SandipKumar7ਬਜ਼ੁਰਗ ਵੀ ਕਦੇ ਇਸ ਪੇਸ਼ੇ ’ਤੇ ਹੱਸਦੇ ਹੁੰਦੇ ਸਨਪਰ ਅੱਜ ਦੇ ਸਮੇਂ ਵਿੱਚ ਉਹਨਾਂ ਦੀਆਂ ਉਂਗਲਾਂ ਵੀ ਇਸ ਮੁਜਰੇ ਵਿੱਚ ...
(5 ਅਕਤੂਬਰ 2024)

 

ਗੱਲ ਪੁਰਾਣੇ ਸਮੇਂ ਦੀ ਹੈ, ਜਦੋਂ ਕਦੇ ਰਾਜੇ-ਮਹਾਰਾਜਿਆਂ ਦੇ ਦਰਬਾਰਾਂ ਵਿੱਚ ਮੁਜਰਾ ਦੇਖਣ ਦੀ ਪ੍ਰਥਾ ਹੁੰਦੀ ਸੀ। ਸੋਨੇ ਦੀਆਂ ਅਸ਼ਰਫੀਆਂ ਜਾਂ ਮੋਹਰਾਂ ਖਰਚ ਕੇ ਸਿਰਫ ਖ਼ਾਸ ਲੋਕਾਂ ਨੂੰ ਹੀ ਇਹ ਮੌਕਾ ਮਿਲਦਾ ਸੀ ਕਿ ਉਹ ਕਿਸੇ ਖੂਬਸੂਰਤ ਨਚਣੇ ਵਾਲੀ ਨੂੰ ਦੇਖ ਕੇ ਆਪਣੇ ਦਿਲ ਨੂੰ ਬਹਿਲਾ ਸਕਣ। ਸਿਰਫ ਰਾਜੇ-ਮਾਹਰਾਜੇ ਜਾਂ ਅਮੀਰ ਵਿਅਕਤੀਆਂ ਨੂੰ, ਮੁਜਰਾ ਕਰਨ ਵਾਲੀਆਂ ਨਚਾਰਾਂ ਆਪਣੀਆਂ ਅਲੱਗ-ਅਲੱਗ ਆਕਰਸ਼ਿਤ ਅਦਾਵਾਂ ਨਾਲ ਮਨ ਬਹਿਲਾਉਂਦੀਆਂ ਸਨ। ਆਮ ਜ਼ਿੰਦਗੀ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਮੁਜਰਾ ਕਰਨਾ ਇੱਕ ਹਲਕੇ ਪੇਸ਼ੇ ਦਾ ਕੰਮ ਹੈ, ਜਿਸ ਨੂੰ ਆਮ ਲੋਕ ਪਸੰਦ ਨਹੀਂ ਕਰਦੇ ਸਨ। ਪਰ ਅੱਜ ਦੇ ਸਮੇਂ ਵਿੱਚ, ਇੰਟਰਨੈੱਟ ਦੇ 2ਜੀਬੀ ਦੇ ਸਸਤੇ ਡੇਟਾ ਪੈਕ ਦੀ ਵਰਤੋਂ ਨਾਲ, ਹਰ ਆਮ ਇਨਸਾਨ ਇਸ ਮੁਜਰੇ ਦੇ ਜਾਲ ਵਿੱਚ ਫਸ ਗਿਆ ਹੈ। ਅੱਜ ਦੇ ਸਮੇਂ ਵਿੱਚ ਮੁਜਰਾ ਸਿਰਫ ਰਾਜੇ-ਮਹਾਰਾਜਿਆਂ ਦੀ ਅਪਾਰ ਦੌਲਤ ਦਾ ਹੀ ਹਿੱਸਾ ਨਹੀਂ ਰਹਿ ਗਿਆ, ਇਹ ਸਮਾਜ ਦੇ ਹਰੇਕ ਤਬਕੇ ਵਿੱਚ ਦਿਲਚਸਪੀ ਦਾ ਕੇਂਦਰ ਬਣ ਚੁੱਕਾ ਹੈ। ਇੰਟਰਨੈੱਟ ਕੰਪਨੀਆਂ ਨੇ ਲੋਕਾਂ ਨੂੰ ਸਸਤੇ ਨੈੱਟ ਪੈਕ ਦੇ ਕੇ ਨਕਾਰਾ ਅਤੇ ਨਿਕੰਮਾ ਬਣਾ ਦਿੱਤਾ ਹੈ, ਜਿਸ ਨਾਲ ਹਰੇਕ ਇਨਸਾਨ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਹੈ।

ਅੱਜ ਇਨਸਾਨ ਇਕੱਲੀ ਦਿਲਚਸਪੀ ਲਈ ਜਿਵੇਂ-ਜਿਵੇਂ ਸਟੇਟਸ ਅਪਡੇਟ ਕਰਦੇ ਜਾਂਦੇ ਹਨ, ਉਹ ਦੇਖਦੇ ਜਾਂਦੇ ਹਨ ਕਿਹੜਾ ਵੀਡੀਓ ਵੱਧ ਵਾਇਰਲ ਹੈ। ਚਾਹੇ ਇੱਕ ਬੱਚਾ ਹੋਵੇ ਜਾਂ ਬਜ਼ੁਰਗ, ਅੱਜ ਕੱਲ੍ਹ ਲੋਕਾਂ ਦੇ ਸਿਰ ਵਿੱਚ ਸੋਸ਼ਲ ਮੀਡੀਆ ਦਾ ਜ਼ੋਰ ਐਨਾ ਹੈ ਕਿ ਹਰ ਕੋਈ ਆਪਣੇ ਦਿਨ ਦਾ ਬਹੁਤ ਸਾਰਾ ਸਮਾਂ ਇਸ ਵਿੱਚ ਗੁਜ਼ਾਰਦਾ ਹੈ। ਇਸ ਵਿੱਚ ਅਜੀਬੋ-ਗਰੀਬ ਬੇਤੁਕੀਆਂ ਕਲਾਕਾਰੀਆਂ ਦੇਖਣੀਆਂ ਮਿਲਦੀਆਂ ਹਨ, ਜਿੱਥੇ ਲੋਕ ਨੱਚਦੇ-ਟੱਪਦੇ ਹਨ, ਹੱਸਣ-ਹਸਾਉਣ ਲਈ ਅਜੀਬ ਕਰਤੂਤਾਂ ਕਰਦੇ ਹਨ। ਇਹ ਸਭ ਕੁਝ ਇਸ ਲਈ ਹੈ, ਕਿ ਲੋਕਾਂ ਦੀਆਂ ਅੱਖਾਂ ਦੇ ਅੱਗੇ, ਉਹ ਵੀਡੀਓ ਚਲਦੀਆਂ ਰਹਿਣ। ਸੋਸ਼ਲ ਮੀਡੀਆ ਨੇ ਅੱਜਕੱਲ ਦੀ ਜ਼ਿੰਦਗੀ ਨੂੰ ਇੱਕ ਕੌਮੀ ਜਸ਼ਨ ਬਣਾਇਆ ਹੈ। ਹਰ ਘਰ ਵਿੱਚ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਦੀਆਂ ਗੂੰਜਾਂ ਗੂੰਜਦੀਆਂ ਹਨ। ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਹਰ ਕੋਈ ਆਪਣੇ ਆਪਣੇ ਮੋਬਾਈਲਾਂ ਵਿੱਚ ਖੁੱਭਿਆ ਹੋਇਆ ਹੈ। ਕੋਈ ਰੀਲ ਬਣਾਉਂਦਾ ਹੈ, ਕੋਈ ਵਾਇਰਲ ਵੀਡੀਓ ਦੇਖਦਾ ਹੈ। ਅਸੀਂ ਇੱਥੋਂ ਤਕ ਆ ਗਏ ਹਾਂ ਕਿ ਅਸੀਂ ਆਪਣੀ ਸੱਭਿਆਚਾਰਿਕ ਜ਼ਿੰਮੇਵਾਰੀ ਨੂੰ ਵੀ ਭੁੱਲ ਗਏ ਹਾਂ।

ਪਹਿਲਾਂ ਦੇ ਜ਼ਮਾਨੇ ਵਿੱਚ ਰਾਜੇ ਮਹਾਰਾਜੇ ਆਪਣੀ ਦਿਲਚਸਪੀ ਦੇ ਮੁਤਾਬਕ ਨੱਚਣ ਵਾਲੀਆਂ ਦੇ ਮੁਜਰੇ ਕਰਵਾਉਂਦੇ ਸਨ। ਇਹ ਮੁਜਰੇ ਦਰਬਾਰ ਵਿੱਚ ਹੁੰਦੇ ਸਨ, ਜਿੱਥੇ ਸਿਰਫ ਖ਼ਾਸ ਲੋਕਾਂ ਨੂੰ ਬੁਲਾਇਆ ਜਾਂਦਾ ਸੀ। ਪਰ ਅੱਜ ਦੇ ਸਮੇਂ ਵਿੱਚ ਇਹ ਦਰਬਾਰ ਸਭ ਦੇ ਘਰਾਂ ਵਿੱਚ ਮੌਜੂਦ ਹੈ ਅਤੇ ਹਰ ਕੋਈ ਇਸ ਮੁਜਰੇ ਵਿੱਚ ਸ਼ਾਮਲ ਹੈ। ਹੁਣ ਕਿਸੇ ਨੂੰ ਸੂਚਨਾ ਦੇਣ ਦੀ ਲੋੜ ਨਹੀਂ ਪੈਂਦੀ, ਨਾ ਹੀ ਕਿਸੇ ਖ਼ਾਸ ਦੋਸਤ ਨੂੰ ਬੁਲਾਉਣ ਦੀ, ਫੋਨ ਖੋਲ੍ਹੋ, ਫਿਰ ਮੁਜਰਾ ਦੇਖਣ ਲਈ ਸ਼ੁਰੂ ਹੋ ਜਾਓ। ਸੋਚੋ, ਇੱਕ ਪਾਸੇ ਅਸੀਂ ਇਹ ਕਹਿੰਦੇ ਹਾਂ ਕਿ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ, ਉਹਨਾਂ ਨੂੰ ਸਹੀ ਰਸਤੇ ’ਤੇ ਲੈ ਕੇ ਆਉਣਾ ਚਾਹੀਦਾ ਹੈ ਪਰ ਇਸ ਸਭ ਦੇ ਬਾਵਜੂਦ ਅਸੀਂ ਉਹਨਾਂ ਨੂੰ ਹੱਥ ਵਿੱਚ ਮੋਬਾਇਲ ਫੜਾ ਕੇ ਆਪਣੇ ਕੰਮ ਵਿੱਚ ਮਗਨ ਹੋ ਜਾਂਦੇ ਹਾਂ। ਉਹਨਾਂ ਦੀ ਦਿਲਚਸਪੀ ਦੀ ਪੂਰਤੀ ਲਈ ਅਸੀਂ ਉਹਨਾਂ ਨੂੰ ਖੇਡਾਂ ਵਜੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਛੱਡ ਦਿੰਦੇ ਹਾਂ। ਅਸੀਂ ਕਦੇ ਨਹੀਂ ਸੋਚਿਆ ਕਿ ਇਹ ਸਭ ਕੁਝ ਉਹਨਾਂ ਦੇ ਮਨ ’ਤੇ ਕਿੰਨਾ ਵੱਡਾ ਅਸਰ ਕਰਦਾ ਹੈ। ਬੱਚੇ ਬਚਪਨ ਤੋਂ ਹੀ ਊਟ-ਪਟਾਂਗ ਮੁਜਰਿਆਂ ਵਿੱਚ ਲੱਗ ਗਏ ਹਨ। ਇਹ ਤਾਂ ਸਿਰਫ ਸ਼ੁਰੂਆਤ ਹੈ, ਕਿਉਂਕਿ ਜਿਵੇਂ-ਜਿਵੇਂ ਉਹ ਵੱਡੇ ਹੁੰਦੇ ਹਨ, ਇਹ ਚਸਕਾ ਉਹਨਾਂ ਨੂੰ ਹੋਰ ਵੀ ਖਿੱਚਦਾ ਜਾਂਦਾ ਹੈ।

ਬਜ਼ੁਰਗ ਵੀ ਕਦੇ ਇਸ ਪੇਸ਼ੇ ’ਤੇ ਹੱਸਦੇ ਹੁੰਦੇ ਸਨ, ਪਰ ਅੱਜ ਦੇ ਸਮੇਂ ਵਿੱਚ ਉਹਨਾਂ ਦੀਆਂ ਉਂਗਲਾਂ ਵੀ ਇਸ ਮੁਜਰੇ ਵਿੱਚ ਸ਼ਾਮਲ ਹਨ। ਉਹ ਅਜੀਬੋ-ਗਰੀਬ ਦਾਅਵਿਆਂ ਅਤੇ ਦਿਲਚਸਪ ਗੱਲਾਂ ਵਿੱਚ ਲੱਗ ਕੇ ਆਪਣਾ ਮਨ ਆਨਲਾਈਨ ਮੁਜਰੇ ਵਾਲੀਆਂ ਰੀਲਾਂ ਨਾਲ ਬਹਿਲਾਉਂਦੇ ਹਨ। ਹਰ ਕੋਈ ਆਪਣੀ ਉਮਰ ਨੂੰ ਭੁੱਲਕੇ, ਆਪਣੇ ਅੰਦਰਲੇ ਬੱਚੇ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਅਸਲ ਵਿੱਚ ਇਹ ਬੱਚਾ ਨਹੀਂ, ਇਹ ਉਹਦੇ ਅੰਦਰਲਾ ਮੁਜਰਾ ਹੀ ਹੈ, ਜੋ ਸੋਸ਼ਲ ਮੀਡੀਆ ਦੀ ਆਦਤ ਨਾਲ ਬਾਹਰ ਆ ਰਿਹਾ ਹੈ। ਮੁਜਰੇ ਨੇ ਕਦੇ ਸਮਾਜ ਵਿੱਚ ਇੱਕ ਹਲਕੇ ਪੇਸ਼ੇ ਵਜੋਂ ਪਛਾਣ ਬਣਾਈ ਸੀ, ਪਰ ਅੱਜ ਦੇ ਜ਼ਮਾਨੇ ਵਿੱਚ ਇਸ ਪੇਸ਼ੇ ਦੀ ਪਛਾਣ ਹਰ ਕਿਸੇ ਲਈ ਹੈ।

ਮੁਜਰੇ ਦੀ ਇਹ ਆਦਤ ਹੁਣ ਹਰ ਆਮ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਹੈ। ਲੋਕ ਅਗਿਆਨਤਾ ਦੇ ਮੁਜਰੇ ਵਿੱਚ ਲੀ, ਆਪਣੇ ਆਪ ਨੂੰ ਖ਼ਤਮ ਕਰਦੇ ਜਾ ਰਹੇ ਹਨ। ਸਮਾਜ ਇੱਕ ਵੱਡੇ ਦਰਬਾਰ ਵਿੱਚ ਤਬਦੀਲ ਹੋ ਗਿਆ ਹੈ, ਜਿੱਥੇ ਹਰ ਕੋਈ ਆਪਣਾ ਮੁਜਰਾ ਪੇਸ਼ ਕਰਨ ਵਿੱਚ ਵਿਅਸਤ ਹੈ। ਇਹਨਾਂ ਪੇਸ਼ਕਾਰਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਪਰ ਇਨ੍ਹਾਂ ਦੇ ਮੁਜਰੇ ਦਾ ਮੰਜ਼ਿਲ ਸਿਰਫ਼ ਇੱਕ ਹੀ ਹੈ - ਆਪਣੇ ਆਪ ਨੂੰ ਦੁਨੀਆਂ ਦੀ ਨਜ਼ਰ ਵਿੱਚ ਕੇਂਦਰਿਤ ਕਰਵਾਉਣਾ। ਇਸ ਲਈ ਭਾਵੇਂ ਨੈਤਿਕ ਪੱਧਰ ਤੋਂ ਹੇਠਾਂ ਜਾ ਕੇ ਆਪਣੀ ਪਛਾਣ ਸਥਾਪਿਤ ਕਰਨ ਦਾ ਰਸਤਾ ਇਖਤਿਆਰ ਕਰਨਾ ਪਵੇ। ਸੋਸ਼ਲ ਮੀਡੀਆ ਨੇ, ਜੋ ਕਿ ਇੱਕ ਵੱਖਰੇ ਸਮਾਜ ਨੂੰ ਸਿਰਜਦਾ ਹੈ, ਹਰ ਆਮ ਆਦਮੀ ਨੂੰ ਇੱਕ ਰਾਜਾ ਬਣਾ ਦਿੱਤਾ ਹੈ। ਮੁਜਰਾ ਹੁਣ ਸਿਰਫ਼ ਮਨੋਰੰਜਨ ਦੀ ਚੀਜ਼ ਨਹੀਂ ਰਿਹਾ, ਇਹ ਇੱਕ ਆਦਤ, ਇੱਕ ਨਸ਼ਾ, ਅਤੇ ਜ਼ਿੰਦਗੀ ਦਾ ਇੱਕ ਨਵਾਂ ਅੰਗ ਬਣ ਚੁੱਕਾ ਹੈ। ਕਈ ਲੋਕ ਆਪਣੇ ਆਪ ਨੂੰ ਇਸ ਵਿੱਚ ਗੁਆ ਰਹੇ ਹਨ, ਕਈ ਮੁਫ਼ਤ ਵਿੱਚ ਇਹਦੇ ਗਾਹਕ ਬਣਕੇ ਆਨੰਦ ਲੈ ਰਹੇ ਹਨ।

2ਜੀਬੀ ਦੇ ਇਹ ਮੁਜਰੇ, ਜੋ ਕਿ ਅਸੀਂ ਸਿਰਫ਼ ਇੱਕ ਕਲਿੱਕ ਨਾਲ ਦੇਖ ਸਕਦੇ ਹਾਂ, ਅਸੀਂ ਇਹ ਭੁੱਲ ਚੁੱਕੇ ਹਾਂ ਕਿ ਇਹ ਸਿਰਫ਼ ਇੱਕ ਮੋਬਾਇਲ ਦੀ ਸਕ੍ਰੀਨ ਦੇ ਪਾਰ ਦੀ ਦੁਨੀਆ ਨਹੀਂ ਹੈ, ਇਹ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਈ ਹੈ। ਸਿਰਫ਼ ਇੱਕ ਕਲਿੱਕ ਕਰਨਾ ਹੈ, ਅਤੇ ਅਸੀਂ ਵੀ ਇਸ ਮੁਜਰੇ ਵਿੱਚ ਸ਼ਾਮਲ ਹੋ ਜਾਵਾਂਗੇ। ਇੱਕ ਦਿਨ ਸ਼ਾਇਦ ਅਸੀਂ ਇਹ ਵੀ ਭੁੱਲ ਜਾਵਾਂਗੇ ਕਿ ਅਸਲ ਜ਼ਿੰਦਗੀ ਕਿਹੜੀ ਹੈ। ਅਸੀਂ ਇਸ ਵਰਚੁਅਲ ਦੁਨੀਆ ਵਿੱਚ ਐਵੇਂ ਹੀ ਇੱਕ ਦੁਨੀਆ ਨੂੰ ਸਿਰਜ ਲਿਆ ਹੈ, ਜਿੱਥੇ ਸੱਚ ਅਤੇ ਝੂਠ ਦੇ ਵਿਚਕਾਰ ਦੀ ਰੇਖਾ ਮਿਟ ਗਈ ਹੈ। ਅਸੀਂ ਆਪਣੇ ਆਪ ਨੂੰ ਇਸ ਅਨੰਦ ਦੇ ਚਸਕੇ ਵਿੱਚ ਇਸ ਕਦਰ ਸ਼ਾਮਿਲ ਕਰ ਲਿਆ ਹੈ ਕਿ ਸੱਚੇ ਸੰਬੰਧਾਂ ਅਤੇ ਅਸਲ ਪਿਆਰ ਦੀ ਥਾਂ ਵਰਚੁਅਲ ਮੁਜਰੇ ਨੇ ਲੈ ਲਈ ਹੈ। ਇਹ ਮਜ਼ਾਕ ਨਹੀਂ, ਸਚਾਈ ਹੈ ਕਿ ਅਸੀਂ 2ਜੀਬੀ ਦੇ ਸਸਤੇ ਮੁਜਰੇ ਵਿੱਚ ਇਸ ਕਦਰ ਗੁੰਮ ਹੋ ਗਏ ਹਾਂ ਕਿ ਅਸੀਂ ਆਪਣੇ ਸੱਭਿਆਚਾਰਕ ਮੂਲ ਅਧਾਰ ਅਤੇ ਜੀਵਨ ਦੀਆਂ ਅਸਲ ਸਚਾਈ ਨੂੰ ਭੁੱਲ ਬੈਠੇ ਹਾਂ। ਇਹ 2ਜੀਬੀ ਦਾ ਮੁਜਰਾ ਅਸਲ ਵਿੱਚ ਸਾਡੇ ਆਪਸ ਵਿੱਚ ਦੇ ਰਿਸ਼ਤਿਆਂ ਨੂੰ ਤੋੜ ਰਿਹਾ ਹੈ ਅਤੇ ਸਾਡੇ ਜੀਵਨ ਦੇ ਅਸਲ ਅਰਥਾਂ ਨੂੰ ਮਿਟਾ ਰਿਹਾ ਹੈ।

ਇਹ ਸਮਾਂ ਹੈ ਸੋਚਣ ਦਾ ਕਿ ਸਾਡੇ ਜੀਵਨ ਦਾ ਇਹ ਮੁਜਰਾ ਅਖੀਰ ਸਾਂਨੂੰ ਕਿੱਥੇ ਲੈ ਕੇ ਜਾ ਰਿਹਾ ਹੈ। ਅਸੀਂ ਅਜੇ ਵੀ ਵਕਤ ਨੂੰ ਸੰਭਾਲ ਸਕਦੇ ਹਾਂ ਅਤੇ ਆਪਣੀ ਅਸਲ ਜ਼ਿੰਦਗੀ ਨੂੰ ਵਾਪਸ ਗ੍ਰਹਿਣ ਕਰ ਸਕਦੇ ਹਾਂ। ਅਸਲ ਮੂਲ ਅਧਾਰਾਂ ਵਾਲੀ ਪਛਾਣ ਵੱਲ ਵਾਪਸੀ ਦੀ ਲੋੜ ਹੈ, ਨਾ ਕਿ ਸੋਸ਼ਲ ਮੀਡੀਆ ਦੇ ਇਸ 2ਜੀਬੀ ਦੇ ਸਸਤੇ ਮੁਜਰੇ ਵਿੱਚ ਆਪਣੀ ਖੁਦ ਦੀ ਪਛਾਣ ਨੂੰ ਗੁੰਮ ਕਰਨ ਦੀ। ਸੋ, ਚੰਗਾ ਹੋਵੇਗਾ ਕਿ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਫਿਰ ਤੋਂ ਆਸਾਨ, ਸਧਾਰਨ ਅਤੇ ਸੱਚਾ ਬਣਾਈਏ, ਜਿੱਥੇ ਮੁਜਰੇ ਨਹੀਂ, ਸੱਚੇ ਸੰਬੰਧ ਹੋਣ।

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5337)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਸੰਦੀਪ ਕੁਮਾਰ

ਸੰਦੀਪ ਕੁਮਾਰ

Computer Teacher, MA Psychology. Rupnagar, Punjab, India.
WhatsApp: (91 - 70098 - 07121)
Email: (liberalthinker1621@gmail.com)

More articles from this author