“ਪੰਜਾਬ ਸਰਕਾਰ ਦੇ ਸਿੱਖਿਆ ਖੇਤਰ ਨੂੰ ਨਵੀਨਤਮ ਦਿੱਖ ਦੇਣ ਲਈ ਕੀਤੇ ਗਏ ਉਪਰਾਲੇ ...”
(8 ਅਪਰੈਲ 2025)
ਸਿੱਖਿਆ ਕਿਸੇ ਵੀ ਰਾਜ ਦੀ ਤਰੱਕੀ ਦੀ ਮੂਲ ਕੂੰਜੀ ਹੁੰਦੀ ਹੈ। ਜੇਕਰ ਕਿਸੇ ਦੇਸ਼ ਜਾਂ ਸੂਬੇ ਨੇ ਅਸਲ ਤਰੱਕੀ ਕਰਨੀ ਹੈ ਤਾਂ ਉਸ ਲਈ ਲਾਜ਼ਮੀ ਹੈ ਕਿ ਉਹ ਆਪਣੇ ਨੌਜਵਾਨਾਂ ਨੂੰ ਗੁਣਵੱਤਾਪੂਰਨ ਸਿੱਖਿਆ ਦੇ ਕੇ ਉਨ੍ਹਾਂ ਨੂੰ ਵਿੱਦਿਆ, ਵਿਵੇਕ ਅਤੇ ਸਮਝਦਾਰੀ ਨਾਲ ਭਰਪੂਰ ਕਰੇ। ਪੰਜਾਬ ਜੋ ਕਿ ਕਈ ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਪਿੱਛੇ ਰਿਹਾ ਸੀ, ਅੱਜ ਇੱਕ ਨਵੇਂ ਦੌਰ ਵਿੱਚ ਦਾਖ਼ਲ ਹੋ ਚੁੱਕਾ ਹੈ। ਇਹ ਸਭ ਕੁਝ ਸੰਭਵ ਹੋਇਆ ਹੈ ਮੌਜੂਦਾ ਪੰਜਾਬ ਸਰਕਾਰ ਦੀ ਦੂਰਦਰਸ਼ੀ, ਨਵੀਨਤਮ ਅਤੇ ਜੋਸ਼ੀਲੀ ਸੋਚ ਕਾਰਨ, ਜੋ ਸਿੱਖਿਆ ਨੂੰ ਕੇਵਲ ਇੱਕ ਵਿਭਾਗ ਨਹੀਂ, ਸਗੋਂ ਭਵਿੱਖ ਦੀ ਸੰਪੂਰਨ ਕਾਮਯਾਬੀ ਦੀ ਨੀਂਹ ਮੰਨਦੀ ਹੈ। ਇਸੇ ਲਈ ਮੌਜੂਦਾ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਨੂੰ ਵਿਕਾਸ ਦੇ ਮੁੱਖ ਖੇਤਰਾਂ ਵਿੱਚ ਰੱਖਦੀ ਹੋਈ ਕਾਰਜ ਕਰ ਰਹੀ ਹੈ।
ਜਦੋਂ 2022 ਵਿੱਚ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਸੱਤਾ ਸੰਭਾਲੀ ਤਾਂ ਉਨ੍ਹਾਂ ਨੇ ਸਿੱਖਿਆ ਦੇ ਖੇਤਰ ਨੂੰ ਆਪਣੀ ਪ੍ਰਾਥਮਿਕਤਾ ਵਿੱਚ ਪਹਿਲੇ ਸਥਾਨ ’ਤੇ ਰੱਖਿਆ। ਉਨ੍ਹਾਂ ਦੀ ਸੋਚ ਸੀ ਕਿ ਜੇਕਰ ਅਸੀਂ ਨੌਜਵਾਨਾਂ ਨੂੰ ਚੰਗੀ ਸਿੱਖਿਆ ਦੇਣ ਵਿੱਚ ਕਾਮਯਾਬ ਹੋ ਜਾਂਦੇ ਹਾਂ ਤਾਂ ਪੰਜਾਬ ਆਪਣੇ ਆਪ ਹੀ ਤਰੱਕੀ ਦੇ ਰਾਹਾਂ ’ਤੇ ਅੱਗੇ ਵਧਣ ਲੱਗ ਜਾਵੇਗਾ। ਇਸੇ ਦ੍ਰਿਸ਼ਟੀਕੋਣ ਹੇਠ ਉਨ੍ਹਾਂ ਨੇ ਇੱਕ ਤੋਂ ਵੱਧ ਕਦਮ ਚੁੱਕੇ ਜੋ ਅੱਜ ਸਿੱਖਿਆ ਕ੍ਰਾਂਤੀ ਦੇ ਰੂਪ ਵਿੱਚ ਸਾਡੇ ਸਾਹਮਣੇ ਖੜ੍ਹੇ ਹਨ। ਭਗਵੰਤ ਮਾਨ ਸਰਕਾਰ ਨੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਜੀ ਨੂੰ ਇਸ ਖੇਤਰ ਦੀ ਜ਼ਿੰਮੇਵਾਰੀ ਸੌਂਪੀ। ਹਰਜੋਤ ਸਿੰਘ ਬੈਂਸ ਜੀ ਦੀ ਸੋਚ, ਜੋ ਆਧੁਨਿਕ, ਦੂਰਦਰਸ਼ੀ ਅਤੇ ਵਿਦਿਆਰਥੀ ਕੇਂਦਰਤ ਹੈ, ਨੇ ਸਿੱਖਿਆ ਨੂੰ ਇੱਕ ਨਵਾਂ ਰੂਪ ਦਿੱਤਾ। ਉਨ੍ਹਾਂ ਨੇ ਪੁਰਾਣੇ ਰਿਵਾਜ਼ੀ ਢਾਂਚੇ ਨੂੰ ਤੋੜ ਕੇ ਇੱਕ ਅਜਿਹੀ ਵਿਧੀ ਬਣਾਈ, ਜੋ ਬੱਚਿਆਂ ਨੂੰ ਸਮਝ, ਤਕਨਾਲੋਜੀ ਅਤੇ ਜੀਵਨ ਯੋਗਤਾ ਵਾਲੀ ਸਿੱਖਿਆ ਵੱਲ ਲੈ ਜਾਂਦੀ ਹੈ।
ਸਭ ਤੋਂ ਵੱਡਾ ਬਦਲਾਅ ਜੋ ਲੋਕਾਂ ਨੇ ਖੁਦ ਵੇਖਿਆ, ਉਹ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਅਤੇ ਕਲਾਸਰੂਮ ਦਾ ਨਵੀਨਤਮ ਰੂਪ ਸੀ ਜਿੱਥੇ ਪਹਿਲਾਂ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਪਾਉਣ ਤੋਂ ਹਿਚਕਚਾਉਂਦੇ ਸਨ। ਅੱਜ ਉੱਥੇ ਹਾਲਾਤ ਇੰਨਾ ਬਦਲ ਗਏ ਹਨ ਕਿ ਸਰਕਾਰੀ ਸਕੂਲਾਂ ਦੀ ਦਿੱਖ ਅਤੇ ਵਿਵਸਥਾ ਪ੍ਰਾਈਵੇਟ ਸਕੂਲਾਂ ਨੂੰ ਵੀ ਪਿੱਛੇ ਛੱਡ ਰਹੀ ਹੈ। ਸਮਾਰਟ ਕਲਾਸ ਰੂਮ, ਪ੍ਰੋਜੈਕਟਰ, ਇੰਟਰਐਕਟਿਵ ਪੈਨਲ, ਇ-ਕੰਟੈਂਟ ਅਤੇ ਡਿਜਿਟਲ ਪਾਠ - ਇਹ ਸਭ ਕੁਝ ਇੱਕ ਸੁਪਨੇ ਵਾਂਗ ਸੀ, ਜੋ ਹੁਣ ਹਕੀਕਤ ਬਣ ਚੁੱਕਾ ਹੈ। ਇਸ ਤਕਨੀਕੀ ਬਦਲਾਅ ਨਾਲ ਵਿਦਿਆਰਥੀਆਂ ਦਾ ਸਿੱਖਣ ਵਲ ਰੁਝਾਨ ਵਧਿਆ ਹੈ। ਉਹ ਉਕਤਾਉਣ ਦੀ ਬਜਾਏ ਹੁਣ ਡਿਜਿਟਲ ਤਕਨੀਕਾਂ ਰਾਹੀਂ ਸਿੱਖਿਆ ਦੇ ਪਾਠਕ੍ਰਮਾਂ ਵਿੱਚ ਰੁਚੀ ਲੈ ਰਹੇ ਹਨ। ਇਸ ਨਾਲ ਪੜ੍ਹਾਈ ਦੀ ਗੁਣਵੱਤਾ ਵਿੱਚ ਵੀ ਬੇਹੱਦ ਸੁਧਾਰ ਆਇਆ ਹੈ। ਸਰਕਾਰ ਨੇ ਦੋ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 12 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਦਾ ਨਵੀਨੀਕਰਨ ਕੀਤਾ ਹੈ, ਜੋ ਕਿ ਸਿੱਖਿਆ ਖੇਤਰ ਵਿੱਚ ਇਨਕਲਾਬੀ ਕਦਮ ਹੈ।
ਇਸਦੇ ਨਾਲ ਹੀ ਪੰਜਾਬ ਸਰਕਾਰ ਨੇ ਸੂਬੇ ਵਿੱਚ 118 “ਸਕੂਲ ਆਫ ਐਮੀਨੈਂਸ” ਦੀ ਸ਼ੁਰੂਆਤ ਕਰਕੇ ਸਿੱਖਿਆ ਦੇ ਖੇਤਰ ਵਿੱਚ ਇੱਕ ਨਵਾਂ ਇਤਿਹਾਸ ਰਚਿਆ ਹੈ। ਇਨ੍ਹਾਂ ਸਕੂਲਾਂ ਵਿੱਚ ਨਾ ਸਿਰਫ਼ ਆਧੁਨਿਕ ਬੁਨਿਆਦੀ ਢਾਂਚਾ ਹੈ, ਸਗੋਂ ਉਨ੍ਹਾਂ ਵਿੱਚ ਸਿਖਲਾਈ ਦੇ ਵਧੀਆ ਮਾਪਦੰਡ ਵੀ ਲਾਗੂ ਕੀਤੇ ਗਏ ਹਨ। ਅਜਿਹੀ ਸਿੱਖਿਆ, ਜੋ ਵਿਦਿਆਰਥੀ ਨੂੰ ਕੇਵਲ ਕਿਤਾਬਾਂ ਤਕ ਹੀ ਸੀਮਤ ਨਹੀਂ ਰੱਖਦੀ, ਸਗੋਂ ਉਨ੍ਹਾਂ ਨੂੰ ਸੋਚਣ, ਸਮਝਣ ਅਤੇ ਅਮਲ ਵਿੱਚ ਲਿਆਉਣ ਵਾਲਾ ਬਣਾਉਂਦੀ ਹੈ। ਇਸਦੇ ਨਾਲ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਪੰਜਾਬ ਸਰਕਾਰ ਨੇ ਵਿਸ਼ੇਸ਼ ਉਪਰਾਲੇ ਕੀਤੇ ਹਨ। “ਖੇਡੋ ਵਤਨ ਪੰਜਾਬ” ਮੁਹਿੰਮ ਹੇਠ ਹਜ਼ਾਰਾਂ ਵਿਦਿਆਰਥੀਆਂ ਨੇ ਰਾਜ ਪੱਧਰੀ, ਰਾਸ਼ਟਰੀ ਪੱਧਰੀ ਅਤੇ ਅੰਤਰਰਾਸ਼ਟਰੀ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਾ ਸ਼ੁਰੂ ਕੀਤਾ ਹੈ। ਸਕੂਲਾਂ ਵਿੱਚ ਖੇਡ ਮੈਦਾਨ, ਸਾਜ਼ੋ-ਸਾਮਾਨ, ਕੋਚ ਅਤੇ ਟ੍ਰੇਨਿੰਗ ਦੀ ਵਿਵਸਥਾ ਕਰਕੇ ਬੱਚਿਆਂ ਵਿੱਚ ਖੇਡਾਂ ਵਲ ਰੁਝਾਨ ਪੈਦਾ ਕੀਤਾ ਗਿਆ ਹੈ। ਖੇਡ ਅਤੇ ਸਿੱਖਿਆ, ਦੋਵਾਂ ਦਾ ਸੰਤੁਲਨ ਅੱਜ ਦੇ ਯੁਗ ਦੀ ਲੋੜ ਹੈ ਅਤੇ ਪੰਜਾਬ ਸਰਕਾਰ ਨੇ ਇਸ ਨੂੰ ਬਹੁਤ ਸਮਝਦਾਰੀ ਨਾਲ ਅਮਲ ਵਿੱਚ ਲਿਆਂਦਾ ਹੈ।
ਇਸ ਸਾਰੀ ਕਵਾਇਦ ਨੂੰ ਲੋਕਾਂ ਤਕ ਪਹੁੰਚਾਉਣ ਲਈ 7 ਅਪਰੈਲ ਤੋਂ “ਸਿੱਖਿਆ ਕ੍ਰਾਂਤੀ” ਮੁਹਿੰਮ ਦੀ ਸ਼ੁਰੂਆਤ ਹੋ ਰਹੀ ਹੈ। ਇਸ ਪ੍ਰੋਗਰਾਮ ਹੇਠ ਅਗਲੇ 54 ਦਿਨਾਂ ਤਕ ਸਰਕਾਰੀ ਸਕੂਲਾਂ ਦੀ ਨਵੀਂ ਦਿੱਖ, ਉੱਥੇ ਹੋ ਰਹੇ ਬਦਲਾਅ ਅਤੇ ਵਿਦਿਆਰਥੀਆਂ ਦੀਆਂ ਉਪਲਬਧੀਆਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇਗਾ। ਇਹ ਨਾਂ ਸਿਰਫ਼ ਸਰਕਾਰ ਦੇ ਕੰਮ ਦੀ ਜਾਣਕਾਰੀ ਦੇਵੇਗਾ, ਸਗੋਂ ਲੋਕਾਂ ਨੂੰ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪਾਉਣ ਵੱਲ ਪ੍ਰੇਰਿਤ ਕਰੇਗਾ। ਜਿਸ ਤਰ੍ਹਾਂ ਦੇ ਇਨਕਲਾਬੀ ਕਦਮ ਪੰਜਾਬ ਸਰਕਾਰ ਨੇ ਚੁੱਕੇ ਹਨ, ਉਹ ਦੇਸ਼ ਦੇ ਹੋਰ ਰਾਜਾਂ ਲਈ ਵੀ ਇੱਕ ਮਿਸਾਲ ਬਣੇ ਹਨ। ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ ਅਤੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਜੀ ਦੇ ਅਣਥੱਕ ਯਤਨਾਂ ਸਦਕਾ ਅੱਜ ਜਦੋਂ ਇੱਕ ਮੱਧਮ ਵਰਗ ਜਾਂ ਗਰੀਬ ਪਰਿਵਾਰ ਦਾ ਬੱਚਾ ਵੀ ਆਧੁਨਿਕ ਸਿੱਖਿਆ ਦੀ ਲਹਿਰ ਵਿੱਚ ਤੈਰਦਾ ਹੋਇਆ ਦਿਸਦਾ ਹੈ ਤਾਂ ਇਹ ਸੱਚਮੁੱਚ ਮਾਣ ਵਾਲੀ ਗੱਲ ਹੈ।
ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਜੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜੇ ਇਰਾਦੇ ਪੱਕੇ ਹੋਣ ਤਾਂ ਸਰਕਾਰੀ ਪੱਧਰ ’ਤੇ ਵੀ ਵਿਦਿਆਰਥੀਆਂ ਨੂੰ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ, ਜੋ ਇੱਕ ਸਮਰੱਥ ਪਰਿਵਾਰ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ ਵਿੱਚ ਦਿੰਦਾ ਹੈ। ਸਿੱਖਿਆ ਦੀ ਇਸ ਕ੍ਰਾਂਤੀ ਦੀ ਮੂੰਹੋਂ ਬੋਲਦੀ ਤਸਵੀਰ ਅੱਜ ਪੰਜਾਬ ਦੇ ਹਰੇਕ ਜ਼ਿਲ੍ਹੇ, ਹਰੇਕ ਕਸਬੇ ਅਤੇ ਹਰੇਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਦਿਸਦੀ ਹੈ। ਜੋ ਮਾਪੇ ਆਪਣੀਆਂ ਆਰਥਿਕ ਮਜਬੂਰੀਆਂ ਕਾਰਨ ਆਪਣੇ ਬੱਚਿਆਂ ਨੂੰ ਗੁਣਵੱਤਾ ਵਾਲੀ ਸਿੱਖਿਆ ਤੋਂ ਵਾਂਝਾ ਸਮਝਦੇ ਸਨ, ਅੱਜ ਉਹਨਾਂ ਦੀਆਂ ਅੱਖਾਂ ਵਿੱਚ ਨਵੇਂ ਸੁਪਨੇ ਹਨ। ਪੰਜਾਬ ਸਰਕਾਰ ਦੇ ਸਿੱਖਿਆ ਖੇਤਰ ਨੂੰ ਨਵੀਨਤਮ ਦਿੱਖ ਦੇਣ ਲਈ ਕੀਤੇ ਗਏ ਉਪਰਾਲੇ ਸ਼ਲਾਘਾਯੋਗ ਹਨ, ਇਸ ਲਈ ਸੂਬੇ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਵੀ ਉਤਸ਼ਾਹਿਤ ਹੋਕੇ ਸਰਕਾਰ ਦੇ ਇਸ ਉਪਰਾਲੇ ਵਿੱਚ ਭਾਗੀਦਾਰ ਬਣਨ। ਇਸ ਤਰ੍ਹਾਂ ਰਲ-ਮਿਲ ਕੇ ਹੀ ਸਮਾਜ ਦੀ ਤਰੱਕੀ ਦਾ ਨੀਂਹ ਪੱਥਰ ਰੱਖਿਆ ਜਾ ਸਕਦਾ ਹੈ।
ਇਸ ਇਨਕਲਾਬ ਲਈ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਜੀ ਅਤੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਜੀ ਵਧਾਈ ਦੇ ਪਾਤਰ ਹਨ। ਉਨ੍ਹਾਂ ਦੀ ਦੂਰਅੰਦੇਸ਼ੀ ਸੋਚ, ਨਿਰੰਤਰ ਮਿਹਨਤ ਅਤੇ ਸਿੱਖਿਆ ਪ੍ਰਤੀ ਸਮਰਪਣ ਨੇ ਅੱਜ ਪੰਜਾਬ ਦੇ ਲੱਖਾਂ ਬੱਚਿਆਂ ਦੀ ਜ਼ਿੰਦਗੀ ਬਦਲਣ ਦੀ ਆਸ ਜਗਾਈ ਹੈ। ਅੱਜ ਸੂਬੇ ਵਿਚਲੀ ਸਿੱਖਿਆ ਕ੍ਰਾਂਤੀ ਦੇਸ਼ ਦੇ ਹੋਰ ਸੂਬਿਆਂ ਲਈ ਇੱਕ ਮਿਸਾਲ ਦਾ ਕੰਮ ਕਰ ਰਹੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਲਹਿਰ ਹੋਰ ਵੀ ਜੋਸ਼ ਨਾਲ ਅੱਗੇ ਵਧੇਗੀ ਅਤੇ ਪੰਜਾਬ ਦੇ ਹਰ ਇੱਕ ਕੋਨੇ ਤਕ ਗੁਣਵੱਤਾਪੂਰਨ, ਆਧੁਨਿਕ ਅਤੇ ਲਾਈਫ ਸਕਿੱਲਜ਼ ਵਾਲੀ ਸਿੱਖਿਆ ਪਹੁੰਚੇਗੀ। ਸਿੱਖਿਆ ਕ੍ਰਾਂਤੀ ਸਿਰਫ਼ ਸ਼ਬਦ ਨਹੀਂ, ਸਗੋਂ ਇੱਕ ਹਕੀਕਤ ਬਣ ਚੁੱਕੀ ਹੈ -ਅਜਿਹੀ ਹਕੀਕਤ ਜੋ ਭਵਿੱਖ ਨੂੰ ਨਵੀਂ ਦਿਸ਼ਾ ਦੇ ਰਹੀ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (