“ਪੂਰਾ ਦੇਸ਼ ਇਕੱਠਾ ਹੋ ਕੇ ਵਿਰੋਧੀ ਨੂੰ ਮੂੰਹਤੋੜ ਜਵਾਬ ਦੇ ਰਿਹਾ ਸੀ, ਕਿਉਂ ਬਾਹਰੀ ਦਬਾਅ ਅੱਗੇ ਝੁਕਣਾ ...?”
(12 ਮਈ 2025)
ਪਹਿਲਗਾਮ, ਕਸ਼ਮੀਰ ਵਿੱਚ ਹੋਈ ਇੱਕ ਦਰਦਨਾਕ ਘਟਨਾ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਆਤੰਕਵਾਦੀਆਂ ਵੱਲੋਂ ਭਾਰਤ ਦੇ 28 ਨਿਰਦੋਸ਼ ਨਾਗਰਿਕਾਂ ਦੀ ਨਿਰਦਈ ਹੱਤਿਆ ਨੇ ਨਾ ਸਿਰਫ਼ ਲੋਕਾਂ ਦੇ ਦਿਲਾਂ ਨੂੰ ਦੁਖੀ ਕੀਤਾ, ਸਗੋਂ ਭਾਰਤ ਦੀ ਸਰਕਾਰ ਅਤੇ ਫੌਜ ਨੂੰ ਵੀ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਹੁਣ ਹਾਲਾਤ ਬਰਦਾਸ਼ਤ ਕਰਨ ਯੋਗ ਨਹੀਂ ਹਨ, ਜਵਾਬੀ ਕਾਰਵਾਈ ਕਰਨੀ ਪੈਣੀ ਹੈ। ਇਹ ਘਟਨਾ ਕੋਈ ਪਹਿਲੀ ਘਟਨਾ ਨਹੀਂ ਹੈ। ਸਾਲਾਂ ਤੋਂ ਪਾਕਿਸਤਾਨ ਵੱਲੋਂ ਆਤੰਕ ਨੂੰ ਉਕਸਾਉਣ ਅਤੇ ਭਾਰਤ ਦੇ ਅੰਦਰ ਖਲਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੀ, ਜਦੋਂ ਭਾਰਤ ਦੀ ਵੰਡ ਹੋਈ ਸੀ, ਪਾਕਿਸਤਾਨ ਦੇ ਨਿਰਮਾਣ ਨਾਲ ਹੀ ਭਾਰਤ ਦੀਆਂ ਮੁਸ਼ਕਲਾਂ ਦਾ ਅਰੰਭ ਹੋ ਗਿਆ ਸੀ। ਅਨੇਕਾਂ ਯੁੱਧਾਂ ਵਿੱਚ ਭਾਰਤ ਨੇ ਹਮੇਸ਼ਾ ਫੌਜੀ ਤਾਕਤ ਅਤੇ ਸੰਘਰਸ਼ ਨਾਲ ਜਿੱਤ ਹਾਸਲ ਕੀਤੀ, ਪਰ ਸਿਆਸੀ ਮੰਚ ’ਤੇ ਹਮੇਸ਼ਾ ਕੋਈ ਨਾ ਕੋਈ ਘਾਟ ਰਹੀ ਹੈ। ਦੇਸ਼ ਦੀ ਅਜ਼ਾਦੀ ਤੋਂ ਬਾਅਦ 1948, 1965, 1971 ਅਤੇ 1999 ਦੀ ਕਾਰਗਿਲ ਜੰਗ, ਹਰ ਵਾਰੀ ਭਾਰਤ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਜੰਗਾਂ ਦੀ ਗਿਣਤੀ ਦੇਖੀ ਜਾਵੇ ਤਾਂ ਇਹ ਸੋਲਾਂ ਆਨੇ ਸੱਚ ਹੈ ਕਿ ਭਾਰਤ ਨੇ ਸਦਾ ਜਿੱਤ ਹਾਸਲ ਕੀਤੀ, ਪਰ ਅੰਤ ਵਿੱਚ ਹਮੇਸ਼ਾ ਸੀਜ਼ਫਾਇਰ ਜਾਂ ਅੰਤਰਰਾਸ਼ਟਰੀ ਦਬਾਅ ਤਹਿਤ ਪਿੱਛੇ ਹਟਣਾ ਪਿਆ।
ਪਹਿਲਗਾਮ ਦੀ ਘਟਨਾ ਦੇ ਤੁਰੰਤ ਬਾਅਦ ਭਾਰਤ ਸਰਕਾਰ ਨੇ ਫੈਸਲਾ ਕੀਤਾ ਕਿ ਹੁਣ ਇਨ੍ਹਾਂ ਹਮਲਾਵਰਾਂ ਦੇ ਆਕਾ ਨੂੰ ਸਿੱਧਾ ਜਵਾਬ ਦਿੱਤਾ ਜਾਵੇ। ਸਰਕਾਰ ਨੇ ਰੂਸ ਤੋਂ ਖਰੀਦੇ ਐੱਸ-400 ਡਿਫੈਂਸ ਸਿਸਟਮ ਨੂੰ ਤਤਕਾਲ ਤੌਰ 'ਤੇ ਸਰਗਰਮ ਕਰ ਦਿੱਤਾ। ਜਦੋਂ ਪਾਕਿਸਤਾਨ ਵੱਲੋਂ ਮਿਜ਼ਾਈਲਾਂ, ਡਰੋਨਾਂ ਅਤੇ ਹੋਰ ਹਥਿਆਰਾਂ ਨਾਲ ਹਮਲੇ ਹੋਏ ਤਾਂ ਭਾਰਤ ਦੀ ਏਅਰ ਡਿਫੈਂਸ ਨੇ ਅਦੁੱਤੀ ਕਾਰਗੁਜ਼ਾਰੀ ਦਿਖਾਉਂਦੇ ਹੋਏ ਹਰੇਕ ਹਮਲੇ ਨੂੰ ਰਸਤੇ ਵਿੱਚ ਹੀ ਨਾਕਾਮ ਕਰ ਦਿੱਤਾ। ਜਾਨ ਮਾਲ ਦੀ ਰੱਖਿਆ ਹੋਈ ਅਤੇ ਭਾਰਤ ਦੀ ਤਿਆਰੀ ਨੇ ਸੰਸਾਰ ਨੂੰ ਹੈਰਾਨ ਕਰ ਦਿੱਤਾ। ਪਾਕਿਸਤਾਨ ਦੀ ਆਰਥਿਕ ਹਾਲਤ ਪਹਿਲਾਂ ਹੀ ਤਰਸਯੋਗ ਹੈ, ਉੱਤੋਂ ਜੰਗ ਦੀ ਸਥਿਤੀ ਨੇ ਉਸਦੇ ਹੌਸਲੇ ਹੋਰ ਪਸਤ ਕਰ ਦਿੱਤੇ। ਕੋਈ ਵੀ ਦੇਸ਼ ਪਾਕਿਸਤਾਨ ਦੇ ਹੱਕ ਵਿੱਚ ਆਉਣ ਨੂੰ ਤਿਆਰ ਨਹੀਂ ਸੀ। ਇੱਥੋਂ ਤਕ ਕਿ ਚੀਨ, ਜੋ ਹਮੇਸ਼ਾ ਪਾਕਿਸਤਾਨ ਦਾ ਹਮਦਰਦ ਬਣਿਆ ਰਹਿੰਦਾ ਸੀ, ਉਸ ਨੇ ਵੀ ਇਸ ਵਾਰੀ ਪਾਸੇ ਹੋ ਕੇ ਖਾਮੋਸ਼ੀ ਵਰਤੀ।
ਇਸ ਵਾਰ ਭਾਰਤ ਨੂੰ ਸੰਸਾਰ ਪੱਧਰ ’ਤੇ ਭਰਪੂਰ ਸਹਿਯੋਗ ਮਿਲਿਆ, ਕਿਉਂਕਿ ਹਰ ਕੋਈ ਜਾਣਦਾ ਹੈ ਕਿ ਆਤੰਕਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ। ਭਾਰਤ ਦਾ ਇਹ ਕਦਮ ਚੁਸਤ, ਨਿਡਰ ਅਤੇ ਸਮੇਂ ਮੁਤਾਬਿਕ ਉਚਿਤ ਸੀ। ਪਰ ਸਭ ਤੋਂ ਵੱਡਾ ਦੁਖਦਾਈ ਮੰਜ਼ਰ ਤਦ ਬਣਿਆ ਜਦੋਂ ਭਾਰਤ ਦੇ ਅੰਦਰੋਂ ਹੀ ਕੁਝ ਚਿਹਰੇ ਅਜਿਹੇ ਦੇਖਣ ਨੂੰ ਮਿਲੇ ਜਿਨ੍ਹਾਂ ਨੇ ਨਾ ਤਾਂ ਫੌਜ ਦਾ ਸਮਰਥਨ ਕੀਤਾ, ਨਾ ਹੀ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ। ਅਜਿਹੇ ਚਿਹਰੇ ਸਿਨੇਮਾ, ਸੰਗੀਤ ਅਤੇ ਸੋਸ਼ਲ ਮੀਡੀਆ ਦੇ ਮਾਧਿਮ ਰਾਹੀਂ ਲੋਕਾਂ ਦੇ ਰੋਲ ਮਾਡਲ ਬਣੇ ਹੋਏ ਹਨਅ। ਪਰ ਜਦੋਂ ਦੇਸ਼ ਨੂੰ ਉਹਨਾਂ ਦੀ ਸਭ ਤੋਂ ਵੱਧ ਲੋੜ ਸੀ ਤਦ ਇਹ ਚੁੱਪ ਕਰ ਗਏ। ਇਨ੍ਹਾਂ ਵਿੱਚੋਂ ਕਈ ਅਜਿਹੇ ਹਨ ਜੋ “ਆਲ ਆਈਜ਼ ਆਨ ਫਲੀਸਤੀਨ”, “ਆਲ ਆਈਜ਼ ਆਨ ਗਾਜ਼ਾ” ਜਿਹੇ ਨਾਅਰੇ ਲਾਉਂਦੇ ਰਹੇ, ਪਰ “ਆਲ ਆਈਜ਼ ਆਨ ਪਹਿਲਗਾਮ” ਉੱਤੇ ਕੋਈ ਅਵਾਜ਼ ਨਹੀਂ ਉਠਾਈ। ਇਹ ਗੱਲ ਸਾਫ਼ ਦਰਸਾਉਂਦੀ ਹੈ ਕਿ ਅਨੇਕਾਂ ਹਸਤੀਆਂ ਲਈ ਦੇਸ਼ ਭਲਾਈ ਨਾਲੋਂ ਆਪਣੀ ਪ੍ਰਸਿੱਧੀ ਅਤੇ ਟਰੈਫਿਕ ਵੱਧ ਮਹੱਤਵਪੂਰਨ ਹੈ।
ਇੱਕ ਹੋਰ ਵਿਸ਼ੇਸ਼ ਗੱਲ ਇਹ ਵੀ ਸੀ ਕਿ ਪਾਕਿਸਤਾਨ ਦੇ ਕਈ ਅਦਾਕਾਰ, ਪੱਤਰਕਾਰ ਅਤੇ ਪ੍ਰਮੁੱਖ ਹਸਤੀਆਂ, ਜੋ ਭਾਰਤ ਵਿੱਚ ਆ ਕੇ ਮੋਟੀਆਂ ਰਕਮਾਂ ਕਮਾ ਚੁੱਕੀਆਂ ਹਨ, ਉਹ ਸਾਰੇ ਵੀ ਪਾਕਿਸਤਾਨ ਦੇ ਹੱਕ ਵਿੱਚ ਟਿੱਪਣੀਆਂ ਕਰਦੇ ਹੋਏ ਭਾਰਤ ਦੇ ਵਿਰੁੱਧ ਸੋਸ਼ਲ ਮੀਡੀਆ ਉੱਤੇ ਜ਼ਹਿਰ ਉਗਲਦੇ ਰਹੇ। ਇਨ੍ਹਾਂ ਦੀ ਦੋਗਲੀ ਭੂਮਿਕਾ ਵੀ ਇਸ ਘਟਨਾ ਵਿੱਚ ਸਾਫ਼ ਉੱਭਰੀ। ਜਦੋਂ ਭਾਰਤ ਨੇ ਜੰਗ ਵਿੱਚ ਹਮੇਸ਼ਾ ਦੀ ਤਰ੍ਹਾਂ ਉੱਪਰ ਹੱਥ ਬਣਾਇਆ ਹੋਇਆ ਸੀ, ਉਸ ਸਮੇਂ ’ਤੇ ਅਮਰੀਕਾ ਨੇ ਵਿਚੋਲੇ ਦੀ ਭੂਮਿਕਾ ਨਿਭਾਉਂਦਿਆਂ ਸੀਜ਼ਫਾਇਰ (ਜੰਗਬੰਦੀ) ਦੀ ਘੋਸ਼ਣਾ ਕਰਵਾ ਦਿੱਤੀ। ਇਹ ਘੋਸ਼ਣਾ ਜਿਵੇਂ ਹੀ ਹੋਈ, ਤਿੰਨ ਘੰਟਿਆਂ ਵਿੱਚ ਪਾਕਿਸਤਾਨ ਨੇ ਇਸਦੀ ਉਲੰਘਣਾ ਕਰਦੇ ਹੋਏ ਫਿਰ ਤੋਂ ਗੋਲਾਬਾਰੀ ਸ਼ੁਰੂ ਕਰ ਦਿੱਤੀ। ਇਹ ਗੱਲ ਦਰਸਾਉਂਦੀ ਹੈ ਕਿ ਪਾਕਿਸਤਾਨ’ ਤੇ ਨਾ ਸੀਜ਼ਫਾਇਰ ਦਾ ਪ੍ਰਭਾਵ ਹੈ, ਨਾ ਹੀ ਅੰਤਰਰਾਸ਼ਟਰੀ ਦਬਾਅ ਹੈ।
ਨਾਲ ਹੀ ਵਰਲਡ ਬੈਂਕ ਵੱਲੋਂ ਪਾਕਿਸਤਾਨ ਨੂੰ ਇੱਕ ਬਿਲੀਅਨ ਡਾਲਰ ਦੀ ਮਦਦ ਦੇਣ ਦੀ ਘੋਸ਼ਣਾ ਹੋਈ, ਜਿਸ ਉੱਤੇ ਵਾਜਿਬ ਸਵਾਲ ਉੱਠਣ ਲਗੇ। ਜਦੋਂ ਪਤਾ ਹੈ ਕਿ ਪਾਕਿਸਤਾਨ ਇਸ ਮਦਦ ਨੂੰ ਆਤੰਕ ਵਧਾਉਣ ਲਈ ਵਰਤਦਾ ਹੈ ਤਾਂ ਫਿਰ ਇਹ ਮਦਦ ਕਿਉਂ? ਕੀ ਇਹ ਮਦਦ ਉਸਦੀ ਮਾੜੀ ਆਰਥਿਕਤਾ ਲਈ ਸੀ ਜਾਂ ਆਤੰਕ ਨੂੰ ਜਿਊਂਦਾ ਰੱਖਣ ਲਈ? ਭਾਰਤ ਨੇ ਫੌਜੀ ਤੌਰ ’ਤੇ ਜਿੱਤ ਹਾਸਲ ਕੀਤੀ। ਲੋਕਾਂ ਦੇ ਹੌਸਲੇ ਉੱਚੇ ਸਨ। ਪਰ ਜਿਵੇਂ ਹੀ ਸੀਜ਼ਫਾਇਰ ਲਾਇਆ ਗਿਆ, ਲੋਕਾਂ ਵਿੱਚ ਨਿਰਾਸ਼ਾ ਦੀ ਲਹਿਰ ਦੌੜ ਗਈ। ਕਈ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਸਰਕਾਰ ਦੇ ਇਸ ਫੈਸਲੇ ਨੂੰ ਮਜਬੂਰੀ ਵਿੱਚ ਲਿਆ ਗਿਆ ਫੈਸਲਾ ਦੱਸਿਆ। ਸਵਾਲ ਇਹ ਨਹੀਂ ਕਿ ਸੀਜ਼ਫਾਇਰ ਹੋਇਆ ਜਾਂ ਨਹੀਂ, ਸਵਾਲ ਇਹ ਹੈ ਕਿ ਜਦੋਂ ਪੂਰਾ ਦੇਸ਼ ਇਕੱਠਾ ਹੋ ਕੇ ਵਿਰੋਧੀ ਨੂੰ ਮੂੰਹਤੋੜ ਜਵਾਬ ਦੇ ਰਿਹਾ ਸੀ, ਕਿਉਂ ਬਾਹਰੀ ਦਬਾਅ ਅੱਗੇ ਝੁਕਣਾ ਪਿਆ?
ਜੰਗਾਂ ਸਿਰਫ਼ ਹਥਿਆਰਾਂ ਨਾਲ ਨਹੀਂ, ਇਰਾਦਿਆਂ ਨਾਲ ਜਿੱਤੀਆਂ ਜਾਂਦੀਆਂ ਹਨ। ਭਾਰਤ ਨੇ ਫੌਜੀ ਤੌਰ ਤੇ, ਰਣਨੀਤਿਕ ਤੌਰ ’ਤੇ ਅਤੇ ਆਲਮੀ ਪੱਧਰ ’ਤੇ ਸਾਬਤ ਕਰ ਦਿੱਤਾ ਕਿ ਉਹ ਕਿਸੇ ਵੀ ਹਮਲੇ ਦਾ ਉਚਿਤ ਜਵਾਬ ਦੇ ਸਕਦਾ ਹੈ। ਪਰ ਜਦੋਂ ਆਪਣੀ ਜਿੱਤ ਨੂੰ ਪੂਰੀ ਤਰ੍ਹਾਂ ਅਮਲ ਵਿੱਚ ਲਿਆਂਦਾ ਨਾ ਜਾਵੇ ਅਤੇ ਦੁਸ਼ਮਣ ਨੂੰ ਇੱਕ ਵਾਰ ਫਿਰ ਤੋਂ ਖੁੱਲ੍ਹਾ ਛੱਡ ਦਿੱਤਾ ਜਾਵੇ ਤਾਂ ਉਹ ਦੁਬਾਰਾ ਹੌਸਲਾ ਜੁਟਾਉਂਦਾ ਹੈ। ਇਸ ਵਾਰ ਵੀ ਅਜਿਹਾ ਹੀ ਹੋਇਆ। ਭਾਰਤ ਇਸ ਵਾਰ ਵੀ ਜਿੱਤ ਦੇ ਆਖਰੀ ਮੁਕਾਮ ’ਤੇ ਪੁੱਜ ਚੁੱਕਾ ਸੀ ਪਰ ਆਖ਼ਰਕਾਰ ਸੀਜ਼ਫਾਇਰ ਕਾਰਨ ਉਹ ਜਿੱਤ ਅਧੂਰੀ ਰਹਿ ਗਈ। ਅਜਿਹੇ ਸਮੇਂ ਹੀ ਕਿਹਾ ਜਾਂਦਾ ਹੈ- “ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ …!”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)