AmritKShergill7ਪਿਉ ਬਥੇਰਾ ਸਮਝਾਉਂਦਾ“ਕੰਜਰੋ … ਜਿਹਨਾਂ ਪਿੱਛੇ ਤੁਸੀਂ ਲੜਦੇ ਓ, ਉਹ ਤਾਂ ਆਪੋ ਵਿੱਚ ਰਿਸ਼ਤੇਦਾਰ ਨੇ। ਇੱਕ ਦੂਜੇ ਨੂੰ ...
(24 ਅਪਰੈਲ 2024)
ਇਸ ਸਮੇਂ ਪਾਠਕ: 210.


ਪਿਛਲੀਆਂ ਚੋਣਾਂ ਵੇਲੇ ਦੀ ਗੱਲ ਹੈ
, ਇੱਕ ਨੌਜਵਾਨ ਦਾ ਪਿਆਰਾ ਨੇਤਾ ਕਿਸੇ ਦੂਜੀ ਪਾਰਟੀ ਵਿੱਚ ਚਲਿਆ ਗਿਆ। ਉਹ ਵਿਚਾਰਾ ਮਰਨਹਾਕਾ ਹੋ ਗਿਆ। ਉਸ ਨੂੰ ਸਾਰੇ ਪਾਸੇ ਧੂੜ ਜਿਹੀ ਉਡਦੀ ਜਾਪਣ ਲੱਗੀ ਜਿਹੜੀ ਉਸਦਾ ਮੂੰਹ ਸਿਰ ਅੱਟ ਰਹੀ ਹੋਵੇ। ਉਹ ਕਈ ਦਿਨ ਘਰੋਂ ਬਾਹਰ ਨਾ ਨਿਕਲਿਆ, ਕਿਤੇ ਕੋਈ ਨੇਤਾ ਦੇ ਟਪੂਸੀ ਮਾਰਨ ਨੂੰ ਲੈ ਕੇ ਉਸ ਨੂੰ ਸ਼ਰਮਿੰਦਾ ਨਾ ਕਰ ਦੇਵੇ। ਪਰ ਅੱਜ ਕੱਲ੍ਹ ਕਿਸੇ ਨੂੰ ਕੁਝ ਕਹਿਣ ਜਾਂ ਕਹਾਉਣ ਲਈ ਘਰੋਂ ਬਾਹਰ ਨਿਕਲਣਾ ਜ਼ਰੂਰੀ ਨਹੀਂ, ਬੱਸ ਇੱਕ ਮੋਬਾਇਲ ਫੋਨ ਹੋਣਾ ਚਾਹੀਦਾ ਹੈ ਜੋ ਤਕਰੀਬਨ ਸਭ ਕੋਲ ਹੁੰਦਾ ਹੀ ਹੈ। ਉਸ ਨੂੰ ਨੇਤਾ ਜੀ ਦੇ ਹੱਕ ਵਿੱਚ ਪਾਏ ਸਟੇਟਸ ਸੌਣ ਨਾ ਦਿੰਦੇ। ਕਦੇ ਉਹ ਆਪਣੇ ਨੇਤਾ ਦੀ ਕਿਸੇ ਮਹਾਨ ਵਿਅਕਤੀ ਨਾਲ ਤੁਲਨਾ ਕਰਦਾ ਸੀ, ਕਦੇ ਕਿਸੇ ਨਾਲ। ਕਦੇ ਉਹ ਉਸਦੀ ਜਾਗਦੀ ਜ਼ਮੀਰ ਬਾਰੇ ਸ਼ੇਅਰ ਲਿਖਦਾ। ਕਦੇ ਉਸ ਦੇ ਗਿੱਟਿਆਂ ਵਿੱਚ ਦਮ ਆਖਦਾ, ਕਦੇ ਉਹ ਆਖਦਾ ਉਹ ਸਭ ਦੀ ਸਲਾਹ ਲੈ ਕੇ ਚੱਲਦਾ ਹੈ। ਜਦੋਂ ਕੋਈ ਉਸ ਦੇ ਪਿਆਰੇ ਨੇਤਾ ਦੇ ਪਾਰਟੀ ਬਦਲਣ ਦੀ ਗੱਲ ਕਰਦਾ, ਉਹ ਉਸ ਦੇ ਗਲ਼ ਪੈਣ ਨੂੰ ਤਿਆਰ ਹੋ ਜਾਂਦਾ। ਪਰ ਜਦੋਂ ਸੱਚੀਂ ਨੇਤਾ ਨੇ ਪਾਰਟੀ ਬਦ ਲਈ ਤਾਂ ਉਸ ਦੇ ਪਾਏ ਸਟੇਟਸ ਉਸ ਦੇ ਸਾਹਮਣੇ ਆ ਕੇ ਉਸ ਦਾ ਮੂੰਹ ਚਿੜਾਉਣ ਲੱਗੇ। ਦੋਸਤ-ਮਿੱਤਰ ਵੀ ਮਖ਼ੌਲ ਕਰਦੇ, “ਬਾਈ ਜੇ ਤੇਰੇ ਨੇਤੇ ਦਾ ਗਿੱਟਿਆਂ ਵਾਲਾ ਦਮ ਘਟ ਗਿਆ ਸੀ ਤਾਂ ਕੋਈ ਤਾਕਤ ਦੀ ਦਵਾਈ ਦੇ ਦੇਣੀ ਸੀ।” ਕੋਈ ਆਖਦਾ, “ਨਿੰਦਰਾ! ਤੈਥੋਂ ਸਲਾਹ ਲਈ ਹੋਣੀ ਐ ਉਹਨੇ, ਉਹ ਤਾਂ ਸਭ ਦੀ ਸਲਾਹ ਲੈਂਦਾ ਸੀ।” ਕੋਈ ਸਿਰਫ਼ ਐਨਾ ਹੀ ਆਖ ਕੇ ਛੇੜਦਾ, “ਟੁੱਟ ਗਈ ਤੜੱਕ ਕਰਕੇ …।” ਕੋਈ ਆਖਦਾ, “ਮੇਰੇ ਆਰ ਉਹਦੀ ਜ਼ਮੀਰ ਕਿਤੇ ਗੂੜ੍ਹੀ ਨੀਂਦੇ ਸੌਂ ਤਾਂ ਨਹੀਂ ਗਈ?”

ਸਾਰੇ ਆਪੋ ਆਪਣੀ ਅਕਲ ਦੇ ਹਿਸਾਬ ਨਾਲ ਨਿੰਦਰ ਨੂੰ ਮਖ਼ੌਲ ਕਰਦੇ। ਨਿੰਦਰ ਨੂੰ ਨੇਤਾ ਜੀ ’ਤੇ ਗੁੱਸਾ ਆਉਂਦਾ। ਨਿੰਦਰ ਨੇ ਨੇਤਾ ਜੀ ਨਾਲ ਫੋਨ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਹੋ ਨਾ ਸਕੀ।

ਸ਼ਾਇਦ ਕਦੇ ਵੋਟਾਂ ਮੰਗਣ ਆਏ ਨੇਤਾ ਜੀ ਨੇ ਭੁੱਲ-ਭੁਲੇਖੇ ਉਸ ਦੇ ਮੋਢੇ ’ਤੇ ਹੱਥ ਰੱਖ ਕੇ ਆਖ ਦਿੱਤਾ ਹੋਵੇ, “ਤੇਰੇ ਵਰਗੇ ਨੌਜਵਾਨਾਂ ਦੀ ਸਾਨੂੰ ਬਹੁਤ ਲੋੜ ਹੈ।” ਨਿੰਦਰ ਵਿਚਾਰਾ ਬਾਹਲ਼ਾ ਹੀ ਮਨ ’ਤੇ ਲਾ ਗਿਆ ਕਿ ਨੇਤਾ ਜੀ ਉਸ ਨੂੰ ਬੜਾ ਮੋਹ ਕਰਦੇ ਹਨ। ਉਸ ਅੰਦਰ ਪ੍ਰੋ. ਪੂਰਨ ਸਿੰਘ ਵਾਲਾ ਪੰਜਾਬੀ ਨੌਜਵਾਨ ਜਾਗ ਪਿਆ … ‘ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋਹ ਆਪਣੀ ਵਾਰ ਦਿੰਦੇ।’ ਜਿਹੜਾ ਵੀ ਉਸ ਦੇ ਪਿਆਰੇ ਨੇਤਾ ਜੀ ਨੂੰ ਕੁਝ ਆਖਦਾ, ਨਿੰਦਰ ਉਸ ਨਾਲ ਲੜਨ ਨੂੰ ਤਿਆਰ ਹੋ ਜਾਂਦਾ। ਇੱਥੋਂ ਤਕ ਕਿ ਆਪਣੇ ਸਕੇ ਭਰਾ ਨਾਲ ਵੀ ਲੜ ਪੈਂਦਾ। ਪਿਉ ਬਥੇਰਾ ਸਮਝਾਉਂਦਾ, “ਕੰਜਰੋ … ਜਿਹਨਾਂ ਪਿੱਛੇ ਤੁਸੀਂ ਲੜਦੇ ਓ, ਉਹ ਤਾਂ ਆਪੋ ਵਿੱਚ ਰਿਸ਼ਤੇਦਾਰ ਨੇ। ਇੱਕ ਦੂਜੇ ਨੂੰ ਮਿਲਣ ਵੇਲੇ ਜੱਫੀਆਂ ਪਾਉਂਦੇ ਨੇ, ਤੁਸੀਂ ਸਕੇ ਭਾਈ ਹੋ ਕੇ ਲੜਦੇ ਓ।” ਪਰ ਮੱਛੀ ਤਾਂ ਪੱਥਰ ਚੱਟ ਕੇ ਮੁੜਦੀ ਹੈਇਸ ਲਈ ਸ਼ੁਰੂ ਸ਼ੁਰੂ ਵਿੱਚ ਤਾਂ ਉਸਨੇ ਕਿਸੇ ਦੀ ਨਾ ਸੁਣੀ ਪਰ ਕੁਝ ਸਮੇਂ ਬਾਅਦ ਨੇਤਾ ਦੇ ਮੋਹ ਦੇ ਡੰਗੇ ਭੋਲੇ-ਭਾਲੇ ਨਿੰਦਰ ਨੂੰ ਹੌਲੀ ਹੌਲੀ ਸਭ ਸਮਝ ਆਉਣ ਲੱਗ ਪਿਆ ਕਿ ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ ਹੁੰਦੇ ਹਨਇਹ ਨੇਤਾ ਲੋਕ ਕਹਿੰਦੇ ਕੁਝ ਹਨ, ਕਮਾਉਂਦੇ ਕੁਝ ਹੋਰ ਹਨ...

ਐਤਕੀਂ ਤਾਂ ਨੇਤਾਵਾਂ ਨੇ ਪਲਟੀਆਂ ਮਾਰ ਮਾਰ ਸੱਚੀਂ ਧੂੜਾਂ ਪੱਟੀਆਂ ਪਈਆਂ ਨੇ। ਇੱਥੇ ਇਕੱਲੇ ਨਿੰਦਰ ਦੀ ਗੱਲ ਨਹੀਂ ਹੈ, ਅਨੇਕਾਂ ਨੌਜਵਾਨਾਂ ਦੀ ਹੈ ਜਿਹੜੇ ਨੇਤਾਵਾਂ ਦੇ ਮਾੜਾ ਜਿਹਾ ਨਕਲੀ ਮੋਹ ਦਿਖਾਉਣ ਨਾਲ ਹੀ ਉਹਨਾਂ ਲਈ ਉਹ ਕੁਝ ਕਰ ਗੁਜ਼ਰਦੇ ਹਨ, ਜਿਹੜਾ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਰੋਲ਼ ਕੇ ਰੱਖ ਦਿੰਦਾ ਹੈ। ਮੁੜ ਕੇ ਨਾ ਕਿਸੇ ਨੇਤਾ ਨੇ ਬਾਂਹ ਫੜਨੀ ਹੁੰਦੀ ਹੈ ਨਾ ਕਿਸੇ ਰਿਸ਼ਤੇਦਾਰ ਨੇ ਕਿਉਂਕਿ ਆਪਣੇ ਆਪ ਮੁਸੀਬਤ ਸਹੇੜਨ ਵਾਲਿਆਂ ਤੋਂ ਸਾਰੇ ਕਿਨਾਰਾ ਕਰਨ ਲੱਗ ਪੈਂਦੇ ਹਨ।

ਚੋਣਾਂ ਵੇਲੇ ਆਪਣੇ ਨੇਤਾਵਾਂ ਦੀ ਢਾਲ ਬਣ ਕੇ ਆਪਣੇ ਪਿੰਡੇ ’ਤੇ ਜਰਨ ਵਾਲਿਆਂ ਨੂੰ ਮਗਰੋਂ ਕੋਈ ਨਹੀਂ ਪੁੱਛਦਾ। ਇਹਨਾਂ ਦੀ ਨਿਗ੍ਹਾ ਵਿੱਚ ਆਮ ਲੋਕ ਸਿਰਫ਼ ਇੱਕ ‘ਵੋਟਾਂ’ ਹੁੰਦੇ ਹਨ, ਜਿਹੜੇ ਚੋਣਾਂ ਤੋਂ ਪਹਿਲਾਂ ਕੀਮਤੀ ਅਤੇ ਚੋਣਾਂ ਤੋਂ ਬਾਅਦ ਨੇਤਾਵਾਂ ਨੂੰ ਕੀਮਤੀ ਬਣਾ ਕੇ ਆਪ ਠੁੱਸ ਹੋ ਜਾਂਦੇ ਹਨ, ਉਹਨਾਂ ਦੇ ਦਰਾਂ ’ਤੇ ਗੇੜੇ ਮਾਰਨ ਜੋਗੇ। ਆਪਣੇ ਹੱਥੀਂ ਦਿੱਤੀ ਤਾਕਤ ਨਾਲ ਤਾਕਤਵਰ ਬਣਨ ਵਾਲੇ ਜੇਕਰ ਆਪਣੇ ਫਰਜ਼ਾਂ ਤੋਂ ਮੂੰਹ ਮੋੜ ਕੇ ਆਪਣੀਆਂ ਜਾਇਦਾਦਾਂ ਅਤੇ ਬੈਂਕ ਖ਼ਾਤੇ ਮਜ਼ਬੂਤ ਕਰਨ ਲੱਗ ਜਾਣ ਤਾਂ ਵੀ ਉਹਨਾਂ ਖਿਲਾਫ਼ ਆਵਾਜ਼ ਚੁੱਕਣ ਲੱਗਿਆਂ ਡਰਦੇ ਰਹਿਣ ਵਾਲੇ।

ਮਤਲਬ ਵੇਲੇ ਸਾਰੇ ਨੇਤਾਵਾਂ ਦਾ ਵੋਟਰਾਂ ਨਾਲ ਕੋਈ ਨਾ ਕੋਈ ਰਿਸ਼ਤਾ ਹੁੰਦਾ ਹੈ, ਇੱਥੋਂ ਤਕ ਕਿ ਕਿਰਤੀ ਕਿਸਾਨ ਮਜ਼ਦੂਰ ਨਾਲ ਵੀ। ਹੱਥ ਮਿਲਾਉਂਦੇ ਵੀ ਹਨ, ਜੋੜਦੇ ਵੀ ਹਨ, ਜੱਫੀਆਂ ਵੀ ਪਾਉਂਦੇ ਹਨ। ਪਰ ਜੇ ਐਨਾ ਪਿਆਰ ਜਿੱਤਣ ਤੋਂ ਬਾਅਦ ਵੀ ਬਣਿਆ ਰਹੇ ਤਾਂ ਗੱਲ ਬਣੇ। ਜਿਹੜੇ ਨੇਤਾ ਜਿੱਤਣ ਤੋਂ ਬਾਅਦ ਵੀ ਆਪਣੇ ਫਰਜ਼ ਇਮਾਨਦਾਰੀ ਨਾਲ ਨਿਭਾਉਣ, ਜਨਤਾ ਨੂੰ ਅਜਿਹੇ ਨੇਤਾਵਾਂ ਦੀ ਜ਼ਰੂਰਤ ਹੈ।

ਖ਼ੈਰ ਜਿੱਤਣ ਤੋਂ ਬਾਅਦ ਇੱਕ ‘ਧੰਨਵਾਦੀ ਦੌਰਾ’ ਜ਼ਰੂਰ ਹੁੰਦਾ ਹੈ। ਇਸਦਾ ਵੀ ਕਈ ਨੇਤਾਵਾਂ ਸਿਰ ਬੜਾ ਭਾਰ ਹੁੰਦਾ ਹੈ। ਇਸ ਤੋਂ ਬਾਅਦ ਉਹ ਆਪਣੇ ਆਪ ਨੂੰ ਸੁਰਖ਼ਰੂ ਸਮਝਦੇ ਹਨ। ਇਸ ਦੌਰੇ ਵੇਲੇ ਕਈ ਭੋਲੇ-ਭਾਲੇ, ਜਿਹਨਾਂ ਨਾਲ ਵੋਟਾਂ ਪੈਣ ਤੋਂ ਪਹਿਲਾਂ ਨੇਤਾ ਨਾਲ ਹੱਥ ਮਿਲਾਏ ਹੁੰਦੇ ਹਨ, ਉਹ ਧੋਤੇ ਲੀੜੇ ਪਾ ਕੇ ਅੱਖਾਂ ਵਿੱਚ ਅਨੇਕਾਂ ਸੁਪਨੇ ਲੈ ਕੇ ਆਪਣੇ ਕਿਸੇ ਪੜ੍ਹੇ ਲਿਖੇ ਬੇਰੁਜ਼ਗਾਰ ਪੁੱਤ, ਭਾਈ, ਭਤੀਜੇ ਨੂੰ ਨਾਲ ਲਈ ਘੰਟਿਆਂ ਬੱਧੀ ਨੇਤਾ ਜੀ ਨੂੰ ਉਡੀਕਦੇ ਹਨ। ਪਰ ਜਿਹੜੇ ਨੇਤਾ ਜੀ ਉਹਨਾਂ ਨੂੰ ਜਮਾਂ ਆਪਣੇ ਸਕੇ ਲਗਦੇ ਸਨ, ਜਿੱਤਣ ਤੋਂ ਬਾਅਦ ਉਹਨਾਂ ਦੀ ਕੀਮਤੀ ਵੋਟ ਨਾਲ ਜਿੱਥੇ ਨੇਤਾ ਬੇਸ਼ਕੀਮਤੀ ਹੋ ਕੇ ਬਹੁਤ ਦੂਰ ਦੇ ਇਨਸਾਨ ਲੱਗਣ ਲੱਗ ਪੈਂਦੇ ਹਨ, ਉਹਨਾਂ ਦੀ ਪਹੁੰਚ ਤੋਂ ਵੀ ਪਰੇ ਹੋ ਜਾਂਦੇ ਹਨ। ਉਹਨਾਂ ਨੂੰ ਤਾਂ ਸਿਰਫ਼ ਗੱਡੀਆਂ ਦੀ ਉਡਦੀ ਧੂੜ ਦਿਸਦੀ ਹੈ, ਕਿਤੇ ਨੇਤਾ ਨਜ਼ਰ ਨਹੀਂ ਆਉਂਦਾ।

ਅਗਲਿਆਂ ਕੋਲ ਵੀ ਸੌ ਬਹਾਨੇ ਹੁੰਦੇ ਹਨ ਕਿ ਜੇ ਉਹ ਇਕੱਲੇ-ਇਕੱਲੇ ਨੂੰ ਮਿਲਣ ਲੱਗ ਜਾਣ ਤਾਂ ਫਿਰ ਉਹ ਆਪਣੇ ਕੰਮ ਕਿਹੜੇ ਵੇਲੇ ਕਰਨਗੇ। ਪਰ ਜਨਤਾ ਕੋਲ ਇਸ ਵਿੱਚੋਂ ਇੱਕ ਸਵਾਲ ਉਪਜਦਾ ਹੈ। ਵੋਟਾਂ ਤੋਂ ਪਹਿਲਾਂ ਥੋੜ੍ਹੇ ਜਿਹੇ ਦਿਨਾਂ ਵਿੱਚ ਲੋਕਾਂ ਦੇ ਘਰੀਂ ਜਾਣ ਦਾ ਸਮਾਂ ਕਿਵੇਂ ਮਿਲ ਜਾਂਦਾ ਹੈ? ਜਿੰਨੀ ਸ਼ਿੱਦਤ ਨਾਲ ਵੋਟਾਂ ਲੈਣ ਵੇਲੇ ਤੂਫ਼ਾਨੀ ਤਰੀਕੇ ਨਾਲ ਵੋਟਾਂ ਮੰਗੀਆਂ ਜਾਂਦੀਆਂ ਹਨ, ਉਸ ਤੋਂ ਅੱਧੀ ਊਰਜਾ ਖ਼ਰਚ ਕੇ ਵੀ ਜਨਤਾ ਦੇ ਕੰਮ ਕੀਤੇ ਜਾਣ ਤਾਂ ਬਹੁਤ ਕੁਝ ਸੰਵਰ ਸਕਦਾ ਹੈ। ਜੇ ਸਹੀ ਅਰਥਾਂ ਵਿੱਚ ਸੋਚਿਆ ਸਮਝਿਆ ਜਾਵੇ ਤਾਂ ਸਿਆਸਤਦਾਨ ਭਾਵੇਂ ਜਿੱਤੇ ਹੋਣ ਜਾਂ ਹਾਰੇ, ਜਨਤਾ ਦੇ ਕੀਮਤੀ ਵੋਟ ਦੇ ਕਰਜ਼ਾਈ ਹੁੰਦੇ ਹਨ। ਇਹ ਕਰਜ਼ ਉਤਾਰਨ ਲਈ ਉਹਨਾਂ ਨੂੰ ਜਨਤਾ ਦੀ ਭਲਾਈ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4912)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author