ਅਸੀਂ ਅੱਜ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਅਤੇ ਸੱਚੀ ਆਜ਼ਾਦੀ ਤਦ ਹੀ ਮਿਲੇਗੀ ਜਦੋਂ ਹਰ ਭਾਰਤੀ ਨਾਗਰਿਕ ...
(15 ਅਗਸਤ 2024)
ਇਸ ਸਮੇਂ ਪਾਠਕ: 150.


15 ਅਗਸਤ 1947 ਨੂੰ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ। ਇਹ ਮੋੜ ਭਾਰਤ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸੀ। ਲੰਮੇ ਸਮੇਂ ਤਕ ਅੰਗਰੇਜ਼ਾਂ ਦੀ ਗੁਲਾਮੀ ਤੋਂ ਬਾਅਦ ਲੋਕਾਂ ਨੂੰ ਆਪਣੀ ਸੁਤੰਤਰ ਹੋਂਦ ਦਾ ਅਹਿਸਾਸ ਹੋਇਆ। ਪਰ ਅਜ਼ਾਦੀ ਦੀ ਇਸ ਖੁਸ਼ੀ ਦੇ ਨਾਲ ਹੀ ਇੱਕ ਦੁਖਦਾਈ ਹਕੀਕਤ ਵੀ ਜੁੜੀ ਹੋਈ ਹੈ - ਭਾਰਤ ਦੀ ਵੰਡ। ਇਸ ਵੰਡ ਨੇ ਸਿਰਫ਼ ਭਾਰਤ ਨੂੰ ਹੀ ਨਹੀਂ ਬਲਕਿ ਵਿਸ਼ੇਸ਼ ਕਰਕੇ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਇੱਕ ਪਾਸੇ ਭਾਰਤ ਸੀ ਅਤੇ ਦੂਜੇ ਪਾਸੇ ਨਵਾਂ ਬਣਿਆ ਦੇਸ਼
, ਪਾਕਿਸਤਾਨ। ਪਰ ਸਵਾਲ ਇੱਕ ਹੈ ਕਿ ਅਗਰ ਗੁਲਾਮ ਇੱਕ ਦੇਸ਼ ਸੀ ਤਾਂ ਆਜ਼ਾਦੀ ਦੋ ਦੇਸ਼ਾਂ ਨੂੰ ਕਿਉਂ ਦਿੱਤੀ ਗਈ? ਅੰਗਰੇਜ਼ਾਂ ਨੇ ‘ਫੁੱਟ ਪਾਉ ਅਤੇ ਰਾਜ ਕਰੋ’ ਦੀ ਰਾਜਨੀਤੀ ਨੂੰ ਖੇਡਦਿਆਂ ਇਸ ਵੰਡ ਦੀ ਰਚਨਾ ਕੀਤੀ। ਅਸਲ ਵਿੱਚ ਇਹ ਫੈਸਲਾ ਇੱਕ ਚਲਾਕੀ ਭਰੀ ਰਣਨੀਤੀ ਸੀ, ਜਿਸ ਨਾਲ ਅੰਗਰੇਜ਼ ਭਾਰਤ ਵਿੱਚ ਆਪਣਾ ਰਾਜ ਸਥਾਪਿਤ ਰੱਖ ਸਕਣ। ਇਸ ਵੰਡ ਦੀ ਇੱਕ ਵੱਡੀ ਵਜਾਹ ਉਹ ਸਿਆਸੀ ਲੀਡਰ ਵੀ ਸਨ, ਜਿਨ੍ਹਾਂ ਨੂੰ ਸੱਤਾ ਦਾ ਲਾਲਚ ਸੀ ਅਤੇ ਉਹ ਆਪਣੇ ਨਿੱਜੀ ਲਾਲਚ ਕਰਕੇ ਅਜ਼ਾਦੀ ਮਿਲਣ ਦੇ ਬਾਅਦ ਵੀ ਗੁਲਾਮ ਸੋਚ ਦੇ ਮਾਲਕ ਬਣਕੇ ਰਹਿਣ ਲਈ ਤਿਆਰ ਸਨ। ਇਹ ਸਿਆਸੀ ਨੇਤਾ, ਜੋ ਆਪਣੇ ਆਪ ਨੂੰ ਲੋਕਾਂ ਦੇ ਨੁਮਾਇੰਦੇ ਵਜੋਂ ਪੇਸ਼ ਕਰਦੇ ਸਨ, ਉਹਨਾਂ ਨੇ ਲੋਕਾਂ ਦੀ ਭਲਾਈ ਦੀ ਬਜਾਏ ਆਪਣੀ ਸੱਤਾ ਦੀ ਪ੍ਰਾਪਤੀ ਨੂੰ ਤਰਜੀਹ ਦਿੱਤੀ। ਇਹਨਾਂ ਦੇ ਲਾਲਚ ਅਤੇ ਨਿੱਜੀ ਸਵਾਰਥ ਕਾਰਨ ਹੀ ਕਈ ਲੱਖਾਂ ਬੇਗੁਨਾਹ ਜ਼ਿੰਦਗੀਆਂ ਦੀ ਕੁਰਬਾਨੀ ਦਿੱਤੀ ਗਈ।

ਪੰਜਾਬ, ਜੋ ਕਿ ਭਾਰਤ ਦਾ ਇੱਕ ਵੱਡਾ ਸੂਬਾ ਸੀ, ਉਸ ਨੂੰ ਇਸ ਵੰਡ ਨਾਲ ਸਭ ਤੋਂ ਵੱਧ ਦੁੱਖ ਸਹਿਣਾ ਪਿਆ। ਜਿੱਥੇ ਪਹਿਲਾਂ ਪੰਜਾਬ ਦੇ ਲੋਕ ਅਮਨ ਅਤੇ ਸ਼ਾਂਤੀ ਨਾਲ ਰਹਿੰਦੇ ਸਨ, ਵੱਡੇ ਪੈਮਾਨੇ ’ਤੇ ਵਧੇਰੇ ਜਾਤੀਆਂ ਅਤੇ ਧਰਮਾਂ ਦੇ ਲੋਕਾਂ ਦੇ ਰਹਿਣ ਨਾਲ ਉਹ ਇੱਕ ਰੰਗ-ਬਿਰੰਗੇ ਸਮਾਜ ਦੇ ਹਿੱਸੇ ਸਨ। ਪੰਜਾਬ ਦੀ ਵੰਡ ਨੇ ਇਹ ਸਭ ਕੁਝ ਤਬਾਹ ਕਰਕੇ ਰੱਖ ਦਿੱਤਾ। ਹਿੰਦੂ, ਮੁਸਲਮਾਨ ਅਤੇ ਸਿੱਖ, ਜੋ ਪਹਿਲਾਂ ਭਾਈਚਾਰੇ ਦੇ ਰਿਸ਼ਤੇ ਵਿੱਚ ਬੱਝੇ ਹੋਏ ਸਨ, ਉਹ ਇੱਕ-ਦੂਜੇ ਦੀ ਜਾਨ ਦੇ ਵੈਰੀ ਬਣ ਗਏ। ਹਜ਼ਾਰਾਂ ਬੇਗੁਨਾਹ ਲੋਕ ਇਸ ਹਿੰਸਾ ਦਾ ਸ਼ਿਕਾਰ ਬਣੇ। ਘਰ-ਬਾਰ ਛੱਡਣ ਪਏ ਅਤੇ ਕਈਆਂ ਨੂੰ ਆਪਣੀ ਜ਼ਿੰਦਗੀ ਸ਼ਰਣਾਰਥੀ ਕੈਂਪਾਂ ਵਿੱਚ ਬਤੀਤ ਕਰਨੀ ਪਈ। ਪੰਜਾਬ ਦੀ ਇਹ ਵੰਡ ਸਿਰਫ਼ ਸਰਹੱਦਾਂ ਦੀ ਵੰਡ ਨਹੀਂ ਸੀ, ਬਲਕਿ ਇਹ ਇੱਕ ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਵੰਡ ਵੀ ਸੀ। ਲੋਕਾਂ ਦੀ ਜ਼ਿੰਦਗੀ ਵਿੱਚ ਆਈ ਇਸ ਅਚਾਨਕ ਤਬਦੀਲੀ ਨਾਲ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਇੱਕ ਅਜਿਹਾ ਖੌਫਨਾਕ ਅਤੇ ਅਸੁਰੱਖਿਅਤਾ ਦਾ ਅਹਿਸਾਸ ਪੈਦਾ ਹੋ ਗਿਆ, ਜਿਸ ਨੂੰ ਦੂਰ ਕਰਨ ਲਈ ਕਈ ਪੀੜ੍ਹੀਆਂ ਲੱਗੀਆਂ। ਪਰਿਵਾਰਿਕ ਰਿਸ਼ਤੇ, ਵਪਾਰਕ ਸੰਬੰਧ ਅਤੇ ਪੁਰਾਣੀਆਂ ਦੋਸਤੀਆਂ ਇਸ ਵੰਡ ਦੀ ਭੇਟ ਚੜ੍ਹ ਗਈਆਂ। ਲੋਕਾਂ ਨੂੰ ਆਪਣੇ ਘਰ-ਬਾਰ, ਜ਼ਮੀਨ-ਜਾਇਦਾਦ, ਮਾਲ-ਧਨ ਛੱਡਣਾ ਪਿਆ ਅਤੇ ਇੱਕ ਨਵੀਂ ਜਗ੍ਹਾ ’ਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਪਈ।

ਅੰਗਰੇਜ਼ਾਂ ਨੇ ਬਹੁਤ ਚਲਾਕੀ ਨਾਲ ਸੱਤਾ ਦੇ ਲਾਲਚੀ ਲੀਡਰਾਂ ਨੂੰ ਦੇਖਦੇ ਹੋਏ ਦੇਸ਼ ਨੂੰ ਆਜ਼ਾਦੀ ਤਾਂ ਦੇ ਦਿੱਤੀ ਪਰ ਪੰਜਾਬ ਦੇ ਦੋ ਹਿੱਸੇ ਕਰਕੇ ਉਸ ਵਿੱਚੋਂ ਇੱਕ ਨਵਾਂ ਦੇਸ਼ ਪਾਕਿਸਤਾਨ ਸਿਰਜ ਦਿੱਤਾ, ਜਿਸ ਨਾਲ ਪੰਜਾਬ ਸੂਬੇ ਨੂੰ ਅਜਿਹਾ ਘਾਟਾ ਪਿਆ, ਜਿਸ ਨੂੰ ਅੱਜ ਵੀ ਪੂਰਾ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦਾ ਇੱਕ ਹਿੱਸਾ ਪਾਕਿਸਤਾਨ ਬਣਨ ਦੇ ਬਾਵਜੂਦ ਪੰਜਾਬ ‘ਭਾਰਤ’ ਦਾ ਇੱਕ ਮੁੱਖ ਅਤੇ ਅਨਿੱਖੜਵਾ ਅੰਗ ਹੈ, ਜਿਸ ਨੇ ਬਹੁਤ ਹੀ ਦਲੇਰੀ ਦੇ ਨਾਲ ਭਾਰਤ ਨੂੰ ਅੱਗੇ ਲਿਜਾਣ ਵਿੱਚ ਆਪਣਾ ਸਹਿਯੋਗ ਦਿੱਤਾ।

ਗੋਰੇ ਅੰਗਰੇਜ਼ ਤਾਂ ਆਪਣੀ ਚਾਲ ਖੇਡ ਕੇ ਆਪਣੇ ਦੇਸ਼ ਨੂੰ ਚਲੇ ਗਏ, ਪਰ ਕੁਝ ਦੇਸੀ ਅੰਗਰੇਜ਼ ਪੰਜਾਬ ਨੂੰ ਫਿਰ ਤੋਂ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪਰ ਇਸ ਵਾਰ ਇਹ ਦੇਸੀ ਅੰਗਰੇਜ਼ ਕਾਮਯਾਬ ਨਹੀਂ ਹੋ ਸਕਣਗੇ, ਕਿਉਂਕਿ ਪੰਜਾਬ ਸੂਬਾ ‘ਭਾਰਤ’ ਦਾ ਦਿਲ ਹੈ ਅਤੇ ਦਿਲ ਤੋਂ ਬਿਨਾਂ ਸਰੀਰ ਦਾ ਜਿਊਣਾ ਅਸੰਭਵ ਹੈ। ਇਹ ਸਾਡੇ ਸੂਬੇ ਪੰਜਾਬ ਦੀ ਅਹਿਮੀਅਤ ਹੀ ਹੈ ਕਿ ਦੇਸ਼ ਦੇ ਬਹੁਤ ਹੀ ਅਹਿਮ ਪੱਖਾਂ ’ਤੇ ਭਾਵ ਖੇਡਾਂ, ਰਾਜਨੀਤੀ, ਪ੍ਰਸ਼ਾਸਨਿਕ, ਸੱਭਿਆਚਾਰਕ ਅਤੇ ਧਾਰਮਿਕ ਰੂਪ ਵਿੱਚ ਅੱਗੇ ਲਿਜਾਣ ਲਈ ਪੰਜਾਬੀ ਭਾਈਚਾਰਾ ਮਹੱਤਵਪੂਰਨ ਅਹੁਦਿਆਂ ਉੱਪਰ ਤਾਇਨਾਤ ਹੈ ਅਤੇ ਦੇਸ਼ ਨੂੰ ਅੱਗੇ ਲਿਜਾਣ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਗੋਰੇ ਅੰਗਰੇਜ਼ਾਂ ਦੀ ‘ਫੁੱਟ ਪਾਓ ਤੇ ਰਾਜ ਕਰੋ’ ਦੀ ਨੀਤੀ ਆਜ਼ਾਦੀ ਦੇ ਸਮੇਂ ’ਤੇ ਚੱਲ ਗਈ, ਪਰ ਹੁਣ ਦੇਸੀ ਅੰਗਰੇਜ਼ਾਂ ਦੀ ਦੇਸ਼ ਨੂੰ ਦੁਬਾਰਾ ਤੋੜਨ ਦੀ ਇਹੀ ਰਾਜਨੀਤੀ ਕਿਸੇ ਵੀ ਸੂਰਤ ਵਿੱਚ ਕਾਮਯਾਬ ਨਹੀਂ ਹੋਵੇਗੀ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਪੂਰੇ ਦੇਸ਼ ਨੂੰ ਮਿਲੀ ਪਰ ਵੰਡ ਦਾ ਸੰਤਾਪ ਇਕੱਲੇ ਪੰਜਾਬ ਨੇ ਹੰਢਾਇਆ ਸੀ। ਸੋ ਇੰਨਾ ਸਮਾਂ ਬੀਤ ਜਾਣ ਦੇ ਬਾਅਦ ਵੀ ਕੁਝ ਜ਼ਖਮ ਹਾਲੇ ਭਰਨੇ ਬਾਕੀ ਹਨ। ਪਰ ਇਹਨਾਂ ਦੁਖਦਾਈ ਹਾਲਾਤ ਦੇ ਬਾਵਜੂਦ, ਪੰਜਾਬ ਦੇ ਲੋਕਾਂ ਨੇ ਆਪਣੇ ਅੰਦਰ ਇੱਕ ਨਵਾਂ ਜਜ਼ਬਾ ਪੈਦਾ ਕੀਤਾ ਹੈ। ਉਹਨਾਂ ਨੇ ਆਜ਼ਾਦੀ ਦਾ ਸਵਾਗਤ ਕੀਤਾ ਅਤੇ ਬਦਲਾਅ ਦੇ ਇਸ ਦੌਰ ਵਿੱਚ ਆਪਣੀ ਮਿਹਨਤ ਅਤੇ ਹਿੰਮਤ ਨਾਲ ਦੁਬਾਰਾ ਖੜ੍ਹੇ ਹੋਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਨਵੀਂ ਤਕਨੀਕਾਂ ਅਤੇ ਖੇਤੀਬਾੜੀ ਦੇ ਨਵੇਂ ਢੰਗ ਸਿੱਖੇ, ਜਿਸ ਨਾਲ ਪੰਜਾਬ ਨੇ ਖੇਤੀਬਾੜੀ ਵਿੱਚ ਇੱਕ ਨਵਾਂ ਅਜ਼ਾਦੀ ਦਾ ਦੌਰ ਵੇਖਿਆ। ਦੇਸ਼ ਵਿਕਾਸ ਦੀਆਂ ਲੀਹਾਂ ’ਤੇ ਚੱਲ ਰਿਹਾ ਹੈ। ਸੰਸਾਰ ਪੱਧਰ ’ਤੇ ਭਾਰਤ ਦੀ ਇੱਕ ਵਿਸ਼ੇਸ਼ ਪਛਾਣ ਬਣ ਚੁੱਕੀ ਹੈ, ਜਿਸ ਵਿੱਚ ਭਾਰਤ ਦੇ ਰਹਿਣ ਵਾਲੇ ਸਾਰੇ ਹੀ ਨਾਗਰਿਕਾਂ ਦਾ ਯੋਗਦਾਨ ਹੈ। ਆਉਣ ਵਾਲੇ ਸਮੇਂ ਵਿੱਚ ਭਾਰਤ ਦੇਸ਼ ਨੂੰ ਤਰੱਕੀ ਦੀਆਂ ਹੋਰ ਬੁਲੰਦੀਆਂ ਵੱਲ ਲੈ ਕੇ ਜਾਇਆ ਜਾਵੇਗਾ ਤਾਂ ਜੋ ਇੱਥੋਂ ਦੇ ਰਹਿਣ ਵਾਲੇ ਨਿਵਾਸੀ ਖੁਸ਼ਹਾਲੀ ਦਾ ਜੀਵਨ ਬਸਰ ਕਰ ਸਕਣ ਅਤੇ ਮਿਲੀ ਹੋਈ ਆਜ਼ਾਦੀ ਦਾ ਆਨੰਦ ਮਾਣ ਸਕਣ।

ਆਜ਼ਾਦੀ ਅਤੇ ਵੰਡ ਦੇ ਦਰਦਨਾਕ ਪਲ ਇਤਿਹਾਸ ਵਿੱਚ ਦਰਜ਼ ਹੋ ਚੁੱਕੇ ਹਨ, ਇਹਨਾਂ ਘਟਨਾਵਾਂ ਨੂੰ ਯਾਦ ਕਰਨਾ ਅਤੇ ਇਨ੍ਹਾਂ ਤੋਂ ਸਿੱਖਣਾ ਅੱਜ ਵੀ ਬਹੁਤ ਮਹੱਤਵਪੂਰਨ ਹੈ। ਇਸਦੇ ਨਾਲ ਹੀ ਆਪਣੀ ਵਿਰਾਸਤ ਨੂੰ ਸੰਭਾਲਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁਖਮਈ ਭਵਿੱਖ ਨਿਰਮਾਣ ਕਰਨ ਲਈ ਸਾਡੇ ਯਤਨ ਬਹੁਤ ਜ਼ਰੂਰੀ ਹਨ। ਸਵਤੰਤਰਤਾ ਦਿਵਸ ਸਾਨੂੰ ਆਪਣੇ ਦੇਸ਼ ਲਈ ਮਾਣ ਮਹਿਸੂਸ ਕਰਨ ਦਾ ਮੌਕਾ ਦਿੰਦਾ ਹੈ, ਪਰ ਇਹ ਸਾਡੇ ਲਈ ਇੱਕ ਯਾਦ ਦਿਵਸ ਵੀ ਹੈ ਕਿ ਸਾਡਾ ਕੰਮ ਅਜੇ ਮੁਕੰਮਲ ਨਹੀਂ ਹੋਇਆ। ਅਸੀਂ ਅੱਜ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਅਤੇ ਸੱਚੀ ਆਜ਼ਾਦੀ ਤਦ ਹੀ ਮਿਲੇਗੀ ਜਦੋਂ ਹਰ ਭਾਰਤੀ ਨਾਗਰਿਕ ਨੂੰ ਉਸ ਦੇ ਹੱਕ ਮਿਲਣਗੇ। ਆਜ਼ਾਦੀ ਦੀ ਖੁਸ਼ੀ ਅਤੇ ਵੰਡ ਦੀ ਤਕਲੀਫ਼ ਦੇ ਵਿੱਚ ਸਾਡੇ ਵਾਸਤੇ ਸੱਚੀ ਆਜ਼ਾਦੀ ਉਸ ਸਮੇਂ ਮਿਲੇਗੀ ਜਦੋਂ ਸਾਨੂੰ ‘ਫੁਟ ਪਾਉ ਅਤੇ ਵੰਡ’ ਦੀ ਰਾਜਨੀਤੀ ਤੋਂ ਅਜ਼ਾਦੀ ਮਿਲੇਗੀ। ਆਉ ਇਸ ਦਿਨ ਅਸੀਂ ਵਾਅਦਾ ਕਰੀਏ ਕਿ ਅਸੀਂ ਆਪਣੇ ਦੇਸ਼ ਨੂੰ ਇੱਕ ਸਫਲ, ਸਮਾਨਤਾਪੂਰਨ ਅਤੇ ਸ਼ਾਂਤਮਈ ਭਵਿੱਖ ਦੇਣ ਲਈ ਹਰ ਸੰਭਵ ਯਤਨ ਕਰਾਂਗੇ।

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5217)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਸੰਦੀਪ ਕੁਮਾਰ

ਸੰਦੀਪ ਕੁਮਾਰ

Computer Teacher, MA Psychology. Rupnagar, Punjab, India.
WhatsApp: (91 - 70098 - 07121)
Email: (liberalthinker1621@gmail.com)

More articles from this author