“ਤੈਨੂੰ ਕੀ ਹੋਇਆ? ਸਭ ਕੁਛ ਹੈਗਾ... ਦਾਣਿਆਂ ਦਾ ਢੋਲ ਭਰਿਆ ਪਿਆ ਐ... ”
(29 ਅਕਤੂਬਰ 2026) ਇਸ ਸਮੇਂ ਪਾਠਕ: 756.

ਕੜਕਦੀ ਬਿਜਲੀ ਨੇ ਉੱਚੇ ਲੰਮੇ ਰੁੱਖ ਦੇ ਨੇੜੇ ਹੁੰਦਿਆਂ ਆਖਿਆ, “ਦੇਖਿਆ, ਲੱਖਾਂ ਕਰੋੜਾਂ ਅੱਖਾਂ ਵਿੱਚ ਮੇਰੀਆਂ ਲਿਸ਼ਕਦੀਆਂ ਤਾਰਾਂ ਦੀਆਂ ਰੌਸ਼ਨੀਆਂ ਕਿਵੇਂ ਚਾਨਣ ਭਰਦੀਆਂ ਨੇ।”
“ਤੈਨੂੰ ਇਨ੍ਹਾਂ ਦੀਆਂ ਅੱਥਰੂਆਂ ਨਾਲ ਭਰੀਆਂ ਅੱਖਾਂ ਨਹੀਂ ਦਿਸੀਆਂ?” ਰੁੱਖ ਨੇ ਪੁੱਛਿਆ।
“ਅੱਥਰੂ ਕਿਉਂ?” ਉਹ ਚਮਕੀ।
“ਤੁਸੀਂ ਬੇਮੌਸਮੇ ਜੁ ਆਏ ਓ। ਖੇਤਾਂ ਵਿੱਚ ਕੰਮ ਕਰਨ ਵਾਲੇ ਇਨ੍ਹਾਂ ਕਿਰਤੀ ਅਤੇ ਕਿਸਾਨਾਂ ਦੀ ਮਿਹਨਤ ਰੋੜ੍ਹ ਰਹੇ ਓ।” ਰੁੱਖ ਨੇ ਉਦਾਸ ਹੁੰਦਿਆਂ ਨਰਾਜ਼ਗੀ ਪ੍ਰਗਟਾਈ।
“ਇੱਕ ਵਾਰ ਤਾਂ ਸਾਰੇ ਪਾਸੇ ਚਾਨਣ ਹੋ ਜਾਂਦਾ ਹੈ।” ਬਿਜਲੀ ਚਾਂਭਲੇ ਜਵਾਕਾਂ ਵਾਂਗ ਚੀਕੀ।
“ਹੋ ਤਾਂ ਜਾਂਦੈ... ਪਰ ਉਸ ਤੋਂ ਬਾਅਦ ਜਿਹੜਾ ਹਨੇਰਾ ਹੁੰਦੈ, ਉਸ ਤੋਂ ਬੜਾ ਡਰ ਲੱਗਦੈ।” ਰੁੱਖ ਨੇ ਗੰਭੀਰਤਾ ਨਾਲ ਆਖਿਆ।
“ਹਾਂ, ਇੱਕ ਵਾਰ ਅੱਖਾਂ ਚੁੰਧਿਆ ਜਾਂਦੀਆਂ ਨੇ ਉਸ ਤੋਂ ਬਾਅਦ ਤਾਂ ਹਨੇਰਾ ਹੋਰ ਵੀ ਸੰਘਣਾ ਲੱਗਣ ਲੱਗ ਪੈਂਦਾ ਹੋਊ।”
“ਇਸ ਤੋਂ ਵੀ ਡਰਾਉਣਾ ਹਨੇਰਾ ਜੀਹਨੂੰ ਸਿਰਫ ਕਿਰਤੀ ਕਿਸਾਨ ਈ ਦੇਖ ਸਕਦੇ ਨੇ। ਦੂਸਰਿਆਂ ਨੂੰ ਤਾਂ ਘੱਟ ਈ ਨਜ਼ਰ ਆਉਂਦੈ।”
“ਮੈਂ ਸਮਝੀ ਨਹੀਂ। ਤੂੰ ਈ ਦੱਸ ਦੇ।”
“ਉਹ ਹਨੇਰਾ ਜਿਹੜਾ ਇਨ੍ਹਾਂ ਦੀਆਂ ਆਸਾਂ ਅਤੇ ਰੀਝਾਂ ਦੇ ਦੀਵੇ ਬੁਝਣ ਨਾਲ ਹੁੰਦੈ। ਜਿਹੜੀਆਂ ਆਸਾਂ ਇਨ੍ਹਾਂ ਨੇ ਫਸਲਾਂ ’ਤੇ ਲਾਈਆਂ ਹੁੰਦੀਆਂ ਨੇ...। ਜਿਹੜੇ ਖਰਾਬ ਹੁੰਦੀਆਂ ਫਸਲਾਂ ਨੂੰ ਦੇਖ ਕੇ ਇਨ੍ਹਾਂ ਨੂੰ ਡੋਬ ਪੈਂਦੇ ਨੇ... ਤੂੰ ਕੜਕ ਕੇ ਉਨ੍ਹਾਂ ਡੋਬਾਂ ਨੂੰ ਹੋਰ ਡੂੰਘਾ ਕਰ ਦਿੰਨੀ ਐਂ।”
“ਅੱਛਾ? ਮੈਂ ਤਾਂ ਕਦੇ ਕੋਈ ਗੱਲ ਨਹੀਂ ਸੁਣੀ ਇਨ੍ਹਾਂ ਦੀ।” ਰੁੱਖ ਉਸਦੀ ਗੱਲ ਸੁਣ ਕੇ ਵਿਅੰਗਮਈ ਤਰੀਕੇ ਨਾਲ ਹੱਸਿਆ। ਫਿਰ ਬੋਲਿਆ, “ਗੱਲ ਸੁਣਨ ਲਈ ਰੁਕਣਾ ਜ਼ਰੂਰੀ ਹੁੰਦੈ, ਤੂੰ ਤਾਂ ਸਕਿੰਟ ਵੀ ਨਹੀਂ ਰੁਕਦੀ... ਪੰਜਾਂ ਗੇੜਿਆਂ ਵਿੱਚ ਤੂੰ ਇੱਕ ਗੱਲ ਵੀ ਪੂਰੀ ਨਹੀਂ ਸੁਣ ਸਕੀ।”
“ਮੇਰੇ ਰੁਕਣ ਨਾਲ ਵੀ ਇਨ੍ਹਾਂ ਦਾ ਨੁਕਸਾਨ ਈ ਹੋਣਾ ਹੁੰਦੈ।”
“ਹਾਂ, ਇਹ ਵੀ ਸਹੀ ਐ। ਜੇ ਕਿਤੇ ਮਨੁੱਖ ਤੈਨੂੰ ਸਾਂਭਣ ਦਾ ਜੁਗਾੜ ਕਰ ਲੈਣ ਫਿਰ ਬਿਜਲੀ ਦੀ ਘਾਟ ਨਹੀਂ ਰਹਿਣੀ।” ਆਖ ਕੇ ਰੁੱਖ ਚੁੱਪ ਕਰ ਗਿਆ।
ਹਵਾ ਐਨੀ ਤੇਜ਼ ਚੱਲ ਰਹੀ ਸੀ ਕਿ ਰੁੱਖਾਂ ਦੀਆਂ ਟਾਹਣੀਆਂ ਦੂਹਰੀਆਂ ਹੋ ਰਹੀਆਂ ਸਨ। ਬੱਦਲਾਂ ਦੀ ਗਰਜ ਕਿਸਾਨਾਂ ਦੇ ਸਾਹ ਸੂਤ ਰਹੀ ਸੀ। ਬਿਜਲੀ ਵਾਰ-ਵਾਰ ਚਮਕ ਰਹੀ ਸੀ। ਉਹ ਵੀ ਜਿਵੇਂ ਮਨੁੱਖੀ ਚਿਹਰਿਆਂ ਦੀਆਂ ਚਿੰਤਾਵਾਂ ਦੀਆਂ ਲਕੀਰਾਂ ਦੇਖਣਾ ਚਾਹੁੰਦੀ ਹੋਵੇ। ਚਿੰਤਾ ਵਿੱਚ ਡੁੱਬਿਆ ਸਾਧੂ ਸਿੰਘ ਆਪਣੇ ਖੇਤ ਦੀ ਵੱਟ ’ਤੇ ਖੜ੍ਹਾ ਸੀ। ਨੰਬਰਦਾਰਾਂ ਦੇ ਗੁਲਜ਼ਾਰ ਨੇ ਆਪਣੇ ਖੇਤੋਂ ਪਰਤਦਿਆਂ ਸਾਧੂ ਸਿੰਘ ਦੇ ਕੋਲ ਜਾ ਕੇ ਬਿਨਾਂ ਮੋਟਰਸਾਈਕਲ ਰੋਕਿਆਂ ਹਾਲ ਚਾਲ ਪੁੱਛਿਆ। ਸਾਧੂ ਸਿੰਘ ਨੇ... ਸਭ ਵਧੀਆ ਆਖਿਆ ਅਤੇ ਗੁਲਜ਼ਾਰ ਅੱਗੇ ਲੰਘ ਗਿਆ।
ਸਾਧੂ ਸਿੰਘ ਦੀਆਂ ਅੱਖਾਂ ਕਦੇ ਫਸਲ ਵਲ ਦੇਖਦੀਆਂ ਸਨ, ਕਦੇ ਅਸਮਾਨ ਵੱਲ। ਗੁਆਂਢੀ ਕਿਸਾਨ ਨਾਹਰ ਸਿੰਘ ਵੀ ਬਿਨਾਂ ਬੋਲਿਆਂ ਸਾਧੂ ਸਿੰਘ ਦੇ ਕੋਲ ਆ ਕੇ ਵੱਟ ’ਤੇ ਬੈਠ ਗਿਆ।
“ਆਪਣੇ ਵਰਗੇ ਕਿਸਾਨਾਂ ਦੀ ਜ਼ਿੰਦਗੀ ਵੀ ਦਿਹਾੜੀਦਾਰਾਂ ਵਰਗੀ ਹੁੰਦੀ ਐ ਸਾਧੂ ਸਿਆਂ।”
“ਨਹੀਂ ਬਾਈ... ਦਿਹਾੜੀਦਾਰਾਂ ਤੋਂ ਵੀ ਮਾੜੀ ਹੁੰਦੀ ਐ। ਉਨ੍ਹਾਂ ਨੂੰ ਤਾਂ ਕੰਮ ਦੇ ਪੈਸੇ ਮਿਲ ਜਾਂਦੇ ਨੇ, ਆਪਾਂ ਨੂੰ ਤਾਂ ਛੇ ਮਹੀਨੇ ਮਿਹਨਤ ਕਰ ਕੇ ਵੀ ਪਤਾ ਨਹੀਂ ਹੁੰਦਾ ਪੱਲੇ ਕੁਛ ਪੈਣਾ ਵੀ ਐ ਕਿ ਨਹੀਂ।”
“ਹੂੰ... ਗੱਲ ਤਾਂ ਤੇਰੀ ਠੀਕ ਐ।” ਨਾਹਰ ਸਿੰਘ ਨੇ ਲੰਬਾ ਸਾਰਾ ਸਾਹ ਖਿੱਚਦਿਆਂ ਹਾਮੀ ਭਰੀ।
“ਹੁਣ ਆਹ ਡਾਢੇ ਦਾ ਨਹੀਂ ਪਤਾ ਲਗਦਾ ਕਿੰਨੀ ਕੁ ਮਾਰ ਕਰੂ?” ਸਾਧੂ ਸਿੰਘ ਅਸਮਾਨ ਵੱਲ ਤੱਕਦਿਆਂ ਬੋਲਿਆ।
“ਆਹੋ, ਕਿਸੇ ਹੋਰ ਪਾਸੇ ਤਾਂ ਕਹਿੰਦੇ ਨੇ ਬਹੁਤ ਗੜੇ ਪਏ ਨੇ... ਬੱਲੀਆਂ ਝਾੜ ’ਤੀਆਂ। ਐਂ ਖੇਤਾਂ ਵਿੱਚ ਗੜਿਆਂ ਦੇ ਢੇਰ ਲੱਗੇ ਪਏ ਨੇ, ਜਿਵੇਂ ਵਿਛਾਉਣਾ ਵਿਛਾਇਆ ਹੁੰਦੈ। ਮੰਡੀਆਂ ਵਿੱਚ ਦਾਣਿਆਂ ਦੇ ਬੋਹਲ ਪਾਣੀ ਵਿੱਚ ਡੁੱਬੇ ਪਏ ਐ।” ਨਾਹਰ ਸਿੰਘ ਨੂੰ ਜਵਾਕਾਂ ਨੇ ਮੋਬਾਇਲ ’ਤੇ ਜੋ ਦਿਖਾਇਆ ਸੀ, ਉਸਨੇ ਆਖ ਦਿੱਤਾ।
“ਜਿਹੜੇ ਹਿਸਾਬ ਨਾਲ ਚੜ੍ਹਿਆ ਆ ਰਿਹਾ... ਐਂ ਲੱਗਦੈ ਮਾਰ ਤਾਂ ਆਪਾਂ ਨੂੰ ਵੀ ਤਕੜੀ ਮਾਰੂ।” ਸਾਧੂ ਸਿੰਘ ਨੇ ਅਸਮਾਨ ਵੱਲ ਤੱਕਦਿਆਂ ਆਖਿਆ।
ਮੋਟੀ-ਮੋਟੀ ਕਣੀ ਵੀ ਡਿੱਗਣੀ ਸ਼ੁਰੂ ਹੋ ਚੁੱਕੀ ਸੀ।
“ਕੀ ਪਤੈ ਲੰਘ ਜੇ... ਹਵਾ ਵੀ ਤੇਜ਼ ਐ... ਉਡਾ ਕੇ ਲੈ ਜੇ ਬੱਦਲਾਂ ਨੂੰ।” ਨਾਹਰ ਸਿੰਘ ਆਸ ਦਾ ਦੀਵਾ ਬੁੱਝਣ ਨਹੀਂ ਸੀ ਦੇਣਾ ਚਾਹੁੰਦਾ।
“ਮੀਂਹ ਦੇ ਨਾਲ ਹਵਾ ਵੱਧ ਮਾਰ ਕਰੂ... ਵਿਛਾ ਕੇ ਰੱਖ ਦੂ ਸਾਰੀ ਫਸਲ ਨੂੰ।” ਸਾਧੂ ਸਿੰਘ ਦੇ ਅੰਦਰਲਾ ਡਰ ਬੋਲ ਰਿਹਾ ਸੀ।
“ਦੇਖ ਲੈ ਸਾਧੂ ਸਿਆਂ, ਸਾਰੇ ਕਿੱਤਿਆਂ ਆਲੇ ਆਪਣੀ ਕਮਾਈ ਸਾਂਭ ਕੇ ਲੁਕੋ-ਲੁਕੋ ਕੇ ਰੱਖਦੇ ਨੇ...।” ਆਖ ਕੇ ਉਹ ਚੁੱਪ ਹੋ ਗਿਆ।
“ਆਹੋ, ਆਪਾਂ ਈ ਆਂ ਜਿਹੜੇ ਆਪਣੀ ਕਮਾਈ ਨੂੰ ਲੁਕੋ ਕੇ ਨਹੀਂ ਰੱਖ ਸਕਦੇ। ਅੱਖਾਂ ਸਾਹਮਣੇ ਖੜ੍ਹੀ ਫਸਲ ’ਤੇ ਮਾਰ ਪੈ ਜਾਂਦੀ ਐ। ਜੇ ਇੱਥੇ ਬਚ’ਗੇ... ਇਹ ਨਹੀਂ ਪਤਾ ਫਿਰ ਮੰਡੀਆਂ ਵਿੱਚ ਰੁਲੀਏ। ਬਿਗਾਨੇ ਆਪਣੀ ਫਸਲ ਦਾ ਰੇਟ ਦੱਸਦੇ ਨੇ। ਆਪਾਂ ਅਗਲੇ ਦੇ ਮੂੰਹ ਕੰਨੀਂ ਝਾਕਦੇ ਰਹਿ ਜਾਨੇ ਆਂ।” ਸਾਧੂ ਨੇ ਨਾਹਰ ਸਿੰਘ ਦੀ ਅੱਧ ਵਿਚਾਲੇ ਛੱਡੀ ਗੱਲ ਪੂਰੀ ਕਰਨ ਦੀ ਕੋਸ਼ਿਸ਼ ਕੀਤੀ।
“ਜੇ ਕਿਤੇ ਬੇਰੁੱਤਾ ਮੀਂਹ ਨਾ ਪਵੇ, ਸਰਕਾਰਾਂ ਫਸਲਾਂ ਦੇ ਸਹੀ ਮੁੱਲ ਦੇ ਦੇਣ ਫਿਰ ਨਹੀਂ ਮਾਰ ਖਾਂਦੇ ਆਪਾਂ।” ਸਾਧੂ ਸਿੰਘ ਨਿੰਮੋਝੂਣਾ ਜਿਹਾ ਹੋ ਕੇ ਬੋਲਿਆ।
“ਹੁਣ ਨਹੀਂ ਪੂਰਾ ਪੈਂਦਾ ਖੇਤੀ ਨਾਲ... ਆਪਾਂ ਤਾਂ ਔਖੇ ਸੌਖੇ ਗੁਜ਼ਾਰਾ ਕਰ ਲਿਆ... ਹੁਣ ਦੇ ਜਵਾਕ ਨਹੀਂ ਕਰ ਸਕਦੇ। ਹੁਣ ਤਾਂ ਇੱਕ ਮੁਬੈਲ ਲੈਣ ਖਾਤਰ ਆਪਣੇ ਸਮੇਂ ਦੇ ਵਿਆਹ ਜਿੰਨਾ ਖਰਚਾ ਹੋ ਜਾਂਦਾ ਐ। ਹੋਰ ਤਾਂ ਗੱਲਾਂ ਛੱਡੋ ...ਜਵਾਕ ਵੀ ਮਾਪਿਆਂ ਦੇ ਗਲ ’ਚ ਗੂਠਾ ਦੇ ਕੇ ਲੈ ਲੈਂਦੇ ਨੇ ਮਰਜ਼ੀ ਦਾ ਸਮਾਨ। ਕਿਸੇ ਨੂੰ ਮੋਟਰਸਾਈਕਲ ਚਾਹੀਦੈ, ਕਿਸੇ ਨੂੰ ਮਹਿੰਗਾ ਮੁਬੈਲ।” ਨਾਹਰ ਸਿੰਘ ਅੰਦਰ ਬਹੁਤੇ ਮਾਪਿਆਂ ਦਾ ਸੱਚ ਬੋਲ ਰਿਹਾ ਸੀ।
“ਹੁਣ ਤਾਂ ਵਿਆਹ ਵੀ ਕਈ-ਕਈ ਹੋਣ ਲੱਗ ’ਗੇ। ਵਿਆਹ ਤੋਂ ਪਹਿਲਾਂ ਮੰਗਣਾ, ਫਿਰ ਕੱਚਾ ਵਿਆਹ, ਕਾਗਜ਼ੀ ਵਿਆਹ, ਫਿਰ ਪੱਕਾ ਵਿਆਹ।” ਸਾਧੂ ਸਿੰਘ ਬੋਲਿਆ।
“ਇੱਕ ਹੋਰ ਈ ਰਵਾਜ ਚਲਾ ਲਿਆ... ਵਿਆਹ ਆਲੇ ਦਿਨ ਵਿਆਹ ਤੋਂ ਪਹਿਲਾਂ ਬਣਾਈ ਕੁੜੀ ਮੁੰਡੇ ਦੀ ਫਿਲਮ ਚੱਲ ਪੈਂਦੀ ਐ... ਕਈ ਤਾਂ ਸਿੱਧੀ-ਪੱਧਰੀ ਬਣਾ ਲੈਂਦੇ ਨੇ ਪਰ ਕਈ ਤਾਂ ਦੇਖਣੀਆਂ ਔਖੀਆਂ ਹੋ ਜਾਂਦੀਆਂ ਨੇ... ਦੇਖ ਕੇ ਮੁੰਡੇ ਆਲੇ ਕੂਕਾਂ ਮਾਰਦੇ ਨੇ... ਕੁੜੀ ਆਲੇ ਸ਼ਰਮ ਨਾਲ ਪਾਣੀ-ਪਾਣੀ ਹੋਏ ਉੱਠ ਕੇ ਇੱਧਰ-ਉੱਧਰ ਤੁਰ ਜਾਂਦੇ ਨੇ।” ਥੋੜ੍ਹੇ ਦਿਨ ਪਹਿਲਾਂ ਵੇਖੇ ਵਿਆਹ ਦੇ ਅਧਾਰ ’ਤੇ ਨਾਹਰ ਸਿੰਘ ਆਖ ਰਿਹਾ ਸੀ।
“ਅਮੀਰਾਂ ਦੇ ਚੋਚਲੇ ਨੇ ਸਾਰੇ... ਚੱਲ, ਜਿਨ੍ਹਾਂ ਵਿੱਚ ਪੁੱਜਤ ਹੈਗੀ ਐ ਕਰਨ ਦੀ, ਬਸ਼ੱਕ ਕਰੀ ਜਾਣ ਪਰ ਕਰਨ ਮਰਯਾਦਾ ਵਿੱਚ ਰਹਿ ਕੇ... ਰੀਸੋ-ਰੀਸੀ ਆਪਣੇ ਵਰਗੇ ਮਾਰੇ ਜਾਂਦੇ ਨੇ... ਖੈਰ... ਮੇਰੇ ਤਾਂ ਅਜੇ ਛੋਟੇ ਨੇ ਦਸ ਬਾਰਾਂ ਸਾਲ ਨੂੰ ਵਿਆਹੁਣ ਜੋਗੇ ਹੋਣਗੇ। ਉਦੋਂ ਨੂੰ ਪਤਾ ਨਹੀਂ ਕਿਹੜੇ ਰਾਜੇ ਦੀ ਪਰਜਾ ਹੋਊ।” ਸਾਧੂ ਸਿੰਘ ਨੇ ਮਨ ਆਈ ਆਖ ਸੁਣਾਈ।
“ਮੇਰਾ ਮੁੰਡਾ ਤਾਂ ਕਹਿਣ ਲੱਗ ਗਿਆ... ਮੇਰਾ ਬਾਹਰ ਦਾ ਕਰ ਕੁਸ਼... ਮੈਂ ਤਾਂ ਆਖ ’ਤਾ... ਆਹੀ ਚਾਰ ਖੁੱਡ ਨੇ ਮੇਰੇ ਕੋਲ ਤਾਂ, ਜੇ ਵੇਚੇਂਗਾ ਤਾਂ ਵੀ ਤੇਰੇ ਈ ਜਾਣੇ ਨੇ ਜੇ ਨਹੀਂ ਵੇਚੇਂਗਾ ਤਾਂ ਵੀ ਤੇਰੇ ਈ ਰਹਿਣੇ ਨੇ।” ਨਾਹਰ ਸਿੰਘ ਨੇ ਦਿਲ ਦੀ ਗੱਲ ਦੱਸੀ।
“ਕਿਹੜਾ ਥੋੜ੍ਹੇ-ਘਣੇ ਲਗਦੇ ਨੇ, ਬਈ ਅਗਲਾ ਕਿਸੇ ਤੋਂ ਫੜ ਕੇ ਲਾ ਦੇਊ... ਬਾਹਰਲੇ ਦੇਸ਼ਾਂ ਆਲੇ ਤਾਂ ਹੁਣ ਆਪ ਔਖੇ ਹੋਏ ਪਏ ਨੇ। ਮੁਬੈਲਾਂ’ ਤੇ ਦੱਸਦੇ ਨੇ... ਕਹਿੰਦੇ ਕੰਮਕਾਰ ਨਹੀਂ ਮਿਲਦਾ ਚੱਜ ਦਾ।” ਸਾਧੂ ਸਿੰਘ ਨੇ ਸੁਣੀ ਸੁਣਾਈ ਗੱਲ ਆਖੀ।
“ਇੱਥੇ ਤਾਂ ਨਸ਼ੇ ਅਤੇ ਮਾਰ-ਧਾੜ ਨਹੀਂ ਸੰਭਲ ਰਹੇ ਸਰਕਾਰਾਂ ਤੋਂ। ਮਾਪੇ ਡਰਦੇ ਆਪਣੇ ਨਿਆਣਿਆਂ ਨੂੰ ਬਾਹਰ ਭੇਜ ਰਹੇ ਨੇ। ਜੇ ਕਿਤੇ ਐਧਰਲੇ ਪਾਸੇ ਸਰਕਾਰ ਕਾਬੂ ਪਾ ਲਵੇ, ਲੋਕ ਆਪਣੇ ਨਿਆਣਿਆਂ ਨੂੰ ਬਾਹਰ ਭੇਜਣੋ ਹਟ ਜਾਣ।” ਨਾਹਰ ਸਿੰਘ ਨੇ ਕੌੜਾ ਸੱਚ ਆਖ ਦਿੱਤਾ।
ਗੱਲਾਂ ਕਰਦਿਆਂ ਕਣੀਆਂ ਤੇਜ਼ ਹੋ ਗਈਆਂ। ਕੱਪੜੇ ਉਨ੍ਹਾਂ ਦੇ ਪਹਿਲਾਂ ਈ ਅੱਧ-ਭਿੱਜੇ ਹੋਏ ਪਏ ਸਨ।
“ਲੈ ਬਈ ਹੁਣ ਤਾਂ ਮੋਟਰ ਆਲੇ ਕੋਠੇ ਵਿੱਚ ਜਾਣਾ ਪਊ।”
“ਨਹੀਂ... ਘਰੇ ਚਲਦੇ ਆਂ ਇੱਥੇ ਰਹਿ ਕੇ ਕਿਹੜਾ ਆਪਾਂ ਖੇਤਾਂ ’ਤੇ ਛਤਰੀ ਤਾਣ ਦਿਆਂਗੇ। ਐਵੇਂ ਦੇਖ-ਦੇਖ ਚਿੱਤ ਖਰਾਬ ਹੋਊ।” ਬਿਜਲੀ ਜ਼ੋਰ ਦੀ ਕੜਕੀ। ਮੀਂਹ ਤੇਜ਼ ਹੋ ਗਿਆ ਨਾਹਰ ਸਿਉਂ ਨੇ ਚੁੰਨ੍ਹੀਆਂ ਜਿਹੀਆਂ ਅੱਖਾਂ ਕਰ ਕੇ ਉੱਪਰ ਨੂੰ ਦੇਖਿਆ। “ਤੂੰ ਵੀ ਲੈ ਲੈ ਬਦਲੇ... ਜਿਹੜੇ ਲੈਣੇ ਨੇ।” ਆਖਦਿਆਂ ਉਸਨੇ ਧੌਣ ਝੁਕਾ ਲਈ।
ਮੂਹਰੋਂ ਪੈਂਦੇ ਮੀਂਹ ਦੇ ਛਰਾਟੇ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਭਿਉਂ ਦਿੱਤਾ। ਦੋਵੇਂ ਚੁੱਪ ਸਨ। ਹੁਣ ਉਹ ਆਪਣੇ ਆਪ ਨੂੰ ਤੇਜ਼ ਬਾਰਿਸ਼ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਕਦੇ ਭੱਜਦੇ, ਫਿਰ ਤਿਲ੍ਹਕਣ ਦੇ ਡਰੋਂ ਹੌਲੀ ਹੋ ਜਾਂਦੇ।
“ਸਾਧੂ ਸਿਆਂ, ਬੱਸ ਅੱਡੇ ਆਲੇ ਬਰਾਂਡੇ ਵਿੱਚ ਖੜ੍ਹ ਜਾਨੇ ਆਂ।”
“ਹੁਣ ਤਾਂ ਭਿੱਜਗੇ ਸਾਰੇ ਕੱਪੜੇ... ਹੁਣ ਰਸਤੇ ਵਿੱਚ ਖੜ੍ਹਨ ਦਾ ਕੋਈ ਫਾਇਦਾ ਨ੍ਹੀਂ।” ਸਾਧੂ ਨੇ ਸਲਾਹ ਦਿੱਤੀ।
ਦੋਵੇਂ ਪੂਰੀ ਤਰ੍ਹਾਂ ਭਿੱਜ ਚੁੱਕੇ ਸਨ। ਆਪਣੇ-ਆਪਣੇ ਘਰ ਚਲੇ ਗਏ। ਮੋਹਰੇ ਸਾਧੂ ਸਿੰਘ ਦੇ ਘਰਵਾਲੀ ਬਰਾਂਡੇ ਵਿੱਚ ਹੱਥ ਜੋੜੀ ਖੜ੍ਹੀ ਸੀ। ਦੋਵੇਂ ਮੱਝਾਂ ਅਤੇ ਕੱਟੀਆਂ ਬਰਾਂਡੇ ਵਿੱਚ ਬੰਨ੍ਹੀਆਂ ਹੋਈਆਂ ਸਨ।
“ਤੂੰ ਇੱਥੇ ਖੜ੍ਹੀ ਕੀ ਕਰਦੀ ਐਂ?” ਸਾਧੂ ਸਿੰਘ ਨੇ ਪੁੱਛਿਆ।
“ਮੈਸ੍ਹਾਂ ਬਰਾਂਡੇ ਵਿੱਚ ਕਰੀਆਂ ਨੇ... ਮੈਨੂੰ ਲੱਗਦੈ ਐਤਕੀਂ ਫਿਰ ਮਾਰੂ ਆਪਾਂ ਨੂੰ।” ਪ੍ਰੀਤਮ ਕੌਰ ਦੇ ਅੰਦਰਲਾ ਡਰ ਬੋਲਿਆ।
“ਆਪਾਂ ਤਾਂ ਕੁਛ ਨਹੀਂ ਕਰ ਸਕਦੇ... ਆਪਣਾ ਕੀ ਜ਼ੋਰ ਐ ਡਾਢੇ ਮੋਹਰੇ।”
“ਪਰ ਇਹ ਭੁੱਖੇ ਵੀ ਨਹੀਂ ਮਰਨ ਦਿੰਦਾ। ਮੇਰੀ ਬੇਬੇ ਆਖਦੀ ਹੁੰਦੀ ਐ... ਪਹਿਲਾਂ ਇਹ ਕਰਦੈ, ਫਿਰ ਖੋ ਦਿੰਦੈ, ਖੋ ਕੇ ਫਿਰ ਕਰ ਦਿੰਦੈ... ਜਾਣੀ ਕਿ ਪਹਿਲਾਂ ਫਸਲ ਵਧੀਆ ਹੋ ਜਾਂਦੀ ਐ, ਫਿਰ ਕੁਦਰਤ ਦੀ ਮਾਰ ਪੈ ਜਾਂਦੀ ਐ ਉਸ ਤੋਂ ਬਾਅਦ ਵੀ ਕੋਈ ਨਾ ਕੋਈ ਹੀਲਾ-ਵਸੀਲਾ ਹੋ ਜਾਂਦਾ ਹੈ।”
“ਆਹੋ... ਇਹੀ ਧਰਵਾਸ ਦੇਣਾ ਪਊ ਹੁਣ ਤਾਂ।” ਸਾਧੂ ਸਿੰਘ ਬੋਲਿਆ। ਬਿਜਲੀ ਜ਼ੋਰ ਦੀ ਚਮਕੀ। ਚਮਕ ਐਨੀ ਸੀ ਕਿ ਕੁਝ ਸਮੇਂ ਲਈ ਤਾਂ ਅੱਖਾਂ ਮੋਹਰੇ ਹਨੇਰਾ ਛਾ ਗਿਆ। ਚਮਕ ਤੋਂ ਬਾਅਦ ਜਿਹੜੀ ਗਰਜਣ ਦੀ ਅਵਾਜ਼ ਸੀ ਉਹ ਕਿਸਾਨ ਦੇ ਅੰਦਰ ਪੈਂਦੇ ਹੌਲ ਨੂੰ ਹੋਰ ਵੀ ਗਹਿਰਾ ਕਰ ਰਹੀ ਸੀ। ਚਿੰਤਾ ਦੇ ਨਾਲ ਉਨ੍ਹਾਂ ਦੇ ਚਿਹਰਿਆਂ ’ਤੇ ਡਰ ਦੀ ਪਰਛਾਈ ਵੀ ਸਾਫ ਦਿਸਣ ਲੱਗ ਪਈ।
“ਮੈਨੂੰ ਲੱਗਦੈ ਆਪਾਂ ਨੂੰ ਤਾਂ ਠੇਕੇ ਆਲੀ ਜ਼ਮੀਨ ਮਾਰੂ।” ਸਾਧੂ ਸਿੰਘ ਦੀ ਚਿੰਤਾ ਗਹਿਰੀ ਹੁੰਦੀ ਜਾ ਰਹੀ ਸੀ।
“ਤੂੰ ਕਿਹੜਾ ਸੁਣਦੈਂ ਕਿਸੇ ਦੀ... ਕਿੰਨੀ ਵਾਰ ਆਖਿਆ ਬਈ ਰਹਿਣ ਦੇ, ਨਾ ਲੈ ਪੰਗੇ। ਹੁਣ ਆਪਣੀਆਂ ਲੋੜਾਂ ਘਟਾ ਲਵਾਂਗੇ ਪਰ ਠੇਕਾ ਤਾਂ ਦੇਣਾ ਪਊ ਅਗਲਿਆਂ ਦਾ।” ਪ੍ਰਿਤਮ ਕੌਰ ਰੋਸ ਭਰੀ ਚਿੰਤਾ ਨਾਲ ਬੋਲੀ।
“ਓਏ... ਆਪਣੇ ਦੋ ਢਾਈ ਕਿੱਲਿਆਂ ਨਾਲ ਕੀ ਬਣਦੈ... ਨਾਲ ਲਗਦੀ ਐ, ਐਸ ਕਰਕੇ ਲੈ ਲੈਨਾਂ। ਜਦੋਂ ਨੂੰ ਕੁੜੀ ਵਿਆਹੁਣ ਆਲੀ ਹੋਊ, ਉਦੋਂ ਤਕ ਚਾਰ ਪੈਸੇ ਕੋਲ ਹੋ ਜਾਣਗੇ।”
ਦੋਵੇਂ ਚੁੱਪ ਕਰ ਗਏ। ਸਾਧੂ ਸਿੰਘ ਨੂੰ ਵੀ ਪਤਾ ਸੀ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਕਦੇ ਵੀ ਪੈਸਾ ਨਹੀਂ ਜੁੜਦਾ ਹੁੰਦਾ। ਉਸਦੀ ਪਤਨੀ ਨੂੰ ਵੀ ਪਤਾ ਸੀ। ਆਈ ਚਲਾਈ ਚੱਲੀ ਜਾਵੇ, ਇਹ ਵੀ ਵੱਡੀ ਗੱਲ ਹੁੰਦੀ ਹੈ।
ਦੋਵੇਂ ਅੰਦਰ ਚਲੇ ਗਏ। ਦੋਵੇਂ ਜਵਾਕ ਸਕੂਲੋਂ ਮਿਲਿਆ ਕੰਮ ਕਰ ਰਹੇ ਸਨ। ਅਸਮਾਨੀ ਬਿਜਲੀ ਜ਼ੋਰ ਦੀ ਕੜਕੀ ਅਤੇ ਹੇਠਲੀ ਬਿਜਲੀ ਬੰਦ ਹੋ ਗਈ। ਕੁੜੀ ਨੇ ਆਪਣੀਆਂ ਅਤੇ ਨਿੱਕੇ ਭਰਾ ਦੀਆਂ ਕਿਤਾਬਾਂ ਕਾਪੀਆਂ ਸੰਭਾਲ ਕੇ ਰੱਖ ਦਿੱਤੀਆਂ। ਮੀਂਹ ਹੋਰ ਵੀ ਤੇਜ਼ ਹੋ ਗਿਆ। ਗੜੇ ਡਿਗਣ ਲੱਗੇ, ਟੀਨ ਦੀ ਛੱਤ ਖੜਕਣ ਲੱਗੀ। ਜਿਉਂ ਜਿਉਂ ਗੜੇ ਵਰ੍ਹ ਰਹੇ ਸਨ, ਉਨ੍ਹਾਂ ਦੀਆਂ ਸੱਧਰਾਂ ਦਮ ਤੋੜ ਰਹੀਆਂ ਸਨ। ਇਸ ਮੀਂਹ ਅਤੇ ਗੜੇਮਾਰੀ ਵਿੱਚ ਉਨ੍ਹਾਂ ਦੀਆਂ ਜ਼ਰੂਰੀ ਵਸਤਾਂ ਵੀ ਰੁੜ੍ਹ ਰਹੀਆਂ ਸਨ। ਸਾਧੂ ਸਿੰਘ ਦੀ ਪਤਨੀ, ਪ੍ਰੀਤਮ ਕੌਰ ਨੇ ਕਦੇ ਸੂਟ ਨਾਲ ਦੀ ਚੁੰਨੀ ਲੈ ਕੇ ਨਹੀਂ ਵੇਖੀ। ਇੱਕੋ ਚੁੰਨੀ ਸਾਰੇ ਸੂਟਾਂ ਨਾਲ ਲਈ ਰੱਖਦੀ। ਹਰ ਸਾਲ ਉਹ ਦੋਵੇਂ ਪਤੀ ਪਤਨੀ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਆਪਣੀਆਂ ਬਹੁਤ ਸਾਰੀਆਂ ਲੋੜਾਂ ’ਤੇ ਕਾਟਾ ਮਾਰ ਦਿੰਦੇ ਸਨ।
ਸ਼ਾਮ ਹੋ ਚੁੱਕੀ ਸੀ। ਸਾਧੂ ਸਿੰਘ ਨੇ ਆਲੇ-ਦੁਆਲੇ ਨਿਗਾਹ ਮਾਰਦਿਆਂ ਆਖਿਆ, “ਰੋਟੀ ਨੀ ਪਕਾਉਣੀ ਅੱਜ?”
“ਭੁੱਖ ਤਾਂ ਹੈ ਨ੍ਹੀਂ...।” ਉਹ ਬੋਲੀ।
“ਭੁੱਖ ਤਾਂ ਮੈਨੂੰ ਵੀ ਨ੍ਹੀਂ... ਜਵਾਕਾਂ ਵਾਸਤੇ ਤਾਂ ਬਣਾ ਦੇ।” ਉਸ ਆਖਿਆ।
ਪ੍ਰੀਤਮ ਕੌਰ ਝਲਾਨੀ (ਰਸੋਈ) ਵਿੱਚ ਗਈ। ਛੱਤ ਤ੍ਰਿਪ ਤ੍ਰਿਪ ਚੋਅ ਰਹੀ ਸੀ। ਥਾਂ-ਥਾਂ ’ਤੇ ਗੂੜ੍ਹੇ ਦਾਖੀ ਰੰਗ ਦੇ ਪਾਣੀ ਦੀਆਂ ਨਿੱਕੀਆਂ-ਨਿੱਕੀਆਂ ਖੁੱਤੀਆਂ ਬਣੀਆਂ ਪਈਆਂ ਸਨ। ਅਜਿਹੀ ਕੋਈ ਥਾਂ ਨਹੀਂ ਸੀ ਜਿੱਥੇ ਬਹਿ ਕੇ ਜਾਂ ਖੜ੍ਹ ਕੇ ਰੋਟੀ ਪਕਾਈ ਜਾ ਸਕੇ। ਉਸਨੇ ਖੂੰਜੇ ਵਿੱਚ ਢਕ ਕੇ ਰੱਖਿਆ ਰੋਟੀਆਂ ਵਾਲਾ ਡੱਬਾ ਖੋਲ੍ਹ ਕੇ ਦੇਖਿਆ। ਖਾਸੀਆਂ ਰੋਟੀਆਂ ਪਈਆਂ ਸਨ। ਦੁਪਹਿਰ ਵੇਲੇ ਅੱਜ ਕਿਸੇ ਨੇ ਚੱਜ ਨਾਲ ਰੋਟੀ ਨਹੀਂ ਸੀ ਖਾਧੀ।
“ਮਾਂ, ਮੇਰੀ ਸਹੇਲੀ ਆਖ ਰਹੀ ਸੀ ਜਦੋਂ ਇਸ ਤਰ੍ਹਾਂ ਦਾ ਮੌਸਮ ਹੋਵੇ ਤਾਂ ਉਸਦੀ ਮੰਮੀ ਉਨ੍ਹਾਂ ਨੂੰ ਪਕੌੜੇ ਬਣਾ ਕੇ ਖਵਾਉਂਦੀ ਐ।” ਮਾਂ ਦੇ ਪਿੱਛੇ ਤੌਲੀਏ ਨਾਲ ਸਿਰ ਢਕੀ ਖੜ੍ਹੀ ਕੁੜੀ ਨੇ ਆਖਿਆ।
ਮਾਂ ਨੂੰ ਕੁੜੀ ’ਤੇ ਗੁੱਸਾ ਤਾਂ ਆਇਆ ਪਰ ਸਹਿਜ ਹੋ ਕੇ ਪੁੱਛਿਆ, “ਉਨ੍ਹਾਂ ਦਾ ਕੰਮਕਾਜ ਕੀ ਐ?”
“ਮੈਨੂੰ ਲੱਗਦੈ, ਉਨ੍ਹਾਂ ਦੀਆਂ ਦੁਕਾਨਾਂ ਨੇ ਸ਼ਹਿਰ ਵਿੱਚ।” ਕੁੜੀ ਨੇ ਦੱਸਿਆ।
“ਪੁੱਤ... ਖੇਤੀ ਕਰਨ ਵਾਲਿਆਂ ਦੀ ਤਾਂ ਰੋਟੀ ਛੁੱਟ ਜਾਂਦੀ ਐ ਪਕੌੜੇ ਕਿੱਥੋਂ ਬਣਾਉਣੇ ਤੇ ਖਾਣੇ ਨੇ... ਆਪਣੀ ਝਲਾਨੀ ਦੀ ਹਾਲਤ ਦੇਖ... ਆਪਣੇ ਖੇਤਾਂ ਦੀ ਹਾਲਤ ਦੇਖ।” ਮਾਂ ਦੀ ਗੱਲ ਸੁਣ ਕੇ ਕੁੜੀ ਚੁੱਪ ਕਰਕੇ ਅੰਦਰ ਚਲੀ ਗਈ। ਪ੍ਰੀਤਮ ਕੌਰ ਨੇ ਝਲਾਨੀ ਦੇ ਇੱਕ ਖੂੰਜੇ ਵਿੱਚ ਗੈਸ ਚੁੱਲ੍ਹੇ ’ਤੇ ਤਵਾ ਰੱਖ ਦਿੱਤਾ। ਰੋਟੀਆਂ ਸੇਕ ਕੇ ਘਿਉ ਨਾਲ ਚੋਪੜ ਕੇ ਲੂਣ ਮਿਰਚ ਭੁੱਕ ਦਿੱਤਾ। ਕੁੜੀ ਨੂੰ ਅਵਾਜ਼ ਮਾਰ ਦਿੱਤੀ। ਸਾਰਾ ਸਮਾਨ ਅੰਦਰ ਲੈ ਗਏ।
“ਆ ਜਾ, ਤੂੰ ਵੀ ਖਾ ਲੈ ਇੱਕ ਅੱਧੀ ਰੋਟੀ।” ਪ੍ਰੀਤਮ ਕੌਰ ਨੇ ਸਾਧੂ ਸਿੰਘ ਨੂੰ ਕਿਹਾ।
“ਤੈਨੂੰ ਆਖਿਆ ਤਾਂ ਹੈ ਸੀ ਮੈਨੂੰ ਭੁੱਖ ਨਹੀਂ।” ਸਾਧੂ ਸਿੰਘ ਨੇ ਜਵਾਬ ਦਿੱਤਾ।
“ਨਹੀਂ ਵੀ ਭੁੱਖ... ਤਾਂ ਵੀ ਖਾ ਲੈ ਥੋੜ੍ਹੀ ਜਿਹੀ... ਭੁੱਖੇ ਰਹਿ ਕੇ ਕਿਹੜਾ ਫਸਲ ਠੀਕ ਹੋ ਜੂ।” ਆਖਦਿਆਂ ਪ੍ਰੀਤਮ ਕੌਰ ਨੇ ਰੋਟੀਆਂ ਸਾਰਿਆਂ ਨੂੰ ਹੱਥਾਂ ’ਤੇ ਹੀ ਫੜਾ ਦਿੱਤੀਆਂ। ਉਹ ਗੋਲ-ਗੋਲ ਕਰਕੇ ਰੋਟੀਆਂ ਖਾਣ ਲੱਗੇ। ਕੁੜੀ ਨੇ ਮਾਂ ਦੇ ਚਿਹਰੇ ਵੱਲ ਦੇਖਿਆ ਅਤੇ ਮਾਂ ਦੇ ਕੰਨ ਕੋਲ ਮੂੰਹ ਕਰਕੇ ਆਖਿਆ, “ਮਾਂ, ਇਹ ਤਾਂ ਪਕੌੜਿਆਂ ਤੋਂ ਵੀ ਵੱਧ ਸੁਆਦ ਨੇ।”
ਸੁਣ ਕੇ ਮਾਂ ਫਿੱਕਾ ਜਿਹਾ ਮੁਸਕਰਾਈ। ਬੱਚੇ ਸੁਆਦ ਨਾਲ ਰੋਟੀਆਂ ਖਾ ਰਹੇ ਸਨ।
“ਲਿਆ... ਇੱਕ ਹੋਰ ਫੜਾ ਦੇ ਹੁਣ।” ਸਾਧੂ ਸਿੰਘ ਨੇ ਹੱਥ ਅੱਗੇ ਕਰਦਿਆਂ ਆਖਿਆ। ਪ੍ਰੀਤਮ ਕੌਰ ਨੇ ਰੋਟੀ ਫੜਾ ਦਿੱਤੀ। ਨਿਆਣਿਆਂ ਦੀ ਭੁੱਖ ਚਮਕੀ ਹੋਈ ਸੀ।
ਜਦੋਂ ਸਾਰੇ ਰੋਟੀ ਖਾ ਚੁੱਕੇ ਸਨ ਤਾਂ ਪ੍ਰੀਤਮ ਕੌਰ ਨੇ ਰੋਟੀਆਂ ਵਾਲੇ ਡੱਬੇ ਵਿੱਚ ਹੱਥ ਮਾਰ ਕੇ ਦੇਖਿਆ ਤਾਂ ਪੌਣੀ ਕੁ ਰੋਟੀ ਬਚੀ ਸੀ। “ਚੱਲ, ਇਹੀ ਬਥੇਰੀ ਐ ਮੈਨੂੰ ਤਾਂ... ” ਪ੍ਰੀਤਮ ਕੌਰ ਨੇ ਮਨੋਮਨੀ ਆਖਿਆ। ਦੁੱਧ ਵੀ ਅੱਜ ਥੋੜ੍ਹਾ ਜਿਹਾ ਸੀ। ਮੱਝ ਨੇ ਕੜਕਦੀ ਬਿਜਲੀ ਤੋਂ ਡਰਦਿਆਂ ਲੱਤ ਮਾਰ ਦਿੱਤੀ ਸੀ।
“ਤੂੰ ਵੀ ਖਾ ਲੈ ਰੋਟੀ।” ਸਾਧੂ ਸਿੰਘ ਨੇ ਪ੍ਰੀਤਮ ਕੌਰ ਨੂੰ ਕਿਹਾ।
“ਭੁੱਖ ਤਾਂ ਹੈ ਨ੍ਹੀ... ਕੋਈ ਨਾ ਖਾ ਲੈਨੀ ਆਂ ਇੱਕ ਅੱਧੀ... ਆਹ ਭਾਂਡੇ ਮਾਂਜ ਦਿਆਂ ਪਹਿਲਾਂ...।”
ਮੀਂਹ ਹੋਰ ਵੀ ਤੇਜ਼ ਹੋ ਗਿਆ।
“ਨਿਆਣਿਓ ਤੁਸੀਂ ਆਖ ਕੇ ਦੇਖੋ ਰੱਬ ਨੂੰ... ਕੀ ਪਤੈ ਥੋਡੀ ਮੰਨ ਲਵੇ।” ਮਾਂ ਨੇ ਬੱਚਿਆਂ ਨੂੰ ਕਿਹਾ।
“ਹੇ ਸੱਚੇ ਪਾਤਸ਼ਾਹ ਜੀ, ਮੀਂਹ ਬੰਦ ਕਰ ਦਿਓ।” ਸੱਤਾਂ ਕੁ ਵਰ੍ਹਿਆਂ ਦੇ ਮੁੰਡੇ ਨੇ ਹੱਥ ਜੋੜ ਕੇ ਆਖਿਆ।
ਕੁੜੀ ਚੁੱਪ ਚਾਪ ਹੱਥ ਜੋੜੀ ਖੜ੍ਹੀ ਸੀ।
“ਜੇ ਮੀਂਹ ਬੰਦ ਨਾ ਹੋਇਆ ਮਾਂ, ਫਿਰ ਕੀ ਹੋ ਜੂ?” ਮੁੰਡੇ ਨੇ ਭੋਲੇ ਭਾਅ ਪੁੱਛਿਆ।
“ਚੁੱਪ ਕਰ ਓਏ!” ਸਾਧੂ ਮੱਥਾ ਫੜੀ ਮੰਜੇ ’ਤੇ ਬੈਠਾ ਸੀ। ਘਰਵਾਲੀ ਹੱਥਾਂ ਦੀ ਕ੍ਰਿਘੜੀ ਕਾਲਜੇ ’ਤੇ ਟਿਕਾਈ ਖੜ੍ਹੀ ਸੀ।
“ਮਾਂ, ਕਿਵੇਂ ਅਰਦਾਸ ਕਰੀਏ, ਜਿਹੜੀ ਰੱਬ ਨੂੰ ਸੁਣ ਜੇ?” ਕੁੜੀ ਨੇ ਮਾਂ ਨੂੰ ਪੁੱਛਿਆ।
ਕੁੜੀ ਦੀ ਗੱਲ ਸੁਣ ਕੇ ਪ੍ਰੀਤਮ ਕੌਰ ਚੱਕਵੇਂ ਪੈਰੀਂ ਝਲਾਨੀ ਵੱਲ ਗਈ, ਸਿਰ ਉੱਤੇ ਥੈਲੇ ਦੀ ਝੁੰਬੀ ਮਾਰੀ, ਤਵਾ ਲਿਆ ਕੇ ਵਿਹੜੇ ਵਿੱਚ ਮੂਧਾ ਮਾਰ ਦਿੱਤਾ। ਬਰਾਂਡੇ ਵਿੱਚੋਂ ਕੱਖਾਂ ਵਾਲਾ ਟੋਕਰਾ ਚੁੱਕਿਆ ਅਤੇ ਉਹ ਵੀ ਵਿਹੜੇ ਵਿਚਾਲੇ ਮੂਧਾ ਮਾਰ ਦਿੱਤਾ। ਜਦੋਂ ਪ੍ਰੀਤਮ ਕੌਰ ਨੌਂਵੀਂ ਦਸਵੀਂ ਵਿੱਚ ਪੜ੍ਹਦੀ ਸੀ, ਜਿਹੜੀ ਗੱਲ ਆਪਣੀ ਮਾਂ ਅਤੇ ਦਾਦੀ ਨੂੰ ਕਰਦਿਆਂ ਦੇਖ ਕੇ ਸੌ ਸੌ ਦਲੀਲਾਂ ਦਿੰਦੀ ਹੁੰਦੀ ਸੀ, ਅੱਜ ਅਚੇਤਨ ਹੀ ਉਹੀ ਕੰਮ ਕਰ ਦਿੱਤਾ।
“ਕਿਉਂ ਵਹਿਮਾਂ ਵਿੱਚ ਪਈ ਐਂ?” ਸਾਧੂ ਸਿੰਘ ਥੋੜ੍ਹਾ ਖਿਝ ਕੇ ਬੋਲਿਆ।
“ਮੈਂ ਤਾਂ ਰੱਬ ਨੂੰ ਦੱਸਿਆ ਐ... ਜੇ ਮੀਂਹ ਨਾ ਹਟਿਆ ਤਾਂ ਕੀ ਹੋ ਸਕਦੈ?” ਉਹ ਬੋਲੀ।
“ਮਾਂ, ਤਵਾ ਤੇ ਟੋਕਰਾ ਕਿਉਂ ਮੂਧੇ ਮਾਰ ਦਿੱਤੇ?” ਕੁੜੀ ਨੇ ਪੁੱਛਿਆ।
“ਪੁੱਤ ਆਪਾਂ ਸਾਰਿਆਂ ਨੇ ਰੱਬ ਅੱਗੇ ਹੱਥ ਜੋੜੇ ਨੇ, ਆਪਣਾ ਕੋਈ ਜੋਰ ਨਹੀਂ ਚਲਦਾ ਕੁਦਰਤ ਦੇ ਕੰਮਾਂ ’ਚ। ਮੈਂ ਆਪਣੇ ਹਿਸਾਬ ਨਾਲ ਰੱਬ ਨੂੰ ਬੇਵਸੀ ਦੱਸੀ ਐ... ਜੇ ਮੀਂਹ ਨਾ ਹਟਿਆ ਸਾਡੇ ਤਵੇ ਮੂਧੇ ਹੋ ਜਾ ਜਾਣਗੇ। ਰੋਟੀ ਪਕਾਉਣ ਲਈ ਅਨਾਜ ਨੀ ਹੋਣਾ। ਡੰਗਰ ਭੁੱਖੇ ਮਰ ਜਾਣਗੇ, ਡੰਗਰਾਂ ਲਈ ਦਾਣਾ-ਚਾਰਾ ਨੀ ਹੋਣਾ।”
ਸਾਧੂ ਸਿੰਘ ਪਤਨੀ ਦੇ ਮੂੰਹ ਵੱਲ ਹੈਰਾਨੀ ਨਾਲ ਦੇਖ ਰਿਹਾ ਸੀ।
“ਅੱਛਿਆ! ਇਹ ਦਾ ਇਹ ਮਤਲਬ ਹੁੰਦੈ?” ਸਾਧੂ ਸਿੰਘ ਨੇ ਹੈਰਾਨ ਹੁੰਦਿਆਂ ਕਿਹਾ।
“ਬੇਵਸੀ ਅਤੇ ਲਾਚਾਰੀ ਦਿਖਾਉਣ ਦਾ ਇਸ ਤੋਂ ਵਧੀਆ ਤਰੀਕਾ ਨਹੀਂ ਹੋ ਸਕਦਾ ਕੋਈ।” ਪ੍ਰੀਤਮ ਕੌਰ ਬੋਲੀ।
“ਜੇ ਕਿਤੇ ਠੇਕੇ ਆਲਿਆਂ ਦੇ ਮਨ ਮਿਹਰ ਪੈ ਜੇ... ਫਿਰ ਤਾਂ ਔਖੇ ਸੌਖੇ ਸਾਰ ਲਵਾਂਗੇ; ਨਹੀਂ ਫਿਰ ਐਦੂੰ ਤਾਂ ਬੰਦਾ ਮਰ ਈ ਜਾਵੇ।” ਸਾਧੂ ਸਿੰਘ ਦੀ ਬੇਚੈਨੀ ਬੋਲ ਰਹੀ ਸੀ।
“ਆਹੋ... ਆਹੀ ਕੰਮ ਰਹਿ ਗਿਆ। ਮਰੇ ਤਾਂ ਉਹ ਨਹੀਂ ਹਿੰਮਤੀ... ਜਿਨ੍ਹਾਂ ਦੇ ਹੜ੍ਹਾਂ ਵਿੱਚ ਘਰ, ਡੰਗਰ-ਵੱਛਾ ਸਭ ਰੁੜ੍ਹਗੇ ਸੀ। ਤੈਨੂੰ ਕੀ ਹੋਇਆ? ਸਭ ਕੁਛ ਹੈਗਾ... ਦਾਣਿਆਂ ਦਾ ਢੋਲ ਭਰਿਆ ਪਿਆ ਐ... ਕਿਧਰੇ ਨਹੀਂ ਭੁੱਖੇ ਮਰਦੇ।” ਹੜ੍ਹ ਪੀੜਤਾਂ ਦੀ ਗੱਲ ਕਰ ਕੇ ਪ੍ਰੀਤਮ ਕੌਰ ਆਪਣੇ ਆਪ ਨੂੰ ਅਤੇ ਆਪਣੇ ਪਤੀ ਨੂੰ ਧਰਵਾਸ ਦੇਣਾ ਚਾਹੁੰਦੀ ਸੀ। ਸਾਧੂ ਸਿੰਘ ਵੀ ਹੜ੍ਹ ਪੀੜਿਤਾਂ ਦੀ ਮਦਦ ਲਈ ਪਿੰਡ ਵਾਲਿਆਂ ਨਾਲ ਗਿਆ ਸੀ। ਉੱਥੇ ਤਾਂ ਖੇਤ ਦਿਸਣੋ ਹੀ ਹਟ ਗਏ ਸਨ। ਚਾਰੇ ਪਾਸੇ ਪਾਣੀ ਹੀ ਪਾਣੀ ਸੀ। ਲੋਕ ਘਰੋਂ ਬੇਘਰ ਹੋ ਗਏ ਸਨ। ਇਹ ਸਾਰਾ ਕੁਝ ਸੋਚ ਕੇ ਸਾਧੂ ਸਿੰਘ ਨੂੰ ਆਪਣੀ ਤਕਲੀਫ ਛੋਟੀ ਲੱਗੀ।
“ਹਾਂ... ਇਹ ਤਾਂ ਸ਼ੁਕਰ ਐ ਮਾਲਕ ਦਾ ... ਆਪਾਂ ਤਾਂ ਫਿਰ ਵੀ ਆਪਣੇ ਘਰਾਂ ਅੰਦਰ ਬੈਠੇ ਆਂ।” ਸਾਧੀ ਸਿੰਘ ਨੂੰ ਆਪਣਾ ਦਰਦ ਘੱਟ ਲੱਗਣ ਲੱਗ ਪਿਆ। ਉਨ੍ਹਾਂ ਦੇ ਗੱਲਾਂ ਕਰਦਿਆਂ-ਕਰਦਿਆਂ ਮੀਂਹ ਥੰਮ੍ਹ ਗਿਆ। ਕਿਣਮਿਣ ਹੋ ਰਹੀ ਸੀ।
“ਮਾਂ ਜੇ ਕਿਤੇ... ਵੱਡੀ... ਈ... ਈ... ਈ ਸਾਰੀ ਛਤਰੀ ਹੋਵੇ... ਸਾਰੇ ਖੇਤਾਂ ਦੀ ਫਸਲ ਬਚ ਜੂ।” ਮੁੰਡੇ ਦਾ ਭੋਲਾਪਣ ਦੇਖ ਕੇ ਸਾਰਿਆਂ ਦੇ ਉਦਾਸ ਚਿਹਰੇ ਮੁਸਕਰਾ ਪਏ।
“ਇਹ... ਜੇ... ਤਾਂ ਕਦੇ ਕਿਸੇ ਦੇ ਹੱਥ ਨਹੀਂ ਆਈ ਪੁੱਤਰਾ।” ਆਖਦਿਆਂ ਸਾਧੂ ਸਿੰਘ ਉੱਠ ਖੜ੍ਹਾ ਹੋਇਆ। ਆਪਣੇ ਬੱਚੇ ਦੀ ਗੱਲ੍ਹ ਨੂੰ ਪੋਲਾ ਜਿਹਾ ਥਾਪੜਿਆ ਅਤੇ ਮੱਝਾਂ ਦੀ ਖੁਰਲੀ ਵਿੱਚ ਪਏ ਪੱਠਿਆਂ ’ਤੇ ਦਾਣਾ ਭੁੱਕਣ ਲੱਗਿਆ।
ਪ੍ਰੀਤਮ ਕੌਰ ਭਾਂਡੇ ਮਾਂਜਦਿਆਂ ਬੋਲੀ, “ਆਪਾਂ ਕਿਹੜਾ ਇਕੱਲੇ ਕੁਦਰਤ ਦੀ ਮਾਰ ਝੱਲ ਰਹੇ ਆਂ। ਖੇਤਾਂ ਆਲੇ ਸਾਰੇ ਈ ਝੱਲ ਰਹੇ ਨੇ।”
“ਚੱਲ ਉਏ ਮਨਾ... ਖੇਤ ਗੇੜਾ ਮਾਰ ਆਈਏ।” ਸਾਧੂ ਸਿੰਘ ਨੇ ਸੋਟੀ ਅਤੇ ਟਾਰਚ ਚੁੱਕ ਲਈ। ਜਵਾਕਾਂ ਨੇ ਮੋਮਬੱਤੀਆਂ ਜਗਾ ਕੇ ਚਾਨਣ ਕਰ ਲਿਆ ਸੀ। ਅਜੇ ਵੀ ਕੋਈ ਕੋਈ ਕਣੀ ਪੈ ਰਹੀ ਸੀ, ਬਿਜਲੀ ਵੀ ਚਮਕ ਰਹੀ ਸੀ। ਸਾਧੂ ਸਿੰਘ ਨੇ ਨਾਹਰ ਸਿੰਘ ਨੂੰ ਵੀ ਅਵਾਜ਼ ਮਾਰ ਲਈ। ਬਿਜਲੀ ਦੀ ਚਮਕ ਉਨ੍ਹਾਂ ਨੂੰ ਰਾਹ ਦਿਖਾ ਰਹੀ ਸੀ।
...
“ਇਨ੍ਹਾਂ ਦੀਆਂ ਅੱਖਾਂ ਦੇ ਅੱਥਰੂ ਕਿੱਥੇ ਗਏ?” ਬਿਜਲੀ ਨੇ ਰੁੱਖ ਦੇ ਕੋਲ ਨੂੰ ਹੋ ਕੇ ਪੁੱਛਿਆ।
“ਇਨ੍ਹਾਂ ਦੇ ਮਨਾਂ ਦੀ ਹਿੰਮਤ ਦੀ ਅੱਗ ਨੇ ਸੁਕਾ ਦਿੱਤੇ। ਇਨ੍ਹਾਂ ਨੂੰ ਸਮੱਸਿਆਵਾਂ ਦੀ ਅੱਖ ਵਿੱਚ ਅੱਖ ਪਾ ਕੇ ਖੜ੍ਹਨਾ ਆਉਂਦੈ।” ਰੁੱਖ ਦੀਆਂ ਟਹਿਣੀਆਂ ਵੀ ਕਿਸਾਨਾਂ ਨੂੰ ਦੇਖ ਕੇ ਮਿਲੇ ਧਰਵਾਸ ਨਾਲ ਝੂਮਣ ਲੱਗ ਪਈਆਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































