“ਸਾਈਬਰ ਸੁਰੱਖਿਆ ਇੱਕ ਲਗਾਤਾਰ ਚੱਲ ਰਿਹਾ ਯੁੱਧ ਹੈ ਅਤੇ ਏਆਈ ਇਸ ਵਿੱਚ ...”
(15 ਜੁਲਾਈ 2026)
ਡਿਜਿਟਲ ਯੁਗ ਵਿੱਚ ਸਾਡੀ ਜ਼ਿੰਦਗੀ ਇੰਟਰਨੈੱਟ ਅਤੇ ਡਾਟਾ ਨਾਲ ਗੰਢੀ ਹੋਈ ਹੈ। ਬੈਂਕਿੰਗ ਤੋਂ ਲੈ ਕੇ ਸਿਹਤ ਸੇਵਾਵਾਂ ਤਕ, ਸਭ ਕੁਝ ਔਨਲਾਈਨ ਹੈ। ਇਸ ਤਰੱਕੀ ਨੇ ਸਾਡੇ ਲਈ ਆਸਾਨੀਆਂ ਵਧਾਈਆਂ ਹਨ ਪਰ ਨਾਲ ਹੀ ਨਵੇਂ ਖਤਰਿਆਂ ਨੂੰ ਵੀ ਜਨਮ ਦਿੱਤਾ ਹੈ। ਸਾਈਬਰ ਹਮਲੇ ਅੱਜਕੱਲ੍ਹ ਇੱਕ ਵੱਡੀ ਚੁਣੌਤੀ ਬਣ ਚੁੱਕੇ ਹਨ ਅਤੇ ਇਨ੍ਹਾਂ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਨੇ ਇਨ੍ਹਾਂ ਹਮਲਿਆਂ ਨੂੰ ਹੋਰ ਵੀ ਅਡਵਾਂਸ ਬਣਾ ਦਿੱਤਾ ਹੈ। ਏਆਈ ਇੱਕ ਦੋ ਧਾਰੀ ਤਲਵਾਰ ਵਾਂਗ ਹੈ, ਇੱਕ ਪਾਸੇ ਇਹ ਹੈਕਰਾਂ ਨੂੰ ਹਮਲਿਆਂ ਲਈ ਤਾਕਤਵਰ ਔਜ਼ਾਰ ਮੁਹਈਆ ਕਰਵਾ ਰਿਹਾ ਹੈ ਅਤੇ ਦੂਜੇ ਪਾਸੇ ਇਹ ਸਾਡੀਆਂ ਰੱਖਿਆ ਪ੍ਰਣਾਲੀਆਂ ਲਈ ਇੱਕ ਮਜ਼ਬੂਤ ਢਾਲ ਵਜੋਂ ਕੰਮ ਕਰ ਰਿਹਾ ਹੈ।
ਹੈਕਰ ਏਆਈ ਨੂੰ ਆਪਣੇ ਹਮਲਿਆਂ ਵਿੱਚ ਵਰਤ ਕੇ ਪੁਰਾਣੀਆਂ ਤਕਨੀਕਾਂ ਨੂੰ ਹੋਰ ਵੀ ਖਤਰਨਾਕ ਬਣਾ ਰਹੇ ਹਨ। ਇੱਕ ਸਮਾਂ ਸੀ ਜਦੋਂ ਫਿਸ਼ਿੰਗ ਈਮੇਲਾਂ ਵਿੱਚ ਗਲਤੀਆਂ ਅਤੇ ਅਜੀਬ ਭਾਸ਼ਾ ਹੁੰਦੀ ਸੀ ਜਿਸ ਨਾਲ ਉਹਨਾਂ ਨੂੰ ਅਸਾਨੀ ਨਾਲ ਪਛਾਣਿਆ ਜਾ ਸਕਦਾ ਸੀ। ਪਰ ਅੱਜ ਜਨਰੇਟਿਵ ਏਆਈ ਟੂਲਜ਼ (ਸੰਦਾਂ, ਔਜ਼ਾਰਾਂ) ਦੀ ਮਦਦ ਨਾਲ ਹੈਕਰ ਬਿਲਕੁਲ ਵਾਸਤਵਿਕ ਅਤੇ ਨਿੱਜੀਕ੍ਰਿਤ ਫਿਸ਼ਿੰਗ ਸੰਦੇਸ਼ ਤਿਆਰ ਕਰ ਰਹੇ ਹਨ। ਇਹ ਸੰਦ ਲੱਖਾਂ ਡਾਟਾ ਪੁਆਇੰਟਸ ਤੋਂ ਸਿੱਖ ਕੇ ਉਸ ਵਿਅਕਤੀ ਦੀ ਭਾਸ਼ਾ, ਲਿਖਣ ਦਾ ਢੰਗ ਅਤੇ ਉਸਦੀਆਂ ਰੁਚੀਆਂ ਨੂੰ ਨਕਲ ਕਰਦੇ ਹਨ। ਨਤੀਜਾ ਇੱਕ ਅਜਿਹੀ ਈਮੇਲ ਹੁੰਦੀ ਹੈ ਜੋ ਤੁਹਾਡੇ ਬਾਸ ਜਾਂ ਬੈਂਕ ਵੱਲੋਂ ਆਈ ਲਗਦੀ ਹੈ ਅਤੇ ਉਸ ਵਿੱਚ ਇੱਕ ਲਿੰਕ ਜਾਂ ਅਟੈਚਮੈਂਟ ਹੁੰਦੀ ਹੈ ਜੋ ਤੁਹਾਡੀ ਜਾਣਕਾਰੀ ਚੋਰੀ ਕਰ ਲੈਂਦੀ ਹੈ। ਡੀਪਫੇਕ ਟੈਕਨਾਲੌਜੀ ਇਸ ਖੇਤਰ ਵਿੱਚ ਹੋਰ ਵੀ ਵੱਡਾ ਖਤਰਾ ਬਣ ਰਹੀ ਹੈ। ਹੈਕਰ ਏਆਈ ਦੀ ਮਦਦ ਨਾਲ ਕਿਸੇ ਵੀ ਵਿਅਕਤੀ ਦੀ ਅਵਾਜ਼ ਅਤੇ ਚਿਹਰਾ ਨਕਲ ਕਰਕੇ ਵੀਡੀਓ ਜਾਂ ਆਡੀਓ ਬਣਾ ਲੈਂਦੇ ਹਨ। ਇਸ ਤਰ੍ਹਾਂ ਉਹ ਇੱਕ ਬਾਸ ਜਾਂ ਸਹਿਕਰਮੀ ਵਜੋਂ ਬੋਲ ਕੇ ਗੱਲਬਾਤ ਕਰਦੇ ਹਨ ਅਤੇ ਫੰਡ ਟ੍ਰਾਂਸਫਰ ਜਾਂ ਗੁਪਤ ਜਾਣਕਾਰੀ ਮੰਗਦੇ ਹਨ। ਉਦਾਹਰਨ ਵਜੋਂ ਕਈ ਕੰਪਨੀਆਂ ਵਿੱਚ ਏਆਈ ਨਾਲ ਬਣਾਈਆਂ ਡੀਪਫੇਕ ਕਾਲਾਂ ਨਾਲ ਲੱਖਾਂ ਡਾਲਰ ਦਾ ਘਾਟਾ ਹੋ ਚੁੱਕਾ ਹੈ। ਇਹ ਹਮਲੇ ਸੋਸ਼ਲ ਇੰਜਨੀਅਰਿੰਗ ਵਿੱਚ ਬਹੁਤ ਪ੍ਰਭਾਵੀ ਹਨ ਕਿਉਂਕਿ ਇਨ੍ਹਾਂ ਵਿੱਚ ਮਾਨਵੀ ਭਾਵਨਾਵਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇੱਕ ਆਮ ਇਨਸਾਨ ਆਪਣੀ ਅਵਾਜ਼ ਵਾਲੀ ਕਾਲ ’ਤੇ ਅਸਾਨੀ ਨਾਲ ਭਰੋਸਾ ਕਰ ਲੈਂਦਾ ਹੈ।
ਇਸ ਤੋਂ ਇਲਾਵਾ ਏਆਈ ਹੈਕਰਾਂ ਨੂੰ ਮਾਲਵੇਅਰ ਬਣਾਉਣ ਵਿੱਚ ਵੀ ਮਦਦ ਕਰ ਰਿਹਾ ਹੈ। ਪਹਿਲਾਂ ਮਾਲਵੇਅਰ ਬਣਾਉਣ ਲਈ ਡੂੰਘੀ ਟੈਕਨੀਕਲ ਜਾਣਕਾਰੀ ਚਾਹੀਦੀ ਸੀ ਪਰ ਹੁਣ ਏਆਈ ਟੂਲਜ਼ ਨਾਲ ਘੱਟ ਗਿਆਨ ਵਾਲੇ ਹੈਕਰ ਵੀ ਸਵੈਚਾਲਿਤ ਤਰੀਕੇ ਨਾਲ ਨਵੇਂ-ਨਵੇਂ ਵਾਇਰਸ ਤਿਆਰ ਕਰ ਰਹੇ ਹਨ। ਇਹ ਮਾਲਵੇਅਰ ਪੌਲੀਮੌਰਫਿਕ ਹੁੰਦਾ ਹੈ, ਯਾਨੀ ਇਹ ਆਪਣਾ ਰੂਪ ਬਦਲਦਾ ਰਹਿੰਦਾ ਹੈ ਤਾਂ ਜੋ ਐਂਟੀਵਾਇਰਸ ਸਾਫਟਵੇਅਰ ਉਸਨੂੰ ਪਛਾਣ ਨਾ ਸਕੇ। ਏਆਈ ਇਸ ਨੂੰ ਸਵੈਚਾਲਿਤ ਤਰੀਕੇ ਨਾਲ ਟੈੱਸਟ ਵੀ ਕਰਦਾ ਹੈ ਅਤੇ ਉਸਨੂੰ ਹੋਰ ਵੀ ਛੁਪਣਯੋਗ ਬਣਾਉਂਦਾ ਹੈ। ਇਸ ਤਰ੍ਹਾਂ ਹਮਲੇ ਵਧੇਰੇ ਤੇਜ਼ ਅਤੇ ਵੱਡੇ ਪੱਧਰ ’ਤੇ ਹੋ ਰਹੇ ਹਨ। ਰਿਪੋਰਟਾਂ ਅਨੁਸਾਰ ਏਆਈ ਨਾਲ ਸਬੰਧਤ ਹਮਲਿਆਂ ਵਿੱਚ ਇੱਕ ਵੱਡਾ ਵਾਧਾ ਹੋਇਆ ਹੈ ਅਤੇ ਇਨ੍ਹਾਂ ਵਿੱਚੋਂ ਕਈ ਆਟੋਨੋਮਸ ਹਨ, ਯਾਨੀ ਇੱਕ ਵਾਰ ਸ਼ੁਰੂ ਹੋਣ ਤੋਂ ਬਾਅਦ ਉਹ ਬਿਨਾਂ ਮਨੁੱਖੀ ਦਖਲ ਤੋਂ ਅੱਗੇ ਵਧਦੇ ਰਹਿੰਦੇ ਹਨ। ਏਆਈ ਨਾਲ ਬਰੂਟ ਫੋਰਸ ਅਟੈਕ ਵੀ ਹੋਰ ਤੇਜ਼ ਹੋ ਗਏ ਹਨ। ਇਹ ਢੰਗ ਪਾਸਵਰਡ ਕ੍ਰੈਕਿੰਗ ਵਿੱਚ ਆਮ ਤਰੀਕਿਆਂ ਨਾਲੋਂ ਵਧੀਆ ਕੰਮ ਕਰਦੇ ਹਨ ਅਤੇ ਵੱਡੀਆਂ ਡਾਟਾਬੇਸ ਤੋਂ ਪੈਟਰਨ ਸਿੱਖ ਕੇ ਤੇਜ਼ੀ ਨਾਲ ਗੁਪਤ ਕੋਡ ਖੋਲ੍ਹਦੀਆਂ ਹਨ। ਇਸ ਤੋਂ ਇਲਾਵਾ ਏਆਈ ਰਾਹੀਂ ਕੈਪਚਾ ਬਾਈਪਾਸ ਕਰਨਾ ਜਾਂ ਓਪਨ ਸੋਰਸ ਕੋਡ ਵਿੱਚ ਛੁਪੇ ਖਤਰਿਆਂ ਨੂੰ ਵਰਤਣਾ ਵੀ ਅਸਾਨ ਹੋ ਗਿਆ ਹੈ। ਇਸ ਤਰ੍ਹਾਂ ਛੋਟੇ-ਮੋਟੇ ਹੈਕਰ ਵੀ ਵੱਡੀਆਂ ਕੰਪਨੀਆਂ ਤਕ ਪਹੁੰਚ ਬਣਾ ਰਹੇ ਹਨ ਕਿਉਂਕਿ ਏਆਈ ਨੇ ਹਮਲਿਆਂ ਦੀ ਲਾਗਤ ਅਤੇ ਮਿਹਨਤ ਘਟਾ ਦਿੱਤੀ ਹੈ।
ਪਰ ਇਸੇ ਏਆਈ ਨੇ ਸਾਈਬਰ ਸੁਰੱਖਿਆ ਲਈ ਇੱਕ ਨਵੀਂ ਉਮੀਦ ਵੀ ਜਗਾਈ ਹੈ। ਏਆਈ ਇੱਕ ਢਾਲ ਵਾਂਗ ਕੰਮ ਕਰਦਾ ਹੈ ਜੋ ਰਵਾਇਤੀ ਤਰੀਕਿਆਂ ਨਾਲੋਂ ਬਹੁਤ ਵਧੀਆ ਤਰੀਕੇ ਨਾਲ ਖਤਰਿਆਂ ਨੂੰ ਪਛਾਣਦਾ ਅਤੇ ਰੋਕਦਾ ਹੈ। ਰਵਾਇਤੀ ਸਿਸਟਮ ਸਿਰਫ ਪੁਰਾਣੇ ਸਿਗਨੇਚਰ ਜਾਂ ਨਿਯਮਾਂ ’ਤੇ ਨਿਰਭਰ ਕਰਦੇ ਸਨ ਪਰ ਏਆਈ ਵੱਡੀ ਮਾਤਰਾ ਵਿੱਚ ਡਾਟਾ ਵਿਸ਼ਲੇਸ਼ਣ ਕਰਕੇ ਅਸਾਧਾਰਨ ਵਿਵਹਾਰ ਨੂੰ ਲੱਭਦਾ ਹੈ। ਇਸਨੂੰ ਐਨੋਮਲੀ ਡਿਟੈਕਸ਼ਨ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਇੱਕ ਨੈੱਟਵਰਕ ਵਿੱਚ ਆਮ ਟ੍ਰੈਫਿਕ ਦਾ ਇੱਕ ਪੈਟਰਨ ਬਣਾਇਆ ਜਾਂਦਾ ਹੈ ਅਤੇ ਜਦੋਂ ਕੋਈ ਗਲਤ ਗਤੀਵਿਧੀ ਵਾਪਰਦੀ ਹੈ ਤਾਂ ਏਆਈ ਤੁਰੰਤ ਚਿਤਾਵਣੀ ਦਿੰਦਾ ਹੈ। ਇਸ ਤਰ੍ਹਾਂ ਜ਼ੀਰੋ-ਡੇ ਅਟੈਕ ਜਿਨ੍ਹਾਂ ਬਾਰੇ ਪਹਿਲਾਂ ਕਦੇ ਨਾ ਸੁਣਿਆ ਹੋਵੇ, ਉਹਨਾਂ ਨੂੰ ਵੀ ਰੋਕਿਆ ਜਾ ਸਕਦਾ ਹੈ। ਏਆਈ ਫਿਸ਼ਿੰਗ ਅਤੇ ਸਪੈਮ ਈਮੇਲਾਂ ਨੂੰ ਰੋਕਣ ਵਿੱਚ ਵੀ ਬਹੁਤ ਪ੍ਰਭਾਵੀ ਹੈ। ਇਹ ਈਮੇਲ ਦੀ ਭਾਸ਼ਾ, ਲਿੰਕਾਂ ਅਤੇ ਅਟੈਚਮੈਂਟ ਦਾ ਵਿਸ਼ਲੇਸ਼ਣ ਕਰਦਾ ਹੈ ਅਤੇ ਉਸਨੂੰ ਖਤਰਨਾਕ ਮੰਨ ਕੇ ਰੋਕ ਦਿੰਦਾ ਹੈ। ਐਂਡਪੁਆਇੰਟ ਸੁਰੱਖਿਆ ਵਿੱਚ ਏਆਈ ਲੈਪਟਾਪ, ਮੋਬਾਇਲ ਜਾਂ ਸਰਵਰ ’ਤੇ ਚੱਲ ਰਹੀਆਂ ਗਤੀਵਿਧੀਆਂ ਨੂੰ ਨਿਗਰਾਨੀ ਹੇਠ ਰੱਖਦਾ ਹੈ ਅਤੇ ਮਾਲਵੇਅਰ ਨੂੰ ਤੁਰੰਤ ਰੋਕਦਾ ਹੈ। ਇਸ ਤੋਂ ਇਲਾਵਾ ਏਆਈ ਥ੍ਰੈਟ ਇੰਟੈਲੀਜੈਂਸ ਵਿੱਚ ਵੀ ਮਦਦ ਕਰਦਾ ਹੈ। ਇਹ ਡਾਰਕ ਵੈੱਬ ਤੋਂ ਲੈ ਕੇ ਵੱਖ-ਵੱਖ ਸਰੋਤਾਂ ਤੋਂ ਡਾਟਾ ਇਕੱਠਾ ਕਰਕੇ ਭਵਿੱਖ ਵਾਲੇ ਹਮਲਿਆਂ ਦੀ ਭਵਿੱਖਬਾਣੀ ਕਰਦਾ ਹੈ ਅਤੇ ਸੁਰੱਖਿਆ ਟੀਮਾਂ ਨੂੰ ਤਿਆਰ ਰਹਿਣ ਲਈ ਸਲਾਹ ਦਿੰਦਾ ਹੈ।
ਏਆਈ ਦੀ ਆਟੋਮੇਟਿਕ ਰਿਸਪਾਂਸ ਸਮਰੱਥਾ ਇੱਕ ਵੱਡੀ ਤਾਕਤ ਹੈ। ਜਦੋਂ ਇੱਕ ਹਮਲਾ ਖਤਰਾ ਬਣਦਾ ਹੈ ਤਾਂ ਏਆਈ ਆਪਣੇ ਆਪ ਉਸ ਡਿਵਾਈਸ ਨੂੰ ਆਈਸੋਲੇਟ ਕਰ ਸਕਦਾ ਹੈ, ਖਤਰਨਾਕ ਟ੍ਰੈਫਿਕ ਰੋਕ ਸਕਦਾ ਹੈ ਅਤੇ ਟੀਮ ਨੂੰ ਤੁਰੰਤ ਰਿਪੋਰਟ ਭੇਜ ਸਕਦਾ ਹੈ। ਇਸ ਨਾਲ ਹਮਲੇ ਦਾ ਨੁਕਸਾਨ ਘੱਟ ਤੋਂ ਘੱਟ ਹੋ ਜਾਂਦਾ ਹੈ। ਬਹੁਤੀਆਂ ਆਧੁਨਿਕ ਸੁਰੱਖਿਆ ਪ੍ਰਣਾਲੀਆਂ ਵਿੱਚ ਏਆਈ ਲਗਾਤਾਰ ਸਿਖਲਾਈ ਲੈਂਦਾ ਰਹਿੰਦਾ ਹੈ ਤਾਂ ਜੋ ਨਵੀਂਆਂ ਤਕਨੀਕਾਂ ਨਾਲ ਵੀ ਲੜ ਸਕੇ। ਇਸ ਤਰ੍ਹਾਂ ਇਹ ਮਨੁੱਖੀ ਟੀਮਾਂ ਦਾ ਬੋਝ ਘਟਾਉਂਦਾ ਹੈ ਅਤੇ ਉਹਨਾਂ ਨੂੰ ਵਧੇਰੇ ਰਣਨੀਤਕ ਕੰਮਾਂ ਉੱਤੇ ਧਿਆਨ ਕੇਂਦਰਿਤ ਕਰਨ ਦੀ ਆਗਿਆ ਦਿੰਦਾ ਹੈ। ਏਆਈ ਵਾਲੀਆਂ ਰੱਖਿਆ ਪ੍ਰਣਾਲੀਆਂ ਸਾਈਬਰ ਸਿਕਿਉਰਟੀ ਪ੍ਰਕਿਰਿਆ ਵਿੱਚ ਵੀ ਬਹੁਤ ਮਦਦਗਾਰ ਹਨ। ਇਹ ਐਪਲੀਕੇਸ਼ਨ ਕੋਡ ਵਿੱਚ ਖਾਮੀਆਂ ਲੱਭਦਾ ਹੈ ਅਤੇ ਉਹਨਾਂ ਨੂੰ ਠੀਕ ਕਰਨ ਲਈ ਸੁਝਾ ਦਿੰਦਾ ਹੈ। ਇਸ ਤੋਂ ਇਲਾਵਾ, ਬਿਹੇਵੀਅਰਲ ਅਨੈਲੇਸਿਸ ਰਾਹੀਂ ਇਨਸਾਈਡਰ ਥ੍ਰੈਟ ਨੂੰ ਵੀ ਪਛਾਣਿਆ ਜਾ ਸਕਦਾ ਹੈ, ਜਿਸ ਵਿੱਚ ਕੋਈ ਅੰਦਰੂਨੀ ਵਿਅਕਤੀ ਗਲਤ ਕੰਮ ਕਰ ਰਿਹਾ ਹੋਵੇ। ਏਆਈ ਇਸ ਤਰ੍ਹਾਂ ਇੱਕ ਲਗਾਤਾਰ ਨਿਗਰਾਨ ਵਜੋਂ ਕੰਮ ਕਰਦਾ ਹੈ, ਰਾਤ-ਦਿਨ ਡਾਟਾ ਵਿਸ਼ਲੇਸ਼ਣ ਕਰਦਾ ਰਹਿੰਦਾ ਹੈ। ਬੇਸ਼ਕ ਏਆਈ ਇੱਕ ਤਾਕਤਵਰ ਢਾਲ ਹੈ ਪਰ ਇਸਦੀਆਂ ਆਪਣੀਆਂ ਸੀਮਾਵਾਂ ਵੀ ਹਨ। ਹੈਕਰ ਵੀ ਏਆਈ ਸਿਸਟਮਾਂ ’ਤੇ ਹਮਲਾ ਕਰ ਸਕਦੇ ਹਨ ਜਿਵੇਂ ਕਿ ਪ੍ਰੌਂਪਟ ਇੰਜੈਕਸ਼ਨ ਜਾਂ ਏਆਈ ਮਾਡਲਾਂ ਨੂੰ ਗੁਮਰਾਹ ਕਰਨਾ। ਇਸ ਲਈ ਏਆਈ ਰੱਖਿਆ ਨੂੰ ਵੀ ਲਗਾਤਾਰ ਅਪਡੇਟ ਅਤੇ ਸੁਰੱਖਿਅਤ ਰੱਖਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਏਆਈ ਫੈਸਲਿਆਂ ਵਿੱਚ ਪਾਰਦਰਸ਼ਤਾ ਅਤੇ ਗੋਪਨੀਯਤਾ ਦੇ ਮੁੱਦੇ ਵੀ ਉੱਠਦੇ ਹਨ।
ਮੁੱਕਦੀ ਗੱਲ, ਸਾਈਬਰ ਸੁਰੱਖਿਆ ਵਿੱਚ ਏਆਈ ਇੱਕ ਅਜਿਹੀ ਤਕਨਾਲੌਜੀ ਹੈ ਜੋ ਖਤਰੇ ਅਤੇ ਰੱਖਿਆ, ਦੋਵਾਂ ਨੂੰ ਬਦਲ ਰਹੀ ਹੈ। ਹੈਕਰ ਇਸਨੂੰ ਵਰਤ ਕੇ ਹਮਲਿਆਂ ਨੂੰ ਹੋਰ ਤੇਜ਼ ਅਤੇ ਛੁਪਣਯੋਗ ਬਣਾ ਰਹੇ ਹਨ ਜਦਕਿ ਰੱਖਿਆ ਟੀਮਾਂ ਇਸਨੂੰ ਵਰਤ ਕੇ ਤੇਜ਼ ਅਤੇ ਬੁੱਧੀਮਾਨ ਢੰਗ ਨਾਲ ਉੱਤਰ ਦੇ ਰਹੀਆਂ ਹਨ। ਇਸ ਲਈ ਲੋੜ ਇਸ ਗੱਲ ਦੀ ਹੈ ਕਿ ਅਸੀਂ ਏਆਈ ਨੂੰ ਜ਼ਿੰਮੇਵਾਰੀ ਨਾਲ ਵਰਤੀਏ, ਲਗਾਤਾਰ ਨਵੀਨਤਾ ਲਿਆਈਏ ਅਤੇ ਮਨੁੱਖੀ ਨਿਗਰਾਨੀ ਨੂੰ ਲਗਾਤਾਰ ਚੁਸਤ-ਦਰੁਸਤ ਰੱਖਿਆ ਜਾਵੇ। ਸਾਈਬਰ ਸੁਰੱਖਿਆ ਇੱਕ ਲਗਾਤਾਰ ਚੱਲ ਰਿਹਾ ਯੁੱਧ ਹੈ ਅਤੇ ਏਆਈ ਇਸ ਵਿੱਚ ਇੱਕ ਮਹੱਤਵਪੂਰਨ ਹਥਿਆਰ ਬਣ ਚੁੱਕਾ ਹੈ। ਜੇ ਅਸੀਂ ਇਸਨੂੰ ਸਮਝਦਾਰੀ ਨਾਲ ਵਰਤੀਏ ਤਾਂ ਇਹ ਸਾਡੀ ਡਿਜਿਟਲ ਦੁਨੀਆਂ ਨੂੰ ਹੋਰ ਵੀ ਸੁਰੱਖਿਅਤ ਬਣਾ ਸਕਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)






















































































































