“ਕੁੜੀ ਘਰੇ ਨਹੀਂ ਸੀ। ਰੁਲਦੂ ਦੀਆਂ ਲੱਤਾਂ ਉਸ ਦੇ ਸਰੀਰ ਦਾ ਭਾਰ ਝੱਲਣ ਤੋਂ ਮੁਨਕਰ ...”
(12 ਜੂਨ 2021)
ਰੁਲਦੂ ਨੇ ਦਿਹਾੜੀ ਗਏ ਨੇ ਨਾਲ ਦੇ ਕਾਮਿਆਂ ਦੇ ਮੂੰਹੋਂ ਵੱਡੇ ਵੱਡੇ ਕਹਿੰਦੇ ਕਹਾਉਂਦੇ ਘਰਾਂ ਦੀਆਂ ਕੁੜੀਆਂ ਬਾਰੇ ਸੁਣਿਆ ਕਿ ਕਿਵੇਂ ਉਹ ਆਪਣੇ ਆਪ ਵਿਆਹ ਕਰਾ ਲੈਂਦੀਆਂ ਨੇ। ਉਹ ਵੀ ਘਰੋਂ ਭੱਜ ਕੇ। ਮਾਪਿਆਂ ਦੀ ਪੱਤ ਠਾਣਿਆਂ ਵਿੱਚ ਰੁਲਦੀ ਹੈ ਤੇ ਲੋਕ ਜਿਹੜੇ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ ਉਹ ਵੱਖ। ਨਾ ਕਿਤੇ ਖੜ੍ਹਨ ਜੋਗੇ, ਨਾ ਬੈਠਣ ਜੋਗੇ। ਕਿਹੋ ਜਿਹੀ ਪੁੱਠੀ ’ਵਾ ਵਗ ਪਈ। ਮਾਂ-ਪਿਉ, ਭੈਣ-ਭਾਈ ਸਭ ਦਾ ਪਿਆਰ ਮਿੰਟਾਂ ਵਿੱਚ ਭੁੱਲ ਜਾਂਦੀਆਂ ਨੇ ਮਰ ਜਾਣੀਆਂ। ਰੁਲਦੂ ਤਾਂ ਜਿਵੇਂ ਸੁੰਨ ਹੋ ਗਿਆ ਸੀ ਸੁਣ ਕੇ। ਉਸ ਦੀ ਆਪਣੀ ਧੀ ਵੀ ਸੀ ਸੋਲਾਂ ਸਤਾਰਾਂ ਕੁ ਸਾਲਾਂ ਦੀ। ਰੁਲਦੂ ਦੇ ਦਿਮਾਗ਼ ਵਿੱਚ ਚਿੰਤਾ ਉੱਭਰ ਆਈ। ਜਦੋਂ ਉਹ ਸ਼ਾਮ ਨੂੰ ਘਰ ਆਇਆ ਤਾਂ ਉਸ ਨੇ ਦੇਖਿਆ, ਗੁਆਂਢੀਆਂ ਦਾ ਚਾਰ ਪੰਜ ਸਾਲ ਦਾ ਮੁੰਡਾ ਗੋਲੂ ਉਸ ਦੀ ਧੀ ਨਿੱਕੀ ਕੋਲ ਖੜ੍ਹਾ ਸੀ। ਉਹ ਬੜੇ ਪਿਆਰ ਨਾਲ ਉਸ ਨੂੰ ਕੁਝ ਕਹਿ ਰਹੀ ਸੀ। ਜਦੋਂ ਨਿੱਕੀ ਨੇ ਰੁਲਦੂ ਨੂੰ ਦੇਖਿਆ ਤਾਂ ਫਟਾਫਟ ਮੁੰਡੇ ਦੇ ਹੱਥ ਕੁਝ ਫੜਾਇਆ। ਮੁੰਡੇ ਨੇ ਆਪਣਾ ਹੱਥ ਬੁਨੈਣ ਹੇਠ ਲੁਕੋ ਲਿਆ ਤੇ ਭੱਜ ਗਿਆ।
“ਕੀ ਲੈਣ ਆਇਆ ਤੀ ਉਏ?” ਰੁਲਦੂ ਗੋਲੂ ਦੀ ਬਾਂਹ ਫੜਨ ਲੱਗਿਆ ਪਰ ਉਹ ਹੱਥ ਨਹੀਂ ਆਇਆ।
"ਕੁਛ ਨੀ ਬਾਪੂ, ਊਈਂ ਖੇਡਦਾ ਖੇਡਦਾ ਆ ਗਿਆ।” ਰੁਲਦੂ ਦੀ ਤਸੱਲੀ ਨਾ ਹੋਈ। ਪਰ ਉਹ ਚੁੱਪ ਕਰ ਗਿਆ।
“ਤੇਰੀ ਮਾਂ ਕਿੱਥੇ ਹੈ?”
“ਉਹ ਤਾਂ ਮਾਸੀ ਦਾ ਪਤਾ ਲੈਣ ਗਈ ਐ, ਦੱਸ ਕੇ ਤਾਂ ਗਈ ਐ ਤੈਨੂੰ … ਸੱਤੇ ਨੂੰ ਨਾਲ ਲੈਗੀ। ਕਹਿੰਦੀ ਤੜਕੇ ਸਦੇਹਾਂ ਆ ਜੂੰ।”
“ਇਹਨਾਂ ਦੇ ਪਤਿਆਂ ਨੇ ਅੱਡ ਮਾਰ ਲੇ … ਜਾਣ ਦੀ ਕੀ ਲੋੜ ਤੀ, ਫੂਨ ਕਰ ਕੇ ਪੁੱਛ ਲੈਂਦੀ। ਇੱਕ ਤਾਂ ਊਂ ਚੰਦਰਾ ਟੈਮ ਆ ਗਿਆ … ਦੁਨੀਆਂ ਕਹਿੰਦੀ ਐ ਘਰੋਂ ਬਾਹਰ ਨਾ ਨਿਕਲੋ। ਕੰਮ ਐ … ਉਹ ਮਸਾਂ ਮਿਲਦੈ … ਏਹਨੂੰ ਪਤਾ ਨੀ ਕਦੋਂ ਮੱਤ ਆਊ।”
ਰੁਲਦੂ ਬੁੜਬੁੜ ਕਰਦਾ ਹੱਥ ਪੈਰ ਧੋ ਕੇ ਚੁੱਲ੍ਹੇ ਮੂਹਰੇ ਫੱਟੀ ’ਤੇ ਬੈਠ ਗਿਆ। ਕੁੜੀ ਨੇ ਤਿੰਨ-ਚਾਰ ਰੋਟੀਆਂ ਇਕੱਠੀਆਂ ਹੀ ਥਾਲ਼ੀ ਵਿੱਚ ਰੱਖ ਕੇ ਫੜਾ ਦਿੱਤੀਆਂ ਤੇ ਪਾਣੀ ਦਾ ਕੌਲਾ ਭਰ ਕੇ ਕੋਲ਼ ਰੱਖ ਦਿੱਤਾ। ਰੁਲਦੂ ਨੇ ਰੋਟੀਆਂ ਦੇਖ ਕੇ ਕਿਹਾ, “ਮੈਂ ਨੀ ਰੋਟੀ ਹੋਰ ਲੈਣੀ, ਤੂੰ ਵੀ ਖਾ ਲੈ।”
“ਕੋਈ ਨਾ ਬਾਪੂ, ਮੈਂ ਫੇਰ ਖਾ ਲਊਂ।”
ਧੀ ਵੱਲ ਦੇਖਦਿਆਂ ਉਹ ਸੋਚ ਰਿਹਾ ਸੀ ਨਿੱਕੀ ਸਿਆਣੀ ਤਾਂ ਬਥੇਰੀ ਐ। ਪਰ ਕੀ ਪਤਾ ਬੁੱਧੀ ਕਿਹੜੇ ਵੇਲੇ ਪੁੱਠੇ ਪਾਸੇ ਘੁੰਮ ਜਾਵੇ। ਪਿਉ ਨੂੰ ਰੋਟੀ ਫੜਾ ਕੇ ਕੁੜੀ ਨੇ ਬੱਠਲ਼ ਚੁੱਕ ਕੇ ਪੌੜੀ ਦੇ ਡੰਡੇ ’ਤੇ ਪੈਰ ਰੱਖਿਆ। ਰੁਲਦੂ ਨੂੰ ਕੰਬਣੀ ਜਿਹੀ ਛਿੜੀ।
“ਬਾਪੂ ਮੈਂ ਪਾਥੀਆਂ ਲਿਆਵਾਂ ਕੋਠੇ ’ਤੇ ਸੁੱਕਣੀਆਂ ਰੱਖੀਆਂ ਹੋਈਆਂ ਨੇ।” ਰੁਲਦੂ ਨੇ ਕੋਈ ਜਵਾਬ ਨਾ ਦਿੱਤਾ।
ਨਿੱਕੀ ਛੇਤੀ ਹੀ ਪਾਥੀਆਂ ਲੈ ਕੇ ਹੇਠਾਂ ਆ ਗਈ। ਰੁਲਦੂ ਤੋਂ ਸਾਰੀਆਂ ਰੋਟੀਆਂ ਨਾ ਖਾਧੀਆਂ ਗਈਆਂ। ਉਸ ਨੇ ਇੱਕ ਰੋਟੀ ਬੀਹੀ ਵਿੱਚ ਬੈਠੇ ਕੁੱਤੇ ਨੂੰ ਪਾ ਦਿੱਤੀ।
“ਰੋਟੀ ਕੁੱਤੇ ਨੂੰ ਕਾਹਨੂੰ ਪਾ ਤੀ ਬਾਪੂ …?”
“ਦਰਵੇਸ਼ ਐ ਵਿਚਾਰਾ, ਇਹਨੇ ਕਿਹੜਾ ਆਖਣੈ ਬੀ ਮੈਂਨੂੰ ਰੋਟੀ ਦੇ ਦੋ।” ਰੁਲਦੂ ਥੋੜ੍ਹਾ ਚਿਰ ਬਾਹਰ ਹੀ ਬੈਠਾ ਰਿਹਾ। ਅੱਜ ਉਸ ਨੂੰ ਬੀਹੀ ਵਿੱਚੋਂ ਲੰਘਦੇ ਮੁੰਡੇ ਵੀ ਵਿਹੁ ਵਰਗੇ ਲੱਗ ਰਹੇ ਸਨ। ਜੇ ਕੋਈ ਉਹਨਾਂ ਦੇ ਘਰ ਵੱਲ ਦੇਖਦਾ ਤਾਂ ਰੁਲਦੂ ਉਸ ਨੂੰ ਹੌਲੀ ਜਿਹੀ ਗਾਲ੍ਹ ਕੱਢਦਾ ਤੇ ਇਕੱਲਾ ਹੀ ਬੈਠਾ ਬੁੜਬੁੜਾਉਂਦਾ।
“ਬਾਪੂ! ਆਹ ਖੇਸੀ ਦੀ ਬੁੱਕਲ ਮਾਰ ਲੈ … ਠੰਢ ਹੋਗੀ।” ਨਿੱਕੀ ਨੇ ਖੇਸੀ ਫੜਾਉਂਦਿਆਂ ਕਿਹਾ।
“ਤੂੰ ਕੰਮ ਨਿਬੇੜ ਲੈ ਪਹਿਲਾਂ …।” ਰੁਲਦੂ ਖਿਝ ਕੇ ਬੋਲਿਆ।
“ਮੈਂ ਸਾਰੇ ਕੰਮ ਨਿਬੇੜ ਲੇ।”
ਰੁਲਦੂ ਨੇ ਆਲੇ ਦੁਆਲੇ ਦੇਖਿਆ। ਸੱਚੀ ਸਾਰੇ ਕੰਮ ਨਿੱਬੜੇ ਹੋਏ ਸਨ। ਉਹ ਉੱਠ ਕੇ ਅੰਦਰ ਚਲਾ ਗਿਆ।
ਰੁਲਦੂ ਨੂੰ ਨੀਂਦ ਨਹੀਂ ਸੀ ਆ ਰਹੀ। ਉਸ ਦੇ ਦਿਮਾਗ ਵਿੱਚ ਕਾਮਿਆਂ ਦੀਆਂ ਕਹੀਆਂ ਗੱਲਾਂ ਘੁੰਮ ਰਹੀਆਂ ਸਨ। ਫਿਰ ਨਿੱਕੀ ਨੇ ਗੋਲੂ ਨੂੰ ਕਾਗਜ਼ ਦਾ ਟੁਕੜਾ ਫੜਾਇਆ ਸੀ। ਉਹਦੇ ਵਿੱਚ ਕੀ ਲਿਖਿਆ ਹੋਊ? ਕਿਸ ਨੂੰ ਭੇਜਿਆ ਹੋਊ? ਰੁਲਦੂ ਦਾ ਜੀਅ ਕਰਦਾ ਸੀ ਕੁੜੀ ਦਾ ਗਲਾ ਘੁੱਟ ਦੇਵੇ। ਬਦਨਾਮੀ ਨਾਲੋਂ ਤਾਂ ਚੰਗਾ ਈ ਐ ਮਰ ਜਾਵੇ। ਨਿੱਕੀ ਨੂੰ ਵੀ ਨੀਂਦ ਨਹੀਂ ਸੀ ਆ ਰਹੀ। ਉਸ ਨੇ ਉੱਠ ਕੇ ਪਾਣੀ ਪੀਤਾ ਤੇ ਬੱਤੀ ਬੁਝਾ ਦਿੱਤੀ।
ਬੀਹੀ ਵਾਲੀਆਂ ਲਾਈਟਾਂ ਦਾ ਚਾਨਣ ਦਰਵਾਜ਼ੇ ਦੀਆਂ ਝੀਥਾਂ ਵਿੱਚ ਦੀ ਅੰਦਰ ਆ ਰਿਹਾ ਸੀ। ਉਹ ਮੰਜੇ ’ਤੇ ਕਿੰਨੀ ਦੇਰ ਬੈਠੀ ਰਹੀ। ਰੁਲਦੂ ਥੋੜ੍ਹਾ ਖੰਘਿਆ। ਕੁੜੀ ਚੁੱਪ ਕਰਕੇ ਲੇਟ ਗਈ। ਵਾਰ ਵਾਰ ਪਾਸੇ ਪਰਤਦੀ ਰਹੀ। ਅੱਗੇ ਤਾਂ ਕਦੇ ਨਹੀਂ ਸੀ ਕਰਦੀ ਇਸ ਤਰ੍ਹਾਂ। ਕੁਝ ਦੇਰ ਬਾਅਦ ਕੁੜੀ ਦੀ ਹਿਲਜੁਲ ਬੰਦ ਹੋਈ। ਰੁਲਦੂ ਦਾ ਮਨ ਵੀ ਟਿਕ ਗਿਆ। ਥੱਕਿਆ ਹੋਣ ਕਰਕੇ ਉਸ ਦੀ ਅੱਖ ਲੱਗ ਗਈ। ਅੱਧੀ ਕੁ ਰਾਤ ਨੂੰ ਖੜਕਾ ਹੋਇਆ ਤਾਂ ਰੁਲਦੂ ਦੀ ਅੱਖ ਖੁੱਲ੍ਹ ਗਈ। ਇੱਕ ਪਰਛਾਵਾਂ ਉਹਨਾਂ ਦੇ ਟਰੰਕਾਂ ਵਾਲੇ ਪਾਸੇ ਨਜ਼ਰੀਂ ਪਿਆ। ਉਸ ਨੇ ਮੰਜੇ ਦੀ ਬਾਹੀ ਨਾਲ ਬਿਸਤਰੇ ਹੇਠਾਂ ਰੱਖੇ ਗੰਡਾਸੇ ਨੂੰ ਹੱਥ ਪਾਇਆ। ਧਿਆਨ ਨਾਲ ਦੇਖਣ ’ਤੇ ਔਰਤ ਦਾ ਆਕਾਰ ਲੱਗਿਆ ਹੋਰ ਨੀਝ ਨਾਲ ਦੇਖਿਆ ਤਾਂ ਨਿੱਕੀ ਸੀ। ਉਹ ਟਰੰਕ ਨੂੰ ਥੋੜ੍ਹਾ ਕੁ ਖੋਲ੍ਹ ਕੇ ਉਸ ਵਿੱਚੋਂ ਕੁਝ ਕੱਢ ਰਹੀ ਸੀ ਤੇ ਫਿਰ ਮੰਜੇ ’ਤੇ ਆ ਪਈ। ਰੁਲਦੂ ਨੂੰ ਸਿਰਫ਼ ਕਾਗਜ਼ਾਂ ਦਾ ਖੜਾਕ ਹੀ ਸੁਣਿਆ। ਉਹ ਸੁੰਨ ਹੋ ਗਿਆ। ਉਸ ਤੋਂ ਬਾਅਦ ਰੁਲਦੂ ਨਹੀਂ ਸੁੱਤਾ। ਉੱਠ ਕੇ ਬੂਹੇ ਨੂੰ ਅੰਦਰੋਂ ਹੀ ਜਿੰਦਾ ਲਾ ਦਿੱਤਾ ਤੇ ਚਾਬੀ ਆਪਣੇ ਕੋਲ ਰੱਖ ਲਈ। ਕੁੜੀ ਨੇ ਇੱਕ ਦੋ ਵਾਰ ਉੱਠ ਕੇ ਪਾਣੀ ਪੀਤਾ। ਉਹ ਸਵੇਰੇ ਥੋੜ੍ਹਾ ਦੇਰ ਨਾਲ ਉੱਠੀ। ਉਸ ਦੇ ਉੱਠਣ ਤੋਂ ਪਹਿਲਾਂ ਰੁਲਦੂ ਨੇ ਜਿੰਦਾ ਖੋਲ੍ਹ ਦਿੱਤਾ। ਉਹ ਸੋਟੀ ਚੁੱਕ ਕੇ ਬਾਹਰ ਖੇਤਾਂ ਵੱਲ ਨੂੰ ਹੋ ਤੁਰਿਆ। ਪਤਾ ਨਹੀਂ ਕੀ ਦਿਮਾਗ ਵਿੱਚ ਆਇਆ, ਰਸਤੇ ਵਿੱਚੋਂ ਹੀ ਮੁੜ ਆਇਆ। ਘਰੇ ਆ ਕੇ ਦੇਖਿਆ, ਬੂਹੇ ਨੂੰ ਕੁੰਡਾ ਲੱਗਿਆ ਸੀ। ਕੁੜੀ ਘਰੇ ਨਹੀਂ ਸੀ। ਰੁਲਦੂ ਦੀਆਂ ਲੱਤਾਂ ਉਸ ਦੇ ਸਰੀਰ ਦਾ ਭਾਰ ਝੱਲਣ ਤੋਂ ਮੁਨਕਰ ਹੋਣ ਲੱਗੀਆਂ। ਅੱਖਾਂ ਅੱਗੇ ਨ੍ਹੇਰਾ ਆਉਣ ਲੱਗਾ, ਧਰਤੀ ਘੁੰਮਦੀ ਜਾਪੀ। ਅੱਖਾਂ ਬੰਦ ਕਰ ਕੇ ਰੁਲਦੂ ਨੇ ਦੋਵੇਂ ਹੱਥਾਂ ਨਾਲ ਸੋਟੀ ਘੁੱਟ ਕੇ ਫੜ ਲਈ। ਮੱਥਾ ਸੋਟੀ ਨਾਲ ਲਾ ਕੇ ਬੈਠ ਗਿਆ। ਜ਼ਮੀਨ ਫਟਣ ਦੀ ਉਡੀਕ ਕਰਨ ਲੱਗਿਆ ਜਾਂ ਸ਼ਾਇਦ ਦੁਆ ਵੀ ਕਰ ਰਿਹਾ ਸੀ। ਆਪਣੇ ਆਪ ਨੂੰ ਲਾਹਨਤਾਂ ਪਾ ਰਿਹਾ ਸੀ ਉਹ ਕਿਉਂ ਘਰੋਂ ਗਿਆ।
"ਬਾਪੂ ਕੀ ਹੋ ਗਿਆ … ਐਂ ਕਾਹਤੋਂ ਬੈਠ ਗਿਆ?” ਨਿੱਕੀ ਨੇ ਕੋਲ ਨੂੰ ਹੋ ਕੇ ਪੁੱਛਿਆ।
“ਕਿੱਧਰ ਗਈ ਤੀ ਤੂੰ?” ਰੁਲਦੂ ਥੋੜ੍ਹਾ ਸੰਭਲਿਆ।
“ਆਟਾ ਲੈਣ ਗਈ ਤੀ ਗੋਲੂ ਕੇ ਘਰੋਂ … ਆਪਣੇ ਹੈ ਨੀ ... ਪਿਹਾਉਣ ਆਲ਼ੈ।”
ਗੋਲ਼ੂ ਦਾ ਨਾਂ ਸੁਣ ਕੇ ਉਸ ਨੂੰ ਕਚੀਚੀ ਜਿਹੀ ਚੜ੍ਹੀ। ਨਿੱਕੀ ਰੋਟੀ ਪਾਣੀ ਦਾ ਆਹਰ ਕਰਨ ਵਿੱਚ ਰੁੱਝ ਗਈ। ਰੁਲਦੂ ਅੰਦਰੋਂ ਛੋਟੀ ਜਿਹੀ ਮੰਜੀ ਚੁੱਕ ਲਿਆਇਆ ਅਤੇ ਉਸ ਉੱਤੇ ਹੀ ਟੇਢਾ ਜਿਹਾ ਹੋ ਕੇ ਪੈ ਗਿਆ। ਫਿਰ ਉੱਠ ਕੇ ਅੰਦਰ ਚਲਾ ਗਿਆ। ਆਟੇ ਵਾਲੇ ਪੀਪੇ ਵਿੱਚ ਹੱਥ ਮਾਰਿਆ, ਸੱਚੀਂ ਖਾਲੀ ਸੀ। ਐਨੇ ਨੂੰ ਰੁਲਦੂ ਦੀ ਘਰਵਾਲੀ ਕੈਲੋ ਆ ਗਈ। ਆਉਂਦਿਆਂ ਹੀ ਰੁਲਦੂ ਨੂੰ ਬੋਲੀ, “ਦਿਹਾੜੀ ’ਤੇ ਨੀ ਗਿਆ?”
“ਅੱਜ ਚਿੱਤ ਨੀ ਰਾਜੀ।” ਰੁਲਦੂ ਬੇਚੈਨੀ ਵਿੱਚ ਕਦੇ ਅੰਦਰ ਜਾਵੇ ਤੇ ਕਦੇ ਬਾਹਰ।
“ਜੇ ਚਿੱਤ ਨੀ ਰਾਜੀ ਦਵਾਈ ਲਿਆ … ਪੈ ਜਾ ਟਿਕ ਕੇ।” ਕੈਲੋ ਨੇ ਦੇਖਿਆ ਪਾਣੀ ਵਾਲੇ ਭਾਂਡੇ ਵੀ ਖਾਲੀ ਪਏ ਸਨ।
“ਨਾ ਪਾਣੀ ਭਰਿਆ ਅੱਜ … ਇੱਕ ਦਿਨ ਵਗ ਜਾਂ ਕਿਤੇ … ਸਾਰੇ ਟੱਬਰ ਨੂੰ ਮੌਜ ਲੱਗ ਜਾਂਦੀ ਐ।ਕੰਮ ਛੱਡ ਛੱਡ ਬਹਿ ਜਾਂਦੇ ਨੇ ਸਾਰੇ।”
“ਬੇਬੇ! ਮੈਂ ਪਾਣੀ ਭਰਨ ਜਾਣ ਲੱਗੀ ਤੀ ਬਾਪੂ ਕਹਿੰਦਾ ਟੂਟੀ ’ਤੇ ਬਾਹਲ਼ੀ ਭੀੜ ਐ … ਅਜੇ ਨਾ ਜਾਹ।” ਨਿੱਕੀ ਨੇ ਬਾਲਟੀ ਚੁੱਕਦਿਆਂ ਕਿਹਾ।
“ਜਾਹ ਵੇ … ਅਜੇ ਹੈਗਾ ਟੈਮ ਭੱਜ ਜਾ ਸਕੂਲ ਨੂੰ। ਸਾਰਾ ਦਿਨ ਪੈਰ ਮਾਰਦਾ ਫਿਰੇਂਗਾ ਇੱਥੇ। ਮਾਸਟਰ ਵਿਚਾਰੇ ਘਰੋਂ ਲੈਣ ਆਉਣਗੇ ਨਹੀਂ ਤਾਂ ਫੇਰ।” ਮੁੰਡੇ ਦਾ ਬਸਤਾ ਫੜਾਉਂਦਿਆਂ ਕਿਹਾ।
“ਸਕੂਲਾਂ ਦਾ ਕਿਹੜਾ ਪਤਾ ਲਗਦਾ, ਕਦੋਂ ਬੰਦ ਕਰ ਦੇਣ ...।” ਕੈਲੋ ਨੇ ਸ਼ਾਇਦ ਆਪਣੇ ਆਪ ਨੂੰ ਆਖਿਆ।
“ਰੋਟੀ ਤਾਂ ਖਾ ਲੈਣ ਦੇ ਉਹਨੂੰ।” ਰੁਲਦੂ ਨੇ ਮੁੰਡੇ ਵੱਲ ਦੇਖ ਕੇ ਕਿਹਾ।
“ਰੋਟੀ ਖਵਾ ਕੇ ਭੇਜਿਆ ਏਹਦੀ ਮਾਸੀ ਨੇ।”
ਕੁੜੀ ਪਾਣੀ ਲੈਣ ਚਲੀ ਗਈ ਤੇ ਮੁੰਡਾ ਸਕੂਲ। ਰੁਲਦੂ ਨੇ ਮੌਕਾ ਦੇਖ ਕੇ ਕੈਲੋ ਨੂੰ ਕੱਲ੍ਹ ਸੁਣੀਆਂ ਸਾਰੀਆਂ ਗੱਲਾਂ ਸੁਣਾ ਦਿੱਤੀਆਂ।
“ਮੈਂਨੂੰ ਪਤੈ ਸਾਰੀਆਂ ਗੱਲਾਂ ਦਾ … ਭਾਵੇਂ ਪੰਜੇ ਉਂਗਲਾਂ ਬਰਾਬਰ ਨੀ ਹੁੰਦੀਆਂ ਫੇਰ ਵੀ ਆਪਾਂ ਧੀਆਂ ਭੈਣਾਂ ਵਾਲਿਆਂ ਨੂੰ ਇਹ ਗੱਲਾਂ ਸੋਂਹਦੀਆਂ ਨੀ।”
ਰੁਲਦੂ ਹੈਰਾਨੀ ਨਾਲ ਦੇਖ ਰਿਹਾ ਸੀ ਕਿ ਔਰਤਾਂ ਦੇ ਗੱਲ ਪਚਦੀ ਤਾਂ ਨੀ ਹੁੰਦੀ, ਪਤਾ ਨਹੀਂ ਇਹਨੇ ਕਿਵੇਂ ਪਚਾ ਲਈ।
ਕੈਲੋ ਗੁੱਸੇ ਵਾਲੀ ਤਾਂ ਜ਼ਰੂਰ ਸੀ ਪਰ ਘਰ ਪਰਿਵਾਰ ਸੰਭਾਲ ਕੇ ਰੱਖਣ ਵਾਲੀ ਔਰਤ ਸੀ। ਕੰਮ ਨੂੰ ਤਾਂ ਹੱਥਾਂ ਪੈਰਾਂ ਨਾਲ ਲਾ ਕੇ ਲੈ ਜਾਂਦੀ। ਜਿੰਨਾ ਕੰਮ ਕਰਦੀ ਉੰਨਾ ਹੀ ਵੱਧ ਉਸ ਨੂੰ ਗੁੱਸਾ ਆਉਂਦਾ।
“ਤੂੰ ਹੋਰ ਨਾ ਕਿਸੇ ਕੋਲੇ ਭਕਾਈ ਮਾਰ ਦੀਂ।” ਉਸ ਨੇ ਰੁਲਦੂ ਨੂੰ ਤਾੜਨਾ ਕੀਤੀ। ਇਸ ਤੋਂ ਬਾਅਦ ਰੁਲਦੂ ਨੇ ਪਤਾ ਨਹੀਂ ਕੀ ਕਿਹਾ, ਉਹ ਮੱਥਾ ਫੜ ਕੇ ਬਹਿ ਗਈ। ਇੰਨੇ ਨੂੰ ਕੁੜੀ ਪਾਣੀ ਲੈ ਕੇ ਆ ਗਈ ਤੇ ਪਾਣੀ ਤੌੜੇ ਵਿੱਚ ਪਾ ਦਿੱਤਾ।
“ਲਿਆ ਫੜਾ ਉਰ੍ਹਾਂ ਬਾਲਟੀ … ਮੈਂ ਲਿਆਉਨੀ ਆਂ ਪਾਣੀ।” ਕੈਲੋ ਨੇ ਕੁੜੀ ਹੱਥੋਂ ਬਾਲਟੀ ਖਿੱਚ ਲਈ। ਕੁੜੀ ਦਾ ਹੱਥ ਸੂਤਿਆ ਗਿਆ ਉਸ ਨੇ ਲਾਲ ਹੋਈਆਂ ਉਂਗਲਾਂ ਨੂੰ ਝਟਕਿਆ ਤੇ ਮਾਂ ਵੱਲ ਹੈਰਾਨੀ ਨਾਲ ਤੱਕਿਆ। ਕੈਲੋ ਬਹੁਤ ਬੇਚੈਨ ਸੀ। ਟੂਟੀ ਤੋਂ ਪਾਣੀ ਦੀ ਬਾਲਟੀ ਭਰ ਕੇ ਲਿਆਉਣ ਤਕ ਉਸ ਦੇ ਅੰਦਰ ਪਤਾ ਨਹੀਂ ਕੀ ਘਮਸਾਨ ਮਚਿਆ ਹੋਇਆ ਸੀ। ਅੰਦਰ ਦਾ ਫਿਕਰ ਚਿਹਰੇ ’ਤੇ ਸਾਫ਼ ਝਲਕ ਰਿਹਾ ਸੀ। ਉਸ ਨੇ ਰੁਲਦੂ ਕੋਲ ਜਾ ਕੇ ਹੌਲੀ ਦੇਣੇ ਪੁੱਛਿਆ, “ਤੈਨੂੰ ਪੱਕਾ ਪਤੈ ਬਈ ਨਿੱਕੀ ਨੇ ਗੋਲੂ ਨੂੰ ਕੁਛ ਫੜਾਇਆ ਤੀ?”
“ਹਾਂ … ਉਹਨੇ ਬੁਨੈਣ ਹੇਠਾਂ ਲੁਕੋ ਲਿਆ। ਮੈਂਨੂੰ ਕਾਗਤ ਲੱਗਿਆ … ਤੈਨੂੰ ਕਿਹਾ ਤੀ, ਕੁੜੀ ਨੂੰ ਨਾ ਪੜ੍ਹਾ। ਅਖੇ ਚਾਰ ਅੱਖਰਾਂ ਦੀ ਸਿਆਣੂ ਹੋ ਜੂ, ਪੰਜ ਸੱਤ ਜਮਾਤਾਂ ਕਰਾ ਲੈਨੇ ਆਂ। ਹੁਣ ਸਾਂਭ ਲੈ ਆਪਣੀ ਨੂੰ ਪਤਾ ਨੀਂ ਕਿਸ ਨੂੰ ਪਾਉਂਦੀ ਐ ਚਿੱਠੀਆਂ …।”
“ਜੇ ਹੁਣ ਬੋਲਿਐਂ ਸੀਰਮੇ ਪੀ ਜੂੰ … ਪਹਿਲਾਂ ਤੇਰੇ … ਫੇਰ ਤੇਰੀ ਧੀ ਦੇ।” ਰੁਲਦੂ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਕੈਲੋ ਨੇ ਪੂਰੇ ਗੁੱਸੇ ਨਾਲ ਦੰਦ ਕਰੀਚਦਿਆਂ ਪਰ ਦਬਵੀਂ ਆਵਾਜ਼ ਵਿੱਚ ਕਿਹਾ।
ਕੈਲੋ ਨੰਗੇ ਪੈਰੀਂ ਹੀ ਗੋਲੂ ਹੁਰਾਂ ਦੇ ਘਰ ਵੱਲ ਤੁਰ ਪਈ।
“ਹੇ ਸੱਚੇ ਪਾਤਸ਼ਾਹ! ਲਾਜ ਰੱਖੀਂ।” ਅਸਮਾਨ ਵੱਲ ਦੇਖ ਕੇ ਕੈਲੋ ਨੇ ਦੋਵੇਂ ਹੱਥ ਜੋੜੇ।
ਗੋਲੂ ਦੀ ਮਾਂ ਬਿਮਾਰ ਸੀ ਉਹ ਹੌਲੀ ਹੌਲੀ ਭਾਂਡੇ ਮਾਂਜ ਰਹੀ ਸੀ ਤੇ ਨਾਲੇ ਹੂੰਗਰ ਜਿਹੀ ਮਾਰ ਰਹੀ ਸੀ। ਕੈਲੋ ਵਿਹੜੇ ਵੜਦਿਆਂ ਹੀ ਇੱਧਰ ਉੱਧਰ ਦੇਖਣ ਲੱਗੀ। ਉਸ ਦੀਆਂ ਨਜ਼ਰਾਂ ਗੋਲੂ ਨੂੰ ਲੱਭ ਰਹੀਆਂ ਸਨ।
“ਹੋਰ ਠੀਕ ਐਂ ਭੈਣੇ … ?” ਉਸ ਨੇ ਗੋਲੂ ਦੀ ਮਾਂ ਦੀ ਹਾਲਤ ਦੇਖ ਕੇ ਪੁੱਛਿਆ। ਗੋਲੂ ਦੀ ਮਾਂ ਨੇ ਤਕਲੀਫ਼ ਹੁੰਦਿਆਂ ਵੀ ‘ਹਾਂ’ ਵਿੱਚ ਸਿਰ ਹਿਲਾ ਦਿੱਤਾ।
“ਕੱਲ੍ਹ ਆਥਣੇ ਗੋਲੂ ਰੋਵੇ … ਕਹਿੰਦਾ ਭੁੱਖ ਲੱਗੀ ਐ। ਮੈਥੋਂ ਉੱਠਿਆ ਨੀ ਗਿਆ ... ਤਾਪ ਚੜ੍ਹਿਆ ਪਿਆ ਤੀ ਅੰਤਾਂ ਦਾ। ਫਿਰ ਬਾਹਰ ਨੂੰ ਤੁਰ ਗਿਆ ਰੋਂਦਾ ਰੋਂਦਾ। ਬਚਾਰੀ ਨਿੱਕੀ ਨੇ ਰੋਟੀਆਂ ਕਾਗਤ ਵਿੱਚ ਲਪੇਟ ਕੇ ਦੇ ’ਤੀਆਂ ਅੰਬ ਦੇ ’ਚਾਰ ਨਾਲ … ਉਹੀ ਖਾ ਕੇ ਸੌਂ ਗਿਆ।” ਬੋਲਦਿਆਂ ਬੋਲਦਿਆਂ ਗੋਲੂ ਦੀ ਮਾਂ ਖੰਘਣ ਲੱਗ ਪਈ।
ਗੋਲੂ ਦੀ ਮਾਂ ਦੀ ਗੱਲ ਸੁਣ ਕੇ ਕੈਲੋ ਦਾ ਮਨ ਸ਼ਾਂਤ ਹੋ ਗਿਆ।
“ਕੋਈ ਨਾ ਭੈਣੇ ਰੋਟੀ ਦੀ ਕੀ ਗੱਲ ਐ, ਜੁਆਕਾਂ ਤੋਂ ਭੁੱਖ ਨੀ ਝੱਲੀ ਜਾਂਦੀ। ਸਾਡੀ ਨਿੱਕੀ ਤੇ ਉਹਦਾ ਪਿਓ ਵੀ ਭੁੱਖ ਨੀ ਝੱਲ ਸਕਦੇ।” ਕੈਲੋ ਨੂੰ ਗੋਲੂ ਬਾਰੇ ਪੁੱਛਣ ਦੀ ਜ਼ਰੂਰਤ ਹੀ ਨਾ ਪਈ।
“ਭੈਣੇ ਤੂੰ ਟੀਕਾ ਟੂਕਾ ਲਵਾ ਲੈ। ਕੰਮ ਕਰਨ ਨੂੰ ਤਾਂ ਮੈਂ ਨਿੱਕੀ ਨੂੰ ਭੇਜ ਦਿੰਨੀ ਆਂ। ਤੂੰ ਪੈ ਜਾ ... ’ਰਾਮ ਕਰ। ਇੱਕ ਤਾਂ ਆਹ ਨਪੁੱਤੇ ਦੀ ਕਨੋਨਾ ਕਨੂਨਾ ਨਵੀਂ ਬਿਮਾਰੀ ਚੱਲ ਪੀ … ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਈ ਦਿਲ ਬੈਠਣ ਲੱਗ ਜਾਂਦੈ …।”
ਕੈਲੋ ਕਾਹਲੇ ਕਦਮੀਂ ਆਪਣੇ ਘਰੇ ਆ ਗਈ ਉਸ ਨੇ ਨਿੱਕੀ ਨੂੰ ਕੰਮ ਕਰਨ ਲਈ ਗੋਲੂ ਦੇ ਘਰੇ ਭੇਜ ਦਿੱਤਾ। ਰੁਲਦੂ ਅੰਦਰ ਬੈਠਾ ਦੰਦ ਕਰੀਚ ਰਿਹਾ ਸੀ। ਕੈਲੋ ਨੇ ਅੰਦਰ ਜਾ ਕੇ ਰੁਲਦੂ ਨੂੰ ਰੋਟੀਆਂ ਦੇਣ ਬਾਰੇ ਦੱਸ ਦਿੱਤਾ।
“ਪਰ ਉਹਨੇ ਲੁਕੋਈਆਂ ਕਿਉਂ? ਨਾਲ਼ੇ ਮੈਂਨੂੰ ਦੇਖਣ ਸਾਰ ਭਜਾ ’ਤਾ।”
“ਓਹਨੂੰ ਪਤੈ … ਬਈ ਮੇਰਾ ਪਿਓ ਕਿਸੇ ਨੂੰ ਪਿੰਡੇ ਦੀ ਜੂੰ ਦੇ ਕੇ ਤਾਂ ਰਾਜੀ ਨੀ … ਡਰਗੀ ਹੋਊ ਬੀ ਤੂੰ ਕਲੇਸ਼ ਕਰੇਂਗਾ ਫੇਰ।”
“ਟਰੰਕ ਕਿਉਂ ਖੋਲ੍ਹਿਆ ਫੇਰ?”
ਇਸ ਗੱਲ ਨੇ ਕੈਲੋ ਨੂੰ ਵੀ ਥੋੜ੍ਹਾ ਫਿਕਰ ਵਿੱਚ ਪਾ ਦਿੱਤਾ। ਬਿਸਤਰਿਆਂ ਵਾਲੇ ਮੰਜੇ ਦੀ ਖੱਲ ਵਿੱਚ ਟਰੰਕ ਪਿਆ ਹੋਇਆ ਸੀ। ਕੈਲੋ ਬੁੜਬੁੜ ਕਰਦੀ ਪਹਿਲਾਂ ਬਿਸਤਰੇ ਸੁਆਰ੍ਹੇ ਕਰ ਕੇ ਰੱਖਣ ਲੱਗੀ। ਬਿਸਤਰੇ ਵਿੱਚੋਂ ਰੇਤਾ ਜਿਹਾ ਝੜਿਆ।
“ਬਿਸਤਰੇ ਤਾਂ ਝਾੜ ਕੇ ਰੱਖ ਦਿਆ ਕਰੋ।” ਕੈਲੋ ਨੇ ਰੁਲਦੂ ਨੂੰ ਖਿਝਦਿਆਂ ਆਖਿਆ।
“ਤੂੰ ਜਿਹੜਾ ਕੰਮ ਕਰਨੈ ਉਹ ਕਰ ਪਹਿਲਾਂ।” ਰੁਲਦੂ ਵੀ ਅੱਗੋਂ ਖਿਝ ਕੇ ਪਿਆ।
ਕੈਲੋ ਨੇ ਕੁੱਜੇ ਵਿੱਚੋਂ ਚਾਬੀ ਚੁੱਕੀ, ਟਰੰਕ ਨੂੰ ਲੱਗੀ ਜਿੰਦੀ ਖੋਲ੍ਹਣ ਲੱਗੀ। ਪਰ ਉਹ ਤਾਂ ਪਹਿਲਾਂ ਹੀ ਖੁੱਲ੍ਹੀ ਹੋਈ ਸੀ।
“ਆਹ ਦੇਖ ਲੈ … ਜਿੰਦੀ ਵੀ ਖੁੱਲ੍ਹੀ ਹੋਈ ਐ।” ਰੁਲਦੂ ਨੂੰ ਆਪਣੀ ਗੱਲ ਦਾ ਜਿਵੇਂ ਸਬੂਤ ਮਿਲ ਗਿਆ ਹੋਵੇ।
“ਦੇਖ ਕੇ ਕੋਈ ਮੁੰਡਾ … ਜਿਹਾ ਜਾ ਵੀ ਮਿਲਦਾ ਇਸ ਕੁੜੀ ਦਾ ਰੱਸਾ ਤਾਂ ਲਬ੍ਹੇਟ ਦਿੰਨੇ ਆਂ ਐਤਕੀਂ।”
“ਤੂੰ ਚੁੱਪ ਕਰ ਕੇ ਖੜ੍ਹਾ ਰਹਿ।”
“ਤੂੰ ਟਰੰਕ ਵਿੱਚ ਸਮਾਨ ਦੇਖ।”
ਦੋਵੇਂ ਇੱਕ ਦੂਜੇ ਨੂੰ ਖਿਝ ਖਿੱਝ ਪੈ ਰਹੇ ਸਨ।
“ਟਰੰਕ ਵਿੱਚ ਦੱਸ ਤੇਰਾ ਕੀ ਰੱਖਿਆ ਹੋਇਆ … ਦੋ ਚਾਰ ਕੱਪੜੇ ਨੇ … ।” ਟਰੰਕ ਫਰੋਲਦਿਆਂ ਕੈਲੋ ਬੋਲ ਰਹੀ ਸੀ। ਪਰ ਅੰਦਰੋਂ ਉਹ ਵੀ ਡਰੀ ਹੋਈ ਸੀ।
“ਸਾਰਾ ਸਮਾਨ ਪਿਆ ਐ … ਆਹ ਇੱਕ ਦੋ ਚਾਂਦੀ ਦੀਆਂ ਟੂੰਮੜੀਆਂ ਕਰਾ ਕੇ ਰੱਖੀਆਂ ਹੋਈਆਂ ਨੇ, ਉਹ ਵੀ ਪਈਆਂ ਨੇ।” ਕੈਲੋ ਇੱਕ ਦਮ ਤ੍ਰਭਕੀ। ਟਰੰਕ ਖੁੱਲ੍ਹਾ ਛੱਡ ਕੇ ਉਸ ਨੇ ਕੁੜੀ ਦਾ ਬਿਸਤਰਾ ਝਾੜਿਆ। ਭੋਰਾ ਚੂਰਾ ਜਿਹਾ ਝੜਿਆ। ਉਸ ਨੇ ਉਂਗਲੀਆਂ ਨਾਲ ਚੁੱਕ ਕੇ ਦੇਖਿਆ। ਉਸ ਦੇ ਚਿਹਰੇ ਦੇ ਹਾਵ-ਭਾਵ ਬਦਲ ਰਹੇ ਸਨ।
“ਕੀ ਡਰਾਮੇ ਜੇ ਕਰੀ ਜਾਨੀ ਐਂ … ਦੱਸ ਤਾਂ ਸਈ ਕੀ ਨੀ ਹੈਗਾ ਏਹਦੇ ’ਚ?”
ਕੈਲੋ ਨੇ ਟਰੰਕ ਵਿੱਚੋਂ ਬਿਸਕੁਟਾਂ ਦੀ ਡੱਬੀ ਕੱਢੀ ਜੋ ਆਏ ਗਏ ਵਾਸਤੇ ਲੁਕੋ ਕੇ ਰੱਖੀ ਹੋਈ ਸੀ। ਡੱਬੀ ਖੁੱਲ੍ਹੀ ਹੋਈ ਸੀ।
“ਕੀ ਹੋਇਆ?” ਰੁਲਦੂ ਨੇ ਕਾਹਲੀ ਵਿੱਚ ਪੁੱਛਿਆ।
“ਤੂੰ ਅਜੇ ਵੀ ਨੀ ਸਮਝਿਆ? ਨਿੱਕੀ ਨੇ ਆਪਣੀਆਂ ਰੋਟੀਆਂ ਗੋਲੂ ਨੂੰ ਦੇ ’ਤੀਆਂ ਤੇ ਆਪ ਸਾਰੀ ਰਾਤ ਭੁੱਖੀ … ਓ ਮੇਰਿਆ ਰੱਬਾ ਇਸ ਪਾਪੀ ਨੇ ਕੀ ਕੁਫਰ ਤੋਲਿਆ।” ਕੈਲੋ ਉੱਥੇ ਹੀ ਕੰਧ ਨਾਲ ਢੋਅ ਲਾ ਕੇ ਬੈਠ ਗਈ ਤੇ ਰੁਲਦੂ ਬਾਹਰ ਨੂੰ ਖਿਸਕ ਗਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2838)
(ਸਰੋਕਾਰ ਨਾਲ ਸੰਪਰਕ ਲਈ: