“ਜਿਹੜੀ ਗੱਲ ਤੋਂ ਮੈਂ ਡਰਦੀ ਸੀ ਉਹੀ ਹੋ ਗੀ, ਹੁਣ ਸੰਭਾਲੋ ...”
(6 ਜੁਲਾਈ 2020)
ਅੱਜ ਜਦੋਂ ਦੀ ਬੇਬੇ ਸਰਕਾਰੀ ਹਸਪਤਾਲ ਵਿੱਚ ਆਪਣੀਆਂ ਰਿਪੋਰਟਾਂ ਦਿਖਾ ਕੇ ਆਈ ਸੀ, ਉਦੋਂ ਦੀ ਹੀ ਮੰਜੇ ’ਤੇ ਪਈ ਸੀ। ਦਰਅਸਲ ਬੇਬੇ ਨੇ ਸੋਚਿਆ ਕਿ ਜੇ ਕਿਸੇ ਪ੍ਰਾਈਵੇਟ ਡਾਕਟਰ ਕੋਲ ਗਈ ਤਾਂ ਉਸ ਨੇ ਰਿਪੋਰਟਾਂ ਦੇਖਣ ਦਾ ਹੀ ਢਾਈ ਤਿੰਨ ਸੌ ਰੁਪਇਆ ਲੈ ਲੈਣਾ। ਇਸ ਕਰਕੇ ਉਹ ਸਰਕਾਰੀ ਹਸਪਤਾਲ ਵਿੱਚ ਚਲੀ ਗਈ। ਪਤਾ ਨਹੀਂ ਇਹੋ ਜਿਹਾ ਕੀ ਹੋਇਆ ਕਿ ਬੇਬੇ ਦਾ ਚਿਹਰਾ ਬੇਜਾਨ ਲੱਗ ਰਿਹਾ ਸੀ।
“ਅੱਜ ਤੁਸੀਂ ਬੀ ਜੀ ਕੋਲ ਜ਼ਰੂਰ ਬੈਠਿਓ ਘੰਟਾ ਕੁ।” ਮੇਰੀ ਪਤਨੀ ਕਮਲ ਨੇ ਕਿਹਾ।
“ਕਿਉਂ ... ਕੀ ਹੋ ਗਿਆ?” ਮੈਂ ਪੁੱਛਿਆ।
“ਮੈਂਨੂੰ ਲਗਦਾ ਹੈ ਉਹਨਾਂ ਦੇ ਅੰਦਰ ਕੋਈ ਗੱਲ ਹੈ, ਜਿਸ ਕਰਕੇ ਉਹ ਉਦਾਸ ਨੇ।”
“ਤੂੰ ਨੀਂ ਪੁੱਛ ਸਕਦੀ ... ਤੇਰੀ ਵੀ ਜ਼ਿੰਮੇਵਾਰੀ ਬਣਦੀ ਐ ਕੋਈ।” ਮੈਂ ਕਮਲ ਨੂੰ ਖਿਝ ਕੇ ਪਿਆ।
“ਮੇਰੀ ਗੱਲ ਕੁਛ ਹੋਰ ਐ। ... ਹੋ ਸਕਦਾ ਹੈ ਮੇਰੀ ਕੋਈ ਗੱਲ ਬੁਰੀ ਲੱਗੀ ਹੋਵੇ ... ਉਹ ਮੇਰੀ ਸ਼ਿਕਾਇਤ ਮੇਰੇ ਕੋਲ ਥੋੜ੍ਹਾ ਲਾਉਣਗੇ?“ ਕਹਿ ਕੇ ਮੁਸਕਰਾ ਪਈ।
“ਚੱਲ ਠੀਕ ਐ, ਪਹਿਲਾਂ ਦਸ ਪੰਦਰਾਂ ਮਿੰਟ ਸੈਰ ਕਰਕੇ ਆਉਨੇ ਆਂ, ਫਿਰ ਨ੍ਹੇਰਾ ਹੋ ਜੂ।”
“ਸੈਰ ਨੂੰ ਰਹਿਣ ਦਿੰਨੇ ਆਂ।”
“ਤੂੰ ਆ ਜਾ ਚੁੱਪ ਕਰਕੇ ... ਸਾਰਾ ਦਿਨ ਬਹਿ ਕੇ ਲੱਤਾਂ ਜੁੜ ਜਾਂਦੀਆਂ ਨੇ।” ਮੈਂ ਕਿਹਾ।
“ਬੀ ਜੀ ਅਸੀਂ ਦਸ ਕੁ ਮਿੰਟ ਘੁੰਮ ਕੇ ਆਉਨੇ ਆਂ।” ਕਮਲ ਨੇ ਬੇਬੇ ਦੇ ਕਮਰੇ ਅੱਗੇ ਖਲੋ ਕੇ ਕਿਹਾ।
ਮੇਰੀ ਤੇ ਕਮਲ ਦੀ ਕੋਸ਼ਿਸ਼ ਹੁੰਦੀ ਸੀ ਕਿ ਸ਼ਾਮ ਨੂੰ ਪੰਦਰਾਂ ਵੀਹ ਮਿੰਟ ਦੀ ਸੈਰ ਜ਼ਰੂਰ ਕਰੀਏ। ਉਹ ਵੀ ਸੈਰ ਤੇ ਜਾਣ ਤੋਂ ਪਹਿਲਾਂ ਸਬਜ਼ੀ ਬਣਾ ਕੇ ਅਤੇ ਆਟਾ ਗੁੰਨ੍ਹ ਕੇ ਰੱਖ ਦਿੰਦੀ ਤਾਂ ਕਿ ਬੇਬੇ ਦੀ ਰੋਟੀ ਨੂੰ ਕੁਵੇਲਾ ਨਾ ਹੋ ਜਾਵੇ। ਬੇਬੇ ਨੂੰ ਥਾਈਰਾਇਡ ਦੀ ਸਮੱਸਿਆ ਸੀ ਚਾਰ ਕੁ ਮਹੀਨੇ ਬਾਅਦ ਟੀ. ਐੱਸ. ਐੱਚ ਟੈਸਟ ਕਰਵਾਉਂਦੇ, ਘਟੇ ਵਧੇ ਦੇ ਹਿਸਾਬ ਨਾਲ ਗੋਲੀ ਡਾਕਟਰ ਨੂੰ ਰਿਪੋਰਟ ਦਿਖਾ ਕੇ ਲਵਾ ਲੈਂਦੇ।
“ਜੇ ਬੀਜੀ ਗੁੱਸੇ ਹੋਗੇ ਫੇਰ ਉਨ੍ਹਾਂ ਨੂੰ ਮਨਾਉਣਾ ਔਖਾ ਹੋ ਜੂ, ਮਿੰਨਤਾਂ ਕਰਨ ਤੇ ਵੀ, ਨਾ ਉਨ੍ਹਾਂ ਨੇ ਰੋਟੀ ਖਾਣੀ ਐ, ਨਾ ਆਪਣੇ ਤੋਂ ਖਾਧੀ ਜਾਣੀ ਐ।” ਕਮਲ ਨੇ ਚਿੰਤਾ ਪ੍ਰਗਟਾਈ। ਅਸੀਂ ਪੰਜ-ਸੱਤ ਮਿੰਟ ਵਿੱਚ ਹੀ ਵਾਪਸ ਆ ਗਏ।
“ਹੁਣ ਬੁੜ੍ਹਿਆਂ ਨੂੰ ਕੌਣ ਸਿਆਣਦੈ ... ਰੱਬ ਚੱਕ ਲਏ ਐਦੂੰ ਤਾਂ ...।” ਬੇਬੇ ਸਾਨੂੰ ਸੁਣਾ ਕੇ ਉੱਚੀ-ਉੱਚੀ ਬੋਲ ਰਹੀ ਸੀ ਤੇ ਫਿਰ ਰੋਣ ਲੱਗ ਪਈ।
“ਜਿਹੜੀ ਗੱਲ ਤੋਂ ਮੈਂ ਡਰਦੀ ਸੀ ਉਹੀ ਹੋ ਗੀ, ਹੁਣ ਸੰਭਾਲੋ ਜਾ ਕੇ।” ਕਮਲ ਧੀਮੀ ਆਵਾਜ਼ ਵਿੱਚ ਬੋਲੀ। ਮੈਂਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਕਰਾਂ। ਕਮਲ ਨੇ ਮੇਰੇ ਵੱਲ ਅੱਖਾਂ ਕੱਢੀਆਂ ਤੇ ਸ਼ਾਇਦ ਬੁੱਲ੍ਹਾਂ ਅੰਦਰ ਦੰਦ ਵੀ ਕਰੀਚੇ। ਇਹੋ ਜਿਹੇ ਮੌਕੇ ਮੈਂ ਟਾਲਾ ਵੱਟਣ ਦੀ ਕੋਸ਼ਿਸ਼ ਹੀ ਕਰਦਾ ਸੀ। ਮੇਰੇ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਐ ਸ਼ਾਇਦ ਇਹ। ਉਹ ਬੇਬੇ ਕੋਲ ਚਲੀ ਗਈ, ਮਗਰ ਹੀ ਮੈਂ ਚਲਿਆ ਗਿਆ।
“ਬੀਜੀ ਕੀ ਹੋ ਗਿਆ?” ਕਮਲ ਨੇ ਪੁੱਛਿਆ।
“ਐਂ ਕਰਦੀ ਐ ਜਿਮੇਂ ਕੁਸ ਪਤਾ ਈ ਨਾ ਹੋਵੇ। ਆਉਣ ਸਾਰ ਮੈਂ ਤੈਨੂੰ ਰਪੋਟਾਂ ਦਿਖਾਈਆਂ ਮੈਂਨੂੰ ਕਹਿੰਦੀ ਰਪੋਟ ਤਾਂ ਪਹਿਲਾਂ ਨਾਲੋਂ ਠੀਕ ਐ ... ਡਾਕਟਰ ਰਪੋਟ ਦੇਖਣ ਸਾਰ ਮੈਂਨੂੰ ਕਹਿੰਦਾ - ਮਾਈ ਬਿਮਾਰੀ ਬੜੀ ਵਧਾ ਰੱਖੀ ਐ। ... ਮੈਂਨੂੰ ਤਾਂ ਕਿਸੇ ਚੱਜ ਦੇ ਡਾਕਟਰ ਤੋਂ ਦਵਾਈ ਦਿਵਾ ਦਿਓ ...।” ਬੇਬੇ ਰੋਣੀ ਆਵਾਜ਼ ਵਿੱਚ ਕਹਿ ਰਹੀ ਸੀ। ਕਮਲ ਨੇ ਚਾਰ ਮਹੀਨੇ ਪਹਿਲਾਂ ਵਾਲੀ ਰਿਪੋਰਟ ਅਤੇ ਹੁਣ ਵਾਲੀ ਰਿਪੋਰਟ ਮੇਰੇ ਹੱਥ ਫੜਾ ਦਿੱਤੀਆਂ। ਪਹਿਲੀ ਰਿਪੋਰਟ ਤੋਂ ਹੁਣ ਵਾਲੀ ਵਿੱਚ ਬਿਮਾਰੀ ਘਟੀ ਹੋਈ ਸੀ।
“ਰਿਪੋਰਟ ਤਾਂ ਠੀਕ ਐ।” ਮੈਂ ਕਿਹਾ। ਬੇਬੇ ਮੰਨਣ ਨੂੰ ਤਿਆਰ ਨਹੀਂ ਸੀ। ਮੈਂ ਬੇਬੇ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਬੇਬੇ ਵਾਰ ਵਾਰ ਡਾਕਟਰ ਦੀ ਗੱਲ ਨੂੰ ਦੁਹਰਾ ਰਹੀ ਸੀ। ਮੈਂ ਰਿਪੋਰਟ ਬੇਬੇ ਦੀ ਤਸੱਲੀ ਲਈ ਕਿਸੇ ਹੋਰ ਡਾਕਟਰ ਨੂੰ ਦਿਖਾਉਣ ਦੀ ਗੱਲ ਕਰਕੇ ਉੱਥੋਂ ਉੱਠ ਕੇ ਬਾਹਰ ਆ ਗਿਆ। ਕਮਲ ਨੇ ਰੋਟੀ ਵਾਲੀ ਥਾਲੀ ਮੇਰੇ ਹੱਥ ਵਿੱਚ ਲਿਆ ਫੜਾਈ। ਮੈਂ ਸਮਝ ਗਿਆ ਕਿ ਰੋਟੀ ਬੇਬੇ ਨੂੰ ਦੇਣੀ ਹੈ। ਮੈਂ ਥਾਲੀ ਲਈ ਬੇਬੇ ਕੋਲ ਖੜ੍ਹਾ ਸੀ ਪਰ ਬੋਲਣ ਦੀ ਹਿੰਮਤ ਨਹੀਂ ਸੀ। ਸੋਚ ਰਿਹਾ ਸੀ ਜੇ ਕੁਝ ਬੋਲਿਆ, ਬੇਬੇ ਨੇ ਰੋਣ ਲੱਗ ਪੈਣਾ ਹੈ।
“ਮੈਂਨੂੰ ਭੁੱਖ ਨੀ, ਮੇਰੇ ਰੋਟੀ ਕਿੱਥੋਂ ਲੰਘੂ, ਐਨੀ ਤਾਂ ਬਿਮਾਰੀ ਵਧੀ ਪਈ ਐ।” ਕਹਿ ਕੇ ਬੇਬੇ ਫਿਰ ਰੋਣ ਲੱਗ ਪਈ।
“ਜੇ ਤੁਸੀਂ ਨਹੀਂ ਖਾਉਂਗੇ ਤਾਂ ਅਸੀਂ ਵੀ ਨਹੀਂ ਖਾਂਦੇ।” ਕਮਲ ਨੇ ਰਸੋਈ ਵਿੱਚੋਂ ਆਵਾਜ਼ ਮਾਰ ਕੇ ਕਿਹਾ। ਮੇਰੇ ਵਾਰ ਵਾਰ ਕਹਿਣ ’ਤੇ ਵੀ ਬੇਬੇ ਨੇ ਰੋਟੀ ਨਾ ਫੜੀ। ਮੈਂ ਥਾਲੀ ਰਸੋਈ ਵਿੱਚ ਰੱਖ ਕੇ ਪੌੜੀਆਂ ਜਾ ਚੜ੍ਹਿਆ ਕਿਉਂਕਿ ਜਿੰਨਾ ਚਿਰ ਮੈਂ ਬੇਬੇ ਦੇ ਕੋਲ ਬੈਠੇ ਰਹਿਣਾ ਸੀ, ਬੇਬੇ ਨੇ ਰੋਣੋਂ ਨਹੀਂ ਸੀ ਹਟਣਾ। ਜਦੋਂ ਵੀ ਬੇਬੇ ਰੋਣ ਲੱਗ ਜਾਂਦੀ ਤਾਂ ਮੈਂਨੂੰ ਡੋਬ ਜਿਹੇ ਪੈਣ ਲੱਗ ਜਾਂਦੇ, ਬਿਨਾਂ ਕਸੂਰੋਂ ਹੀ ਆਪਣੇ ਆਪ ਨੂੰ ਅਪਰਾਧੀ ਸਮਝਦਾ। ਬੇਬੇ ਦਾ ਪੂਰਾ ਧਿਆਨ ਰੱਖਦੇ, ਫੇਰ ਵੀ ਮਹੀਨੇ ਕੁ ਬਾਅਦ ਬੇਬੇ ਇਸ ਤਰ੍ਹਾਂ ਸੁਣਾਉਂਦੀ ਰਹਿੰਦੀ ਜਿਵੇਂ ਅਸੀਂ ਬੇਬੇ ਦਾ ਖਿਆਲ ਨਾ ਰੱਖਦੇ ਹੋਈਏ। ਮੈਂਨੂੰ ਰਹਿ ਰਹਿ ਕੇ ਡਾਕਟਰ ’ਤੇ ਗੁੱਸਾ ਆ ਰਿਹਾ ਸੀ। ਕਈ ਡਾਕਟਰ ਹੁੰਦੇ ਨੇ ਮਰੀਜ਼ ਨੂੰ ਗੱਲਾਂ ਗੱਲਾਂ ਨਾਲ ਹੀ ਅੱਧਾ ਠੀਕ ਕਰ ਦਿੰਦੇ ਨੇ। ਪਰ ਇਹ ਕਿਹੋ ਜਿਹਾ ਡਾਕਟਰ ਹੈ, ਜਿਸ ਨੇ ਬੇਬੇ ਨੂੰ ਅੰਦਰੋਂ ਇੰਨਾ ਕਮਜ਼ੋਰ ਕਰ ਦਿੱਤਾ। ਮੈਂਨੂੰ ਬੇਬੇ ਦੀ ਬਹੁਤ ਚਿੰਤਾ ਹੋ ਰਹੀ ਸੀ। ਜਦੋਂ ਕਦੇ ਬੇਬੇ ਗੁੱਸੇ ਹੋ ਕੇ ਰੋਟੀ ਨਾ ਖਾਂਦੀ, ਅਸੀਂ ਵੀ ਭੁੱਖੇ ਹੀ ਸੌਂਦੇ। ਪਰ ਇੱਕ ਗੱਲ ਸੀ, ਬੇਬੇ ਨੂੰ ਦੁੱਧ ਪੀਤੇ ਬਿਨਾਂ ਨੀਂਦ ਨਹੀਂ ਸੀ ਆਉਂਦੀ। ਉਹ ਕੁਝ ਸਮਾਂ ਪਾਸੇ ਪਰਤਦੇ ਫਿਰ ਉੱਠ ਕੇ ਆਪ ਹੀ ਦੁੱਧ ਗਰਮ ਕਰਕੇ ਲੈ ਲੈਂਦੇ। ਪਰ ਅੱਜ ਮੈਂਨੂੰ ਤਾਂ ਬਹੁਤ ਭੁੱਖ ਲੱਗੀ ਹੋਈ ਸੀ। ਜੇ ਬੇਬੇ ਨੇ ਰੋਟੀ ਨਾ ਖਾਧੀ ਸਾਥੋਂ ਵੀ ਕਿੱਥੇ ਖਾ ਹੋਣੀ ਸੀ ਜਾਂ ਕਹਿ ਲਓ ਕਿ ਕਮਲ ਨੇ ਖਾਣ ਨਹੀਂ ਦੇਣੀ ਕਿਉਂਕਿ ਉਹ ਆਖਦੀ ਹੁੰਦੀ ਐ, ‘ਭੁੱਖੀਆਂ ਆਂਦਰਾਂ ਸਰਾਪ ਦਿੰਦੀਆਂ ਨੇ ਅਤੇ ਮਾਂ ਭੁੱਖੀ ਸੌਂਵੇ ਤੇ ਆਪਾਂ ਰੱਜ ਪੁੱਜ ਕੇ, ਇਹ ਗਲਤ ਹੈ। ਵੈਸੇ ਵੀ ਬੇਬੇ ਨੂੰ ਰੋਟੀ ਖਵਾਉਣ ਦਾ ਇਹੀ ਇੱਕ ਤਰੀਕਾ ਹੈ ਕਿ ਤੁਸੀਂ ਰੋਟੀ ਨਾ ਖਾਓ।’ ਉਹ ਆਖਦੀ ਹੁੰਦੀ ਐ। ਮੈਂ ਆਖਦਾ ‘ਮੈਥੋਂ ਭੁੱਖ ਬਰਦਾਸ਼ਤ ਨਹੀਂ ਹੁੰਦੀ। ਮੈਂਨੂੰ ਖਾ ਲੈਣ ਦਿਆ ਕਰ। ਤੂੰ ਰਹਿ ਲਿਆ ਕਰ ਬੇਬੇ ਨਾਲ ਭੁੱਖੀ।’
“ਮੇਰੀ ਗੱਲ ਕੁਛ ਹੋਰ ਐ। ਇਸ ਨਾਲ ਬੀਜੀ ਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ।” ਉਹ ਆਖਦੀ।
ਮੈਂ ਅੱਧਾ ਘੰਟਾ ਛੱਤ ’ਤੇ ਟਹਿਲਦਾ ਰਿਹਾ। ਸੋਚਿਆ ਇੱਕ ਵਾਰੀ ਫਿਰ ਬੇਬੇ ਦੀ ਮਿੰਨਤ ਕਰਕੇ ਮਨਾਉਣ ਦੀ ਕੋਸ਼ਿਸ਼ ਕਰਾਂ। ਮੈਂ ਅਜੇ ਪੌੜੀਆਂ ਉੱਤਰਨ ਹੀ ਲੱਗਾ ਸੀ ਕਮਲ ਦੀ ਆਵਾਜ਼ ਮੇਰੇ ਕੰਨੀਂ ਪਈ, “ਜੇ ਤੁਸੀਂ ਰੋਟੀ ਨਹੀਂ ਖਾਣੀ ਬੇਸ਼ਕ ਨਾ ਖਾਓ ...”
ਮੈਂਨੂੰ ਕਮਲ ’ਤੇ ਗੁੱਸਾ ਆਇਆ, ਇਹ ਉਹਦਾ ਕਿਹੜਾ ਰੂਪ ਸੀ ਜੋ ਮੈਂ ਕਦੇ ਨਹੀਂ ਸੀ ਦੇਖਿਆ।
“ਪਰ ਇੱਕ ਗੱਲ ਐ ਡਾਕਟਰ ਨੇ ਥੋਨੂੰ ਕਿਹੈ, ਬਈ ਥੋਡੀ ਬਿਮਾਰੀ ਵਧੀ ਹੋਈ ਐ, ਜੇ ਤੁਸੀਂ ਹੁਣ ਕੁਛ ਨਾ ਖਾਧਾ ਰਾਤੋ ਰਾਤ ਬਿਮਾਰੀ ਹੋਰ ਵਧ ਜੂ। ਫਿਰ ਕਿਤੋਂ ਵੀ ਇਲਾਜ ਨਹੀਂ ਹੋ ਸਕਣਾ। ਥੋਨੂੰ ਹਸਪਤਾਲ ਦਾਖਲ ਹੋਣਾ ਪਊ, ਮੈਂ ਥੋਡੇ ਕੋਲ ਬੈਠੀ ਰਹੂੰ। ਫੇਰ ਪੁੱਤ ਥੋਡਾ ਭੁੱਖਣ ਭਾਣਾ ਡਿਉਟੀ ’ਤੇ ਜਾਇਆ ਕਰੂ।” ਬੇਬੇ ਚੁੱਪ ਕਰ ਕੇ ਸੁਣ ਰਹੀ ਸੀ, ਪਰ ਬੋਲੀ ਕੁਝ ਵੀ ਨਾ। ਮੈਂ ਉੱਪਰਲੀ ਪੌੜੀ ’ਤੇ ਹੀ ਬੈਠ ਗਿਆ।
“ਬੀਜੀ, ਜਿਹੜੀਆਂ ਰੋਟੀਆਂ ਬਣਾਈਆਂ ਨੇ ਬਾਹਰ ਕੁੱਤਿਆਂ ਨੂੰ ਸੁੱਟ ਆਵਾਂ। ਸਾਨੂੰ ਵੀ ਭੁੱਖ ਨੀਂ।” ਕਮਲ ਨੇ ਕਿਹਾ।
“ਇੱਕ ਡੰਗ ਰੋਟੀ ਨਾ ਖਾਣ ਨਾਲ ਬਿਮਾਰੀ ਕਿਵੇਂ ਵਧ ਜੂ?” ਬੇਬੇ ਸ਼ਾਇਦ ਆਪਣੀ ਬਿਮਾਰੀ ਬਾਰੇ ਸੋਚ ਰਹੀ ਸੀ।
“ਜਿਹੜਾ ਆਪਾਂ ਖਾਣਾ ਖਾਨੇ ਆਂ ਇਹਦੇ ਨਾਲ ਹੀ ਆਪਣਾ ਖੂਨ ਬਣਦੈ, ਆਪਾਂ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਐ। ਜੇ ਨਾ ਕੁਛ ਖਾਧਾ ਬਿਮਾਰੀ ਨਾਲ ਲੜਨ ਦੀ ਤਾਕਤ ਘਟ ਜਾਣੀ ਐ, ਫੇਰ ਬਿਮਾਰੀ ਨੇ ਤਾਂ ਵਧਣਾ ਈ ਐ। ਕੋਈ ਜ਼ਰੂਰੀ ਨੀਂ ਬਈ ਰੋਟੀ ਈ ਖਾਣੀ ਐ, ਖਿਚੜੀ, ਦਲੀਆ ਜੋ ਵੀ ਖਾਣੈ ਬਣਾ ਦਿੰਨੀ ਆਂ ਪਰ ਭੁੱਖੇ ਨਹੀਂ ਸੌਣਾ ...।” ਬੇਬੇ ਚੁੱਪ-ਚਾਪ ਸੁਣ ਰਹੀ ਸੀ।
“ਚਲੋ ਥੋਡੀ ਮਰਜ਼ੀ ਐ ...।” ਕਹਿ ਕੇ ਕਮਲ ਬਾਹਰ ਨੂੰ ਚਲੀ ਗਈ। ਉਸ ਨੂੰ ਮਹਿਸੂਸ ਹੋਇਆ ਕਿ ਬੇਬੇ ’ਤੇ ਉਸ ਦੀਆਂ ਗੱਲਾਂ ਦਾ ਅਸਰ ਜ਼ਰੂਰ ਹੋਇਆ। ਮੈਂ ਸੋਚ ਰਿਹਾ ਸੀ ਕੋਈ ਫਰਕ ਨਹੀਂ ਪਿਆ, ਬੇਬੇ ਨੂੰ ਇੰਨਾ ਕੁਝ ਕਹਿਣ ਦਾ। ਮੇਰੇ ਵਿੱਚ ਹਿੰਮਤ ਨਹੀਂ ਸੀ ਉੱਠ ਕੇ ਹੇਠਾਂ ਜਾਣ ਦੀ। ਉੱਥੇ ਹੀ ਬੈਠਾ ਸੋਚ ਰਿਹਾ ਸੀ ਕਿ ਕੀ ਕੀਤਾ ਜਾਵੇ ਅਤੇ ਆਪਣੇ ਆਪ ਨੂੰ ਹਾਰਿਆ ਮਹਿਸੂਸ ਕਰ ਰਿਹਾ ਸੀ। ਸੋਚ ਰਿਹਾ ਸੀ ਇਹ ਰਾਤ ਫਟਾਫਟ ਲੰਘ ਜਾਵੇ। ਸਵੇਰੇ ਬੇਬੇ ਦੀ ਤਸੱਲੀ ਲਈ ਕਿਸੇ ਹੋਰ ਡਾਕਟਰ ਕੋਲ ਚਲੇ ਜਾਵਾਂਗੇ। ਥੋੜ੍ਹੀ ਦੇਰ ਬਾਅਦ ਰਸੋਈ ਵਿੱਚੋਂ ਭਾਂਡੇ ਖੜਕਣ ਦੀ ਆਵਾਜ਼ ਆਉਣ ਲੱਗੀ। ਜਦ ਦੇਖਿਆ ਤਾਂ ਬੇਬੇ ਥਾਲੀ ਵਿੱਚ ਆਪਣੇ ਲਈ ਖਾਣਾ ਖੁਦ ਲੈ ਰਹੀ ਸੀ। ਕਮਲ ਬੇਬੇ ਨੂੰ ਖਾਣਾ ਲੈਂਦੇ ਦੇਖ ਕੇ ਬਾਹਰ ਹੀ ਰੁਕ ਗਈ। ਉਸ ਦੇ ਚਿਹਰੇ ਤੇ ਖੁਸ਼ੀ ਝਲਕ ਰਹੀ ਸੀ। ਮੈਂ ਵੀ ਖੁਸ਼ ਸੀ ਕਿ ਬੇਬੇ ਨੂੰ ਕਿਸੇ ਵੀ ਤਰ੍ਹਾਂ ਕਮਲ ਨੇ ਖਾਣਾ ਖਾਣ ਲਈ ਮਜਬੂਰ ਕਰ ਦਿੱਤਾ ਸੀ। ਦਸ ਕੁ ਮਿੰਟ ਨਾ ਤਾਂ ਕਮਲ ਅੰਦਰ ਆਈ, ਨਾ ਹੀ ਮੈਂ ਹੇਠਾਂ ਆਇਆ। ਬੇਬੇ ਨੇ ਰੋਟੀ ਖਾ ਕੇ ਆਪਣੀ ਥਾਲੀ ਵੀ ਧੋ ਕੇ ਰੱਖ ਦਿੱਤੀ। ਬੇਬੇ ਆਪਣੇ ਬਿਸਤਰੇ ’ਤੇ ਜਾ ਪਈ। ਕਮਲ ਵੀ ਬਾਹਰੋਂ ਆ ਗਈ, ਉਹ ਮੁਸਕਰਾ ਰਹੀ ਸੀ।
“ਤੂੰ ਕਿਵੇਂ ਬੇਬੇ ਨੂੰ ਡਰਾ ਰਹੀ ਸੀ ਕਿ ਬਿਮਾਰੀ ਵਧ ਜੂ।” ਕਮਲ ਨੇ ਮੁਸਕਰਾਉਂਦਿਆਂ ਹੀ ਆਪਣੇ ਕੰਨ ਫੜ ਲਏ ਅਤੇ ਕਿਹਾ, “ਮਿੰਨਤਾਂ ਤਾਂ ਤੁਸੀਂ ਕਰ ਹੀ ਲਈਆਂ ਸੀ ਤੇ ਮੇਰੀਆਂ ਕੀਤੀਆਂ ਵੀ ਬੇਕਾਰ ਹੀ ਜਾਣੀਆਂ ਸਨ।”
“ਮੈਂ ਰੋਟੀ ਖਾ ਲੀ ਜਿੰਨੀ ਕੁ ਮੈਂਨੂੰ ਲੋੜ ਤੀ।” ਬੇਬੇ ਨੇ ਆਪਣੇ ਕਮਰੇ ਵਿੱਚੋਂ ਹੀ ਆਵਾਜ਼ ਮਾਰ ਕੇ ਕਿਹਾ।
“ਮੰਨ ਗਏ ਤੇਰੇ ਲਫ਼ਜਾਂ ਦੀ ਤਾਕਤ ਨੂੰ ...।”
“ਕਿਉਂ ਡਾਕਟਰ ਦੇ ਲਫ਼ਜਾਂ ਵਿੱਚ ਘੱਟ ਤਾਕਤ ਸੀ ... ਸਾਡੀ ਮਾਂ ਨੂੰ ਈ ਅਧਮਰੀ ਕਰ ਛੱਡਿਆ ਸੀ।” ਕਮਲ ਨੇ ਮੁਸਕਰਾਉਂਦਿਆਂ ਕਿਹਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2237)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)