AmritKShergill7ਜੇ ਕਿਤੇ ਜਨਤਾ ਨੂੰ ਵੀ ਪੰਜੇ ਉਂਗਲਾਂ ਬਰਾਬਰ ਕਰ ਕੇ ਮੁੱਠੀ ਜਾਂ ਘਸੁੰਨ ਬਣਾਉਣਾ ਆ ਜਾਏ ...
(12 ਅਗਸਤ 2021)

 

ਸਾਡੇ ਰਾਜਨੀਤਕ ਨੇਤਾਵਾਂ ਦਾ ਹਾਲ ਵਕਤੋਂ ਖੁੰਝੀ ਡੂੰਮਣੀ ਵਾਲਾ ਹੋ ਗਿਆਜਦੋਂ ਸਮਾਂ ਸੀ ਉਦੋਂ ਸੰਭਾਲਿਆ ਨਹੀਂਹੁਣ ਕੋਈ ਕਿਧਰੇ ਨੂੰ ਭੱਜਦਾ ਕੋਈ ਕਿੱਧਰ ਨੂੰਕੋਈ ਆਪਣੀ ਹੀ ਪਾਰਟੀ ਦੀ ਉੱਚੀ ਕੁਰਸੀ ਹਥਿਆਉਣ ਲਈ ਸੌ ਸੌ ਪਾਪੜ ਵੇਲਦਾ ਹੈਕੋਈ ਆਪਣੀ ਪਾਰਟੀ ਛੱਡ ਦੂਜੀ ਪਾਰਟੀ ਦੀ ਕੁਰਸੀ ਵੱਲ ਨੂੰ ਭੱਜਦਾ ਹੈ। ਕੋਈ ਦੂਜੀ ਵੀ ਛੱਡ ਤੀਜੀ ਪਾਰਟੀ ਵੱਲ ਨੂੰ ਭੱਜਦਾ ਹੈਹਾਲਤ ਉਦੋਂ ਖਰਾਬ ਹੁੰਦੀ ਹੈ ਜਦੋਂ ਨਾ ਪਹਿਲੀ ਪਾਰਟੀ ਨਾ ਦੂਜੀ ਵਿੱਚ ਕੁਝ ਬਣਦਾ ਹੈ। ... ਨਾ ਖੁਦਾ ਹੀ ਮਿਲਾ, ਨਾ ਵਿਸਾਲ ਏ ਸਨਮਨਾ ਇਧਰ ਕੇ ਰਹੇ ਨਾ ਉਧਰ ਕੇ ਪੰਜਾਬੀ ਵਾਲਾ ਅਖਾਣ ਵਰਤੀਏ ਤਾਂ … ਧੋਬੀ ਦਾ ਕੁੱਤਾ ਨਾ ਘਰ ਦਾ, ਨਾ ਘਾਟ ਦਾਇਹ ਸਿਰਫ਼ ਅਖਾਣ ਹੀ ਵਰਤਿਆ, ਸਾਡੇ ਵਰਗੇ ਆਮ ਲੋਕਾਂ ਦੀ ਐਨੀ ਹਿੰਮਤ ਕਿੱਥੇ ਕਿ ਨੇਤਾਵਾਂ ਦੀ ਤੁਲਨਾ ਕਿਸੇ ਹੋਰ ਪ੍ਰਾਣੀ ਨਾਲ ਕਰ ਸਕੀਏਅਸੀਂ ਨੇਤਾ ਨਰਾਜ਼ ਥੋੜ੍ਹੀ ਕਰਨੇ ਨੇਨਾਲੇ ਬੇਜ਼ੁਬਾਨ ਵਫ਼ਾਦਾਰ ਪ੍ਰਾਣੀ ਨਰਾਜ਼ ਹੋਊ ਕਿ ਲੋਕ ਬਿਨਾਂ ਸੋਚੇ ਸਮਝੇ ਹੀ ਮੇਰੀ ਤੁਲਨਾ ਕੀਹਦੇ ਨਾਲ ਕਰੀ ਜਾਂਦੇ ਨੇ

ਊਂ ਇੱਕ ਗੱਲ ਹੈ ਕਿ ਜਦੋਂ ਜਨਤਾ ਨੇ ਤਾਕਤ ਦਿੱਤੀ ਸੀ, ਸਿਰ ’ਤੇ ਬਿਠਾਇਆ ਸੀ, ਜੇ ਉਦੋਂ ਮੌਕਾ ਸੰਭਾਲਿਆ ਹੁੰਦਾ ਤਾਂ ਆਹ ਦਿਨ ਨਾ ਦੇਖਣੇ ਪੈਂਦੇਇੱਕ ਦੂਜੇ ਦੇ ਔਗੁਣਾਂ ਨੂੰ ਫਰੋਲ ਫਰੋਲ ਪਾਪਾਂ ਦੇ ਭਾਗੀ ਨਾ ਬਣਨਾ ਪੈਂਦਾਸਚਾਈ ਅਤੇ ਇਮਾਨਦਾਰੀ ਨਾਲ ਆਪਣੀ ਤਾਕਤ ਦਾ ਇਸਤੇਮਾਲ ਕੀਤਾ ਹੁੰਦਾ ਤਾਂ ਲੋਕਾਂ ਨੇ ਸਿਰ ’ਤੇ ਬਿਠਾਈ ਰੱਖਣਾ ਸੀਪਰ ਇਹਨਾਂ ਤਾਂ ਤਾਕਤ ਬਖ਼ਸ਼ਣ ਵਾਲਿਆਂ ਦੇ ਸਿਰ ’ਤੇ ਬੈਠ ਕੇ ਉਹਨਾਂ ਦੇ ਹੀ ਅੱਖੀਂ ਘੱਟਾ ਪਾ ਦਿੱਤਾਉਹਨਾਂ ਦੇ ਅੱਖਾਂ, ਕੰਨ, ਮੂੰਹ ਸਭ ਬੰਦ ਕਰ ਦਿੱਤੇਉਹਨਾਂ ਦੀਆਂ ਰੋਟੀਆਂ ਖੋਹਣ ਜਾ ਪਏਐਨੀ ਅਕ੍ਰਿਤਘਣਤਾ ਚੰਗੀ ਨਹੀਂ ਹੁੰਦੀ … ਲੈ ਡੁੱਬਦੀ ਹੈ

ਕਈ ਵਾਰ ਖੜਾਕ ਕਿਤੇ ਹੋਰ ਹੁੰਦਾ ਤੇ ਸੁਣਾਈ ਕਿਤੇ ਹੋਰ ਹੁੰਦਾ ਹੈਇਸ ਤਰ੍ਹਾਂ ਅਗਲੇ ਸਾਡੇ ਜੜ੍ਹੀਂ ਦਾਤੀ ਚਲਾ ਰਹੇ ਸੀ, ਸਾਨੂੰ ਲੱਗਦਾ ਸੀ ਕਿਸੇ ਹੋਰ ਦੀਆਂ ਜੜ੍ਹਾਂ ਵੱਢੀਆਂ ਜਾ ਰਹੀਆਂ ਹਨ, ਆਪਾਂ ਕੀ ਲੈਣਾ ਹੈਜਦੋਂ ਪਤਾ ਲੱਗਿਆ ਕਿ ਦਾਤੀ ਤਾਂ ਅੰਨਦਾਤੇ ਦੇ ਜੜ੍ਹੀਂ ਚੱਲ ਰਹੀ ਹੈ, ਅੰਨਦਾਤੇ ਦੇ ਜੜ੍ਹੀਂ ਦਾਤੀ ਚੱਲਣ ਦਾ ਮਤਲਬ ਉਹਨਾਂ ਸਾਰਿਆਂ ਦੇ ਜੜ੍ਹੀਂ ਜਿਹੜੇ ਅੰਨਦਾਤੇ ਨਾਲ ਜੁੜੇ ਹੋਏ ਨੇਅੰਨਦਾਤੇ ਨਾਲ ਉਹ ਸਾਰੇ ਜੁੜੇ ਹੋਏ ਨੇ ਜਿਹਨਾਂ ਦੇ ਢਿੱਡ ਲੱਗਿਆ ਹੋਇਆਹੁਣ ਮੁੱਕਰਿਆ ਤਾਂ ਨਹੀਂ ਜਾ ਸਕਦਾ ਕਿ ਸਾਡੇ ਤਾਂ ਢਿੱਡ ਹੈ ਨਹੀਂਇਹਦਾ ਮਤਲਬ ਹੈ ਸਾਰਿਆਂ ਨੂੰ ਨੁਕਸਾਨ ਹੋਵੇਗਾਜਿਹਨਾਂ ਨੂੰ ਅਸਲੀਅਤ ਸਮਝ ਆ ਗਈ, ਇਸ ਹੋਣ ਵਾਲੇ ਨੁਕਸਾਨ ਦੀ ਉਹ ਸਾਰੀਆਂ ਰੁਕਾਵਟਾਂ ਪਾਰ ਕਰਕੇ ਜਾ ਬੈਠੇ ਦਿੱਲੀ ਦੀਆਂ ਬਰੂਹਾਂ ’ਤੇ ਇਹ ਦੱਸਣ ਕਿ ਜਾਗਦੀਆਂ ਜ਼ਮੀਰਾਂ ਵਾਲੇ ਬੈਠੇ ਆਂ ਅਸੀਂਐਂ ਕਿਵੇਂ ਤੁਸੀਂ ਸਾਡੇ ਨਾਲ ਧੱਕਾ ਕਰ ਸਕਦੇ ਓ? ਜਿਹਨਾਂ ਦੇ ਦਿਮਾਗਾਂ ਦੀ ਚਾਬੀ ਰਾਜੇ ਵਜ਼ੀਰਾਂ ਨੇ ਆਪਣੇ ਕੋਲ ਸਾਂਭ ਰੱਖੀ ਹੈ, ਉਹ ਤਾਂ ਜੇ ਨੇਤਾ ਜੀ ਡਕਾਰ ਵੀ ਮਾਰਨ ਤਾਂ ਵੀ ਜੈ ਜੈ ਕਾਰ ਕਰ ਦੇਣਗੇ

ਇੱਕ ਸੱਚ ਇਹ ਵੀ ਹੈ ਕਿ ਜਿਹੜੇ ਭੋਲੇ-ਭਾਲੇ ਲੋਕ ਨੇਤਾਵਾਂ ਅਤੇ ਵਪਾਰੀਆਂ ਨਾਲ ਦਿਲੋਂ ਜੁੜਦੇ ਨੇ, ਉਹਨਾਂ ਦੇ ਦਿਲ ਦਾ ਤਾਂ ਰੱਬ ਈ ਰਾਖਾਵਪਾਰੀ ਲੁੱਟਣ ਲੱਗਿਆਂ ਦੇਰ ਨਹੀਂ ਲਾਉਂਦੇ ਤੇ ਨੇਤਾ ਜੀ ਟਪੂਸੀਆਂ ਮਾਰਨ ਲੱਗਿਆਂ ਦੇਰ ਨਹੀਂ ਲਾਉਂਦੇਸਮਰਥਕਾਂ ਦੀ ਭੀੜ ਵਿੱਚੋਂ ਹੀ ਨਿਕਲ ਕੇ ਦੂਜੀ ਟਹਿਣੀ ’ਤੇ ਜਾ ਬੈਠਦੇ ਨੇਸਮਰਥਕ ਵਿਚਾਰਿਆਂ ਨੂੰ ਤਾਂ ਲੋਕ ਦੱਸਦੇ ਨੇ ਕਿ ਭਾਈ ਜਿਹਦੇ ਆਲੇ ਦੁਆਲੇ ਤੁਸੀਂ ਘੁੰਮਦੇ ਸੀ ਉਹ ਤਾਂ ਅਹੁ ਗਏ, ਔਹ ਗਏ। ਪਹਿਲਾਂ ਤਾਂ ਸੱਚ ਜਿਹਾ ਨਹੀਂ ਆਉਂਦਾ ਕਿ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ ਕੋਈ? ਜਿਹੜੀ ਪਾਰਟੀ ਨੂੰ ਕੱਲ੍ਹ ਤੱਕ ਪੱਬਾਂ ਭਾਰ ਹੋ ਕੇ ਗਾਲ੍ਹਾਂ ਕੱਢਦੇ ਸੀ, ਅੱਜ ਉਹਦੀ ਸ਼ਾਨ ਵਿੱਚ ਕਸੀਦੇ ਪੜ੍ਹ ਰਹੇ ਨੇਇਹਨਾਂ ਰੋੜੂ ਪ੍ਰਸ਼ਾਦਾਂ ਦੇ ਸ਼ਾਮਲ ਹੋਣ ਸਾਰ ਹੀ ਪਾਰਟੀ ਦੁੱਧ ਧੋਤੀ ਕਿਵੇਂ ਹੋ ਗਈਹੈਰਾਨੀ ਦੀ ਗੱਲ ਤਾਂ ਇਹ ਐ ਕਿ ਕਿੰਨਾ ਤਪ ਤੇਜ਼ ਹੈ ਇਹਨਾਂ ਦਾ, ਜਿਹੜੀ ਪਾਰਟੀ ਵਿੱਚ ਜਾਂਦੇ ਨੇ, ਉੱਥੇ ਹੀ ਸਭ ਕੁਝ ਗੰਧਲੇ ਤੋਂ ਨਿਰਮਲ ਹੋ ਜਾਂਦਾ ਹੈਸਮਰਥਕ ਤਾਂ ਵਿਚਾਰੇ ਕਈ ਕਈ ਦਿਨ ਘਰੋਂ ਬਾਹਰ ਨਹੀਂ ਨਿਕਲਦੇ ਭਾਵੇਂ ਉਹਨਾਂ ਦਾ ਕੋਈ ਕਸੂਰ ਨਹੀਂ ਹੁੰਦਾ ਪਰ ਉਹ ਭੋਲੇ ਭਾਲੇ ਆਮ ਲੋਕ ਹੁੰਦੇ ਨੇ ਜਿਹੜੇ ਨੇਤਾਵਾਂ ਦੀਆਂ ਕਹਿਣੀਆਂ ’ਤੇ ਭਰੋਸਾ ਕਰ ਲੈਂਦੇ ਨੇਇਹ ਨਹੀਂ ਸਮਝ ਸਕਦੇ ਕਿ ਬਹੁਤੇ ਨੇਤਾਵਾਂ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਫਰਕ ਹੁੰਦਾ ਹੈ, ਜ਼ਮੀਨ ਅਸਮਾਨ ਦਾ ਫ਼ਰਕਜਿਹਨਾਂ ਨੇਤਾਵਾਂ ਪਿੱਛੇ ਆਮ ਲੋਕ ਆਪੋ ਵਿੱਚ ਲੜ ਲੜ ਮਰਦੇ ਨੇ ਉਹਨਾਂ ਦੀਆਂ ਤਾਂ ਆਪਸ ਵਿੱਚ ਰਿਸ਼ਤੇਦਾਰੀਆਂ ਨੇਫਿਰ ਅਸੀਂ ਕਾਹਨੂੰ ਉਹਨਾਂ ਪਿੱਛੇ ਇੱਕ ਦੂਜੇ ਦੇ ਦੁਸ਼ਮਣ ਬਣਦੇ ਹਾਂਅੰਗਰੇਜ਼ਾਂ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਜੇ ਤੱਕ ਸਾਡੇ ’ਤੇ ਚਲਾਈ ਜਾਂਦੇ ਨੇ

ਚੋਣਾਂ ਥੋੜ੍ਹੇ ਕੁ ਮਹੀਨਿਆਂ ਦੀ ਦੂਰੀ ’ਤੇ ਨੇਯਾਨੀ ਕਿ ਜਮ੍ਹਾਂ ਹੀ ਨੇੜੇਹੁਣ ਨੇਤਾ ਜੀ ਜੁੱਤੀਆਂ ਲਾਹ ਕੇ ਭੱਜੇ ਫਿਰਦੇ ਨੇਹੁਣ ਇਹ ਤਾਂ ਨਹੀਂ ਪਤਾ ਕਿ ਜੁੱਤੀਆਂ ਹੱਥ ਵਿੱਚ ਫੜ ਕੇ ਭੱਜੇ ਫਿਰਦੇ ਨੇ ਜਾਂ ਨੰਗੇ ਪੈਰੀਂਜੁੱਤੀਆਂ ਹੱਥ ਵਿੱਚ ਫੜ ਕੇ ਦੁਖੀ ਜਨਤਾ ਦੇ ਸਾਹਮਣੇ ਜਾਣਾ ਸ਼ਾਇਦ ਖਤਰੇ ਤੋਂ ਖਾਲੀ ਨਹੀਂ ਹੋਵੇਗਾਚਲੋ ਜਿਵੇਂ ਮਰਜ਼ੀ ਕਰਦੇ ਹੋਣਗੇ ਅਗਲੇਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਨੇ ਇਹਨਾਂ ਦੇ ਨੁਕਾਤੀ ਪ੍ਰੋਗਰਾਮ ਬਣਦੇ ਨੇਠਾਹ ਠਾਹ ਵਾਅਦੇ ਅਤੇ ਲਾਰੇ ਸੁੱਟ ਰਹੇ ਨੇ ਲੋਕਾਂ ਵੱਲ ਨੂੰਲੋਕਾਂ ਨੂੰ ਇਹ ਛੱਪਰ ਪਾੜ ਵਾਅਦੇ ਸਾਂਭਣੇ ਔਖੇ ਹੋਏ ਪਏ ਨੇਛੱਜਾਂ ਨੇ ਤਾਂ ਬੋਲਣਾ ਹੀ ਹੈ, ਛਾਨਣੀਆਂ ਵੀ ਬੋਲੀ ਜਾਂਦੀਆਂ ਨੇਜਨਤਾ ਵਿਚਾਰੀ ਨੂੰ ਸਮਝ ਨਹੀਂ ਆਉਂਦੀ ਇਹ ਕੀਹਨੇ ਬੀਨ ਵਜਾ ਕੇ ਖੁੱਡਾਂ ਵਿੱਚੋਂ ਕੱਢ ਲਏ ਜਿਹੜੇ ਬਾਹਰ ਮੇਲ੍ਹਦੇ ਫਿਰਦੇ ਨੇ ਤੇ ਜਨਤਾ ਨੂੰ ਆਪਣੇ ਮਕਰ ਜਾਲ਼ ਵਿੱਚ ਉਲਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇਇਹਨਾਂ ਦੀਆਂ ਲੂੰਬੜ ਚਾਲਾਂ ਨੂੰ ਸਮਝਣ ਵਾਲੇ ਆਖਦੇ ਨੇ, “ਦੇਖਿਓ ਭਾਈ, ਕਿਤੇ ਫਸ ਨਾ ਜਾਇਓਆਪਾਂ ਨੂੰ ਬਰਬਾਦੀ ਦੇ ਅੰਤ ਤੱਕ ਲਿਜਾ ਚੁੱਕੇ ਨੇਜੇ ਹੁਣ ਗਲਤੀ ਕਰ ਲਈ ਫਿਰ ਭੱਜਣ ਵਾਸਤੇ ਕੋਈ ਰਾਹ ਨਹੀਂ ਛੱਡਿਆ ਇਹਨਾਂ ਨੇ

ਊਂ ਇੱਕ ਸਿੱਧੀ ਜਿਹੀ ਗੱਲ ਹੈ ਕਿ ਜੇ ਭਲਾ ਇਹ ਜਨਤਾ ਦੀ ਕਸੌਟੀ ’ਤੇ ਖਰੇ ਉੱਤਰਨ, ਜਨਤਾ ਦੀ ਭਲਾਈ ਲਈ ਹੀ ਕੰਮ ਕਰਨ, ਫਿਰ ਕਿਹੜਾ ਇਹਨਾਂ ਦਾ ਕੁਝ ਵਿਗੜ ਜਾਣਾ ਹੁੰਦਾਜਨਤਾ ਆਪੇ ਕੰਮਾਂ ਨੂੰ ਦੇਖ ਕੇ ਵੋਟਾਂ ਪਾ ਦੇਵੇਗੀਕਾਹਨੂੰ ਗੱਪ ਛੜੱਪ ਮਾਰ ਕੇ, ਗਪੌੜ ਸੰਖ ਕਹਾ ਕੇ ਜੱਗ ਹਸਾਈ ਕਰਵਾਉਂਦੇ ਨੇਤਾਈ ਭਾਨੋ ਕਈ ਵਾਰ ਆਖਦੀ ਹੁੰਦੀ ਹੈ, “ਇੱਥੇ ਜੈ ਵੱਢੇ ਦਾ ਕੋਈ ਊਈਂ ਮਾੜਾ ਜਾ ਉੱਚਾ ਨੀਵਾਂ ਬੋਲ ਦਵੇ ਮਰਨ ਹੋ ਜਾਂਦਾ ਹੈ, ਧਰਤੀ ਬਿਆੜ ਨੀ ਦਿੰਦੀ ਲੁਕਣ ਨੂੰ … ਇਹ ਪਤਾ ਨੀ ਕਿਹੜੀ ਮਿੱਟੀ ਦੇ ਬਣੇ ਹੋਏ ਨੇ … ਮੋਟੇ ਬਸ਼ਰਮ …” ਇਸ ਤੋਂ ਅੱਗੇ ਤਾਈ ਦੀ ਬੁੜਬੁੜ ਹੁੰਦੀ ਐ ਜੋ ਸਮਝ ਨਹੀਂ ਆਉਂਦੀ ਹੁੰਦੀਹੁਣ ਤਾਈ ਵਿਚਾਰੀ ਨੂੰ ਕੀ ਪਤਾ ਇਹਨਾਂ ਨੂੰ ਤਾਂ … ਗਾਲ੍ਹਾਂ ਘਿਉ ਦੀਆਂ ਨਾਲ਼ਾਂ ਬਣ ਕੇ ਸ਼ਕਤੀ ਦਿੰਦੀਆਂ ਨੇ

ਭਾਵੇਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਪਰ ਜਦੋਂ ਇਹ ਜਨਤਾ ਦਾ ਖੂਨ ਪੀਣੇ ਬਘਿਆੜ ਇਕੱਠੇ ਹੋ ਜਾਣ ਸਾਰੀਆਂ ਉਂਗਲਾਂ ਇਕੱਠੀਆਂ ਹੋ ਕੇ ਮੁੱਠੀ ਬਣ ਜਾਣ ਤਾਂ ਇਹ ਸਾਰੀਆਂ ਬਰਾਬਰ ਹੋ ਜਾਇਆ ਕਰਦੀਆਂ ਨੇਇਹੀ ਮੁੱਠੀ ਘਸੁੰਨ ਦੇ ਰੂਪ ਵਿੱਚ ਜਨਤਾ ’ਤੇ ਚਲਾਇਆ ਜਾਂਦਾ ਹੈਜਨਤਾ ਦਾ ਇਕੱਲਾ ਇਕੱਲਾ ਜੀਅ ਰੋਂਦਾ ਰਹਿੰਦਾ ਹੈਜੇ ਕਿਤੇ ਜਨਤਾ ਨੂੰ ਵੀ ਪੰਜੇ ਉਂਗਲਾਂ ਬਰਾਬਰ ਕਰ ਕੇ ਮੁੱਠੀ ਜਾਂ ਘਸੁੰਨ ਬਣਾਉਣਾ ਆ ਜਾਏ ਤਾਂ ਫੇਰ ਲੁਟੇਰਿਆਂ ਦੀ ਲੁੱਟ ਨੂੰ ਨੱਥ ਪਾਈ ਜਾ ਸਕਦੀ ਹੈਕਿਸਾਨੀ ਸੰਘਰਸ਼ ਤੋਂ ਇਸਦੀ ਸ਼ੁਰੂਆਤ ਹੋ ਚੁੱਕੀ ਹੈਜਿਹੜੇ ਮੇਰੇ ਵਰਗੇ ਕੁਝ ਕਰਨ ਜੋਗੇ ਨਹੀਂ, ਉਹ ਅਰਜ਼ੋਈਆਂ ਕਰਦੇ ਨੇ ਉੱਪਰ ਵੱਲ ਨੂੰ ਮੂੰਹ ਚੁੱਕ ਕੇ … ਬਹੁੜ ਪਉ ਰੱਬ ਜੀ … ਇਹ ਰਾਜੇ ਵਜ਼ੀਰ ਨਹੀਂ ਜਾਣਦੇ ਇਹਨਾਂ ਹੱਥੋਂ ਕਿੰਨਾ ਵੱਡਾ ਪਾਪ ਹੋ ਰਿਹਾ … ਇਹਨਾਂ ਨੂੰ ਆਪਣੇ ਭਰੇ ਭੰਡਾਰਿਆਂ ਵਿੱਚੋਂ ਭੋਰਾ ਸੁਮੱਤ ਬਖ਼ਸ਼ ਦਿਓ … ਕਿਤੇ ਇਹ ਨਾ ਹੋਵੇ ਕਿ ਇਤਿਹਾਸ ਵਿੱਚ ਇਹਨਾਂ ਦਾ ਰਾਜ ਭਾਗ ਖਤਾ ਕਰਨ ਵਾਲੇ ਲਮਹੇਂ ਵਜੋਂ ਜਾਣਿਆ ਜਾਵੇ … ਸਦੀਆਂ ਤੱਕ ਇਸਦੀ ਸਜ਼ਾ ਜਨਤਾ ਨੂੰ ਭੁਗਤਣੀ ਪਵੇਹੱਥ ਮਸਲ ਕੇ ਅੱਖਾਂ ਨੂੰ ਲਾਈਦੇ ਨੇ ਕਿ ਕੋਈ ਚਮਤਕਾਰ ਹੋ ਜਾਵੇਸਾਨੂੰ ਵੀ ਕੋਈ ਬਾਬੇ ਵਰਿਆਮੇ ਵਾਲੀ ‘ਦਿੱਬ ਦ੍ਰਿਸ਼ਟੀ’ ਮਿਲ ਜਾਵੇਫਿਰ ਇਹਨਾਂ ਨੂੰ ਦੱਸੀਏ ਕਿ ਇਹਨਾਂ ਨੂੰ ਜਨਤਾ ਦਾ ਖੂਨ ਚੂਸਣ ਦੇ ਗੁਨਾਹ ਦੀ ਸਜ਼ਾ ਕੀ ਮਿਲੇਗੀ

ਚਲੋ ਹੁਣ ਆਪਾਂ ਬਹੁਤਾ ਕੀ ਆਖਣੈਸਭ ਕੁਝ ਸਮੇਂ ਨੇ ਦਿਖਾ ਹੀ ਦੇਣਾ ਹੈਭਾਈ ਵੀਰ ਸਿੰਘ ਦੇ ਆਖਣ ਵਾਂਗ, ‘ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਂਵਦਾ’ ਸਮੇਂ ਨੇ ਆਪਣੀ ਤੋਰੇ ਤੁਰਦੇ ਰਹਿਣਾ ਹੈ। ਕਿਤੇ ਇਹ ਨਾ ਹੋਵੇ ਜਨਤਾ ਵਿੱਚ ਵਸਦਾ ਰੱਬ ਤਾਕਤ ਦੇ ਹੰਕਾਰੀਆਂ ਨੂੰ ਇਹੋ ਜਿਹਾ ਮੂਧੇ ਮੂੰਹ ਸੁੱਟੇ, ਮੁੜ ਕੇ ਤੁਰਨ ਤਾਂ ਕੀ ਖਲੋਣ ਜੋਗੇ ਵੀ ਨਾ ਰਹਿਣਵਕਤੋਂ ਖੁੰਝੀ ਡੂੰਮਣੀ ਗਾਵੇ ਆਲ ਪਤਾਲ … ਵਾਲੀ ਗੱਲ ਨਾ ਹੋ ਜਾਵੇਨਾ ਲੋਕਾਂ ਨੂੰ ਸਮਝ ਲੱਗੇ ਕਿ ਕੀ ਕਮਲ਼ ਮਾਰ ਰਹੇ ਨੇ, ਨਾ ਇਨ੍ਹਾਂ ਨੂੰ ਖੁਦ ਨੂੰ ਸਮਝ ਲੱਗੇ ਕਿ ਇਹ ਕਿਹੜਾ ਰਾਗ ਅਲਾਪ ਰਹੇ ਆਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2946)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author