ਲੋਕ ਅਕਸਰ ਆਪਣੀਆਂ ਪ੍ਰਾਪਤੀਆਂਦੌਲਤਸੁੰਦਰਤਾ ਅਤੇ ਹੋਰ ਬੇਹੁਦਾ ਕਰਤੂਤਾਂ ਨੂੰ ਦਿਖਾਉਣ ਦੀ ਕੋਸ਼ਿਸ਼ ...
(11 ਸਤੰਬਰ 2024)

 

ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਸਮਾਜਕ ਤਸਵੀਰ ਨੂੰ ਬਦਲ ਦਿੱਤਾ ਹੈ। ਇਹ ਪਲੇਟਫਾਰਮਾਂ ਬੇਹੱਦ ਲੋਕਪ੍ਰਿਆ ਹਨ ਅਤੇ ਦੁਨਿਆ ਭਰ ਵਿੱਚ ਬਿਲੀਅਨ ਲੋਕਾਂ ਦੁਆਰਾ ਵਰਤੇ ਜਾਂਦੇ ਹਨ। ਪਰ ਜਿਵੇਂ-ਜਿਵੇਂ ਇਨ੍ਹਾਂ ਦੀ ਲੋਕਪ੍ਰਿਅਤਾ ਵਧ ਰਹੀ ਹੈ, ਉਸੇ ਤਰ੍ਹਾਂ ਇਹਨਾਂ ਦੇ ਨਕਾਰਾਤਮਕ ਪ੍ਰਭਾਵ ਵੀ ਸਾਹਮਣੇ ਆ ਰਹੇ ਹਨ। ਇੱਕ ਮੁੱਖ ਨਕਾਰਾਤਮਕ ਪ੍ਰਭਾਵ ਬਹਿਸ ਅਤੇ ਲੜਾਈ ਹੈ। ਸੋਸ਼ਲ ਮੀਡੀਆ ਨੇ ਲੋਕਾਂ ਨੂੰ ਆਪਣੀ ਰਾਏ ਪ੍ਰਗਟ ਕਰਨ ਲਈ ਇਕ ਅਸਾਨ ਪਲੇਟਫਾਰਮ ਦਿੱਤਾ ਹੈ, ਪਰ ਇਸ ਨਾਲ ਹੀ ਇਹ ਬਹੁਤ ਸਾਰੀਆਂ ਸਮਾਜਕ ਮੁਸੀਬਤਾਂ ਦਾ ਕਾਰਨ ਵੀ ਬਣ ਰਿਹਾ ਹੈ।

ਸੋਸ਼ਲ ਮੀਡੀਆ ਦੀ ਅਸਾਨ ਪਹੁੰਚ ਅਤੇ ਵਰਤੋਂ ਦੇ ਕਾਰਨ ਹਰ ਕੋਈ ਬਿਨਾਂ ਕਿਸੇ ਰੋਕ ਟੋਕ ਦੇ ਆਪਣੀ ਰਾਏ ਪ੍ਰਗਟ ਕਰ ਸਕਦਾ ਹੈ। ਪਰ ਅਕਸਰ ਇਹ ਰਾਏ ਤਰਕਸੰਗਤ ਨਹੀਂ ਹੁੰਦੀਆਂ ਅਤੇ ਨਿੱਜੀ ਦ੍ਰਿਸ਼ਟਿਕੋਣ ’ਤੇ ਅਧਾਰਿਤ ਹੁੰਦੀਆਂ ਹਨ। ਬਹੁਤ ਵਾਰ ਲੋਕ ਬਿਨਾਂ ਕਿਸੇ ਠੋਸ ਤੱਥ ਦੇ, ਬਿਨਾਂ ਦੂਸਰਿਆਂ ਦੇ ਵਿਚਾਰ ਸੁਣੇ, ਜਣੇ ਉਨ੍ਹਾਂ ਦੀ ਰਾਵਾਂ ਨੂੰ ਚੁਣੌਤੀ ਦੇਣ ਲੱਗ ਪੈਂਦੇ ਹਨ। ਇਸ ਨਾਲ ਬਹਿਸ ਦੀ ਸਥਿਤੀ ਪੈਦਾ ਹੁੰਦੀ ਹੈ ਜੋ ਅਕਸਰ ਲੜਾਈ ਦਾ ਰੂਪ ਧਾਰ ਲੈਂਦੀ ਹੈ। ਇਸ ਵਿਚਾਰਧਾਰਾ ਦੇ ਟਕਰਾਅ ਦੇ ਕਾਰਨ ਲੋਕਾਂ ਵਿਚ ਕੁੜੱਤਣ ਅਤੇ ਗੁੱਸਾ ਪੈਦਾ ਹੁੰਦਾ ਹੈ, ਜੋ ਸਮਾਜਕ ਸਾਂਝ ਨੂੰ ਨੁਕਸਾਨ ਪਹੁੰਚਾਉਂਦਾ ਹੈ। ਕਈ ਵਾਰ ਨੁਕਸਾਨ ਇੰਨਾ ਜ਼ਿਆਦਾ ਹੋਣ ਦੀ ਸਥਿਤੀ ਬਣ ਜਾਂਦੀ ਹੈ, ਜਿਸ ਵਿੱਚ ਇਨਸਾਨੀ ਜਾਨ-ਮਾਲ ਤੱਕ ਦੀ ਹਾਨੀ ਹੋ ਜਾਂਦੀ ਹੈ।

ਇਹਨਾਂ ਪਲੇਟਫਾਰਮਾਂ ਦੀ ਬਣਤਰ ਲੋਕਾਂ ਨੂੰ ਬਿਨਾਂ ਕਿਸੇ ਡਰ ਦੇ ਆਪਣੀ ਰਾਏ ਪ੍ਰਗਟ ਕਰਨ ਦੀ ਆਜ਼ਾਦੀ ਦਿੰਦੀ ਹੈ। ਬਹੁਤ ਵਾਰ ਲੋਕ ਨਫਰਤ ਪਸੰਦ ਸਮੱਗਰੀ, ਜਾਤੀਵਾਦੀ ਟਿੱਪਣੀਆਂ ਅਤੇ ਦੁਰਵਿਵਹਾਰ ਵਾਲੇ ਕਮੈਂਟ ਕਰਦੇ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਸ਼ਨਾਖ਼ਤ ਨਹੀਂ ਹੋਵੇਗੀ ਜਾਂ ਬਹੁਤ ਹੀ ਮੁਸ਼ਕਿਲ ਨਾਲ ਹੋਵੇਗੀ। ਇਸ ਨਾਲ ਗੱਲਬਾਤ ਦਾ ਮਾਹੌਲ ਬੇਹੱਦ ਨਕਾਰਾਤਮਕ ਹੋ ਜਾਂਦਾ ਹੈ ਅਤੇ ਕੁੜੱਤਣ ਵਧਦੀ ਹੈ। ਜਦੋਂ ਲੋਕ ਇੱਕ ਦੂਸਰੇ ਨੂੰ ਸਿੱਧੇ ਤੌਰ 'ਤੇ ਨਹੀਂ ਜਾਣਦੇ ਤਾਂ ਉਹ ਜ਼ਿਆਦਾ ਆਸਾਨੀ ਨਾਲ ਨਫਰਤ ਫੈਲਾ ਸਕਦੇ ਹਨ ਅਤੇ ਸਮਾਜਿਕ ਵੰਡ ਪੈਦਾ ਕਰ ਸਕਦੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਬਣਤਰ ਸੰਰਚਨਾ ਅਕਸਰ ਅਜਿਹੇ ਸਮੱਗਰੀ ਨੂੰ ਬੜ੍ਹਾਵਾ ਦਿੰਦੀ ਹੈ ਜੋ ਵਾਇਰਲ ਹੋ ਸਕਦੀ ਹੈ, ਭਾਵੇਂ ਉਹ ਸਮੱਗਰੀ ਨਕਾਰਾਤਮਕ ਹੀ ਕਿਉਂ ਨਾ ਹੋਵੇ। ਇਹ ਬਹਿਸਾਂ ਅਤੇ ਲੜਾਈਆਂ ਨੂੰ ਹੋਰ ਵਧਾਉਂਦੀ ਹੈ ਅਤੇ ਸਮਾਜਕ ਕੁੜੱਤਣ ਨੂੰ ਬੜ੍ਹਾਵਾ ਦਿੰਦੀ ਹੈ।

ਇਹ ਵੀ ਦੇਖਿਆ ਗਿਆ ਹੈ ਕਿ ਸੋਸ਼ਲ ਮੀਡੀਆ ਉੱਤੇ ਅਕਸਰ ਅਧੂਰੀ ਜਾਣਕਾਰੀ ਅਤੇ ਫੇਕ ਨਿਊਜ਼ ਫੈਲਾਈ ਜਾਂਦੀ ਹੈ। ਇਹ ਅਧੂਰੀ ਜਾਣਕਾਰੀ ਲੋਕਾਂ ਵਿਚ ਭਰਮ ਅਤੇ ਗਲਤਫਹਿਮੀਆਂ ਪੈਦਾ ਕਰਦੀ ਹੈ, ਜਿਸ ਨਾਲ ਉਹਨਾਂ ਵਿੱਚ ਕੁੜੱਤਣ ਪੈਦਾ ਹੁੰਦੀ ਹੈ। ਜਦੋਂ ਲੋਕ ਗਲਤ ਜਾਣਕਾਰੀ ’ਤੇ ਵਿਸ਼ਵਾਸ ਕਰ ਲੈਂਦੇ ਹਨ ਅਤੇ ਉਸ ਅਧਾਰ ’ਤੇ ਕਮੈਂਟ ਜਾਂ ਪੋਸਟ ਕਰਦੇ ਹਨ ਤਾਂ ਇਸ ਨਾਲ ਬਹਿਸ ਦੀ ਸਥਿਤੀ ਪੈਦਾ ਹੁੰਦੀ ਹੈ। ਇਸ ਦੇ ਨਾਲ ਹੀ ਬਹੁਤ ਵਾਰ ਲੋਕ ਜਾਣ ਬੁੱਝ ਕੇ ਅਧੂਰੀ ਜਾਣਕਾਰੀ ਫੈਲਾਉਂਦੇ ਹਨ ਤਾਂ ਜੋ ਸਮਾਜ ਵਿਚ ਵੰਡੀਆਂ ਪਾਈਆਂ ਜਾ ਸਕਣ। ਇਹਨਾਂ ਸਭ ਚੀਜ਼ਾਂ ਨਾਲ ਲੜਾਈ ਅਤੇ ਕੁੜੱਤਣ ਦਾ ਮਾਹੌਲ ਬਣਦਾ ਹੈ, ਜੋ ਸਮਾਜਕ ਸਾਂਝ ਨੂੰ ਖਤਰੇ ਵਿੱਚ ਪਾ ਸਕਦਾ ਹੈ।

ਇਸ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਨਾਲ ਲੋਕਾਂ ਵਿੱਚ ਇੱਕ ਦੂਸਰੇ ਨਾਲ ਮੁਕਾਬਲਾ ਕਰਨ ਦੀ ਭਾਵਨਾ ਵਧਦੀ ਹੈ। ਹਰ ਕੋਈ ਆਪਣੇ ਆਪ ਨੂੰ ਸਹੀ ਅਤੇ ਸਿਆਣਾ ਅਤੇ ਮਾਹਿਰ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਬਹੁਤ ਵਾਰ ਸਾਬਿਤ ਕਰਨ ਦੀ ਇਹ ਕੋਸ਼ਿਸ਼ ਦੂਸਰਿਆਂ ਦੀ ਨਿੰਦਿਆ ਅਤੇ ਅਨਾਦਰ ਵਿੱਚ ਬਦਲ ਜਾਂਦੀ ਹੈ। ਲੋਕ ਅਕਸਰ ਆਪਣੀਆਂ ਪ੍ਰਾਪਤੀਆਂ, ਦੌਲਤ, ਸੁੰਦਰਤਾ ਅਤੇ ਹੋਰ ਬੇਹੁਦਾ ਕਰਤੂਤਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨਾਲ ਦੂਸਰਿਆਂ ਵਿੱਚ ਹਿੰਸਾ ਅਤੇ ਕੁੜੱਤਣ ਪੈਦਾ ਹੁੰਦੀ ਹੈ। ਇਸ ਨਾਲ ਸਮਾਜ ਵਿੱਚ ਲੜਾਈ ਅਤੇ ਵਖਰੇਵੇਂ ਦੀ ਸਥਿਤੀ ਪੈਦਾ ਹੁੰਦੀ ਹੈ।

ਸੋਸ਼ਲ ਮੀਡੀਆ ਦੀ ਇਸ ਸਥਿਤੀ ਨੂੰ ਬਦਲਣ ਲਈ ਸਾਨੂੰ ਸਮੂਹਿਕ ਰੂਪ ਵਿੱਚ ਜ਼ਿੰਮੇਵਾਰ ਵਿਹਾਰ ਅਪਣਾਉਣ ਦੀ ਲੋੜ ਹੈ। ਸਾਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਸੋਸ਼ਲ ਮੀਡੀਆ ’ਤੇ ਸਾਰੀਆਂ ਰਾਵਾਂ ਦਾ ਸਨਮਾਨ ਕਰੀਏ ਅਤੇ ਘਟੀਆ ਸ਼ਬਦਾਂ ਜਾਂ ਨਫਰਤ ਫੈਲਾਉਣ ਵਾਲੇ ਕਮੈਂਟਾਂ ਤੋਂ ਬਚੀਏ। ਇਸਦੇ ਨਾਲ ਹੀ ਸਾਨੂੰ ਅਧੂਰੀ ਜਾਣਕਾਰੀ ਅਤੇ ਫੇਕ ਨਿਊਜ਼ ਦੀ ਪਛਾਣ ਕਰਨ ਅਤੇ ਉਸਨੂੰ ਰੋਕਣ ਲਈ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਸੋਸ਼ਲ ਮੀਡੀਆ ਕੰਪਨੀਆਂ ਨੂੰ ਵੀ ਆਪਣੀ ਬਣਤਰ ਸੰਰਚਨਾ ਨੂੰ ਇਸ ਤਰੀਕੇ ਨਾਲ ਤਬਦੀਲ ਕਰਨ ਦੀ ਲੋੜ ਹੈ ਕਿ ਉਹ ਨਕਾਰਾਤਮਕ ਸਮੱਗਰੀ ਨੂੰ ਬੜ੍ਹਾਵਾ ਨਾ ਦੇਣ।

ਆਖਿਰ ਵਿੱਚ, ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਜਿੱਥੇ ਇੱਕ ਪਾਸੇ ਲੋਕਾਂ ਨੂੰ ਇੱਕ ਦੂਸਰੇ ਨਾਲ ਜੁੜਨ ਦਾ ਮੌਕਾ ਦਿੱਤਾ ਹੈ, ਉਥੇੱ ਹੀ ਇਹਨਾਂ ਨੇ ਸਮਾਜਕ ਕੁੜੱਤਣ ਅਤੇ ਲੜਾਈ ਦੀਆਂ ਸਥਿਤੀਆਂ ਨੂੰ ਵੀ ਵਧਾਇਆ ਹੈ। ਸਾਨੂੰ ਇਸ ਨੂੰ ਸਮਝਦਾਰੀ ਅਤੇ ਜ਼ਿੰਮੇਵਾਰੀ ਨਾਲ ਵਰਤਣ ਦੀ ਲੋੜ ਹੈ ਤਾਂ ਜੋ ਅਸੀਂ ਇਸ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਬਚ ਸਕੀਏ ਅਤੇ ਇਕ ਸਾਂਝੇ ਅਤੇ ਸਮਰੱਥ ਸਮਾਜ ਦੀ ਰਚਨਾ ਕਰ ਸਕੀਏ।

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5289)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਸੰਦੀਪ ਕੁਮਾਰ

ਸੰਦੀਪ ਕੁਮਾਰ

Computer Teacher, MA Psychology. Rupnagar, Punjab, India.
WhatsApp: (91 - 70098 - 07121)
Email: (liberalthinker1621@gmail.com)

More articles from this author