AmritKBadrukhan7ਸੁਹਣੇ ਰੰਗਾਂ ਨਾਲ ਭਰੀ ਇਸ ਜ਼ਿੰਦਗੀ ਰੂਪੀ ਫੁਲਕਾਰੀ ਨੂੰ ਸਾਂਭਣ ਦਾ ਢੰਗ ਹਰ ਪਰਿਵਾਰ ਨੂੰ ...
(23 ਫਰਵਰੀ 2026)


ਅਸੀਂ ਕੁੜੀ ਵਾਲੇ ਪਾਸਿਓਂ ਗੁਰਦੁਆਰਾ ਸਾਹਿਬ ਅਨੰਦ ਕਾਰਜ ਕਰਵਾਉਣ ਵੇਲੇ ਆਪਣੀ ਸ਼ਮੂਲੀਅਤ ਲਈ ਪਹੁੰਚੇ ਹੋਏ ਸੀ
ਦੂਜੇ ਪਾਸਿਉਂ ਮੁੰਡੇ ਵਾਲੇ ਵੀ ਆਪਣੇ ਰਿਸ਼ਤੇਦਾਰਾਂ ਨਾਲ ਪਹੁੰਚੇ ਹੋਏ ਸਨਕੁੜੀ ਲਾਲ ਸੂਹਾ ਸੂਟ ਪਾਈ ਆਪਣੇ ਸਾਰੇ ਰਿਸ਼ਤੇਦਾਰਾਂ ਦੇ ਵਿਚਕਾਰ ਤੁਰੀ ਜਾ ਰਹੀ ਸੀਸਾਹਮਣੇ ਮੁੰਡੇ ਵਾਲਿਆਂ ਨੂੰ ਦੇਖ ਕੇ ਅਸੀਂ ਰੁਕ ਗਏਉਹਨਾਂ ਵਿੱਚੋਂ ਇੱਕ ਬੀਬੀ ਆਈ ਜਿਸਦੇ ਹੱਥ ਵਿੱਚ ਸੂਹੀ ਫੁਲਕਾਰੀ ਸੀਉਹਨਾਂ ਫੁਲਕਾਰੀ ਕੁੜੀ ਦੇ ਮੋਢਿਆਂ ਉੱਤੇ ਪਾਈ ਅਤੇ ਆਪਣੇ ਵਾਲੇ ਪਾਸੇ ਲੈ ਗਏ

ਦੇਖ ਲਓ ਇੱਕ ਫੁਲਕਾਰੀ ਦੇ ਕੇ ਅਗਲੇ ਮਿੰਟ ਵਿੱਚ ਲੈ ਗਏ।” ਮੇਰੇ ਮੂੰਹੋਂ ਨਿਕਲਿਆਕੋਲ ਖਲੋਤੀ ਨਵੀਂ ਨਵੇਲੀ ਵਹੁਟੀ ਦੇ ਮੂੰਹ ਵੱਲ ਤੱਕਿਆਉਸਦੇ ਅੰਦਰ ਪਤਾ ਨਹੀਂ ਕੀ ਕੁਝ ਚੱਲ ਰਿਹਾ ਸੀ ਉਸਦੀਆਂ ਅੱਖਾਂ ਭਰੀਆਂ ਹੋਈਆਂ ਸਨਮੈਂ ਉਸਦੇ ਮਨ ਦੀ ਅਵਸਥਾ ਦਾ ਅੰਦਾਜ਼ਾ ਲਾਉਂਦਿਆਂ ਕਿਹਾ, “ਤੈਨੂੰ ਵੀ ਅਸੀਂ ਇੱਦਾਂ ਹੀ ਲੈ ਆਏ ਸੀਇਹੀ ਰੀਤ ਐ।” ਮੈਂ ਚੁੱਪ ਕਰ ਗਈ ਨਾਲ ਖੜ੍ਹੀ ਨਵੀਂ ਨਵੇਲੀ ਅੱਖਾਂ ਨੀਵੀਂਆਂ ਕਰੀ ਖੜ੍ਹੀ ਸੀਸ਼ਾਇਦ ਅੱਖਾਂ ਵਿਚਲਾ ਪਾਣੀ ਲੁਕੋਣ ਦੀ ਕੋਸ਼ਿਸ਼ ਵਿੱਚ ਸੀਇਸ ਕੋਸ਼ਿਸ਼ ਵਿੱਚ ਉਸਦੇ ਬੁੱਲ੍ਹ ਕੰਬ ਰਹੇ ਸਨਕਿੰਨਾ ਔਖਾ ਹੈ ਇਹ ਸਭ ਆਪਣੇ ਅੰਦਰ ਰੋਕੀ ਰੱਖਣਾਇਸ ਸਮੇਂ ਮਾਂ ਦੀ ਬੁੱਕਲ ਦੀ ਬਹੁਤ ਲੋੜ ਹੁੰਦੀ ਹੈਜਿੱਥੇ ਧੀ ਆਪਣੇ ਅੰਦਰ ਦਾ ਵਹਿਣ ਵਹਾ ਸਕਦੀ ਹੈਮੇਰਾ ਦਿਲ ਕੀਤਾ ਉਸ ਨੂੰ ਘੁੱਟ ਕੇ ਗਲਵੱਕੜੀ ਪਾਵਾਂਪਰ ਇਸ ਤਰ੍ਹਾਂ ਕਰਨ ਨਾਲ ਉਸਦੇ ਅੰਦਰ ਡੱਕਿਆ ਵਹਿਣ ਬਾਹਰ ਆ ਸਕਦਾ ਸੀਸ਼ਾਇਦ ਅੰਦਰਲਾ ਉਦਰੇਵਾਂ ਨਹੀਂ ਸੀ ਦਿਸਣਾ, ਉਸਦੇ ਰੋਣ ਪਿੱਛੇ ਕਈ ਸਵਾਲ ਉਪਜ ਪੈਣੇ ਸਨਕਈ ਸਿਆਣੀਆਂ ਬੀਬੀਆਂ ਉਸ ਨੂੰ ਸ਼ਗਨਾਂ ਮੌਕੇ ਰੋਣ ਤੋਂ ਵਰਜਦੀਆਂ

ਕਿਉਂ ਸੁੱਖੀ ਸਾਂਦੀਂ ਸ਼ਗਨਾਂ ਦੇ ਮੌਕੇ ਰੋਨੀ ਏਂ?” ਵਿਚਾਰੀ ਕਿਸ ਕਿਸ ਨੂੰ ਸਫ਼ਾਈ ਦਿੰਦੀ ਕਿ ਉਸ ਨੂੰ ਆਪਣੇ ਮਾਪੇ ਭੈਣ ਭਰਾ ਯਾਦ ਆ ਰਹੇ ਸਨਇਹ ਸਿਰਫ ਮੇਰੀ ਸੋਚ ਸੀਹੋ ਸਕਦਾ ਇਹੋ ਜਿਹਾ ਕੁਝ ਨਾ ਵੀ ਹੁੰਦਾਮੈਥੋਂ ਮੁੜ ਕੇ ਉਸਦੇ ਮੂੰਹ ਵੱਲ ਨਾ ਦੇਖਿਆ ਗਿਆਨਵਾਂ ਨਵਾਂ ਵਿਆਹ ਹੋਇਆ ਸੀ ਉਸਦੇ ਪਤੀ ਦੀ ਨਿਗਾਹ ਵੀ ਉਸ ਵੱਲ ਹੀ ਸੀਉਹ ਉਸਦੀ ਹਾਲਤ ਨੂੰ ਭਾਂਪਦਿਆਂ ਉਸਦਾ ਹੱਥ ਫੜ ਕੇ ਗੁਰੂ ਘਰ ਦੇ ਪਿਛਲੇ ਪਾਸੇ ਲੈ ਗਿਆ ਮੈਨੂੰ ਚੰਗਾ ਲੱਗਿਆ ਹਰ ਮੁੰਡੇ ਨੂੰ ਮੌਕੇ ਦੀ ਨਜ਼ਾਕਤ ਦੇਖਦਿਆਂ ਇਸ ਤਰ੍ਹਾਂ ਆਪਣੇ ਜੀਵਨ ਸਾਥੀ ਦਾ ਖਿਆਲ ਰੱਖਣਾ ਚਾਹੀਦਾ ਹੈਮੈਂ ਸੋਚ ਰਹੀ ਸੀ ਕਿ ਮੈਨੂੰ ਕੁਝ ਨਹੀਂ ਸੀ ਕਹਿਣਾ ਚਾਹੀਦਾਕਾਹਨੂੰ ਜਵਾਕੜੀ ਦਾ ਮਨ ਔਖਾ ਕਰ ਦਿੱਤਾਬਾਅਦ ਵਿੱਚ ਪਤਾ ਲੱਗਿਆ ਕਿ ਉਸਦਾ ਮਨ ਕਿਸੇ ਹੋਰ ਗੱਲੋਂ ਭਰਿਆ ਹੋਇਆ ਸੀਸ਼ਾਇਦ ਕਿਸੇ ਨੇ ਉਸਦੇ ਆਤਮ-ਸਨਮਾਨ ਨੂੰ ਸੱਟ ਮਾਰੀ ਸੀਨਵੀਂ ਨਵੀਂ ਸੀ, ਸਹਿ ਨੀ ਹੋਇਆ

ਮੇਰੀ ਸੋਚ ਦੌੜਨ ਲੱਗੀ ਆਮ ਕਰ ਕੇ ਧੀਆਂ ਇਸੇ ਤਰ੍ਹਾਂ ਹੀ ਸਭ ਸਹਿਣ ਕਰਨਾ ਸਿੱਖ ਜਾਂਦੀਆਂ ਹਨਆਪਣੇ ਮਾਪੇ, ਭੈਣ ਭਰਾਵਾਂ ਨੂੰ ਛੱਡ ਆਉਂਦੀਆਂ ਅਤੇ ਦੂਜਿਆਂ ਦੇ ਘਰਾਂ ਦੀ ਸ਼ੋਭਾ ਵਧਾਉਂਦੀਆਂ ਹਨਭਾਵੇਂ ਹੁਣ ਜ਼ਮਾਨਾ ਬਹੁਤ ਬਦਲ ਗਿਆ ਪਰ ਫਿਰ ਵੀ ਬਚਪਨ ਵਿੱਚ ਪੜ੍ਹੇ ਬੀਬੀ ਰਜਨੀ ਦੇ ਕਿੱਸੇ ਵਿੱਚੋਂ ਇੱਕ ਸਤਰ ਦਿਮਾਗ਼ ਵਿੱਚ ਘੁੰਮਣ ਲੱਗੀ... ਧੀਆਂ, ਗਊਆਂ, ਕਾਮਿਆਂ ਦਾ ਕੋਈ ਜ਼ੋਰ ਨਾ... ਇਹ ਸਤਰਾਂ ਕਿਸੇ ਨਾ ਕਿਸੇ ’ਤੇ ਤਾਂ ਜ਼ਰੂਰ ਢੁਕਦੀਆਂ ਹੋਣਗੀਆਂਵਿਆਹ ਤੋਂ ਬਾਅਦ ਕੁੜੀਆਂ ਨੂੰ ਨਵੀਂ ਥਾਂ, ਨਵਾਂ ਘਰ, ਨਵੇਂ ਰਿਸ਼ਤੇ-ਨਾਤੇ, ਨਵੇਂ ਪਰਿਵਾਰ ਨਾਲ ਰਚਣ-ਮਿਚਣ ਨੂੰ ਸਮਾਂ ਲਗਦਾ ਹੈਜੇ ਨਵਾਂ ਪਰਿਵਾਰ ਸੁਚੱਜੇ ਤਰੀਕੇ ਨਾਲ ਉਸ ਨਾਲ ਤਾਲਮੇਲ ਬਿਠਾ ਲਵੇ ਅਤੇ ਕੁੜੀ ਵੀ ਆਪਣੇ ਨਵੇਂ ਪਰਿਵਾਰ ਨੂੰ ਸਮਝਣ ਦੀ ਕੋਸ਼ਿਸ਼ ਕਰੇ ਤਾਂ ਕਈ ਜ਼ਿੰਦਗੀਆਂ ਸੁਖਾਲੀਆਂ ਰਹਿੰਦੀਆਂ ਹਨ

ਨਵੀਂ ਵਿਆਹੀ ਦੇ ਮੋਢਿਆਂ ’ਤੇ ਦਿੱਤੀ ਫੁਲਕਾਰੀ ਦਾ ਹਰ ਇੱਕ ਰੰਗ ਬੋਲਦਾ ਜਾਪਦਾ ਸੀ, ਜਿਵੇਂ ਨਵੀਂ ਜ਼ਿੰਦਗੀ ਵਿੱਚ ਦਾਖ਼ਲ ਹੋਣ ਸਮੇਂ ਨਵੀਂਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾ ਕੇ ਇਹ ਸਮਝਾ ਰਿਹਾ ਹੋਵੇ... ਇਨ੍ਹਾਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਿਭਾਉਣਾ ਹੀ ਜ਼ਿੰਦਗੀ ਨੂੰ ਜਿਊਣ ਜੋਗੀ ਬਣਾਉਂਦਾ ਹੈ... ਦਿਲ ਦਿਮਾਗ਼ ਚਲੋ-ਚਾਲ ਤੁਰਨ ਲੱਗੇਕੀ ਇਹ ਜ਼ਿੰਮੇਵਾਰੀਆਂ ਸਿਰਫ ਕੁੜੀ ਨੇ ਹੀ ਨਿਭਾਉਣੀਆਂ ਹੁੰਦੀਆਂ ਨੇ? ਉਮੀਦ ਤਾਂ ਬਹੁਤੇ ਲੋਕ ਇਹੀ ਕਰਦੇ ਹਨਮੋਢਿਆਂ ’ਤੇ ਦਿੱਤੀ ਫੁਲਕਾਰੀ ਦੇ ਖ਼ੂਬਸੂਰਤ ਰੰਗਾਂ ਦੇ ਪਿੱਛੇ ਐਨੀਆਂ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਸਿਰ ਚੁੱਕੀ ਖੜ੍ਹੀਆਂ ਦਿਸੀਆਂ

ਕੁਝ ਕੁ ਕੁੜੀਆਂ ਸਾਰੀ ਉਮਰ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੀਆਂ ਨਿਭਾਉਂਦੀਆਂ ਕੁੱਬੀਆਂ ਹੋ ਜਾਂਦੀਆਂ ਹਨ, ਫਿਰ ਵੀ ਪਰਿਵਾਰ ਨੂੰ ਖੁਸ਼ ਨਹੀਂ ਕਰ ਸਕਦੀਆਂਕਈ ਆਉਂਦੀਆਂ ਹੀ ਬਗਾਵਤ ’ਤੇ ਉੱਤਰ ਆਉਂਦੀਆਂ ਹਨਆਪਣੀ ਨਿੱਕੀ ਨਿੱਕੀ ਗੱਲ ਮੰਨਵਾਉਣ ’ਤੇ ਹੀ ਘਰ ਵਿੱਚ ਗੁੱਝਾ ਜਿਹਾ ਕਲੇਸ਼ ਪਾਈ ਰੱਖਦੀਆਂ ਹਨਇੱਕ ਲੋਕ ਗੀਤ ਦੀਆਂ ਪੰਕਤੀਆਂ ਹਨ, ਜੋ ਇੱਕ ਅਖਾਣ ਦੀ ਤਰ੍ਹਾਂ ਹੀ ਵਰਤੀਆਂ ਜਾਂਦੀਆਂ ਹਨ... ਲਾਈਲੱਗ ਨਾ ਹੋਵੇ ਘਰ ਵਾਲਾ, ਚੰਦਰਾ ਗੁਆਂਢ ਬੁਰਾ... ਪਰ ਮੈਨੂੰ ਲਗਦਾ ਐ ਕਿ ਕੋਈ ਵੀ ਲਾਈਲੱਗ ਨਹੀਂ ਹੋਣਾ ਚਾਹੀਦਾ, ਨਾ ਘਰ ਵਾਲਾ, ਨਾ ਘਰ ਵਾਲੀ, ਨਾ ਹੀ ਪਰਿਵਾਰ ਦਾ ਕੋਈ ਹੋਰ ਜੀਅ ਲਾਈਲੱਗ ਲੋਕ ਹੀ ਦੂਜਿਆਂ ਦੀ ਦੇਖਾ-ਦੇਖੀ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਘਰ ਦੇ ਜੀਆਂ ਦੀ ਤੁਲਨਾ ਉਹਨਾਂ ਪਰਿਵਾਰਾਂ ਦੇ ਜੀਆਂ ਨਾਲ ਕਰਦੇ ਰਹਿੰਦੇ ਹਨ, ਜਿਨ੍ਹਾਂ ਨਾਲ ਵਰ੍ਹੇ ਛਿਮਾਹੀ ਗੱਲ ਹੁੰਦੀ ਹੈਆਪਣੇ ਹੀ ਪਰਿਵਾਰ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਈ ਵਾਰ ਚਾਦਰੋਂ ਬਾਹਰ ਪੈਰ ਵੀ ਪਸਾਰ ਲੈਂਦੇ ਹਨ; ਜਿਸ ਨਾਲ ਉਹ ਆਪ ਤਾਂ ਔਖੇ ਹੁੰਦੇ ਹੀ ਹਨ, ਬਾਕੀ ਪਰਿਵਾਰ ਨੂੰ ਵੀ ਔਖਾ ਕਰਦੇ ਹਨਉਹਨਾਂ ਨੂੰ ਸਿਰਫ ਕਹਿਣਾ ਆਉਂਦਾ ਹੈ, ਸਹਿਣਾ ਨਹੀਂਕਈ ਕੁੜੀਆਂ ਸਿਰਫ ਸਹਿੰਦੀਆਂ ਨੇ, ਕਹਿ ਨਹੀਂ ਸਕਦੀਆਂ ਕੁਝ ਵੀ ਕਹਿਣ ਤੋਂ ਪਹਿਲਾਂ ਉਹਨਾਂ ਨੂੰ ਆਪਣਾ ਪੇਕਾ ਪਰਿਵਾਰ ਯਾਦ ਆਉਂਦਾ ਹੈਕਿਤੇ ਉਸਦੇ ਬੋਲਾਂ ਕਰਕੇ ਮਾਪਿਆਂ ਅਤੇ ਭਰਾਵਾਂ ਨੂੰ ਕੋਈ ਨਮੋਸ਼ੀ ਨਾ ਸਹਿਣੀ ਪਵੇਕਈਆਂ ਨੂੰ ਸੰਤੁਲਨ ਬਣਾ ਕੇ ਚੱਲਣਾ ਆਉਂਦਾ ਹੁੰਦਾ ਹੈਉਹ ਕਹਿਣਯੋਗ ਗੱਲ ਕਹਿ ਵੀ ਲੈਂਦੀਆਂ ਹਨ ਅਤੇ ਦੂਜੇ ਦੀ ਸਹਿਣਯੋਗ ਗੱਲ ਸਹਿ ਵੀ ਲੈਂਦੀਆਂ ਹਨ

ਸਮਾਜ ਵਿੱਚ ਆਲੇ-ਦੁਆਲੇ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਵੀ ਦੇਖਣ ਸੁਣਨ ਨੂੰ ਮਿਲਦੀਆਂ ਹਨ ਕਿ ਕਈ ਵਾਰ ਮੁੰਡਾ ਇੱਕ ਪਾਸੇ ਦਾ ਹੋ ਕੇ ਰਹਿ ਜਾਂਦਾ ਹੈ ਜਾਂ ਤਾਂ ਸਿਰਫ ਮਾਂ ਦਾ ਦੁਲਾਰਾ... ਜਾਂ ਫਿਰ ਪਤਨੀ-ਭਗਤ... ਇਹ ਦੋਵੇਂ ਸਥਿਤੀਆਂ ਬੜੀਆਂ ਮਾੜੀਆਂ ਹਨਇੱਕ ਪਾਸਾ ਅਣਗੌਲਿਆ ਹੋ ਜਾਂਦਾ ਹੈਅਣਗੌਲਿਆ ਪਾਸਾ ਹਮੇਸ਼ਾ ਦੱਬੂ ਅਤੇ ਕਮਜ਼ੋਰ ਰਹਿ ਜਾਂਦਾ ਹੈ; ਜਿਸ ਨਾਲ ਰਿਸ਼ਤਿਆਂ ਵਿਚਲਾ ਪਾੜਾ ਵਧ ਜਾਂਦਾ ਹੈਕਈ ਵਾਰ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰ ਚੰਗੇ ਹੁੰਦਿਆਂ ਵੀ ਆਪਣੇ ਅਮੀਰ ਰਿਸ਼ਤੇਦਾਰਾਂ ਦੇ ਸਾਹਮਣੇ ਚੁੱਪ ਰਹਿੰਦੇ ਹਨ

ਆਮ ਕਰਕੇ ਕਿਹਾ ਜਾਂਦਾ ਹੈ ਜੇ ਮੁੰਡਾ ਸਿਆਣਾ ਹੋਵੇ ਤਾਂ ਉਹ ਆਪਣੀ ਪਤਨੀ ਦੀ ਇੱਜ਼ਤ ਨੂੰ ਵੀ ਘਟਣ ਨਹੀਂ ਦਿੰਦਾ ਅਤੇ ਆਪਣੇ ਮਾਪਿਆਂ ਅਤੇ ਭੈਣਾਂ ਭਰਾਵਾਂ ਦੀ ਇੱਜ਼ਤ ਵੀ ਘਟਣ ਨਹੀਂ ਦੇਵੇਗਾਕਈ ਵਾਰ ਇਹ ਦੋਵੇਂ ਬੀਬੀਆਂ (ਮਾਂ ਅਤੇ ਪਤਨੀ) ਬੜੀਆਂ ਤੇਜ਼ ਹੁੰਦੀਆਂ ਹਨਇੱਥੇ ਮੁੰਡੇ ਦੀ ਸਿਆਣਪ ਕਿਸੇ ਕੰਮ ਨਹੀਂ ਆ ਸਕਦੀਉਹ ਵਿਚਾਰਾ ਦੋ ਪੁੜਾਂ ਵਿਚਾਲੇ ਪਿਸ ਕੇ ਰਹਿ ਜਾਂਦਾ ਹੈਜੇ ਪਤਨੀ ਦੀ ਹਿਮਾਇਤ ਕਰੇ ਤਾਂ ਮਾਂ ਤੋਂ ਨਹੀਂ ਜਰਿਆ ਜਾਂਦਾ; ਜੇ ਮਾਂ ਦੀ ਹਿਮਾਇਤ ਕਰੇ ਤਾਂ ਪਤਨੀ ਨਹੀਂ ਜਰਦੀਇਹ ਦੋਵੇਂ ਬੀਬੀਆਂ ਮੁੰਡੇ ਦੀਆਂ ਹਿਤੈਸ਼ੀ ਹੁੰਦੀਆਂ ਹਨ ਅਤੇ ਉਸ ਨੂੰ ਵੱਧ ਪਿਆਰ ਕਰਨ ਦਾ ਦਾਅਵਾ ਵੀ ਕਰਦੀਆਂ ਹਨਸਭ ਤੋਂ ਵੱਧ ਦੁਖੀ ਵੀ ਇਨ੍ਹਾਂ ਦੇ ਕਾਰਨਾਮੇ ਹੀ ਕਰਦੇ ਹਨ ਇਨ੍ਹਾਂ ਦੀ ਧੂਹ-ਘੜੀਸ ਵਾਲਾ ਪਿਆਰ ਉਸ ਨੂੰ ਹਜ਼ਮ ਕਰਨਾ ਔਖਾ ਹੁੰਦਾ ਹੈਕਈ ਵਾਰ ਉਹ ਬਿਨਾਂ ਕੰਮ ਤੋਂ ਹੀ ਕੋਈ ਨਾ ਕੋਈ ਬਹਾਨਾ ਲੱਭ ਕੇ ਘਰੋਂ ਟਾਲਾ ਵੱਟਣ ਦੀ ਕੋਸ਼ਿਸ਼ ਕਰਦਾ ਹੈਪਰ ਇਸ ਤਰ੍ਹਾਂ ਟਾਲਾ ਵੱਟਣ ਨਾਲ ਕਈ ਵਾਰ ਸਮੱਸਿਆਵਾਂ ਵਧ ਜਾਂਦੀਆਂ ਹਨ ਇਨ੍ਹਾਂ ਨਿੱਕੀਆਂ ਸਮੱਸਿਆਵਾਂ ਨੂੰ ਵੱਡੀਆਂ ਹੋਣ ਤੋਂ ਪਹਿਲਾਂ ਹੀ ਸੁਲਝਾ ਲਿਆ ਜਾਵੇ ਤਾਂ ਚੰਗੀ ਗੱਲ ਹੈਨਹੀਂ ਤਾਂ ਇਹੀ ਵੱਡੀਆਂ ਹੋ ਕੇ ਪਰਿਵਾਰ ਬਿਖ਼ਰਨ ਦਾ ਕਾਰਨ ਬਣਦੀਆਂ ਹਨ

ਕੁਝ ਕੁ ਦਹਾਕੇ ਪਹਿਲਾਂ ਤਾਂ ਨਵਾਂ ਪਰਿਵਾਰ ਕੁੜੀ ਲਈ ਇੱਕ ਤਲਿਸਮੀ ਥਾਂ ਵਾਂਗ ਹੁੰਦਾ ਸੀਉਸ ਨੂੰ ਹੌਲੀ-ਹੌਲੀ ਕਈ ਵਰ੍ਹੇ ਲੱਗ ਜਾਂਦੇ ਸਨ ਪਰਿਵਾਰ ਦੇ ਜੀਆਂ ਨੂੰ ਸਮਝਣ ਲਈਜਦੋਂ ਨੂੰ ਪਰਿਵਾਰ ਦੇ ਜੀਆਂ ਦੇ ਗੁਣਾਂ-ਔਗੁਣਾਂ ਬਾਰੇ ਪਤਾ ਲਗਦਾ, ਉਦੋਂ ਤਕ ਉਹਨਾਂ ਵਿੱਚ ਰਚ-ਮਿਚ ਜਾਂਦੀ ਸੀਪਰਿਵਾਰ ਦੇ ਕਿਸੇ ਵੀ ਜੀਅ ਤੋਂ ਅਣਜਾਣਪੁਣੇ ਵਿੱਚ ਹੋਈ ਗਲਤੀ ’ਤੇ ਪਰਦਾ ਪਾਉਣਾ ਉਹ ਆਪਣੀ ਜ਼ਿੰਮੇਵਾਰੀ ਸਮਝਣ ਲੱਗ ਪੈਂਦੀਸਹੁਰੇ ਪਰਿਵਾਰ ਦੀ ਇੱਜ਼ਤ ਉਸਦੀ ਆਪਣੀ ਇੱਜ਼ਤ ਹੁੰਦੀ ਸੀ

ਅਜੋਕੇ ਸਮੇਂ ਵਿੱਚ ਇੱਕ ਘਾਟੇ ਦਾ ਸੌਦਾ ਇਹ ਹੋਣ ਲੱਗ ਪਿਆ ਕਿ ਪਰਿਵਾਰ ਦੇ ਜੀਆਂ ਅਤੇ ਰਿਸ਼ਤੇਦਾਰਾਂ ਦੇ ਗੁਣ-ਔਗੁਣ ਉਸ ਨੂੰ ਪਹਿਲਾਂ ਹੀ ਪਤਾ ਲੱਗ ਚੁੱਕੇ ਹੁੰਦੇ ਹਨਇਸ ਲਈ ਜੀਆਂ ਪ੍ਰਤੀ ਮਨ ਵਿੱਚ ਕੋਈ ਬਹੁਤਾ ਸਤਿਕਾਰ ਨਹੀਂ ਉਮੜਦਾਹਰ ਇਨਸਾਨ ਦੀ ਸੋਚ ਅਤੇ ਸੰਸਕਾਰ ਵੱਖਰੇ ਹੁੰਦੇ ਹਨਇੱਥੇ ਕਈ ਕੁੜੀਆਂ ਆਪਣੀ ਸਮਝਦਾਰੀ ਵਰਤ ਲੈਂਦੀਆਂ ਹਨਉਹ ਸਭ ਨਾਲ ਆਪਣਾ ਵਿਹਾਰ ਸਹੀ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨਉਹਨਾਂ ਦੀ ਕੋਸ਼ਿਸ਼ ਕਾਮਯਾਬ ਵੀ ਹੋ ਜਾਂਦੀ ਹੈ

ਦੋਵਾਂ ਪਾਸਿਆਂ ਤੋਂ ਵਰਤੀ ਸਮਝਦਾਰੀ ਜ਼ਿੰਦਗੀ ਦਾ ਸਫਰ ਖੂਬਸੂਰਤ ਬਣਾ ਦਿੰਦੀ ਹੈਮਾਪਿਆਂ ਵੱਲੋਂ ਧੀ ਨੂੰ ਦਿੱਤੇ ਚੰਗੇ ਸੰਸਕਾਰ ਅਤੇ ਮੁੰਡੇ ਦੇ ਪਰਿਵਾਰ ਵੱਲੋਂ ਉਸਦੇ ਗੁਣਾਂ ਦੀ ਕਦਰ ਕਰਨਾ ਹੀ ਘਰ ਵਿੱਚ ਸੁੱਖ ਸ਼ਾਂਤੀ ਭਰੇ ਸੁਖਾਵੇਂ ਮਾਹੌਲ ਦੀ ਸਿਰਜਣਾ ਕਰਦਾ ਹੈਜੇਕਰ ਕਿਧਰੇ ਕੋਈ ਸਮੱਸਿਆ ਆ ਵੀ ਜਾਵੇ ਤਾਂ ਇਸ ਨੂੰ ਰਲਮਿਲ ਕੇ ਸੁਲਝਾ ਲਿਆ ਜਾਂਦਾ ਹੈ ਇਨ੍ਹਾਂ ਪਰਿਵਾਰਾਂ ਨੂੰ ਹੱਕਾਂ ਅਤੇ ਜ਼ਿੰਮੇਵਾਰੀਆਂ ਦਾ ਸੰਤੁਲਨ ਬਣਾਉਣਾ ਆਉਂਦਾ ਹੁੰਦਾ ਹੈਸੁਹਣੇ ਰੰਗਾਂ ਨਾਲ ਭਰੀ ਇਸ ਜ਼ਿੰਦਗੀ ਰੂਪੀ ਫੁਲਕਾਰੀ ਨੂੰ ਸਾਂਭਣ ਦਾ ਢੰਗ ਹਰ ਪਰਿਵਾਰ ਨੂੰ ਆਉਣਾ ਚਾਹੀਦਾ ਹੈ ਤਾਂ ਕਿ ਖੂਬਸੂਰਤ ਰੰਗਾਂ ਵਾਲੀ ਖੂਬਸੂਰਤ ਫੁਲਕਾਰੀ ਦਾ ਹਰ ਰੰਗ ਆਪਣੀ ਹੋਂਦ ਦਰਸਾ ਕੇ ਘਰਾਂ ਦੇ ਵਿਹੜਿਆਂ ਨੂੰ ਬਰਕਤਾਂ ਅਤੇ ਰੌਣਕਾਂ ਨਾਲ ਭਰਪੂਰ ਕਰ ਸਕੇ

ਮੋਹ ਦੀਆਂ ਤੰਦਾਂ ਸਾਂਭ ਕੇ ਰੱਖੋ,
ਸਿੱਖੋ ਸਾਂਭਣ-ਢੰਗ ਫੁਲਕਾਰੀ ਦੇ

ਸਹਿਜ ਮਤੇ ਨਾਲ ਸੁਣ ਕੇ ਦੇਖੋ,
ਬੋਲਣ ਰੰਗ ਫੁਲਕਾਰੀ ਦੇ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author