“ਹੁਣ ਕਿਸਾਨਾਂ ਦੇ ਰੂਪ ਵਿੱਚ ਦੇਸ਼ ਬੋਲ ਰਿਹਾ ਹੈ, ਉਹਨਾਂ ਦੇ ਮਨ ਕੀ ਬਾਤ ਵੀ ਸੁਣ ਲਵੋ ...”
(27 ਦਸੰਬਰ 2020)
ਸਰਕਾਰ ਨੇ ਜਿਸ ਤਰ੍ਹਾਂ ਦਾ ਹੰਕਾਰੀ ਤੇ ਤਾਨਾਸ਼ਾਹੀ ਰਵੱਈਆ ਅਪਣਾਇਆ ਹੈ, ਦੁਨੀਆਂ ਭਰ ਦੇ ਲੋਕ ਦੇਖ ਦੇਖ ਕੇ ਹੈਰਾਨ ਹੋ ਰਹੇ ਹਨ। ਅੰਨਦਾਤੇ ਦੀ ਹਾਲਤ ਕਿਸੇ ਤੋਂ ਛੁਪੀ ਨਹੀਂ। ਦਸੰਬਰ ਦਾ ਮਹੀਨਾ, ਰਾਤਾਂ ਨੂੰ ਪੈਂਦੀ ਥਰ ਥਰ ਕੰਬਾਉਣ ਵਾਲੀ ਠੰਢ ਅਤੇ ਸਾਡੇ ਬਜ਼ੁਰਗ, ਨੌਜਵਾਨ ਅਤੇ ਬੱਚੇ ਸਰਕਾਰ ਵੱਲੋਂ ਬਣਾਏ ਗਏ ਕਿਸਾਨ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਸੜਕਾਂ ’ਤੇ ਡਟੇ ਹੋਏ ਹਨ। ਜਿਹੜੇ ਦਿੱਲੀ ਨਹੀਂ ਗਏ ਉਹ ਪੰਜਾਬ ਵਿੱਚ ਲੱਗੇ ਧਰਨਿਆਂ ’ਤੇ ਹਾਜ਼ਰੀਆਂ ਭਰ ਰਹੇ ਹਨ ਅਤੇ ਨਾਲ ਹੀ ਦਿੱਲੀ ਗਏ ਹੋਏ ਯੋਧਿਆਂ ਦੇ ਪਰਿਵਾਰਾਂ ਦਾ ਧਿਆਨ ਰੱਖ ਰਹੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਪਿੰਡਾਂ ਦੇ ਨੌਜਵਾਨਾਂ ਨੇ ਇਹੋ ਜਿਹੇ ਗਰੁੱਪ ਬਣਾ ਲਏ ਹਨ ਕਿ ਪਿੰਡ ਦੇ ਕਿਸੇ ਪਰਿਵਾਰ ਨੂੰ ਮਦਦ ਦੀ ਜ਼ਰੂਰਤ ਹੋਵੇ, ਉਹ ਝੱਟ ਬਹੁੜਦੇ ਹਨ। ਕਣਕ ਨੂੰ ਖਾਦ ਪਾਣੀ ਦੀ ਲੋੜ ਹੋਵੇ, ਪਸ਼ੂਆਂ ਲਈ ਚਾਰੇ ਦੀ ਜ਼ਰੂਰਤ ਹੋਵੇ, ਗੱਲ ਕੀ ਜ਼ਰੂਰਤਮੰਦ ਪਰਿਵਾਰ ਦੀ ਜ਼ਰੂਰਤ ਪੂਰੀ ਕਰਨਾ ਇਹਨਾਂ ਦਾ ਨੈਤਿਕ ਫ਼ਰਜ਼ ਬਣ ਚੁੱਕਿਆ ਹੈ। ਜਿਹੜੀ ਸੰਵੇਦਨਸ਼ੀਲਤਾ ਅਤੇ ਨੈਤਿਕਤਾ ਨੂੰ ਅਸੀਂ ਅਲੋਪ ਹੋਇਆ ਸਮਝਦੇ ਸਾਂ, ਅੱਜ ਹਰ ਪਾਸੇ ਦੇਖਣ ਨੂੰ ਮਿਲਦੀ ਹੈ। ਇਹ ਸਭ ਕੁਝ ਦੇਖ ਕੇ ਮਨ ਮਾਣ ਅਤੇ ਸਕੂਨ ਨਾਲ ਭਰ ਜਾਂਦਾ ਹੈ।
ਅੰਨਦਾਤਾ ਸੰਘਰਸ਼ ਦੇ ਰਾਹ ਉੱਤੇ ਕਿਉਂ ਤੁਰ ਪਿਆ। ਇਹ ਕਿਰਤੀ ਕਿਸਾਨਾਂ ਨਾਲ ਜੁੜੇ ਪਰਿਵਾਰਾਂ ਦਾ ਬੱਚਾ ਬੱਚਾ ਜਾਣਦਾ ਹੈ। ਕਿਸਾਨਾਂ ਦੇ ਵਿਰੋਧ ਕਰਨ ਦੇ ਬਾਵਜੂਦ ਵੀ ਸਰਕਾਰ ਨੇ ਕਿਸਾਨਾਂ ਅਤੇ ਮਾਹਿਰਾਂ ਦੀ ਸਲਾਹ ਲਏ ਬਿਨਾਂ ਕਾਨੂੰਨ ਬਣਾ ਦਿੱਤੇ। ਕਿਸਾਨਾਂ ਲਈ ਇਹ ਮਾਰੂ ਨੇ, ਕਿਸਾਨ ਕੂਕ ਕੂਕ ਕੇ ਆਖ ਰਿਹਾ। ਪਰ ਸਰਕਾਰ ਆਖ ਰਹੀ ਹੈ ਕਿ ਇਹ ਕਿਸਾਨਾਂ ਦੇ ਭਲੇ ਲਈ ਨੇ। ਕਿਸਾਨ ਕਹਿੰਦੇ ਹਨ ‘ਇਹੋ ਜਿਹਾ ਭਲੇ ਦੀ ਸਾਨੂੰ ਜ਼ਰੂਰਤ ਨਹੀਂ।’ ਪਰ ਸਰਕਾਰਾਂ ਨੇ ਦੋ ਕੁ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕਰੋੜਾਂ ਕਿਸਾਨਾਂ ਨੂੰ ਵਖ਼ਤ ਪਾਇਆ ਹੋਇਆ ਹੈ।
ਵਾਰ ਵਾਰ ਮੀਟਿੰਗਾਂ ਕਰਨ ’ਤੇ ਕੋਈ ਨਤੀਜਾ ਨਹੀਂ ਨਿਕਲ ਸਕਿਆ। ਕਿਉਂਕਿ ਇੱਥੇ ਤਾਂ ਗੱਲ ਈ ਉਲਟੀ ਹੋਈ ਪਈ ਹੈ। ਕਾਨੂੰਨਾਂ ਨੂੰ ਸਮਝ ਚੁੱਕੀ ਜਨਤਾ ਨੂੰ ਸਮਝਾਉਣ ਦੀਆਂ ਕੋਸ਼ਿਸ਼ਾਂ ਉਹ ਲੋਕ ਕਰ ਰਹੇ ਨੇ ਜਿਹਨਾਂ ਨੂੰ ਖੇਤੀ ਕਰਨ ਦਾ ਊੜਾ ਐੜਾ ਵੀ ਨਹੀਂ ਆਉਂਦਾ। ਵੈਸੇ ਇਹੋ ਜਿਹੀ ਬੇਵਕੂਫੀ ਭਰੀਆਂ ਗੱਲਾਂ ’ਤੇ ਚੰਗਾ ਭਲਾ ਬੰਦਾ ਸਿਰ ਪਿੱਟ ਲੈਂਦਾ ਹੈ। ਸ਼ਰਮ ਵੀ ਆਉਂਦੀ ਐ ਕਿ ਕਿਹੋ ਜਿਹੀਆਂ ਸਰਕਾਰਾਂ ਅਸੀਂ ਬਣਾ ਲੈਂਦੇ ਹਾਂ। ਅਸੀਂ ਤਾਂ ਆਪਣੀ ਜਾਣੇ ਪੜ੍ਹੇ ਲਿਖੇ ਸਿਆਣੇ ਚੁਣ ਕੇ ਭੇਜਦੇ ਹਾਂ। ਪਰ ਕਿਸੇ ਦੇ ਅੰਦਰ ਵੜ ਕੇ ਤਾਂ ਨਹੀਂ ਨਾ ਦੇਖਿਆ ਜਾ ਸਕਦਾ ਕਿ ਇਹਨਾਂ ਲੋਕਾਂ ਨੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਅੰਨ੍ਹੇ ਹੋ ਕੇ ਕਾਨੂੰਨ ਬਣਾ ਦੇਣੇ ਹਨ ਤੇ ਜਨਤਾ ਦੀ ਗੱਲ ਹੀ ਨਹੀਂ ਸੁਣਨੀ। ਜਿਹਨਾਂ ਨੂੰ ਅਸੀਂ ਆਪਣੀ ਗੱਲ ਕੇਂਦਰ ਸਰਕਾਰ ਤਕ ਪਹੁੰਚਾਉਣ ਲਈ ਚੁਣਿਆ ਸੀ, ਉਹ ਵੀ ਸਭ ਕੁਛ ਲੁਟਾ ਕੇ ਹੋਸ਼ ਵਿੱਚ ਆਉਣ ਵਾਲੇ ਸਿਆਣੇ ਲੋਕ ਨਿਕਲੇ, ਜਿਹਨਾਂ ਨੂੰ ਇਹ ਨਹੀਂ ਪਤਾ ਕਿ ਲੋਕਾਂ ਪ੍ਰਤੀ ਉਹਨਾਂ ਦੇ ਕੀ ਕੀ ਫਰਜ਼ ਬਣਦੇ ਨੇ। ਜੇ ਫਰਜ਼ ਨਿਭਾਉਣ ਦੀ ਇੱਛਾ ਹੋਵੇ, ਫਿਰ ਸੰਸਦ ਵਿੱਚ ਬੈਠੇ ਸੁੱਤੇ ਸੁੱਤੇ ਹਰ ਕਾਗਜ਼ ’ਤੇ ਦਸਤਖ਼ਤ ਕਰਨ ਤੋਂ ਪਹਿਲਾਂ ਉਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਨ। ਜੇ ਨਹੀਂ ਸਮਝ ਲਗਦੀ ਤਾਂ ਕਿਸੇ ਸਮਝਦਾਰ ਦੀ ਸਲਾਹ ਲੈ ਲੈਣ। ਖ਼ੈਰ ਹੁਣ ਅੱਗੇ ਤੋਂ ਸੁਮੱਤ ਆ ਜਾਵੇ, ਇਹ ਵੀ ਵੱਡੀ ਗੱਲ ਹੋਵੇਗੀ।
ਅੰਨਦਾਤਾ ਆਪਣੇ ਹੱਕਾਂ ਲਈ ਡਟਿਆ ਹੋਇਆ ਹੈ। ਸਰਕਾਰ ਨੇ ਭੁਲੇਖਾ ਪਾਲ ਰੱਖਿਆ ਸੀ ਕਿ ਹੰਭ ਹਾਰ ਕੇ ਇਹ ਲੋਕ ਆਪਣੇ ਘਰਾਂ ਨੂੰ ਪਰਤ ਜਾਣਗੇ। ਕਿਸਾਨਾਂ ਦਾ ਉਤਸ਼ਾਹ ਦਿਨੋ ਦਿਨ ਦੂਣ ਸਵਾਇਆ ਹੁੰਦਾ ਜਾ ਰਿਹਾ। ਜਿਉਂ ਜਿਉਂ ਲੋਕ ਜਾਗਰੂਕ ਹੋ ਰਹੇ ਨੇ, ਸੰਘਰਸ਼ ਵਿੱਚ ਸ਼ਮੂਲੀਅਤ ਵਧ ਰਹੀ ਹੈ। ਹੁਣ ਤਾਂ ਜਿਵੇਂ ਲੋਕਾਂ ਨੂੰ ਚਾਅ ਚੜ੍ਹਿਆ ਹੋਇਆ ਹੈ, ਸੰਘਰਸ਼ ਵਿੱਚ ਸ਼ਾਮਲ ਹੋਣ ਦਾ। ਇਸ ਸੰਘਰਸ਼ ਰੂਪੀ ਯੱਗ ਵਿੱਚ ਹਰ ਕੋਈ ਹਿੱਸਾ ਪਾਉਣਾ ਚਾਹੁੰਦਾ ਹੈ। ਕੋਈ ਸੰਘਰਸ਼ ਦਾ ਹਿੱਸਾ ਬਣ ਕੇ, ਕੋਈ ਲੰਗਰ ਲਗਾ ਕੇ, ਕੋਈ ਸੰਘਰਸ਼ ਵਿੱਚ ਸ਼ਾਮਲ ਟਰੈਕਟਰਾਂ ਵਿੱਚ ਮੁਫ਼ਤ ਤੇਲ ਪਾ ਕੇ, ਕੋਈ ਮੁਫ਼ਤ ਦਵਾਈਆਂ ਦੇ ਕੇ ... ਮੁੱਕਦੀ ਗੱਲ, ਉੱਥੇ ਜ਼ਰੂਰਤ ਦੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਜਾ ਰਹੀ। ਹੁਣ ਤਾਂ ਸਗੋਂ ਸੰਘਰਸ਼ੀ ਯੋਧੇ ਹੱਥ ਜੋੜ ਦਿੰਦੇ ਨੇ ਕਿ ਉਹਨਾਂ ਕੋਲ ਲੋੜ ਤੋਂ ਵੱਧ ਵਸਤਾਂ ਹਨ, ਹੋਰ ਨਹੀਂ ਚਾਹੀਦੀਆਂ।
ਪੂਰਨ ਸਿੰਘ ਦੇ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਵੀ ਮਖੌਲਾਂ ਕਰਨ ਵਾਲਿਆਂ ਦੇ ਦਰਸ਼ਨ ਹੋ ਰਹੇ ਹਨ। ਬੜੀ ਦੇਰ ਤੋਂ ਅੱਖਾਂ ਤਰਸੀਆਂ ਪਈਆਂ ਸਨ, ਇਸ ਤਰ੍ਹਾਂ ਦੇ ਪੰਜਾਬੀ ਦੇਖਣ ਲਈ। ਸਾਡੇ ਬਜ਼ੁਰਗ ਸੱਤਰ, ਅੱਸੀ, ਪਚਾਸੀ ਸਾਲਾ ... ਉਮਰਾਂ ਦੇ ਹਿਸਾਬ ਨਾਲ ਭਾਵੇਂ ਅਸੀਂ ਬਜ਼ੁਰਗ ਆਖ ਦੇਈਏ, ਪਰ ਉਹ ਜਵਾਨਾਂ ਵਾਲਾ ਜੋਸ਼ ਦਿਖਾ ਰਹੇ ਹਨ। ਕਿਤੇ ਕੋਈ ਸਰਬੰਸ ਦਾਨੀ ਦਸ਼ਮੇਸ਼ ਪਿਤਾ ਦੀ ਕੁਰਬਾਨੀ ਨੂੰ ਗਾਉਂਦੈ, ਕੋਈ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ, ਕੋਈ ਮਾਤਾ ਗੁਜਰੀ ਦਾ ਠੰਢਾ ਬੁਰਜ ਯਾਦ ਕਰਕੇ ਆਖ ਰਿਹਾ, “ਅਸੀਂ ਤਾਂ ਫਿਰ ਵੀ ਰਾਤ ਨੂੰ ਕੰਬਲ ਰਜਾਈਆਂ ਵਿੱਚ ਬੈਠਦੇ ਹਾਂ ... ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਨਾਲ ਠੰਢੇ ਬੁਰਜ ਵਿੱਚ ਕਿਵੇਂ ਰਹੇ ਹੋਣਗੇ?” ਸ਼ਹੀਦ ਭਗਤ ਸਿੰਘ, ਊਧਮ ਸਿੰਘ, ਸਰਾਭੇ ਹੁਰੀਂ ਅੱਜ ਖੁਦ ਵਿਚਰਦੇ ਮਹਿਸੂਸ ਹੁੰਦੇ ਨੇ। ਸਾਰਾ ਸੰਘਰਸ਼ ਸ਼ਾਂਤਮਈ ਚੱਲ ਰਿਹਾ ਹੈ। ਇਹ ਗੱਲ ਵੀ ਬੇਮਿਸਾਲ ਹੈ ਕਿ ਲੱਖਾਂ ਦਾ ਇਕੱਠ ਹੋਵੇ ਤੇ ਵਾਰ ਵਾਰ ਉਹਨਾਂ ਦੀਆਂ ਮੰਗਾਂ ਨੂੰ ਠੁਕਰਾਇਆ ਜਾਵੇ ਤੇ ਉਹ ਫਿਰ ਵੀ ਹੱਸ ਕੇ ਆਖ ਦੇਣ, ‘ਕੋਈ ਨਾ ਬੈਠੇ ਆਂ ਅਸੀਂ ਵੀ ... ਦੇਖਤੇ (ਦੇਖਨਾ) ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ...।” ਮਾਣ ਵੀ ਹੁੰਦਾ ਹੈ ਉਹਨਾਂ ਦਾ ਜਜ਼ਬਾ ਦੇਖ ਕੇ ... ਮਨ ਭਾਵੁਕ ਵੀ ਹੋ ਜਾਂਦਾ ਹੈ।
ਸਾਰੀ ਦੁਨੀਆਂ ਹੈਰਾਨ ਪ੍ਰੇਸ਼ਾਨ ਹੋ ਜਾਂਦੀ ਐ ਇਹੋ ਜਿਹਾ ਵਰਤਾਰਾ ਦੇਖ ਕੇ ...। ਜਨਤਾ ਨੇ ਰਾਜਭਾਗ ਦਿੱਤਾ ਤਖ਼ਤ ’ਤੇ ਬਿਠਾਇਆ। ਤਖ਼ਤ ’ਤੇ ਬੈਠਣ ਤੋਂ ਬਾਅਦ ਸਰਕਾਰ ਜਨਤਾ ਦੀ ਸੰਘੀ ਨੱਪਣ ਲੱਗੀ ਐ। ਕਮਾਲ ਐ, ਤਖ਼ਤ ਉੱਤੇ ਬਿਠਾਉਣ ਵਾਲੇ ਸਰਕਾਰ ਨੂੰ ਆਪਣੀ ਗੱਲ ਸੁਣਾਉਣ ਲਈ ਘਰਾਂ ਦੇ ਨਿੱਘ ਤਿਆਗ ਕੇ ਠੰਢੀਆਂ ਸੜਕਾਂ ’ਤੇ ਰਾਤਾਂ ਕੱਟਣ ਲਈ ਮਜਬੂਰ ਨੇ, ਸਰਕਾਰ ਅੰਨ੍ਹੀ ਤੇ ਬੋਲ਼ੀ ਹੋਈ ਹੈ, ਦੇਖਣ ਸੁਣਨ ਨੂੰ ਤਿਆਰ ਨਹੀਂ। ਸਗੋਂ ਬੂਹੇ ਬੈਠੇ ਕਿਸਾਨਾਂ ਨੂੰ ਛੱਡ ਰੌਸ਼ਨੀ ਸ਼ੋਅ ਦਾ ਆਨੰਦ ਮਾਣਿਆ ਜਾ ਰਿਹਾ ਸੀ। ਮਜ਼ੇ ਦੀ ਗੱਲ ਤਾਂ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਗਈਆਂ ਨੇ। ਪਰ ਇਹ ਨਹੀਂ ਸਮਝ ਆਈ ਕਿ ਵਧਾਈਆਂ ਕਿਸ ਨੂੰ ਦਿੱਤੀਆਂ ਜਾ ਰਹੀਆਂ ਸੀ, ਜਿਹਨਾਂ ਨਾਲ ਬਾਬਾ ਨਾਨਕ ਲੰਗਰ ਵਰਤਾ ਰਿਹਾ ਤੇ ਛਕ ਰਿਹਾ ਹੈ, ਉਹਨਾਂ ਦੀ ਤੁਸੀਂ ਗੱਲ ਹੀ ਨਹੀਂ ਸੁਣ ਰਹੇ। ਇਸ ਤਰ੍ਹਾਂ ਪਾਖੰਡੀ ਦਿਖਾਵਾ ਕਰਨ ਨਾਲ ਬਾਬਾ ਨਾਨਕ ਜੀ ਦੇ ਘਰ ਦੀਆਂ ਖੁਸ਼ੀਆਂ ਨਹੀਂ ਪ੍ਰਾਪਤ ਕੀਤੀਆਂ ਜਾ ਸਕਦੀਆਂ।
ਬਜ਼ੁਰਗ ਕਈ ਵਾਰ ਗੱਲ ਸੁਣਾਉਂਦੇ ਹੁੰਦੇ ਨੇ, ਜਦੋਂ ਸੰਗਰੂਰ ਜੀਂਦ ਰਿਆਸਤ ਦਾ ਹਿੱਸਾ ਸੀ, ਉਸ ਵੇਲੇ ਇੱਕ ਰਾਜਾ ਸੀ ਜਿਸ ਨੂੰ ਸੁਣਦਾ ਨਹੀਂ ਸੀ। ਪਰ ਉਸ ਨੇ ਲੋਕਾਂ ਨੂੰ ਕਹਿ ਰੱਖਿਆ ਸੀ ਕਿ ਆਪਣਾ ਦੁੱਖ ਤਕਲੀਫ ਲਿਖ ਕੇ ਦੇ ਦਿਓ। ਜੇ ਨਹੀਂ ਲਿਖਣਾ ਆਉਂਦਾ ਤਾਂ ਕਿਸੇ ਤੋਂ ਲਿਖਵਾ ਲਵੋ। ਕਿਹਾ ਜਾਂਦਾ ਹੈ ਕਿ ਜਦੋਂ ਰਾਜਾ ਮਹੱਲ ਤੋਂ ਬਾਹਰ ਨਿਕਲਦਾ, ਉਹ ਹਾਥੀ ’ਤੇ ਚੜ੍ਹਿਆ ਹੁੰਦਾ ਸੀ। ਲੋਕ ਹੱਥਾਂ ਵਿੱਚ ਫੜੇ ਕਾਗਜ਼ ਬਾਹਵਾਂ ਉੱਪਰ ਚੁੱਕ ਕੇ ਦਿਖਾ ਦਿੰਦੇ ਅਤੇ ਰਾਜਾ ਉਹਨਾਂ ਨੂੰ ਕੋਲ ਬੁਲਾ ਕੇ ਉਹਨਾਂ ਪਾਸੋਂ ਕਾਗਜ਼ ਫੜ ਲੈਂਦਾ ਤੇ ਉਹਨਾਂ ਦੀ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਂਦਾ। ਫਿਰ ਬਜ਼ੁਰਗ ਵੱਡਾ ਸਾਰਾ ਹਉਕਾ ਭਰ ਕੇ ਆਖਦੇ ਨੇ ਕਿ ਉਹੀ ਸਮਾਂ ਚੰਗਾ ਸੀ। ਰਾਤਾਂ ਨੂੰ ਭੇਸ ਬਦਲ ਕੇ ਰਾਜੇ ਜਨਤਾ ਦਾ ਦੁੱਖ ਸੁਣਦੇ ਸਨ। ਹੁਣ ਤਾਂ ਲੱਖਾਂ ਲੋਕਾਂ ਦੀ ਆਵਾਜ਼ ਠੀਕਠਾਕ ਕੰਨਾਂ ਵਾਲੇ ਰਾਜਿਆਂ ਨੂੰ ਨਹੀਂ ਸੁਣਦੀ।
ਰਹਿੰਦੀ ਖੂੰਹਦੀ ਕਸਰ ਮੀਡੀਆ ਵਾਲਿਆਂ ਪੂਰੀ ਕਰ ਦਿੱਤੀ, ‘ਅਖੇ ਕਿਸਾਨ ਤਾਂ ਆਪਣੇ ਖੇਤਾਂ ਵਿੱਚ ਖੇਤੀ ਸੰਭਾਲ ਰਹੇ ਨੇ ਇਹ ਤਾਂ ਅੱਤਵਾਦੀ ਨੇ।’ ਕੋਈ ਪੁੱਛੇ, ਭਲਿਓ ਮਾਣਸੋ, ਅੱਤਵਾਦੀ ਦਾ ਮਤਲਬ ਜਾਣਦੇ ਓ। ਇਹਨਾਂ ਤਾਂ ਕੋਈ ਅੱਤ ਨਹੀਂ ਚੁੱਕੀ। ਪਾਣੀ ਦੀਆਂ ਬੁਛਾੜਾਂ ਮਾਰਦੇ ਓਂ, ਇਹਨਾਂ ਇੱਕ ਉਡਾਰੀ ਮਾਰਕੇ ਤੁਹਾਡੇ ਪਾਣੀ ਵਾਲੇ ਪਾਈਪ ਬੰਦ ਕੀਤੇ ਨੇ, ਜਾਂ ਹਿੱਕਾਂ ਡਾਹ ਕੇ ਖੜ੍ਹੇ ਹੋ ਗਏ। ਹੋਰ ਕਿਸੇ ਨੂੰ ਤਾਂ ਕੁਝ ਨਹੀਂ ਨਾ ਆਖਿਆ। ਇਹ ਤਾਂ ਆਤਮ ਰੱਖਿਆ ਦੀ ਜਾਂ ਆਪਾ ਵਾਰਨ ਦੀ ਗੱਲ ਹੋਈ। ਆਪਣੇ ਆਪ ਨੂੰ ਬਚਾਉਣਾ ਤੇ ਆਪਾ ਵਾਰਨਾ ਤਾਂ ਕੋਈ ਅੱਤ ਚੁੱਕਣਾ ਨਹੀਂ ਅਖਵਾਉਂਦਾ। ਆਪਣੇ ਲੰਘਣ ਲਈ ਇਹ ਖੇਤਾਂ ਨੂੰ ਜਾਂਦੀਆਂ ਪਹੀਆਂ ਸਾਫ ਕਰਦੇ ਨੇ ਤੇ ਦਿੱਲੀ ਜਾਣ ਲੱਗਿਆਂ ਵੀ ਲੰਘਣ ਲਈ ਰਸਤਾ ਹੀ ਤਾਂ ਸਾਫ਼ ਕੀਤਾ ਹੈ। ਵੈਸੇ ਜਿੱਥੋਂ ਵੀ ਇਹ ਠਾਠਾਂ ਮਾਰਦਾ ਜੋਸ਼ ਲੰਘਿਆ, ਰਾਹ ਤਾਂ ਬਣ ਹੀ ਜਾਣੇ ਸਨ। ਜਵਾਨੀ ਦੇ ਜੋਸ਼ ਨੇ ਰਾਹਾਂ ਦੀਆਂ ਰੁਕਾਵਟਾਂ ਉਡਾ ਦਿੱਤੀਆਂ। ਬਜ਼ੁਰਗਾਂ ਦੇ ਹੋਸ਼ ਨੇ ਇਸ ਸੰਘਰਸ਼ ਨੂੰ ਸ਼ਾਂਤਮਈ ਰੱਖਣ ਦੀ ਬੇਮਿਸਾਲ ਉਦਾਹਰਣ ਪੇਸ਼ ਕੀਤੀ। ਗੋਦੀ ਮੀਡੀਆ ਵਾਲਿਆਂ ਨੂੰ ਚਾਹੀਦਾ ਹੈ ਕਿ ਜਦੋਂ ਸਵੇਰੇ ਸ਼ਾਮ ਖਾਣਾ ਖਾਂਦੇ ਨੇ, ਉਸ ਵੇਲੇ ਆਪਣੀ ਥਾਲੀ ਵਿੱਚ ਪਰੋਸੇ ਭੋਜਨ ’ਤੇ ਨਿਗਾਹ ਮਾਰ ਕੇ ਯਾਦ ਕਰਨ ਕਿ ਇਸ ਅੰਨ ਨੂੰ ਉਗਾਉਣ ਵਾਲਾ ਵੀ ਉਹੀ ਕਿਸਾਨ ਹੈ ਜਿਸ ਬਾਰੇ ਸੱਚ ਬੋਲਣ ਲੱਗਿਆਂ ਇਹਨਾਂ ਦੀ ਗੁਲਾਮ ਜ਼ੁਬਾਨ ਨੂੰ ਤਾਲੇ ਲੱਗ ਜਾਂਦੇ ਹਨ ਤੇ ਉਹ ਮਿਲਦੀਆਂ ਢੇਰ ਤਨਖਾਹਾਂ ਨੂੰ ਹਜ਼ਮ ਕਰਨ ਲਈ ਝੂਠ ’ਤੇ ਝੂਠ ਬੋਲਦੇ ਹਨ ਤੇ ਦੁਨੀਆਂ ਤੋਂ ਧਿਰਕਾਰਾਂ ਲੈਂਦੇ ਨੇ। ਖ਼ੈਰ ... ਕਦੀ ਜ਼ਮੀਰ ਜਾਗੀ ਤਾਂ ਸੱਚ ਜਾਨਣ ਦੀ ਕੋਸ਼ਿਸ਼ ਵੀ ਕਰ ਲੈਣਗੇ।
ਸੰਘਰਸ਼ ਵਿੱਚ ਹਰ ਵਰਗ ਦੀ ਸ਼ਮੂਲੀਅਤ ਹੈ। ਉਹਨਾਂ ਦਾ ਇਹ ਆਖਣਾ ਹੈ, “ਕਾਲੇ ਕਾਨੂੰਨ ਰੱਦ ਕਰੋ ਜਾਂ ਸਾਡੇ ਗੋਲੀ ਮਾਰ ਦਿਓ।” ਇਸ ਤੋਂ ਵੱਡਾ ਸਰਕਾਰ ਨੂੰ ਹੋਰ ਕੀ ਸਬੂਤ ਚਾਹੀਦਾ ਹੈ ਕਿ ਇਹ ਸਿਰਫ਼ ਕਿਸਾਨਾਂ ਲਈ ਹੀ ਨਹੀਂ, ਸਗੋਂ ਕਿਸਾਨੀ ਨਾਲ ਜੁੜੇ ਹਰ ਬੰਦੇ ਲਈ ਘਾਤਕ ਹਨ।
ਸਰਕਾਰ ਜੀ! ਕਿਸਾਨਾਂ ਨਾਲ ਖੁੱਲ੍ਹੀ ਚਰਚਾ ਕਰ ਲਵੋ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਮਨ ਕੀ ਬਾਤ’ ਸੁਣਾਉਂਦੇ ਨੇ। ਸਾਰੇ ਚੈਨਲਾਂ ’ਤੇ ਚਲਾ ਦਿਓ। ਆਪੇ ਦੁਨੀਆਂ ਦੇਖ ਸੁਣ ਲਵੇਗੀ ਕਿ ਕੌਣ ਸਹੀ ਤੇ ਕੌਣ ਗਲਤ ਹੈ? ਵੈਸੇ ਵੀ ਬਥੇਰੇ ਸਾਲ ਹੋ ਗਏ ਨੇ ਇੱਕ ਜਣਾ ਬੋਲਦਾ ਹੈ, ਸਾਰਾ ਦੇਸ਼ ਸੁਣਦਾ ਹੈ। ਹੁਣ ਕਿਸਾਨਾਂ ਦੇ ਰੂਪ ਵਿੱਚ ਦੇਸ਼ ਬੋਲ ਰਿਹਾ ਹੈ, ਉਹਨਾਂ ਦੇ ਮਨ ਕੀ ਬਾਤ ਵੀ ਸੁਣ ਲਵੋ। ਸਬਰ ਦਾ ਇਮਤਿਹਾਨ ਲੈਣਾ ਬੰਦ ਕਰੋ, ਛੇਤੀ ਤੋਂ ਛੇਤੀ ਹੱਲ ਕੱਢੋ। ਸਾਰੀ ਦੁਨੀਆਂ ਇਸ ਸੰਘਰਸ਼ ਦੀ ਹਾਮੀ ਭਰ ਰਹੀ ਹੈ। ਜਿਹੜੇ ਸੰਘਰਸ਼ ਵਿੱਚ ਨਹੀਂ ਪਹੁੰਚੇ, ਉਹ ਸੰਘਰਸ਼ ਦੀ ਕਾਮਯਾਬੀ ਲਈ ਘਰ ਬੈਠੇ ਅਰਦਾਸਾਂ ਦੁਆਵਾਂ ਕਰ ਰਹੇ ਹਨ।
ਸਿਆਣੇ ਕਹਿੰਦੇ ਹੁੰਦੇ ਨੇ ਕਿ ਗਲਤੀਆਂ ਵੱਡਿਆਂ ਵੱਡਿਆਂ ਤੋਂ ਹੋ ਜਾਂਦੀਆਂ ਹਨ। ਇਨਸਾਨ ਗਲਤੀਆਂ ਦਾ ਪੁਤਲਾ ਹੈ। ਜੇ ਗਲਤੀ ਹੋ ਗਈ ਤਾਂ ਮੰਨ ਲੈਣ ਵਿੱਚ ਕੋਈ ਹਰਜ਼ ਨਹੀਂ। ਗਲਤੀ ਸੁਧਾਰ ਲੈਣਾ ਸਿਆਣਪ ਦੀ ਨਿਸ਼ਾਨੀ ਹੁੰਦੀ ਹੈ। ਕਿਸਾਨ ਪੜ੍ਹੇ ਲਿਖੇ ਤੇ ਸਮਝਦਾਰ ਹਨ। ਬੇਵਕੂਫ ਸਮਝਣਾ ਬੰਦ ਕਰੋ। ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਆਪਣੀ ਹੈਂਕੜ ਤੇ ਫੋਕਾ ਘੁਮੰਡ ਤਿਆਗ ਕੇ ਕੋਈ ਹੱਲ ਕੱਢੋ, ਜਿਸ ਨਾਲ ਸਾਰੇ ਬੱਚੇ, ਵੀਰ, ਬਜ਼ੁਰਗ ਖੁਸ਼ੀ ਖੁਸ਼ੀ ਖਿੜੇ ਚਿਹਰੇ ਲੈ ਕੇ ਆਪੋ ਆਪਣੇ ਘਰੀਂ ਪਰਤ ਆਉਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2489)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)