“ਜੇਕਰ ਅਸੀਂ ਚਾਹੁੰਦੇ ਹਾਂ ਕਿ ਸਮਾਜ ਦਲੇਰ, ਨਿਰਪੱਖ ਅਤੇ ਚਿਤੰਨ ਬਣੇ ਤਾਂ ਮੀਡੀਆ ਦੀ ਆਜ਼ਾਦੀ ...”
(3 ਮਈ 2025)
ਪ੍ਰੈੱਸ ਜਾਂ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ। ਇਹ ਉਹ ਥੰਮ੍ਹ ਹੈ ਜੋ ਲੋਕਾਂ ਨੂੰ ਨਾ ਸਿਰਫ਼ ਸਰਕਾਰ ਅਤੇ ਵਿਵਸਥਾ ਦੇ ਕੰਮਕਾਜ ਬਾਰੇ ਜਾਣੂ ਕਰਵਾਉਂਦਾ ਹੈ, ਸਗੋਂ ਸਮਾਜ ਵਿੱਚ ਚੱਲ ਰਹੀਆਂ ਹਰੇਕ ਤਰ੍ਹਾਂ ਦੀਆਂ ਗਤੀਵਿਧੀਆਂ ਉੱਤੇ ਰੋਸ਼ਨੀ ਪਾ ਕੇ ਲੋਕ ਚੇਤਨਾ ਨੂੰ ਜਗਾਉਣ ਵਿੱਚ ਵੀ ਭੂਮਿਕਾ ਨਿਭਾਉਂਦਾ ਹੈ। ਇਨ੍ਹਾਂ ਹੀ ਕਾਰਨਾਂ ਕਰਕੇ ਹਰੇਕ ਦੇਸ਼ ਵਿੱਚ ਪ੍ਰੈੱਸ ਦੀ ਆਜ਼ਾਦੀ ਨੂੰ ਵੱਡੀ ਅਹਿਮੀਅਤ ਦਿੱਤੀ ਜਾਂਦੀ ਹੈ। ਹਰ ਸਾਲ 3 ਮਈ ਨੂੰ ਦੁਨੀਆ ਭਰ ਵਿੱਚ ਪ੍ਰੈੱਸ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਇਹ ਹੈ ਕਿ ਲੋਕਾਂ ਨੂੰ ਮੀਡੀਆ ਦੀ ਆਜ਼ਾਦੀ, ਪੱਤਰਕਾਰਾਂ ਦੀ ਸੁਰੱਖਿਆ ਅਤੇ ਨਿਰਪੱਖ ਪੱਤਰਕਾਰਤਾ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਜਾਵੇ। ਇਹ ਦਿਨ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੈਸਕੋ ਵੱਲੋਂ 1993 ਵਿੱਚ ਘੋਸ਼ਿਤ ਕੀਤਾ ਗਿਆ ਸੀ। ਇਸਦੀ ਸ਼ੁਰੂਆਤ 1991 ਵਿੱਚ ਅਫਰੀਕੀ ਦੇਸ਼ ਨਮੀਬੀਆ ਦੀ ਰਾਜਧਾਨੀ ਵਿੰਡਹੁੱਕ ਵਿੱਚ ਹੋਈ ਇੱਕ ਸੰਮੇਲਨ ਤੋਂ ਹੋਈ ਸੀ, ਜਿਸ ਵਿੱਚ ਪੱਤਰਕਾਰਾਂ ਨੇ ਮੀਡੀਆ ਦੀ ਆਜ਼ਾਦੀ ਅਤੇ ਜ਼ਿੰਮੇਵਾਰ ਪੱਤਰਕਾਰਤਾ ਬਾਰੇ ਚਰਚਾ ਕੀਤੀ। ਉਸ ਸੰਮੇਲਨ ਤੋਂ ਜਾਰੀ ਹੋਈ ‘ਵਿੰਡਹੁੱਕ ਘੋਸ਼ਣਾ’ ਨੇ ਦੁਨੀਆ ਭਰ ਵਿੱਚ ਪੱਤਰਕਾਰਤਾ ਦੀ ਆਜ਼ਾਦੀ ਅਤੇ ਸੁਰੱਖਿਆ ਦੇ ਹੱਕ ਵਿੱਚ ਆਵਾਜ਼ ਉਠਾਈ। ਉਸ ਤੋਂ ਬਾਅਦ ਹਰ ਸਾਲ 3 ਮਈ ਨੂੰ ਵਿਸ਼ਵ ਪੱਧਰ ’ਤੇ ਪ੍ਰੈੱਸ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ।
ਪੱਤਰਕਾਰਤਾ ਦਾ ਅਸਲ ਮਕਸਦ ਸੱਚ ਨੂੰ ਉਜਾਗਰ ਕਰਨਾ, ਗਲਤ ਨੀਤੀਆਂ ਨੂੰ ਬੇਨਕਾਬ ਕਰਨਾ ਅਤੇ ਲੋਕਾਂ ਤਕ ਨਿਰਪੱਖ ਜਾਣਕਾਰੀ ਪਹੁੰਚਾਉਣਾ ਹੋਣਾ ਚਾਹੀਦਾ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਇਹ ਚੌਥਾ ਥੰਮ੍ਹ ਆਪਣੇ ਅਸਲੀ ਰੂਪ ਤੋਂ ਦੂਰ ਹੋ ਰਿਹਾ ਹੈ। ਪੱਤਰਕਾਰਤਾ ਦਾ ਮੂਲ ਉਦੇਸ਼ ਅੱਜ ਪਿੱਛੇ ਛੁੱਟ ਰਿਹਾ ਹੈ ਤੇ ਪੀਲੀ ਪੱਤਰਕਾਰਤਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜਿੱਥੇ ਨਿਰਪੱਖ ਅਤੇ ਸੋਚ ਸਮਝ ਕੇ ਚਲਾਈ ਜਾਣ ਵਾਲੀ ਪੱਤਰਕਾਰਤਾ ਦੀ ਲੋੜ ਸੀ, ਉੱਥੇ ਅੱਜ ਅਣਪੜ੍ਹੇ, ਅਣਅਨੁਭਵੀ ਅਤੇ ਵਿੱਦਿਅਕ ਯੋਗਤਾ ਤੋਂ ਰਹਿਤ ਲੋਕ ਵੀ ਕਲਮ ਜਾਂ ਮਾਈਕ ਫੜ ਕੇ ਪੱਤਰਕਾਰ ਬਣੇ ਫਿਰ ਰਹੇ ਹਨ। ਇਹ ਨਵੇਂ ਸਵੈ-ਘੋਸ਼ਿਤ ਪੱਤਰਕਾਰ ਅਕਸਰ ਸਿਰਫ਼ ਵਾਇਰਲ ਹੋਣ ਜਾਂ ਆਪਣੇ ਨਫੇ ਲਈ ਕੰਮ ਕਰਦੇ ਹਨ। ਇਹ ਲੋਕ ਪੱਤਰਕਾਰਤਾ ਨੂੰ ਇੱਕ ਆਦਰਸ਼ ਪੇਸ਼ਾ ਸਮਝਣ ਦੀ ਬਜਾਏ ਇੱਕ ਚਲਾਕੀ ਭਰੀ ਚਾਲ ਜਾਂ ਧੰਦਾ ਸਮਝਦੇ ਹਨ। ਨਤੀਜੇ ਵਜੋਂ ਜੋ ਲੋਕ ਪੂਰੀ ਤਿਆਰੀ ਅਤੇ ਵਿੱਦਿਅਕ ਯੋਗਤਾ ਨਾਲ ਇਸ ਖੇਤਰ ਵਿੱਚ ਆਏ ਹਨ, ਉਹਨਾਂ ਦੀ ਵੀ ਇਮਾਨਦਾਰੀ ਅਤੇ ਨਿਰਪੱਖਤਾ ਤੇ ਸਵਾਲ ਉੱਠਣ ਲੱਗ ਪਏ ਹਨ। ਅੱਜ ਸੱਚ ਅਤੇ ਝੂਠ, ਨਿਰਪੱਖਤਾ ਅਤੇ ਪੱਖਪਾਤ ਵਿੱਚ ਅੰਤਰ ਕਰਨਾ ਆਮ ਪਾਠਕ ਲਈ ਮੁਸ਼ਕਿਲ ਹੋ ਗਿਆ ਹੈ।
ਇਸਦੇ ਨਾਲ ਹੀ ਅੱਜ ਪੱਤਰਕਾਰਤਾ ਦੋ ਧੜਿਆਂ ਵਿੱਚ ਵੰਡ ਹੋ ਗਈ ਹੈ। ਇੱਕ ਧੜਾ ਸਰਕਾਰਾਂ ਦੇ ਹੱਕ ਵਿੱਚ ਕੰਮ ਕਰ ਰਿਹਾ ਹੈ, ਜਿੱਥੇ ਹਕੀਕਤ ਨੂੰ ਛੁਪਾ ਕੇ ਕੇਵਲ ਸਰਕਾਰੀ ਪ੍ਰਚਾਰ ਕੀਤਾ ਜਾਂਦਾ ਹੈ। ਦੂਜਾ ਧੜਾ ਵਿਰੋਧੀ ਧਿਰ ਨਾਲ ਜੁੜ ਕੇ ਕੇਵਲ ਵਿਰੋਧ ਲਈ ਵਿਰੋਧ ਕਰ ਰਿਹਾ ਹੈ। ਦੋਹਾਂ ਹੀ ਹਾਲਤਾਂ ਵਿੱਚ ਸਮਾਜ ਨੂੰ ਨੁਕਸਾਨ ਪਹੁੰਚ ਰਿਹਾ ਹੈ। ਅਜਿਹੀ ਪੱਤਰਕਾਰਤਾ ਜੋ ਸਿਰਫ਼ ਕਿਸੇ ਵਿਸ਼ੇਸ਼ ਹਿਤ ਦੇ ਤਹਿਤ ਕੀਤੀ ਜਾਵੇ, ਉਹ ਕਦੇ ਵੀ ਚੰਗੀ ਸੇਧ ਨਹੀਂ ਦੇ ਸਕਦੀ। ਸਮਾਜ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਲੋਕਾਂ ਵਿੱਚ ਵੰਡ ਪੈਦਾ ਹੁੰਦੀ ਹੈ ਅਤੇ ਲੋਕਤੰਤਰ ਦੀ ਜੜ੍ਹਾਂ ਹਿੱਲਦੀਆਂ ਹਨ। ਪ੍ਰੈੱਸ ਆਜ਼ਾਦੀ ਦਿਵਸ ਮਨਾਉਣ ਦਾ ਅਸਲ ਮਕਸਦ ਇਹ ਸੀ ਕਿ ਪੱਤਰਕਾਰਤਾ ਨੂੰ ਇੱਕ ਅਜਿਹੀ ਆਜ਼ਾਦੀ ਮਿਲੇ ਜੋ ਕਿਸੇ ਵੀ ਰੂਪ ਵਿੱਚ ਰਾਜਨੀਤਿਕ ਜਾਂ ਆਰਥਿਕ ਦਬਾਅ ਤੋਂ ਆਜ਼ਾਦ ਹੋਵੇ, ਜਿੱਥੇ ਪੱਤਰਕਾਰ ਦਲੇਰ ਹੋ ਕੇ ਸੱਚ ਲਿਖਣ ਅਤੇ ਦੱਸਣ ਦਾ ਜਜ਼ਬਾ ਰੱਖਦੇ ਹੋਣ। ਪਰ ਅੱਜ ਦੀ ਹਕੀਕਤ ਵੱਖਰੀ ਹੈ। ਪੱਤਰਕਾਰਾਂ ਨੂੰ ਆਪਣੇ ਕੰਮ ਲਈ ਸਿਰਫ਼ ਆਲੋਚਨਾ ਹੀ ਨਹੀਂ, ਕਈ ਵਾਰ ਜਾਨ ਦੀ ਕੀਮਤ ਵੀ ਚੁਕਾਉਣੀ ਪੈਂਦੀ ਹੈ। ਕਈ ਪੱਤਰਕਾਰ, ਜੋ ਦਲੇਰ ਹੋ ਕੇ ਮਾਫੀਆ ਜਾਂ ਭ੍ਰਿਸ਼ਟਾਚਾਰ ਖਿਲਾਫ ਆਵਾਜ਼ ਉਠਾਉਂਦੇ ਹਨ, ਉਹ ਜਾਂ ਤਾਂ ਗੁੰਮ ਹੋ ਜਾਂਦੇ ਹਨ ਜਾਂ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਅਜਿਹੀਆਂ ਘਟਨਾਵਾਂ ਨੇ ਸਾਬਤ ਕੀਤਾ ਹੈ ਕਿ ਪੱਤਰਕਾਰਤਾ ਇੱਕ ਜੰਗ ਵਰਗੀ ਬਣ ਗਈ ਹੈ ਜੋ ਸਿਰਫ਼ ਦਲੇਰੀ ਨਾਲ ਹੀ ਲੜੀ ਜਾ ਸਕਦੀ ਹੈ।
ਪਰ ਇੱਥੇ ਇੱਕ ਹੋਰ ਪਾਸਾ ਵੀ ਦੇਖਣਯੋਗ ਹੈ। ਪੱਤਰਕਾਰਤਾ ਦੇ ਖੇਤਰ ਵਿੱਚ ਸਿਰਫ਼ ਸਰਕਾਰਾਂ ਨੂੰ ਇਲਜ਼ਾਮ ਦੇ ਕੇ ਵੀ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਸੁਰਖਰੂ ਨਹੀਂ ਹੋ ਸਕਦੇ। ਪੱਤਰਕਾਰਤਾ ਨਾਲ ਜੁੜੇ ਹਰੇਕ ਵਿਅਕਤੀ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਪੇਸ਼ੇਵਰ ਇਮਾਨਦਾਰੀ ਨੂੰ ਬਰਕਰਾਰ ਰੱਖੇ। ਉਹ ਆਪਣੀ ਲਿਖਤ ਜਾਂ ਬੋਲਦਿਆਂ ਸਮੇਂ ਨਿਰਪੱਖਤਾ ਅਤੇ ਸੱਚ ਨੂੰ ਅੱਗੇ ਰੱਖੇ ਕਿਉਂਕਿ ਇੱਕ ਇਮਾਨਦਾਰ ਅਤੇ ਦਲੇਰ ਪੱਤਰਕਾਰ ਸਮਾਜ ਦੀ ਆਵਾਜ਼ ਬਣ ਸਕਦਾ ਹੈ। ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਿ ਮੀਡੀਆ ਵਿੱਚ ਮੌਜੂਦਾ ਸਮੇਂ ਵਿੱਚ ਕਈ ਅਜਿਹੇ ਲੋਕ ਵੀ ਮੌਜੂਦ ਹਨ ਜੋ ਅਜੇ ਵੀ ਆਪਣੀ ਪੇਸ਼ਾਵਰ ਨੈਤਿਕਤਾ ’ਤੇ ਡਟੇ ਹੋਏ ਹਨ। ਪਰ ਇਨ੍ਹਾਂ ਦੀ ਗਿਣਤੀ ਘੱਟ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ ਜਦੋਂ ਤਕ ਪੱਤਰਕਾਰਤਾ ਨਾਲ ਜੁੜੇ ਵਿਅਕਤੀ ਆਪਣੇ ਅੰਦਰ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਇੱਛਾ ਨਹੀਂ ਰੱਖਣਗੇ, ਤਦ ਤਕ ਸਹੀ ਮਾਨਿਆਂ ਵਿੱਚ ਪ੍ਰੈੱਸ ਦੀ ਆਜ਼ਾਦੀ ਇੱਕ ਧੁੰਦਲੇ ਸੁਪਨੇ ਵਰਗੀ ਰਹੇਗੀ। ਸੱਚੀ ਅਤੇ ਨਿਰਪੱਖ ਪੱਤਰਕਾਰਤਾ ਹੀ ਲੋਕਤੰਤਰ ਨੂੰ ਮਜ਼ਬੂਤ ਕਰ ਸਕਦੀ ਹੈ। ਪਰ ਇਸ ਰਾਹ ’ਤੇ ਚੱਲਣਾ ਅਸਾਨ ਨਹੀਂ ਹੈ। ਆਮਦਨ ਦੀ ਕਮੀ, ਜਾਨ ਦਾ ਖਤਰਾ, ਦਬਾਅ ਅਤੇ ਧਮਕੀਆਂ ਆਮ ਗੱਲ ਹੋ ਚੁੱਕੀਆਂ ਹਨ। ਪਰ ਜੋ ਲੋਕ ਆਪਣੇ ਅੰਦਰ ਸੱਚ ਦੀ ਚਿੰਗਾਰੀ ਬਾਲਕੇ ਰੱਖਦੇ ਹਨ, ਉਹ ਕਿਸੇ ਵੀ ਹਾਲਤ ਵਿੱਚ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟਦੇ। ਅੱਜ ਦੇ ਸਮਾਜ ਨੂੰ ਅਜਿਹੇ ਹੀ ਲੋਕਾਂ ਦੀ ਲੋੜ ਹੈ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਮੀਡੀਆ ਦੀ ਆਜ਼ਾਦੀ ਦੀ ਰੱਖਿਆ ਸਿਰਫ਼ ਕਾਨੂੰਨਾਂ ਨਾਲ ਨਹੀਂ ਹੋ ਸਕਦੀ ਹੈ। ਇਹ ਤਦ ਹੀ ਸੰਭਵ ਹੈ ਜਦੋਂ ਪੱਤਰਕਾਰ ਆਪਣੇ ਕੰਮ ਨੂੰ ਸੇਵਾ ਸਮਝਣ ਲੱਗਣ, ਜਦੋਂ ਉਹ ਸੱਚ ਦੀ ਪੱਖਦਾਰੀ ਕਰਨ, ਜਦੋਂ ਉਹ ਕਿਸੇ ਵੀ ਹਿਤ ਤੋਂ ਪਰੇ ਹੋ ਕੇ ਸਮਾਜਕ ਸਰੋਕਾਰਾਂ ਨੂੰ ਪਹਿਲ ਦੇਣ। ਇਸ ਲਈ 3 ਮਈ ਦਾ ਦਿਨ ਸਿਰਫ ਪ੍ਰੈੱਸ ਦੀ ਅਜ਼ਾਦੀ ਨੂੰ ਮਨਾਉਣ ਦਾ ਦਿਨ ਹੀ ਨਹੀਂ ਸਗੋਂ ਇਹ ਇੱਕ ਆਤਮ-ਮੰਥਨ ਦਾ ਦਿਨ ਵੀ ਹੈ; ਜਿੱਥੇ ਪੱਤਰਕਾਰਤਾ ਨਾਲ ਜੁੜੇ ਹਰੇਕ ਵਿਅਕਤੀ ਨੂੰ ਸੋਚਣ ਦੀ ਲੋੜ ਹੈ ਕਿ ਕੀ ਉਹ ਆਪਣੇ ਫਰਜ਼ ਨੂੰ ਇਮਾਨਦਾਰੀ ਨਾਲ ਨਿਭਾ ਰਿਹਾ ਹੈ ਜਾਂ ਨਹੀਂ।
ਜੇਕਰ ਅਸੀਂ ਚਾਹੁੰਦੇ ਹਾਂ ਕਿ ਸਮਾਜ ਦਲੇਰ, ਨਿਰਪੱਖ ਅਤੇ ਚੇਤਨ ਬਣੇ ਤਾਂ ਮੀਡੀਆ ਦੀ ਆਜ਼ਾਦੀ ਨੂੰ ਨਾ ਸਿਰਫ਼ ਕਾਨੂੰਨੀ ਤੌਰ ’ਤੇ ਸੁਰੱਖਿਅਤ ਕਰਨਾ ਹੋਵੇਗਾ, ਸਗੋਂ ਮਾਨਸਿਕ ਅਤੇ ਆਤਮਿਕ ਤੌਰ ’ਤੇ ਵੀ ਸਾਫ ਅਤੇ ਇਮਾਨਦਾਰ ਰਸਤੇ ’ਤੇ ਲੈ ਕੇ ਜਾਣਾ ਪਏਗਾ। ਕਿਉਂਕਿ ਜਦੋਂ ਤਕ ਚੌਥਾ ਥੰਮ੍ਹ ਮਜ਼ਬੂਤ ਨਹੀਂ, ਤਦ ਤਕ ਲੋਕਤੰਤਰ ਦੀ ਇਮਾਰਤ ਵੀ ਕੱਚੀ ਰਹੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)