AmritKBadrukhan7ਇਸੇ ਨੂੰ ਅੰਦਰਲੀ ਰੋਸ਼ਨੀ ਜਗਾਉਣਾ ਕਹਿੰਦੇ ਨੇ, ਜਦੋਂ ਅਸੀਂ ਆਪਣੇ ਸੁਖ ਅਰਾਮ ਤਿਆਗ ਕੇ ...
(17 ਮਈ 2026)


“ਆਪਾਂ ਅੰਦਰਲੇ ਦੀਵੇ ਕਦੋਂ ਬਾਲ਼ਾਂਗੇ
? ਬਾਹਰ ਤਾਂ ਰੌਸ਼ਨੀ ਕਰ ਲੈਨੇ ਆਂ।” ਮੈਂ ਆਪਣੀ ਪਤਨੀ ਨੂੰ ਪੁੱਛਿਆ

“ਲੈ... ਅੰਦਰਲੇ ਦੀਵੇ ਬਾਲਣੇ ਕੀ ਔਖੇ ਨੇਜਦੋਂ ਜੀਅ ਕਰੇ ਬਾਲ਼ ਲਵੋ।” ਪਤਨੀ ਨੇ ਜਵਾਬ ਦੇਣ ਲੱਗਿਆਂ ਸ਼ਾਇਦ ਗੰਭੀਰਤਾ ਨਾਲ ਨਹੀਂ ਸੋਚਿਆਮੈਂ ਕੁਨੱਖਾ ਜਿਹਾ ਆਪਣੀ ਪਤਨੀ ਵੱਲ ਝਾਕਿਆ ਮਹਿਸੂਸ ਹੋਇਆ ਕਿ ਇਸਦੀ ਗੱਲ ਵਿੱਚ ਕੋਈ ਬਹੁਤਾ ਵਜ਼ਨ ਨਹੀਂ

“ਕਿਵੇਂ?” ਫਿਰ ਵੀ ਮੈਂ ਪੁੱਛਿਆ

“ਚਲੋ ਛੱਡੋ... ਅੱਜ ਭੈਣਾਂ ਕੋਲ ਜਾ ਕੇ ਆਈਏ? ਤਿਹਾਰ ਲੰਘਿਐ, ਕੁਛ ਸਮਾਨ ਲੈ ਜਾਂਅਗੇਬਹਾਨੇ ਨਾਲ ਮਿਲ ਆਵਾਂਗੇ।”

“ਪਰ ਆਪਾਂ ਤਾਂ ਲੋਹੜੀ ਦਾ ਦਿੰਨੇ ਹੁੰਨੇ ਆਂਐਤਕੀਂ ਤਾਂ ਬਾਈ ਹੁਰਾਂ ਦੀ ਵਾਰੀ ਐ।” ਮੈਂ ਕਿਹਾ

“ਹਾਂ, ਉਹ ਤਾਂ ਮੈਨੂੰ ਵੀ ਪਤੈ... ਬਈ ਭਰਾ ਭੈਣਾਂ ਦੇ ਸੰਧਾਰੇ ਵੀ ਵੰਡ ਲੈਂਦੇ ਹੁੰਦੇ ਨੇ ਅਤੇ ਕਈ ਵਾਰ ਭੈਣਾਂ ਨੂੰ ਵੀ ਵੰਡ ਲੈਂਦੇ ਨੇ, ਭੈਣਾਂ ਨੂੰ ਪਤਾ ਵੀ ਨੀ ਲਗਦਾ ਕਿ ਉਹ ਵੰਡੀਆਂ ਗਈਆਂ।” ਪਤਾ ਨਹੀਂ ਉਸਨੇ ਮੈਨੂੰ ਇਹ ਮਿਹਣਾ ਟਾਈਪ ਗੱਲ ਕਿਉਂ ਆਖੀਮੈਂ ਥੋੜ੍ਹਾ ਸੋਚਿਆ ਤਾਂ ਯਾਦ ਆਇਆ ਕਈ ਸਾਲ ਪਹਿਲਾਂ ਉਸਨੇ ਗੱਲ ਸੁਣਾਈ ਸੀਉਸਨੇ ਦੱਸਿਆ ਸੀ, “ਸਾਡੇ ਭਰਾਵਾਂ ਸਾਨੂੰ ਵੰਡ ਲਿਆ ਤੇ ਮੈਨੂੰ ਕਮਲੀ ਨੂੰ ਪਤਾ ਈ ਨੀ ਲੱਗਿਆਮੇਰੀ ਭੈਣ ਤੋਂ ਪਤਾ ਲੱਗਿਐ ਅੱਜ।” ਇਹ ਦੱਸਣ ਤੋਂ ਬਾਅਦ ਉਹ ਚੁੱਪ ਕਰ ਗਈ ਸੀਪਤਾ ਨਹੀਂ ਅੰਦਰੋ-ਅੰਦਰ ਕੀ ਜੋੜ ਘਟਾਓ ਕਰਦੀ ਰਹੀ ਹੋਵੇਗੀ ਅੱਜ ਵੀ ਉਹ ਥੋੜ੍ਹੀ ਦੇਰ ਲਈ ਚੁੱਪ ਕਰ ਗਈਫਿਰ ਬੋਲੀ, “ਹੁਣ ਦੇਖੋ... ਦਿਵਾਲੀ ਲੰਘੀ ਐ, ਆਪਾਂ ਫਰੀ ਵੀ ਆਂਜੇ ਵੱਡੇ ਬਾਈ ਹੁਰਾਂ ਦਾ ਸਾਰਾ ਪਰਿਵਾਰ ਬਾਹਰ ਐ... ਤਾਂ ਕੀ ਹੋਇਆ, ਆਪਾਂ ਤਾਂ ਹੈਗੇ ਆਂ ਇੱਥੇਜ਼ਿੰਮੇਵਾਰੀ ਤਾਂ ਆਪਣੀ ਵੀ ਬਣਦੀ ਐਪੈਸੇ ਮੈਂ ਦੇਊਂ ਸਾਰੇ ਸਮਾਨ ਦੇਜਿਹੜੇ ਮੈਨੂੰ ਦਿਵਾਲੀ ਦੇ ਮਿਲੇ ਐ, ਸੂਟ ਨੀ ਹੁਣ ਮੈਂ ਲੈਣਾ।” ਉਸਨੇ ਸਿਰੇ ਦੀ ਸੁਣਾ ਦਿੱਤੀਇਹ ਉਸਦਾ ਬ੍ਰਹਮਅਸਤਰ ਹੁੰਦਾ ਹੈਜਦੋਂ ਵੀ ਮੈਂ ਕਿਸੇ ਗੱਲੋਂ ਇਨਕਾਰ ਕਰਾਂ ਉਸਦਾ ਇਹੀ ਹਥਿਆਰ ਹੁੰਦਾ ਹੈਉਹ ਆਖ ਦਿੰਦੀ, “ਪੈਸੇ ਮੈਂ ਆਪਣੇ ਕੋਲੋਂ ਲਾ ਦੇਊਂ।”

ਮੈਨੂੰ ਪਤਾ ਹੁੰਦੈ ਇਹਦੇ ਕੋਲ ਜਿਹੜਾ ਪੰਜ ਚਾਰ ਹਜ਼ਾਰ ਹੁੰਦਾ ਹੈ ਇਹਨੇ ਖਰਚਣ ਲੱਗਿਆਂ ਟਾਈਮ ਨੀ ਲਾਉਣਾ ਆਪਣੇ ਵਾਸਤੇ ਕੁਝ ਨੀ ਲੈਣਾ ਪਰ ਦੂਜਿਆਂ ’ਤੇ ਖਰਚਣ ਨੂੰ ਮਿੰਟ ਲਾਊਮੈਂ ਚੁੱਪ ਕਰ ਜਾਂਦਾ ਹਾਂ

ਮੈਂ ਉੱਥੋਂ ਜਾਣ ਲੱਗਿਆ ਤਾਂ ਉਸਨੇ ਥੋੜ੍ਹੀ ਉੱਚੀ ਆਵਾਜ਼ ਵਿੱਚ ਕਿਹਾ, “ਵਿਚਾਰ ਕਰ ਲੈਣਾ... ਮੇਰੀ ਸਲਾਹ ਮਾੜੀ ਨਹੀਂ ਐ... ਘਰੇ ਵਿਹਲੇ ਬਹਿ ਕੇ ਲੜਾਂਗੇ ਈ ਆਪਾਂ, ਹੋਰ ਤਾਂ ਕੁਛ ਨੀ ਕਰਨਾ।”

ਇਸ ਤੋਂ ਬਾਅਦ ਉਸਨੇ ਪੰਜ-ਪੰਜ ਸੌ ਦੇ ਕੁਝ ਨੋਟ ਮੇਰੇ ਸਾਹਮਣੇ ਕੀਤੇਮੈਂ ਜੱਕੋ-ਤੱਕੀ ਵਿੱਚ ਫੜ ਕੇ ਜੇਬ ਵਿੱਚ ਪਾ ਲਏਪਰ ਬੋਲਿਆ ਕੁਝ ਨਾਉਹ ਵੀ ਚੁੱਪ ਕਰ ਗਈ ਮੈਨੂੰ ਪਤਾ ਸੀ ਉਸਦਾ ਸਬਰ ਬੜਾ ਵੱਡਾ ਹੈਜੇ ਮੈਂ ਨਾ ਜਾਵਾਂ ਤਾਂ ਵੀ ਉਸਨੇ ਸਾਰਾ ਦਿਨ ਗੱਲ ਵੀ ਨਹੀਂ ਛੇੜਨੀ ਕਿ ਮੈਂ ਉਸਦੀ ਗੱਲ ਨਹੀਂ ਮੰਨੀਉਹ ਆਪਣੇ ਕੰਮ ਜਾ ਲੱਗੀ ਅਤੇ ਮੈਂ ਅਖਬਾਰ ਪੜ੍ਹਨ ਲੱਗ ਪਿਆਉਸਦੇ ਦਿੱਤੇ ਨੋਟ ਮੈਨੂੰ ਉਸਦੀਆਂ ਕਹੀਆਂ ਗੱਲਾਂ ਭੁੱਲਣ ਨਹੀਂ ਸੀ ਦੇ ਰਹੇਉਸਨੇ ਕਦੇ ਵੀ ਮੈਨੂੰ ਮਜਬੂਰ ਨਹੀਂ ਕੀਤਾ ਕਿ ਮੈਂ ਉਸ ਨੂੰ ਕੁਝ ਲੈ ਕੇ ਦੇਵਾਂਸਾਡੀ ਜੇ ਲੜਾਈ ਵੀ ਹੁੰਦੀ ਤਾਂ ਇਸ ਗੱਲ ਤੇ, ਉਹ ਆਖਦੀ... ਭੈਣਾਂ ਨੂੰ ਵੱਧ ਦਿਆ ਕਰੋਮੈਂ ਆਖਦਾ... ਰਿਵਾਜ਼ ਅਤੇ ਹਿਸਾਬ ਦਾ ਹੀ ਠੀਕ ਹੁੰਦਾ

ਮੈਂ ਕਈ ਵਾਰ ਸੋਚਦਾ ਹਾਂ ਕਿ ਲੋਕ ਊਂਈਂ ਭਰਜਾਈਆਂ ਨੂੰ ਬਦਨਾਮ ਕਰੀ ਜਾਂਦੇ ਨੇ ਕਿ ਨਣਦਾਂ ਨੂੰ ਦੇਣ ਲੈਣ ਵਿੱਚ ਫਰਕ ਰੱਖਦੀਆਂ ਨੇ ਪਰ ਮੈਨੂੰ ਲਗਦਾ ਹੁੰਦਾ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਜਾਂ ਫਿਰ ਜਿਸ ਔਰਤ ਨਾਲ ਮੇਰਾ ਵਾਹ ਪਿਆ ਐ... ਸ਼ਾਇਦ ਉਹ ਹੀ ਦੁਨੀਆਂ ਨਾਲੋਂ ਵੱਖਰੀ ਹੋਵੇਗੀ

ਮੈਂ ਸੋਚੀਂ ਪਿਆ ਹੋਇਆ ਸੀ, ਭੈਣਾਂ ਤਾਂ ਮੇਰੀਆਂ ਨੇ ਇਹਨੂੰ ਕਿਵੇਂ ਪਤਾ ਲੱਗ ਜਾਂਦਾ ਕਿ ਉਹਨਾਂ ਨੂੰ ਕਿਹੜੀ ਗੱਲ ’ਤੇ ਖੁਸ਼ੀ ਮਿਲਦੀ ਐਮੈਂ ਉਸ ਨੂੰ ਪੁੱਛ ਹੀ ਲਿਆ, “ਤੈਨੂੰ ਕੀ ਪਤੈ ਭੈਣਾਂ ਖੁਸ਼ ਹੋਣਗੀਆਂ ਆਪਣੇ ਜਾਣ ਨਾਲ।”

“ਲੈ ਪਤੇ ਵਾਲੀ ਕੀ ਗੱਲ ਐ... ਭਰਾਵਾਂ ਨੂੰ ਦੇਖ ਕੇ ਹਰੇਕ ਭੈਣ ਨੂੰ ਖੁਸ਼ੀ ਹੁੰਦੀ ਐ।” ਉਹ ਬੋਲੀ ਮੇਰੇ ਦਿਮਾਗ ਵਿੱਚ ਬਹੁਤ ਸਾਰੇ ਭੈਣ-ਭਰਾ ਘੁੰਮਣ ਲੱਗ ਪਏ ਜਿਹੜੇ ਜ਼ਮੀਨਾਂ ਦੇ ਲਾਲਚ ਵੱਸ ਕੋਰਟ ਕਚਹਿਰੀਆਂ ਵਿੱਚ ਧੱਕੇ ਖਾਂਦੇ ਫਿਰਦੇ ਹਨ ਉਸਦੀ ਗੱਲ ਨਾਲ ਮੈਂ ਪੂਰਾ ਸਹਿਮਤ ਨਹੀਂ, ਫਿਰ ਵੀ ਚੁੱਪ ਕਰ ਗਿਆ ਕਿ ਚਲੋ ਇਹਨੂੰ ਇਹਦੇ ਹਿਸਾਬ ਨਾਲ ਖੁਸ਼-ਫਹਿਮੀ ਵਿੱਚ ਰਹਿਣ ਦਿੱਤਾ ਜਾਵੇ

ਉਸਦੀਆਂ ਗੱਲਾਂ ਨਾਲ ਲੱਗੀ ਬੇਚੈਨੀ ਮੈਨੂੰ ਟਿਕਣ ਨਹੀਂ ਸੀ ਦੇ ਰਹੀਮੈਂ ਵੀ ਮਨ ਬਣਾ ਲਿਆ ਕਿ ਭੈਣ ਹੁਰਾਂ ਕੋਲ ਜਾ ਹੀ ਆਉਂਦੇ ਹਾਂ।

“ਜੇ ਜਾਣੈ, ਮੇਰੇ ਆਉਂਦੇ ਨੂੰ ਤਿਆਰ ਰਹੀਂਮੈਂ ਸਮਾਨ ਲੈਣ ਚੱਲਿਆਂ ਸ਼ਹਿਰ।” ਮੈਂ ਹੁਕਮ ਸੁਣਾ ਕੇ ਤੁਰਦਾ ਬਣਿਆ

“ਸਮਾਨ ਲੈਣ ਵੇਲੇ ਕੰਜੂਸੀ ਨਾ ਕਰਿਓ... ਨਹੀਂ ਤਾਂ ਮੈਂ ਲਿਖਵਾ ਦਿੰਨੀ ਆਂ, ਕੀ ਕੁਛ ਲੈ ਕੇ ਆਉਣਾ ਐ।” ਇਸ ਗੱਲ ਤੋਂ ਉਸਦੀ ਬੇਭਰੋਸਗੀ ਦਾ ਪਤਾ ਚਲਦਾ ਸੀ

“ਮੈਂ ਆਪੇ ਲੈ ਆਊਂ।” ਆਖ ਕੇ ਮੈਂ ਸ਼ਹਿਰ ਚਲਿਆ ਗਿਆਜਦੋਂ ਮੈਂ ਵਾਪਸ ਆਇਆ ਤਾਂ ਉਹ ਤਿਆਰ ਸੀ ਉਸਨੇ ਸਮਾਨ ’ਤੇ ਨਿਗਾਹ ਮਾਰੀ, ਬੋਲੀ ਕੁਝ ਨਾਤੀਹ ਕੁ ਮਿੰਟ ਲੱਗਣੇ ਸਨ, ਵਿਚਕਾਰ ਵਾਲੀ ਭੈਣ ਦੇ ਪਿੰਡ ਜਾਣ ਨੂੰਦੋ ਭੈਣਾਂ ਇੱਕ ਪਿੰਡ ਵਿੱਚ ਹੀ ਵਿਆਹੀਆਂ ਹੋਈਆਂ ਸਨਸੋਚਿਆ, ਉਹਨਾਂ ਕੋਲ ਅਗਲੀ ਛੁੱਟੀ ਵੇਲੇ ਜਾ ਆਵਾਂਗੇ

ਅਸੀਂ ਮੇਨ ਸੜਕ ਤੋਂ ਪਿੰਡਾਂ ਵੱਲ ਨੂੰ ਹੋ ਗਏਇੱਕ ਪਿੰਡ ਵਿੱਚ ਜੰਝ ਚੜ੍ਹ ਰਹੀ ਸੀਮੈਂ ਰਸਤਾ ਲੈਣ ਲਈ ਹਾਰਨ ਵਜਾਉਣ ਲੱਗਿਆ

“ਤੁਸੀਂ ਇਨ੍ਹਾਂ ਨੂੰ ਡਿਸਟਰਬ ਨਾ ਕਰੋਗੱਡੀ ਜਮ੍ਹਾਂ ਹੌਲੀ ਕਰ ਲਵੋ ਜਾਂ ਫਿਰ ਇੱਕ ਪਾਸੇ ਲਾ ਲਵੋਆਪਾਂ ਵੀ ਵਿਆਹ ਦੇਖ ਲੈਨੇ ਆਂ।”

ਇੱਕ ਪਾਸੇ ਲਾ ਕੇ ਮੈਂ ਕਾਰ ਰੋਕ ਹੀ ਲਈਪਹਿਲਾਂ ਮੇਰੇ ਹਾਰਨ ਵਜਾਉਣ ’ਤੇ ਉਹ ਰਾਹ ਬਣਾਉਣ ਦੀ ਕੋਸ਼ਿਸ਼ ਕਰਨ ਲੱਗੇ ਸਨ ਹੁਣ ਉਹ ਵੀ ਆਪਣੇ ਸਾਰੇ ਸ਼ਗਨ ਅਰਾਮ ਨਾਲ ਕਰਨ ਲੱਗੇਪਤਨੀ ਦੀ ਕੁਮੈਂਟਰੀ ਜਾਰੀ ਸੀ, “ਅਹੁ ਦੇਖੋ... ਮੁੰਡੇ ਦੀ ਭੈਣ ਚੁੰਨੀ ਦੇ ਪੱਲੇ ਨਾਲ ਭਰਾ ਦੇ ਮੋਢਿਆਂ ’ਤੇ ਝੱਲ ਮਾਰ ਰਹੀ ਐਇਹਨੂੰ ਵਾਲ ਝੱਲਣਾਆਖਦੇ ਨੇ

ਲਾੜੇ ਵਾਲੀ ਫੁੱਲਾਂ ਨਾਲ ਸਜੀ ਕਾਰ ਦੇ ਟਾਇਰਾਂ ’ਤੇ ਪਾਣੀ ਪਾਇਆ ਗਿਆਉਹ ਸ਼ਾਇਦ ਮੁੰਡੇ ਦੀ ਮਾਂ ਹੋਵੇਗੀ

“ਇਹਦਾ ਕੀ ਮਤਲਬ ਹੋਊ?” ਮੈਂ ਇਸ਼ਾਰੇ ਨਾਲ ਪੁੱਛਿਆ

ਸੁੱਖੀ-ਸਾਂਦੀ ਵਹੁਟੀ ਘਰ ਆਵੇ, ਕੋਈ ਰੁਕਾਵਟ ਨਾ ਆਵੇਧਿਆਨ ਨਾਲ ਵੇਖੋ... ਮਾਂ ਦੇ ਬੁੱਲ੍ਹ ਫਰਕ ਰਹੇ ਨੇ ਇਹਦੇ ਵਿੱਚ ਉਸਦੀਆਂ ਅਰਦਾਸਾਂ ਦੁਆਵਾਂ ਹੋਣਗੀਆਂ।”

ਉਹ ਇਹੋ ਜਿਹੇ ਤਰਕ ਦਿੰਦੀ ਹੈ ਕਿ ਸਹਿਮਤ ਹੋਣਾ ਪੈਂਦਾ ਹੈਜੰਝ ਤੁਰ ਗਈਸਾਰੀਆਂ ਕਾਰਾਂ ਅੱਗੜ-ਪਿੱਛੜ ਤੁਰ ਪਈਆਂਪੰਜ ਚਾਰ ਕੁੜੀਆਂ ਬੁੜ੍ਹੀਆਂ ਜਿਹੜੀਆਂ ਰਹਿ ਗਈਆਂ ਸਨ, ਗੀਤ ਗਾਉਂਦੀਆਂ ਵਾਪਸ ਜਾ ਰਹੀਆਂ ਸਨਉਹ ਵੀ ਧੀਮੀ ਜਿਹੀ ਆਵਾਜ਼ ਵਿੱਚ ਨਾਲ-ਨਾਲ ਗਾ ਰਹੀ ਸੀ

ਜਿਹੜੇ ਰਾਹੀਂ ਵੇ ਵੀਰਾ ਜੰਨ ਚੜ੍ਹਿਆ,
ਉਹਨਾਂ ਰਾਹਾਂ ਦਾ ਰੇਤਾ ਖੰਡ ਬਣਿਆ

“ਤੈਨੂੰ ਆਉਂਦੇ ਨੇ ਗਾਉਣੇ?” ਮੈਂ ਪੁੱਛਿਆ

“ਹਾਂ... ਵੀਰੇ ਹੁਰਾਂ ਦੇ ਵਿਆਹਾਂ ’ਤੇ ਬਥੇਰੇ ਗਾਏ ਨੇ ਇਨ੍ਹਾਂ ਨੇ ਤਾਂ ਮਾੜਾ ਜਾ ਸ਼ਗਨ ਸਾਰਤ ਜਾ ਕਰਿਆ, ਅਸੀਂ ਤਾਂ ਗੁਰਦੁਆਰਾ ਸਾਹਿਬ ਕੋਲੋਂ ਜੰਝ ਤੋਰ ਕੇ ਘਰ ਤਕ ਗਾਉਂਦੀਆਂ ਗਈਆਂ ਸੀਘਰੇ ਜਾ ਕੇ ਗਿੱਧਾ ਵੀ ਪਾਇਆ ਸੀਬੀਬੀ ਹੁਰਾਂ ਵੇਲੇ ਕੁੜੀਆਂ ਬੁੜ੍ਹੀਆਂ ਜੰਝ ਨਹੀਂ ਸੀ ਜਾਂਦੀਆਂ ਹੁੰਦੀਆਂਆਪਣੇ ਵੇਲੇ ਦੋ ਚਾਰ ਜਾਣ ਲੱਗ ਪਈਆਂਹੁਣ ਤਾਂ ਸਾਰੀਆਂ ਤੁਰ ਪੈਂਦੀਆਂ ਨੇ।”

“ਆਹ ਦੋ ਕੁ ਵਿਚਾਰੀਆਂ ਨੂੰ ਪਤਾ ਨੀ ਕਾਹਤੋਂ ਨੀ ਲੈ ਕੇ ਗਏ।” ਮੈਂ ਬੋਲਿਆ

“ਤਿਆਰੀ ਤਾਂ ਇਨ੍ਹਾਂ ਦੀ ਵੀ ਡੁੱਲ੍ਹ-ਡੁੱਲ੍ਹ ਪੈਂਦੀ ਐ... ਥੋਨੂੰ ਪਤੈ ਜਿੰਨਾ ਖਰਚ ਹੁਣ ਕੁੜੀਆਂ ਸਜਣ ਸੰਵਰਨ ’ਤੇ ਕਰ ਦਿੰਦੀਆਂ ਨੇ ਅੱਗੇ ਓਨੇ ਪੈਸਿਆਂ ਵਿੱਚ ਵਿਆਹ ਹੋ ਜਾਂਦਾ ਸੀ।” ਉਸਨੇ ਕਿਹਾਥੋੜ੍ਹਾ ਜਿਹਾ ਅੱਗੇ ਜਾ ਕੇ ਉਹ ਵੀ ਇੱਕ ਕਾਰ ਵਿੱਚ ਬੈਠ ਗਈਆਂ

“ਚਲੋ ਜੀ... ਇਨ੍ਹਾਂ ਨਾਲ ਵੀ ਇਨਸਾਫ ਹੋ ਗਿਆ।” ਮੈਂ ਆਖਿਆ

ਕੀਲੀ ਕੀਲੀ ਕੀਲੀ,
ਅੱਜ ਮੇਰੇ ਵੀਰਨ ਦੀ ਸਾਰੀ ਫੌਜ ਰੰਗੀਲੀ
,
ਅੱਜ ਮੇਰੇ ਵੀਰਨ ਦੀ...

ਜਿੰਨਾ ਚਿਰ ਅਸੀਂ ਪਿੰਡ ਨਹੀਂ ਲੰਘ ਗਏ, ਉਹ ਇਸੇ ਤਰ੍ਹਾਂ ਗੁਣਗੁਣਾਉਂਦੀ ਰਹੀਮੈਂ ਵੀ ਉਸਦੀ ਖੁਸ਼ੀ ਵਿੱਚ ਭੰਗਣਾ ਨਾ ਪਾਈਅਸੀਂ ਪਿੰਡੋਂ ਬਾਹਰ ਖੇਤਾਂ ਕੋਲ ਦੀ ਲੰਘ ਰਹੇ ਸਾਂਝੋਨਾ ਵੱਢਿਆ ਜਾ ਚੁੱਕਿਆਪਰਾਲੀ ਖੇਤਾਂ ਵਿੱਚ ਪਈ ਸੀਇੱਕ ਅਧਖੜ ਆਦਮੀ ਮੋਟਰ ਵਾਲੇ ਕੋਠੇ ਕੋਲ ਡਹੇ ਮੰਜੇ ’ਤੇ ਪਿਆ ਸੀਉਸਦਾ ਸਿਰ ਵਿਚਾਲਿਓਂ ਗੰਜਾ ਲੱਗ ਰਿਹਾ ਸੀ

“ਭਾਰ ਚੱਕ ਚੱਕ ਵਿਚਾਰੇ ਦੇ ਵਾਲ ਉਡ ਗਏ।” ਉਹ ਗੰਭੀਰ ਸੀਮੈਂ ਹੱਸ ਪਿਆ

“ਇਹਦੇ ਗੰਜ ਪਿਆ ਹੋਇਆ ਐ... ਕਹਿੰਦੇ ਨੇ ਜਿਸਦੇ ਕੋਲ ਚਾਰ ਪੈਸੇ ਆ ਜਾਣ, ਉਹਦੇ ਗੰਜ ਪੈ ਜਾਂਦਾ ਹੁੰਦੈ।”

“ਨਹੀਂ, ਉਹ ਗੰਜ ਹੋਰ ਤਰ੍ਹਾਂ ਦਾ ਹੁੰਦੈ... ਉਹ ਤਾਂ ਦੂਰੋਂ ਚਮਕ ਰਿਹਾ ਹੁੰਦੈਇਹਦੇ ਤਾਂ ਘਸੇ ਹੋਏ ਰੁੱਖੇ ਜਿਹੇ ਵਾਲ ਨੇ ਵਿਚਾਰੇ ਦੇਨਾਲੇ ਖੇਤੀ ਕਰਨ ਆਲਿਆਂ ਨੂੰ ਫਸਲਾਂ ਦੇ ਸਹੀ ਮੁੱਲ ਤਾਂ ਦਿੰਦੀਆਂ ਨੀ ਸਰਕਾਰਾਂ, ਪੈਸੇ ਕਿੱਥੋਂ ਜੁੜਨਗੇ।” ਉਹਨੇ ਆਪਣਾ ਤਰਕ ਦਿੱਤਾ

“ਹਾਂ, ਗੱਲ ਤਾਂ ਤੇਰੀ ਵੀ ਸਹੀ ਐਅੱਜ ਕੱਲ੍ਹ ਦੇ ਜਵਾਕ ਵੀ ਖੇਚਲ ਕਰਕੇ ਤਾਂ ਰਾਜ਼ੀ ਨਹੀਂਨਹੀਂ ਤਾਂ ਸਬਜ਼ੀਆਂ ਵੀ ਲਾ ਸਕਦੇ ਨੇ... ਮੱਝਾਂ ਗਾਵਾਂ ਰੱਖ ਕੇ ਵਧੀਆ ਬਿਨਾਂ ਮਿਲਾਵਟ ਆਲਾ ਦੁੱਧ ਵੇਚਣ... ਹੁਣ ਤਾਂ ਲੋਕ ਮਹਿੰਗੀ ਚੀਜ਼ ਖਰੀਦਣ ਨੂੰ ਵੀ ਤਿਆਰ ਨੇ ਪਰ ਮਿਲਾਵਟ ਰਹਿਤ ਹੋਵੇ।”

ਅੱਗੇ ਗਏ ਤਾਂ ਇੱਕ ਖੇਤ ਵਿੱਚ ਬੀਜੀ ਕਣਕ ਦੇਖ ਕੇ ਉਹ ਬੋਲੀ, “ਪਹਿਲਾਂ ਕਹਿੰਦੇ ਹੁੰਦੇ ਸੀ, ਜਿਹੜੀ ਕਣਕ ਦਿਵਾਲੀ ਦੇ ਦੀਵੇ ਦੇਖ ਲੈਂਦੀ ਹੈ ਉਹਦਾ ਝਾੜ ਵਧੀਆ ਨਿਕਲਦੈਹੁਣ ਤਾਂ ਕਣਕਾਂ ਪਿਛੇਤੀਆਂ ਹੋ ਜਾਂਦੀਆਂ ਨੇ।”

“ਹੁਣ ਰੁੱਤਾਂ ਦਾ ਵੀ ਫਰਕ ਪੈ ਗਿਆਸਰਦੀ ਜਨਵਰੀ ਤੋਂ ਸ਼ੁਰੂ ਹੁੰਦੀ ਐ ਤੇ ਮਾਰਚ ਦੇ ਅੰਤ ਤਕ ਚਲਦੀ ਐ।” ਮੈਂ ਕਿਹਾ

“ਸੱਚ... ਤੁਸੀਂ ਕਹਿੰਦੇ ਸੀ ਠੇਕੇ ਆਲਿਆਂ ਨੂੰ ਫ਼ੋਨ ਕਰਕੇ ਕਹੂੰਗਾ ਬਈ ਸਾਡੇ ਖੇਤ ਵਿੱਚ ਪਰਾਲੀ ਨੂੰ ਅੱਗ ਨਾ ਲਾਇਓ... ਕਹਿ ’ਤਾ ਸੀ?” ਉਸ ਨੂੰ ਅਚਾਨਕ ਯਾਦ ਆਇਆ

“ਆਹੋ... ਉਹ ਕਹਿੰਦੇ... ਕੀ ਕਰੀਏ? ਮੈਂ ਕਿਹਾ ਭਾਈ ਪਰਾਲੀ ’ਕੱਠੀ ਕਰਕੇ ਇੱਕ ਪਾਸੇ ਲਾ ਦਿਓ... ਓਨੀ ਥਾਂ ਦਾ ਠੇਕਾ ਨਾ ਦਿਓ, ਜਿੱਥੇ ਪਰਾਲੀ ਰੱਖੋਗੇ।”

“ਚਲੋ ਚੰਗਾ ਕੀਤਾ... ਆਪਣੇ ਹਿੱਸੇ ਦਾ ਯੋਗਦਾਨ ਤਾਂ ਪਾਈਏ ਪ੍ਰਦੂਸ਼ਣ ਘਟਾਉਣ ਵਿੱਚ।”

ਅਸੀਂ ਭੈਣ ਦੇ ਪਿੰਡ ਪਹੁੰਚ ਗਏਭੈਣ ਭੱਜੀ ਆਈਬਹੁਤ ਪਿਆਰ ਨਾਲ ਮਿਲੀਭੈਣ ਦੀ ਨੂੰਹ ਸਾਨੂੰ ਦੇਖ ਕੇ ਕੁਰਸੀਆਂ ਚੁੱਕ ਲਿਆਈਅਸੀਂ ਮੰਜਿਆਂ ’ਤੇ ਹੀ ਬੈਠ ਗਏਭੈਣ ਦਾ ਚਾਅ ਨਹੀਂ ਸੀ ਚੁੱਕਿਆ ਜਾ ਰਿਹਾਮੈਂ ਖੇਤੀਬਾੜੀ ਬਾਰੇ ਪੁੱਛਿਆਭੈਣ ਨੇ ਦੱਸਿਆ, “ਸਭ ਵਧੀਆ ਐ ਬਾਈ ਪਰ ਸੁਰਤ ਨੀ ਲੈਣੀ ਮਿਲਦੀ ਸਾਰਾ ਦਿਨ... ਫਿਰ ਵੀ ਮਸਾਂ ਪੂਰਾ ਪਟਦੈ।”

“ਤੁਸੀਂ ਭੈਣੇ ਸਬਜ਼ੀਆਂ ਲਾਇਆ ਕਰੋ।” ਇਹਨੇ ਆਪਣੀ ਸਲਾਹ ਦਿੱਤੀ

“ਸਬਜ਼ੀ ਵੀ ਲਾ ਲਈਦੀ ਐਲੈ ਸੁਣ ਲੈ ਸਬਜ਼ੀ ਦੀ ਗੱਲ... ਭਿੰਡੀਆਂ ਲਾਈਆਂ ਅਸੀਂ ਐਤਕੀਂ... ਖਾਸੀਆਂ ਹੋ ਗਈਆਂ ਲੰਮੀਆਂ ਲੰਮੀਆਂ ਜਮਾਂ ਕੱਚੀਆਂ ਕੱਚੀਆਂ... ਤੋੜ ਕੇ ਬਾਈ ਮੰਡੀ ਲੈਗੇਰੇਹੜੀ ਆਲੇ ਨੇ ਲੈ ਲੀਆਂ ਦਸ ਰੁਪਈਏ ਕਿਲੋ ਨੂੰ... ਇਹ ਤਾਂ ਕੁਛ ਹੋਰ ਲੈਣ ਵਗ ਗਿਆ, ਆਉਂਦੇ ਨੂੰ ਰੇਹੜੀ ਆਲਾ ਪੰਜਾਹ ਰੁਪਈਏ ਕਿਲੋ ਵੇਚੀ ਜਾਵੇਘਰੇ ਆ ਕੇ ਨੀਵੀਂ ਪਾ ਕੇ ਬਹਿ ਗਿਆ... ਕਹਿਣ ਲੱਗਿਆ ਅਸੀਂ ਭਿੰਡੀਆਂ ਬੀਜੀਆਂ, ਪਾਲੀਆਂ, ਸੰਭਾਲ ਕੀਤੀ ਤਾਂ ਵੀ ਦਸ ਰੁਪਈਏ ਪੱਲੇ ਪਏ ਰੇਹੜੀ ਆਲੇ ਨੇ ਮਾੜਾ ਜਿਹਾ ਪਾਣੀ ਦਾ ਛਿੱਟਾ ਮਾਰ ਕੇ ਪੰਜਾਹ ਨੂੰ ਵੇਚਤੀਆਂ।”

ਭੈਣ ਦੀ ਗੱਲ ਸੁਣ ਕੇ ਉਹ ਵੀ ਚੁੱਪ ਕਰ ਗਈ

“ਆਪਾਂ ਨੂੰ ਆਪ ਈ ਵੇਚਣੀਆਂ ਚਾਹੀਦੀਆਂ ਨੇ।” ਮੈਂ ਆਖਿਆ

“ਆਪਾਂ ਤੋਂ ਕਾਹਨੂੰ ਵਪਾਰੀਆਂ ਵਰਗੇ ਬਣਿਆ ਜਾਂਦਾ ਹੈਹੁਣ ਤਾਂ ਪਿੰਡ ਵਿੱਚ ਹੋਕਾ ਮਰਵਾ ਦਿੰਨੇ ਆਂ ਜਿੱਦਣ ਸਬਜ਼ੀ ਤੋੜਦੇ ਆਂ... ਹੱਥੋ ਹੱਥੀ ਲੈ ਜਾਂਦੇ ਨੇ ਲੋਕ...।” ਮੈਨੂੰ ਜਾਪਿਆ ਉਹਨਾਂ ਨੂੰ ਆਪਣੇ ਕੰਮਾਂ ਦਾ ਹਿਸਾਬ ਹੈ ਸਾਡੀਆਂ ਸਲਾਹਾਂ ਦੀ ਜ਼ਰੂਰਤ ਨਹੀਂ

ਅਸੀਂ ਬੱਚਿਆਂ ਦੀ ਪੜ੍ਹਾਈ ਬਾਰੇ ਪੁੱਛਿਆਉਹਨਾਂ ਦੱਸਿਆ ਕਿ ਬੱਚੇ ਵਧੀਆ ਪੜ੍ਹਦੇ ਹਨਖੇਡਾਂ ਵਿੱਚ ਵੀ ਅੱਗੇ ਨੇਜ਼ਮਾਨੇ ਦੀ ਫੁਕਰਪੁਣੇ ਵਾਲੀ ਹਵਾ ਤੋਂ ਬਚੇ ਹੋਏ ਹਨ

ਇਸ ਗੱਲ ’ਤੇ ਸਾਨੂੰ ਵੀ ਤਸੱਲੀ ਹੋਈਭੈਣ ਦੱਸ ਰਹੀ ਸੀ, “ਅਸੀਂ ਤਾਂ ਬਾਈ ਜਵਾਕਾਂ ਨੂੰ ਜਮਾਂ ਚੰਡ ਕੇ ਰੱਖਿਆ ਹੋਇਆ ਐ। ਕਦੇ ਨੀ ਸੋਚਿਆ ਬਈ ਇਹ ਪਾੜ੍ਹੇ ਨੇ, ਇਨ੍ਹਾਂ ਤੋਂ ਕੰਮ ਨੀ ਹੋਣਾਨਾਲੇ ਕੰਮ ਕਿਉਂ ਨੀ ਹੋਣਾ... ਸਾਡੇ ਦੁੱਧ, ਘਿਉ, ਦਹੀਂ ਲੱਸੀ ਘਰ ਦਾ ਐ ਸਾਰਾ ਕੁਸ਼ਮਠਿਆਈ ਅਸੀਂ ਨੀ ਕਦੇ ਮੁੱਲ ਲਈਜਦੋਂ ਜੀਅ ਕਰੇ ਦੋ ਡੰਗ ਦਾ ਦੁੱਧ ਕੱਠਾ ਕਰਕੇ ਖੋਆ ਕੱਢ ਦਿੰਨੀ ਐਂਸਾਰਾ ਸਿਆਲ ਪੰਜੀਰੀ ਨੀ ਮੁੱਕਣ ਦਿੰਦੀਨਾ ਅਸੀਂ ਸਬਜ਼ੀ ਭਾਜੀ ’ਤੇ ਸਪਰੇਅ ਕਰੀ ਐ ਕਦੇ।” ਭੈਣ ਇੱਕੋ ਸਾਹੇ ਆਖ ਗਈਮੇਰੀ ਪਤਨੀ ਨੇ ਉਹਨਾਂ ਦੀ ਇਸ ਗੱਲ ਦੀ ਤਾਰੀਫ ਕੀਤੀਭੈਣ ਦੀ ਨੂੰਹ ਚਾਹ ਲੈ ਆਈ, ਨਾਲ ਦੋ ਪਲੇਟਾਂ ਘਰ ਦੇ ਕੱਢੇ ਖੋਆ ਬਰਫੀ ਦੀਆਂਭੈਣ ਧੱਕੇ ਨਾਲ ਹੋਰ ਹੋਰ ਖਵਾਈ ਜਾਵੇਅਸੀਂ ਹੱਥ ਜੋੜ ਦਿੱਤੇ

ਭੈਣ ਨੇ ਦੁਪਹਿਰ ਦੀ ਰੋਟੀ ਲਈ ਜ਼ੋਰ ਪਾਇਆ “ਨਾ ਭੈਣੇ ਹੁਣ ਤਾਂ ਕੱਲ੍ਹ ਤਕ ਭੁੱਖ ਨੀ ਲੱਗਣੀ।” ਮੈਂ ਆਖਿਆ

“ਲੈ ਬਾਈ ਤੁਸੀਂ ਆਏ... ਢਿੱਡ ਹੌਲਾ ਹੋ ਗਿਆ ਗੱਲਾਂ ਕਰਕੇਹੁਣ ਕਈ ਦਿਨ ਜੀਅ ਲੱਗਿਆ ਰਹੂ।” ਭੈਣ ਦੀਆਂ ਅੱਖਾਂ ਚਮਕ ਰਹੀਆਂ ਸਨਸਾਨੂੰ ਵਿਦਾ ਕਰ ਕੇ ਉਹ ਆਪਣੇ ਡੰਗਰ ਵੱਛੇ ਨੂੰ ਸੰਨ੍ਹੀ ਰਲਾਉਣ ਲੱਗੇਅਸੀਂ ਘਰ ਨੂੰ ਵਾਪਸ ਤੁਰ ਪਏ

ਜਦੋਂ ਅਸੀਂ ਵਾਪਸ ਆ ਰਹੇ ਸਾਂ ਤਾਂ ਅਜੀਬ ਜਿਹੀ ਖੁਸ਼ੀ ਅਤੇ ਸਕੂਨ ਮਹਿਸੂਸ ਹੋ ਰਿਹਾ ਸੀਉਹ ਵੀ ਖੁਸ਼ ਸੀ ਉਹ ਮੇਰੇ ਮੂੰਹ ਵੱਲ ਦੇਖ ਰਹੀ ਸੀ

“ਥੋਡੇ ਸਵੇਰ ਵਾਲੇ ਸਵਾਲ ਦਾ ਜਵਾਬ ਦੇਵਾਂ?” ਉਸਨੇ ਪੁੱਛਿਆ

“ਹਾਂ...।”

“ਇਸੇ ਨੂੰ ਅੰਦਰਲੀ ਰੋਸ਼ਨੀ ਜਗਾਉਣਾ ਕਹਿੰਦੇ ਨੇ, ਜਦੋਂ ਅਸੀਂ ਆਪਣੇ ਸੁਖ ਅਰਾਮ ਤਿਆਗ ਕੇ ਕਿਸੇ ਦੀ ਖੁਸ਼ੀ ਦਾ ਕਾਰਨ ਬਣੀਏਦੇਖ ਲੋ, ਅੱਜ ਭੈਣ ਕਿੰਨੀ ਖੁਸ਼ ਸੀ।”

“ਅਤੇ ਮੈਂ ਵੀ...।” ਮੇਰੇ ਮੂੰਹੋਂ ਆਪ ਮੁਹਾਰੇ ਨਿਕਲਿਆ

“ਆਹ ਚੱਕ ਆਪਣੇ ਸੂਟ ਦੇ ਪੈਸੇ।” ਮੈਂ ਜੇਬ ਵਿੱਚੋਂ ਪੈਸੇ ਕੱਢ ਕੇ ਫੜਾਉਂਦਿਆਂ ਕਿਹਾ

“ਕਿਉਂ?” ਉਸਨੇ ਹੈਰਾਨੀ ਨਾਲ ਤੱਕਿਆ

“ਆਪਣੀਆਂ ਭੈਣਾਂ ਨੂੰ ਖੁਸ਼ ਕਰਨ ਲਈ... ਮੈਂ ਕਿਸੇ ਹੋਰ ਭਰਾ ਦੀ ਭੈਣ ਦਾ ਸੂਟ ਕਿਉਂ ਵਰਤਾਂ?”

“ਇਹ ਵੀ ਅੰਦਰਲੀ ਰੋਸ਼ਨੀ ਐ।”

“ਹਾਂ।” ਦੋਵੇਂ ਹੱਸ ਪੈਂਦੇ ਹਾਂਅੱਖਾਂ ਵਿੱਚ ਸੱਚੀ ਚਾਨਣ ਸੀ ਅੰਦਰਲੀ ਖੁਸ਼ੀ ਦਾ ਚਾਨਣ

“ਤੈਨੂੰ ਕੀ ਲੱਗਦੈ... ਐਨਾ ਕੁ ਚਾਨਣ ਕਾਫੀ ਐ?ਮੈਂ ਪੁੱਛਿਆ

“ਮੈਂ ਕਦੋਂ ਕਿਹਾ ਕਾਫੀ ਐ... ਆਪਣੇ ਆਪਣੇ ਹਿੱਸੇ ਦਾ ਚਾਨਣ ਸਾਰੇ ਕਰਨ ਆਪੇ ਕਾਫੀ ਹੋ ਜੂ।”

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਅੰਮ੍ਰਿਤ ਕੌਰ ਬਡਰੁੱਖਾਂ

ਅੰਮ੍ਰਿਤ ਕੌਰ ਬਡਰੁੱਖਾਂ

Badrukhan, Sangrur, Punjab, India.
Phone: (011 - 91 98767 -14004)
Email: (shergillamritkaur080@gmail.com)

More articles from this author