“ਫਿਰ ਤੈਂ ਆਪਣੇ ਤਾਏ ਤੋਂ ਤੀਹ ਹਜ਼ਾਰ ਕਾਹਦੇ ਲਈ ਫੜਿਆ? ਉਹਨੂੰ ...”
(7 ਮਾਰਚ 2026)
“ਮੇਰੇ ਬਾਪੂ ਨੂੰ ਤਾਂ ਸਾਰੀ ਉਮਰ ਪੈਸਾ ਕਮਾਉਣਾ ਨੀ ਆਇਆ ਬੇਬੇ।” ਬਿੰਦਰ ਆਪਣੀ ਮਾਂ ਨੂੰ ਨਿਹੋਰਾ ਮਾਰਦਾ।
“ਕੋਈ ਨਾ ਪੁੱਤ... ਉਹਨੂੰ ਤਾਂ ਨਹੀਂ ਆਇਆ, ਤੂੰ ਹੁਣ ਆਪਣੇ ਹਿਸਾਬ ਨਾਲ ਕਮਾ ਲੈ।”
“ਦੇਖੀਂ ਤੇਰੇ ਪੁੱਤ ਦੀ ਚੜ੍ਹਾਈ...।” ਉਹ ਆਪਣੀ ਮਾਂ ਨੂੰ ਆਖਦਾ।
“ਰੱਬ ਤੇਰੀ ਕਮਾਈ ਵਿੱਚ ਬਰਕਤ ਪਾਵੇ।” ਮਾਂ ਅਸੀਸ ਦਿੰਦੀ।
“ਬਰਕਤ ਨੀ ਬੇਬੇ... ਬਰਕਤਾਂ ਆਖ।” ਉਹ ਚਾਮ੍ਹਲ ਕੇ ਆਖਦਾ। ਮਾਂ ਹੈਰਾਨੀ ਨਾਲ ਉਸ ਵੱਲ ਤੱਕਦੀ। ਕਈ ਵਾਰ ਉਸਦੀਆਂ ਇਹੋ ਜਿਹੀਆਂ ਗੱਲਾਂ ਬਾਪੂ ਦੇ ਕੰਨੀਂ ਵੀ ਪੈ ਚੁੱਕੀਆਂ ਸਨ। ਬਾਪੂ ਨੂੰ ਆਪਣੇ ਬਜ਼ੁਰਗਾਂ ਦੀਆਂ ਕਹੀਆਂ ਗੱਲਾਂ ਚੇਤੇ ਆਉਂਦੀਆਂ, “ਜੇ ਔਲਾਦ ’ਤੇ ਸ਼ੱਕ ਹੋ ਜਾਵੇ ਤਾਂ ਉਸਦੀ ਹਰ ਹਰਕਤ ’ਤੇ ਨਜ਼ਰ ਰੱਖਣੀ ਜ਼ਰੂਰੀ ਹੁੰਦੀ ਐ। ਨਹੀਂ ਤਾਂ ਬਾਅਦ ਵਿੱਚ ਪਛਤਾਵੇ ਤੋਂ ਬਿਨਾਂ ਕੁਛ ਨੀ ਹੱਥ ਲੱਗਦਾ...।”
ਬਿੰਦਰ ਦਾ ਬਹੁਤ ਜੀਅ ਕਰਦਾ ਬਾਪੂ ਨੂੰ ਦੱਸ ਦੇਵੇ, ਉਸਦੇ ਪੁੱਤ ਨੂੰ ਪੈਸਾ ਕਮਾਉਣਾ ਆ ਗਿਆ। ਹਜਾਰ ਤੋਂ ਦੋ ਹਜਾਰ, ਪੰਜ ਤੋਂ ਦਸ, ਦਸ ਤੋਂ ਪੰਦਰਾਂ ਹਜਾਰ। ਲੈ... ਪੈਸੇ ਕਮਾਉਣੇ ਕੀ ਔਖੇ ਨੇ। ਬਾਪੂ ਹੁਰੀਂ ਊਂਈਂ ਛੇ-ਛੇ ਮਹੀਨੇ ਫਸਲ ਕੰਨੀਂ ਝਾਕਦੇ ਰਹਿੰਦੇ ਨੇ। ਉਹ ਵੀ ਜੇ ਮੀਂਹ ਕਣੀ, ਝੱਖੜ-ਝੋਲੇ ਤੋਂ ਬਚਾ ਰਹਿ ਜਾਵੇ ਤਾਂ ਕੁਝ ਪੱਲੇ ਪੈਂਦੈ, ਨਹੀਂ ਤਾਂ ਬੱਸ ਆੜ੍ਹਤੀਏ ਜੋਗੇ। ਆੜ੍ਹਤੀਆ ਵੀ ਬਿਆਜ ਲਾਉਣ ਲੱਗਿਆਂ ਜਮਾਂ ਕਿਰਕ ਨੀ ਕਰਦਾ। ਹੁਣ ਆਪਾਂ ਵੀ ਬਾਣੀਏ ਦੇ ਪੈਸਿਆਂ ਦੇ ਸਿਰੋਂ ਪੈਸੇ ਬਣਾਉਣੇ ਨੇ।
ਬਿੰਦਰ ਨੇ ਘਰਦਿਆਂ ਤੋਂ ਚੋਰੀ ਆੜ੍ਹਤੀਏ ਤੋਂ ਪੈਸੇ ਚੁੱਕ ਕੇ ਇੱਕ ਭਰੋਸੇਯੋਗ ਕੰਪਨੀ ਵਿੱਚ ਲਾ ਦਿੱਤੇ। ਭਰੋਸਾ ਹੋਣ ਕਰਕੇ ਆੜ੍ਹਤੀਏ ਨੇ ਵੀ ਕੋਈ ਨਾਂਹ-ਨੁੱਕਰ ਨਾ ਕੀਤੀ। ਜਿੱਥੋਂ ਵੀ ਅਸਾਨੀ ਨਾਲ ਪੈਸੇ ਮਿਲ ਸਕਦੇ ਸਨ, ਬਿੰਦਰ ਨੇ ਫੜ ਲਏ। ਉਹ ਸੋਚਦਾ, “ਜੇ ਮੈਂ ਘਰਦਿਆਂ ਨੂੰ ਪਹਿਲਾਂ ਈ ਦੱਸ ਦਿੱਤਾ, ਫਿਰ ਉਹ ਸੁਆਦ ਨਹੀਂ ਰਹਿਣਾ। ਬੱਸ ਉਦੋਂ ਈ ਪਤਾ ਲੱਗੇ, ਜਦੋਂ ਉਹ ਪੈਸੇ ਕਈ ਗੁਣਾ ਵਧਾ ਕੇ ਵਾਪਸ ਕਰੇਗਾ। ਸਾਰੇ ਕਿੰਨੇ ਖੁਸ਼ ਹੋਣਗੇ।“ ਉਸ ਨੂੰ ਰਾਤਾਂ ਨੂੰ ਨੀਂਦ ਨਾ ਆਉਂਦੀ। ਸਾਰੀ ਸਾਰੀ ਰਾਤ ਆਪਣੇ ਘਰਦਿਆਂ ਦੀ ਖੁਸ਼ੀ ਬਾਰੇ ਸੋਚਦਾ। ਕਦੇ ਪਿਉ ਬਾਰੇ, ਕਦੇ ਮਾਂ ਬਾਰੇ, ਕਦੇ ਘਰਵਾਲੀ ਨੂੰ ਸੂਟ ਲੈ ਦਿੰਦਾ। ਉਸਦੀਆਂ ਨਿੱਕੀਆਂ ਨਿੱਕੀਆਂ ਰੀਝਾਂ ਪੂਰੀਆਂ ਕਰਨ ਬਾਰੇ ਸੋਚਦਾ। ਖੇਤੀਬਾੜੀ ਦੇ ਸਿਰੋਂ ਸਾਰੀਆਂ ਰੀਝਾਂ ਪੂਰੀਆਂ ਨਹੀਂ ਸਨ ਹੋ ਸਕਦੀਆਂ। ਕੰਪਨੀ ਵਾਲਿਆਂ ਨੇ ਇੱਕ ਹੋਰ ਗੱਲ ਵੀ ਸਮਝਾਈ। ਕਹਿੰਦੇ, ਜੇਕਰ ਤੁਸੀਂ ਹੋਰ ਮੈਂਬਰ ਤਿਆਰ ਕਰ ਲਵੋਂਗੇ ਤਾਂ ਉਨ੍ਹਾਂ ਦਾ ਕਮਿਸ਼ਨ ਅੱਡ ਮਿਲੇਗਾ।”
ਬਿੰਦਰ ਨੇ ਆਪਣੀ ਘਰਵਾਲੀ ਕੁਲਜੀਤ ਨੂੰ ਪੇਕੇ ਭੇਜ ਕੇ ਉਹਨਾਂ ਦੇ ਨਾਂ ’ਤੇ ਵੀ ਪੈਸੇ ਲਾ ਦਿੱਤੇ। ਅਸਲ ਗੱਲ ਕੁਲਜੀਤ ਨੂੰ ਨਹੀਂ ਦੱਸੀ। ਇਹੀ ਆਖਿਆ ਕਿ ਕਿਸੇ ਨੂੰ ਪੈਸਿਆਂ ਦੀ ਜ਼ਰੂਰਤ ਹੈ, ਅਗਲਾ ਵੱਧ ਬਿਆਜ ਦੇਣ ਨੂੰ ਤਿਆਰ ਹੈ।
ਜਦੋਂ ਉਹ ਪੈਸਾ ਲਵਾਉਣ ਵਾਲੇ ਏਜੰਟਾਂ ਦੀਆਂ ਗੱਲਾਂ ਸੁਣਦਾ ਤਾਂ ਅੰਬਰੀਂ ਉਡਾਰੀਆਂ ਲਾਉਣ ਲੱਗ ਪੈਂਦਾ। ਆਪਣੇ ਬਾਪੂ ’ਤੇ ਕਈ ਵਾਰ ਉਸ ਨੂੰ ਨਰਾਜ਼ਗੀ ਹੁੰਦੀ। ਸਾਰੀ ਉਮਰ ਉਸਨੇ ਖੇਤੀ ਕੀਤੀ। ਮਿੱਟੀ ਨਾਲ ਮਿੱਟੀ ਹੁੰਦਾ ਰਿਹਾ। ਕੀ ਖੱਟਿਆ? ਬੱਸ ਸਬਰ ਸ਼ੁਕਰ ਵਾਲੀ ਸੋਚ ’ਤੇ ਖੜ੍ਹਾ ਰਿਹਾ। ਉਸ ਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਆਈ ਕਿ ਪੈਸਾ ਕਿਵੇਂ ਕਮਾਈਦਾ? ਜੇ ਕਿਤੇ ਪਹਿਲਾਂ ਬਾਪੂ ਨੂੰ ਸਮਝ ਆ ਜਾਂਦੀ, ਅੱਜ ਉਹ ਵੀ ਕਾਰਾਂ ਕੋਠੀਆਂ ਵਾਲੇ ਹੁੰਦੇ। ਅਜੀਬ ਜਿਹੀ ਬਿੰਦਰ ਨੂੰ ਬੇਚੈਨੀ ਸੌਣ ਨਾ ਦਿੰਦੀ। ਉਹ ਅੰਦਰੋਂ ਹਮੇਸ਼ਾ ਖਿੜਿਆ ਰਹਿੰਦਾ। ਉਸਨੇ ਆਪਣੀ ਮਿਹਨਤ ਨਾਲ ਟਰੈਕਟਰ ਨਾਲ ਢੋ-ਢੁਆਈ ਕਰਕੇ ਪਹਿਲੀ ਵਾਰ ਪੈਸੇ ਜੋੜੇ। ਕੁਝ ਪੈਸੇ ਲੋਕਾਂ ਦੇ ਖੇਤਾਂ ਵਿੱਚੋਂ ਕੰਬਾਈਨ ਦੁਆਰਾ ਵੱਢੀ ਕਣਕ ਦੀ ਨਾੜ, ਜਿਸ ਨੂੰ ਆਮ ਕਰ ਕੇ ਕਈ ਲੋਕ ਅੱਗ ਲਾ ਦਿੰਦੇ ਸਨ, ਉਸਦੀ ਤੂੜੀ ਬਣਾ ਕੇ ਕਮਾਏ। ਕੁਝ ਘਰੇ ਫੜਾਏ, ਕੁਝ ਆਪਣੇ ਕੋਲ ਰੱਖੇ। ਉਹ ਕੰਮ ਵੀ ਵੱਧ ਕਰਨ ਲੱਗ ਪਿਆ ਤਾਂ ਕਿ ਵੱਧ ਕਮਾਈ ਕਰ ਕੇ ਕੰਪਨੀ ਵਿੱਚ ਵੱਧ ਪੈਸੇ ਲਾ ਸਕੇ, ਛੇਤੀ ਹੀ ਵੱਧ ਪੈਸੇ ਕਮਾਵੇ। ਜੇ ਉਸਦੇ ਵੱਸ ਦੀ ਗੱਲ ਹੁੰਦੀ ਤਾਂ ਉਹ ਸਮੇਂ ਦੀ ਗਤੀ ਵਧਾ ਕੇ ਉਸ ਮਹੀਨੇ ਤਕ ਲੈ ਜਾਂਦਾ, ਜਦੋਂ ਉਸ ਨੂੰ ਲੱਖਾਂ ਰੁਪਏ ਇਕੱਠੇ ਮਿਲਣੇ ਸਨ। ਇਹ ਸੋਚ ਕੇ ਹੀ ਬਿੰਦਰ ਮਨ ਉਡਾਰੀਆਂ ਭਰਨ ਲੱਗ ਪੈਂਦਾ... ਸਾਰੇ ਘਰ ਦੀ ਗਰੀਬੀ ਚੱਕੀ ਜਾਊ। ਦੋ ਚਾਰ ਵਾਰੀ ਤਾਂ ਉਸ ਨੂੰ ਪੰਜ-ਪੰਜ, ਦਸ-ਦਸ ਹਜ਼ਾਰ ਮਿਲ ਵੀ ਚੁੱਕੇ ਸਨ। ਇੱਕ ਦੋ ਵਾਰ ਘਰ ਦੀਆਂ ਜ਼ਰੂਰਤਾਂ ਲਈ ਵਰਤ ਲਏ, ਦੋ ਕੁ ਵਾਰ ਕੰਪਨੀ ਵਾਲਿਆਂ ਦੇ ਕਹਿਣ ’ਤੇ ਕੰਪਨੀ ਵਿੱਚ ਹੀ ਲਾ ਦਿੱਤੇ ਤਾਂ ਕਿ ਉਹਨਾਂ ਦੇ ਕਈ ਗੁਣਾ ਵੱਧ ਬਣ ਜਾਣ। ਐਨੇ ਥੋੜ੍ਹੇ ਪੈਸੇ ਲਾਉਣ ਦਾ ਵੀ ਕੋਈ ਸਵਾਦ ਨਹੀਂ ਸੀ।
ਕਿਸੇ ਨੂੰ ਬਿਨਾਂ ਦੱਸੇ ਹੀ ਬਿੰਦਰ ਨੇ ਸਹੁਰਿਆਂ ਵੱਲੋਂ ਪਾਇਆ ਸੋਨੇ ਦਾ ਕੜਾ ਅਤੇ ਛਾਪ ਵੇਚ ਕੇ ਵੀ ਪੈਸੇ ਲਾ ਦਿੱਤੇ। ਇਸ ਤੋਂ ਬਾਅਦ ਉਹ ਜਮਾਂ ਸੁਰਖ਼ਰੂ ਹੋ ਗਿਆ। ਕੁਝ ਸਮੇਂ ਲਈ ਸਭ ਫਿਕਰ-ਫ਼ਾਕੇ ਮੁਕਾ ਲਏ। ਬੱਸ ਉਡੀਕ ਸੀ, ਜਦੋਂ ਉਹ ਆਪਣੇ ਘਰ ਵਿੱਚ ਸਭ ਤੋਂ ਵੱਧ ਸਿਆਣਾ ਮੰਨਿਆ ਜਾਵੇਗਾ, ਬਾਪੂ ਉਸ ਨੂੰ ਗਲ ਨਾਲ ਲਾਵੇਗਾ। ਨਹੀਂ ਤਾਂ ਹੁਣ ਤਕ ਬਾਪੂ ਉਸਦੇ ਮੋਢੇ ’ਤੇ ਹੱਥ ਰੱਖ ਕੇ ਹੀ ਥਾਪੀ ਦੇ ਦਿੰਦਾ ਸੀ।
ਬਿੰਦਰ ਨੇ ਆਪਣੇ ਇੱਕ ਬਹੁਤ ਨਜ਼ਦੀਕੀ ਦੋਸਤ ਹਰਪਾਲ ਨਾਲ ਗੱਲ ਸਾਂਝੀ ਕੀਤੀ। ਉਹ ਕਹਿਣ ਲੱਗਾ, “ਧਿਆਨ ਰੱਖੀਂ ਬਿੰਦਰਾ, ਐਸ ਤਰ੍ਹਾਂ ਦੇ ਲੋਕ ਠੱਗ ਹੁੰਦੇ ਨੇ।”
“ਨਾ ਬਾਈ, ਇਹ ਤਾਂ ਚੰਗੇ ਬੰਦੇ ਨੇ। ਪਹਿਲਾਂ ਆਪਾਂ ਸਾਰੀ ਪੜਤਾਲ ਕੀਤੀ ਐ। ਮੈਂ ਆਪ ਇਨ੍ਹਾਂ ਦੇ ਦਫਤਰ ਗਿਆ ਸੀ। ਸਾਰਾ ਕੁਛ ਇਨ੍ਹਾਂ ਨੇ ਨੈੱਟ ’ਤੇ ਪਾਇਆ ਹੋਇਆ ਹੈ। ਜਦੋਂ ਮਰਜ਼ੀ ਖੋਲ੍ਹ ਕੇ ਦੇਖ ਲਓ।” ਥੋੜ੍ਹਾ ਰੁਕ ਕੇ ਬਿੰਦਰ ਫਿਰ ਬੋਲਿਆ, “ਇਹ ਤਾਂ ਸਗੋਂ ਆਪ ਕਹਿੰਦੇ ਨੇ, ਠੱਗਾਂ ਤੋਂ ਬਚ ਕੇ ਰਹੋ। ... ਤੂੰ ਮੇਰੇ ਨਾਲ ਚੱਲੀਂ, ਤੈਨੂੰ ਆਪੇ ਪਤਾ ਲੱਗ ਜੂ। ਅਜੇ ਹੋਰ ਕਿਸੇ ਨੂੰ ਨਾ ਦੱਸੀਂ।”
ਬਿੰਦਰ ਨੇ ਆਪਣੇ ਨਾਲ ਲਿਜਾਣ ਲਈ ਦੋਸਤ ਨੂੰ ਪੱਕਾ ਕਰ ਲਿਆ।
ਜਾਣ ਤੋਂ ਦੋ ਦਿਨ ਪਹਿਲਾਂ ਜਦੋਂ ਬਿੰਦਰ ਨੇ ਫੋਨ ਲਾਇਆ, ਕੰਪਨੀ ਦਾ ਫ਼ੋਨ ਅੱਗੋਂ ਟੂੰ-ਟੂੰ ਹੀ ਕਰੀ ਜਾਵੇ। ਕਿਸੇ ਹੋਰ ਨਾਲ ਗੱਲ ਕਰਦੇ ਹੋਣਗੇ, ਵੱਡੇ ਲੋਕਾਂ ਦੀ ਜਾਣ-ਪਛਾਣ ਵਾਲੇ ਵੀ ਬਥੇਰੇ ਹੁੰਦੇ ਨੇ, ਉਹ ਸੋਚਦਾ। ਉਸ ਨੂੰ ਯਾਦ ਆਇਆ ਗਵਾਂਢ ਪਿੰਡ ਦੇ ਮੁੰਡੇ ਨੇ ਵੀ ਇਸ ਕੰਪਨੀ ਵਿੱਚ ਪੈਸੇ ਲਾਏ ਹੋਏ ਸਨ। ਬਿੰਦਰ ਨੇ ਉਸਦਾ ਨੰਬਰ ਵੀ ਲੈ ਰੱਖਿਆ ਸੀ। ਫਟਾਫਟ ਨੰਬਰ ਲੱਭ ਕੇ ਫ਼ੋਨ ਲਾਇਆ, “ਬਾਈ ਕੀ ਹਾਲ ਐ? ਕੰਮ ਸੀ ਤੇਰੇ ਤਕ।” ਬਿੰਦਰ ਨੇ ਸਧਾਰਨ ਜਿਹੀ ਗੱਲਬਾਤ ਸ਼ੁਰੂ ਕੀਤੀ।
“ਹਾਲ ਤਾਂ ਠੀਕ ਐ ਬਾਈ, ਕੰਮ ਕੀ ਐ?”
“ਕੰਪਨੀ ਵਾਲਿਆਂ ਦਾ ਮੇਰੇ ਕੋਲ ਇੱਕ ਹੀ ਨੰਬਰ ਹੈ, ਉਹੀ ਲੱਗ ਨੀ ਰਿਹਾ। ਜੇ ਤੇਰੇ ਕੋਲ ਕੋਈ ਹੋਰ ਨੰਬਰ ਹੈ ਤਾਂ ਮੈਨੂੰ ਭੇਜ ਦੇ।” ਉਸਨੇ ਸਿੱਧੀ ਮੁੱਦੇ ਦੀ ਗੱਲ ਕੀਤੀ।
“ਉਹਨਾਂ ਦਾ ਤਾਂ ਬਾਈ ਕੋਈ ਵੀ ਨੰਬਰ ਨੀ ਲੱਗ ਰਿਹਾ। ਸਾਡੇ ਪਿੰਡ ਵਿੱਚ ਤਾਂ ਪੂਰਾ ਰੌਲਾ ਪੈ ਰਿਹਾ ਐ। ਉਹ ਤਾਂ ਠੱਗ ਨਿਕਲੇ।”
“ਨਾ ਬਾਈ, ਐਂ ਕਿਵੇਂ? ਉਹਨਾਂ ਨੇ ਵੱਡੀਆਂ ਸਕਰੀਨਾਂ ’ਤੇ ਦਿਖਾਇਆ ਸੀ। ਸਾਰੀ ਜਾਣਕਾਰੀ ਨੈੱਟ ਤੇ ਰੱਖੀ ਹੋਈ ਐ।” ਬਿੰਦਰ ਨੂੰ ਧੱਕਾ ਤਾਂ ਲੱਗਿਆ ਪਰ ਉਸਦਾ ਭਰੋਸਾ ਨਹੀਂ ਸੀ ਟੁੱਟਿਆ।
“ਮੈਂ ਤਾਂ ਬਾਈ ਦਿਹਾੜੀ ਦੱਪੇ ਦੇ ਇਕੱਠੇ ਕਰੇ ਹੋਏ ਸੀ, ਕੁਛ ਜੀਰੀ ਲਵਾਈ ਦੇ ਮਿਲੇ ਸੀ। ਪੂਰਾ ਵੀਹ ਹਜ਼ਾਰ ...।”
“ਮੈਂ ਵੀ ਐਨੇ ਕੁ ਹੀ ਲਾਏ ਹੋਏ ਨੇ।” ਬਿੰਦਰ ਤੋਂ ਸੱਚ ਨਾ ਬੋਲਿਆ ਗਿਆ। ਉਸਨੇ ਤਾਂ ਲੱਖਾਂ ਰੁਪਏ ਲਾ ਰੱਖੇ ਸਨ। ਫੋਨ ਕੱਟ ਕੇ ਨੈੱਟ ਤੋਂ ਉਹਨਾਂ ਦੀ ਜਾਣਕਾਰੀ ਫਰੋਲਣ ਲੱਗਿਆ। ਕੁਝ ਵੀ ਹੱਥ ਪੱਲੇ ਨਾ ਪਿਆ। ਮਨ ਘਬਰਾਉਣ ਲੱਗਿਆ। ਜਦੋਂ ਇਹ ਸੋਚ ਦਿਲ ਬਿੰਦਰ ਦੇ ਦਿਮਾਗ਼ ਵਿੱਚ ਥਾਂ ਬਣਾਉਣ ਲੱਗੀ ਕਿ ਉਸ ਨਾਲ ਵੀ ਠੱਗੀ ਹੋ ਸਕਦੀ ਹੈ, ਉਸ ਨੂੰ ਸੁਪਨੇ ਵਾਂਗ ਲਗਦਾ। ਜਦੋਂ ਸੱਚ ਆਇਆ ਤਾਂ ਉਸਦੀਆਂ ਲੱਤਾਂ ਦੀ ਜਾਨ ਨਿਕਲਣ ਲੱਗੀ। ਉਸ ਲਈ ਸਭ ਖ਼ਤਮ ਹੋ ਗਿਆ। ਵਿਹੜੇ ਵਿੱਚ ਪਏ ਮੰਜੇ ’ਤੇ ਢੇਰੀ ਹੋ ਗਿਆ।
“ਬਿੰਦਰਾ, ਕੀ ਹੋ ਗਿਆ ਪੁੱਤ?” ਮਾਂ ਨੇ ਕਾਹਲੀ ਨਾਲ ਪਾਣੀ ਦਾ ਗਲਾਸ ਲਿਆਂਦਾ। ਪਾਣੀ ਦਾ ਘੁੱਟ ਪੀ ਕੇ ਥੋੜ੍ਹਾ ਸੂਤ ਹੋਇਆ।
“ਕੁਸ਼ ਨੀ ਬੇਬੇ... ਐਵੇਂ ਚੱਕਰ ਜਿਹਾ ਆ ਗਿਆ ਸੀ।”
“ਐਂ ਕਿਵੇਂ ਆ ਗਿਆ ਚੱਕਰ?” ਬੇਬੇ ਘਬਰਾਈ ਹੋਈ ਸੀ।
ਬਿੰਦਰ ਮਨੋ-ਮਨੀ ਆਪਣੇ ਆਪ ਨੂੰ ਸਮਝਾ ਰਿਹਾ ਸੀ, “ਬਿੰਦਰਾ ਤੈਨੂੰ ਸੰਭਲਣਾ ਪਊ... ਉੱਠ... ਤੂੰ ਬਿਮਾਰ ਨੀ ਪੈਣਾ, ਪਹਿਲਾਂ ਈ ਤੂੰ ਘਰ ਉਜਾੜਤਾ... ਜੇ ਤੂੰ ਪੈ ਗਿਆ, ਇਨ੍ਹਾਂ ਤੈਨੂੰ ਬਚਾਉਣ ਲਈ ਜੋ ਪੱਲੇ ਐ, ਉਹ ਵੀ ਵੇਚ ਵੱਟ ਦੇਣੈ।”
“ਪੁੱਤ ਕੰਮ ਘੱਟ ਕਰ ਲਿਆ ਕਰ। ਕੋਈ ਨਾ ਘੱਟ ਖਾ ਲਾਂਅਗੇ... ਆਪਣੀ ਦੇਹ ਵੀ ਜ਼ਰੂਰੀ ਐ। ਸਾਰਾ ਦਿਨ ਨੀ ਟਿਕਦਾ।” ਬਿੰਦਰ ਦੀ ਬੇਬੇ ਉਸਦੇ ਕੋਲ ਖੜ੍ਹੀ ਆਖ ਰਹੀ ਸੀ।
“ਮੈਂ ਕਾਹਦੇ ਲਈ ਆਂ... ਜੇ ਔਖਾ ਹੁੰਨੈ। ਮੈਨੂੰ ਕਹਿ ਦਿਆ ਕਰ।” ਬਾਪੂ ਨੇ ਸਿਰ ’ਤੇ ਬੰਨ੍ਹਿਆ ਪਰਨਾ ਲਾਹ ਕੇ ਝਾੜਦਿਆਂ ਆਖਿਆ। ਬਿੰਦਰ ਨੂੰ ਘਰਦਿਆਂ ’ਤੇ ਖਿਝ ਆਉਣ ਲੱਗੀ।
“ਮੈਂ ਠੀਕ ਆਂ... ਕੁਛ ਨੀ ਹੋਇਆ। ਬੇਬੇ ਰੋਟੀ ਫੜਾ ਦੇ ਮੈਨੂੰ।” ਉਸਨੇ ਮਾਂ ਨੂੰ ਕਿਹਾ।
ਰੋਟੀ ਤਾਂ ਮੰਗਵਾ ਲਈ ਪਰ ਬੁਰਕੀ ਸੰਘੋਂ ਹੇਠ ਨਹੀਂ ਸੀ ਜਾ ਰਹੀ। ਰੋਟੀਆਂ ਮਰੋੜ ਕੇ ਹੱਥ ਵਿੱਚ ਫੜ ਲਈਆਂ। ਥੋੜ੍ਹੀ ਦੇਰ ਬੈਠਾ, ਰਿਹਾ ਫਿਰ ਉੱਠ ਕੇ ਮੱਝਾਂ ਦੀ ਖੁਰਲੀ ਵਿੱਚ ਸੁੱਟ ਦਿੱਤੀਆਂ। ਉਹ ਸੋਚ ਰਿਹਾ ਸੀ... ਸ਼ੁਕਰ ਐ ਕੁਲਜੀਤ ਪੇਕੇ ਗਈ ਹੋਈ ਐ, ਨਹੀਂ ਤਾਂ ਉਹਨੇ ਵੀ ਸੌ ਸਵਾਲ ਕਰਨੇ ਸਨ। ਬਿੰਦਰ ਆਪਣੇ ਆਪ ਨੂੰ ਸੰਭਾਲਦਾ, ਆਪੇ ਹੀ ਆਪਣੀ ਹਿੰਮਤ ਬੰਨ੍ਹਦਾ। ਦਿਮਾਗ਼ ਵਿੱਚ ਆਇਆ, ਕਿਉਂ ਨਾ ਕੱਲ੍ਹ ਨੂੰ ਉਹਨਾਂ ਦੇ ਦਫਤਰ ਜਾ ਕੇ ਆਵਾਂ। ਹੋ ਸਕਦਾ ਇਹ ਗੱਲ ਝੂਠੀ ਹੋਵੇ?
ਦੂਸਰੇ ਦਿਨ ਸਵੇਰੇ ਹੀ ਬੱਸ ਚੜ੍ਹ ਗਿਆ। ਜਿੱਥੇ ਦਫਤਰ ਸੀ ਉਸ ਕਮਰੇ ਨੂੰ ਜਿੰਦਾ ਲੱਗਾ ਹੋਇਆ ਸੀ। ਆਲੇ-ਦੁਆਲਿਓਂ ਪਤਾ ਕਰਨ ’ਤੇ ਵੀ ਕੋਈ ਬਹੁਤੀ ਜਾਣਕਾਰੀ ਨਹੀਂ ਮਿਲੀ। ਉੱਥੇ ਖੜ੍ਹੇ ਖੜ੍ਹੇ ਨੇ ਕਿੰਨੀ ਵਾਰ ਫ਼ੋਨ ਲਾਇਆ। ਪਰ ਟੂੰ... ਟੂੰ ਹੀ ਸੁਣਾਈ ਦਿੰਦੀ। ਜਦੋਂ ਉਹ ਪਹਿਲਾਂ ਇਸ ਥਾਂ ’ਤੇ ਆਇਆ ਸੀ, ਉਸ ਵੇਲੇ ਇੱਥੇ ਰੌਣਕ ਸੀ। ਦਫਤਰ ਦੇ ਨਾਲ ਵਾਲੀਆਂ ਦੁਕਾਨਾਂ ਵਿੱਚ ਵੀ ਰੌਣਕ ਸੀ। ਉਹ ਵੀ ਆਖਦੇ ਸਨ ਕਿ ਇਸ ਕੰਪਨੀ ਕਰਕੇ ਹੀ ਸ਼ਹਿਰ ਵਿੱਚ ਕਾਰੋਬਾਰ ਚੱਲ ਰਿਹਾ ਹੈ, ਨਹੀਂ ਤਾਂ ਦੋ ਡੰਗ ਦੀ ਰੋਟੀ ਵੀ ਔਖੀ ਹੋਈ ਪਈ ਸੀ। ਗਰੀਬ ਤੋਂ ਅਮੀਰ ਬਣੇ ਇਨ੍ਹਾਂ ਮੁੰਡਿਆਂ ਦੇ ਕੱਪੜਿਆਂ ਦੀ ਮਹਿਕ ਨਾਲ ਹੀ ਉਸਦੇ ਅੰਦਰ ਸੁਪਨੇ ਮਹਿਕਣ ਲੱਗੇ ਸਨ। ਜਦੋਂ ਉਹਨਾਂ ਨੇ ਇੱਥੇ ਬੁਲਾਇਆ ਸੀ, ਇਸ ਦਫਤਰ ਤੋਂ ਚਾਰ ਕੁ ਦੁਕਾਨਾਂ ਛੱਡ ਕੇ ਇੱਕ ਵੱਡੇ ਸਾਰੇ ਹਾਲ ਕਮਰੇ ਵਿੱਚ ਉਹਨਾਂ ਦਾ ਕੋਈ ਸਮਾਗਮ ਸੀ। ਚੰਗੇ ਸੂਟ ਬੂਟ ਵਾਲੇ ਬੰਦਿਆਂ ਨੇ ਪੈਸੇ ਕਮਾਉਣ ਦੇ ਤਰੀਕੇ ਦੱਸੇ ਸਨ। ਪਹਿਲੀ ਵਾਰ ਉਸ ਨੂੰ ਜਾਪਿਆ ਸੀ, ਜ਼ਿੰਦਗੀ ਤਾਂ ਇਹ ਲੋਕ ਜਿਊਂਦੇ ਨੇ ਅਸੀਂ ਤਾਂ ਵਖਤ ਕਟੀ ਹੀ ਕਰਦੇ ਹਾਂ।
ਪੁੱਛਣ ’ਤੇ ਪਤਾ ਲੱਗਿਆ ਕਿ ਇਹ ਜਗ੍ਹਾ ਕਿਸੇ ਨੇ ਕਿਰਾਏ ’ਤੇ ਲਈ ਸੀ। ਦਸ ਦਿਨ ਹੋ ਗਏ ਬੰਦ ਪਈ ਹੈ। ਸੁਣ ਕੇ ਬਿੰਦਰ ਹੈਰਾਨ ਹੋਇਆ। ਕੱਲ੍ਹ ਦਾ ਹੀ ਫ਼ੋਨ ਬੰਦ ਆਉਣ ਲੱਗਿਆ ਐ। ਅਜੇ ਚਾਰ ਕੁ ਦਿਨ ਪਹਿਲਾਂ ਹੀ ਫ਼ੋਨ ’ਤੇ ਗੱਲ ਕੀਤੀ ਸੀ। ਉਹਨਾਂ ਨੇ ਆਖ਼ਿਆ ਸੀ, “ਜਦੋਂ ਮਰਜ਼ੀ ਆ ਜਾਣਾ, ਸਾਡਾ ਇੱਕ ਬੰਦਾ ਹਮੇਸ਼ਾ ਦਫਤਰ ਵਿੱਚ ਹੀ ਬੈਠਾ ਹੁੰਦੈ ਤਾਂ ਕਿ ਸਾਡੇ ਪਰਿਵਾਰ ਦੇ ਜੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।” ਇਸ ਗੱਲ ਵਿੱਚ ਕਿੰਨੀ ਅਪਣੱਤ ਸੀ। ਪਰਿਵਾਰ ਦੇ ਜੀਅ ਸਮਝ ਕੇ ਕੋਈ ਧੋਖਾ ਕਿਵੇਂ ਕਰ ਸਕਦਾ ਹੈ। ਇੱਕਦਮ ਦਿਮਾਗ਼ ਵਿੱਚ ਆਇਆ, ਅੱਜ ਕੱਲ੍ਹ ਪਰਿਵਾਰ ਦੇ ਜੀਅ ਹੀ ਤਾਂ ਧੋਖਾ ਕਰਦੇ ਨੇ।
ਬਿੰਦਰ ਆਪਣੇ ਵਿਚਾਰਾਂ ਵਿੱਚ ਹੀ ਉਲਝ ਰਿਹਾ ਸੀ। ਹੋ ਸਕਦਾ ਐ ਮੇਰਾ ਵਹਿਮ ਹੋਵੇ। ਉਹਨਾਂ ਦੇ ਆਪਣੇ ਮਾਂ-ਪਿਉ, ਭੈਣ-ਭਰਾ, ਬੱਚੇ ਵੀ ਹੋਣਗੇ। ਇਹ ਵੀ ਹੋ ਸਕਦਾ ਹੈ, ਉਹਨਾਂ ਦੇ ਆਪਣੇ ਘਰਾਂ ਵਿੱਚ ਕੋਈ ਦੁੱਖ-ਸੁਖ ਆ ਗਿਆ ਹੋਵੇ। ਮਨ ਨਹੀਂ ਸੀ ਮੰਨ ਰਿਹਾ ਪਰ ਦਿਮਾਗ਼ ਵਾਰ-ਵਾਰ ਇਹੀ ਸੋਚਦਾ, ‘ਤੂੰ ਤਾਂ ਦਸਾਂ ਨਹੁੰਆਂ ਦੀ ਕਮਾਈ ਰੋੜ੍ਹ ਤੀ ਬਿੰਦਰਾ।’ ਇਸ ਖਿਆਲ ਦੇ ਨਾਲ ਹੀ ਉਸ ਨੂੰ ਹੌਲ ਜਿਹਾ ਪੈਣ ਲੱਗ ਜਾਂਦਾ। ਉੱਥੇ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਪਿੰਡਾਂ ਦੇ ਜ਼ਿਆਦਾਤਰ ਲੋਕ ਚਾਰ ਪੰਜ ਦਿਨਾਂ ਤੋਂ ਇੱਥੇ ਪੁੱਛਣ ਆਉਂਦੇ ਹਨ। ਉਨ੍ਹਾਂ ਦੀਆਂ ਗੱਲਾਂ ਤੋਂ ਲਗਦਾ ਹੁੰਦਾ ਕਿ ਉਹਨਾਂ ਨਾਲ ਠੱਗੀ ਹੋਈ ਹੈ। ਬਿੰਦਰ ਦੀ ਰਹਿੰਦੀ ਉਮੀਦ ਵੀ ਖੁਰਦੀ ਜਾ ਰਹੀ ਸੀ। ਘਰ ਵਾਪਸ ਜਾਣ ਤੋਂ ਡਰ ਲੱਗਣ ਲੱਗ ਪਿਆ। ਪਰ ਹੋਰ ਕਿਤੇ ਜਾਣ ਨੂੰ ਦਿਲ ਵੀ ਨਹੀਂ ਸੀ ਕਰਦਾ। ਡਿਗਦੇ ਢਹਿੰਦੇ ਮਨ ਅਤੇ ਸਰੀਰ ਨਾਲ ਪਿੰਡ ਜਾਣ ਵਾਲੀ ਬੱਸ ਫੜ ਲਈ। ਘੰਟੇ ਕੁ ਦਾ ਸਫਰ ਸੀ। ਨਾਲ ਵਾਲੀ ਸੀਟ ਤੇ ਇੱਕ ਅੱਠਵੀਂ ਜਾਂ ਸ਼ਾਇਦ ਨੌਂਵੀਂ ਦਾ ਵਿਦਿਆਰਥੀ ਆਪਣੀ ਕਿਤਾਬ ਵਿੱਚੋਂ ਕੁਝ ਪੜ੍ਹ ਰਿਹਾ ਸੀ। ਭਰੀਆਂ ਅੱਖਾਂ ਕਾਰਨ ਬਿੰਦਰ ਨੂੰ ਧੁੰਦਲਾ ਦਿਸਣ ਕਰਕੇ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਪੜ੍ਹ ਰਿਹਾ ਹੈ। ਅੱਖਾਂ ਸਾਫ ਕਰ ਕੇ ਉਸਨੇ ਧਿਆਨ ਨਾਲ ਦੇਖਿਆ ਤਾਂ ਬੱਚਾ ਕੋਈ ਕਹਾਣੀ ਪੜ੍ਹ ਰਿਹਾ ਸੀ। ਬੱਚੇ ਨੇ ਪੰਨਾ ਪਲਟ ਦਿੱਤਾ। ਇਸ ਪੰਨੇ ਤੇ ਕਹਾਣੀ ਤੋਂ ਜਿਹੜੀ ਸਿੱਖਿਆ ਮਿਲਦੀ ਹੈ ਉਹੀ ਇੱਕ ਸਤਰ ਲਿਖੀ ਹੋਈ ਸੀ, “ਲਾਲਚ ਬੁਰੀ ਬਲਾ ਹੈ।”
ਬਿੰਦਰ ਦੇ ਦਿਮਾਗ਼ ਨੂੰ ਕਰੰਟ ਜਿਹਾ ਲੱਗਿਆ। ਉਸਨੇ ਵੀ ਸਕੂਲ ਪੜ੍ਹਨ ਸਮੇਂ ਇਹ ਕਹਾਣੀਆਂ ਪੜ੍ਹੀਆਂ ਸਨ। ਲਾਲਚੀ ਕੁੱਤੇ ਦੀ ਕਹਾਣੀ, ਜਿਸਨੇ ਵੱਧ ਭੋਜਨ ਪ੍ਰਾਪਤ ਕਰਨ ਲਈ ਜਿਹੜਾ ਕੋਲ ਹੈ ਸੀ, ਉਹ ਵੀ ਗਵਾ ਲਿਆ। ਅੱਜ ਇਸ ਕਹਾਣੀ ਦਾ ਮਤਲਬ ਕੁਝ ਹੋਰ ਹੀ ਸਮਝ ਆ ਰਿਹਾ ਸੀ। ਉਸ ਵੇਲੇ ਇਸਦੀ ਕੋਈ ਸਮਝ ਨਹੀਂ ਸੀ। ਜੇ ਸਮਝ ਹੈ ਸੀ ਤਾਂ ਐਨੀ ਕੁ ਕਿ ਜੇ ਵੱਧ ਨੰਬਰ ਲੈਣੇ ਨੇ ਤਾਂ ਚੰਗੀ ਤਰ੍ਹਾਂ ਰੱਟਾ ਮਾਰ ਲਿਆ ਜਾਵੇ।
ਬਿੰਦਰ ਅੱਖਾਂ ਬੰਦ ਕਰਕੇ ਆਪਣੇ ਬੀਤੇ ਵਿੱਚ ਗੁਆਚ ਗਿਆ। ਅੱਜ ਮਹਿਸੂਸ ਹੋ ਰਿਹਾ ਸੀ, ਪੜ੍ਹਾਈ ਨੰਬਰ ਲੈਣ ਵਾਸਤੇ ਨਹੀਂ ਹੁੰਦੀ। ਇਹ ਤਾਂ ਜ਼ਿੰਦਗੀ ਜਿਊਣ ਦਾ ਚੱਜ ਸਿੱਖਣ ਲਈ ਹੁੰਦੀ ਹੈ। ਪਾਣੀ ਵਿੱਚ ਆਪਣਾ ਪਰਛਾਵਾਂ ਦੇਖਣ ਵਾਲਾ ਕੁੱਤਾ ਵਾਰ-ਵਾਰ ਬਿੰਦਰ ਦੇ ਦਿਮਾਗ਼ ਵਿੱਚ ਘੁੰਮ ਰਿਹਾ ਸੀ। ਕੁੱਤੇ ਦੀ ਜਗ੍ਹਾ ਉਹ ਆਪਣੇ ਆਪ ਨੂੰ ਖੜ੍ਹਾ ਦੇਖਦਾ। ਕੰਪਨੀ ਵਿੱਚ ਲਾਏ ਰੁਪਈਏ, ਗਹਿਣੇ ਉਸਦੇ ਹੱਥਾਂ ਵਿੱਚ ਫੜੇ ਹੋਏ ਹੁੰਦੇ ਅਤੇ ਉਸਨੇ ਵੀ ਆਪਣੇ ਪਰਛਾਵੇਂ ਵਾਲੇ ਰੁਪਈਏ ਗਹਿਣੇ ਪ੍ਰਾਪਤ ਕਰਨ ਲਈ ਆਪਣੇ ਹਥਲਾ ਵੀ ਸਭ ਕੁਝ ਗਵਾ ਲਿਆ ਸੀ।
ਕੰਡਕਟਰ ਨੇ ਉਸਦੇ ਪਿੰਡ ਦਾ ਨਾਂ ਲੈ ਕੇ ਸਵਾਰੀਆਂ ਨੂੰ ਉੱਤਰਨ ਲਈ ਸੁਚੇਤ ਕੀਤਾ। ਉਸਦੀ ਸੁਰਤ ਪਰਤੀ। ਅਜੇ ਵੀ ਆਪਣੀ ਕਮਜ਼ੋਰੀ ਜ਼ਾਹਰ ਨਹੀਂ ਸੀ ਕਰਨਾ ਚਾਹੁੰਦਾ। ਰਸਤੇ ਵਿੱਚੋਂ ਮੈਡੀਕਲ ਸਟੋਰ ਤੋਂ ਖਰੀਦੇ ਗੋਲੀਆਂ ਦੇ ਪੱਤੇ ਘਰ ਜਾ ਕੇ ਮੇਜ਼ ’ਤੇ ਰੱਖ ਦਿੱਤੇ ਤਾਂ ਕਿ ਸਭ ਨੂੰ ਲੱਗੇ ਕਿ ਉਹ ਦਵਾਈ ਲੈਣ ਗਿਆ ਸੀ। ਉਸ ਨੂੰ ਆਪਣੇ ਪਰਿਵਾਰ ਦਾ ਦੇਖਣ ਢੰਗ ਬੜਾ ਅਜੀਬ ਜਿਹਾ ਲੱਗਿਆ। ਇੱਕਦਮ ਠੰਢੀ ਤਰੇਲੀ ਆ ਗਈ। ਕਿਤੇ ਇਨ੍ਹਾਂ ਨੂੰ ਪਤਾ ਤਾਂ ਨਹੀਂ ਲੱਗ ਗਿਆ। ਰਾਤ ਦੀ ਰੋਟੀ ਤਕ ਉਹ ਉਹਨਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਟਾਲ਼ੇ ਵੱਟਦਾ ਰਿਹਾ। ਥੱਕਿਆ ਹੋਣ ਦਾ ਬਹਾਨਾ ਮਾਰ ਛੇਤੀ ਸੌਣ ਦਾ ਆਖ ਕੇ ਅੰਦਰ ਜਾ ਪਿਆ। ਪਿਉ ਅੰਦਰ ਜਾਣ ਲੱਗਿਆ। ਮਾਂ ਨੇ ਰੋਕ ਦਿੱਤਾ। ਆਪ ਜਾ ਕੇ ਬਿੰਦਰ ਕੋਲ ਬੈਠ ਗਈ।
“ਬਿੰਦਰਾ, ਜੋ ਮੈਂ ਪੁੱਛੂੰ, ਮੈਨੂੰ ਸੱਚ ਦੱਸੀਂ ਪੁੱਤ...।”
“ਬੇਬੇ ਹੁਣ ਥੱਕਿਆ ਹੋਇਆਂ ਤੜਕੇ ਪੁੱਛ ਲੀਂ ਜੋ ਪੁੱਛਣੈ।” ਉਸਨੇ ਪਾਸਾ ਪਰਤਦਿਆਂ ਕਿਹਾ।
“ਸਾਨੂੰ ਨੀਂਦ ਨੀ ਆਉਣੀ... ਹੁਣੇ ਦੱਸ ਦੇ। ਪੁੱਤ, ਹਰ ਮੁਸ਼ਕਿਲ ਦਾ ਹੱਲ ਹੁੰਦੈ, ਹਰ ਬਿਮਾਰੀ ਦਾ ਇਲਾਜ ਵੀ ਹੁੰਦੈ।”
ਬਿੰਦਰ ਉੱਠ ਕੇ ਬੈਠ ਗਿਆ। ਮਾਂ ਫਿਰ ਬੋਲੀ, “ਤੂੰ ਕੁਛ ਖਾਣ ਤਾਂ ਨੀ ਲੱਗ ਗਿਆ... ਦੇਖੀਂ ਪੁੱਤ ਪੱਟੇ ਜਾਵਾਂਗੇ। ਅਸੀਂ ਕਈ ਦਿਨਾਂ ਦੇ ਦੇਖ ਰਹੇ ਆਂ ਤੈਨੂੰ।”
ਬਿੰਦਰ ਨੂੰ ਥੋੜ੍ਹਾ ਚੈਨ ਮਿਲਿਆ। ਜਿਹੜੀ ਗੱਲ ਤੋਂ ਉਹ ਡਰਦਾ ਸੀ, ਉਸਦਾ ਨਹੀਂ ਸੀ ਪਤਾ ਇਨ੍ਹਾਂ ਨੂੰ।
“ਨਾ ਬੇਬੇ, ਕਹੀ ਜੀ ਗੱਲ ਕਰ ’ਤੀ।”
“ਖਾਹ ਮੇਰੀ ਸਹੁੰ।” ਮਾਂ ਨੇ ਬਿੰਦਰ ਦਾ ਹੱਥ ਚੁੱਕ ਕੇ ਆਪਣੇ ਸਿਰ ’ਤੇ ਰੱਖ ਲਿਆ।
“ਤੇਰੀ ਸਹੁੰ ... ਬੇਫਿਕਰ ਰਹਿ ਮਾਤਾ।” ਬਿੰਦਰ ਨੇ ਥੋੜ੍ਹੀ ਹਿੰਮਤ ਨਾਲ ਕਿਹਾ।
“ਫਿਰ ਤੈਂ ਆਪਣੇ ਤਾਏ ਤੋਂ ਤੀਹ ਹਜ਼ਾਰ ਕਾਹਦੇ ਲਈ ਫੜਿਆ? ਉਹਨੂੰ ਚਾਹੀਦੇ ਨੇ... ਤੂੰ ਘਰੇ ਨੀ ਸੀ, ਉਹ ਤੇਰੇ ਬਾਪੂ ਤੋਂ ਪੁੱਛ ਰਿਹਾ ਸੀ।”
“ਉਹ ਤਾਂ ਬੇਬੇ ਕਿਸੇ ਦੋਸਤ ਨੂੰ ਜ਼ਰੂਰਤ ਸੀ। ਉਹ ਘਰੋਂ ਗਰੀਬ ਨੇ ਵਿਚਾਰੇ। ਉਹਦੀ ਭੈਣ ਦਾ ਵਿਆਹ ਸੀ, ਤਾਂ ਕਰਕੇ ਲਏ ਸੀ। ਬਾਪੂ ਨੂੰ ਮੈਂ... ਤਾਂ ਕਰਕੇ ਨੀ ਦੱਸਿਆ... ਮੈਨੂੰ ਐਂ ਸੀ ਜੇ ਉਹਦੇ ਤੋਂ ਛੇਤੀ ਨਾ ਮੋੜੇ ਗਏ, ਮੈਂ ਆਪੇ ਮੋੜ ਦੂੰ ਟਰੈਕਟਰ ਨਾਲ ਕਿਰਾਏ ਲਾ ਕੇ।”
ਮਾਂ ਨੂੰ ਤਾਂ ਸੁਣ ਕੇ ਥੋੜ੍ਹਾ ਚੈਨ ਆ ਗਿਆ ਪਰ ਬਿੰਦਰ ਦੀ ਨੀਂਦ ਉਡ ਗਈ। ਉਹ ਸੋਚਣ ਲੱਗਾ, “ਤਾਏ ਦੇ ਪੈਸੇ ਵਾਪਸ ਕਰਨ ਲਈ ਕੱਲ੍ਹ ਨੂੰ ਬਾਪੂ ਆੜ੍ਹਤੀਏ ਕੋਲ ਜਾਊ... ਉਹਨੇ ਬਾਪੂ ਨੂੰ ਦੱਸ ਦੇਣੈ... ਮੈਂ ਉਸ ਤੋਂ ਦੋ ਵਾਰ ਰੁਪਈਏ ਲੈ ਗਿਆ ਸੀ। ਹੁਣ ਕੋਈ ਰਾਹ ਨਹੀਂ ਬਚਣ ਦਾ... ਕੀ ਕਰਾਂ, ਕੀ ਨਾ ਕਰਾਂ?”
ਬਿੰਦਰ ਉੱਠ ਕੇ ਬੈਠ ਗਿਆ। ਇਹੀ ਰਾਤ ਹੈ ਬੱਸ ਉਸ ਕੋਲ, ਸਵੇਰ ਨੂੰ ਤਾਂ ਜਮਾਂ ਜਲੂਸ ਨਿਕਲ ਜਾਣੈ। ਹੋ ਸਕਦੈ ਸਹੁਰਿਆਂ ਤੋਂ ਲਏ ਪੈਸਿਆਂ ਦਾ ਵੀ ਪਤਾ ਲੱਗ ਜਾਵੇ। ਭੱਜਣ ਨੂੰ ਕੋਈ ਰਸਤਾ ਨਹੀਂ। ਐਨੀ ਬੇਇੱਜ਼ਤੀ ਤੋਂ ਬਚਣ ਲਈ ਉਸਨੂੰ ਇੱਕੋ ਹੱਲ ਦਿਸਿਆ। ਉਹ ਉੱਠ ਕੇ ਬਾਹਰ ਨੂੰ ਤੁਰ ਪਿਆ। ਰਾਤ ਦੇ ਹਨੇਰੇ ਵਿੱਚ ਵੀ ਉਸ ਨੂੰ ਇਹੀ ਮਹਿਸੂਸ ਹੋ ਰਿਹਾ ਸੀ, ਜਿਵੇਂ ਸਾਰੀ ਦੁਨੀਆਂ ਦੀ ਨਿਗਾਹ ਉਸ ’ਤੇ ਹੋਵੇ। ਸਾਰੇ ਉਸਦੀ ਬੇਵਕੂਫ਼ੀ ’ਤੇ ਹੱਸ ਰਹੇ ਹੋਣ। ਕੱਲ੍ਹ ਨੂੰ ਇਹੀ ਕੁਝ ਹੋਣੈ... ਮਾਂ ਨੇ ਆਖਣੈ... ਐਦੂੰ ਤਾਂ ਤੂੰ ਨਾ ਹੁੰਦਾ ਤੇ ਬਾਪੂ... ਉਹ ਤਾਂ ਸੁਣਨ ਸਾਰ ਜਾਂ ਤਾਂ ਆਪ ਮਰ ਜੂ ਜਾਂ ਮੈਨੂੰ ਮਾਰ ਦੇਊ। ਇਹ ਸਾਰਾ ਕੰਮ ਚੁੱਪ-ਚੁੱਪੀਤੇ ਹੋਣ ਵਾਲਾ ਨਹੀਂ। ਮੇਰੀ ਬੇਵਕੂਫ਼ੀ ਕਾਰਨ ਘਰ ਵਿੱਚ ਕਿੰਨਾ ਕਲੇਸ਼ ਪਊ। ਇਹੀ ਕਲੇਸ਼ ਘਰ ਦੀਆਂ ਕੰਧਾਂ ਟੱਪ ਕੇ ਗਲੀਆਂ-ਮੁਹੱਲਿਆਂ ਵਿੱਚ ਪਰਿਵਾਰ ਦੀ ਭੰਡੀ ਕਰਦਾ ਫਿਰੂ। ਮੈਂ ਐਨਾ ਬੇਵਕੂਫ ਕਿਵੇਂ ਬਣ ਗਿਆ? ਕੀ ਮੈਂ ਸੱਚੀਂ ਲਾਲਚ ਵਿੱਚ ਅੰਨ੍ਹਾ ਹੋ ਗਿਆ ਸੀ? “ਲਾਲਚੀ ਕੁੱਤਾ...” ਬਿੰਦਰ ਦੇ ਮੂੰਹੋਂ ਨਿਕਲਿਆ ਉਸਨੂੰ ਆਪਣੇ ਆਪ ’ਤੇ ਘਿਣ ਆ ਰਹੀ ਸੀ। ਉਸ ਨੂੰ ਦਿਸਦੀ ਹਰ ਚੀਜ਼ ਜਿਵੇਂ ਮਿਹਣੇ ਮਾਰ ਰਹੀ ਹੋਵੇ। ਅਸਮਾਨ ਵੱਲ ਦੇਖਿਆ ਤਾਂ ਤਾਰੇ ਵੀ ਇਸ ਤਰ੍ਹਾਂ ਜਾਪੇ ਜਿਵੇਂ ਕਿਸੇ ਨੇ ਸੋਨੇ ਦੀਆਂ ਮੇਖਾਂ ਅਸਮਾਨ ਦੇ ਸੀਨੇ ਠੋਕ ਦਿੱਤੀਆਂ ਹੋਣ। ਇਹ ਤਾਂ ਧਰਤੀ ਦੀ ਛੱਤ ਐ, ਇਸ ਤੋਂ ਕੀ ਗੁਨਾਹ ਹੋ ਗਿਆ। ਇਹਦੇ ਸੀਨੇ ’ਤੇ ਮੇਖਾਂ ਕਿਉਂ ਠੋਕੀਆਂ ਕਿਸੇ ਨੇ।
“ਬਿੰਦਰਾ, ਕੰਮ ਕਰਨ ਵਾਲਾ ਬੰਦਾ ਵੀ ਤਾਂ ਆਪਣੇ ਪਰਿਵਾਰ ਦੀ ਛੱਤ ਵਾਂਗ ਹੁੰਦਾ ਐ। ਉਸ ਤੋਂ ਵੀ ਤਾਂ ਗਲਤੀ ਹੋ ਜਾਂਦੀ ਐ।” ਉਸਨੇ ਆਪਣੇ ਆਪ ਨੂੰ ਕਿਹਾ। ਜੇ ਅਸਮਾਨ ਨੂੰ ਐਨਾ ਦਰਦ ਦੇਣ ਵਾਲੀ ਸਜ਼ਾ ਮਿਲੀ ਐ ਤਾਂ ਮੇਰੀ ਸਜ਼ਾ ਕੀ ਹੋਊ?
“ਤੈਨੂੰ ਜਿਊਣ ਦਾ ਕੋਈ ਹੱਕ ਨੀ ਬਿੰਦਰਾ...।” ਹਰ ਪਾਸਿਓਂ ਇਹੀ ਆਵਾਜ਼“ ਆਉਂਦੀਆਂ। ਅਨੇਕਾਂ ਆਵਾਜ਼ਾਂ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ। ਉਸਨੇ ਕੰਨਾਂ ’ਤੇ ਹੱਥ ਰੱਖ ਲਏ। ਕੱਲ੍ਹ ਨੂੰ ਮੇਰੀ ਛਾਤੀ ’ਤੇ ਵੀ ਮੇਖਾਂ ਠੁਕਣੀਆਂ ਸ਼ੁਰੂ ਹੋ ਜਾਣਗੀਆਂ। ਅਸਲੀ ਮੇਖਾਂ ਹੋਣ ਤਾਂ ਬੰਦਾ ਖਿੱਚ ਕੇ ਬਾਹਰ ਕੱਢ ਮਾਰਦੈ, ਚੁਭਵੀਆਂ ਗੱਲਾਂ ਦੀਆਂ ਮੇਖਾਂ ਨੀ ਕੱਢ ਸਕਦਾ ਕੋਈ। ਹਾਏ ਓਏ ਮੇਰਿਆ ਰੱਬਾ! ਇਹੀ ਮੇਖਾਂ ਮੈਂ ਆਪਣੇ ਪਰਿਵਾਰ ਨਾਲ ਧੋਖਾ ਕਰਕੇ ਉਹਨਾਂ ਦੇ ਸੀਨੇ ਠੋਕ ਦਿੱਤੀਆਂ।” ਬਿੰਦਰ ਨੇ ਉਤਾਂਹ ਨੂੰ ਮੂੰਹ ਕੀਤਾ। ਉਹ ਰੋ ਰਿਹਾ ਸੀ, ਇਨ੍ਹਾਂ ਸਾਰੀਆਂ ਗੱਲਾਂ ਦਾ ਸਾਹਮਣਾ ਕਿਵੇਂ ਕਰੂੰ? ਹੁਣ ਤਾਂ ਇੱਕੋ ਰਸਤਾ ਰਹਿ ਗਿਆ ਜਿਸਨੂੰ ਬਾਪੂ ਬੁਜ਼ਦਿਲਾਂ ਦਾ ਕੰਮ ਆਖਦਾ ਹੁੰਦੈ ...।
ਧਿਆਨ ਨਾਲ ਦੇਖਿਆ ਤਾਂ ਬਿੰਦਰ ਆਪਣੇ ਖੇਤ ਤੋਂ ਅੱਗੇ ਲੰਘ ਗਿਆ ਸੀ। ਉਸ ਨੂੰ ਆਪਣੇ ਪਿੱਛੇ ਪੈਰਾਂ ਦੀ ਬਿੜਕ ਮਹਿਸੂਸ ਹੋਈ। ਪਿੱਛੇ ਨਜ਼ਰ ਘੁਮਾਈ। ਕੋਈ ਨਹੀਂ ਸੀ। ਨਹਿਰ ਦਾ ਪੁਲ ਥੋੜ੍ਹੀ ਦੂਰ ਰਹਿ ਗਿਆ ਸੀ। ਪੁਲ ਤੇ ਦੋ ਤਿੰਨ ਬੰਦੇ ਖੜ੍ਹੇ ਸਨ। ਉਹ ਰੁਕ ਗਿਆ। ਕੀ ਪਤੈ ਪੁਲਿਸ ਵਾਲੇ ਹੋਣ? ਉਹ ਪਤਾ ਨੀ ਕਿਹੜੀਆਂ ਗੱਲਾਂ ਵਿੱਚ ਉਲਝਾ ਲੈਣ। ਜਿਵੇਂ ਦੀਆਂ ਗੱਲਾਂ ਸੁਣਨ ਵਿੱਚ ਆਉਂਦੀਆਂ ਨੇ, ਪਤਾ ਨੀ ਕਿਹੜੇ ਕੇਸ ਵਿੱਚ ਫਸਾ ਲੈਣ। ਉਸਦੇ ਪੈਰ ਪਿਛਾਂਹ ਨੂੰ ਮੁੜਨ ਲੱਗੇ। ਆਪਣੇ ਖੇਤ ਵਾਲੀ ਪਹੀ ਮੁੜ ਗਿਆ। ਜੇ ਉੱਥੇ ਨਹੀਂ ਤਾਂ ਇੱਥੇ ਸਹੀ। ਮੋਟਰ ਵਾਲੇ ਕੋਠੇ ਵਿੱਚ ਦੋ ਕਿੱਲੀਆਂ ਗੱਡ ਕੇ ਇੱਕ ਫੱਟਾ ਰੱਖ ਕੇ ਉਸ ਉੱਪਰ ਥੋੜ੍ਹਾ ਜਿਹਾ ਸਮਾਨ ਰੱਖਿਆ ਹੋਇਆ ਸੀ। ਉੱਥੇ ਹੀ ਸਪਰੇਅ ਵਾਲੀ ਪੀਪੀ ਪਈ ਸੀ। ਦੋਂਹ ਇੱਟਾਂ ’ਤੇ ਪੈਰ ਰੱਖ ਕੇ ਬਿੰਦਰ ਪੀਪੀ ਚੁੱਕਣ ਲੱਗਿਆ। ਸੰਤੁਲਨ ਵਿਗੜਨ ਕਰਕੇ ਇੱਟਾਂ ਡਿਗੀਆਂ ਤੇ ਆਪ ਧੜੰਮ ਦੇਣੇ ਡਿਗ ਪਿਆ। ਡਿਗਣ ਲੱਗਿਆਂ ਉਸ ਨੂੰ ਬਾਹਰ ਇੱਕ ਪਰਛਾਵੇਂ ਦਾ ਭੁਲੇਖਾ ਪਿਆ। ਉਸਨੇ ਆਲੇ-ਦੁਆਲੇ ਦੇਖਿਆ ਤਾਂ ਕੋਈ ਨਹੀਂ ਸੀ। ਇੱਕ ਵਾਰ ਨਿੱਕੇ ਹੁੰਦੇ ਡਿਗਿਆ ਸੀ। ਬੇਬੇ ਹੁਰੀਂ ਕਪਾਹ ਚੁਗਦੀਆਂ ਸਨ। ਉਹ ਫੱਟੇ ਤੋਂ ਮੱਠੀਆਂ ਅਤੇ ਕਚੌਰੀਆਂ ਵਾਲਾ ਪੋਣਾ ਚੁੱਕਣ ਲੱਗਿਆ ਸੀ। ਬੇਬੇ ਭੱਜ ਕੇ ਆਈ, “ਮੈਂ ਮਰਗੀ ਸੀ... ਮੈਨੂੰ ਕਹਿ ਦਿੰਦਾ... ਮੈਂ ਕਾਹਦੇ ਲਈ ਆਂ।” ਆਖਦਿਆਂ ਬੇਬੇ ਨੇ ਉਸ ਨੂੰ ਛਾਤੀ ਨਾਲ ਲਾ ਲਿਆ ਸੀ। ਬੇਬੇ ਦਾ ਧੜਕਦਾ ਦਿਲ ਉਹ ਹੁਣ ਤਕ ਮਹਿਸੂਸ ਕਰ ਸਕਦਾ ਹੈ।
ਕੂਹਣੀ ’ਤੇ ਲੱਗੀ ਮਾੜੀ ਜਿਹੀ ਸੱਟ ਨਾਲ ਮਾਂ ਦੀ ਜਾਨ ਨਿਕਲਣ ਵਾਲੀ ਹੋ ਗਈ ਸੀ ਤੇ ਹੁਣ ਸਵੇਰੇ ਮਾਂ ਦਾ ਕੀ ਹਾਲ ਹੋਊ। ਜੇ ਬਾਪੂ ਤੋਂ ਡਰ ਲੱਗਦੈ, ਬੇਬੇ ਨੂੰ ਤਾਂ ਸੱਚ ਦੱਸ ਸਕਦਾਂ। ਮਰਨ ਨਾਲ ਕਿਹੜਾ ਘਾਟਾ ਪੂਰਾ ਹੋ ਜੂ। ... ਬਿੰਦਰ ਕੋਠੇ ਤੋਂ ਬਾਹਰ ਡਹੇ ਮੰਜੇ ਤੇ ਬੈਠ ਗਿਆ।
“ਮੈਂ ਕਾਹਦੇ ਲਈ ਆਂ।” ਕੱਲ੍ਹ ਬਾਪੂ ਨੇ ਵੀ ਤਾਂ ਇਹੋ ਆਖਿਆ ਸੀ।
ਬੇਬੇ ਦੇ ਹੱਥੀਂ ਲਾਈ ਜਾਮਣ, ਬਾਪੂ ਦਾ ਲਾਏ ਅਮਰੂਦਾਂ ਦੇ ਬੂਟੇ, ਬਾਬੇ (ਦਾਦਾ) ਦੇ ਲਾਏ ਤੂਤ... ਬਿੰਦਰ ਨੂੰ ਸਾਮਰਤੱਖ ਬੇਬੇ, ਬਾਪੂ ਅਤੇ ਬਾਬਾ ਖੜ੍ਹੇ ਦਿਸਣ ਲੱਗੇ। ਕੰਨਾਂ ਨੂੰ ਇਹੀ ਸੁਣ ਰਿਹਾ ਸੀ... ਅਸੀਂ ਕਾਹਦੇ ਲਈ ਆਂ...। ਬਾਬੇ ਦੀ ਕਹੀ ਗੱਲ ਯਾਦ ਆਈ, “ਜੇ ਕਿਸੇ ਮੁਸੀਬਤ ਵਿੱਚ ਫਸ ਜਾਓ, ਭਾਵੇਂ ਕੋਈ ਹੋਰ ਫਸਾ ਲਵੇ, ਭਾਵੇਂ ਆਪਣੀ ਗਲਤੀ ਨਾਲ, ਸਭ ਤੋਂ ਪਹਿਲਾਂ ਘਰੇ ਗੱਲ ਕਰੋ। ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਉਂਦਾ ਹੁੰਦੈ।”
ਬਾਪੂ ਵੀ ਤਾਂ ਆਖਦਾ ਹੁੰਦੈ, “ਜੀਆਂ ਵਿੱਚ ਤੰਦਰੁਸਤੀ ਚਾਹੀਦੀ ਐ। ਪੈਸਾ ਤਾਂ ਹੱਥਾਂ ਦੀ ਮੈਲ ਹੁੰਦੀ ਐ। ਜਿੰਨੀ ਮਿਹਨਤ ਕਰਾਂਗੇ, ਕਮਾ ਲਵਾਂਗੇ।”
ਬਿੰਦਰ ਨੇ ਆਪਣੇ ਕੰਬਦੇ ਹੱਥ ਸਿੱਧੇ ਕਰਕੇ ਦੇਖੇ... ਅਸੀਂ ਕਾਹਦੇ ਲਈ ਆਂ... ਜਿਵੇਂ ਉਹਨਾਂ ਵੀ ਇਹੋ ਆਖਿਆ। ਸਾਰਾ ਕੁਝ ਘੁੰਮ ਰਿਹਾ ਸੀ। ਖੇਤ ਦੀ ਮਿੱਟੀ, ਲਹਿਰਾਉਂਦੀ ਫਸਲ, ਘਾਹ-ਫੂਸ ਸਭ ਪਾਸਿਓਂ ਆਵਾਜ਼ਾਂ ਆ ਰਹੀਆਂ ਸਨ... ਅਸੀਂ ਕਾਹਦੇ ਲਈ ਆਂ। ਉਸਦਾ ਸਰੀਰ ਕੰਬ ਰਿਹਾ ਸੀ। ਘੰਟਾ ਪਹਿਲਾਂ ਹਰ ਸ਼ੈਅ ਉਸ ਨੂੰ ਲਾਹਨਤਾਂ ਪਾ ਰਹੀ ਸੀ। ਹੁਣ ਹਰ ਸ਼ੈਅ ਉਸਦਾ ਹੌਸਲਾ ਬਣਦੀ ਜਾਪੀ। ਉਸਨੇ ਚੁਬੱਚੇ ਵਿੱਚ ਆਪਣੇ ਹੱਥ ਧੋਤੇ, ਮੂੰਹ ਧੋਤਾ, ਪਾਣੀ ਪੀਤਾ। ਅਸਮਾਨ ਵੱਲ ਦੇਖਿਆ ਤਾਰੇ ਮੋਤੀਆਂ ਵਾਂਗ ਚਮਕ ਰਹੇ ਸਨ। ਘਰ ਵੱਲ ਤੁਰ ਪਿਆ। ਕੱਲ੍ਹ ਨੂੰ ਉਹ ਸਾਰਾ ਕੁਝ ਸੱਚ ਦੱਸ ਦੇਵੇਗਾ। ਮਾਫ਼ੀ ਮੰਗ ਲਵੇਗਾ ਅਤੇ ਹੋਰ ਮਿਹਨਤ ਕਰੇਗਾ। ਅੱਧੀ ਰਾਤ ਹੋ ਚੁੱਕੀ ਸੀ। ਬੇਬੇ ਵਿਹੜੇ ਵਿੱਚ ਕਾਲਜਾ ਫੜੀ ਖੜ੍ਹੀ ਸੀ। ਬਾਪੂ ਸੋਟੀ ਚੁੱਕੀ ਪਿੱਛੋਂ ਉਸਦੇ ਨਾਲ ਆ ਰਲਿਆ।
“ਪੁੱਛ ਇਹਨੂੰ ਕਿੱਥੇ-ਕਿੱਥੇ ਭੌਂਕ ਕੇ ਆਇਐ?” ਬਾਪੂ ਹਰਖਿਆ ਪਿਆ ਸੀ।
“ਨਾਲੇ ਚੋਰ ਨਾਲੇ ਚਤਰ।” ਬਾਪੂ ਫਿਰ ਬੋਲਿਆ।
ਬੇਬੇ ਨੇ ਹੱਥ ਜੋੜੇ, “ਅੰਦਰ ਜਾ ਕੇ ਗੱਲ ਕਰ ਲਵੋ। ਕਿਉਂ ਲੋਕਾਂ ਨੂੰ ਤਮਾਸ਼ਾ ਦਿਖਾਉਂਗੇ?”
“ਮੈਥੋਂ ਗਲਤੀ ਹੋ ਗਈ ਬਾਪੂ। ਮੈਂ ਤੜਕੇ ਨੂੰ ਦੱਸੂੰ ਥੋਨੂੰ।”
“ਤੂੰ ਕੀ ਦੱਸੇਂਗਾ ਮੈਨੂੰ, ਮੈਂ ਤੇਰਾ ਪਿਉ ਆਂ। ਤੇਰੀ ਬੂਥੀ ਦੇਖ ਕੇ ਸਮਝ ਗਿਆ ਸੀ ਮੈਂ।”
“ਤੇਰਾ ਬਾਪੂ ਆੜ੍ਹਤੀਏ ਕੋਲ ਗਿਆ ਸੀ, ... ਕੁਲਜੀਤ ਨੂੰ ਵੀ ਫ਼ੋਨ ਕਰਿਆ ... ਹਰਪਾਲ ਵੀ ਆਇਆ ਸੀ ...।” ਬੇਬੇ ਗੱਲ ਪੂਰੀ ਕਰੇ ਬਿਨਾਂ ਹੀ ਚੁੱਪ ਕਰ ਗਈ।
“ਨਹਿਰ ਕੰਨੀ ਕੀ ਕਰਨ ਗਿਆ ਸੀ? ਸਪਰੇਅ ਆਲੀ ਪੀਪੀ ਦਾ ਕੀ ਕਰਨ ਲੱਗਿਆ ਸੀ?” ਬਾਪੂ ਨੇ ਬਿੰਦਰ ਨੂੰ ਗਲਮੇ ਤੋਂ ਫੜ ਲਿਆ। “ਜੀਅ ਤਾਂ ਕਰਦਾ ਸੀ ਤੈਨੂੰ ਕੁੱਟਦਾ ਈ ਘਰੇ ਲੈ ਕੇ ਆਉਂਦਾ।”
ਹੁਣ ਕੋਈ ਓਹਲਾ, ਕੋਈ ਬਹਾਨਾ ਨਹੀਂ ਸੀ ਰਿਹਾ। ਬਿੰਦਰ ਬਾਪੂ ਦੇ ਲੱਕ ਨੂੰ ਚਿੰਬੜ ਗਿਆ, “ਗਲਤੀ ਹੋ ਗਈ ਬਾਪੂ...।” ਇਸ ਤੋਂ ਬਾਅਦ ਬਿੰਦਰ ਤੋਂ ਕੁਝ ਨਾ ਬੋਲਿਆ ਗਿਆ। ਉਹ ਰੋਈ ਜਾ ਰਿਹਾ ਸੀ।
“ਚਲ ਮਾਫ ਕਰ ਦੇ... ਨਿਆਣਾ ਐਂ...।” ਬੇਬੇ ਨੇ ਤਰਲਾ ਕੀਤਾ।
“ਪੈਸਿਆਂ ਦਾ ਘਾਟਾ ਤਾਂ ਪੂਰਾ ਹੋ ਜੂ... ਜਿਹੜਾ ਇਹ ਹੋਰ ਘਾਟਾ ਪਾਉਣ ਲੱਗਿਆ ਸੀ...” ਬਾਪੂ ਦਾ ਗਲਾ ਭਰ ਆਇਆ, “... ਅਸੀਂ ਕੋਈ ਤੇਰੇ ਦੁਸ਼ਮਣ ਆਂ? ਘਰੇ ਨੀ ਸੀ ਦੱਸ ਸਕਦਾ? ... ਅਸੀਂ ਕਾਹਦੇ ਲਈ ਆਂ?”
ਬਿੰਦਰ ਨੇ ਬਾਪੂ ਨੂੰ ਹੋਰ ਘੁੱਟ ਲਿਆ। ਆਪਣਾ ਮੂੰਹ ਬਾਪੂ ਦੀ ਛਾਤੀ ਵਿੱਚ ਲੁਕੋ ਲਿਆ। ਬਾਪੂ ਦਾ ਹੱਥ ਬਿੰਦਰ ਦੀ ਪਿੱਠ ’ਤੇ ਫਿਰ ਰਿਹਾ ਸੀ। ਬਾਪੂ ਦਾ ਦਿਲ ਵੀ ਜਮਾਂ ਬੇਬੇ ਦੇ ਦਿਲ ਵਾਂਗ ਹੀ ਧੜਕ ਰਿਹਾ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (