇ ਨੇ ਇਸ ਰਿਸ਼ਤੇ ਬਾਰੇ ਚੰਗਾ ਸੋਚਿਆ ਹੀ ਨਹੀਂ, ਫਿਰ ਇਹ ਰਿਸ਼ਤਾ ਸਹੀ ਤਰੀਕੇ ਨਾਲ ਕਿਵੇਂ ਨਿਭ ਸਕਦਾ ਹੈ? ਲੋਕ ਗੀਤਾਂ ਵਿੱਚੋਂ ਸੱਸ ਨੂੰਹ ਦੀਆਂ ਬੋਲੀਆਂ ਵੀ ਕੁਝ ਇਸ ਤਰ੍ਹਾਂ ਦੀ ਤਸਵੀਰ ਪੇਸ਼ ਕਰਦੀਆਂ ਹਨ-
ਮਾਪਿਆਂ ਨੇ ਰੱਖੀ ਲਾਡਲੀ,
ਅੱਗੋਂ ਸੱਸ ਬਘਿਆੜੀ ਟੱਕਰੀ।
ਨਿੰਮ ਦਾ ਲਿਆ ਦੇ ਘੋਟਣਾ,
ਸੱਸ ਕੁੱਟਣੀ ਸੰਦੂਕਾਂ ਓਹਲੇ।
ਇਹੋ ਜਿਹੀਆਂ ਬੋਲੀਆਂ ਕੁਆਰੀਆਂ ਕੁੜੀਆਂ ਬੜੇ ਚਾਵਾਂ ਨਾਲ ਪਾਉਂਦੀਆਂ ਨੇ। ਇਹਨਾਂ ਵਿੱਚ ਸੱਸ ਲਈ ਸੋਚ ਤਾਂ ਬੁਰੀ ਹੀ ਰੱਖੀ ਗਈ ਹੈ।
ਕੁਝ ਕੁ ਦਹਾਕੇ ਪਹਿਲਾਂ ਸਾਉਣ ਦੇ ਮਹੀਨੇ ਹਰ ਘਰ ਦੇ ਵਿਹੜੇ ਵਿੱਚ ਲੱਗੇ ਦਰਖ਼ਤ ’ਤੇ ਪੀਂਘ ਪਾਈ ਹੁੰਦੀ ਸੀ। ਅਸੀਂ ਕਈ ਵਾਰ ਤਾਂ ਸੁੱਤੇ ਉੱਠਦੇ ਹੀ ਝੂਟਣ ਲੱਗ ਪੈਂਦੇ। ਘਰ ਦੀਆਂ ਜਵਾਨ ਕੁੜੀਆਂ ਵੀ ਕੰਮ ਧੰਦਿਆਂ ਵਿੱਚੋਂ ਸਮਾਂ ਕੱਢ ਕੇ ਪੀਂਘ ਝੂਟ ਲੈਂਦੀਆਂ ਸਨ। ਉਹ ਪੀਂਘ ਦੀ ਫੱਟੀ ’ਤੇ ਖੜ੍ਹੀਆਂ ਹੋ ਕੇ ਪੂਰੇ ਜ਼ੋਰ ਨਾਲ ਪੀਂਘ ਚੜ੍ਹਾਉਂਦੀਆਂ, ਜਿਸਨੂੰ ਅਸੀਂ ‘ਹੀਂਘ ਚੜ੍ਹਾਉਣਾ’ ਆਖਦੇ ਸੀ। ਕਈ ਥਾਈਂ ‘ਪੀਂਘ ਚੜ੍ਹਾਉਣਾ’ ਵੀ ਕਿਹਾ ਜਾਂਦਾ ਸੀ। ਜਦੋਂ ਪੀਂਘ ਝੂਟਣ ਵਾਲੀ ਕੁੜੀ ਬਹੁਤ ਵੱਡੀ ਹੀਂਘ ਚੜ੍ਹਾਉਂਦੀ ਦਰਖ਼ਤ ਦੀਆਂ ਟਾਹਣੀਆਂ ਤਕ ਪਹੁੰਚ ਜਾਂਦੀ ਤਾਂ ਉੱਥੋਂ ਦਰਖ਼ਤ ਦੇ ਕੁਝ ਪੱਤੇ ਸੂਤ ਲੈਂਦੀ ਅਤੇ ਇਸ ਨੂੰ ਸੱਸ ਦਾ ਚੂੰਡਾ ਜਾਂ ਜੂੜਾ ਪੁੱਟਣਾ ਆਖਿਆ ਜਾਂਦਾ। ਇਹਦਾ ਮਤਲਬ ਹੈ ਕਿ ਧੀਆਂ ਨੂੰ ਸੱਸ ਦਾ ਸਤਿਕਾਰ ਕਰਨਾ ਨਹੀਂ ਸਿਖਾਇਆ ਜਾਂਦਾ। ਬਚਪਨ ਤੋਂ ਹੀ ਉਨ੍ਹਾਂ ਦੇ ਮਨ ਵਿੱਚ ਸੱਸ ਦੇ ਭੈੜੇ ਰੂਪ ਚਿਤਰੇ ਜਾਂਦੇ ਹਨ। ਜੇ ਕੋਈ ਕੁੜੀ ਘਰ ਦੇ ਕੰਮਾਂ ਧੰਦਿਆਂ ਵਿੱਚ ਗਲਤੀ ਕਰ ਦਿੰਦੀ ਤਾਂ ਉਸ ਨੂੰ ਆਖਿਆ ਜਾਂਦਾ, “ਕੋਈ ਨਾ, ਤੇਰੀ ਸੱਸ ਈ ਤੈਨੂੰ ਸਿੱਧੀ ਕਰੂ।”
ਦੂਜੇ ਪਾਸੇ ਜੇਕਰ ਵਿਆਹੁਣ ਯੋਗ ਮੁੰਡੇ ਦੀ ਮਾਂ ਦਾ ਸੁਭਾਅ ਥੋੜ੍ਹਾ ਤੱਤਾ ਹੋਵੇ ਤਾਂ ਉਸ ਦੀਆਂ ਰਿਸ਼ਤੇਦਾਰ ਬੀਬੀਆਂ ਵੀ ਆਖ ਦਿੰਦੀਆਂ ਹਨ ‘ਇਹਦੀਆਂ ਨੂੰਹ ਨਾਲ ਤਾਰਾਂ ਭਿੜਿਆ ਕਰਨਗੀਆਂ, ਫਿਰ ਲੱਗੂ ਇਹਨੂੰ ਪਤਾ।’
ਕਈ ਲੋਕ ਨਿੱਕੀਆਂ ਨਿੱਕੀਆਂ ਬੱਚੀਆਂ, ਜਿਹਨਾਂ ਨੂੰ ਅਜੇ ਬੋਲਣਾ ਵੀ ਨਹੀਂ ਆਉਂਦਾ, ਜਿਹਨਾਂ ਨੂੰ ਅਜੇ ਇਹਨਾਂ ਰਿਸ਼ਤਿਆਂ ਦੇ ਮਤਲਬ ਵੀ ਨਹੀਂ ਪਤਾ ਉਹਨਾਂ ਨੂੰ ਸੱਸ ਦੇ ਭੈੜੇ ਸੁਭਾਅ ਨੂੰ ਦਰਸਾਉਂਦੀਆਂ ਬੋਲੀਆਂ ਸਿਖਾ ਕੇ ਖੁਸ਼ ਹੁੰਦੇ ਰਹਿਣਗੇ।
ਆਮ ਕਹਿੰਦਿਆਂ ਸੁਣਿਆ ਜਾਂਦਾ ਹੈ- ਸੱਪ ਵਿੱਚ ਇੱਕ ਸੱਸਾ (ਸ), ਸੱਸ ਵਿੱਚ ਦੋ ਸੱਸੇ। ਮਤਲਬ ਸੱਸ ਨੂੰ ਸੱਪ ਤੋਂ ਵੀ ਵੱਧ ਜ਼ਹਿਰੀ ਆਖਿਆ ਗਿਆ। ਕਈ ਲੋਕ ਗੱਲ ਨੂੰ ਭੁੰਜੇ ਨਹੀਂ ਡਿਗਣ ਦਿੰਦੇ। ਇੱਕ ਨਵੀਂ ਵਿਆਹੀ ਕੁੜੀ ਦੇ ਕੰਨ ਵਿੱਚ ਕਿਸੇ ਸਹੇਲੀ ਨੇ ਉਸ ਦੀ ਸੱਸ ਵੱਲ ਦੇਖ ਕੇ ਦੋ ਸੱਸਿਆਂ ਵਾਲੀ ਗੱਲ ਕੁੜੀ ਦੇ ਕੋਲ ਨੂੰ ਹੋ ਕੇ ਆਖ ਦਿੱਤੀ। ਕੁੜੀ ਤਾਂ ਕੁਝ ਨਾ ਬੋਲੀ ਨਾਲ ਖੜ੍ਹੀ ਛੋਟੀ ਭੈਣ ਬੋਲ ਪਈ, “ਨੂੰਹ ਦਾ ਇੱਕ ਨੰਨਾ (ਨ) ਅਤੇ ਨਿਉਲੇ ਦਾ ਵੀ ਇੱਕੋ ‘ਨ’ ਹੁੰਦਾ ਹੈ। ਸੱਪ ਜਿੰਨਾ ਮਰਜ਼ੀ ਜ਼ਹਿਰੀ ਹੋਵੇ, ਨਿਉਲੇ ਦੀ ਕੁੜਿੱਕੀ ਵਿੱਚੋਂ ਨਹੀਂ ਨਿਕਲ ਸਕਦਾ। ਫਿਕਰ ਕਰਨ ਦੀ ਲੋੜ ਨਹੀਂ।”
ਇਹ ਗੱਲਾਂ ਸਿਰਫ਼ ਕੁੜੀਆਂ ਹੀ ਨਹੀਂ ਕਰਦੀਆਂ ਮੁੰਡਿਆਂ ਦੀਆਂ ਮਾਵਾਂ ਵੀ ਇਸਦੀ ਪੂਰੀ ਤਿਆਰੀ ਰੱਖਦੀਆਂ ਹਨ। ਕਿਸੇ ਵਿਆਹ ’ਤੇ ਇਕੱਠੀਆਂ ਹੋਈਆਂ ਦੋ ਸਹੇਲੀਆਂ ਵਿੱਚੋਂ ਇੱਕ ਨੇ ਦੂਜੀ ਨੂੰ ਕਿਹਾ, “ਤੇਰਾ ਪੁੱਤ ਵਿਆਹੁਣ ਵਾਲਾ ਐ, ਤੂੰ ਵੀ ਵਿਆਹ ਕਰ ਈ ਲੈ ਹੁਣ।” ਦੂਜੀ ਨੇ ਝੱਟ ਜਵਾਬ ਸੁਣਾਇਆ, “ਮੇਰੀ ਗੁੱਤ ਦੇ ਵਾਲ਼ ਤੈਨੂੰ ਚੰਗੇ ਨੀ ਲੱਗਦੇ?”
ਇਸ ਗੱਲ ਦਾ ਮਤਲਬ ਸਾਰੇ ਸਮਝਦੇ ਹਨ ਕਿ ਉਹ ਕਿਹੋ ਜਿਹੀ ਨੂੰਹ ਚਿਤਵਦੀ ਹੋਵੇਗੀ। ਕਿੱਕਰਾਂ ਦੇ ਬੀ ਬੀਜ ਕੇ ਦਾਖ਼ਾਂ ਨਹੀਂ ਮਿਲਦੀਆਂ ਹੁੰਦੀਆਂ। ਚੰਗੀ ਸੋਚ ਦੇ ਬੀ ਬੀਜ ਕੇ ਹੀ ਕੁਝ ਚੰਗਾ ਉੱਗੇਗਾ। ਪਰ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਇਸ ਲਈ ਕਈ ਪੁੱਤਾਂ ਦੀਆਂ ਮਾਵਾਂ ਇੱਦਾਂ ਵੀ ਸੋਚਦੀਆਂ ਹਨ ਕਿ ਉਹ ਆਪਣੀ ਨੂੰਹ ਨੂੰ ਬਹੁਤ ਪਿਆਰ ਦੇਣਗੀਆਂ। ਘਰ ਦਾ ਸਾਰਾ ਕੰਮ ਨੂੰਹ ਦੇ ਸਿਰ ’ਤੇ ਨਹੀਂ ਛੱਡਣਗੀਆਂ। ਕਈ ਸਿਆਣੀਆਂ ਬੀਬੀਆਂ ਕੁੜੀਆਂ ਵੀ ਘਰ ਵਿੱਚ ਕਲੇਸ਼ ਨਹੀਂ ਚਾਹੁੰਦੀਆਂ। ਕੁਝ ਕੁ ਗੱਲਾਂ ਸਹਿ ਲੈਂਦੀਆਂ ਨੇ। ਦੋਵੇਂ ਪਾਸੇ ਸੰਤੁਲਨ ਬਣਿਆ ਰਹਿੰਦਾ ਹੈ ਅਤੇ ਘਰ ਸਵਰਗ ਵਰਗਾ ਸੁੱਖਾਂ ਭਰਿਆ ਬਣ ਜਾਂਦਾ ਹੈ। ਘਰ ਵਿੱਚ ਵੀਰ, ਬਜ਼ੁਰਗਾਂ ਦੀ ਜਾਨ ਵੀ ਸੁਖ਼ਾਲ਼ੀ ਰਹਿੰਦੀ ਹੈ। ਇਸ ਤਰ੍ਹਾਂ ਬਹੁਤ ਸਾਰੇ ਪਰਿਵਾਰ ਸੁਖੀ ਵਸਦੇ ਹਨ।
ਸਿਆਣਪ ਨਾਲ ਚਲਦੇ ਘਰਾਂ ਦੇ ਜੀਆਂ ਕੋਲ ਉਸਾਰੂ ਕੰਮਾਂ ਲਈ ਬਹੁਤ ਸਾਰਾ ਸਮਾਂ ਹੁੰਦਾ ਹੈ, ਉਹ ਤਰੱਕੀ ਕਰਦੇ ਹਨ। ਕਾਰਨ ਇਹ ਹੁੰਦਾ ਹੈ ਕਿ ਜਿੰਨੀ ਊਰਜਾ ਬੇਸਮਝ ਪਰਿਵਾਰਾਂ ਵਿੱਚ ਕਾਟੋ ਕਲੇਸ਼ ’ਤੇ ਖਰਚ ਹੁੰਦੀ ਹੈ, ਉਸ ਤੋਂ ਵੀ ਦੁੱਗਣੀ ਊਰਜਾ ਆਪੇ ਉਲਝਾਈਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਖਰਚ ਹੁੰਦੀ ਹੈ। ਬਿਮਾਰੀਆਂ ਵਧ ਜਾਂਦੀਆਂ ਹਨ, ਤਰੱਕੀ ਰੁਕ ਜਾਂਦੀ ਹੈ। ਪਰ ਚੰਗੇ ਪਰਿਵਾਰ ਇਹੀ ਊਰਜਾ ਆਪਣੇ ਪਰਿਵਾਰ ਦੇ ਜੀਆਂ ਦੀ ਖੁਸ਼ਹਾਲੀ ਲਈ ਵਰਤਦੇ ਹਨ। ਇਸ ਤਰ੍ਹਾਂ ਦੇ ਪਰਿਵਾਰ ਘਰ ਆਈਆਂ ਨੂੰਹਾਂ ਨੂੰ ਨੌਕਰਾਣੀਆਂ ਨਹੀਂ ਸਮਝਦੇ। ਨੂੰਹਾਂ ਵੀ ਆਪਣੇ ਵੱਡਿਆਂ ਨੂੰ ਪੂਰਾ ਮਾਣ ਸਤਿਕਾਰ ਦਿੰਦੀਆਂ ਹਨ। ਆਮ ਕਰਕੇ ਆਖਿਆ ਜਾਂਦਾ ਹੈ, ਸੱਸਾਂ ਮਾਵਾਂ ਨਹੀਂ ਬਣ ਸਕਦੀਆਂ ਅਤੇ ਨੂੰਹਾਂ ਧੀਆਂ ਨਹੀਂ ਬਣ ਸਕਦੀਆਂ। ਚੰਗਾ ਤਾਂ ਇਹੀ ਹੈ ਕਿ ਸੱਸ ਨੂੰ ਸੱਸ ਅਤੇ ਨੂੰਹ ਨੂੰ ਨੂੰਹ ਹੀ ਰਹਿਣ ਦਿਓ। ਲੋੜ ਹੈ ਸੋਚ ਨੂੰ ਬਦਲਣ ਦੀ। ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਸੋਚ ਬਦਲਣ ਦੀ ਜ਼ਰੂਰਤ ਹੈ। ਹਰ ਇਨਸਾਨ ਵਿੱਚ ਗੁਣ-ਔਗੁਣ ਹੁੰਦੇ ਹਨ, ਜੇ ਔਗੁਣਾਂ ਨੂੰ ਲੈ ਕੇ ਔਖੇ ਭਾਰੇ ਹੁੰਦੇ ਹਾਂ ਤਾਂ ਗੁਣਾਂ ਦੀ ਤਾਰੀਫ਼ ਵੀ ਕਰਨੀ ਜ਼ਰੂਰੀ ਹੈ। ਜੇ ਇਹਨਾਂ ਰਿਸ਼ਤਿਆਂ ਬਾਰੇ ਚੰਗਾ ਸੋਚੀਏ ਅਤੇ ਸੰਤੁਲਨ ਬਣਾ ਕੇ ਰੱਖੀਏ ਤਾਂ ਇਹਨਾਂ ਪਿਆਰੇ ਜਿਹੇ ਰਿਸ਼ਤਿਆਂ ਨਾਲ ਨਿਭਦਿਆਂ ਨਿਭਾਉਂਦਿਆਂ ਜ਼ਿੰਦਗੀ ਦਾ ਪੈਂਡਾ ਸੁਖਾਲ਼ਾ ਹੋ ਜਾਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5156)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.