“ਕੋਈ ਵੀ ਸ਼ਾਂਤੀ ਪਸੰਦ ਇਨਸਾਨ ਜੰਗ ਨਹੀਂ ਚਾਹੁੰਦਾ। ਜੰਗਾਂ ਤਬਾਹੀ ਲਿਆਉਂਦੀਆਂ ਹਨ। ਬੇਕਸੂਰ ...”
(11 ਮਈ 2025)
ਕੋਈ ਵੀ ਸੂਝਵਾਨ ਬੰਦਾ ਲੜਾਈ ਝਗੜੇ ਨੂੰ ਚੰਗਾ ਨਹੀਂ ਮੰਨਦਾ, ਫਿਰ ਵੀ ਲੜਾਈ, ਝਗੜੇ, ਕਲੇਸ਼, ਜੰਗ-ਯੁੱਧ ਚਲਦੇ ਰਹਿੰਦੇ ਹਨ। ਪਿਛਲੇ ਦਿਨੀਂ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਹੋਏ ਕਰੂਰਤਾ ਭਰੇ ਵਰਤਾਰੇ ਨੂੰ ਵੇਖ ਕੇ ਸਾਰਾ ਦੇਸ਼ ਦੁਖੀ ਹੋਇਆ ਅਤੇ ਹਰ ਅੱਖ ਨਮ ਹੋਈ। ਬਹੁਤ ਸਾਰੇ ਸਵਾਲ ਖੜ੍ਹੇ ਹੋਏ, ਜਿਹਨਾਂ ਵਿੱਚ ਮੁੱਖ ਸਵਾਲ ਇਹ ਸੀ ਕਿ ਸੁਰੱਖਿਆ ਦਾ ਇੰਤਜ਼ਾਮ ਕਿਉਂ ਨਹੀਂ ਸੀ। ਜਿਹੜੇ ਜਾਣਕਾਰ ਲੋਕ ਪਹਿਲਗਾਮ ਵੱਲ ਘੁੰਮ ਕੇ ਆਏ ਹੋਏ ਹਨ, ਉਹਨਾਂ ਦਾ ਆਖਣਾ ਹੈ ਕਿ ਉੱਥੇ ਚੱਪੇ ਚੱਪੇ ’ਤੇ ਫੌਜੀ ਵੀਰ ਖੜ੍ਹੇ ਹੁੰਦੇ ਹਨ। ਪਰ ਹੁਣ ਕੁਤਾਹੀ ਕਿਵੇਂ ਹੋਈ? ਹਮਲਾਵਰਾਂ ਨੂੰ ਇੱਕ ਧਰਮ ਨਾਲ ਜੋੜ ਕੇ ਦੇਖਣ ਵਾਲੇ ਸ਼ਾਇਦ ਇਹ ਨਹੀਂ ਸੋਚਦੇ ਕਿ ਇਸ ਤਰ੍ਹਾਂ ਦੇ ਨਿਰਦਈ ਕਾਰਨਾਮੇ ਕਰਨ ਵਾਲਿਆਂ ਦਾ ਕੋਈ ਧਰਮ ਨਹੀਂ ਹੁੰਦਾ। ਉਹਨਾਂ ਨੇ ਤਾਂ ਸਿਰਫ ਦਹਿਸ਼ਤ ਫੈਲਾਉਣੀ ਹੁੰਦੀ ਹੈ, ਆਮ ਲੋਕਾਂ ਨੂੰ ਡਰਾਉਣਾ ਹੁੰਦਾ ਹੈ। ਇਹਨਾਂ ਦਹਿਸ਼ਤੀ ਕਾਰਨਾਮੇ ਕਰਨ ਵਾਲਿਆਂ ਦਾ ਜਵਾਬ ਦੇਣਾ ਵੀ ਜ਼ਰੂਰੀ ਹੈ। ਕਹਿੰਦੇ ਨੇ, ਹੱਥਾਂ ਬਾਝ ਕਰਾਰਿਆਂ ਵੈਰੀ ਹੋਏ ਨਾ ਮਿੱਤ। ਜੇ ਕੋਈ ਤੁਹਾਨੂੰ ਸ਼ਾਂਤ ਬੈਠਿਆਂ ਨੂੰ ਆ ਕੇ ਛੇੜੇਗਾ ਤਾਂ ਚੁੱਪ ਨਹੀਂ ਬੈਠਿਆ ਜਾਂਦਾ। ਜੇ ਸਾਹਮਣੇ ਵਾਲੇ ਨੂੰ ਢੁਕਵਾਂ ਜੁਆਬ ਨਾ ਮਿਲੇ ਤਾਂ ਉਹ ਸਮਝ ਬੈਠਦਾ ਹੈ ਕਿ ਉਸ ਕੋਲੋਂ ਡਰ ਗਏ ਹਨ। ਅਖੇ, ਲੱਜ ਮਰੇਂਦਾ ਅੰਦਰ ਵੜਿਆ, ਮੂਰਖ ਆਖੇ ਮੈਥੋਂ ਡਰਿਆ।
ਪਹਿਲਗਾਮ ਦੀ ਦਹਿਸ਼ਤੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਬਕ ਸਿਖਾਉਣਾ ਵੀ ਜ਼ਰੂਰੀ ਸੀ ਪਰ ਕੀ ਉਹਨਾਂ ਲੋਕਾਂ ਨੂੰ ਸੱਚੀਂ ਸਬਕ ਮਿਲ ਗਿਆ ਜਾਂ ਫਿਰ ਬੇਕਸੂਰ ਹੀ ਮਾਰੇ ਗਏ? ਇਹ ਗੱਲਾਂ ਸਾਰੇ ਪਾਸੇ ਸ਼ਾਂਤੀ ਹੋਣ ’ਤੇ ਹੀ ਸਹੀ ਅਰਥਾਂ ਵਿੱਚ ਸਾਹਮਣੇ ਆਉਣਗੀਆਂ। ਇਹ ਸਬਕ ਸਿਖਾਉਣ ਵਾਲਾ ਕੰਮ ਜੇ ਜ਼ਿਆਦਾ ਵਧ ਜਾਂਦਾ ਤਾਂ ਦੋਵਾਂ ਦੇਸ਼ਾਂ ਨੂੰ ਬਹੁਤ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਸੀ। ਸਾਨੂੰ ਸਾਡੇ ਫ਼ੌਜੀ ਵੀਰਾਂ ’ਤੇ ਬਹੁਤ ਮਾਣ ਹੈ। ਸਾਰਾ ਦੇਸ਼ ਹਮੇਸ਼ਾ ਉਹਨਾਂ ਨਾਲ ਖੜ੍ਹਾ ਹੈ। ਵੈਸੇ ਇਹ ਗੱਲ ਅਸੀਂ ਆਖ ਤਾਂ ਸਾਰੇ ਰਹੇ ਹਾਂ ਪਰ ਉਹਨਾਂ ਨਾਲ ਉਹ ਲੋਕ ਹੀ ਖੜ੍ਹੇ ਹਨ, ਜਿਹੜੇ ਸਰਹੱਦੀ ਖੇਤਰ ਵਾਲ਼ੇ ਹਨ। ਜਿਹੜੇ ਸਰਹੱਦਾਂ ਤੋਂ ਦੂਰ ਹਨ ਉਹਨਾਂ ਵਿੱਚੋਂ ਬਹੁਤਿਆਂ ਨੂੰ ਤਾਂ ਆਪਣੀਆਂ ਰੀਲਾਂ ਦੇ ਲਾਈਕ, ਵਿਊ ਅਤੇ ਕੁਮੈਂਟ ਵਧਾਉਣ ਲਈ ਮੌਕਾ ਲੱਭਿਆ ਹੈ। ਇਹ ਗੱਲ ਕੌੜੀ ਤਾਂ ਜ਼ਰੂਰ ਹੈ ਪਰ ਕਾਫ਼ੀ ਹੱਦ ਤੱਕ ਸੱਚੀ ਵੀ ਹੈ।
ਅਸੀਂ ਬਲੈਕ ਆਊਟ ਨਿਯਮ ਤਹਿਤ ਜਦੋਂ ਆਪਣੇ ਘਰਾਂ ਵਿੱਚ ਹਨੇਰਾ ਕਰ ਲੈਂਦੇ ਤਾਂ ਇਹ ਸੰਨਾਟਾ ਖਾਣ ਨੂੰ ਆਉਂਦਾ। ਸੋਚ ਕੇ ਦੇਖੋ ਸਰਹੱਦ ਨੇੜੇ ਰਹਿੰਦੇ ਲੋਕ ਕਿਵੇਂ ਇਸ ਦਾ ਸਾਹਮਣਾ ਕਰਦੇ ਹੋਣਗੇ? ਹਰ ਪਲ ਉਹਨਾਂ ਲਈ ਕਿੰਨਾ ਡਰਾਉਣਾ ਹੁੰਦਾ ਹੋਵੇਗਾ। ਬਹੁਤ ਸਾਰੇ ਖ਼ਬਰਾਂ ਦੇਣ ਵਾਲੇ ਵੀ ਇਸ ਡਰ ਨੂੰ ਵਧਾਉਣ ਦਾ ਕੰਮ ਕਰਦੇ ਰਹੇ ਹਨ। ਇਹ ਝੂਠ ਤੁਫ਼ਾਨ ਫੈਲਾਉਣ ਵਾਲੇ ਜ਼ਮੀਰ ਵਿਹੂਣੇ ਲੋਕ ਜਿਹੜੇ ਸਿਰਫ਼ ਇੱਕ ਦੋ ਹਸਤੀਆਂ ਨੂੰ ਖੁਸ਼ ਕਰਨ ’ਤੇ ਲੱਗੇ ਰਹਿੰਦੇ ਹਨ, ਉਹ ਆਪਣੇ ਸਟੂਡੀਓ ਨੂੰ ਜੰਗ ਦਾ ਮੈਦਾਨ ਬਣਾ ਕੇ ਏਧਰ ਓਧਰ ਟਪੂਸੀਆਂ ਮਾਰਦੇ ਅਤੇ ਆਪਣੇ ਆਪ ਨੂੰ ਦੇਸ਼ ਲਈ ਲੜਨ ਵਾਲੇ ਸਿਪਾਹੀ ਸਮਝਣ ਲੱਗ ਪੈਂਦੇ ਹਨ ਅਤੇ ਜੰਗ ਦਾ ਅੱਖੀਂ ਦੇਖਿਆ ਹਾਲ ਇਸ ਤਰ੍ਹਾਂ ਬਿਆਨ ਕਰਦੇ ਰਹੇ ਹਨ, ਜਿਵੇਂ ਕਿਸੇ ਖੇਡ ਦਾ ਹਾਲ ਦੱਸ ਰਹੇ ਹੋਣ। ਜੰਗ ਛਿੜਨਾ ਕੋਈ ਖੇਡ ਨਹੀਂ ਹੈ, ਨਾ ਹੀ ਇਹ ਕੋਈ ਹਾਸੇ ਮਜ਼ਾਕ ਦੀ ਗੱਲ ਹੈ। ਜਿਹਨਾਂ ਇਸ ਨੂੰ ਖੇਡ ਅਤੇ ਮਜ਼ਾਕ ਸਮਝਿਆ, ਉਹਨਾਂ ਨੂੰ ਜਨਤਾ ਲਾਹਨਤਾਂ ਪਾਉਂਦੀ ਹੈ।
ਸੋਚ ਕੇ ਦੇਖੋ, ਜਿਹਨਾਂ ਮਾਵਾਂ ਦੇ ਪੁੱਤ, ਪਤਨੀਆਂ ਦੇ ਪਤੀ, ਭੈਣਾਂ ਦੇ ਵੀਰ, ਬੱਚਿਆਂ ਦੇ ਪਿਤਾ ਇਸ ਜੰਗ ਵਿੱਚ ਸੀਨੇ ਡਾਹ ਕੇ ਖੜ੍ਹਦੇ ਹਨ, ਉਹਨਾਂ ਦਾ ਕੀ ਹਾਲ ਹੁੰਦਾ ਹੋਊ। ਹਰ ਪਲ ਹਰ ਖੜਾਕ ਨਾਲ ਉਹਨਾਂ ਦੇ ਕਿਵੇਂ ਹੌਲ ਪੈਂਦੇ ਹੋਣਗੇ। ਇਹ ਸਭ ਉਹੀ ਜਾਣਦੇ ਹਨ, ਜਿਹਨਾਂ ’ਤੇ ਬੀਤਦੀ ਹੈ। ਉਹ ਵਿਚਾਰੇ ਡਰਦੇ ਖ਼ਬਰਾਂ ਵੀ ਨਹੀਂ ਸੁਣਦੇ ਕਿ ਕਿਤੇ ਉਹਨਾਂ ਦੇ ਕਿਸੇ ਪਿਆਰੇ ਦੀ ਖ਼ਬਰ ਹੀ ਨਾ ਬਣ ਗਈ ਹੋਵੇ। ਫੌਜੀ ਵੀਰਾਂ ਦੇ ਪਰਿਵਾਰ ਭਾਵੇਂ ਦਲੇਰੀ ਨਾਲ ਇਹਨਾਂ ਸਭ ਗੱਲਾਂ ਦਾ ਸਾਹਮਣਾ ਕਰ ਲੈਂਦੇ ਹੋਣ। ਆਪਣੇ ਸ਼ਹੀਦ ਹੋਏ ਪਿਆਰਿਆਂ ਨੂੰ ਆਖ਼ਰੀ ਸਲੂਟ ਵੀ ਪੂਰਾ ਦਮ ਇਕੱਠਾ ਕਰ ਕੇ ਮਾਰ ਲੈਂਦੇ ਹੋਣ, ਚਾਰ ਸ਼ਬਦ ਵੀ ਮਾਣ ਨਾਲ ਬੋਲ ਦਿੰਦੇ ਹੋਣ ਪਰ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਅੰਦਰ ਦਾ ਬੰਨ੍ਹ ਟੁੱਟਦਾ ਹੈ, ਉਹ ਕਿਸੇ ਕੈਮਰੇ ਵਿੱਚ ਰਿਕਾਰਡ ਨਹੀਂ ਹੁੰਦਾ। ਉਹਨਾਂ ਦੇ ਅੰਦਰਲੀ ਟੁੱਟ ਭੱਜ ਨੂੰ ਉਹੀ ਜਾਣਦੇ ਹਨ। ਆਖ਼ਰ ਉਹ ਵੀ ਇਨਸਾਨ ਹੀ ਹਨ। ਉਹ ਤਾਂ ਜਿੰਦਾ ਸ਼ਹੀਦ ਹੁੰਦੇ ਹਨ, ਜੋ ਰੋਜ਼ ਸਮੱਸਿਆਵਾਂ ਨਾਲ ਲੜਨ ਜੋਗੇ ਰਹਿ ਜਾਂਦੇ ਹਨ।
ਸਰਹੱਦਾਂ ਦੇ ਬਾਸ਼ਿੰਦਿਆਂ ਨੂੰ ਵੀ ਬਹੁਤ ਕੁਝ ਕੁਰਬਾਨ ਕਰਨਾ ਪੈਂਦਾ ਹੈ। ਆਪਣੇ ਘਰ ਛੱਡਣੇ ਸੌਖੇ ਨਹੀਂ ਹੁੰਦੇ, ਉਮਰਾਂ ਲੱਗ ਜਾਂਦੀਆਂ ਨੇ ਘਰ ਬਣਾਉਣ ਲਈ। ਪਤਾ ਨਹੀਂ ਕਿਹੜੇ ਵੇਲੇ ਕੋਈ ਮਾਰੂ ਹਥਿਆਰ ਸਾਰਾ ਕੁਝ ਤਬਾਹ ਕਰ ਦੇਵੇ ਜਾਂ ਫਿਰ ਉਹਨਾਂ ਨੂੰ ਸਿਰਫ਼ ਲੋੜ ਜੋਗਾ ਸਮਾਨ ਲੈ ਕੇ ਆਪਣੇ ਘਰ ਛੱਡਣੇ ਪੈ ਜਾਣ। ਜੇ ਕੁਝ ਸਮੇਂ ਬਾਅਦ ਉਹਨਾਂ ਦੀ ਘਰ ਵਾਪਸੀ ਹੋ ਵੀ ਜਾਵੇ ਤਾਂ ਪਤਾ ਨਹੀਂ ਘਰ ਵਿੱਚ ਛੱਡਿਆ ਸਮਾਨ ਘਰੇ ਹੋਵੇਗਾ ਜਾਂ ਉਹਨੂੰ ਵੀ ਕੋਈ ਮੁਰਦਿਆਂ ਦਾ ਮਾਸ ਖਾਣ ਵਾਲਾ ਲੁੱਟ ਕੇ ਲੈ ਗਿਆ ਹੋਵੇਗਾ।
ਕੋਈ ਵੀ ਸ਼ਾਂਤੀ ਪਸੰਦ ਇਨਸਾਨ ਜੰਗ ਨਹੀਂ ਚਾਹੁੰਦਾ। ਜੰਗਾਂ ਤਬਾਹੀ ਲਿਆਉਂਦੀਆਂ ਹਨ। ਬੇਕਸੂਰ ਲੋਕਾਂ ਦੀ ਬਲੀ ਚੜ੍ਹਦੀ ਹੈ। ਬੱਚੇ, ਜਿਹਨਾਂ ਨੂੰ ਅਜੇ ਜੰਗ ਦਾ ਮਤਲਬ ਵੀ ਪਤਾ ਨਹੀਂ ਹੁੰਦਾ, ਉਹ ਇਸ ਦੀ ਭੇਟ ਚੜ੍ਹ ਜਾਂਦੇ ਹਨ। ਇਸ ਤਰ੍ਹਾਂ ਦੇ ਮਾਹੌਲ ਸਮੇਂ ਸੁਚੇਤ ਰਹਿਣ ਦੀ ਬੜੀ ਜ਼ਰੂਰਤ ਹੁੰਦੀ ਹੈ। ਅਫ਼ਵਾਹਾਂ ਫੈਲਾਈਆਂ ਜਾਂਦੀਆਂ ਹਨ, ਜਿਹਨਾਂ ਕਰ ਕੇ ਆਮ ਲੋਕਾਂ ਵਿੱਚ ਸਹਿਮ ਪੈਦਾ ਹੋ ਜਾਂਦਾ ਹੈ। ਭਾਵੇਂ ਸਾਨੂੰ ਸਾਡੀ ਭਾਰਤੀ ਸੈਨਾ ’ਤੇ ਮਾਣ ਹੈ, ਉਹ ਆਪਣੀਆਂ ਹਿੱਕਾਂ ਡਾਹ ਕੇ ਸਰਹੱਦਾਂ ’ਤੇ ਡਟੇ ਹੁੰਦੇ ਹਨ, ਉਹਨਾਂ ਦੀਆਂ ਜਾਨਾਂ ਵੀ ਦੇਸ਼ ਵਾਸੀਆਂ ਨੂੰ ਬਹੁਤ ਪਿਆਰੀਆਂ ਹਨ। ਜੰਗ ਦਾ ਵਿਰੋਧੀ ਹੋਣਾ ਡਰਪੋਕ ਹੋਣ ਦੀ ਨਿਸ਼ਾਨੀ ਨਹੀਂ ਹੈ, ਸਗੋਂ ਏਧਰਲੇ ਓਧਰਲੇ ਆਮ ਲੋਕਾਂ ਦੇ ਫ਼ਿਕਰ ਵਿੱਚੋਂ ਇਹ ਸੋਚ ਉਪਜਦੀ ਹੈ।
ਹਰੇਕ ਜੰਗ ਦਾ ਅੰਤ ਸਮਝੌਤੇ ਨਾਲ ਹੀ ਹੁੰਦਾ ਹੈ। ਤਬਾਹੀ ਤੋਂ ਬਾਅਦ ਸਮਝੌਤਾ ਹੋਣਾ ਕੋਈ ਬਹੁਤਾ ਸਕੂਨ ਨਹੀਂ ਦਿੰਦਾ। ਅਜਿਹੇ ਸਮਝੌਤੇ ਤੋਂ ਬਾਅਦ ਮਨਾਏ ਜਸ਼ਨ ਉਹਨਾਂ ਲੋਕਾਂ ਨੂੰ ਕੋਈ ਖੁਸ਼ੀ ਨਹੀਂ ਦੇ ਸਕਦੇ, ਜਿਹਨਾਂ ਦੇ ਆਪਣੇ ਇਸ ਜੰਗ ਦੀ ਭੇਟ ਚੜ੍ਹ ਜਾਂਦੇ ਹਨ। ਅੱਜ 10 ਮਈ ਦੀ ਸ਼ਾਮ ਨੂੰ ਜੰਗਬੰਦੀ ਦੀ ਖ਼ਬਰ ਸੁਣ ਕੇ ਮਣਾਂ ਮੂੰਹੀਂ ਫ਼ਿਕਰ, ਜਿਹੜਾ ਮਨਾਂ ’ਤੇ ਬੋਝ ਬਣਿਆ ਹੋਇਆ ਸੀ, ਉੱਤਰ ਗਿਆ ਹੈ। ਸਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ ਹੈ। ਕੁਝ ਬਹੁਤ ਬੁਰਾ ਹੋਣ ਤੋਂ ਪਹਿਲਾਂ ਹੀ ਗੱਲ ਸੰਭਾਲ ਲਈ ਗਈ ਹੈ। ਇਹ ਸਹੀ ਸਮੇਂ ’ਤੇ ਲਿਆ ਸਹੀ ਫੈਸਲਾ ਹੈ। ਜੰਗਬੰਦੀ ਦਾ ਐਲਾਨ ਤਪਦੇ ਦਿਲਾਂ ’ਤੇ ਠੰਢੇ ਪਾਣੀ ਦੇ ਛਿੱਟੇ ਵਾਂਗ ਮਹਿਸੂਸ ਹੋਇਆ। ਪਰ ਜਿਹਨਾਂ ਲੋਕਾਂ ਨੇ ਇਸ ਸਮੇਂ ਨੂੰ ਹੱਡੀਂ ਹੰਢਾਇਆ ਜਾਂ ਨੇੜਿਓਂ ਤੱਕਿਆ ਹੈ, ਉਹ ਇਸ ਜੰਗ ਨੂੰ ਨਹੀਂ ਭੁੱਲ ਸਕਦੇ। ਦੁਆ ਕਰਦੇ ਹਾਂ ਕਿ ਕਦੇ ਵੀ ਜੰਗ ਲੱਗਣ ਦਾ ਮਾਹੌਲ ਨਾ ਬਣੇ, ਦੁਨੀਆਂ ਵਿੱਚ ਜਿੱਥੇ ਕਿਤੇ ਵੀ ਜੰਗ ਲੱਗੀ ਹੋਈ ਹੈ, ਖ਼ਤਮ ਹੋ ਜਾਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)