“ਮੈਂ ਵੀ ਕੁਝ ਅਰਸੇ ਤੋਂ ਦੇਖ ਰਿਹਾ ਹਾਂ ਕਿ ਤੇਰੇ ਅੰਦਰ ਹਉਮੈ ਆ ਗਈ ਹੈ ...”
(12 ਫਰਵਰੀ 2025)
ਮੈਂ ਅਤੇ ਪਰਮਜੀਤ ਸਿੰਘ ਪਿੰਡ ਦੇ ਸਕੂਲ ਵਿੱਚ ਪੜ੍ਹਦੇ ਸੀ। ਅਸੀਂ ਬਚਪਨ ਦੇ ਸਮੇਂ ਤੋਂ ਹੀ ਇੱਕ ਦੂਜੇ ਦੇ ਬਹੁਤ ਨੇੜੇ ਸੀ। ਦੋਵਾਂ ਨੇ ਗਰੀਬ ਪਰਿਵਾਰਾਂ ਵਿੱਚ ਜਨਮ ਲਿਆ ਸੀ ਪਰ ਸਾਡੇ ਮਨ ਵਿੱਚ ਕਦੇ ਵੀ ਇਹ ਸਵਾਲ ਨਹੀਂ ਉੱਠਿਆ ਸੀ ਕਿ ਅਸੀਂ ਗਰੀਬੀ ਕਾਰਨ ਆਪਣੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕਦੇ। ਦੋਵਾਂ ਨੇ ਇੱਕ ਦੂਜੇ ਦਾ ਹੌਸਲਾ ਵਧਾਉਂਦੇ ਹੋਏ ਪੜ੍ਹਾਈ ਕੀਤੀ ਅਤੇ ਹਾਲਾਤ ਨੂੰ ਮਾਤ ਦਿੱਤੀ। ਮੈਂ ਇਲੈਕਟ੍ਰੀਕਲ ਇੰਜਨੀਅਰਿੰਗ ਵਿੱਚ ਡਿਗਰੀ ਕੀਤੀ ਅਤੇ ਬਿਜਲੀ ਬੋਰਡ ਵਿੱਚ ਐੱਸ.ਡੀ.ਓ. ਲੱਗ ਗਿਆ। ਪਰਮਜੀਤ ਸਿੰਘ ਨੇ ਸਿੱਖਿਆ ਦੇ ਖੇਤਰ ਨੂੰ ਆਪਣਾ ਕਿੱਤਾ ਬਣਾਇਆ ਅਤੇ ਤਰੱਕੀਆਂ ਕਰਦਿਆਂ ਕਰਦਿਆਂ ਸਕੂਲ ਦਾ ਪ੍ਰਿੰਸੀਪਲ ਬਣ ਗਿਆ। ਜਦੋਂ ਪਰਮਜੀਤ ਨੇ ਮੈਨੂੰ ਦੱਸਿਆ ਕਿ ਉਹ ਆਪਣੇ ਸਕੂਲ ਦਾ ਮੁਖੀ ਬਣ ਗਿਆ ਹੈ, ਮੇਰੇ ਲਈ ਇਹ ਬਹੁਤ ਮਾਣ ਦੀ ਗੱਲ ਸੀ ਕਿ ਮੇਰਾ ਬਚਪਨ ਦਾ ਮਿੱਤਰ ਸਿੱਖਿਆ ਦੇ ਮੰਦਰ ਦਾ ਮੁਖੀ ਬਣ ਗਿਆ ਹੈ। ਮੈਂ ਸੋਚਿਆ ਕਿ ਪਰਮਜੀਤ ਹੁਣ ਸਿੱਖਿਆ ਦੇ ਮੰਦਰ ਨੂੰ ਹੋਰ ਵੀ ਪ੍ਰਫੁੱਲਤ ਕਰਨ ਲਈ ਆਪਣੀ ਯੋਗਤਾ ਦਾ ਪ੍ਰਯੋਗ ਕਰੇਗਾ।
ਇੱਕ ਦਿਨ ਛੁੱਟੀ ਵਾਲੇ ਦਿਨ ਪਰਮਜੀਤ ਸਾਡੇ ਘਰ ਆ ਗਿਆ। ਅਸੀਂ ਬਚਪਨ ਦੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕੀਤਾ। ਗੱਲਾਂ ਕਰਦਿਆਂ ਕਰਦਿਆਂ ਪਰਮਜੀਤ ਇੱਕ ਦਮ ਗੰਭੀਰ ਹੋ ਗਿਆ। ਉਸ ਨੇ ਮੇਰੇ ਨਾਲ ਦਿਲ ਦੀ ਗੱਲ ਸਾਂਝੀ ਕਰਨ ਦੀ ਇੱਛਾ ਪ੍ਰਗਟ ਕੀਤੀ। ਮੈਂ ਉਸ ਨੂੰ ਹੌਸਲਾ ਦਿੱਤਾ ਕਿ ਦੋਸਤੀ ਵਿੱਚ ਕੋਈ ਗੱਲ ਨਹੀਂ ਲੁਕਾਈਦੀ ਨਹੀਂ ਹੁੰਦੀ, ਖੁੱਲ੍ਹ ਕੇ ਗੱਲ ਕਰ। ਪਰਮਜੀਤ ਦੱਸਣ ਲੱਗਾ, “ਯਾਰ ਸੰਦੀਪ, ਜਦੋਂ ਤੋਂ ਮੈਂ ਪ੍ਰਿੰਸੀਪਲ ਬਣਿਆ ਹਾਂ, ਮੈਨੂੰ ਲਗਦਾ ਹੈ ਕਿ ਲੋਕ ਮੇਰੀ ਇੱਜ਼ਤ ਨਹੀਂ ਕਰਦੇ। ਬੇਸ਼ਕ ਮੈਂ ਅਫਸਰ ਬਣ ਗਿਆ ਹਾਂ, ਪਰ ਸਹਿਯੋਗੀ ਮੈਨੂੰ ਪਸੰਦ ਨਹੀਂ ਕਰਦੇ। ਕੀ ਮੇਰੇ ਸੁਭਾਅ ਵਿੱਚ ਕੋਈ ਗੜਬੜ ਹੈ?”
ਮੈਂ ਆਪਣੇ ਮਿੱਤਰ ਦੇ ਬਦਲੇ ਹੋਏ ਸੁਭਾਅ ਦੇ ਚਰਚੇ ਪਹਿਲਾਂ ਹੀ ਸੁਣੇ ਹੋਏ ਸਨ। ਮੈਂ ਸਹਿਜਤਾ ਨਾਲ ਜਵਾਬ ਦਿੱਤਾ, “ਪਰਮਜੀਤ, ਤੂੰ ਸਹੀ ਕਹਿ ਰਿਹਾ ਹੈਂ। ਮੈਂ ਵੀ ਕੁਝ ਅਰਸੇ ਤੋਂ ਦੇਖ ਰਿਹਾ ਹਾਂ ਕਿ ਤੇਰੇ ਅੰਦਰ ਹਉਮੈ ਆ ਗਈ ਹੈ। ਸੁਣਿਆ ਹੈ, ਤੂੰ ਆਪਣੇ ਅਹੁਦੇ ਦੀ ਖੁਮਾਰੀ ਵਿੱਚ ਆਪਣੇ ਸਹਿਯੋਗੀਆਂ ਨੂੰ ਜ਼ਲੀਲ ਕਰਦਾ ਹੈਂ। ਗੱਲ ਗੱਲ ’ਤੇ ਧਮਕੀਆਂ ਵੀ ਦਿੰਦਾ ਹੈਂ। ਤੇਰਾ ਇਹ ਰਵੱਈਆ ਤੇਰੇ ਸਹਿਯੋਗੀਆਂ ਅਤੇ ਵਿਦਿਆਰਥੀਆਂ ਨੂੰ ਤੇਰੇ ਤੋਂ ਦੂਰ ਕਰ ਰਿਹਾ ਹੈ। ਹਰ ਗੱਲ ’ਤੇ ਤੂੰ ਆਪਣੇ ਅਸੂਲ ਝਾੜਨ ਲੱਗ ਜਾਂਦਾ ਹੈਂ। ਤੂੰ ਆਪਣੇ ਅਹੁਦੇ ਦੀ ਤਾਂ ਸਹਿਯੋਗੀ ਕੋਲੋਂ ਮਜਬੂਰੀ ਵਿੱਚ ਇੱਜ਼ਤ ਕਰਵਾ ਸਕਦਾ ਹੈਂ ਪਰ ਨਿੱਜੀ ਤੌਰ ’ਤੇ ਆਪਣੀ ਇੱਜ਼ਤ ਕਰਨ ਲਈ ਮਜਬੂਰ ਨਹੀਂ ਕਰ ਸਕਦਾ। ਤੈਂਨੂੰ ਆਪਣੇ ਉਨ੍ਹਾਂ ਚਾਪਲੂਸ ਸਹਿਯੋਗੀਆਂ ਤੋਂ ਬਚਕੇ ਰਹਿਣਾ ਚਾਹੀਦਾ ਹੈ, ਜੋ ਤੇਰੇ ਗਲਤ ਵਿਵਹਾਰ ਅਤੇ ਗਲਤ ਫੈਸਲਿਆਂ ਵਿੱਚ ਵੀ ਤੇਰੀ ਪ੍ਰਸ਼ੰਸਾ ਹੀ ਕਰਦੇ ਹਨ। ਇਸ ਤਰ੍ਹਾਂ ਦੇ ਚਾਪਲੂਸ ਸਹਿਯੋਗੀ ਸੰਸਥਾ ਦਾ ਮਾਹੌਲ ਖਰਾਬ ਕਰਕੇ ਰੱਖਦੇ ਹਨ ਅਤੇ ਆਪਣਾ ਉੱਲੂ ਸਿੱਧਾ ਕਰਨਾ ਨੂੰ ਹਮੇਸ਼ਾ ਪਹਿਲ ਦਿੰਦੇ ਹਨ।”
ਮੇਰੀ ਗੱਲ ਸੁਣ ਕੇ ਪਰਮਜੀਤ ਨੇ ਹੌਲੀ ਜਿਹਾ ਸਿਰ ਹਿਲਾਇਆ ਅਤੇ ਬੋਲਿਆ, “ਸੰਦੀਪ ਤੂੰ ਸਹੀ ਕਹਿ ਰਿਹਾ ਹੈਂ। ਪਰ ਕੀ ਮੈਂ ਸਧਾਰਨ ਰਵੱਈਆ ਰੱਖ ਕੇ ਆਪਣਾ ਕੰਮ ਕਾਮਯਾਬੀ ਨਾਲ ਕਰ ਸਕਾਂਗ?”
ਮੈਂ ਹੱਸ ਕੇ ਕਿਹਾ, “ਪਰਮਜੀਤ, ਅਸੂਲ ਬੰਦੇ ਲਈ ਬਣੇ ਹਨ, ਬੰਦਾ ਅਸੂਲਾਂ ਲਈ ਨਹੀਂ ਬਣਿਆ। ਬਦਲਾਅ ਜੀਵਨ ਦਾ ਹਿੱਸਾ ਹੈ। ਤੈਨੂੰ ਸਹਿਯੋਗੀਆਂ ਨਾਲ ਨਿਮਰਤਾ ਨਾਲ ਪੇਸ਼ ਆਉਣਾ ਚਾਹੀਦਾ ਹੈ। ਇਸਦੇ ਨਾਲ ਇੱਕ ਗੱਲ ਹੋਰ ਵੀ ਸਮਝਣ ਵਾਲੀ ਹੈ ਕਿ ਹਰੇਕ ਇਨਸਾਨ ਨੂੰ ਆਪਣੀ ਨੌਕਰੀ ਪਿਆਰੀ ਹੁੰਦੀ ਹੈ। ਇਸ ਲਈ ਕੋਈ ਵੀ ਸਹਿਯੋਗੀ ਜਾਣਬੁੱਝ ਕੇ ਕੋਈ ਅਣਗਹਿਲੀ ਨਹੀਂ ਕਰਦਾ। ਅਚਨਚੇਤ ਹੋਈ ਗਲਤੀ ’ਤੇ ਸਹਿਯੋਗੀ ਨੂੰ ਪਿਆਰ ਨਾਲ ਸਮਝਾਕੇ ਉਸ ਗਲਤੀ ਦਾ ਹੱਲ ਕੀਤਾ ਜਾਵੇ, ਨਾ ਕਿ ਉਸ ਨੂੰ ਗਲਤੀ ਲਈ ਜ਼ਲੀਲ ਕੀਤਾ ਜਾਵੇ। ਯਕੀਨ ਕਰੀਂ, ਜਦੋਂ ਤੂੰ ਸਾਦਗੀ ਅਤੇ ਨਿਮਰਤਾ ਦੇ ਨਾਲ ਕੰਮ ਕਰੇਂਗਾ, ਲੋਕ ਸਿਰਫ਼ ਤੇਰੇ ਅਹੁਦੇ ਨੂੰ ਨਹੀਂ, ਤੈਨੂੰ ਵੀ ਇੱਜ਼ਤ ਦੇਣਗੇ।”
ਪਰਮਜੀਤ ਨੇ ਸਾਰੀ ਗੱਲ ਗੰਭੀਰਤਾ ਨਾਲ ਸੁਣੀ। ਉਸ ਦੇ ਚਿਹਰੇ ’ਤੇ ਪਛਤਾਵੇ ਦੇ ਪ੍ਰਛਾਵੇਂ ਸਾਫ ਝਲਕ ਰਹੇ ਸਨ।
“ਸੰਦੀਪ, ਮੇਰੇ ਰੁਤਬੇ ਨੇ ਮੇਰੀਆਂ ਅੱਖਾਂ ’ਤੇ ਪੱਟੀ ਬੰਨ੍ਹ ਦਿੱਤੀ ਸੀ। ਮੈਂ ਬਿਨਾਂ ਖੰਭਾਂ ਤੋਂ ਉਡਰੀਆਂ ਮਾਰਨ ਲੱਗ ਪਿਆ ਸੀ। ... ਮੈਨੂੰ ਆਪਣੇ ਸਹਿਯੋਗੀ ਦੁੱਕੀ-ਤਿੱਕੀ ਲੱਗਣ ਲੱਗ ਪਏ ਸਨ। ਹੁਣ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਜੇ ਬੰਦੇ ਦੇ ਪੈਰ ਧਰਤੀ ਨਾਲ ਲੱਗੇ ਰਹਿਣ ਤਾਂ ਬੰਦਾ ਹੱਡ-ਗੋਡੇ ਤੁੜਵਾਉਣੋਂ ਬਚ ਸਕਦਾ ਹੈ। ... ਮੈਂ ਅੱਜ ਤੋਂ ਆਪਣੇ ਰਵਈਏ ਵਿੱਚ ਜ਼ਰੂਰ ਸੁਧਾਰ ਕਰਾਂਗਾ।”
ਮੈਂ ਦੇਖਿਆ, ਪਰਮਜੀਤ ਦੇ ਵਿਹਾਰ ਵਿੱਚ ਹੌਲੀ ਹੌਲੀ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਉਸ ਨੇ ਆਪਣੇ ਸਹਿਯੋਗੀਆਂ ਨਾਲ ਨਿਮਰਤਾ ਨਾਲ ਪੇਸ਼ ਆਉਣਾ, ਵਿਦਿਆਰਥੀਆਂ ਅਤੇ ਸਟਾਫ ਨੂੰ ਉਤਸ਼ਾਹਤ ਕਰਨਾ ਸ਼ੁਰੂ ਕਰ ਦਿੱਤਾ। ਨਤੀਜਾ ਇਹ ਹੋਇਆ ਕਿ ਜਿਹੜੇ ਲੋਕ ਪਹਿਲਾਂ ਉਸ ਦੀ ਵਾਰ ਵਾਰ ਆਲੋਚਨਾ ਕਰਦੇ ਸਨ, ਉਹੀ ਲੋਕ ਹੁਣ ਉਸਦੀਆਂ ਸਿਫਤਾਂ ਕਰਨ ਲੱਗ ਪਏ ਸਨ।
ਕੁਝ ਅਰਸੇ ਬਾਅਦ ਇੱਕ ਦਿਨ ਜਦੋਂ ਮੈਂ ਆਪਣੇ ਪਿੰਡ ਗਿਆ, ਮੈਨੂੰ ਪਿੰਡ ਦੇ ਲੋਕਾਂ ਤੋਂ ਪਤਾ ਲੱਗਾ ਕਿ ਪਰਮਜੀਤ ਦੀਆਂ ਹੁਣ ਹਰ ਪਾਸੇ ਵਡਿਆਈਆਂ ਹੋ ਰਹੀਆਂ ਹਨ। ਉਸਦਾ ਅੱਖੜਪੁਣਾ ਖੰਭ ਲਾ ਕੇ ਕਿਧਰੇ ਉਡ-ਪੁਡ ਗਿਆ ਹੈ।
ਮੈਨੂੰ ਆਪਣੇ ਮਿੱਤਰ ਦੇ ਇਸ ਬਦਲਾਅ ਬਾਰੇ ਸੁਣ ਕੇ ਬੇਹੱਦ ਖੁਸ਼ੀ ਹੋਈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)