Sandip Kumar 7   “ਜੇਕਰ ਅਧਿਆਪਕਾਂ ਨੂੰ ਡਰਾ-ਧਮਕਾ ਕੇ ਨਕਲ ਰੋਕਣ ਦੇ ਅਧਿਕਾਰ ਖੋਹ ...”
   (22 ਨਵੰਬਰ 2026)

 

ਅਜੋਕੇ ਸਮੇਂ ਵਿੱਚ ਭਾਰਤ ਦੀ ਉੱਚ ਸਿੱਖਿਆ ਪ੍ਰਣਾਲੀ ਇੱਕ ਅਜਿਹੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਜਿੱਥੇ ਯੋਗਤਾ ਅਤੇ ਮਿਆਰ ਨਾਲੋਂ ਰਾਜਨੀਤਿਕ ਹਿਤਾਂ ਅਤੇ ਕੋਟਾ ਪ੍ਰਣਾਲੀ ਨੂੰ ਪਹਿਲ ਦਿੱਤੀ ਜਾ ਰਹੀ ਹੈ। ਦੇਸ਼ ਦੇ ਚੋਟੀ ਦੇ ਵਿੱਦਿਅਕ ਅਦਾਰਿਆਂ ਵਿੱਚ ਦਾਖਲੇ ਦੇ ਮਾਪਦੰਡਾਂ ਵਿੱਚ ਆ ਰਹੀ ਲਗਾਤਾਰ ਗਿਰਾਵਟ ਨੇ ਨਾ ਸਿਰਫ ਸਿੱਖਿਆ ਦੇ ਮਿਆਰ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਹੈ, ਸਗੋਂ ਸਮਾਜ ਨੂੰ ਵੀ ਡੂੰਘੇ ਪੱਧਰ ’ਤੇ ਵੰਡ ਦਿੱਤਾ ਹੈ। ਇਸੇ ਵਰਤਾਰ ਨੂੰ ਵਿਅੰਗਾਤਮਕ ਤੌਰ ’ਤੇ ‘ਰਾਈਟ ਟੂ ਚੀਟਿੰਗ ਐਕਟ 2026’ ਦੇ ਸਿਰਲੇਖ ਹੇਠ ਸਮਝਣ ਦੀ ਲੋੜ ਹੈ, ਜੋ ਅੱਜ ਦੀ ਵਿੱਦਿਅਕ ਅਤੇ ਸਮਾਜਿਕ ਹਕੀਕਤ ਦਾ ਕੌੜਾ ਸੱਚ ਬਿਆਨ ਕਰਦਾ ਹੈ।

ਘਟਨਾਵਾਂ ਦਾ ਸਿਲਸਿਲਾ ਉਦੋਂ ਤੇਜ਼ ਹੁੰਦਾ ਹੈ ਜਦੋਂ ਆਈ.ਆਈ.ਟੀ. ਬੰਬੇ ਵਿੱਚ ਸਾਹਿਲ ਵਾਕੋੜੇ ਨਾਮਕ ਵਿਦਿਆਰਥੀ ਨੂੰ ਮੋਬਾਇਲ ਤੋਂ ਨਕਲ ਕਰਦਿਆਂ ਫੜਿਆ ਜਾਂਦਾ ਹੈ ਅਤੇ ਬਾਅਦ ਵਿੱਚ ਉਹ ਮਾਨਸਿਕ ਤਣਾਅ ਕਾਰਨ ਖੁਦਕੁਸ਼ੀ ਵਰਗਾ ਗਲਤ ਕਦਮ ਚੁੱਕ ਲੈਂਦਾ ਹੈ। ਸੋਸ਼ਲ ਮੀਡੀਆ ਅਤੇ ਵੱਖ-ਵੱਖ ਪਲੇਟਫਾਰਮਾਂ ’ਤੇ ਸਾਹਿਲ ਦੇ ਜੇ.ਈ.ਈ. ਦੇ ਨਤੀਜਿਆਂ ਮੁਤਾਬਿਕ 360 ਵਿੱਚੋਂ ਸਿਰਫ 93 ਨੰਬਰ ਯਾਨੀ ਲਗਭਗ 25% ਅੰਕ ਪ੍ਰਾਪਤ ਕਰਨ ਦੀ ਗੱਲ ਸਾਹਮਣੇ ਆਉਂਦੀ ਹੈ। ਇੱਥੇ ਸਭ ਤੋਂ ਵੱਡਾ ਅਤੇ ਗੰਭੀਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਨੇ ਘੱਟ ਅੰਕ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਰਿਜ਼ਰਵੇਸ਼ਨ ਕੋਟੇ ਤਹਿਤ ਦੇਸ਼ ਦੇ ਸਭ ਤੋਂ ਉੱਚੇ ਅਦਾਰੇ ਵਿੱਚ ਦਾਖਲਾ ਤਾਂ ਲੈ ਜਾਂਦਾ ਹੈ, ਪਰ ਕੀ ਉਹ ਉੱਥੋਂ ਦੇ ਵਿਸ਼ਵ ਪੱਧਰੀ ਮੁਕਾਬਲੇ ਵਿੱਚ ਆਪਣੇ ਆਪ ਨੂੰ ਸਥਾਪਿਤ ਰੱਖਣ ਦੇ ਕਾਬਿਲ ਹੁੰਦਾ ਹੈ? ਜਦੋਂ ਅਸੀਂ ਦੁਨੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਜਿਵੇਂ ਕਿ ਆਕਸਫੋਰਡ ਨਾਲ ਮੁਕਾਬਲਾ ਕਰਨ ਦੀ ਗੱਲ ਕਰਦੇ ਹਾਂ ਤਾਂ ਸਿਲੈਕਸ਼ਨ ਦਾ ਪੱਧਰ ਇੰਨਾ ਹੇਠਾਂ ਡੇਗ ਕੇ ‘ਵਿਕਸਿਤ ਭਾਰਤ’ ਦੇ ਸੁਪਨੇ ਨੂੰ ਕਿਵੇਂ ਸੱਚ ਕੀਤਾ ਜਾ ਸਕਦਾ ਹੈ?

ਇਸ ਦੁਖਦਾਈ ਘਟਨਾ ਤੋਂ ਬਾਅਦ ਜਿਸ ਤਰ੍ਹਾਂ ਦੀ ਰਾਜਨੀਤੀ ਹੋਈ, ਉਸਨੇ ਸਭ ਨੂੰ ਹੈਰਾਨ ਕਰ ਦਿੱਤਾ। ਕੁਝ ਦਲਿਤ ਚਿੰਤਕਾਂ ਅਤੇ ਲੀਡਰਾਂ ਨੇ ਇਸ ਨੂੰ ਜਾਤੀਗਤ ਭੇਦਭਾਵ ਦਾ ਰੰਗ ਦੇ ਕੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਪ੍ਰੋਫੈਸਰ (ਪ੍ਰੋਫੈਸਰ ਦੁੱਲਾ) ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਨਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਸੇ ਨੂੰ ਹੀ ਦੋਸ਼ੀ ਠਹਿਰਾਉਂਦਿਆਂ ਉਸ ਨੂੰ ਉਸਦੇ ਅਹੁਦੇ ਤੋਂ ਹਟਾ ਦਿੱਤਾ ਗਿਆ, ਜ਼ਬਰਨ ਛੁੱਟੀ ’ਤੇ ਭੇਜ ਦਿੱਤਾ ਗਿਆ ਅਤੇ ਐੱਸ.ਸੀ./ਐੱਸ.ਟੀ. ਐਕਟ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ। ਇਹ ਬਹੁਤ ਵੱਡਾ ਵਿਰੋਧਭਾਸ ਹੈ ਕਿਉਂਕਿ ਪ੍ਰੋਫੈਸਰ ਦੁੱਲਾ ਖੁਦ ਪਛੜੀ ਸ਼੍ਰੇਣੀ ਨਾਲ ਸੰਬੰਧ ਰੱਖਦੇ ਹਨ। ਜੇਕਰ ਸਿੱਖਿਅਕ ਸੰਸਥਾਵਾਂ ਵਿੱਚ ਜਾਤੀਗਤ ਭੇਦਭਾਵ ਚਰਮ ਸੀਮਾ ’ਤੇ ਹੈ ਤਾਂ ਫਿਰ ਪ੍ਰੋਫੈਸਰ ਦੁੱਲਾ ਦੀ ਪੀ.ਐੱਚ.ਡੀ. ਤਕ ਦੀ ਪੜ੍ਹਾਈ ਅਤੇ ਇੰਨੇ ਉੱਚ ਅਹੁਦੇ ਤਕ ਦਾ ਸਫਰ ਕਿਵੇਂ ਪੂਰਾ ਹੋਇਆ?

ਇਸ ਘਟਨਾ ਦਾ ਸਭ ਤੋਂ ਦੁਖਦਾਈ ਪੱਖ ਮਾਪਿਆਂ ਦਾ ਰਵਈਆ ਅਤੇ ਕਾਨੂੰਨ ਦੀ ਦੁਰਵਰਤੋਂ ਹੈ। ਬੱਚਾ ਇਸ ਦੁਨੀਆ ਤੋਂ ਚਲਾ ਗਿਆ ਹੈ, ਜੋ ਕਿ ਪਰਿਵਾਰ ਅਤੇ ਸਮਾਜ ਲਈ ਨਾ ਪੂਰਾ ਕੀਤਾ ਜਾਣ ਵਾਲਾ ਘਾਟਾ ਹੈ ਪਰ ਸੁਸਾਈਡ ਤੋਂ ਤੁਰੰਤ ਬਾਅਦ ਪ੍ਰੋਫੈਸਰ ਉੱਤੇ ਐੱਸ.ਸੀ./ਐੱਸ.ਟੀ. ਐਕਟ ਲਾ ਕੇ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੀ ਦੌੜ ਨੇ ਮਨੁੱਖੀ ਸੰਵੇਦਨਾਵਾਂ ਨੂੰ ਸ਼ਰਮਸਾਰ ਕਰ ਦਿੱਤਾ ਹੈ। ਆਮ ਸੁਸਾਈਡ ਦੇ ਕੇਸਾਂ ਵਿੱਚ ਸਰਕਾਰ ਵੱਲੋਂ ਕੋਈ ਵਿੱਤੀ ਸਹਾਇਤਾ ਨਹੀਂ ਮਿਲਦੀ, ਪਰ ਇਸ ਐਕਟ ਦੇ ਦਾਇਰੇ ਵਿੱਚ ਆਉਂਦਿਆਂ ਹੀ ਮੋਟੀ ਰਕਮ ਮਿਲਦੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਮਾਪਿਆਂ ਨੂੰ ਆਪਣੇ ਬੱਚੇ ਦਾ ਇਨਸਾਫ ਚਾਹੀਦਾ ਹੈ ਜਾਂ ਵਿੱਤੀ ਸਹਾਇਤਾ? ਇਸ ਤਰ੍ਹਾਂ ਦੇ ਵਰਤਾਰਿਆਂ ਨਾਲ ਦੇਸ਼ ਕਿਸ ਦਿਸ਼ਾ ਵੱਲ ਜਾ ਰਿਹਾ ਹੈ, ਇਹ ਸੋਚਣ ਦਾ ਵਿਸ਼ਾ ਹੈ। ਇੱਕ ਪਾਸੇ ਦੇਸ਼ ਦੇ ਪਿਛਲੇ ਸਿੱਖਿਆ ਮੰਤਰੀ ਨੂੰ ਨਕਲ ਨਾ ਰੋਕਣ ਕਾਰਨ ਅਸਤੀਫਾ ਦੇਣਾ ਪੈਂਦਾ ਹੈ ਅਤੇ ਦੂਜੇ ਪਾਸੇ ਇੱਕ ਪ੍ਰੋਫੈਸਰ ਨੂੰ ਨਕਲ ਰੋਕਣ ਦੀ ਕੋਸ਼ਿਸ਼ ਕਰਨ ’ਤੇ ਸਜ਼ਾ ਭੁਗਤਣੀ ਪੈਂਦੀ ਹੈ।

ਇਹ ਸਾਰੀ ਸਥਿਤੀ ਦੇਖਦਿਆਂ ਇੰਝ ਜਾਪਦਾ ਹੈ ਕਿ ਜੇਕਰ ਚੋਣ ਪ੍ਰਕਿਰਿਆ ਵਿੱਚ ਅਜਿਹੀ ਗਿਰਾਵਟ ਹੀ ਜਾਰੀ ਰੱਖਣੀ ਹੈ ਤਾਂ ਸਰਕਾਰ ਨੂੰ ‘ਰਾਈਟ ਟੂ ਚੀਟਿੰਗ ਐਕਟ 2026’ ਲੈ ਆਉਣਾ ਚਾਹੀਦਾ ਹੈ ਤਾਂ ਜੋ ਘੱਟ ਨੰਬਰ ਲੈ ਕੇ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਪੜ੍ਹਾਈ ਪੂਰੀ ਕਰਨ ਦੀ ਕਾਨੂੰਨੀ ਛੋਟ ਮਿਲ ਸਕੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਦੇ ਹਰ ਵਰਗ ਦੀ ਨੁਮਾਇੰਦਗੀ ਹੋਣੀ ਚਾਹੀਦੀ ਹੈ, ਪਰ ਨੁਮਾਇੰਦਗੀ ਦੇਣ ਲਈ ਯੋਗਤਾ ਅਤੇ ਚੋਣ ਦੇ ਪੱਧਰ ਨੂੰ ਬਹੁਤ ਜ਼ਿਆਦਾ ਹੇਠਾਂ ਸੁੱਟ ਦੇਣਾ ਦੇਸ਼ ਨੂੰ ਪਤਨ ਵੱਲ ਲਿਜਾਣ ਦੀ ਸ਼ੁਰੂਆਤ ਹੈ। ਹਾਲ ਹੀ ਵਿੱਚ ਨੀਟ ਪੀ.ਜੀ. ਪ੍ਰੀਖਿਆ ਵਿੱਚ ਮਾਈਨਸ 40 ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਮੈਡੀਕਲ ਦੀ ਉੱਚ ਸਿੱਖਿਆ ਵਿੱਚ ਦਾਖਲਾ ਦੇਣ ਦੀਆਂ ਮਿਸਾਲਾਂ ਇਸ ਗੱਲ ਦਾ ਪ੍ਰਮਾਣ ਹਨ ਕਿ ਸਿਸਟਮ ਕਿਸ ਹੱਦ ਤਕ ਹੇਠਾਂ ਡਿਗ ਚੁੱਕਿਆ ਹੈ।

ਐੱਸ.ਸੀ./ਐੱਸ.ਟੀ. ਐਕਟ ਵਰਗੇ ਕਾਨੂੰਨਾਂ ਦੀ ਅਜਿਹੀ ਗਲਤ ਦੁਰਵਰਤੋਂ ਸਮਾਜ ਲਈ ਇੱਕ ਨਾਸੂਰ ਜਾਂ ਕੋਹੜ ਬਣਦੀ ਜਾ ਰਹੀ ਹੈ, ਜਿਸ ਤਹਿਤ ਸਮਾਜ ਬੁਰੀ ਤਰ੍ਹਾਂ ਦੋ ਗੁੱਟਾਂ ਵਿੱਚ ਵੰਡਿਆ ਜਾ ਰਿਹਾ ਹੈ। ਜੇਕਰ ਅਧਿਆਪਕਾਂ ਨੂੰ ਡਰਾ-ਧਮਕਾ ਕੇ ਨਕਲ ਰੋਕਣ ਦੇ ਅਧਿਕਾਰ ਖੋਹ ਲਏ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਸਿੱਖਿਅਕ ਸੰਸਥਾਵਾਂ ਦਾ ਬੇੜਾ ਗਰਕ ਹੋਣਾ ਤੈਅ ਹੈ। ਸਰਕਾਰ ਅਤੇ ਸਮਾਜ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ ਕਿ ਦੇਸ਼ ਨੂੰ ਵਿਕਾਸ ਦੀ ਲੀਹ ’ਤੇ ਤੋਰਨਾ ਹੈ ਜਾਂ ਫਿਰ ਰਾਜਨੀਤਿਕ ਹਿਤਾਂ ਲਈ ਮਿਆਰਾਂ ਦੀ ਬਲੀ ਦੇਣੀ ਹੈ। ਹੱਕ ਦੇਣ ਦੇ ਨਾਂ ’ਤੇ ਯੋਗਤਾ ਦਾ ਘਾਣ ਕਰਨਾ ਦੇਸ਼ ਦੇ ਭਵਿੱਖ ਨਾਲ ਸਭ ਤੋਂ ਵੱਡਾ ਖਿਲਵਾੜ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

Sandeep Kumar

Sandeep Kumar

Computer Teacher, MA Psychology, MA in Journalism.
Rupnagar, Punjab, India.

WhatsApp: (91 - 70098 - 07121)
Email: (liberalthinker1621@gmail.com)

More articles from this author