“ਬਜ਼ੁਰਗ ਬੱਚੇ ਦੀ ਗੱਲ ਸੁਣ ਕੇ ਸੁੰਨ ਜਿਹਾ ਹੋ ਗਿਆ। ਕੁਝ ਦੇਰ ਕੁਰਲਾਉਂਦੇ ਬੱਚਿਆਂ ...”
(4 ਅਕਤੂਬਰ 2023)
“ਮਿੱਠੀ ਮਿੱਠੀ ਠੰਢ ਸ਼ੁਰੂ ਹੋ ਗਈ … … ਬੱਸ ਇਹੀ ਦਿਨ ਸੁਹਾਵਣੇ ਲੱਗਦੇ ਨੇ ਮੈਨੂੰ ਤਾਂ।” ਰੁੱਖ ਦੀ ਟਾਹਣੀ ’ਤੇ ਬੈਠੀ ਬੁਲਬੁਲ ਨੇ ਆਪਣੇ ਨਾਲ ਚਹਿਕਦੇ ਪੰਛੀਆਂ ਨੂੰ ਕਿਹਾ।
“ਹਾਂ ਮੌਸਮ ਤਾਂ ਵਧੀਆ ਹੋ ਗਿਆ। ਸੂਰਜ ਵੀ ਦੇਖੋ ਧੋਤੇ ਮਾਂਜੇ ਭਾਂਡੇ ਵਾਂਗ ਲਿਸ਼ਕਾਂ ਮਾਰ ਰਿਹਾ ਐ।” ਗਟਾਰ ਨੇ ਆਪਣੀ ਗਰਦਨ ਹਿਲਾਉਂਦਿਆਂ ਕਿਹਾ।
ਅਕਤੂਬਰ ਮਹੀਨੇ ਦੇ ਸ਼ੁਰੂਆਤੀ ਦਿਨ ਅਤੇ ਅੱਸੂ ਤਕਰੀਬਨ ਅੱਧਾ ਲੰਘ ਚੁੱਕਿਆ ਹੈ। ਮਿੱਠੀ ਮਿੱਠੀ ਠੰਢ ਸ਼ੁਰੂ ਹੋ ਚੁੱਕੀ। ਚੜ੍ਹਦੇ ਸੂਰਜ ਦੀ ਲਾਲੀ ਨੇ ਸਾਰੇ ਪਾਸੇ ਚਾਨਣ ਦਾ ਛਿੱਟਾ ਮਾਰਿਆ। ਸਾਰੀ ਕੁਦਰਤੀ ਬਨਸਪਤੀ ਚਮਕ ਉੱਠੀ। ਰੁੱਖ, ਵੇਲ, ਬੂਟਿਆਂ ਨੇ ਅੰਗੜਾਈਆਂ ਭਰੀਆਂ ਕਈ ਫੁੱਲਾਂ ਤੇ ਪੱਤਿਆਂ ਨੇ ਬੰਦ ਅੱਖਾਂ ਨਾਲ ਹੀ ਮੁਸਕਰਾਹਟ ਫੈਲਾਈ ਅਤੇ ਅੰਗੜਾਈ ਲਈ। ਫਿਰ ਅੱਖਾਂ ਖੋਲ੍ਹੀਆਂ ਆਪਣੀ ਆਪਣੀ ਜ਼ਰੂਰਤ ਮੁਤਾਬਕ ਸੂਰਜ ਤੋਂ ਖ਼ੁਰਾਕ ਲੈਣੀ ਸ਼ੁਰੂ ਕਰ ਦਿੱਤੀ। ਪੰਛੀਆਂ ਦੀਆਂ ਡਾਰਾਂ ਦੀਆਂ ਡਾਰਾਂ ਰੋਜ਼ੀ ਦੀ ਭਾਲ ਵਿੱਚ ਛਿਪਦੇ ਪਾਸੇ ਵੱਲ ਨੂੰ ਤੁਰ ਪਈਆਂ। ਕਮਾਲ ਦਾ ਅਨੁਸ਼ਾਸਨ ਹੁੰਦਾ ਐ ਇਹਨਾਂ ਦਾ। ਪੰਛੀ ਨੇੜੇ ਨੇੜੇ ਹੁੰਦਿਆਂ ਵੀ ਇੱਕ ਦੂਜੇ ਨਾਲ ਨਹੀਂ ਟਕਰਾਉਂਦੇ। ਤੋਤਿਆਂ ਦੀਆਂ ਡਾਰਾਂ ਵਿੱਚ ਸ਼ਰਾਰਤੀ ਜਿਹੇ ਤੋਤੇ ਜੋ ਮਸਤੀਆਂ ਕਰਦੇ ਅਤੇ ਕਲਾਬਾਜ਼ੀਆਂ ਖਾਂਦੇ ਹਨ, ਉਹ ਦੇਖਦਿਆਂ ਹੀ ਬਣਦੀਆਂ ਨੇ। ਇਹ ਡਾਰ ਨਾਲੋਂ ਥੋੜ੍ਹੀ ਵਿੱਥ ਬਣਾ ਲੈਂਦੇ ਹਨ। ਸ਼ਾਇਦ ਅਨੁਸ਼ਾਸਨ ਵਿੱਚ ਰਹਿਣ ਵਾਲਿਆਂ ਦੀਆਂ ਝਿੜਕਾਂ ਤੋਂ ਡਰਦੇ ਹੋਣ ਜਾਂ ਫਿਰ ਇਹਨਾਂ ਨੂੰ ਆਖਿਆ ਜਾਂਦਾ ਹੋਵੇ ਕਿ ਜੇ ਸ਼ਰਾਰਤ ਕਰਨੀ ਐ ਤਾਂ ਖੁੱਲ੍ਹੇ ਅਸਮਾਨੀ ਕਰੋ, ਡਾਰ ਵਿੱਚ ਰਹਿ ਕੇ ਨਹੀਂ। ਪੰਦਰਾਂ ਵੀਹ ਤੋਤਿਆਂ ਦੀ ਡਾਰ ਬੜੀ ਤੇਜ਼ੀ ਨਾਲ ਆ ਰਹੀ ਸੀ। ਇੱਕ ਵਾਰ ਤਾਂ ਲੱਗਿਆ ਕਿ ਇਹਨਾਂ ਵਿੱਚੋਂ ਕਈ ਤੋਤੇ ਵੱਡੇ ਸਾਰੇ ਖੰਭੇ ਨਾਲ ਟਕਰਾ ਕੇ ਡਿਗਣਗੇ ਪਰ ਖੰਭੇ ਦੇ ਨੇੜੇ ਆਉਂਦਿਆਂ ਹੀ ਜਲ ਧਾਰਾ ਵਾਂਗ ਅੱਧੇ ਕੁ ਖੰਭੇ ਦੇ ਸੱਜਿਓਂ ਅੱਧੇ ਕੁ ਖੱਬਿਓਂ ਲੰਘ ਗਏ।
“ਮੈਨੂੰ ਤਾਂ ਲੱਗਿਆ ਸੀ ਕਿ ਇਹ ਤਾਂ ਗਏ ਹੁਣ। ਪਰ ਬੜਾ ਬਚ ਕੇ ਨਿਕਲੇ।” ਘੁੱਗੀ ਨੇ ਕੰਧ ’ਤੇ ਪਏ ਮਿੱਟੀ ਦੇ ਭਾਂਡੇ ਵਿੱਚੋਂ ਪਾਣੀ ਦਾ ਘੁੱਟ ਭਰਦਿਆਂ ਕਿਹਾ।
“ਲੈ … … ਇਹ ਤਾਂ ਇਹਨਾਂ ਦਾ ਰੋਜ਼ ਦਾ ਕੰਮ ਐ, ਤੂੰ ਤਾਂ ਊਈਂ ਡਰਾਕਲ ਐਂ। ਦੇਖ … … ਕਿਵੇਂ ਪਾਣੀ ਪੀ ਕੇ ਆਪਣਾ ਸਾਹ ਠੀਕ ਕਰਨ ਲੱਗੀ ਐ।” ਕਾਂ ਨੇ ਕੋਇਲ ਦੇ ਬੱਚੇ ਦੇ ਮੂੰਹ ਵਿੱਚ ਚੋਗਾ ਦਿੰਦਿਆਂ ਕਿਹਾ। ਕੋਇਲ ਦੇ ਦੋ ਬੱਚੇ ਸਨ ਤੇ ਕਾਂ ਦਾ ਆਪਣਾ ਇੱਕ ਬੱਚਾ ਸੀ। ਤਿੰਨਾਂ ਨੂੰ ਕਾਂ ਵਾਰੀ ਵਾਰੀ ਨਾਲ ਚੋਗ ਦੇ ਰਿਹਾ ਸੀ। ਜਿਸਦੀ ਵਾਰੀ ਹੁੰਦੀ ਉਹ ਆਪਣੇ ਖੰਭ ਫੜਫੜਾਉਂਦਿਆਂ ਚੋਗ ਲੈਂਦਾ। ਪੰਛੀਆਂ ਦੇ ਬੱਚਿਆਂ ਦੀ ਇਹੀ ਪਛਾਣ ਹੁੰਦੀ ਹੈ। ਇਹ ਆਪਣੇ ਖੰਭ ਫਰਕਾਉਂਦੇ ਐ, ਸ਼ਾਇਦ ਸੰਤੁਲਨ ਬਣਾਉਣਾ ਸਿੱਖਦੇ ਹੋਣ।
“ਇਹਨਾਂ ਦੀ ਮਾਂ ਕਦੋਂ ਆਊਗੀ ਇਹਨਾਂ ਨੂੰ ਲੈਣ?” ਗਟਾਰ ਨੇ ਕਾਂ ਨੂੰ ਪੁੱਛਿਆ।
“ਕਿਹੜੀ ਮਾਂ? ਕਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ।
“ਚੁੱਪ ਕਰ … … ਮੈਨੂੰ ਲੱਗਦਾ ਏ ਕਾਂ ਨੂੰ ਤਾਂ ਪਤਾ ਈ ਨਹੀਂ ਲੱਗਦਾ ਕਿ ਇਹ ਕੋਇਲ ਦੇ ਬੱਚਿਆਂ ਨੂੰ ਚੋਗਾ ਦੇਈ ਜਾਂਦਾ ਐ।” ਕਾਟੋ ਨੇ ਗਟਾਰ ਦੇ ਕੋਲ ਨੂੰ ਹੁੰਦਿਆਂ ਕਿਹਾ।
“ਵਿਚਾਰਾ ਕਾਂ … … ਜਦੋਂ ਇਹਨੂੰ ਭੁਲਾਉਣੀ ਦੇ ਕੇ ਤੁਰ ਗਏ ਕੋਇਲ ਦੇ ਨਾਲ … … ਫਿਰ ਥੋੜ੍ਹੇ ਦਿਨ ਇੱਧਰ ਉੱਧਰ ਭਾਲ ਕੇ ਚੁੱਪ ਕਰ ਜਾਊ।” ਗਟਾਰ ਨੇ ਹੌਲੀ ਕੁ ਦੇਣੇ ਕਿਹਾ।
“ਕੋਇਲ ਇਹਨਾਂ ਦੇ ਨੇੜੇ ਬੈਠ ਕੇ ਬੋਲਿਆ ਕਰੂ। ਹੁਣ ਜਿਹੜੇ ਦੱਬੀ ਜਿਹੀ ਆਵਾਜ਼ ਵਿੱਚ ਕਾਂ … … ਕਾਂ ਕਰਨ ਦੀ ਕੋਸ਼ਿਸ਼ ਕਰਦੇ ਨੇ, ਫਿਰ ਇਹ ਵੀ ਕੋਇਲ ਵਾਂਗ ਬੋਲਣ ਦੀ ਕੋਸ਼ਿਸ਼ ਕਰਨਗੇ ਤੇ ਛੇਤੀ ਹੀ ਕੁ … …ਕੁ ਕਰਨ ਲੱਗ ਪੈਣਗੇ ਤੇ ਚਲੇ ਜਾਣਗੇ ਆਪਣੇ ਅਸਲੀ ਮਾਪਿਆਂ ਨਾਲ।” ਕਾਟੋ ਨੇ ਰੋਟੀ ਦਾ ਟੁਕੜਾ ਆਪਣੇ ਅਗਲੇ ਪੈਰਾਂ ਵਿੱਚ ਫੜਦਿਆਂ ਧੀਮੀ ਆਵਾਜ਼ ਵਿੱਚ ਕਿਹਾ। ਬੁਲਬੁਲਾਂ ਤੇ ਕਾਲੇ, ਹਰੇ, ਸਲੇਟੀ ਰੰਗ ਦੀਆਂ ਨਿੱਕੀਆਂ ਨਿੱਕੀਆਂ ਚਿੜੀਆਂ ਗੁਲਮੋਹਰ ਦੀਆਂ ਟਾਹਣੀਆਂ ’ਤੇ ਅਠਖੇਲੀਆਂ ਕਰਦੀਆਂ ਟਾਹਣੀਓਂ ਟਾਹਣੀ ਛਾਲਾਂ ਮਾਰਦੀਆਂ, ਦੂਜੇ ਪੰਛੀਆਂ ਦੀਆਂ ਗੱਲਾਂ ਵੀ ਸੁਣਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਪਰ ਉਹਨਾਂ ਦੀਆਂ ਗੱਲਾਂ ਕਾਂ ਨੂੰ ਨਹੀਂ ਸੁਣੀਆਂ। ਉਹ ਬੇਚੈਨ ਜਿਹਾ ਹੋ ਗਿਆ। ਕਾਟੋ ਨੇ ਤਿਰਛੀ ਜਿਹੀ ਨਜ਼ਰ ਨਾਲ ਕਾਂ ਵੱਲ ਤੱਕਿਆ। ਐਨੇ ਨੂੰ ਇੱਕ ਦੇਸੀ ਚਿੜਾ ਅਤੇ ਇੱਕ ਚਿੜੀ ਆਏ, ਥੋੜ੍ਹੇ ਕੁ ਦਾਣੇ ਚੁਗੇ, ਪਾਣੀ ਪੀਤਾ, ਬਿਨਾਂ ਕੁਝ ਬੋਲਿਆਂ ਹੀ ਉਡ ਗਏ। ਘੁੱਗੀ ਤੇ ਕਬੂਤਰ ਨੇ ਉਹਨਾਂ ਨੂੰ ਕੁਝ ਆਖਣਾ ਚਾਹਿਆ ਪਰ ਉਹ ਜਾ ਚੁੱਕੇ ਸਨ।
“ਇਹ ਬਹੁਤ ਘੱਟ ਬੋਲਦੇ ਨੇ। ਉਹ ਵੀ ਕਦੇ ਕਦੇ ਆਪਸ ਵਿੱਚ … … ਪਰ ਇਹ ਹੈ ਕੌਣ ਨੇ? ਇੱਕ ਹਰੇ ਰੰਗ ਦੀ ਚਿੜੀ ਨੇ ਪੁੱਛਿਆ।
“ਮੈਂ ਇਹਨਾਂ ਨੂੰ ਜਾਣਦਾਂ ਚੰਗੀ ਤਰ੍ਹਾਂ … … ਕੁਝ ਕੁ ਸਮਾਂ ਪਹਿਲਾਂ ਮਨੁੱਖ ਜਾਤੀ ਨੇ ਆਪਣੇ ਖੁੱਲ੍ਹੇ ਘਰ ਬਣਾਏ ਹੋਏ ਸਨ। ਸ਼ਤੀਰਾਂ, ਬਾਲਿਆਂ ਦੀਆਂ ਛੱਤਾਂ ਵਿੱਚ ਇਹ ਆਪਣੇ ਆਲ੍ਹਣੇ ਬਣਾ ਲੈਂਦੇ ਸਨ। ਉੱਥੇ ਹੀ ਇਹਨਾਂ ਦਾ ਰੈਣ ਬਸੇਰਾ ਸੀ। ਇਹੀ ਇੱਥੋਂ ਦੇ ਅਸਲੀ ਵਸਨੀਕ ਨੇ … … ਤੁਸੀਂ ਤਾਂ ਬਾਅਦ ਵਿੱਚ ਆਏ ਓ। ਮਨੁੱਖ ਅਜੇ ਵੀ ਇਹਨਾਂ ਨੂੰ ‘ਦੇਸੀ ਚਿੜੀਆਂ’ ਆਖਦੇ ਹਨ।” ਕਬੂਤਰ ਨੇ ਕਿਹਾ।
“ਇਹ ਤਾਂ ਗੱਪ ਜਿਹੀ ਲੱਗਦੀ ਐ ਮੈਨੂੰ ਤਾਂ … …।” ਕਾਲੇ ਰੰਗ ਦੀ ਚਿੜੀ ਹੱਸਣ ਲੱਗੀ। ਕਬੂਤਰ ਤੋਂ ਪਹਿਲਾਂ ਕਾਂ ਬੋਲਿਆ, “ਇਹ ਗੱਪ ਨਹੀਂ, ਸੱਚ ਐ … … ਇਹਨਾਂ ਦੇ ਖ਼ਾਤਮੇ ਦਾ ਕਾਰਨ ਮਨੁੱਖ ਈ ਐ। ਆਹ ਜਿਹੜੇ ਵੱਡੇ ਵੱਡੇ ਮੋਬਾਇਲ ਟਾਵਰ ਲੱਗੇ ਹੋਏ ਨੇ, ਕਹਿੰਦੇ ਨੇ ਇਹਨਾਂ ਵਿੱਚੋਂ ਜਿਹੜੀਆਂ ਖ਼ਤਰਨਾਕ ਕਿਰਨਾਂ ਨਿਕਲਦੀਆਂ ਨੇ, ਉਹਨਾਂ ਨੇ ਇਹਨਾਂ ਚਿੜੀਆਂ ਦੀ ਨਸਲ ਦਾ ਖਾਤਮਾ ਕਰ ਦਿੱਤਾ। ਇਹ ਤਾਂ ਦੋਵੇਂ ਕਰੋਨਾ ਦੇ ਲੌਕਡਾਊਨ ਵੇਲੇ ਪਤਾ ਨਹੀਂ ਕਿੱਧਰੋਂ ਆ ਗਏ। ਉਸ ਵੇਲੇ ਡਰ ਦੇ ਮਾਰੇ ਮਨੁੱਖ ਘਰਾਂ ਤੋਂ ਬਾਹਰ ਨਹੀਂ ਸੀ ਨਿਕਲਦੇ ਹੁੰਦੇ। ਇਸ ਲਈ ਪ੍ਰਦੂਸ਼ਣ ਦਾ ਜ਼ਹਿਰ ਘਟ ਗਿਆ ਸੀ। ਵਕਤ ਕਦੋਂ ਕੀ ਕਰ ਦੇਵੇ, ਕੁਝ ਨੀ ਪਤਾ ਲੱਗਦਾ। ਮੈਂ ਇੱਕ ਦਿਨ ਇਹਨਾਂ ਨਾਲ ਥੋੜ੍ਹੀ ਜਿਹੀ ਗੱਲ ਕੀਤੀ ਸੀ, ਇਹ ਕਹਿੰਦੇ ਕਿ ਸਾਨੂੰ ਇਸ ਜਗ੍ਹਾ ਦਾ ਮੋਹ ਮਾਰਦਾ ਐ। ਇਸ ਲਈ ਅਸੀਂ ਵਾਪਸ ਆ ਗਏ। ਸਾਡੇ ਬੱਚੇ ਇੱਥੇ ਨਹੀਂ ਆਉਣਾ ਚਾਹੁੰਦੇ। ਇੱਥੇ ਸਭ ਕੁਝ ਜ਼ਹਿਰੀਲਾ ਏ। ਅਸੀਂ ਵੀ ਚਾਹੁੰਦੇ ਹਾਂ ਕਿ ਉਹ ਨਾ ਆਉਣ।”
“ਅਹੁ ਸਾਹਮਣੇ ਦੇਖੋ … … ਜਿੱਥੇ ਦੋ ਬਜ਼ੁਰਗ ਬੈਠੇ ਹਨ। ਤੁਸੀਂ ਨਹੀਂ ਮੰਨਣਾ ਕਿ ਇਸ ਘਰ ਵਿੱਚ ਥੋੜ੍ਹੇ ਕੁ ਸਾਲ ਪਹਿਲਾਂ ਕਿੰਨੀਆਂ ਰੌਣਕਾਂ ਹੁੰਦੀਆਂ ਸਨ। ਸਾਡੇ ਦਾਦਾ ਜੀ ਦੱਸਦੇ ਸਨ। ... ...” ਸਾਰੇ ਪੰਛੀ ਕਾਂ ਦੀਆਂ ਗੱਲਾਂ ਧਿਆਨ ਨਾਲ ਸੁਣ ਰਹੇ ਸਨ।
“ਫੇਰ ਹੁਣ ਕੀ ਹੋ ਗਿਆ? ਮੈਂ ਤਾਂ ਇਹ ਕਦੇ ਨੀ ਹੱਸਦੇ ਦੇਖੇ।” ਗਟਾਰ ਨੇ ਕਿਹਾ।
“ਹੱਸਣ ਕਿਵੇਂ? ਜਿਨ੍ਹਾਂ ਕਰਕੇ ਵਿਹੜੇ ਖੁਸ਼ੀਆਂ ਆਉਂਦੀਆਂ ਨੇ, ਉਹ ਤਾਂ ਰੋਟੀ ਦੀ ਭਾਲ ਵਿੱਚ ਵਿਦੇਸ਼ਾਂ ਨੂੰ ਤੋਰ ਦਿੱਤੇ ਜਾਂ ਮਜਬੂਰੀ ਵੱਸ ਤੋਰਨੇ ਪਏ।” ਕਾਂ ਆਪ ਵੀ ਉਦਾਸ ਹੁੰਦਾ ਜਾ ਰਿਹਾ ਸੀ। ਗਟਾਰ ਨੇ ਆਪਣੇ ਬੱਚਿਆਂ ਨੂੰ ਆਪਣੇ ਨਾਲ ਲਾਇਆ ਅਤੇ ਬੋਲੀ, “ਜ਼ਰੂਰਤਾਂ ਲਈ ਮਨੁੱਖ ਨੂੰ ਕਿੰਨਾ ਕੁਝ ਝੱਲਣਾ ਪੈਂਦਾ ਐ। ਮੈਂ ਤਾਂ ਇਹੀ ਸਮਝਦੀ ਰਹੀ ਕਿ ਇਹ ਸਭ ਤੋਂ ਸੁਖੀ ਪ੍ਰਾਣੀ ਐ ਧਰਤੀ ਦਾ।”
ਦੋ ਤੋਤੇ ਵੀ ਅਮਰੂਦ ਦੇ ਬੂਟੇ ’ਤੇ ਆ ਬੈਠੇ। ਅਮਰੂਦ ਕੱਚੇ ਸਨ, ਫਿਰ ਵੀ ਉਹ ਤੋੜ ਲੈਂਦੇ। ਚੁੰਝਾਂ ਦੇ ਆਕਾਰ ਕਾਰਨ ਦਾਣੇ ਚੁਗਣੇ ਉਹਨਾਂ ਨੂੰ ਔਖੇ ਲੱਗਦੇ ਸਨ। ਰੋਟੀ ਦੀਆਂ ਬੁਰਕੀਆਂ ਅਸਾਨੀ ਨਾਲ ਖਾ ਲੈਂਦੇ। ਉਹ ਚਿੰਤਾ ਵਿੱਚ ਸਨ।
“ਕੀ ਹੋਇਆ ਤੁਹਾਨੂੰ … … ਉਦਾਸ ਕਿਉਂ ਓ?” ਕਾਟੋ ਨੇ ਪੁੱਛਿਆ।
“ਅੱਗ ਦੀ ਪਰਲੋ ਨੇੜੇ ਆ ਰਹੀ ਐ ਇਸ ਲਈ ਸੋਚ ਰਹੇ ਹਾਂ ਕਿ ਕਿਤੇ ਦੂਰ ਚਲੇ ਜਾਈਏ।”
“ਕਿਹੜੀ ਅੱਗ ਦੀ ਪਰਲੋ?” ਸਾਰੇ ਇੱਕੋ ਸਾਹੇ ਬੋਲੇ।
“ਆਹ ਖੇਤਾਂ ਵਿੱਚ ਲਗਦੀ ਐ ਜਿਹੜੀ। ਇਸ ਨਾਲੋਂ ਤਾਂ ਚੰਗਾ ਏ ਕਿ ਅਸੀਂ ਬੱਚਿਆਂ ਨੂੰ ਕਿਧਰੇ ਭੇਜ ਦੇਈਏ। ਤੁਸੀਂ ਭੁੱਲ ਜਾਂਦੇ ਓ ਹਰ ਸਾਲ ਆਉਂਦੀ ਐ ਅੱਗ ਦੀ ਪਰਲੋ।”
“ਨਹੀਂ, ਨਹੀਂ, ਮੈਂ ਨਹੀਂ ਭੁੱਲ ਸਕਦੀ।” ਰੁੱਖ ਹੇਠ ਵੱਟ ’ਤੇ ਬੈਠੀ ਟਟੀਹਰੀ ਬੋਲੀ, “ਪਿਛਲੇ ਸਾਲ ਮੇਰੇ ਬੱਚੇ ਮੇਰੀਆਂ ਅੱਖਾਂ ਸਾਹਮਣੇ ਅੱਗ ਵਿੱਚ ਤੜਫ ਤੜਫ ਕੇ ਮਰ ਗਏ। ਮੈਂ ਬਥੇਰਾ ਕੁਰਲਾਈ ਪਰ ਕਿਸੇ ਨੇ ਮੇਰੀ ਪੁਕਾਰ ਨਾ ਸੁਣੀ।” ਆਖਦਿਆਂ ਟਟੀਹਰੀ ਦੀ ਭੁੱਬ ਨਿਕਲ ਗਈ। ਸਾਰੇ ਪੰਛੀ ਆਪਣੇ ਆਪਣੇ ਦੁੱਖ ਸੁਣਾਉਣ ਲੱਗੇ।ਇਸ ਅੱਗ ਤੋਂ ਸਾਰੇ ਦੁਖੀ ਸਨ। ਸਾਰੇ ਪੰਛੀਆਂ ਨੇ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠ ਕਰ ਲਿਆ। ਬੱਚੇ ਵੀ ਸਹਿਮੇ ਹੋਏ ਸਨ। ਤੋਤਾ ਵੀ ਆਪਣਾ ਦਰਦ ਬਿਆਨ ਕਰਨ ਲੱਗਿਆ, “ਅਸੀਂ ਚੋਗਾ ਲੈਣ ਗਏ ਹੋਏ ਸੀ। ਪਿੱਛੋਂ ਨਿਰਦਈਆਂ ਨੇ ਅੱਗ ਲਾ ਦਿੱਤੀ। ਸਾਡੇ ਬੱਚਿਆਂ ਨੂੰ ਰੁੱਖ ਦੀਆਂ ਖੁੱਡਾਂ ਵਿੱਚ ਸੇਕ ਲੱਗਣ ਲੱਗਿਆ। ਉਹਨਾਂ ਦੀ ਮਾਂ ਚੋਗਾ ਲੈ ਕੇ ਆਈ। ਉਸ ਤੋਂ ਦੇਖਿਆ ਨਾ ਗਿਆ। ਆਪਣੇ ਬੱਚਿਆਂ ਨੂੰ ਬਚਾਉਣ ਲਈ ਖੁੱਡ ਦੇ ਅੱਗੇ ਜਾ ਕੇ ਬੈਠ ਗਈ। ਪਲਾਂ ਵਿੱਚ ਹੀ ਸੜ ਗਈ। ਜਦੋਂ ਮੈਂ ਵਾਪਸ ਆਇਆ ਤਾਂ ਸਭ ਕੁਝ ਖ਼ਤਮ ਹੋ ਚੁੱਕਿਆ ਸੀ। ਬੱਚਿਆਂ ਦੀ ਮਾਂ ਝੁਲਸੀ ਹੋਈ ਖੁੱਡ ਦੇ ਅੱਗੇ ਲਮਕ ਰਹੀ ਸੀ।”
ਸਾਰੇ ਪੰਛੀਆਂ ਦੇ ਰੌਂਗਟੇ ਖੜ੍ਹੇ ਹੋ ਗਏ। ਉਹਨਾਂ ਦੇ ਨਿੱਕੇ ਨਿੱਕੇ ਮਾਸੂਮ ਦਿਲ ਠਾਹ ਠਾਹ ਧੜਕ ਰਹੇ ਸਨ।
“ਊਂ ਤਾਂ ਬੰਦਾ ਆਪਣੇ ਆਪ ਨੂੰ ਐਨਾ ਸਿਆਣਾ ਸਮਝਦਾ ਐ, ... ਦਾਨ ਪੁੰਨ ਕਰਦਾ ਐ … ਫੇਰ ਸਾਡੇ ਬੱਚੇ ਮਾਰਨ ਦਾ ਪਾਪ ਕਾਹਤੋਂ ਕਰਦਾ ਐ। ਇਹਦਾ ਕੋਈ ਹੱਲ ਵੀ ਤਾਂ ਹੋਊ।” ਬੁਲਬੁਲ ਨੇ ਅੱਖਾਂ ਪੂੰਝਦਿਆਂ ਆਖਿਆ।
“ਹਾਂ ਹੱਲ ਹੈ … … ਕਈ ਬਿਨਾਂ ਅੱਗ ਲਾਇਆਂ ਆਪਣੀ ਅਗਲੀ ਫਸਲ ਬੀਜ ਦਿੰਦੇ ਨੇ। ਕਈ ਸਰਕਾਰਾਂ ਦੇ ਮੂੰਹਾਂ ਵੱਲ ਝਾਕਦੇ ਨੇ ਕਿ ਉਹਨਾਂ ਨੂੰ ਕੋਈ ਮਦਦ ਮਿਲੇ। ਇਹ ਕਿਸਾਨ ਨੇ, ਇਹ ਆਖਦੇ ਨੇ ਕਿ ਅਗਲੀ ਫਸਲ ਬੀਜਣ ਲਈ ਉਹਨਾਂ ਕੋਲ ਸਮਾਂ ਘੱਟ ਹੁੰਦਾ ਐ।” ਘੁੱਗੀ ਨੇ ਆਖਿਆ।
“ਕਾਸ਼! ਇਹਨਾਂ ਨੂੰ ਕੋਈ ਸਮਝਾਉਣ ਵਾਲਾ ਹੋਵੇ, ਕੋਈ ਦੱਸਣ ਵਾਲਾ ਹੋਵੇ ਕਿ ਜਦੋਂ ਅੰਨ ਦੇਣ ਵਾਲੀ ਮਾਂ ਦੇ ਸੀਨੇ ਭਾਂਬੜ ਬਾਲਦੇ ਨੇ ਤਾਂ ਉਹ ਕਿੰਨਾ ਤੜਫਦੀ ਐ, ਉਸ ਦੀ ਉਪਜਾਊ ਸ਼ਕਤੀ ਘਟਦੀ ਐ। ਪੰਛੀ, ਜੀਵ ਜੰਤੂ ਉਸ ਦੀ ਛਾਤੀ ’ਤੇ ਕਿਵੇਂ ਫੁੜਕ ਫੁੜਕ ਡਿਗਦੇ ਨੇ ਜਦੋਂ ਉਹਨਾਂ ਦੇ ਖੰਭ ਜਲ਼ ਜਾਂਦੇ ਨੇ ਅਤੇ ਉਹ ਤੜਫ ਤੜਫ ਕੇ ਆਪਣੀ ਜਾਨ ਦੇ ਦਿੰਦੇ ਨੇ। ਇਹ ਮਾੜੀ ਜਿਹੀ ਤੀਲੀ ਲਾ ਕੇ ਐਨਾ ਪਾਪ ਕਮਾਉਂਦੇ ਨੇ।” ਗਟਾਰ ਨੇ ਦੁਖੀ ਹੁੰਦਿਆਂ ਕਿਹਾ।
“ਇਹਨਾਂ ਨੂੰ ਸਮਝਾਉਣ ਵਾਲੀ ਰੱਬੀ ਜੋਤ ਤਾਂ ਇਹਨਾਂ ਦੇ ਜੰਮਣ ਤੋਂ ਪਹਿਲਾਂ ਈ ਸਭ ਕੁਝ ਸਮਝਾ ਗਈ ਅਤੇ ਇਹਨਾਂ ਨੂੰ ਮਾਣਮੱਤਾ ਵਿਰਸਾ ਸੌਂਪ ਗਈ। ਜਿਹਨੇ ਇਹਨਾਂ ਨੂੰ ਕਿਰਤ ਕਰਨ ਦਾ ਸੁਨੇਹਾ ਵੀ ਦਿੱਤਾ। ਪਰ ਇਹ ਸਮਝਦੇ ਨਹੀਂ। ਇਹ ਵਿਰਸੇ ਵਿੱਚ ਮਿਲੇ ਆਪਣੇ ਅਨਮੋਲ ਖਜ਼ਾਨੇ ਨੂੰ ਖੋਲ੍ਹ ਕੇ ਵੇਖਦੇ ਵੀ ਐ, ਪੜ੍ਹਦੇ ਵੀ ਐ, ਪਰ ਅਮਲ ਨਹੀਂ ਕਰਦੇ।” ਕਬੂਤਰ ਨੇ ਦੁਖੀ ਹੁੰਦਿਆਂ ਆਖਿਆ।
“ਮੇਰਾ ਤਾਂ ਜੀਅ ਕਰਦਾ ਏ ਇਹਨਾਂ ਨੂੰ ਛੱਡ ਕੇ ਕਿਤੇ ਦੂਰ ਚਲੀ ਜਾਵਾਂ ਆਪਣੇ ਬੱਚਿਆਂ ਨੂੰ ਲੈ ਕੇ।” ਗਟਾਰ ਨੇ ਵੀ ਗੰਭੀਰ ਹੁੰਦਿਆਂ ਆਖਿਆ।
“ਜੀਅ ਤਾਂ ਮੇਰਾ ਵੀ ਕਰਦਾ ਐ, ਪਰ ਸਾਡੇ ਦਾਦੇ ਪੜਦਾਦੇ ਆਖਦੇ ਸਨ ਕਿ ਜੇ ਸਾਰੇ ਪੰਛੀ ਇਹਨਾਂ ਨੂੰ ਛੱਡ ਕੇ ਚਲੇ ਗਏ ਤਾਂ ਇਹਨਾਂ ਦੀਆਂ ਫਸਲਾਂ ਬਰਬਾਦ ਹੋ ਜਾਇਆ ਕਰਨਗੀਆਂ। ਫਿਰ ਵੀ ਇਹ ਮਿਹਨਤੀ ਕਿਰਤੀ ਲੋਕ ਨੇ। ਬੱਸ ਇਹੋ ਮਹਾਂ ਪਾਪ ਕਰਦੇ ਨੇ ਇਹ ਜਿਹੜਾ ਇਹਨਾਂ ਦੇ ਕੀਤੇ ਸਾਰੇ ਪੁੰਨ ਰੋੜ੍ਹ ਕੇ ਲੈ ਜਾਂਦਾ ਹੈ ਅਤੇ ਇਹ ਸਾਰੀ ਉਮਰ ਔਖੇ ਰਹਿੰਦੇ ਨੇ।” ਕਾਟੋ ਨੇ ਆਪਣੀ ਗੱਲ ਆਖੀ।
“ਕਈ ਵਾਰ ਮੇਰਾ ਜੀਅ ਕਰਦਾ ਇਹਨਾਂ ਨੂੰ ਬਦ ਦੁਆਵਾਂ ਦੇਵਾਂ। ਪਰ ਫੇਰ ਤਰਸ ਆ ਜਾਂਦਾ ਏ। ਇਹ ਆਪ ਕਿਹੜਾ ਸੌਖੇ ਨੇ। ਕਈਆਂ ਦੇ ਬੱਚੇ ਨਸ਼ਿਆਂ ਨੇ ਖਾ ਲਏ, ਕਈ ਦੇ ਕਰਜ਼ਿਆਂ ਨੇ ਖਾ ਲਏ। ਕੁਝ ਪਰਦੇਸੀ ਹੋ ਗਏ।” ਟਟੀਹਰੀ ਨੇ ਵੱਡਾ ਸਾਰਾ ਹਉਕਾ ਲੈਂਦਿਆਂ ਕਿਹਾ।
“ਜਿਹੜਾ ਇਹ ਪ੍ਰਦੂਸ਼ਣ ਫੈਲਾਉਂਦੇ ਨੇ, ਇਹਨਾਂ ਦੇ ਆਪਣੇ ਪਰਿਵਾਰਾਂ ਦੇ ਜੀਆਂ ਨੂੰ ਵੀ ਤਾਂ ਬਿਮਾਰੀਆਂ ਲੱਗਦੀਆਂ ਨੇ। ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰੀ ਜਾਂਦੇ ਨੇ।” ਗਟਾਰ ਬੋਲੀ।
“ਪ੍ਰਦੂਸ਼ਣ ਇਹ ’ਕੱਲੇ ਨਹੀਂ ਫੈਲਾਉਂਦੇ। ਫੈਕਟਰੀਆਂ ਦਾ ਧੂੰਆਂ ਅਤੇ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ, ਦਸਹਿਰੇ ਤੇਅ ਦੀਵਾਲੀ ਤੇ ਚੱਲਣ ਵਾਲੇ ਪਟਾਕੇ, ਸੜਕਾਂ ’ਤੇ ਦੌੜਦੀਆਂ ਗੱਡੀਆਂ ਇਹਨਾਂ ਤੋਂ ਵੱਧ ਪ੍ਰਦੂਸ਼ਣ ਕਰਦੇ ਐ। ਬੱਸ ਚਰਚਾ ਇਹਨਾਂ ਦੇ ਖੇਤਾਂ ਦੇ ਧੂੰਏਂ ਦੀ ਵੱਧ ਹੋਣ ਲੱਗ ਪੈਂਦੀ ਐ ਜਦੋਂ ਕਿ ਪਟਾਕਿਆਂ ਵਾਲਾ ਧੂੰਆਂ ਵੱਧ ਜ਼ਹਿਰੀਲਾ ਹੁੰਦਾ ਐ। ਫਿਰ ਵੀ ਮੈਂ ਆਖਦੀ ਆਂ ਕਿ ਇਹਨਾਂ ਦੀ ਅੱਗ ਜੀਵ ਜੰਤੂਆਂ ਤੇ ਰੁੱਖਾਂ ਬੂਟਿਆਂ ਦਾ ਨੁਕਸਾਨ ਬਹੁਤ ਕਰਦੀ ਐ।” ਘੁੱਗੀ ਨੇ ਆਖਿਆ।
“ਹਾਂ ਗੱਲ ਤਾਂ ਤੇਰੀ ਵੀ ਠੀਕ ਐ। ਇੱਕ ਗੱਲ ਹੋਰ … … ਤੁਹਾਨੂੰ ਪਤੈ ਹੁਣ ਕਈ ਪਿੰਡਾਂ ਦੇ ਸਿਆਣੇ ਲੋਕਾਂ ਨੇ ਆਪਣੇ ਆਪਣੇ ਪਿੰਡ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਉਣ ਦਾ ਫੈਸਲਾ ਕੀਤਾ ਐ। ਇਹੋ ਜਿਹੇ ਲੋਕਾਂ ’ਤੇ ਰੱਬ ਵੀ ਖੁਸ਼ ਹੋ ਕੇ ਰਹਿਮਤਾਂ ਕਰਦਾ ਐ।” ਕਾਲੀ ਚਿੜੀ ਨੇ ਥੋੜ੍ਹੀ ਖੁਸ਼ੀ ਦੇਣ ਵਾਲੀ ਖਬਰ ਸੁਣਾਈ।
“ਮੇਰੀ ਤਾਂ ਸਾਰੀ ਉਮੀਦ ਟੁੱਟ ਚੁੱਕੀ ਐ। ਪਹਿਲਾਂ ਤਾਂ ਸਾਰੇ ਇਹੀ ਆਖਦੇ ਹੁੰਦੇ ਨੇ ਕਿ ਐਤਕੀਂ ਅੱਗ ਨਹੀਂ ਲਾਈ ਜਾਵੇਗੀ ਪਰ ਉਦੋਂ ਈ ਪਤਾ ਲੱਗਦਾ ਐ ਜਦੋਂ ਪਿੰਡਾਂ ਦੇ ਪਿੰਡ ਇੱਕ ਦਮ ਅੱਗ ਲਾ ਕੇ ਸਾਰੇ ਪਾਸੇ ਧੂੰਆਂ ਈ ਧੂੰਆਂ ਕਰ ਦਿੰਦੇ ਨੇ। ਇਹਨਾਂ ਦੇ ਆਪਣੇ ਵੀ ਤਾਂ ਦੁਰਘਟਨਾਵਾਂ ਨਾਲ ਖਤਮ ਹੋ ਜਾਂਦੇ ਨੇ। ਬੱਚੇ ਬਜ਼ੁਰਗ ਖੰਘ ਜ਼ੁਕਾਮ ਨਾਲ ਔਖੇ ਹੋ ਜਾਂਦੇ ਨੇ ਪਰ ਫਿਰ ਵੀ ਇਹ ਅੱਗ ਲਾਉਣੋਂ ਨੀ ਹਟਦੇ।”
“ਮੇਰੀ ਉਮੀਦ ਤਾਂ ਮੁੱਕ ਚੁੱਕੀ ਐ। ਮੇਰਾ ਤਾਂ ਜੀਅ ਕਰਦਾ ਐ ਕਿਧਰੇ ਦੂਰ ਚਲੇ ਜਾਈਏ, ਜਿੱਥੇ ਇਹ ਜ਼ਾਲਮ ਮਨੁੱਖ ਨਾ ਹੋਵੇ।” ਕਾਲ ਕੜਛੀ ਨੇ ਹਵਾ ਵਿੱਚ ਉਡਦੇ ਪਤੰਗੇ ’ਤੇ ਝਪਟਦਿਆਂ ਆਖਿਆ।
“ਨਹੀਂ, ਨਹੀਂ, ਅਸੀਂ ਇਹਨਾਂ ਨੂੰ ਛੱਡ ਕੇ ਕਿੱਥੇ ਜਾਵਾਂਗੇ? ਬਹੁਤ ਪੁਰਾਣੀਆਂ ਸਾਂਝਾਂ ਨੇ ਇਹਨਾਂ ਨਾਲ।” ਕਾਂ ਨੇ ਕਿਹਾ।
“ਅਸੀਂ ਆਪਣੇ ਬੱਚੇ ਨਹੀਂ ਮਰਵਾ ਸਕਦੇ।” ਗਟਾਰ ਬੋਲੀ।
“ਜਾਓ ਚਲੇ ਜਾਓ ਜੀਹਨੇ ਜਾਣਾ। ਮੈਂ ਤਾਂ ਕਿਤੇ ਨੀ ਜਾ ਸਕਦਾ। ਹਰ ਸਾਲ ਅੱਗ ਨਾਲ ਸਾਡੇ ਬੱਚੇ … … ਨਿੱਕੇ ਰੁੱਖ …. ਵੀ ਸੜ ਜਾਂਦੇ ਨੇ ਅਤੇ ਅਸੀਂ ਵੀ ਝੁਲਸੇ ਜਾਂਦੇ ਆਂ। ਪਰ ਅਸੀਂ ਉਡ ਨਹੀਂ ਸਕਦੇ ਤੇ ਤੁਰ ਨਹੀਂ ਸਕਦੇ। ਤੁਸੀਂ ਉਡਣਾ ਜਾਣਦੇ ਹੋ … … …. ਚਲੇ ਜਾਓ। ਪਰ ਅਸੀਂ ਤੁਹਾਡਾ ਸੰਗੀਤ ਤੇ ਚਹਿਕਣਾ ਮਹਿਕਣਾ ਸੁਣ ਕੇ ਹੀ ਪੁੰਗਰਦੇ ਹਾਂ, ਖਿੜਦੇ ਹਾਂ ਤੇ ਫਲਦੇ ਫੁੱਲਦੇ ਹਾਂ। ਤੁਹਾਡੇ ਜਾਣ ਤੋਂ ਬਾਅਦ ਅਸੀਂ ਵੀ ਮੁਰਝਾ ਜਾਵਾਂਗੇ, ਸੁੱਕ ਜਾਵਾਂਗੇ ਤੇ ਸਾਡੇ ਨਾਲ ਈ ਇਹ ਮਨੁੱਖ ਵੀ ਖ਼ਤਮ ਹੋ ਜਾਵੇਗਾ।” ਰੁੱਖ ਨੇ ਆਪਣੀ ਨਰਾਜ਼ਗੀ ਜਿਤਾਉਂਦਿਆਂ ਕਿਹਾ।
“ਨਾ ਬਈ ਇੱਦਾਂ ਨਾ ਕਰੋ। ਆਪਾਂ ਸਾਰੇ ਰਲ ਕੇ ਕੋਈ ਹੱਲ ਕੱਢਦੇ ਆਂ। ਅਜੇ ਆਪਣੇ ਕੋਲ ਕਈ ਦਿਨ ਹੈਗੇ ਐ।” ਕਾਂ ਦੀ ਇਸ ਗੱਲ ਨਾਲ ਸਾਰਿਆਂ ਨੇ ਸਹਿਮਤੀ ਜਤਾਈ।
ਕਾਂ ਉਡਾਰੀ ਮਾਰ ਗਿਆ ਅਤੇ ਮਗਰ ਹੀ ਉਸ ਦੇ ਬੱਚੇ ਉਡ ਗਏ। ਬਾਕੀ ਪੰਛੀ ਵੀ ਆਪਣਾ ਦਾਣਾ ਪਾਣੀ ਲੱਭਣ ਵਿੱਚ ਰੁੱਝ ਗਏ। ਪੰਛੀ ਰੋਜ਼ ਇਕੱਠੇ ਹੁੰਦੇ ਸਕੀਮਾਂ ਲਾਉਂਦੇ ਪਰ ਉਹ ਰੁੱਖਾਂ ਨੂੰ ਛੱਡ ਵੀ ਨਹੀਂ ਸਕਦੇ ਸਨ। ਇੱਕ ਦਿਨ ਪੰਛੀ ਸਲਾਹਾਂ ਬਣਾ ਰਹੇ ਸਨ। ਇੱਕ ਦਿਉ ਕੱਦ ਮਸ਼ੀਨ ਆਈ। ਸਾਰੇ ਸਹਿਮ ਗਏ। ਗਟਾਰ ਦੇ ਬੱਚੇ ਨੇ ਮਾਂ ਦੇ ਕੋਲ਼ ਨੂੰ ਹੁੰਦਿਆਂ ਪੁੱਛਿਆ, “ਮਾਂ ਇਹ ਕੀ ਐ? ਮੈਨੂੰ ਡਰ ਲੱਗਦਾ ਇਹਤੋਂ।”
“ਇਹਨੂੰ ਕੰਬਾਈਨ ਆਖਦੇ ਨੇ ਮਨੁੱਖ … … ਇਹ ਫਸਲ ਕੱਟਦੀ ਐ ਅਤੇ ਦਾਣੇ ਅਤੇ ਪਰਾਲੀ ਅੱਡ ਅੱਡ ਕਰ ਦਿੰਦੀ ਹੈ। ਹੁਣ ਫਸਲ ਕੱਟੀ ਜਾਊ ਤੇ ਫਿਰ … …।” ਇਸ ਤੋਂ ਅੱਗੇ ਉਹ ਚੁੱਪ ਕਰ ਗਈ।
“ਫਿਰ ਮਾਂ? … … ਅੱਗੇ ਵੀ ਦੱਸ।” ਬੱਚੇ ਨੇ ਗਟਾਰ ਦੇ ਮੂੰਹ ਵੱਲ ਦੇਖਦਿਆਂ ਕਿਹਾ। ਪਰ ਗਟਾਰ ਨੇ ਅੱਗੇ ਕੁਝ ਵੀ ਨਾ ਆਖਿਆ। ਬੱਚਿਆਂ ਤੋਂ ਬਿਨਾਂ ਸਾਰੇ ਪੰਛੀ ਸਮਝ ਗਏ ਕਿ ਅੱਗੇ ਗਟਾਰ ਨੇ ਕੀ ਆਖਣਾ ਸੀ।
ਕੁਝ ਸਮੇਂ ਵਿੱਚ ਹੀ ਸਾਰਾ ਖੇਤ ਕੱਟਿਆ ਗਿਆ ਅਤੇ ਫਸਲ ਟਰਾਲੀਆਂ ਵਿੱਚ ਪਾ ਕੇ ਮੰਡੀ ਲਿਜਾਈ ਗਈ। ਪੰਛੀ ਵੀ ਇਹ ਸਭ ਕੁਝ ਦੇਖ ਰਹੇ ਸਨ। ਪੰਛੀਆਂ ਦੇ ਬੱਚੇ ਇਹਨਾਂ ਖੇਤਾਂ ਦੇ ਬਦਲੇ ਰੂਪ ਨੂੰ ਦੇਖ ਕੇ ਮਸਤੀਆਂ ਕਰ ਰਹੇ ਸਨ। ਇਹਨਾਂ ਦੇ ਮਾਪੇ ਗੰਭੀਰ ਸਨ।
“ਮੈਨੂੰ ਲੱਗਦਾ ਏ ਹਰ ਸਾਲ ਦੀ ਤਰ੍ਹਾਂ ਆਪਾਂ ਸਲਾਹਾਂ ਕਰਦੇ ਰਹਿ ਜਾਵਾਂਗੇ … … ਆਪਣੇ ਬੱਚੇ ਫਿਰ ਆਪਣੀਆਂ ਅੱਖਾਂ ਸਾਹਮਣੇ … …।” ਘੁੱਗੀ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਰੁੱਖ ਬੋਲ ਪਿਆ, “ਨਹੀਂ … … ਨਹੀਂ ਮੈਂ ਇਹਨਾਂ ਨੂੰ ਆਪਣੀਆਂ ਟਾਹਣੀਆਂ ਵਿੱਚ ਲੁਕੋ ਲਵਾਂਗਾ।”
“ਤੇਰੀਆਂ ਟਾਹਣੀਆਂ ਵੀ ਤਾਂ ਝੁਲਸੀਆਂ ਜਾਂਦੀਆਂ ਨੇ, ਤੂੰ ਨਹੀਂ ਬਚਾ ਸਕੇਂਗਾ। ਹੁਣ ਤਾਂ ਰੱਬ ਬੰਦੇ ਦੇ ਮਨ ਹੀ ਮਿਹਰ ਪਾਵੇ।” ਘੁੱਗੀ ਨੇ ਉਦਾਸ ਹੁੰਦਿਆਂ ਕਿਹਾ। ਇਸੇ ਤਰ੍ਹਾਂ ਚਿੰਤਾ ਦਾ ਹੱਲ ਲੱਭਦਿਆਂ ਦੋ ਦਿਨ ਹੋਰ ਲੰਘ ਗਏ। ਦੋ ਦਿਨਾਂ ਦੀ ਧੁੱਪ ਨੇ ਪਰਾਲੀ ਸੁਕਾ ਦਿੱਤੀ ਸੀ ਤੇ ਹੁਣ ਤਾਂ ਬੱਸ ਤੀਲੀ ਲਾਉਣ ਦੀ ਦੇਰ ਸੀ। ਸਾਰੇ ਪੰਛੀ ਪਲਾਇਨ ਕਰਨ ਲਈ ਤਿਆਰ ਹੋ ਗਏ। ਰੁੱਖ ਉਦਾਸ ਹੋ ਗਿਆ। ਪੰਛੀਆਂ ਨੇ ਧਰਵਾਸ ਦਿੱਤਾ, “ਆਹ ਔਖੇ ਦਿਨ ਲੰਘਾ ਕੇ ਫਿਰ ਪਰਤ ਆਵਾਂਗੇ।”
“ਫਿਰ ਕੋਈ ਨੀ ਪਰਤ ਕੇ ਆਉਂਦਾ ਹੁੰਦਾ … … ਜਿਵੇਂ ਉਹ ਬਜ਼ੁਰਗ ਬੇਬੇ ਬਾਪੂ ਦੇ ਨਿਆਣੇ ਵੀ ਇਹੀ ਆਖ ਕੇ ਗਏ ਸੀ ਕਿ ਕਮਾਈ ਕਰ ਕੇ ਪਰਤ ਆਉਣਗੇ। ਕਰਜ਼ੇ ਲਾਹ ਕੇ ਫਿਰ ਸੁਰਖ਼ਰੂ ਹੋ ਕੇ ਇੱਥੇ ਹੀ ਕੋਈ ਕੰਮਕਾਰ ਕਰ ਲੈਣਗੇ। ਕਰਜ਼ੇ ਤਾਂ ਉਤਾਰ ਦਿੱਤੇ ਘਰ ਵੀ ਨਵੇਂ ਬਣਾ ਲਏ … … ਦਸ ਸਾਲ ਹੋ ਗਏ … … ਨਹੀਂ ਪਰਤੇ।” ਰੁੱਖ ਗੰਭੀਰ ਉਦਾਸੀ ਵਿੱਚੋਂ ਬੋਲਿਆ।
“ਮੈਨੂੰ ਲੱਗਦਾ ਐ … … ਐਤਕੀਂ ਇਹ ਅੱਗ ਨਹੀਂ ਲਾਉਣਗੇ?” ਕਬੂਤਰ ਨੇ ਕਿਹਾ।
“ਤੈਨੂੰ ਕਿਵੇਂ ਪਤਾ ਲੱਗਿਆ?” ਸਾਰਿਆਂ ਨੂੰ ਆਸ ਜਾਗੀ। ਗੱਲਾਂ ਤਾਂ ਮਨੁੱਖ ਦੀਆਂ ਸਾਰੇ ਪੰਛੀਆਂ ਨੇ ਸੁਣੀਆਂ ਹੋਈਆਂ ਸਨ ਕਿ ਉਹ ਅੱਗ ਲਾਉਣਾ ਨਹੀਂ ਚਾਹੁੰਦੇ … … ਮਜਬੂਰੀ ਵੱਸ ਲਾਉਂਦੇ ਨੇ।
“ਮੈਨੂੰ ਮਹਿਸੂਸ ਹੋਇਆ ਅੱਜ ਸਵੇਰੇ ਖੇਤ ਦਾ ਮਾਲਕ … … ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ … … ਸ਼ਾਇਦ ਇੱਦਾਂ ਈ ਕੁਝ ਆਖ ਰਿਹਾ ਸੀ। ਫੇਰ ਉਹ ਆਪਣੇ ਗੁਰੂ ਨੂੰ, ਪਿਉ ਤੇ ਮਾਂ ਨੂੰ ਦੁਖੀ ਕਿਉਂ ਕਰੂ।” ਕਬੂਤਰ ਨੇ ਦੱਸਿਆ।
“ਇਹ ਤਾਂ ਇਹ ਰੋਜ਼ ਕਹਿੰਦੇ ਨੇ … … ਸਿਰਫ਼ ਜ਼ੁਬਾਨ ਤੋਂ … … ਕਦੇ ਦਿਲ ਦਿਮਾਗ਼ ਤਕ ਨਹੀਂ ਲੈ ਕੇ ਗਏ। ਅਮਲਾਂ ਤੋਂ ਬਿਨਾਂ ਆਪ ਵੀ ਦੁਖੀ ਹੁੰਦੇ ਨੇ ਤੇ ਸਾਨੂੰ ਸਾਰਿਆਂ ਨੂੰ ਵੀ ਦੁਖੀ ਕਰਦੇ ਨੇ।” ਤੋਤਾ ਬੋਲਿਆ।
“ਨਹੀਂ … … ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਕਈ ਸਚਾਈ ’ਤੇ ਚੱਲਣ ਵਾਲੇ ਅਮਲ ਵੀ ਕਰਦੇ ਨੇ।” ਕਬੂਤਰ ਬੋਲਿਆ।
“ਪਰ ਇਸ ਸਮੱਸਿਆ ਦਾ ਹੱਲ ਤਾਂ ਕੋਈ ਹੋਊ। ਜੇ ਸਾਰੇ ਬੈਠ ਕੇ ਸੋਚਣ ਤਾਂ ਕੋਈ ਨਾ ਕੋਈ ਤਾਂ ਹੱਲ ਨਿਕਲ ਹੀ ਸਕਦਾ ਹੈ। ਕਈ ਕਹਿੰਦੇ ਐ ਖੇਤ ਵਿੱਚ ਇੱਕ ਥਾਂ ’ਤੇ ਪਰਾਲੀ ‘ਕੱਠੀ ਕਰ ਕੇ ਰੱਖੀ ਜਾ ਸਕਦੀ ਹੈ। ਕਈ ਕਹਿੰਦੇ ਨੇ ਕਿ ਪਰਾਲੀ ਖੇਤ ਵਿੱਚ ਵਾਹੀ ਜਾ ਸਕਦੀ ਐ ਪਰ ਇਸ ’ਤੇ ਖਰਚ ਵੱਧ ਆਉਂਦਾ ਐ … … ਮੁੱਕਦੀ ਗੱਲ ਇਹ ਹੈ ਕਿ ਇਹਨਾਂ ਕੋਲ਼ ਤਾਂ ਇਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਜੋਗਾ ਪੈਸਾ ਮਸਾਂ ਆਉਂਦਾ ਐ।”
“ਮੈਂ ਤਾਂ ਇਹ ਵੀ ਸੁਣਿਆ ਐ ਕਿ ਸਰਕਾਰਾਂ ਇਹਨਾਂ ਦਾ ਖਿਆਲ ਨਹੀਂ ਰੱਖਦੀਆਂ। ਪਿੱਛੇ ਜਿਹੇ ਕਿੰਨੇ ਕਿਰਤੀ ਧਰਨੇ ਦੀ ਭੇਟ ਚੜ੍ਹ ਗਏ। ਸਰਦੀਆਂ ਗਰਮੀਆਂ ਸੜਕਾਂ ’ਤੇ ਰੁਲੇ। ਸਰਕਾਰਾਂ ਫਿਰ ਵੀ ਇਹਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਪਾਉਂਦੀਆਂ।” ਤੋਤੇ ਨੇ ਪਿੱਪਲ ਹੇਠ ਬੈਠੇ ਬਜ਼ੁਰਗਾਂ ਦੀਆਂ ਸੁਣੀਆਂ ਗੱਲਾਂ ਦੇ ਅਧਾਰ ’ਤੇ ਕਿਹਾ।
“ਹਾਂ ਹੋਣਗੇ ਤਾਂ ਇਹ ਵੀ ਮਜਬੂਰ ਹੀ।” ਗਟਾਰ ਨੇ ਡੂੰਘਾ ਸਾਹ ਭਰਦਿਆਂ ਆਖਿਆ।
“ਮੈਨੂੰ ਤਾਂ ਐਨਾ ਪਤਾ ਐ ਕਿ ਇਹਨਾਂ ਅੰਦਰ ਦਇਆ ਨਹੀਂ … … ਜੇ ਹੋਵੇ, ਫਿਰ ਅੱਗ ਨਾ ਲਾਉਣ।” ਪਿੱਦੀ ਚਿੜੀ ਨੇ ਮੂੰਹ ਮਰੋੜਦਿਆਂ ਕਿਹਾ।
“ਤੂੰ ਕਿਵੇਂ ਕਹਿ ਦਿੱਤਾ ਕਿ ਇਹਨਾਂ ਅੰਦਰ ਦਇਆ ਨਹੀਂ। ਆਪਾਂ ਇਹਨਾਂ ਦੇ ਬਨੇਰਿਆਂ ’ਤੇ ਦੋ ਕੁ ਵਾਰ ਆਵਾਜ਼ਾਂ ਮਾਰੀਏ ਤਾਂ ਇਹ ਦਾਣਿਆਂ ਦੀ ਮੁੱਠੀ ਛੱਤ ’ਤੇ ਪਾ ਜਾਂਦੇ ਐ ਕਿ ਪੰਛੀ ਖਾ ਲੈਣਗੇ। ਪਿਛਲੇ ਸਾਲ ਇਹਨਾਂ ਨੇ ਹੀ ਮੇਰੇ ਬੱਚਿਆਂ ਨੂੰ ਅੱਗ ਵਿੱਚ ਫਸਿਆਂ ਨੂੰ ਬਚਾਇਆ ਸੀ। ਇਹਨਾਂ ਦੀ ਚੰਗਿਆਈ ਦੀਆਂ ਹੋਰ ਬਥੇਰੀਆਂ ਗੱਲਾਂ ਸੁਣਾ ਸਕਦੀ ਆਂ … …।” ਘੁੱਗੀ ਦੀਆਂ ਹੋਰ ਗੱਲਾਂ ਸੁਣਨ ਤੋਂ ਪਹਿਲਾਂ ਈ ਬੁਲਬੁਲ ਬੋਲੀ, “ਚੰਗੇ ਤਾਂ ਇਹ ਹੈਗੇ ਐ, ਪਰ ਆਪਣਾ ਜਿਹੜਾ ਨੁਕਸਾਨ ਹਰ ਛੇ ਮਹੀਨੇ ਬਾਅਦ ਇਹਨਾਂ ਹੱਥੋਂ ਹੁੰਦਾ ਐ, ਉਹ ਵੀ ਸੱਚ ਐ।” ਬੁਲਬੁਲ ਦੀ ਗੱਲ ਨਾਲ ਸਾਰੇ ਸਹਿਮਤ ਸਨ।
“ਚਲੋ ਫਿਰ ਮਾਰੀਏ ਉਡਾਰੀ … … ਦੇਖਦੇ ਆਂ ਕਿੱਥੇ ਲਿਖੇ ਐ ਰੱਬ ਨੇ ਦਾਣੇ ਹੁਣ।” ਗਟਾਰ ਨੇ ਖੰਭ ਝਟਕਦਿਆਂ ਆਖਿਆ।
“ਰੁਕੋ … … ਉਹੀ ਬੰਦਾ ਆ ਰਿਹਾ ਜਿਹੜਾ ਸਵੇਰੇ ਆਇਆ ਸੀ ਧਰਤੀ ਨੂੰ ਮਾਂ ਮੰਨਣ ਵਾਲਾ।” ਕਬੂਤਰ ਨੇ ਸਾਰਿਆਂ ਦਾ ਧਿਆਨ ਖਿੱਚਦਿਆਂ ਆਖਿਆ।
“ਇਹਨੇ ਤਾਂ ਜੇਬ ਵਿੱਚੋਂ ਤੀਲਾਂ ਦੀ ਡੱਬੀ ਕੱਢ ਲਈ ... ਤਿੰਨ ਜਣੇ ਹੋਰ ਆ ਗਏ ਇਹਦੇ ਨਾਲ।” ਸਾਰੇ ਪੰਛੀ ਸਹਿਮ ਗਏ ਤੇ ਆਪਣੇ ਬੱਚਿਆਂ ਨੂੰ ਖੰਭਾਂ ਹੇਠ ਲੁਕੋਣ ਦੀ ਕੋਸ਼ਿਸ਼ ਕਰਨ ਲੱਗੇ।
“ਆਪਾਂ ਤਾਂ ਫਸ ਗਏ। ਹੁਣ ਤਾਂ ਇਹ ਖੇਤ ਦੇ ਚਾਰੇ ਕੋਨਿਆਂ ਤੋਂ ਅੱਗ ਲਾਉਣਗੇ।” ਘੁੱਗੀ ਨੇ ਸਹਿਮੀ ਆਵਾਜ਼ ਵਿੱਚ ਕਿਹਾ।
“ਅਹੁ … … ਤਿੰਨ ਚਾਰ ਬੱਚੇ ਭੱਜੇ ਆ ਰਹੇ ਨੇ। ਕੱਲ੍ਹ ਮੈਂ ਇਹਨਾਂ ਨੂੰ ਸਕੂਲ ਵਿੱਚ ਦੇਖਿਆ ਸੀ।” ਤੋਤਾ ਬੋਲਿਆ।
“ਚੁੱਪ ਕਰੋ … … ਸੁਣੋ, ਉਹ ਕੁਝ ਆਖ ਰਹੇ ਨੇ।” ਬੁਲਬੁਲ ਨੇ ਸਾਰਿਆਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਕਿਹਾ।
ਬਜ਼ੁਰਗ ਨੇ ਡੱਬੀ ਕੱਢ ਕੇ ਤੀਲੀ ਘਸਾਈ। ਬੱਚੇ ਬਜ਼ੁਰਗ ਨੂੰ ਰੋਕਣ ਲੱਗੇ। ਬਜ਼ੁਰਗ ਤੀਲੀ ਬਾਲਦਾ, ਬੱਚੇ ਬੁਝਾ ਦਿੰਦੇ। ਬੱਚਿਆਂ ਦੀ ਇਸ ਗੱਲ ’ਤੇ ਬਜ਼ੁਰਗ ਨੂੰ ਗੁੱਸਾ ਆ ਗਿਆ। ਉਸ ਨੇ ਕਾੜ ਕਰਦੀ ਚਪੇੜ ਇੱਕ ਬੱਚੇ ਦੀ ਗੱਲ੍ਹ ’ਤੇ ਮਾਰ ਦਿੱਤੀ। ਬੱਚਾ ਕੁਰਲਾ ਉੱਠਿਆ। ਰੋਂਦਾ ਹੋਇਆ ਬਜ਼ੁਰਗ ਦੇ ਅੱਗੇ ਖਲੋ ਗਿਆ। ਚੀਕ ਕੇ ਬੋਲਿਆ, “ਪਹਿਲਾਂ ਸਾਨੂੰ ਅੱਗ ਲਾ ਦਿਓ … … ਫਿਰ ਇਸ ਧਰਤੀ, ਰੁੱਖਾਂ ਤੇ ਪੰਛੀਆਂ ਨੂੰ ਸਾੜ ਦੇਣਾ। ਪੰਛੀਆਂ ਜਾਨਵਰਾਂ ਨੂੰ ਵੀ ਆਪਣੇ ਬੱਚੇ ਓਨੇ ਹੀ ਪਿਆਰੇ ਹੁੰਦੇ ਨੇ, ਜਿੰਨਾ ਤੁਸੀਂ ਸਾਨੂੰ ਪਿਆਰ ਕਰਦੇ ਓ।”
ਬਜ਼ੁਰਗ ਬੱਚੇ ਦੀ ਗੱਲ ਸੁਣ ਕੇ ਸੁੰਨ ਜਿਹਾ ਹੋ ਗਿਆ। ਕੁਝ ਦੇਰ ਕੁਰਲਾਉਂਦੇ ਬੱਚਿਆਂ ਵੱਲ ਦੇਖਦਾ ਰਿਹਾ। ਉਸ ਦੇ ਹੱਥੋਂ ਡੱਬੀ ਛੁੱਟ ਗਈ। ਉਸ ਦੀਆਂ ਆਂਦਰਾਂ ਨਪੀੜੀਆਂ ਗਈਆਂ, ਅੱਖਾਂ ਭਰ ਆਈਆਂ। ਉਸ ਨੇ ਘੁੱਟ ਕੇ ਸਾਰੇ ਬੱਚਿਆਂ ਨੂੰ ਆਪਣੀ ਹਿੱਕ ਨਾਲ ਲਾ ਲਿਆ।
“ਮਾਂ! ਮੈਨੂੰ ਲਗਦਾ ਹੈ ਮਨੁੱਖ ਦੇ ਬੱਚਿਆਂ ਨੇ ਸਾਡੀਆਂ ਗੱਲਾਂ ਸੁਣ ਲਈਆਂ।” ਗਟਾਰ ਦੇ ਬੱਚੇ ਨੇ ਮਾਂ ਦੇ ਖੰਭਾਂ ਹੇਠੋਂ ਸਿਰ ਬਾਹਰ ਕੱਢਦਿਆਂ ਕਿਹਾ।
“ਇਹਨਾਂ ਅੰਦਰ ਦਇਆ ਹੈ।” ਕਾਂ ਦੇ ਮੂੰਹੋਂ ਨਿਕਲਿਆ।
ਬਜ਼ੁਰਗ ਨੇ ਆਪਣੇ ਸਾਥੀਆਂ ਨੂੰ ਆਖਿਆ, “ਆ ਜੋ ਚੱਲੀਏ … … ਕੋਈ ਨਾ ... ... ਘਾਟੇ ਵਾਧੇ ਝੱਲ ਲਵਾਂਗੇ ਪਰ ਹੁਣ ਤੋਂ ਮਾਂ ਦੀ ਹਿੱਕ ’ਤੇ ਭਾਂਬੜ ਨਹੀਂ ਬਾਲਣੇ ...।”
ਸਹਿਮੇ ਹੋਏ ਪੰਛੀਆਂ ਦੇ ਚਿਹਰਿਆਂ ’ਤੇ ਰੌਣਕ ਆ ਗਈ। ਉਹ ਕਿਸਾਨ ਲਈ ਲੱਖ ਲੱਖ ਦੁਆਵਾਂ ਕਰ ਰਹੇ ਸਨ। ਬਜ਼ੁਰਗ ਨਾਲ ਤੁਰਦੇ ਬੱਚਿਆਂ ਦੀਆਂ ਪੈੜਾਂ ਵਿੱਚੋਂ ਰੌਸ਼ਨ ਉਮੀਦਾਂ ਲਿਸ਼ਕਾਂ ਮਾਰ ਰਹੀਆਂ ਸਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4267)
(ਸਰੋਕਾਰ ਨਾਲ ਸੰਪਰਕ ਲਈ: (