“ਸਾਰੇ ਦੈਂਤਾਂ ਨੇ ਅੱਡੋ ਅੱਡ ਮਹਿਕਮੇ ਸਾਂਭੇ ਹੋਏ ਨੇ। ਕੋਈ ਫਲਾਂ ਸਬਜ਼ੀਆਂ ਤੇ ਜ਼ਹਿਰ ਦੀਆਂ ਪਰਤਾਂ ...”
(31 ਅਕਤੂਬਰ 2021)
“ਪਤਾ ਨ੍ਹੀਂ ਇਸ ਮੁੰਡੇ ਨੂੰ ਕੀ ਹੋ ਗਿਆ … ਐਨਾ ਦਿਮਾਗ ਖਾਂਦੈ, ਛੱਡ ਦਿਓ ਗੱਲਾਂ।” ਨਿੱਕੂ ਦੀ ਮਾਂ ਨੇ ਉਸ ਦੀ ਬਾਂਹ ਫੜੀ ਤੇ ਉਸ ਦੇ ਦਾਦਾ ਜੀ ਕੋਲ ਲਿਜਾ ਖੜ੍ਹਾ ਕੀਤਾ।
“ਕੋਈ ਨਾ ਪੁੱਤ ਨਿਆਣਾ ਅਜੇ … ਮੇਰੇ ਕੋਲ ਬਿਠਾ ਦਿਆ ਕਰੋ।” ਦਾਦਾ ਜੀ ਨੇ ਨਿੱਕੂ ਨੂੰ ਕੋਲ ਬਿਠਾਉਂਦਿਆਂ ਕਿਹਾ।
“ਤੁਸੀਂ ਵੀ ਤਾਂ ਬਾਪੂ ਜੀ ਆਰਾਮ ਕਰਨਾ ਹੁੰਦਾ ਹੈ। ਸਕੂਲ ਵੀ ਪਤਾ ਨੀਂ ਕਦੋਂ ਲੱਗਣਗੇ।”
ਕਰੋਨਾ ਮਹਾਂਮਾਰੀ ਕਾਰਨ ਸਕੂਲ ਬੰਦ ਸਨ। ਨਿੱਕੂ ਸਾਰਾ ਦਿਨ ਆਪਣੇ ਦਾਦਾ ਜੀ ਨਾਲ ਗੱਲਾਂ ਕਰਦਾ ਰਹਿੰਦਾ। ਨਿੱਕੇ ਨਿੱਕੇ ਸਵਾਲ ਪੁੱਛਦਾ। ਉਸ ਦੇ ਦਾਦਾ ਜੀ ਉਸ ਨੂੰ ਹਰ ਗੱਲ ਦਾ ਜਵਾਬ ਬੜੇ ਪਿਆਰ ਨਾਲ ਸਮਝਾਉਂਦੇ। ਪਰ ਜਦੋਂ ਹੁਣ ਦਾਦਾ ਜੀ ਸਰਕਾਰ ਵੱਲੋਂ ਬਣਾਏ ਕਿਸਾਨ ਵਿਰੋਧੀ ਕਾਨੂੰਨਾਂ ਦੇ ਖਿਲਾਫ਼ ਧਰਨਿਆਂ ਵਿੱਚ ਚਲੇ ਜਾਂਦੇ ਤਾਂ ਉਹ ਆਪਣੀ ਮਾਂ ਅਤੇ ਦਾਦੀ ਦੇ ਦੁਆਲੇ ਹੋਇਆ ਰਹਿੰਦਾ। ਮਾਂ ਘਰ ਦਾ ਸਾਰਾ ਕੰਮ ਵੀ ਕਰਦੀ, ਇਸ ਲਈ ਉਸ ’ਤੇ ਖਿਝ ਜਾਂਦੀ ਸੀ। ਨਿੱਕੂ ਦਾ ਗੁਆਂਢ ਵਿੱਚ ਰਹਿੰਦਾ ਦੋਸਤ ਕਾਫ਼ੀ ਬਿਮਾਰ ਹੋ ਗਿਆ ਸੀ ਇਸ ਲਈ ਉਹ ਖੇਡਣ ਵੀ ਨਾ ਜਾਂਦਾ। ਨਿੱਕੂ ਨੂੰ ਦਾਦਾ ਜੀ ਕੋਲ ਬਿਠਾ ਕੇ ਉਸ ਦੀ ਮਾਂ ਉਸ ਦੀਆਂ ਕਿਤਾਬਾਂ ਕਾਪੀਆਂ ਠੀਕ ਕਰਕੇ ਰੱਖਣ ਲੱਗੀ। ਬਸਤੇ ਦੀ ਜੇਬ ਵਿੱਚੋਂ ਕਈ ਤਹਿ ਕੀਤੇ ਕਾਗਜ਼ ਨਿਕਲੇ ਜੋ ਨਿੱਕੂ ਦੇ ਲਿਖੇ ਹੋਏ ਸਨ। ਇੱਕ ਕਾਗਜ਼ ਉਸ ਨੇ ਚੁੱਕ ਕੇ ਖੋਲ੍ਹਿਆ, ਉਸ ’ਤੇ ਲਿਖਿਆ ਸੀ-
ਮਿਲੇ-
ਮਿਲਾਵਟ ਖੋਰਾਂ ਨੂੰ,
ਲਿਖਾਈ ਨਿੱਕੂ ਦੀ ਸੀ। ਜਦੋਂ ਨਿੱਕੂ ਦੀ ਮਾਂ ਪੜ੍ਹਨ ਲੱਗੀ, ਇੱਕ ਵਾਰ ਤਾਂ ਸੁੰਨ ਜਿਹੀ ਹੋ ਗਈ। ਅਗਾਂਹ ਲਿਖਿਆ ਸੀ-
ਮੈਂਨੂੰ ਸਮਝ ਨਹੀਂ ਆਉਂਦੀ ਮੈਂ ਤੁਹਾਨੂੰ ਕੀ ਕਹਾਂ। ਤੁਸੀਂ ਇਨਸਾਨ ਤਾਂ ਨਹੀਂ ਹੋ ਸਕਦੇ। ਕਦੇ ਕਦੇ ਲਗਦਾ ਹੈ ਕਿ ਤੁਸੀਂ ਵੱਡੇ ਵੱਡੇ ਦੰਦਾਂ ਵਾਲੇ ਦੈਂਤ ਹੋ ਜਿਹੜੇ ਆਪਣੇ ਦੰਦ ਖੁਭੋ ਕੇ ਬੰਦੇ ਦਾ ਪੂਰਾ ਖੂਨ ਚੂਸ ਲੈਂਦੇ ਨੇ। ਫੇਰ ਲੱਗਦਾ ਕਿ ਤੁਸੀਂ ਰਾਖਸ਼ ਹੋ … ਰਕਤਬੀਜ ਵਰਗੇ। ਇੱਕ ਜਣਾ ਫੜ ਹੁੰਦਾ, ਉਸ ਦੇ ਪਿੱਛੇ ਕਿੰਨੇ ਸਾਰੇ ਹੋਰ ਉੱਗ ਆਉਂਦੇ ਨੇ। ਪਰ ਰਾਖਸ਼ ਤਾਂ ਦੇਖਣ ਨੂੰ ਭਿਆਨਕ ਲੱਗਦੇ ਨੇ। ਉਹਨਾਂ ਦੀਆਂ ਸ਼ਕਲਾਂ ਡਰਾਉਣੀਆਂ ਹੁੰਦੀਆਂ ਨੇ। ਉਹਨਾਂ ਤੋਂ ਤਾਂ ਬੰਦਾ ਸ਼ਕਲਾਂ ਵੇਖ ਕੇ ਹੀ ਬਚਣ ਦੀ ਕੋਸ਼ਿਸ਼ ਕਰ ਸਕਦਾ ਏ। ਤੁਹਾਨੂੰ ਰੱਬ ਨੇ ਸ਼ਕਲਾਂ ਤਾਂ ਬੰਦਿਆਂ ਵਰਗੀਆਂ ਦਿੱਤੀਆਂ ਨੇ ਪਰ ਕੰਮ ਤੁਹਾਡੇ ਰਾਖਸ਼ਾਂ ਤੋਂ ਵੀ ਭੈੜੇ ਨੇ।
ਮੈਂ ਇਹੀ ਸੋਚਦਾ ਰਹਿੰਦਾ ਹਾਂ, ਤੁਸੀਂ ਕੀ ਖਾਂਦੇ ਹੋਵੋਗੇ? ਕੀ ਪੀਂਦੇ ਹੋਵੋਗੇ? ਜੇ ਤੁਸੀਂ ਆਮ ਰੋਟੀ ਖਾਂਦੇ ਓ, ਫੇਰ ਤੁਹਾਨੂੰ ਐਨੇ ਪਾਪ ਕਰਨ ਦੀ ਕੀ ਲੋੜ ਐ। ਮੈਂਨੂੰ ਲੱਗਦਾ ਹੁੰਦਾ ਹੈ … ਤੁਸੀਂ ਸੋਨੇ ਦੀ ਰੋਟੀ ਖਾਂਦੇ ਹੋਵੋਗੇ … ਨਹੀਂ, ਨਹੀਂ, … ਮੈਂ ਵੀ ਭੁੱਲ ਜਾਨਾ … ਤੁਸੀਂ ਤਾਂ ਲਹੂ ਪੀਂਦੇ ਓ, ਰੱਬ ਦੇ ਬਣਾਏ ਬੰਦਿਆਂ ਦਾ। ਬਹੁਤ ਸਾਰੇ ਲੋਕ ਤੁਹਾਡੀਆਂ ਮਿਲਾਵਟੀ ਚੀਜ਼ਾਂ ਖਾ ਕੇ ਬਿਮਾਰ ਹੋ ਜਾਂਦੇ ਨੇ ਤੇ ਮਰ ਵੀ ਜਾਂਦੇ ਨੇ … ਫਿਰ ਤਾਂ ਤੁਸੀਂ ਕਾਤਲ ਹੋਏ ਨਾ।
ਤੁਹਾਨੂੰ ਪਤਾ ਏ ਨਾ … ਜਦੋਂ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਡਾਕਟਰ ਉਸ ਨੂੰ ਦੁੱਧ ਪੀਣ ਲਈ ਆਖ ਦਿੰਦੇ ਨੇ। ਕਦੀ ਸੋਚਿਆ ਤੁਸੀਂ ਕਿ ਮਿਲਾਵਟੀ ਦੁੱਧ ਪੀ ਕੇ ਤਾਂ ਸਗੋਂ ਬੰਦਾ ਵੱਧ ਬਿਮਾਰ ਹੋਊ। ਤੁਸੀਂ ਸਾਰੇ ਜਿਹੜੇ ਵੀ ਦੁੱਧ ਵਿੱਚ ਮਿਲਾਵਟ ਕਰਦੇ ਓ … ਸਾਰੇ ਈ ਪਾਪ ਕਰਦੇ ਓ … ਕਹਿੰਦੇ ਨੇ ਜਿਹੜਾ ਪਾਪ ਕਰਦਾ ਏ … ਰੱਬ ਜੀ ਉਸ ਨੂੰ ਬੇਦਖਲ ਕਰ ਦਿੰਦੇ ਨੇ ਆਪਣੀ ਮਿਹਰ ਤੋਂ। ਇਹ ਤਾਂ ਫੇਰ ਗਲਤ ਗੱਲ ਹੋਈ ਨਾ। ਤੁਹਾਨੂੰ ਰੱਬ ਕੋਲੋਂ ਡਰ ਨੀ ਲੱਗਦਾ। ਤੁਹਾਡੇ ਪਰਿਵਾਰ ਵੀ ਹੋਣਗੇ … ਜਦ ਉਹਨਾਂ ਵਿੱਚੋਂ ਕੋਈ ਬਿਮਾਰ ਹੋ ਜਾਂਦਾ ਹੈ, ਤੁਹਾਨੂੰ ਕਿੰਨਾ ਦੁੱਖ ਲੱਗਦਾ ਹੋਊ। ਇਸੇ ਤਰ੍ਹਾਂ ਸਭ ਨੂੰ ਆਪਣੇ ਆਪਣੇ ਪਰਿਵਾਰ ਪਿਆਰੇ ਹੁੰਦੇ ਨੇ। ਫਿਰ ਤੁਸੀਂ ਲੋਕਾਂ ਨੂੰ ਕਿਉਂ ਮੌਤ ਦੇ ਮੂੰਹ ਵਿੱਚ ਧੱਕਦੇ ਓ। ਪਰ ਤੁਸੀਂ ਤਾਂ ਰਾਖਸ਼ ਹੋਏ ਨਾ, ਰਾਖਸ਼ਾਂ ਨੂੰ ਥੋੜ੍ਹੀ ਤਰਸ ਆਉਂਦਾ ਕਿਸੇ ’ਤੇ। ਉਹ ਤਾਂ ਦੂਜਿਆਂ ਨੂੰ ਦੁੱਖ ਦੇ ਕੇ ਹੱਸਦੇ ਹੁੰਦੇ ਨੇ।
ਸਾਰੇ ਦੈਂਤਾਂ ਨੇ ਅੱਡੋ ਅੱਡ ਮਹਿਕਮੇ ਸਾਂਭੇ ਹੋਏ ਨੇ। ਕੋਈ ਫਲਾਂ ਸਬਜ਼ੀਆਂ ਤੇ ਜ਼ਹਿਰ ਦੀਆਂ ਪਰਤਾਂ ਚੜ੍ਹਾਉਂਦਾ, ਕੋਈ ਛੇਤੀ ਪਕਾਉਣ ਲਈ ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਕਰਦਾ ਏ। ਇਹਨਾਂ ਨਾਲ ਵੀ ਲੋਕਾਂ ਨੂੰ ਬਥੇਰੀਆਂ ਬਿਮਾਰੀਆਂ ਲੱਗਦੀਆਂ ਨੇ। ਜਿਹੜੇ ਫਲ਼ ਸਬਜ਼ੀਆਂ ਖਾ ਕੇ ਬੰਦਾ ਤੰਦਰੁਸਤ ਹੁੰਦਾ, ਉਹਨਾਂ ਨੂੰ ਖਾ ਕੇ ਸਗੋਂ ਬੰਦਾ ਬਿਮਾਰ ਹੋ ਜਾਂਦਾ ਹੈ।
ਮਠਿਆਈਆਂ ਵੀ ਤੁਸੀਂ ਨਕਲੀ, ਮਿਲਾਵਟੀ ਬਣਾਉਂਦੇ ਓ। ਜਦੋਂ ਕੋਈ ਖੁਸ਼ੀ ਦਾ ਮੌਕਾ ਹੁੰਦਾ ਹੈ, ਉਦੋਂ ਮਠਿਆਈਆਂ ਖਰੀਦਦੇ ਨੇ ਸਾਰੇ। ਲੋਕ ਵਿਚਾਰੇ ਜਾਣਦੇ ਨਹੀਂ ਹੁੰਦੇ ਕਿ ਆਪਣੇ ਪਿਆਰੇ ਪਿਆਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਠਿਆਈਆਂ ਨਹੀਂ, ਬਿਮਾਰੀਆਂ ਵੰਡ ਰਹੇ ਨੇ। ਊਂ ਇੱਕ ਗੱਲ ਐ, ਜੇ ਤੁਹਾਡੀਆਂ ਸ਼ਕਲਾਂ ਭਿਆਨਕ ਹੁੰਦੀਆਂ, ਤੁਹਾਡੇ ਸਿਰ ’ਤੇ ਸਿੰਗ ਉੱਗੇ ਹੁੰਦੇ, ਫਿਰ ਲੋਕ ਤੁਹਾਡੇ ਤੋਂ ਬਚ ਕੇ ਰਹਿਣ ਦੀ ਕੋਸ਼ਿਸ਼ ਕਰਦੇ। ਰੱਬ ਤੋਂ ਵੀ ਗਲਤੀ ਹੋ ਗਈ। ਤੁਹਾਡੀ ਕੋਈ ਤਾਂ ਪਛਾਣ ਰੱਖਣੀ ਚਾਹੀਦੀ ਸੀ।
ਮੈਂ ਸੁਣਿਆ ਤੁਸੀਂ ਕਿਸੇ ਤੋਂ ਨਹੀਂ ਡਰਦੇ। ਜੇ ਸਰਕਾਰ ਤੁਹਾਨੂੰ ਫੜ ਲਵੇ ਤਾਂ ਪੈਸੇ ਦੇ ਕੇ ਛੁੱਟ ਜਾਂਦੇ ਓ। ਫੇਰ ਹੋਰ ਵੱਧ ਪਾਪ ਕਰਦੇ ਓ।
ਦਾਦਾ ਜੀ ਦੱਸਦੇ ਹੁੰਦੇ ਨੇ ਜਿਹੜਾ ਬੰਦਾ ਖੁਸ਼ੀਆਂ ਵੰਡਦੈ ਉਹ ਸਭ ਨੂੰ ਪਿਆਰਾ ਹੁੰਦਾ ਹੈ। ਰੱਬ ਨੂੰ ਵੀ ਤੇ ਬੰਦਿਆਂ ਨੂੰ ਵੀ। ਬੁਰਿਆਂ ਨੂੰ ਸਾਰੇ ਗਾਲ੍ਹਾਂ ਕੱਢਦੇ ਨੇ। ਤੁਸੀਂ ਗਾਲ੍ਹਾਂ ਕਿਉਂ ਖਾਂਦੇ ਓ? ਮਿਲਾਵਟ ਕਰਨੋ ਹਟ ਜੋ …। ਤੁਸੀਂ ਵੀ ਚੰਗੇ ਬਣ ਜੋ। ਦੇਖਣ ਨੂੰ ਤਾਂ ਤੁਹਾਡੀ ਕੋਈ ਪਛਾਣ ਨਹੀਂ। ਤੁਸੀਂ ਪੈਸੇ ਦੇ ਸਿਰ ’ਤੇ ਮਾਣ ਨਾਲ ਘੁੰਮਦੇ ਹੋਵੋਗੇ ਪਿੰਡਾਂ ਤੇ ਸ਼ਹਿਰਾਂ ਵਿੱਚ। ਦਾਦੀ ਜੀ ਕਹਿੰਦੇ ਹੁੰਦੇ ਨੇ … ਬੰਦੇ ਦੀ ਜ਼ਮੀਰ ਗਲਤ ਕੰਮ ਕਰਨ ਵਾਲਿਆਂ ਨੂੰ ਲਾਹਨਤਾਂ ਪਾਉਂਦੀ ਐ। ਤੁਹਾਡੇ ਕੋਲ ਜ਼ਮੀਰ ਹੁੰਦੀ ਐ ਭਲਾ ਜੀ? ਜੇ ਹੁੰਦੀ ਐ, ਫਿਰ ਉਹ ਬੋਲਦੀ ਕੋਈ ਨੀ। ਪਰ ਤੁਸੀਂ ਤਾਂ ਮਿਲਾਵਟਖੋਰ ਓ ਨਾ … ਮਾਰ ਦਿੱਤੀ ਹੋਊ ਜ਼ਹਿਰਾਂ ਖਵਾ ਖਵਾ ਕੇ।
ਮੇਰੇ ਦਾਦਾ ਜੀ ਕਹਿੰਦੇ ਹੁੰਦੇ ਨੇ ਕਿ ਜਿਹੜਾ ਪੈਸਾ ਲੋਕਾਂ ਨੂੰ ਦੁਖੀ ਕਰ ਕੇ ਕਮਾਇਆ ਹੁੰਦਾ ਏ ਨਾ, ਉਹਦੇ ਵਿੱਚ ਬੇਵੱਸ ਲੋਕਾਂ ਦਾ ਖ਼ੂਨ ਹੁੰਦਾ ਏ, ਉਹ ਹਮੇਸ਼ਾ ਦੁੱਖ ਦਿੰਦਾ ਹੈ। ਫਿਰ ਤੁਸੀਂ ਗਲਤ ਕੰਮ ਕਰਕੇ ਕਿਉਂ ਦੁੱਖ ਸਹੇੜਦੇ ਓ? ਤੁਹਾਨੂੰ ਪਤੈ … ਮੈਂਨੂੰ ਨਾ ਕਦੇ ਕਦੇ ਤੁਹਾਡੇ ਤੇ ਬਹੁਤ ਤਰਸ ਆਉਂਦੈ। ਤੁਸੀਂ ਲੋਕਾਂ ਤੋਂ ਬਦ-ਦੁਆਵਾਂ ਲੈਂਦੇ ਓ, ਦੁੱਖਾਂ ਦੇ ਬੀਜ ਬੀਜਦੇ ਓ, ਫੇਰ ਦੁੱਖ ਈ ਉੱਗਣਗੇ ਨਾ। ਕਦੇ ਸੋਚਣਾ, ਜੇ ਦੁੱਖ ਉੱਗ ਪਏ ਤਾਂ ਤੁਸੀਂ ਇਹਨਾਂ ਨੂੰ ਕਿਵੇਂ ਝੱਲੋਗੇ? ਤੁਸੀਂ ਜੇ ਬੀਜਣੀਆਂ ਨੇ ਤਾਂ ਖੁਸ਼ੀਆਂ ਬੀਜ ਲਵੋ। ਫਿਰ ਖੁਸ਼ੀਆਂ ਹੀ ਖੁਸ਼ੀਆਂ ਉੱਗਣਗੀਆਂ … ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ। ਕਿੰਨਾ ਚੰਗਾ ਲੱਗੂ ਸਭ ਨੂੰ। ਮੈਂਨੂੰ ਵੀ ਵਧੀਆ ਲੱਗੂ।
ਮੈਂ ਇੱਕ ਗੱਲ ਦੱਸਾਂ ਤੁਹਾਨੂੰ … ਜੇ ਤੁਸੀਂ ਪੁਲਿਸ ਤੋਂ ਨਹੀਂ ਡਰਦੇ, ਨਾ ਡਰੋ, ਪਰ ਰੱਬ ਤੋਂ ਜ਼ਰੂਰ ਡਰਨਾ। ਦਾਦਾ ਜੀ ਆਖਦੇ ਹੁੰਦੇ ਨੇ ਕਿ ਰੱਬ ਸਾਰਿਆਂ ਤੋਂ ਵੱਡਾ ਹੁੰਦਾ ਹੈ। ਉਹ ਕਿਸੇ ਤੋਂ ਨਹੀਂ ਡਰਦਾ। ਜੇ ਉਹਨੂੰ ਗੁੱਸਾ ਆ ਗਿਆ ਫੇਰ ਨੀ ਤੁਸੀਂ ਬਚ ਸਕਦੇ। ਜਿੱਥੇ ਵੀ ਮਰਜ਼ੀ ਭੱਜ ਲੈਣਾ ...। ਤਾਂ ਹੀ ਤਾਂ ਮੈਂ ਤੁਹਾਨੂੰ ਚਿੱਠੀ ਲਿਖੀ ਐ, ਮੈਂਨੂੰ ਤਰਸ ਆਉਂਦਾ ਤੁਹਾਡੇ ’ਤੇ। ਤੁਸੀਂ ਵੀ ਆਪਣੀ ਜ਼ਮੀਰ ਦੀ ਆਵਾਜ਼ ਸੁਣ ਲਿਆ ਕਰੋ। ਫਿਰ ਤੁਸੀਂ ਕਦੇ ਵੀ ਗਲਤ ਕੰਮ ਨਹੀਂ ਕਰ ਸਕੋਗੇ …। ਬੱਸ ਇਹੀ ਆਖਣਾ ਸੀ ਮੈਂ ਤੁਹਾਨੂੰ।”
ਨਿੱਕੂ ਦੀ ਮਾਂ ਹੈਰਾਨ ਸੀ ਆਪਣੇ ਬੱਚੇ ਦੀ ਸਮਝ ’ਤੇ। ਉਸ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ। ਉਸ ਨੂੰ ਸਭ ਗੱਲਾਂ ਸਮਝ ਆ ਗਈਆਂ ਕਿ ਉਸ ਦਾ ਪੁੱਤਰ ਇੰਨੇ ਸਵਾਲ ਕਿਉਂ ਪੁੱਛਦਾ ਰਹਿੰਦਾ ਸੀ। ਨਿੱਕੂ ਦਾ ਦੋਸਤ ਰਮਨ ਵੀ ਤਾਂ ਮਠਿਆਈ ਖਾ ਕੇ ਬਿਮਾਰ ਹੋਇਆ ਸੀ ਤੇ ਉਸ ਨੂੰ ਹਸਪਤਾਲ ਦਾਖਲ ਵੀ ਰੱਖਣਾ ਪਿਆ ਸੀ। ਜਦੋਂ ਉਸ ਦੇ ਦਾਦਾ ਜੀ ਉੱਚੀ ਉੱਚੀ ਅਖ਼ਬਾਰ ਦੀ ਕੋਈ ਖ਼ਬਰ ਪੜ੍ਹ ਕੇ ਸੁਣਾਉਂਦੇ ਹਨ ਤਾਂ ਨਿੱਕੂ ਢੇਰ ਸਾਰੇ ਸਵਾਲ ਪੁੱਛਦਾ ਰਹਿੰਦਾ ਹੈ। ਤਿਉਹਾਰਾਂ ਦੇ ਦਿਨਾਂ ਵਿੱਚ ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਵਧ ਜਾਂਦੀ ਹੈ। ਇਸ ਲਈ ਅਖ਼ਬਾਰਾਂ ਵਿੱਚ ਵੀ ਖ਼ਬਰਾਂ ਵੱਧ ਛਪਦੀਆਂ ਨੇ ਤੇ ਨਿੱਕੂ ਸਾਰਾ ਦਿਨ ਦਾਦਾ ਦਾਦੀ ਦੇ ਦੁਆਲੇ ਹੋਇਆ ਰਹਿੰਦਾ ਹੈ, ਭਾਂਤ ਭਾਂਤ ਦੀਆਂ ਗੱਲਾਂ ਪੁੱਛਣ ਲਈ। ਨਿੱਕੂ ਇਨ੍ਹਾਂ ਸਾਰੀਆਂ ਗੱਲਾਂ ਨੂੰ ਐਨੀ ਗੰਭੀਰਤਾ ਨਾਲ ਲੈਂਦਾ ਹੋਵੇਗਾ, ਨਿੱਕੂ ਦੀ ਮਾਂ ਨੇ ਤਾਂ ਕਦੇ ਸੋਚਿਆ ਵੀ ਨਹੀਂ ਸੀ। ਨਿੱਕੂ ਦੀ ਮਾਂ ਨੇ ਉਹ ਕਾਗਜ਼ ਨਿੱਕੂ ਦੇ ਦਾਦਾ ਜੀ ਦੇ ਹੱਥ ਫੜਾਇਆ। ਉਸ ਨੇ ਪੜ੍ਹਿਆ ਤਾਂ ਨਿੱਕੂ ਨੂੰ ਪੁੱਛਿਆ, “ਹੁਣ ਇਸਦਾ ਕੀ ਕਰੀਏ?”
“ਇਹੀ ਤਾਂ ਪਤਾ ਨਹੀਂ ਮੈਂਨੂੰ, ਪਤਾ ਨਹੀਂ ਉਹ ਕਿੱਥੇ ਰਹਿੰਦੇ ਨੇ।” ਨਿੱਕੂ ਨੇ ਉਦਾਸਿਆ ਜਿਹਾ ਮੂੰਹ ਬਣਾ ਕੇ ਕਿਹਾ।
“ਬਾਪੂ ਜੀ, ਅਖ਼ਬਾਰ ਵਾਲਿਆਂ ਨੂੰ ਭੇਜ ਦੇਈਏ … ਹੋ ਸਕਦਾ ਹੈ ਛਾਪ ਦੇਣ … ਆਪੇ ਪੜ੍ਹ ਲੈਣਗੇ ਮਿਲਾਵਟਖੋਰ ਵੀ।” ਸੁਣ ਕੇ ਨਿੱਕੂ ਦੀਆਂ ਅੱਖਾਂ ਵਿੱਚ ਚਮਕ ਆ ਗਈ। “ਮੇਰੀ ਚਿੱਠੀ ਪੜ੍ਹ ਕੇ ਸਾਰੇ ਮਿਲਾਵਟ ਕਰਨੋ ਹਟ ਜਾਣਗੇ … ਹੈ ਨਾ ਦਾਦਾ ਜੀ?”
“ਹਾਂ ਪੁੱਤ, ਜ਼ਰੂਰ ਹਟ ਜਾਣਗੇ।” ਦਾਦਾ ਜੀ ਨੇ ਨਿੱਕੂ ਦੇ ਸਿਰ ’ਤੇ ਹੱਥ ਫੇਰਦਿਆਂ ਆਖਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3114)
(ਸਰੋਕਾਰ ਨਾਲ ਸੰਪਰਕ ਲਈ: