“ਕੁਝ ਵੀ ਹੋਵੇ, ਅਧਿਆਪਕ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਬੱਚੇ ਹਨ। ਉਹਨਾਂ ਨੂੰ ਸਿੱਖਣ ਲਈ ਪ੍ਰੇਰਿਤ ਕਰਨਾ, ਚੰਗੇ ਮਾੜੇ ..."
(3 ਸਤੰਬਰ 2024)
ਅਧਿਆਪਕ ਰਾਸ਼ਟਰ ਦਾ ਨਿਰਮਾਤਾ ਹੈ। ਅਧਿਆਪਕ ਮੋਮਬੱਤੀ ਦੀ ਤਰ੍ਹਾਂ ਹੁੰਦਾ ਹੈ, ਜੋ ਆਪ ਜਲ ਕੇ ਦੂਜਿਆਂ ਨੂੰ ਰੋਸ਼ਨੀ ਦਿੰਦਾ ਹੈ। ਪਰ ਮੈਂ ਕਈ ਵਾਰ ਮਹਿਸੂਸ ਕੀਤਾ ਕਿ ਮੋਮਬੱਤੀ ਅਤੇ ਉਸ ਦਾ ਧਾਗਾ ਤਾਂ ਜਲ ਕੇ ਖ਼ਤਮ ਹੋ ਜਾਂਦਾ ਹੈ ਪਰ ਅਧਿਆਪਕ ਤਾਂ ਹਮੇਸ਼ਾ ਗਿਆਨ ਰੂਪੀ ਰੌਸ਼ਨੀ ਵੰਡਦਾ ਹੈ। ਇਹ ਗਿਆਨ ਕਦੇ ਵੀ ਖ਼ਤਮ ਨਹੀਂ ਹੁੰਦਾ ਸਗੋਂ ਅੱਗੇ ਦੀ ਅੱਗੇ ਜੋਤ ਤੋਂ ਜੋਤ ਜਗਦੀ ਰਹਿੰਦੀ ਹੈ। ਸੁਹਿਰਦ ਅਧਿਆਪਕ ਰਿਟਾਇਰ ਹੋਣ ਤੋਂ ਬਾਅਦ ਵੀ ਨਾ ਤੇਲ ਮੁੱਕਣ ਦਿੰਦੇ ਹਨ ਨਾ ਹੀ ਗਿਆਨ ਦੀ ਬੱਤੀ ਬੁਝਣ ਦਿੰਦੇ ਹਨ ਸਗੋਂ ਉਹ ਆਪਣਾ ਸਰੀਰ ਮੁੱਕਣ ਤੋਂ ਪਹਿਲਾਂ ਬਹੁਤ ਸਾਰੇ ਗਿਆਨ ਦੇ ਦੀਵੇ ਜਗਾ ਜਾਂਦੇ ਹਨ, ਜੋ ਹਨੇਰੇ ਰਾਹਾਂ ਨੂੰ ਹਮੇਸ਼ਾ ਰੌਸ਼ਨ ਕਰਦੇ ਹਨ। ਅਜਿਹੇ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਮਨਾਂ ਵਿੱਚ ਹਮੇਸ਼ਾ ਜਿਉਂਦੇ ਰਹਿੰਦੇ ਹਨ। ਅਜਿਹੇ ਅਧਿਆਪਕ ਹੋਣਾ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ।
ਹਰੇਕ ਇਨਸਾਨ ਦੇ ਆਪਣੇ ਆਪਣੇ ਵਿਚਾਰ ਹੁੰਦੇ ਹਨ। ਆਪਣੀ ਉਪਜੀਵਕਾ ਚਲਾਉਣ ਲਈ ਅਧਿਆਪਕ ਬਣਨਾ ਵੱਖਰੀ ਗੱਲ ਹੈ ਅਤੇ ਸਹੀ ਅਰਥਾਂ ਵਿੱਚ ਅਧਿਆਪਕ ਹੋਣਾ ਵੱਖਰੀ ਗੱਲ ਹੈ। ਸੁਕਰਾਤ ਵਾਂਗ ਰਾਹ ਜਾਂਦਿਆਂ ਨੂੰ ਸਵਾਲ ਪੁੱਛ ਕੇ ਵੀ ਗਿਆਨ ਵੰਡਦੇ ਰਹਿਣਾ ਅਧਿਆਪਕ ਦਾ ਇੱਕ ਜ਼ਰੂਰੀ ਗੁਣ ਹੋਣਾ ਚਾਹੀਦਾ ਹੈ। ਬੱਚਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਉੱਤਰ ਦੇਣਾ, ਉਹਨਾਂ ਦੀ ਜਗਿਆਸਾ ਨੂੰ ਸ਼ਾਂਤ ਕਰਨਾ ਵੀ ਬਹੁਤ ਜ਼ਰੂਰੀ ਹੈ।
ਕਈ ਅਧਿਆਪਕ ਪੂਰੀ ਤਨਦੇਹੀ ਨਾਲ ਆਪਣੇ ਫ਼ਰਜ਼ ਨਿਭਾਉਣਾ ਜਾਣਦੇ ਹਨ। ਕਈ ਗਲ਼ ਪਿਆ ਢੋਲ ਹੀ ਵਜਾਉਂਦੇ ਹਨ। ਖ਼ੈਰ ਹਰੇਕ ਦੀਆਂ ਆਪਣੇ ਪਰਿਵਾਰਾਂ ਪ੍ਰਤੀ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ। ਪਰ ਇੱਥੇ ਇੱਕ ਗੱਲ ਕਰਨੀ ਬਣਦੀ ਹੈ ਕਿ ਜੇਕਰ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਸਮਝੇ ਤਾਂ ਉਹ ਕਦੇ ਵੀ ਆਪਣੇ ਫਰਜ਼ਾਂ ਤੋਂ ਪਿੱਛੇ ਨਹੀਂ ਹਟੇਗਾ। ਜਿੰਨਾ ਚਿਰ ਅਧਿਆਪਕ ਸਕੂਲ ਵਿੱਚ ਰਹਿੰਦਾ ਹੈ, ਉੰਨਾ ਚਿਰ ਪੂਰੀ ਜ਼ਿੰਮੇਵਾਰੀ ਨਾਲ ਬੱਚਿਆਂ ਦਾ ਧਿਆਨ ਰੱਖੇ। ਸਿੱਖਿਆ ਦੇ ਨਾਲ ਨਾਲ ਉਹਨਾਂ ਨੂੰ ਜ਼ਿੰਦਗੀ ਵਿੱਚ ਆਮ ਸਮੱਸਿਆਵਾਂ ਨਾਲ ਨਜਿੱਠਣ ਦੇ ਢੰਗ ਤਰੀਕੇ ਵੀ ਦੱਸੇ। ਕਈ ਸਰਕਾਰੀ ਅਧਿਆਪਕ ਵੀਰਾਂ ਦੇ ਮਨ ਵਿੱਚ ਇਹ ਗੱਲਾਂ ਉੱਠਦੀਆਂ ਹੋਣਗੀਆਂ, “ਅਸੀਂ ਕੀ ਕਰੀਏ … … ਬਥੇਰਾ ਸਮਝਾਉਨੇ ਆਂ, ਇਹ ਸਮਝਦੇ ਹੀ ਨਹੀਂ। ਮਾਪੇ ਅਨਪੜ੍ਹ ਹਨ, ਘਰੇ ਬੱਚਿਆਂ ਨੂੰ ਪੜ੍ਹਨ ਨਹੀਂ ਬਿਠਾਉਂਦੇ, ਕੰਮਾਂ ਵਿੱਚ ਲਾ ਲੈਂਦੇ ਹਨ। ਰੋਜ਼ ਸਕੂਲ ਨਹੀਂ ਆਉਂਦੇ … … ਅਸੀਂ ਤਾਂ ਔਖੇ ਹੋਏ ਪਏ ਆਂ।” ਗੱਲ ਉਹਨਾਂ ਦੀ ਵੀ ਸਹੀ ਹੋ ਸਕਦੀ ਹੈ ਪਰ ਅਧਿਆਪਕ ਨੂੰ ਆਪਣੀ ਅਸਲ ਕਮਾਈ ਦਾ ਉਦੋਂ ਪਤਾ ਲਗਦਾ ਹੈ ਜਦੋਂ ਕੋਈ ਅਫਸਰ ਉਹਨਾਂ ਕੋਲ ਆ ਕੇ ਆਪਣੀ ਗੱਡੀ ਰੋਕਦਾ ਹੈ ਅਤੇ ਉਹਨਾਂ ਦੇ ਪੈਰੀਂ ਹੱਥ ਲਾ ਕੇ ਆਖਦਾ ਹੈ, “ਤੁਸੀਂ ਮੈਨੂੰ ਪੜ੍ਹਾਇਆ ਸੀ, ਤੁਸੀਂ ਮੇਰੀ ਮਦਦ ਕੀਤੀ ਸੀ ਜਾਂ ਫਿਰ ਤੁਹਾਡੀ ਕਹੀ ਫਲਾਣੀ ਗੱਲ ਮੇਰੇ ਅੰਦਰ ਛਪ ਗਈ ਜਿਸ ਕਰਕੇ ਅੱਜ ਮੈਂ ਇਸ ਮੁਕਾਮ ’ਤੇ ਪਹੁੰਚਿਆ ਹਾਂ।” ਇਸ ਤਰ੍ਹਾਂ ਦੀ ਗੱਲ ਕਿਸੇ ਵੀ ਅਧਿਆਪਕ ਲਈ ਮਾਣ ਵਾਲੀ ਅਤੇ ਰੂਹ ਤਕ ਸਕੂਨ ਪਹੁੰਚਾਉਣ ਵਾਲੀ ਹੁੰਦੀ ਹੈ। ਅਧਿਆਪਕ ਦਾ ਬੱਚਿਆਂ ਦੇ ਮਨਾਂ ਅੰਦਰ ਸੁੱਟਿਆ ਨੇਕੀ ਦਾ ਬੀਜ ਜਦੋਂ ਪੁੰਗਰਦਾ ਹੈ ਤਾਂ ਇਸ ਨੇਕੀ ਦਾ ਜਲੌਅ ਬੇਈਮਾਨਾਂ ਨੂੰ ਭਾਜੜਾਂ ਪਾ ਦਿੰਦਾ ਹੈ। ਮੇਰਾ ਸੋਚਣਾ ਹੈ ਕਿ ਜੇਕਰ ਸਕੂਲ ਵਾਲੇ ਸਮੇਂ ਵਿੱਚ ਵੀ ਅਧਿਆਪਕ ਬੱਚਿਆਂ ਨੂੰ ਇਮਾਨਦਾਰੀ ਨਾਲ ਪੜ੍ਹਾਉਣ, ਉਹਨਾਂ ਦੇ ਪੂਰੇ ਪੀਰੀਅਡ ਲਗਾਉਣ, ਉਹਨਾਂ ਵਿੱਚ ਚੰਗੀਆਂ ਕਿਤਾਬਾਂ ਪੜ੍ਹਨ ਦੀ ਚੇਟਕ ਲਾਉਣ ਤਾਂ ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ। ਸਿੱਧੀ ਜਿਹੀ ਗੱਲ ਹੈ, ਜਦੋਂ ਬੰਦਾ ਤਿਆਰ ਹੋ ਕੇ ਆਪਣੀ ਕਰਮ ਭੂਮੀ ਤਕ ਪਹੁੰਚ ਹੀ ਗਿਆ, ਫਿਰ ਕਰਮ ਕਰਨ ਵਿੱਚ ਤਾਂ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਜਦੋਂ ਬੱਚਿਆਂ ਨੂੰ ਪੜ੍ਹਨ ਲਈ ਕਿਹਾ ਜਾਂਦਾ ਹੈ ਤਾਂ ਬਹੁਤੇ ਬੱਚਿਆਂ ਦਾ ਇਹੀ ਜਵਾਬ ਹੁੰਦਾ ਹੈ, “ਪੜ੍ਹ ਕੇ ਕਿਹੜਾ ਨੌਕਰੀਆਂ ਮਿਲਦੀਆਂ ਨੇ।” ਇਹ ਗੱਲ ਬਿਲਕੁਲ ਸਹੀ ਹੈ ਪਰ ਇਹ ਵੀ ਸਹੀ ਹੈ ਕਿ ਭਾਵੇਂ ਨੌਕਰੀਆਂ ਸਾਰੇ ਪੜ੍ਹੇ ਲਿਖਿਆਂ ਨੂੰ ਨਹੀਂ ਮਿਲਦੀਆਂ ਪਰ ਜਿੰਨਿਆਂ ਨੂੰ ਵੀ ਮਿਲਦੀਆਂ ਹਨ, ਉਹ ਪੜ੍ਹਿਆਂ ਲਿਖਿਆਂ ਨੂੰ ਹੀ ਮਿਲਦੀਆਂ ਹਨ। ਪੜ੍ਹਾਈ ਸਿਰਫ਼ ਨੌਕਰੀ ਪ੍ਰਾਪਤ ਕਰਨ ਲਈ ਨਹੀਂ ਹੁੰਦੀ ਸਗੋਂ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਜਿਊਣ ਲਈ ਵੀ ਗਿਆਨ ਹੋਣਾ ਜ਼ਰੂਰੀ ਹੈ।
ਅਧਿਆਪਕਾਂ ਦੀਆਂ ਆਪਣੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ। ਉਹ ਬੱਚਿਆਂ ਨੂੰ ਝਿੜਕ ਵੀ ਨਹੀਂ ਸਕਦੇ, ਮਾਰਨਾ ਤਾਂ ਦੂਰ ਦੀ ਗੱਲ ਹੈ। ਕਈ ਅਧਿਆਪਕ ਇਹੋ ਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਦੇ ਹੋਏ ਵੀ ਆਪਣੇ ਫ਼ਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹਨ। ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਬਹੁਤ ਸਾਰੇ ਆਪਣੇ ਕਿੱਤੇ ਨੂੰ ਸਮਰਪਿਤ ਹੁੰਦੇ ਹਨ। ਬੱਚਿਆਂ ਦੀ ਬਿਹਤਰੀ ਲਈ ਨਵੇਂ ਨਵੇਂ ਢੰਗ ਤਰੀਕੇ ਖੋਜ ਕੇ, ਉਹਨਾਂ ਨੂੰ ਅਮਲ ਵਿੱਚ ਲਿਆ ਕੇ, ਸਿਖਾਉਣ ਦੇ ਤਰੀਕੇ ਨੂੰ ਦਿਲਚਸਪ ਬਣਾ ਦਿੰਦੇ ਹਨ ਅਤੇ ਇਸਦੇ ਕਮਾਲ ਦੇ ਨਤੀਜੇ ਸਾਹਮਣੇ ਆਉਂਦੇ ਹਨ। ਮੁਆਫ਼ ਕਰਨਾ … … ਕੁਝ ਕੁ ਅਧਿਆਪਕ ਇਹੋ ਜਿਹੇ ਹੁੰਦੇ ਹਨ ਜੋ ਅੱਧਾ ਪੀਰੀਅਡ ਲੰਘਣ ਤੋਂ ਬਾਅਦ ਜਮਾਤ ਵਿੱਚ ਜਾਂਦੇ ਹਨ ਜਾਂ ਪੂਰਾ ਪੀਰੀਅਡ ਜਾਂਦੇ ਹੀ ਨਹੀਂ। ਇੱਕ ਅੱਧਾ ਦਿਨ ਇਸ ਤਰ੍ਹਾਂ ਹੋਵੇ, ਅਣਦੇਖਿਆ ਕੀਤਾ ਜਾ ਸਕਦਾ ਹੈ ਪਰ ਰੋਜ਼ ਰੋਜ਼ ਇਸ ਤਰ੍ਹਾਂ ਕਰਨਾ ਇੱਕ ਅਧਿਆਪਕ ਨੂੰ ਸ਼ੋਭਾ ਨਹੀਂ ਦਿੰਦਾ। ਇਹੋ ਜਿਹੇ ਕੁਝ ਕੁ ਅਧਿਆਪਕ ਆਪਣੇ ਪਵਿੱਤਰ ਕਾਰਜ ’ਤੇ ਦੂਜਿਆਂ ਨੂੰ ਉਂਗਲ ਚੁੱਕਣ ਲਈ ਮਜਬੂਰ ਕਰ ਦਿੰਦੇ ਹਨ। ਇਸ ਤਰ੍ਹਾਂ ਦੀ ਅਣਗਹਿਲੀ ਬੱਚਿਆਂ ਦਾ ਬਹੁਤ ਨੁਕਸਾਨ ਕਰਦੀ ਹੈ।
ਇੱਕ ਵਾਰ ਕਿਸੇ ਅਧਿਆਪਕ ਨੇ ਸਕੂਲ ਦੇ ਬੱਚਿਆਂ ਨੂੰ ਪੁੱਛਿਆ ਕਿ ਉਹਨਾਂ ਨੂੰ ਕਿਹੜਾ ਅਧਿਆਪਕ ਚੰਗਾ ਲਗਦਾ ਹੈ। ਬੱਚਿਆਂ ਨੇ ਇੱਕ ਸਾਂਵਲੀ, ਸਾਦ-ਮੁਰਾਦੀ, ਬੱਚਿਆਂ ਅਤੇ ਸਕੂਲ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਸ਼ਿੱਦਤ ਨਾਲ ਨਿਭਾਉਣ ਵਾਲੀ ਅਧਿਆਪਕਾ ਦਾ ਨਾਂ ਲੈ ਦਿੱਤਾ। ਆਪਣੇ ਆਪ ਨੂੰ ਹਮੇਸ਼ਾ ਖੂਬਸੂਰਤ ਬਣਾਈ ਰੱਖਣ ਵਾਲੀ ਅਧਿਆਪਕਾ, ਜਿਹੜੀ ਆਪਣੇ ਬੁੱਲ੍ਹਾਂ ਦੀ ਫਿੱਕੀ ਹੋਈ ਸੁਰਖ਼ੀ ਨੂੰ ਵੀ ਸਕੂਲ ਵਿੱਚ ਬੈਠੀ ਕਈ ਵਾਰ ਗੂੜ੍ਹੀ ਕਰਦੀ ਸੀ, ਬੱਚਿਆਂ ਦੀ ਗੱਲ ਸੁਣ ਕੇ ਘਬਰਾਹਟ ਮਹਿਸੂਸ ਕਰਨ ਲੱਗੀ। ਦੂਸਰੇ ਦਿਨ ਉਸ ਦਾ ਸਕੂਲ ਜਾਣ ਨੂੰ ਚਿੱਤ ਨਾ ਕਰੇ। ਜੇ ਉਸ ਨੇ ‘ਸੁਹਣਾ ਉਹ ਜੋ ਸੁਹਣੇ ਕੰਮ ਕਰੇ’ ਵਾਲੀ ਇਬਾਰਤ ’ਤੇ ਅਮਲ ਕੀਤਾ ਹੁੰਦਾ ਫਿਰ ਉਸ ਨੂੰ ਚਿੰਤਾ, ਦੁੱਖ, ਘਬਰਾਹਟ ਮਹਿਸੂਸ ਨਹੀਂ ਸੀ ਹੋਣੀ। ਫ਼ਰਜ਼ਾਂ ਤੋਂ ਟਾਲ਼ਾ ਵੱਟਣ ਵਾਲੇ ਅਧਿਆਪਕਾਂ ਨੂੰ ਪਛਾਣਨ ਵਾਲੀ ਅੱਖ ਬੱਚਿਆਂ ਕੋਲ ਵੀ ਹੁੰਦੀ ਹੈ।
ਬੱਚਿਆਂ ਨੂੰ ਸਹੀ ਗਲਤ ਦੱਸਣਾ ਅਧਿਆਪਕਾਂ ਅਤੇ ਮਾਪਿਆਂ ਦੀ ਜ਼ਿੰਮੇਵਾਰੀ ਹੈ। ਘਰੇ ਗਲਤੀਆਂ ਕਰਨ ਦੇ ਉਹਨਾਂ ਕੋਲ ਮੌਕੇ ਨਹੀਂ ਹੁੰਦੇ, ਸਕੂਲ ਵਿੱਚ ਉਸ ਸਮੇਂ ਬੱਚਿਆਂ ਨੂੰ ਮੌਕੇ ਮਿਲਦੇ ਹਨ, ਜਦੋਂ ਉਹਨਾਂ ਨੂੰ ਬਹੁਤੀ ਖੁੱਲ੍ਹ ਦਿੱਤੀ ਜਾਂਦੀ ਹੈ। ਬੱਚੇ ਆਪਣੀ ਨਾਜ਼ੁਕ ਉਮਰ ਦੇ ਦੌਰ ਵਿੱਚੋਂ ਲੰਘ ਰਹੇ ਹੁੰਦੇ ਹਨ, ਜਿਸ ਨੂੰ ਮਨੋਵਿਗਿਆਨੀਆਂ ਨੇ ਕਿਸ਼ੋਰ ਅਵਸਥਾ ਦਾ ਨਾਂ ਦਿੱਤਾ ਹੈ। ਸਾਰੇ ਅਧਿਆਪਕਾਂ ਨੇ ਮਨੋਵਿਗਿਆਨ ਦੀ ਪੜ੍ਹਾਈ ਕੀਤੀ ਹੁੰਦੀ ਹੈ। ਪਰ ਹਾਲਾਤ ਕੁਝ ਇੱਦਾਂ ਦੇ ਹੋ ਗਏ ਹਨ, ਕਈ ਮਾਪੇ ਅਤੇ ਅਧਿਆਪਕ ਬੱਚਿਆਂ ਦੇ ਵਿਹਾਰ ਤੋਂ ਦੁਖੀ ਹੁੰਦੇ ਹਨ, ਉਹ ਚਾਹੁੰਦੇ ਹੋਏ ਵੀ ਉਹਨਾਂ ਨੂੰ ਠੀਕ ਗਲਤ ਨਹੀਂ ਸਮਝਾ ਸਕਦੇ। ਕਿਤੇ ਤਾਂ ਕਮੀ ਹੋਵੇਗੀ। ਕਈ ਅਧਿਆਪਕ ਸੱਚੀਂ ਬੱਚਿਆਂ ਨੂੰ ਗਿਆਨ ਰੂਪੀ ਰੌਸ਼ਨੀ ਦੇਣ ਲਈ ਦੀਵੇ ਵਾਂਗ ਬਲਦੇ ਹਨ। ਪਰ ਕਈ ਆਪਣਾ ਗਿਆਨ ਬੱਚਿਆਂ ਨੂੰ ਵੰਡਣ ਦੀ ਥਾਂ ਆਪਣੇ ਅੰਦਰ ਸਾਂਭ ਕੇ ਹੀ ਰਿਟਾਇਰ ਹੋ ਜਾਂਦੇ ਹਨ। ਦੋ ਚਾਰ ਕੁ ਇੱਦਾਂ ਦੇ ਵੀ ਹੁੰਦੇ ਹਨ, ਜੋ ਬੱਚਿਆਂ ਨੂੰ ਵੰਡੀ ਨਿੱਕੀ ਨਿੱਕੀ ਚੀਜ਼ ਦਾ ਹਿਸਾਬ ਰੱਖਦੇ ਹਨ, ਸਬੂਤ ਤਿਆਰ ਕਰਦੇ ਹਨ ਤਾਂ ਜੋ ਉਹਨਾਂ ਨੂੰ ਸਟੇਟ ਐਵਾਰਡ ਜਾਂ ਕੋਈ ਵੀ ਐਵਾਰਡ ਮਿਲ ਸਕੇ। ਪਰ ਜੇਕਰ ਅਧਿਆਪਕ ਦੀ ਮਿਹਨਤ ਨਾਲ ਬੱਚੇ ਸਹੀ ਰਾਹ ’ਤੇ ਤੁਰਦੇ ਹਨ, ਚੰਗੇ ਨਾਗਰਿਕ, ਚੰਗੇ ਇਨਸਾਨ ਬਣਦੇ ਹਨ, ਇੱਕ ਅਧਿਆਪਕ ਲਈ ਇਸ ਤੋਂ ਵੱਡਾ ਐਵਾਰਡ ਕੋਈ ਨਹੀਂ ਹੋ ਸਕਦਾ। ਸੁਣਨ ਵਿੱਚ ਆਇਆ ਹੈ ਕਿ ਐਵਾਰਡ ਲੈਣ ਲਈ ਅਧਿਆਪਕ ਖੁਦ ਫਾਈਲਾਂ ਤਿਆਰ ਕਰਕੇ ਅਪਲਾਈ ਕਰਦੇ ਹਨ। ਆਮ ਜਿਹਾ ਨਾਗਰਿਕ ਹੋਣ ਦੇ ਨਾਤੇ ਮੈਨੂੰ ਲਗਦਾ ਹੈ ਕਿ ਅਧਿਆਪਕਾਂ ਦਾ ਕੰਮ ਦੇਖ ਕੇ ਮਹਿਕਮਾ ਉਹਨਾਂ ਦੇ ਨਾਂ ਐਵਾਰਡ ਲਈ ਭੇਜੇ।
ਕੁਝ ਵੀ ਹੋਵੇ, ਅਧਿਆਪਕ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਬੱਚੇ ਹਨ। ਉਹਨਾਂ ਨੂੰ ਸਿੱਖਣ ਲਈ ਪ੍ਰੇਰਿਤ ਕਰਨਾ, ਚੰਗੇ ਮਾੜੇ ਰਾਹਾਂ ਦੀਆਂ ਔਕੜਾਂ ਤੋਂ ਬਚਣ ਦੇ ਰਾਹ ਦੱਸਣਾ, ਉਹਨਾਂ ਦਾ ਸਰਬਪੱਖੀ ਵਿਕਾਸ ਕਰਨ ਵਿੱਚ ਸਹਾਈ ਹੋਣਾ, ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨਾ, ਉਹਨਾਂ ਦੀਆਂ ਰਚਨਾਤਮਕ ਰੁਚੀਆਂ ਨੂੰ ਬਾਹਰ ਕੱਢਣਾ, ਸਭ ਤੋਂ ਵੱਡੀ ਗੱਲ ਉਹਨਾਂ ਅੰਦਰ ਚੰਗੇ ਇਨਸਾਨ ਬਣਨ ਦੇ ਗੁਣ ਭਰਨੇ ਬਹੁਤ ਜ਼ਰੂਰੀ ਹਨ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਅਧਿਆਪਕਾਂ ਨੂੰ ਪੂਰਾ ਸਹਿਯੋਗ ਦੇਣ ਤਾਂ ਕਿ ਸੁਹਣੇ ਯਤਨਾਂ ਨਾਲ ਬੱਚਿਆਂ ਦਾ ਭਵਿੱਖ ਖੂਬਸੂਰਤ ਹੋਵੇ, ਸੁਹਣਾ ਸਮਾਜ, ਸੁਹਣਾ ਦੇਸ਼ ਅਤੇ ਸੁਹਣੀ ਦੁਨੀਆਂ ਦੀ ਸਿਰਜਣਾ ਵਿੱਚ ਆਪਣਾ ਬਣਦਾ ਹਿੱਸਾ ਪਾਇਆ ਜਾ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5269)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.