“ਇਸ ਹਾਲਾਤ ਵਿੱਚ ਮੀਡੀਆ ਨੂੰ ਆਪਣਾ ਵਿਵਹਾਰ ਬਦਲਣ ਦੀ ਲੋੜ ਹੈ। ਮੀਡੀਆ ਨੂੰ ...”
(23 ਜੂਨ 2025)
ਮੀਡੀਆ ਨੂੰ ਅਕਸਰ ਲੋਕਤੰਤਰ ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ। ਇਸਦੀ ਭੂਮਿਕਾ ਲੋਕਾਂ ਨੂੰ ਸਚਾਈ ਨਾਲ ਵਾਕਿਫ ਕਰਵਾਉਣ ਦੀ ਰਹੀ ਹੈ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਅੱਜ ਮੀਡੀਆ ਆਪਣੀ ਇਸ ਭੂਮਿਕਾ ਤੋਂ ਭਟਕ ਗਿਆ ਹੈ। ਜਿਹੜਾ ਮੀਡੀਆ ਇੱਕ ਸਮੇਂ ਲੋਕਾਂ ਦੀ ਅਵਾਜ਼ ਬਣਦਾ ਸੀ, ਉਹ ਅੱਜ ਖੁਦ ਦੋ ਵੱਡੇ ਗੁੱਟਾਂ ਵਿੱਚ ਵੰਡ ਗਿਆ ਹੈ। ਇੱਕ ਹਿੱਸਾ ਸੱਤਾਧਾਰੀ ਧਿਰ ਨਾਲ ਜੁੜ ਗਿਆ ਹੈ ਅਤੇ ਦੂਜਾ ਹਿੱਸਾ ਸੱਤਾ ਵਿਰੋਧੀ ਧਿਰ ਨਾਲ ਜੁੜ ਗਿਆ ਹੈ। ਮੀਡੀਆ ਦੀ ਇਸ ਵੰਡ ਦਾ ਨਤੀਜਾ ਇਹ ਹੋਇਆ ਹੈ ਕਿ ਸੱਤਾਧਾਰੀ ਧਿਰ ਨਾਲ ਜੁੜਿਆ ਮੀਡੀਆ ਹਮੇਸ਼ਾ ਸਰਕਾਰ ਦੇ ਕੰਮਾਂ ਦੀ ਬਿਨਾਂ ਕਿਸੇ ਗੰਭੀਰ ਸਮੀਖਿਆ ਦੇ ਪ੍ਰਸ਼ੰਸਾ ਕਰਦਾ ਰਹਿੰਦਾ ਹੈ। ਉਹ ਹਰ ਫੈਸਲੇ ਨੂੰ ਸਹੀ ਠਹਿਰਾਉਂਦਾ ਹੈ, ਲੋਕਾਂ ਦੇ ਹੱਕਾਂ ਅਤੇ ਚਿੰਤਾਵਾਂ ਦੀ ਗੱਲ ਕਰਨ ਦੀ ਬਜਾਏ ਉਹ ਸਰਕਾਰ ਦੀ ਮਾਨਸਿਕਤਾ ਨੂੰ ਹੀ ਲੋਕਾਂ ਦੀ ਸੋਚ ਵਿੱਚ ਘੋਲਣ ਦੀ ਕੋਸ਼ਿਸ਼ ਕਰਦਾ ਹੈ। ਇਸ ਮੀਡੀਆ ਵਿੱਚ ਨਾ ਗਰੀਬਾਂ ਦੀ ਆਵਾਜ਼ ਸੁਣਾਈ ਦਿੰਦੀ ਹੈ, ਨਾ ਕਿਸਾਨਾਂ ਦੀਆਂ ਚਿੰਤਾਵਾਂ ਅਤੇ ਨਾ ਹੀ ਬੇਰੋਜ਼ਗਾਰੀ ਦੀ ਸਮੱਸਿਆ ਦਿਖਾਈ ਦਿੰਦੀ ਹੈ।
ਦੂਜੇ ਪਾਸੇ ਸੱਤਾ ਵਿਰੋਧੀ ਧਿਰ ਨਾਲ ਜੁੜਿਆ ਮੀਡੀਆ ਵੀ ਆਪਣੀ ਧਾਰਾ ਵਿੱਚ ਇੱਕ ਪੱਖੀ ਬਣ ਚੁੱਕਾ ਹੈ। ਉਹ ਹਮੇਸ਼ਾ ਸਰਕਾਰ ਦੀ ਨਿੰਦਾ ਕਰਦਾ ਹੈ। ਬਿਨਾਂ ਇਸ ਗੱਲ ਦਾ ਵਿਚਾਰ ਕੀਤੇ ਕਿ ਕੀ ਸਰਕਾਰ ਵੱਲੋਂ ਕੋਈ ਚੰਗਾ ਕੰਮ ਵੀ ਹੋ ਰਿਹਾ ਹੈ ਜਾਂ ਨਹੀਂ, ਹਰ ਫੈਸਲੇ ਦੀ ਆਲੋਚਨਾ ਕਰਨੀ, ਹਰ ਨੀਤੀ ਨੂੰ ਗਲਤ ਸਾਬਤ ਕਰਨਾ ਅਤੇ ਸਰਕਾਰ ਨੂੰ ਲੋਕਾਂ ਵਿਰੋਧੀ ਦਿਖਾਉਣਾ ਉਸਦੇ ਕੰਮ ਦਾ ਕੇਂਦਰ ਬਣ ਗਿਆ ਹੈ। ਇੱਥੋਂ ਤਕ ਕਿ ਜਦੋਂ ਸਰਕਾਰ ਵੱਲੋਂ ਕੋਈ ਲੋਕ-ਹਿਤ ਵਾਲਾ ਫੈਸਲਾ ਵੀ ਲਿਆ ਜਾਂਦਾ ਹੈ ਤਾਂ ਵੀ ਉਹ ਮੀਡੀਏ ਦਾ ਇਹ ਹਿੱਸਾ ਉਸ ਨੂੰ ਸ਼ੱਕ ਦੀ ਨਿਗਾਹ ਨਾਲ ਹੀ ਦੇਖਦਾ ਹੈ। ਇਸ ਤਰ੍ਹਾਂ ਦੀ ਮੀਡੀਆ ਦੀ ਭੂਮਿਕਾ ਨੇ ਲੋਕਾਂ ਦੀ ਸੋਚ ਨੂੰ ਵੀ ਦੋ ਧਿਰਾਂ ਵਿੱਚ ਵੰਡ ਦਿੱਤਾ ਹੈ। ਸਮਾਜ ਵਿੱਚ ਲੋਕ ਹੁਣ ਖ਼ਬਰਾਂ ਨੂੰ ਸਮਝਣ ਦੀ ਬਜਾਏ, ਖ਼ਬਰਾਂ ਦੇ ਪਿੱਛੇ ਲੁਕੇ ਇਰਾਦਿਆਂ ਨੂੰ ਦੇਖਣ ਲੱਗ ਪਏ ਹਨ। ਕੋਈ ਵੀ ਖ਼ਬਰ ਦੇਖਣ ਤੋਂ ਪਹਿਲਾਂ ਲੋਕ ਇਹ ਦੇਖਦੇ ਹਨ ਕਿ ਇਹ ਖ਼ਬਰ ਕਿਸ ਚੈਨਲ ਜਾਂ ਅਖ਼ਬਾਰ ਵੱਲੋਂ ਆ ਰਹੀ ਹੈ। ਕਈ ਵਾਰ ਅਸੀਂ ਦੇਖਦੇ ਹਾਂ ਕਿ ਇੱਕੋ ਘਟਨਾ ਨੂੰ ਦੋ ਵੱਖਰੇ ਤਰੀਕਿਆਂ ਨਾਲ ਪੇਸ਼ ਕੀਤਾ ਜਾਂਦਾ ਹੈ। ਇੱਕ ਧਿਰ ਵੱਲੋਂ ਕੋਈ ਘਟਨਾ ਸਰਕਾਰ ਦੀ ਜਿੱਤ ਬਣ ਜਾਂਦੀ ਹੈ ਤੇ ਦੂਜੀ ਧਿਰ ਵੱਲੋਂ ਉਹਹੀ ਘਟਨਾ ਸਰਕਾਰ ਦੀ ਨਾਕਾਮੀ ਬਣ ਜਾਂਦੀ ਹੈ। ਇਹ ਸਭ ਕੁਝ ਮੀਡੀਆ ਦੀ ਨੈਤਿਕਤਾ ਤੇ ਇੱਕ ਵੱਡਾ ਸਵਾਲ ਖੜ੍ਹਾ ਕਰਦਾ ਹੈ। ਜਦੋਂ ਮੀਡੀਆ ਆਪਣੇ ਫਰਜ਼ ਨੂੰ ਭੁੱਲ ਕੇ ਕਿਸੇ ਧਿਰ ਦੀ ਚਮਚਾਗੀਰੀ ਕਰਨ ਲੱਗ ਪੈਂਦਾ ਹੈ ਤਾਂ ਉਹ ਮੀਡੀਆ ਨਹੀਂ ਰਹਿੰਦਾ, ਸਿਰਫ਼ ਇੱਕ ਪ੍ਰਚਾਰ ਮਸ਼ੀਨ ਬਣ ਜਾਂਦਾ ਹੈ। ਮੀਡੀਆ ਦਾ ਕੰਮ ਕਿਸੇ ਧਿਰ ਦੀ ਸੇਵਾ ਕਰਨਾ ਨਹੀਂ, ਬਲਕਿ ਲੋਕਾਂ ਤਕ ਨਿਰਪੱਖ, ਤੱਥਾਂ ਅਧਾਰਤ ਅਤੇ ਸੰਤੁਲਿਤ ਜਾਣਕਾਰੀ ਪਹੁੰਚਾਉਣਾ ਹੈ। ਪਰ ਮੀਡੀਆ ਅੱਜ ਇਹ ਸੰਤੁਲਨ ਗੁਆ ਚੁੱਕਾ ਹੈ। ਸੱਤਾਧਾਰੀ ਧਿਰ ਨਾਲ ਜੁੜਿਆ ਮੀਡੀਆ ਜਿੱਥੇ ਸਰਕਾਰ ਦੀ ਹਰ ਗਲਤ ਨੀਤੀ ਨੂੰ ਵੀ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਉੱਥੇ ਹੀ ਉਹ ਕਦੇ ਵੀ ਸਰਕਾਰ ਤੋਂ ਕੋਈ ਗੰਭੀਰ ਸਵਾਲ ਨਹੀਂ ਪੁੱਛਦਾ। ਜਿੰਨਾ ਜ਼ਿਆਦਾ ਉਹ ਸਰਕਾਰ ਦੀ ਚਮਚਾਗੀਰੀ ਕਰਦਾ ਹੈ, ਉੰਨਾ ਹੀ ਜ਼ਿਆਦਾ ਇਨਾਮ ਜਾਂ ਸਹਿਯੋਗ ਲੈਂਦਾ ਹੈ। ਇੱਥੋਂ ਤਕ ਕਿ ਕਈ ਵਾਰ ਤਾਂ ਉਹ ਪ੍ਰਸਾਰਣ ਸਥਾਨਕ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਨੀਤੀਆਂ ਦੇ ਵਿਗਿਆਪਨ ਦੇ ਰੂਪ ਵਿੱਚ ਹੀ ਕੰਮ ਕਰਦੀਆਂ ਹਨ।
ਦੂਜੇ ਪਾਸੇ ਸੱਤਾ ਵਿਰੋਧੀ ਧਿਰ ਨਾਲ ਜੁੜਿਆ ਮੀਡੀਆ ਹਰ ਖ਼ਬਰ ਨੂੰ ਸੰਵੇਦਨਸ਼ੀਲ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਵਧੇਰੇ ਟੀ.ਆਰ.ਪੀ. ’ਤੇ ਧਿਆਨ ਕੇਂਦਰਤ ਕਰਦਾ ਹੈ। ਉਹ ਖ਼ਬਰ ਦੀ ਸਚਾਈ ਦੀ ਜਾਂਚ ਤੋਂ ਵੱਧ, ਸਿਰਫ਼ ਉਸਦੇ ਭਾਵਨਾਤਮਕ ਪ੍ਰਭਾਵ ਅਤੇ ਲੋਕਾਂ ਨੂੰ ਭੜਕਾਉਣ ਵਾਲੀ ਭੂਮਿਕਾ ਨੂੰ ਤਰਜੀਹ ਦਿੰਦਾ ਹੈ। ਇਹ ਵੀ ਮੀਡੀਆ ਦੀ ਬੇਇਮਾਨੀ ਦਾ ਇੱਕ ਰੂਪ ਹੈ। ਇਸ ਸਭ ਦਾ ਨਤੀਜਾ ਇਹ ਨਿਕਲਦਾ ਹੈ ਕਿ ਲੋਕ ਆਮ ਜਨਤਕ ਮਸਲਿਆਂ ਉੱਤੇ ਇੱਕਜੁੱਟ ਹੋਣ ਦੀ ਬਜਾਏ ਆਪਸ ਵਿੱਚ ਵੰਡੇ ਜਾਂਦੇ ਹਨ। ਕਿਸੇ ਵੀ ਸੱਚ ਨੂੰ ਮੰਨਣ ਤੋਂ ਪਹਿਲਾਂ ਉਹ ਇਹ ਸੋਚਦੇ ਹਨ ਕਿ ਇਹ ਸੱਚ ਕਿਹੜੀ ਧਿਰ ਵੱਲੋਂ ਆ ਰਿਹਾ ਹੈ। ਇੱਥੋਂ ਤਕ ਕਿ ਸਚਾਈ ਦੀ ਪਰਿਭਾਸ਼ਾ ਵੀ ਧਿਰਾਂ ਅਨੁਸਾਰ ਵੱਖ-ਵੱਖ ਹੋ ਗਈ ਹੈ। ਇਹ ਮੀਡੀਆ ਦੀ ਨਿਪੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ। ਜਦੋਂ ਮੀਡੀਆ ਕਿਸੇ ਧਿਰ ਦਾ ਹਥਿਆਰ ਬਣ ਜਾਂਦਾ ਹੈ, ਤਾਂ ਉਹ ਸਿਰਫ਼ ਲੋਕਾਂ ਨੂੰ ਭਟਕਾਉਂਦਾ ਨਹੀਂ, ਬਲਕਿ ਸਮਾਜਿਕ ਏਕਤਾ ਅਤੇ ਲੋਕਤੰਤਰ ਨੂੰ ਵੀ ਕਮਜ਼ੋਰ ਕਰਦਾ ਹੈ। ਇਸ ਤਰ੍ਹਾਂ ਦੀ ਮੀਡੀਆ ਦੀ ਭੂਮਿਕਾ ਨਾ ਸਿਰਫ਼ ਗਲਤ ਹੈ, ਬਲਕਿ ਖ਼ਤਰਨਾਕ ਵੀ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਹਰ ਸਰਕਾਰ ਸਦਾ ਹੀ ਗਲਤ ਹੁੰਦੀ ਹੈ ਜਾਂ ਹਰ ਸਰਕਾਰ ਸਦਾ ਹੀ ਸਹੀ ਹੁੰਦੀ ਹੈ। ਸਰਕਾਰ ਦੇ ਕੰਮਾਂ ਦੀ ਸਮੀਖਿਆ ਮੀਡੀਆ ਦਾ ਫਰਜ਼ ਹੈ, ਪਰ ਇਹ ਸਮੀਖਿਆ ਨਿਰਪੱਖ ਹੋਣੀ ਚਾਹੀਦੀ ਹੈ।
ਇਸ ਹਾਲਾਤ ਵਿੱਚ ਮੀਡੀਆ ਨੂੰ ਆਪਣਾ ਵਿਵਹਾਰ ਬਦਲਣ ਦੀ ਲੋੜ ਹੈ। ਮੀਡੀਆ ਨੂੰ ਆਪਣੇ ਅਸਲ ਫਰਜ਼ ਵੱਲ ਮੁੜਨਾ ਹੋਵੇਗਾ। ਸਚਾਈ ਦੀ ਪੇਸ਼ਕਸ਼, ਨਿਰਪੱਖ ਸਮੀਖਿਆ ਅਤੇ ਜਨਤਕ ਹਿਤ ਨੂੰ ਪਹਿਲ ਦੇਣੀ ਹੋਵੇਗੀ। ਜਦੋਂ ਤਕ ਮੀਡੀਆ ਇਹ ਨਹੀਂ ਕਰਦਾ, ਤਦ ਤਕ ਨਾ ਤਾਂ ਸਮਾਜ ਨਿਰਪੱਖ ਰਹਿ ਸਕਦਾ ਹੈ, ਨਾ ਹੀ ਲੋਕਤੰਤਰ ਮਜ਼ਬੂਤ ਹੋ ਸਕਦਾ ਹੈ। ਅੱਜ ਦੀ ਲੋੜ ਇਹ ਹੈ ਕਿ ਮੀਡੀਆ ਦੁਆਰਾ ਸਰਕਾਰ ਦੇ ਚੰਗੇ ਕੰਮਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਤੋਂ ਹੋਰ ਸਰਕਾਰਾਂ ਵੀ ਸਿੱਖਿਆ ਲੈ ਸਕਣ। ਇਸਦੇ ਨਾਲ ਹੀ ਗਲਤੀਆਂ ਦੀ ਨਖੇਧੀ ਵੀ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਉਹ ਗਲਤੀਆਂ ਦੁਹਰਾਈਆਂ ਨਾ ਜਾਣ। ਇਹੀ ਸੱਚੀ ਨਿਰਪੱਖਤਾ ਹੋਵੇਗੀ, ਜਿਸ ਨਾਲ ਮੀਡੀਆ ਕਿਸੇ ਧਿਰ ਦੀ ਝੰਡਾ ਬਰਦਾਰ ਨਾ ਹੋਕੇ, ਲੋਕਤੰਤਰ ਦਾ ਚੌਥਾ ਥੰਮ੍ਹ ਬਣ ਕੇ ਰਹਿ ਸਕੇਗਾ।
ਇਹ ਕਹਿਣਾ ਉਚਿਤ ਹੋਵੇਗਾ ਕਿ ਮੀਡੀਆ ਦੀ ਦੋ ਗੁੱਟਾਂ ਵਿੱਚ ਵੰਡ ਸਮਾਜ ਦੇ ਲਈ ਇੱਕ ਵੱਡਾ ਸੰਕਟ ਬਣ ਰਹੀ ਹੈ। ਇਹ ਵੰਡ ਨਾ ਸਿਰਫ਼ ਰਾਜਨੀਤਿਕ ਰੂਪ ਵਿੱਚ, ਬਲਕਿ ਆਮ ਲੋਕਾਂ ਦੇ ਵਿਚਾਰਾਂ ਵਿੱਚ ਵੀ ਪੈਦਾ ਹੋ ਰਹੀ ਹੈ। ਜੇਕਰ ਦੇਸ਼ ਅਤੇ ਲੋਕਤੰਤਰ ਨੂੰ ਬਚਾਉਣਾ ਹੈ ਤਾਂ ਮੀਡੀਆ ਨੂੰ ਆਪਣੀ ਪੱਖਪਾਤੀ ਭੂਮਿਕਾ ਤੋਂ ਉੱਪਰ ਉੱਠਣਾ ਹੋਵੇਗਾ ਅਤੇ ਨਿਰਪੱਖਤਾ ਨੂੰ ਅਪਣਾਉਣਾ ਪਵੇਗਾ। ਇੰਜ ਕਰਨ ਨਾਲ ਸਿਹਤਮੰਦ ਸਮਾਜ ਅਤੇ ਮਜ਼ਬੂਤ ਲੋਕਤੰਤਰ ਦੀ ਸਥਾਪਨਾ ਹੋ ਸਕਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)